ਬਿਹਾਰ ਪੁਲਸ ਦੀ ਆਰਥਿਕ ਅਪਰਾਧ ਇਕਾਈ (ਈ. ਓ. ਯੂ.) ਨੇ ‘ਨੀਟ (ਯੂ. ਜੀ.) 2024 ਪੇਪਰ ਲੀਕ’ ਮਾਮਲੇ ’ਚ 18 ਮਹੀਨੇ ਤੋਂ ਫਰਾਰ ਚਲਦੇ ਆ ਰਹੇ ਕਥਿਤ ਮਾਸਟਰਮਾਈਂਡ ‘ਸੰਜੀਵ ਸਿੰਘ’ ਨੂੰ ਬੀਤੇ ਦਿਨੀਂ ਰਾਜਧਾਨੀ ਪਟਨਾ ਤੋਂ ਗ੍ਰਿਫਤਾਰ ਕਰ ਲਿਆ। ਇਸੇ ਮਾਮਲੇ ’ਚ ਉਸ ਦੇ ਰਿਸ਼ਤੇਦਾਰ ਰਾਕੇਸ਼ ਰੰਜਨ ਅਤੇ ਬਲਦੇਵ ਪਹਿਲਾਂ ਹੀ ਜੇਲ ’ਚ ਹਨ।
ਨਾਲੰਦਾ ਦੇ ਇਕ ਸਰਕਾਰੀ ਕਾਲਜ ’ਚ ਤਕਨੀਕੀ ਸਹਾਇਕ ਦੇ ਅਹੁਦੇ ’ਤੇ ਤਾਇਨਾਤ ‘ਸੰਜੀਵ ਸਿੰਘ’ ਉਰਫ ‘ਸੰਜੀਵ ਮੁਖੀਆ’ ’ਤੇ 3 ਲੱਖ ਰੁਪਏ ਦਾ ਇਨਾਮ ਸੀ। ਉਹ ਨੇਪਾਲ ’ਚ ਲੁਕਿਆ ਹੋਇਆ ਸੀ ਅਤੇ ਪਟਨਾ ਪਰਤਣ ਪਿੱਛੋਂ ਇਕ ਵਾਰ ਮੁੜ 4 ਮਈ ਨੂੰ ਹੋਣ ਵਾਲੀ ‘ਨੀਟ’ ਪ੍ਰੀਖਿਆ ਦਾ ਪੇਪਰ ਲੀਕ ਕਰਨ ਦੀ ਤਾਕ ’ਚ ਸੀ।
ਅਧਿਕਾਰੀਆਂ ਮੁਤਾਬਕ ਇਹ ਗਿਰੋਹ ਪਹਿਲਾਂ ਤਾਂ ਵੱਖ-ਵੱਖ ਪ੍ਰ੍ਰੀਖਿਆਵਾਂ ਦੇ ਆਯੋਜਨ ਦੀ ਮਿਤੀ ਅਤੇ ਆਯੋਜਕਾਂ ਦੀ ਜਾਣਕਾਰੀ ਲੈ ਕੇ ਪ੍ਰਸ਼ਨ-ਪੱਤਰ ਛਾਪਣ ਵਾਲੀਆਂ ਪ੍ਰੈੱਸਾਂ ਦਾ ਪਤਾ ਲਾ ਕੇ ਪ੍ਰਸ਼ਨ-ਪੱਤਰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਅਤੇ ਸਫਲਤਾ ਨਾ ਮਿਲਣ ’ਤੇ ਪ੍ਰਸ਼ਨ-ਪੱਤਰਾਂ ਨੂੰ ਲੈ ਕੇ ਜਾਣ ਵਾਲੇ ਵਾਹਨ ਦਾ ਪਤਾ ਲਾ ਕੇ ਪੇਟੀ ਦੀ ਸੀਲ ਤੋੜ ਕੇ ਪ੍ਰਸ਼ਨ-ਪੱਤਰ ਦੀ ਫੋਟੋ ਲੈਂਦਾ ਤੇ ਪ੍ਰੀਖਿਆਰਥੀਆਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਲੀਕ ਹੋਇਆ ਪ੍ਰਸ਼ਨ-ਪੱਤਰ ਯਾਦ ਕਰਵਾਇਆ ਜਾਂਦਾ ਸੀ।
ਮਾਰਚ, 2024 ’ਚ ਆਯੋਜਿਤ ‘ਬਿਹਾਰ ਲੋਕ ਸੇਵਾ ਆਯੋਗ’ ਦੀ ਅਧਿਆਪਕ ਭਰਤੀ ਪ੍ਰੀਖਿਆ (ਟੀ. ਆਰ. ਈ. 3) ਦੇ ਪੇਪਰ ਲੀਕ ਮਾਮਲੇ ’ਚ ਵੀ ਸ਼ਮੂਲੀਅਤ ਨੂੰ ਲੈ ਕੇ ਸੰਜੀਵ ਿਸੰਘ ਦੀ ਭਾਲ ਸੀ। ਈ. ਓ. ਯੂ. ਅਤੇ ਸੀ. ਬੀ. ਆਈ. ਦੇ ਅਧਿਕਾਰੀ ਉਸ ਕੋਲੋਂ ਸਾਂਝੇ ਤੌਰ ’ਤੇ ਪੁੱਛਗਿੱਛ ਕਰ ਰਹੇ ਹਨ।
‘ਨੀਟ’ ਵਰਗੀਆਂ ਅਹਿਮ ਪ੍ਰੀਖਿਆਵਾਂ ਨੂੰ ਲੈ ਕੇ ਇੰਨੇ ਵੱਡੇ ਪੱਧਰ ’ਤੇ ਹਰ ਸੂਬੇ ’ਚ ਹੋਣ ਵਾਲੀ ਠੱਗੀ ਯਕੀਨੀ ਹੀ ਚਿੰਤਾ ਦਾ ਵਿਸ਼ਾ ਹੈ। ਇਸ ਮਾਮਲੇ ’ਚ ਕਿਸੇ ਇਕ ਮੁਲਜ਼ਮ ਦੀ ਗ੍ਰਿਫਤਾਰੀ ਇਕ ਪਹਿਲਾ ਕਦਮ ਹੋ ਸਕਦੀ ਹੈ ਪਰ ਅਜੇ ਇਸ ਬੁਰਾਈ ’ਤੇ ਸ਼ਿਕੰਜਾ ਕੱਸਣ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਅਤੇ ਉਨ੍ਹਾਂ ਦਾ ਅਧਿਕਾਰ ਖੋਹਣ ਵਾਲੇ ਇਸ ਤਰ੍ਹਾਂ ਦੇ ਲੋਕਾਂ ਨੇ ਸਾਡੀ ਪੂਰੀ ਸਿੱਖਿਆ ਪ੍ਰਣਾਲੀ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਇਸ ਲਈ ਨਾ ਸਿਰਫ ਇਸ ਤਰ੍ਹਾਂ ਦੇ ਮਾਮਲੇ ’ਚ ਚੌਕਸੀ ਬਣਾਉਣ ਦੀ ਲੋੜ ਹੈ, ਸਗੋਂ ਇਸ ਤਰ੍ਹਾਂ ਦੀ ਬੁਰਾਈ ਨੂੰ ਰੋਕਣ ਦੇ ਅਚੂਕ ਉਪਾਅ ਕਰਨੇ ਅਤੇ ਸਭ ਦੋਸ਼ੀਆਂ ਦਾ ਤੁਰੰਤ ਪਤਾ ਲਾ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ।
ਭਾਰਤ ’ਚ ਵਧਦੇ ਸੈਕਸ ਅਪਰਾਧ ਅਤੇ ਕਾਰਨ
NEXT STORY