ਸਾਊਦੀ ਅਰਬ ਅੱਜਕਲ ਜਿੰਨੇ ਪ੍ਰਗਤੀਸ਼ੀਲ ਕਦਮ ਚੁੱਕ ਰਿਹਾ ਹੈ ਉਹ ਦੁਨੀਆ ਦੇ ਸਾਰੇ ਮੁਸਲਮਾਨਾਂ ਦੇ ਲਈ ਇਕ ਸਬਕ ਸਿੱਧ ਹੋਣਾ ਚਾਹੀਦਾ ਹੈ। ਲਗਭਗ ਡੇਢ ਹਜ਼ਾਰ ਸਾਲ ਪਹਿਲਾਂ ਅਰਬ ਦੇਸ਼ਾਂ ’ਚ ਜਦੋਂ ਇਸਲਾਮ ਸ਼ੁਰੂ ਹੋਇਆ ਸੀ ਉਦੋਂ ਦੀਆਂ ਹਾਲਤਾਂ ’ਚ ਅਤੇ ਅੱਜ ਦੀਆਂ ਹਾਲਤਾਂ ’ਚ ਜ਼ਮੀਨ-ਆਸਮਾਨ ਦਾ ਫਰਕ ਆ ਗਿਆ ਹੈ ਪਰ ਇਸ ਦੇ ਬਾਵਜੂਦ ਦੁਨੀਆ ਦੇ ਵਧੇਰੇ ਮੁਸਲਮਾਨ ਪੁਰਾਣੀਆਂ ਰਵਾਇਤਾਂ ’ਤੇ ਹੀ ਆਪਣੀ ਗੱਡੀ ਧੱਕਦੇ ਚਲੇ ਆ ਰਹੇ ਹਨ। ਸਾਊਦੀ ਅਰਬ ਉਨ੍ਹਾਂ ਦਾ ਤੀਰਥ ਹੈ। ਮੱਕਾ-ਮਦੀਨਾ ਉਨ੍ਹਾਂ ਦਾ ਸਾਕਸ਼ਾਤ ਸਵਰਗ ਹੈ। ਉਸ ਦੇ ਦਵਾਰ ਹੁਣ ਔਰਤਾਂ ਦੇ ਲਈ ਵੀ ਖੁੱਲ੍ਹ ਗਏ ਹਨ। ਇਹ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ। ਨਹੀਂ ਤਾਂ, ਪਹਿਲਾਂ ਕੋਈ ਇਕੱਲੀ ਮੁਸਲਿਮ ਔਰਤ ਹੱਜ ਜਾਂ ਉਮਰਾ ਕਰਨ ਜਾ ਹੀ ਨਹੀਂ ਸਕਦੀ ਸੀ। ਉਸ ਦੇ ਨਾਲ ਇਕ ‘ਮਹਰਮ’ (ਰੱਖਿਅਕ) ਦਾ ਰਹਿਣਾ ਲਾਜ਼ਮੀ ਸੀ। ਇਸ ’ਚ ਕੋਈ ਬੁਰਾਈ ਉਸ ਸਮੇਂ ਨਹੀਂ ਸੀ, ਜਦੋਂ ਇਸਲਾਮ ਸ਼ੁਰੂ ਹੋਇਆ ਸੀ। ਉਸ ਸਮੇਂ ਅਰਬ ਲੋਕ ਜ਼ਹਾਲਤ ’ਚ ਰਹਿੰਦੇ ਸਨ। ਔਰਤਾਂ ਦੇ ਨਾਲ ਪਸ਼ੂਆਂ ਨਾਲੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ ਪਰ ਦੁਨੀਆ ਇੰਨੀ ਬਦਲ ਗਈ ਹੈ ਕਿ ਹੁਣ ਔਰਤਾਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਰਹੀਆਂ ਹਨ। ਉਨ੍ਹਾਂ ਨੂੰ ਹਰ ਸਮੇਂ ਆਪਣੀ ਰੱਖਿਆ ਲਈ ਮਰਦਾਂ ਦੀ ਲੋੜ ਨਹੀਂ ਹੈ। ਹੁਣ ਉਹ ਇਕੱਲੀਆਂ ਹੀ ਮੱਕਾ-ਮਦੀਨਾ ਜਾ ਸਕਣਗੀਆਂ। ਸਾਊਦੀ ਅਰਬ ’ਚ ਪਹਿਲਾਂ ਔਰਤਾਂ ਨੂੰ ਘਰੇਲੂ ਪ੍ਰਾਣੀ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਨੂੰ ਸਕੂਲ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੀ। 1955 ’ਚ ਵਿਦਿਆਰਥਣਾਂ ਲਈ ਪਹਿਲੀ ਵਾਰ ਸਕੂਲ ਖੋਲ੍ਹਿਆ ਗਿਆ। ਉਨ੍ਹਾਂ ਦੇ ਲਈ ਯੂਨੀਵਰਸਿਟੀ ਦੀ ਪੜ੍ਹਾਈ ਦੀ ਸ਼ੁਰੂਆਤ 1970 ’ਚ ਹੋਈ। 2001 ’ਚ ਪਹਿਲੀ ਵਾਰ ਉਨ੍ਹਾਂ ਨੂੰ ਪਛਾਣ ਪੱਤਰ (ਆਈਡੈਂਟਿਟੀ ਕਾਰਡ) ਦਿੱਤੇ ਗਏ। 2015 ’ਚ ਉਨ੍ਹਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਅਤੇ 2018 ’ਚ ਕਾਰ ਚਲਾਉਣ ਦਾ ਲਾਇਸੰਸ ਦਿੱਤਾ ਗਿਆ। ਹੁਣ ਲੜਕੀਆਂ ਦਾ ਜਬਰੀ ਵਿਆਹ ਕਰਨ ’ਤੇ ਵੀ ਪਾਬੰਦੀ ਲੱਗ ਗਈ ਹੈ। ਇਹ ਕੀ ਹੈ? ਇਹ ਇਸਲਾਮੀ ਸਿਧਾਂਤਾਂ ਦੀ ਉਲੰਘਣਾ ਨਹੀਂ ਹੈ ਸਗੋਂ ਇਹ ਅਰਬ ਦੀਆਂ ਪੁਰਾਣੀਆਂ ਅਤੇ ਗੈਰ-ਪ੍ਰਾਸੰਗਿਕ ਹੋਈਆਂ ਘਸੀਆਂ-ਪਿਟੀਆਂ ਰਵਾਇਤਾਂ ਤੋਂ ਛੁਟਕਾਰਾ ਹੈ।
ਪੈਗੰਬਰ ਮੁਹੰਮਦ ਨੇ ਆਪਣੇ ਸਿਧਾਂਤਾਂ ਅਤੇ ਵਿਵਹਾਰ ਨਾਲ ਅਰਬ ਜਗਤ ’ਚ ਉਸ ਸਮੇਂ ਜੋ ਨਵਾਂ ਉਜਾਲਾ ਫੈਲਾਇਆ ਸੀ, ਅੱਜ ਉਸੇ ਨੂੰ ਸਾਊਦੀ ਅਰਬ ਅੱਗੇ ਵਧਾ ਰਿਹਾ ਹੈ। ਕੋਈ ਹੈਰਾਨੀ ਨਹੀਂ ਕਿ ਜਲਦੀ ਹੀ ਉਹ ਬੁਰਕੇ ਅਤੇ ਨਕਾਬ ਦੇ ਬਾਰੇ ’ਚ ਵੀ ਕੋਈ ਪ੍ਰਗਤੀਸ਼ੀਲ ਕਦਮ ਚੁੱਕ ਲਵੇ। 3 ਤਲਾਕ ’ਤੇ ਭਾਰਤ ਨੇ ਜੋ ਕ੍ਰਾਂਤੀਕਾਰੀ ਕਾਨੂੰਨ ਬਣਾਇਆ ਹੈ, ਉਸ ਨੂੰ ਸਾਰੇ ਇਸਲਾਮੀ ਦੇਸ਼ਾਂ ’ਚ ਲਾਗੂ ਕਰਵਾਉਣ ’ਚ ਸਾਊਦੀ ਅਰਬ ਨੂੰ ਅੱਗੇ ਕਿਉਂ ਨਹੀਂ ਆਉਣਾ ਚਾਹੀਦਾ? ਜੇਕਰ ਸਾਊਦੀ ਅਰਬ ਅਤੇ ਈਰਾਨ ਵਰਗੇ ਰਾਸ਼ਟਰ ਡੇਢ ਹਜ਼ਾਰ ਸਾਲ ਪੁਰਾਣੇ ਆਪਣੇ ਪੁਰਖਿਆਂ ਦੀ ਨਕਲ ਕਰਦੇ ਰਹੇ ਤਾਂ ਉਹ ਇਸਲਾਮ ਦੀ ਕੁਸੇਵਾ ਹੀ ਕਰਨਗੇ। ਅਜਿਹੇ ਇਸਲਾਮ ਦੇ ਪ੍ਰਤੀ ਲੱਖਾਂ-ਕਰੋੜਾਂ ਮੁਸਲਮਾਨਾਂ ਦੀ ਕੁਰੁਚੀ ਹੋ ਜਾਵੇਗੀ। ਉਹ ਪੁੱਛਣਗੇ ਕਿ ਅਰਬ ਸ਼ੇਖ ਅੱਜਕਲ ਮੋਟਰਕਾਰਾਂ ਅਤੇ ਜਹਾਜ਼ਾਂ ’ਚ ਯਾਤਰਾ ਕਿਉਂ ਕਰਦੇ ਹਨ? ਉਹ ਊਠਾਂ ’ਤੇ ਹੀ ਸਵਾਰੀ ਕਿਉਂ ਨਹੀਂ ਕਰਦੇ? ਉਹ ਮਦਰੱਸਿਆਂ ’ਚ ਹੀ ਕਿਉਂ ਨਹੀਂ ਪੜ੍ਹਦੇ? ਉਹ ਉੱਚੀ ਪੜ੍ਹਾਈ ਲਈ ਲੰਡਨ, ਪੈਰਿਸ, ਨਿਊਯਾਰਕ ਅਤੇ ਬੋਸਟਨ ਦੀਆਂ ਇਸਾਈ ਯੂਨੀਵਰਸਿਟੀਆਂ ਦੀ ਪਨਾਹ ’ਚ ਕਿਉਂ ਜਾਂਦੇ ਹਨ? ਹੁਣ ਸਾਰੀ ਦੁਨੀਆ ਬਦਲ ਰਹੀ ਹੈ। ਅੱਗੇ ਵਧ ਰਹੀ ਹੈ ਤਾਂ ਇਸਲਾਮੀ ਲੋਕ ਵੀ ਪਿੱਛੇ ਕਿਉਂ ਰਹਿਣ? ਸਾਊਦੀ ਅਰਬ ’ਚ ਨਵੇਂ ਇਸਲਾਮ ਦਾ ਉਦੈ ਹੋ ਰਿਹਾ ਹੈ।
ਲੇਖਕ-ਡਾ. ਵੇਦਪ੍ਰਤਾਪ ਵੈਦਿਕ
ਭਾਰਤ ’ਚ ਮਿਲੀ ਸਿਆਸੀ ਹਾਰ ਨਾਲ ਬੌਖਲਾਇਆ ਚੀਨ
NEXT STORY