ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ, 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਕੇ ਉਨ੍ਹਾਂ ਦੀ ਥਾਂ ’ਤੇ 500 ਅਤੇ 2000 ਰੁਪਏ ਮੁੱਲ ਵਾਲੇ ਨਵੇਂ ਨੋਟ ਜਾਰੀ ਕੀਤੇ ਸਨ।
ਉਸ ਸਮੇਂ ਕਿਹਾ ਗਿਆ ਸੀ ਕਿ ਨਵੀਂ ਕਰੰਸੀ ਦੇ ਸਕਿਓਰਿਟੀ ਫੀਚਰਜ਼ ਦੀ ਨਕਲ ਕਰ ਸਕਣਾ ਜਾਅਲਸਾਜ਼ਾਂ ਦੇ ਲਈ ਸੌਖਾ ਨਹੀਂ ਹੋਵੇਗਾ ਪਰ ਨੋਟਬੰਦੀ ਲਾਗੂ ਹੋਣ ਦੇ ਤੁਰੰਤ ਪਿੱਛੋਂ ਨਕਲੀ ਨੋਟ ਵੀ ਚੱਲਣ ਲੱਗ ਪਏ। ਵਿਦੇਸ਼ਾਂ ਤੋਂ ਭਾਰਤ ’ਚ ਜਾਅਲੀ ਕਰੰਸੀ ਆਉਣ ਦੇ ਨਾਲ-ਨਾਲ ਭਾਰਤ ’ਚ ਵੀ ਦੇਸ਼ਧ੍ਰੋਹੀ ਤੱਤ ਇਸ ਦੀ ਛਪਾਈ ਕਰ ਰਹੇ ਹਨ ਜਿਸ ਦੇ ਲਗਭਗ 3 ਮਹੀਨਿਆਂ ’ਚ ਫੜੇ ਗਏ ਮਾਮਲੇ ਹੇਠਾਂ ਦਰਜ ਹਨ :
* 4 ਫਰਵਰੀ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ਪੁਲਸ ਨੇ ਇਕ ਅੰਤਰਰਾਜੀ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ ਕਰਨ ਤੋਂ ਇਲਾਵਾ ਇਸ ’ਚ ਵਰਤੇ ਜਾਣ ਵਾਲੀਆਂ ‘ਵਾਟਰਮਾਰਕ ਆਦਿ’ ਵਸਤੂਆਂ ਬਰਾਮਦ ਕੀਤੀਆਂ।
* 8 ਫਰਵਰੀ ਨੂੰ ਮਾਲੀਆ ਖੁਫੀਆ ਡਾਇਰੈਕਟੋਰੇਟ ਨੇ ‘ਗਾਜੀਪੁਰ’ (ਉੱਤਰ ਪ੍ਰਦੇਸ਼) ਅਤੇ ‘ਬੈਂਗਲੁਰੂ’ (ਕਰਨਾਟਕ) ’ਚ ਛਾਪੇ ਮਾਰ ਕੇ ਸੁਰੱਖਿਆ ਧਾਗੇ ਅਤੇ ਉੱਚ ਗੁਣਵੱਤ ਵਾਲਾ ਕਾਗਜ਼ ਦਰਾਮਦ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
* 9 ਫਰਵਰੀ ਨੂੰ ਮਾਲੀਆ ਖੁਫੀਆ ਡਾਇਰੈਕਟੋਰੇਟ ਨੇ ‘ਠਾਣੇ’ (ਮਹਾਰਾਸ਼ਟਰ) ਅਤੇ ‘ਭਿਵਾਨੀ’ (ਹਰਿਆਣਾ) ’ਚ ਦਰਾਮਦ ਸੁਰੱਖਿਆ ਕਾਗਜ਼ਾਂ ਦੀ ਵਰਤੋਂ ਨਾਲ ਨੋਟ ਛਾਪਣ ਦੇ 2 ਟਿਕਾਣਿਆਂ ਦਾ ਭਾਂਡਾ ਭੰਨਿਆ।
* 14 ਫਰਵਰੀ ਨੂੰ ਜੈਪੁਰ (ਰਾਜਸਥਾਨ) ਦੇ ‘ਝੋਟਵਾੜਾ’ ’ਚ ‘ਐਂਟੀ ਗੈਂਗਸਟਰ ਟਾਸਕ ਫੋਰਸ’ ਅਤੇ ਸਥਾਨਕ ਪੁਲਸ ਨੇ ਨਕਲੀ ਨੋਟਾਂ ਦੇ ਧੰਦੇ ’ਚ ਸ਼ਾਮਲ 2 ਦੋਸ਼ੀਆਂ ‘ਮੁਕੇਸ਼ ਜਾਟ’ ਅਤੇ ‘ਮੋਹਨ ਸੈਣੀ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2.17 ਲੱਖ ਰੁਪਏ ਦੀ ਜਾਅਲੀ ਕਰੰਸੀ, ਪ੍ਰਿੰਟਰ ਅਤੇ ਸਿਆਹੀ ਆਦਿ ਬਰਾਮਦ ਕੀਤੀ।
* 20 ਫਰਵਰੀ ਨੂੰ ਬਿਹਾਰ, ਮਹਾਰਾਸ਼ਟਰ, ਹਰਿਆਣਾ, ਤੇਲੰਗਾਨਾ ਅਤੇ ਤਮਿਲਨਾਡੂ ’ਚ 11 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਨਕਲੀ ਭਾਰਤੀ ਨੋਟਾਂ ਦੀ ਛਪਾਈ ’ਚ ਸ਼ਾਮਲ 7 ਗਿਰੋਹਾਂ ਦਾ ਭਾਂਡਾ ਭੰਨਿਆ ਗਿਆ।
* ਇਸੇ ਦਿਨ ‘ਵਿਕ੍ਰੋਲੀ’ (ਮੁੰਬਈ) ’ਚ ਨਕਲੀ ਕਰੰਸੀ ਨੋਟਾਂ ਦੀ ਛਪਾਈ ਦਾ ਕੇਂਦਰ ਫੜ ਕੇ ਉੱਥੋਂ 50 ਅਤੇ 100 ਰੁਪਏ ਮੁੱਲ ਦੇ ਨਕਲੀ ਨੋਟ, ਲੈਪਟਾਪ, ਪ੍ਰਿੰਟਰ, ਪੈਨ ਡਰਾਈਵ, ਸੁਰੱਖਿਆ ਪੇਪਰ, ਮਹਾਤਮਾ ਗਾਂਧੀ ਦੇ ਵਾਟਰਮਾਰਕ ਵਾਲੇ ਏ-4 ਆਕਾਰ ਦੇ ਕਾਗਜ਼ ਅਤੇ ਬਟਰਪੇਪਰ ਆਦਿ ਜ਼ਬਤ ਕੀਤੇ ਗਏ।
* 31 ਮਾਰਚ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ਦੇ ‘ਨਿਆਜ਼ਪੁਰਾ’ ’ਚ ਪੁਲਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 500-500 ਰੁਪਏ ਅਤੇ 100-100 ਰੁਪਏ ਮੁੱਲ ਦੀ 5.30 ਲੱਖ ਰੁਪਏ ਦੀ ਨਕਲੀ ਕਰੰਸੀ ਅਤੇ ਉਪਕਰਣ ਬਰਾਮਦ ਕੀਤੇ। ਗਿਰੋਹ ਦੇ ਮੈਂਬਰ ਰਾਹ ਜਾਂਦੇ ਲੋਕਾਂ ਨੂੰ ਲਾਲਚ ਦੇ ਕੇ 25,000 ਦੇ ਅਸਲੀ ਨੋਟਾਂ ਦੇ ਬਦਲੇ 1 ਲੱਖ ਰੁਪਏ ਦੇ ਨਕਲੀ ਨੋਟ ਦਿੰਦੇ ਸਨ।
* 31 ਮਾਰਚ ਰਾਤ ਨੂੰ ਐੱਨ.ਆਈ.ਟੀ. ਫਰੀਦਾਬਾਦ (ਹਰਿਆਣਾ) ਦੀ ਅਪਰਾਧ ਸ਼ਾਖਾ ਦੀ ਟੀਮ ਨੇ 500-500 ਰੁਪਏ ਮੁੱਲ ਵਾਲੇ 1.94 ਲੱਖ ਰੁਪਏ ਦੇ ਨਕਲੀ ਨੋਟਾਂ ਨਾਲ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
* 2 ਅਪ੍ਰੈਲ ਨੂੰ ਐੱਨ.ਆਈ.ਟੀ. ਫਰੀਦਾਬਾਦ (ਹਰਿਆਣਾ) ਦੀ ਹੀ ਅਪਰਾਧ ਸ਼ਾਖਾ ਦੀ ਟੀਮ ਨੇ 500-500 ਰੁਪਏ ਮੁੱਲ ਵਾਲੇ 6 ਲੱਖ ਰੁਪਏ ਦੇ ਨਕਲੀ ਨੋਟਾਂ ਨਾਲ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਲੈਪਟਾਪ, ਪ੍ਰਿੰਟਿੰਗ ਮਸ਼ੀਨ, ਨਕਲੀ ਨੋਟ ਬਣਾਉਣ ਦੀ ਡਾਈ ਅਤੇ ਹੋਰ ਉਪਕਰਣ ਬਰਾਮਦ ਕੀਤੇ।
* ਅਤੇ ਹੁਣ 28 ਅਪ੍ਰੈਲ ਨੂੰ ਗੋਰਾਇਆ (ਪੰਜਾਬ) ਦੀ ‘ਧੁਲੇਤਾ’ ਪੁਲਸ ਨੇ 500-500 ਰੁਪਏ ਦੇ 1.20 ਲੱਖ ਰੁਪਏ ਮੁੱਲ ਦੇ ਜਾਅਲੀ ਨੋਟਾਂ ਦੇ ਨਾਲ ਇਕ ਕਾਰ ਸਵਾਰ ‘ਮਹਿਕਪ੍ਰੀਤ ਸਿੰਘ’ ਨੂੰ ਗ੍ਰਿਫਤਾਰ ਕੀਤਾ। ਪੁਲਸ ਵਲੋਂ ਪੁੱਛਗਿੱਛ ’ਚ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਨਕਲੀ ਨੋਟ ‘ਮੱਲ੍ਹੀਆਂ’ (ਜੰਡਿਆਲਾ ਗੁਰੂ) ਨਿਵਾਸੀ ‘ਜਸਨਦੀਪ ਿਸੰਘ’ ਅਤੇ ‘ਤਲਾਵਾ’ (ਜੰਡਿਆਲਾ ਗੁਰੂ) ਿਨਵਾਸੀ ‘ਆਕਾਸ਼ਦੀਪ ਿਸੰਘ’ ਕੋਲੋਂ ਖਰੀਦੇ ਸਨ।
* 28 ਅਪ੍ਰੈਲ ਨੂੰ ਹੀ ਗੋਰਖਪੁਰ (ਉੱਤਰ ਪ੍ਰਦੇਸ਼) ’ਚ 2 ਜਾਅਲਸਾਜ਼ਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 5.80 ਲੱਖ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ।
ਕਈ ਮਾਮਲਿਆਂ ’ਚ ਜ਼ਬਤ ਨਕਲੀ ਨੋਟਾਂ ਦੀ ਕੁਆਲਿਟੀ ਇੰਨੀ ਚੰਗੀ ਸੀ ਕਿ ਉਨ੍ਹਾਂ ਦੇ ਨਕਲੀ ਹੋਣ ਦਾ ਪਤਾ ਲਾਉਣਾ ਹੀ ਮੁਸ਼ਕਿਲ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਨਕਲੀ ਨੋਟਾਂ ਦੇ ਵਪਾਰੀ ਆਪਣੇ ਕੰਮ ’ਚ ਕਿੰਨਾ ਅੱਗੇ ਵਧ ਚੁੱਕੇ ਹਨ।
ਇਸ ਲਈ ਨਕਲੀ ਕਰੰਸੀ ਦੀ ਛਪਾਈ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ’ਚ ਤੁਰੰਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਦੇਸ਼ ਦੀ ਅਰਥਵਿਵਸਥਾ ਨੂੰ ਹਾਨੀ ਪਹੁੰਚਾਉਣ ਤੋਂ ਬਚਾਇਆ ਜਾ ਸਕੇ।
–ਵਿਜੇ ਕੁਮਾਰ
ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ : ਅੱਤਵਾਦ ’ਤੇ ਭਾਰਤ ਦਾ ਫੈਸਲਾਕੁੰਨ ਹਮਲਾ
NEXT STORY