ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਅਸੀਂ ਪਾਕਿਸਤਾਨ (ਲਾਹੌਰ) 'ਚ ਰਹਿੰਦੇ ਸੀ, ਵਿਜੇ ਭੱਟ ਵਲੋਂ ਨਿਰਦੇਸ਼ਿਤ ਪ੍ਰਸਿੱਧ ਫਿਲਮ 'ਰਾਮ ਰਾਜਯ' ਰਿਲੀਜ਼ ਹੋਈ। ਉਹ 1945-46 ਦੇ ਦਿਨ ਸਨ, ਜਦੋਂ ਮੈਂ ਆਪਣੇ ਵੱਡੇ ਭਰਾ (ਸਵ.) ਰਮੇਸ਼ ਚੰਦਰ ਜੀ ਨਾਲ ਇਹ ਫਿਲਮ ਦੇਖਣ ਗਿਆ। ਬਹੁਤ ਵਧੀਆ ਇਸ ਫਿਲਮ 'ਚ ਜਿਸ ਚੀਜ਼ ਨੇ ਸਾਨੂੰ ਸਭ ਤੋਂ ਵੱਧ ਹੈਰਾਨ ਕੀਤਾ, ਉਹ ਸਨ ਇਸ ਫਿਲਮ 'ਚ ਯੁੱਧ ਦੇ ਦ੍ਰਿਸ਼।
ਸ਼੍ਰੀ ਰਾਮ ਅਤੇ ਲਕਸ਼ਮਣ ਵਲੋਂ ਰਾਵਣ ਨਾਲ ਯੁੱਧ ਦੇ ਦੌਰਾਨ ਵੱਖ-ਵੱਖ ਅਸਤਰਾਂ-ਸ਼ਸਤਰਾਂ ਦੀ ਵਰਤੋਂ ਹੈਰਾਨੀਜਨਕ ਸੀ। ਰਾਮ ਅਤੇ ਲਕਸ਼ਮਣ ਤੀਰ ਕੱਢਦੇ ਅਤੇ ਮੰਤਰ ਪੜ੍ਹ ਕੇ ਉਸ ਨੂੰ ਛੱਡਦੇ ਤਾਂ ਦੂਜੇ ਪਾਸੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ। ਫਿਰ ਕਦੇ ਤੀਰ ਛੱਡਦੇ ਤਾਂ ਅੱਗ ਦਾ ਮੀਂਹ ਸ਼ੁਰੂ ਹੋ ਜਾਂਦਾ ਅਤੇ ਕੋਈ ਹੋਰ ਤੀਰ ਛੱਡਦੇ ਤਾਂ ਦੁਸ਼ਮਣ ਵਲੋਂ ਛੱਡੇ ਤੀਰ ਕੱਟ ਹੋ ਕੇ ਧਰਤੀ 'ਤੇ ਡਿੱਗਣ ਲੱਗਦੇ।
ਇਸੇ ਤਰ੍ਹਾਂ ਮਹਾਰਿਸ਼ੀ ਵੇਦ ਵਿਆਸ ਦੀ ਦਿੱਤੀ ਹੋਈ ਦਿਵਯ ਦ੍ਰਿਸ਼ਟੀ ਦੇ ਦਮ 'ਤੇ ਸੰਜੇ ਵਲੋਂ ਨੇਤਰਹੀਣ ਧ੍ਰਿਤਰਾਸ਼ਟਰ ਨੂੰ ਮਹੱਲ ਦੇ ਅੰਦਰ ਬੈਠੇ-ਬੈਠੇ ਰਣਭੂਮੀ ਵਿਚ ਦਿਵਯ ਦ੍ਰਿਸ਼ਟੀ ਨਾਲ ਦੇਖ ਕੇ ਮਹਾਭਾਰਤ ਦੇ ਯੁੱਧ ਦਾ ਹਾਲ ਸੁਣਾਉਣ ਬਾਰੇ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਸੀ।
ਪਰ ਅੱਜ ਵਿਗਿਆਨ ਤੇ ਤਕਨਾਲੋਜੀ ਨੇ ਇਹ ਸੰਭਵ ਕਰ ਦਿਖਾਇਆ ਹੈ। ਅਸੀਂ ਘਰ 'ਚ ਬੈਠੇ-ਬੈਠੇ ਹੀ ਹਜ਼ਾਰਾਂ ਮੀਲ ਦੂਰ ਹੋਣ ਵਾਲੀਆਂ ਘਟਨਾਵਾਂ ਨੂੰ ਟੀ. ਵੀ. 'ਤੇ ਦੇਖ ਸਕਦੇ ਹਾਂ ਅਤੇ ਅਜਿਹੀਆਂ ਮਿਜ਼ਾਈਲਾਂ ਬਣ ਗਈਆਂ ਹਨ, ਜੋ ਭਾਰੀ ਤਬਾਹੀ ਮਚਾ ਸਕਦੀਆਂ ਹਨ।
ਇਸੇ ਲੜੀ 'ਚ ਭਾਰਤੀ ਰੱਖਿਆ ਵਿਗਿਆਨੀਆਂ ਨੇ ਬਹੁਤ ਘੱਟ ਉਚਾਈ ਤੋਂ ਆਉਣ ਵਾਲੀ ਦੁਸ਼ਮਣ ਦੇਸ਼ ਦੀ ਕਿਸੇ ਵੀ ਬੈਲਿਸਟਿਕ ਮਿਜ਼ਾਈਲ ਨੂੰ ਹਵਾ 'ਚ ਹੀ ਤਬਾਹ ਕਰਨ ਦੇ ਸਮਰੱਥ ਮਿਜ਼ਾਈਲ ਬਣਾਉਣ 'ਚ ਸਫਲਤਾ ਹਾਸਿਲ ਕਰ ਲਈ ਹੈ।
ਸਵਦੇਸ਼ੀ ਤੌਰ 'ਤੇ ਵਿਕਸਿਤ ਇਸ 'ਅਡਵਾਂਸਡ ਏਅਰ ਡਿਫੈਂਸ (ਏ. ਏ. ਡੀ.) ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ' ਦਾ ਓਡਿਸ਼ਾ 'ਚ ਬਾਲਾਸੋਰ ਨੇੜੇ ਚਾਂਦੀਪੁਰ 'ਚ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ (ਆਈ. ਟੀ. ਆਰ.) ਤੋਂ 28 ਦਸੰਬਰ ਨੂੰ ਸਵੇਰੇ 9.45 ਵਜੇ ਸਫਲ ਪ੍ਰੀਖਣ ਕੀਤਾ ਗਿਆ।
ਪ੍ਰੀਖਣ ਲਈ ਚਾਂਦੀਪੁਰ 'ਚ ਆਈ. ਟੀ. ਆਰ. ਦੇ 'ਪ੍ਰਖੇਪਣ ਕੇਂਦਰ-3' ਤੋਂ ਇਕ ਮਿਜ਼ਾਈਲ ਦਾਗ਼ੀ ਗਈ, ਜਿਸ ਨੂੰ ਤਬਾਹ ਕਰਨ ਲਈ ਟਰੈਕਿੰਗ ਰਾਡਾਰਾਂ 'ਤੇ ਸਿਗਨਲ ਮਿਲਣ ਤੋਂ ਬਾਅਦ ਬੰਗਾਲ ਦੀ ਖਾੜੀ 'ਚ ਅਬਦੁਲ ਕਲਾਮ ਟਾਪੂ 'ਤੇ ਤਾਇਨਾਤ ਏ. ਏ. ਡੀ. ਇੰਟਰਸੈਪਟਰ ਮਿਜ਼ਾਈਲ ਅੱਗੇ ਵਧੀ ਅਤੇ ਧਰਤੀ ਦੇ ਵਾਤਾਵਰਣ ਤੋਂ 30 ਕਿਲੋਮੀਟਰ ਦੀ ਉਚਾਈ ਦੇ ਦਾਇਰੇ 'ਚ ਸਫਲਤਾਪੂਰਵਕ ਨਿਸ਼ਾਨਾ ਬਣਾ ਕੇ ਉਸ ਨੂੰ ਹਵਾ 'ਚ ਤਬਾਹ ਕਰ ਦਿੱਤਾ।
ਇਹ ਪ੍ਰੀਖਣ ਉਡਾਣ ਦੌਰਾਨ ਇੰਟਰਸੈਪਟਰ ਦੇ ਵੱਖ-ਵੱਖ ਪੈਮਾਨਿਆਂ ਦੀ ਤਸਦੀਕ ਲਈ ਕੀਤਾ ਗਿਆ ਸੀ, ਜੋ ਪੂਰੀ ਤਰ੍ਹਾਂ ਸਫਲ ਰਿਹਾ। ਰੱਖਿਆ ਸੂਤਰਾਂ ਨੇ ਇਸ ਪ੍ਰੀਖਣ ਨੂੰ ਵੱਡੀ ਸਫਲਤਾ ਦੱਸਦਿਆਂ ਕਿਹਾ ਕਿ ਇਹ ਇਕ ਸਿੱਧਾ ਨਿਸ਼ਾਨਾ ਸੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਆਈ. ਟੀ. ਆਰ. ਨਾਲ ਜੁੜੇ ਸੀਨੀਅਰ ਵਿਗਿਆਨੀਆਂ ਤੇ ਅਧਿਕਾਰੀਆਂ ਦੀ ਟੀਮ ਪ੍ਰੀਖਣ ਦੌਰਾਨ ਮੌਕੇ 'ਤੇ ਮੌਜੂਦ ਸੀ।
ਆਵਾਜ਼ ਨਾਲੋਂ 5 ਗੁਣਾ ਤੇਜ਼ ਰਫਤਾਰ ਵਾਲੀ ਅਤੇ 2000 ਕਿਲੋਮੀਟਰ ਦੂਰੋਂ ਆਉਂਦੀ ਦੁਸ਼ਮਣ ਦੀ ਮਿਜ਼ਾਈਲ ਨੂੰ ਤਬਾਹ ਕਰਨ ਲਈ ਡੀ. ਆਰ. ਡੀ. ਓ. ਵਲੋਂ ਵਿਕਸਿਤ ਇਸ ਏ. ਏ. ਡੀ. ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦੇ ਸਫਲ ਪ੍ਰੀਖਣ ਦੇ ਨਾਲ ਹੀ ਭਾਰਤ ਹੁਣ ਅਜਿਹੀ ਸਮਰੱਥਾ ਹਾਸਿਲ ਕਰਨ ਵਾਲਾ ਦੁਨੀਆ 'ਚ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਸਮਰੱਥਾ ਅਮਰੀਕਾ, ਰੂਸ ਤੇ ਇਸਰਾਈਲ ਕੋਲ ਹੀ ਸੀ।
ਇਹ 7.5 ਮੀਟਰ ਲੰਮੀ ਸਿੰਗਲ ਸਟੇਜ ਸਾਲਿਡ ਰਾਕੇਟ ਪ੍ਰੋਪੈਲਡ ਗਾਈਡਿਡ ਮਿਜ਼ਾਈਲ ਹੈ, ਜੋ ਹਾਈਟੈੱਕ ਕੰਪਿਊਟਰ ਅਤੇ ਇਲੈਕਟ੍ਰੋ ਮਕੈਨੀਕਲ ਐਕਟੀਵੇਟਰ ਵਾਲੀ ਦਿਸ਼ਾ-ਨਿਰਦੇਸ਼ਨ ਪ੍ਰਣਾਲੀ ਨਾਲ ਲੈਸ ਹੈ। 1.2 ਟਨ ਭਾਰ ਤਕ ਵਿਸਫੋਟਕ ਢੋਣ ਦੀ ਸਮਰੱਥਾ ਵਾਲੀ ਇਸ ਅਤਿ-ਆਧੁਨਿਕ ਇੰਟਰਸੈਪਟਰ ਮਿਜ਼ਾਈਲ ਦਾ ਆਪਣਾ ਮੋਬਾਇਲ ਲਾਂਚਰ, ਸੁਰੱਖਿਅਤ ਡਾਟਾਲਿੰਕ, ਆਜ਼ਾਦ ਟਰੈਕਿੰਗ ਅਤੇ ਪ੍ਰੋਸੈੱਸਡ ਰਾਡਾਰ ਹੈ।
ਪ੍ਰਾਚੀਨ ਕਾਲ ਦੇ ਚਮਤਕਾਰੀ ਯੁੱਧ ਅਸਤਰਾਂ ਦੀ ਕਲਪਨਾ ਨੂੰ ਅੱਜ ਦੁਨੀਆ ਭਰ ਦੇ ਵਿਗਿਆਨੀ ਸਾਕਾਰ ਕਰ ਰਹੇ ਹਨ। ਇਸੇ ਲੜੀ 'ਚ ਭਾਰਤ ਦੇ ਡੀ. ਆਰ. ਡੀ. ਓ. ਦੇ ਵਿਗਿਆਨੀਆਂ ਨੇ ਇਹ ਅਡਵਾਂਸਡ ਏਅਰ ਡਿਫੈਂਸ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਤਿਆਰ ਕੀਤੀ ਹੈ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਇਹ ਮਿਜ਼ਾਈਲ ਭਾਰਤ ਦੀ ਰੱਖਿਆ 'ਚ ਇਕ ਮੀਲ ਦਾ ਪੱਥਰ ਸਿੱਧ ਹੋਵੇਗੀ।
—ਵਿਜੇ ਕੁਮਾਰ
ਪੰਜਾਬ ਸਰਕਾਰ ਵਲੋਂ ਛੁੱਟੀਆਂ 'ਚ ਕਟੌਤੀ ਇਕ ਸ਼ਲਾਘਾਯੋਗ ਫੈਸਲਾ
NEXT STORY