ਹਸਪਤਾਲ ਅਜਿਹਾ ਸਥਾਨ ਹੈ ਜਿਸ ਦੇ ਵਾਰਡਾਂ, ਲੈਬਾਰਟਰੀਆਂ, ਆਪ੍ਰੇਸ਼ਨ ਥੀਏਟਰਾਂ, ਬਾਥਰੂਮਾਂ ਆਦਿ ’ਚ ਵੱਧ ਤੋਂ ਵੱਧ ਸਫਾਈ ਦੀ ਆਸ ਕੀਤੀ ਜਾਂਦੀ ਹੈ ਤਾਂ ਕਿ ਉੱਥੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਹੋਰ ਬੀਮਾਰੀ ਨਾ ਜਕੜ ਲਵੇ ਅਤੇ ਉਹ ਜਲਦ ਤੋਂ ਜਲਦ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤਣ।
ਇਸੇ ਲਈ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਸਾਡੇ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਬਣਾਉਣ ਅਤੇ ਨਵੇਂ ਯੰਤਰਾਂ ਨਾਲ ਲੈਸ ਕਰਨ ਦੀ ਲੋੜ ਹੈ ਅਤੇ ਪਿੰਡ, ਕਸਬਾ ਹੋਵੇ ਜਾਂ ਸ਼ਹਿਰ, ਹਰ ਥਾਂ ਛੋਟੇ-ਵੱਡੇ ਸਥਾਨ ’ਤੇ ਸਰਵੋਤਮ ਡਾਕਟਰੀ ਸਹੂਲਤਾਂ ਦੇਣੀਆਂ ਜ਼ਰੂਰੀ ਹਨ।
ਪਰ ਜੇਕਰ ਅਸੀਂ ਭਾਰਤ ’ਚ ਸਰਕਾਰੀ ਹਸਪਤਾਲਾਂ ਦੇ ਮੌਜੂਦਾ ਢਾਂਚੇ ਨੂੰ ਦੇਖੀਏ ਤਾਂ ਉੱਥੇ ਆਧੁਨਿਕ ਸਹੂਲਤਾਂ ਤਾਂ ਇਕ ਪਾਸੇ, ਨਾ ਸਿਰਫ ਸਫਾਈ ਦਾ ਬੁਰਾ ਹਾਲ ਹੈ ਸਗੋਂ ਉਨ੍ਹਾਂ ’ਚ ਕੁੱਤਿਆਂ ਨੇ ਆਪਣਾ ਸਾਮਰਾਜ ਕਾਇਮ ਕਰ ਰੱਖਿਆ ਹੈ, ਜਿਸ ਨਾਲ ਉੱਥੇ ਇਨਫੈਕਸ਼ਨ ਫੈਲਣ ਦੇ ਕਾਰਨ ਇਲਾਜ ਅਧੀਨ ਰੋਗੀਆਂ ਦੀ ਜ਼ਿੰਦਗੀ ਵੀ ਖਤਰੇ ’ਚ ਪੈ ਰਹੀ ਹੈ।
ਇਹ ਸਥਿਤੀ ਕੁੱਤਿਆਂ ਦੇ ਮਾਲਕਾਂ ਜਾਂ ਆਵਾਰਾ ਕੁੱਤਿਆਂ ਦੇ ਕਾਰਨ ਨਹੀਂ ਸਗੋਂ ਸਰਕਾਰੀ ਹਸਪਤਾਲਾਂ ਦੀ ਮੈਨੇਜਮੈਂਟ ਵੱਲੋਂ ਆਵਾਰਾ ਕੁੱਤਿਆਂ ਬਾਰੇ ਲਾਪ੍ਰਵਾਹੀਪੂਰਨ ਵਤੀਰਾ ਅਪਣਾਉਣ ਦਾ ਨਤੀਜਾ ਹੈ, ਜਿਸ ਨਾਲ ਉੱਥੇ ਕੁੱਤੇ ਵਾਰ-ਵਾਰ ਵੜ ਜਾਂਦੇ ਹਨ। ਆਖਿਰ ਅਜਿਹੀ ਵੀ ਕੀ ਮਜਬੂਰੀ ਹੈ ਕਿ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਕ ਕੁੱਤਿਆਂ ਨੂੰ ਆਪਣੇ ਕੰਪਲੈਕਸਾਂ ਦੇ ਅੰਦਰ ਜਾਣ ਤੋਂ ਨਹੀਂ ਰੋਕ ਸਕਦੇ।
ਇਸੇ ਨੂੰ ਦੇਖਦੇ ਹੋਏ ਮਾਹਿਰਾਂ ਨੇ ਸਿਹਤ ਮੰਤਰਾਲਾ ਵੱਲੋਂ ਨੀਤੀ ਸਬੰਧੀ ਮਹੱਤਵਪੂਰਨ ਬਦਲਾਅ ਕਰਨ ਅਤੇ ਹਸਪਤਾਲ ਕੰਪਲੈਕਸਾਂ ਨੂੰ ‘ਕੁੱਤਿਆਂ ਤੋਂ ਰਹਿਤ ਇਲਾਕਾ’ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਹਾਲ ਹੀ ’ਚ ਇਸ ਬਾਰੇ ‘ਮੰਜੂ ਰਾਹੀ’ ਅਤੇ ‘ਸਾਮ ਜੋਯ’ ਲਿਖਤ ਤੇ ‘ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ’ ’ਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ : ‘‘ਵਰ੍ਹਿਆਂ ਤੋਂ ਸਰਕਾਰੀ ਹਸਪਤਾਲਾਂ ਦੇ ਵਾਰਡਾਂ, ਜਣੇਪਾ ਹਾਲਾਂ ਅਤੇ ਲੈਬਾਰਟਰੀਆਂ ’ਚ ਕੁੱਤਿਆਂ ਦੀ ਮੌਜੂਦਗੀ ਦੇਖੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਹਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਇਨ੍ਹਾਂ ਨੂੰ ‘ਕੁੱਤਿਆਂ ਤੋਂ ਰਹਿਤ ਇਲਾਕਾ’ ਬਣਾਉਣਾ ਜ਼ਰੂਰੀ ਹੈ।’’
‘‘ਸਮੇਂ-ਸਮੇਂ ’ਤੇ ਅਖਬਾਰ ਸਰਕਾਰੀ ਹਸਪਤਾਲਾਂ ਦੇ ਵਾਰਡਾਂ ’ਚ ਬਿਸਤਿਆਂ ’ਤੇ ਕੁੱਤਿਆਂ ਦੇ ਆਰਾਮ ਕਰਨ, ਵੱਢਣ, ਜਿਸ ਨਾਲ ਕਈ ਵਾਰ ਮੌਤ ਵੀ ਹੋ ਜਾਂਦੀ ਹੈ, ਰੋਗੀਆਂ ਨੂੰ ਤੰਗ ਕਰਨ, ਭੌਂਕਣ ਆਦਿ ਦੇ ਮੁੱਦੇ ਉਠਾਉਂਦੇ ਰਹੇ ਹਨ।’’
‘‘ਰੈਬੀਜ਼ ਰੋਗ’ ਦੇ 2030 ਤੱਕ ਖਾਤਮੇ ਸਬੰਧੀ ਮੌਜੂਦਾ ਰਾਸ਼ਟਰੀ ਪ੍ਰੋਗਰਾਮ ਦੇ ਨਾਲ ਹੀ ਹਸਪਤਾਲਾਂ ਨੂੰ ‘ਕੁੱਤਿਆਂ ਤੋਂ ਰਹਿਤ ਇਲਾਕਾ’ ਬਣਾਉਣ ਦਾ ਮੁੱਦਾ ਜੋੜ ਕੇ ਇਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਰੋਗੀਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਸਰੀਰਕ ਅਤੇ ਮਾਨਸਿਕ ਖਤਰੇ ਤੋਂ ਬਚਾਇਆ ਜਾ ਸਕੇਗਾ।’’
‘ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ’ ਦੇ ਸਾਬਕਾ ਡਾਇਰੈਕਟਰ ਪ੍ਰੋ. ਬਲਰਾਮ ਭਾਰਗਵ ਦਾ ਕਹਿਣਾ ਹੈ ਕਿ ਇਸ ਬਾਰੇ ਅਧਿਸੂਚਨਾ ਲਿਆ ਕੇ ਹਸਪਤਾਲਾਂ ’ਚ ਕੁੱਤਿਆਂ ਦੇ ਖਰੂਦ ਤੋਂ ਬਚਣ ’ਚ ਸਹਾਇਤਾ ਮਿਲ ਸਕਦੀ ਹੈ।
ਸਰਕਾਰੀ ਹਸਪਤਾਲਾਂ ਦੀ ਚਾਰਦੀਵਾਰੀ ਅਤੇ ਗੇਟ ਬਣਾਉਣ, ਕੁੱਤਿਆਂ ਦੀ ਆਬਾਦੀ ਘਟਾਉਣ ਦੀ ਵਿਵਸਥਾ, ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ, ਲੋਕਾਂ ’ਚ ਜਾਗਰੂਕਤਾ ਲਿਆਉਣ ਆਦਿ ਉਪਾਵਾਂ ਨੂੰ ਵੀ ਤੇਜ਼ ਕਰਨ ਦੀ ਲੋੜ ਹੈ। ਜਦ ਤੱਕ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਦਿਸ਼ਾ ’ਚ ਅਸਰਦਾਇਕ ਕਾਰਵਾਈ ਨਹੀਂ ਕਰਦੀਆਂ, ਇਸ ਸਮੱਸਿਆ ਤੋਂ ਮੁਕਤੀ ਮਿਲ ਸਕਣੀ ਮੁਸ਼ਕਲ ਹੈ।
ਹਸਪਤਾਲਾਂ ਨੂੰ ‘ਕੁੱਤਿਆਂ ਤੋਂ ਰਹਿਤ ਇਲਾਕਾ’ ਬਣਾਉਣ ਦੇ ਨਾਲ ਹੀ ਇਨ੍ਹਾਂ ਦੀ ਮੈਨੇਜਮੈਂਟ ਮਜ਼ਬੂਤ ਕਰਨ ਅਤੇ ਉੱਥੇ ਸਫਾਈ ਆਦਿ ਵਧਾਉਣ ਦੀ ਵੀ ਲੋੜ ਹੈ। ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਦੀ ਸਫਾਈ ਰੱਖਦੇ ਹਾਂ ਅਤੇ ਆਵਾਰਾ ਕੁੱਤਿਆਂ ਨੂੰ ਅੰਦਰ ਨਹੀਂ ਆਉਣ ਦਿੰਦੇ, ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਜਿਹਾ ਹੀ ਨਜ਼ਰੀਆ ਅਪਣਾ ਕੇ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਹੋਵੇਗਾ।
ਇਹ ਤਾਂ ਲਾਪ੍ਰਵਾਹੀ ਦੀ ਹੱਦ ਹੈ ਕਿ ਸਰਕਾਰੀ ਹਸਪਤਾਲ ਰੋਗੀਆਂ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਆਪਣੇ ਕੰਪਲੈਕਸਾਂ ਨੂੰ ਹੀ ਇਨਫੈਕਸ਼ਨ ਫੈਲਾਉਣ ਅਤੇ ਰੋਗੀਆਂ ਦੇ ਲਈ ਖਤਰਾ ਬਣਨ ਵਾਲੇ ਕੁੱਤਿਆਂ ਤੋਂ ਮੁਕਤ ਰੱਖਣ ’ਚ ਅਸਫਲ ਹੀ ਸਿੱਧ ਹੋ ਰਹੇ ਹਨ।
-ਵਿਜੇ ਕੁਮਾਰ
ਵਿਦੇਸ਼ੀ ਜੇਲਾਂ ’ਚ 8000 ਤੋਂ ਵੱਧ ਭਾਰਤੀ, ਇਨ੍ਹਾਂ ’ਚੋਂ ਅੱਧੇ ਖਾੜੀ ਦੇਸ਼ਾਂ ’ਚ
NEXT STORY