ਸਿਆਸਤਦਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਅਾਂ ਮੁਸ਼ਕਿਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਹੋ ਲੋਕ ਆਪਣੇ ਜ਼ਹਿਰੀਲੇ ਬਿਆਨਾਂ ਤੇ ਵਿਗੜੇ ਬੋਲਾਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ ਅਤੇ ਸਿਆਸੀ ਮਰਿਆਦਾਵਾਂ ਨੂੰ ਤਾਰ-ਤਾਰ ਕਰ ਰਹੇ ਹਨ।
ਜਿੱਥੇ ਵਿਵਾਦਪੂਰਨ ਬਿਆਨ ਦੇਣ ਵਾਲੇ ਭਾਜਪਾ ਆਗੂਅਾਂ ’ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਨੰਤ ਕੁਮਾਰ ਹੇਗੜੇ, ਐੱਮ. ਪੀ. ਨੇਪਾਲ ਸਿੰਘ, ਸਾਕਸ਼ੀ ਮਹਾਰਾਜ, ਸੰਗੀਤ ਸੋਮ, ਸੁਰੇਂਦਰ ਸਿੰਘ ਆਦਿ ਸ਼ਾਮਿਲ ਹਨ, ਉਥੇ ਹੀ ਦੇਸ਼ ਦੀ ਦੂਜੀ ਵੱਡੀ ਪਾਰਟੀ ਕਾਂਗਰਸ ਦੇ ਸੰਜੇ ਨਿਰੂਪਮ, ਮਲਿਕ ਅਰਜੁਨ ਖੜਗੇ, ਸ਼ਸ਼ੀ ਥਰੂਰ, ਗਣੇਸ਼ ਗੋਦਿਆਲ, ਪ੍ਰਣਿਤੀ ਸ਼ਿੰਦੇ, ਭਰਤ ਠਾਕੋਰ, ਅਭਿਸ਼ੇਕ ਮਨੂ ਸਿੰਘਵੀ ਆਦਿ ਵੀ ਘੱਟ ਨਹੀਂ।
ਕਾਂਗਰਸੀ ਆਗੂਅਾਂ ਵਲੋਂ ਕੁਝ ਸਮੇਂ ’ਚ ਦਿੱਤੇ ਗਏ ਵਿਵਾਦਪੂਰਨ ਬਿਆਨ ਹੇਠ ਲਿਖੇ ਹਨ :
* 12 ਸਤੰਬਰ ਨੂੰ ਮੁੰਬਈ ਕਾਂਗਰਸ ਦੇ ਪ੍ਰਧਾਨ ਸੰਜੇ ਨਿਰੂਪਮ ਨੇ ਕਿਹਾ ਕਿ ‘‘ਜੋ ਬੱਚੇ ਸਕੂਲ, ਕਾਲਜ ’ਚ ਪੜ੍ਹ ਰਹੇ ਹਨ, ਉਨ੍ਹਾਂ ਨੂੰ ਨਰਿੰਦਰ ਮੋਦੀ ਵਰਗੇ ਅਨਪੜ੍ਹ-ਗਵਾਰ ਬਾਰੇ ਜਾਣ ਕੇ ਕੀ ਮਿਲਣ ਵਾਲਾ ਹੈ। ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਅੱਜ ਤਕ ਸਾਡੇ ਦੇਸ਼ ਦੇ ਨਾਗਰਿਕਾਂ ਤੇ ਬੱਚਿਅਾਂ ਨੂੰ ਪਤਾ ਹੀ ਨਹੀਂ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਦੀ ਵਿੱਦਿਅਕ ਡਿਗਰੀ ਕੀ ਹੈ।’’
* 04 ਅਗਸਤ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਰੇਲ ਮੰਤਰੀ ਮਲਿਕ ਅਰਜੁਨ ਖੜਗੇ ਨੇ ਫੈਜ਼ਪੁਰ ’ਚ ਕਿਹਾ, ‘‘ਦੇਸ਼ ਦੀ ਆਜ਼ਾਦੀ ਲਈ ਸੰਘ ਤੇ ਭਾਜਪਾ ਆਗੂਅਾਂ ਦੇ ਘਰ ਦੇ ਕੁੱਤੇ ਨੇ ਵੀ ਆਪਣੀ ਕੁਰਬਾਨੀ ਨਹੀਂ ਦਿੱਤੀ....ਮੈਨੂੰ ਦੱਸੋ ਕਿ ਦੇਸ਼ ਦੀ ਆਜ਼ਾਦੀ ਲਈ ਭਾਜਪਾ ਤੇ ਸੰਘ (ਨੇਤਾਵਾਂ) ਦੇ ਘਰ ਦਾ ਇਕ ਕੁੱਤਾ ਵੀ ਕੁਰਬਾਨ ਹੋਇਆ ਹੈ? ਦੱਸੋ (ਦੇਸ਼ ਦੀ ਆਜ਼ਾਦੀ ਲਈ) ਤੁਹਾਡੇ ਕਿਹੜੇ ਲੋਕ ਜੇਲ ਗਏ ਹਨ?’’
* 15 ਅਕਤੂਬਰ ਨੂੰ ਉੱਤਰਾਖੰਡ ਦੇ ਕਾਂਗਰਸੀ ਨੇਤਾ ਗਣੇਸ਼ ਗੋਦਿਆਲ ਨੇ ਸੋਸ਼ਲ ਮੀਡੀਆ ’ਤੇ 14 ਅਪ੍ਰੈਲ ਦੀ ਇਕ ਪੁਰਾਣੀ ਤਸਵੀਰ ਪੋਸਟ ਕੀਤੀ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਨੇ ਹੋਏ ਮੁਕੁਟ ’ਤੇ ਮੌਤ ਦੇ ਦੇਵਤਾ ਯਮਰਾਜ ਦੇ ਮੁਕੁਟ ਵਰਗੇ ਦੋ ਸਿੰਙ ਵੀ ਲੱਗੇ ਹੋਏ ਸਨ। ਇਸ ’ਤੇ ਟਿੱਪਣੀ ਕਰਦਿਅਾਂ ਗਣੇਸ਼ ਗੋਦਿਆਲ ਨੇ ਲਿਖਿਆ, ‘‘ਕੌਣ ਕਹਿੰਦਾ ਹੈ ਕਿ ਗਧੇ ਦੇ ਸਿੰਙ ਨਹੀਂ ਹੁੰਦੇ!’’
* 23 ਅਕਤੂਬਰ ਨੂੰ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਧੀ ਅਤੇ ਸ਼ੋਲਾਪੁਰ ਤੋਂ ਕਾਂਗਰਸੀ ਵਿਧਾਇਕ ਪ੍ਰਣਿਤੀ ਸ਼ਿੰਦੇ ਨੇ ਕਿਹਾ, ‘‘ਸਾਡੇ ਦੇਸ਼ ’ਚ ਡੇਂਗੂ ਦਾ ਨਵਾਂ ਮੱਛਰ ਆਇਆ ਹੈ। ਇਸ ਦਾ ਨਾਂ ਹੈ ਮੋਦੀ ਬਾਬਾ। ਇਸ ਨੂੰ ਝੂਠ ਬੋਲਣ ਦੀ ਬੀਮਾਰੀ ਲੱਗੀ ਹੋਈ ਹੈ। ‘ਭਾਈਓ, ਮੈਂ ਮਹਿੰਗਾਈ ਕਮ ਕਰੂੰਗਾ, ਆਪ ਕੇ ਖਾਤੇ ਮੇਂ 15 ਲਾਖ ਰੁਪਏ ਜਮ੍ਹਾ ਕਰੂੰਗਾ।’ ਕੀਟਨਾਸ਼ਕ ਛਿੜਕੋ ਅਤੇ ਅਗਲੀ ਵਾਰ ਉਸ ਨੂੰ ਸੱਤਾ ਤੋਂ ਬਾਹਰ ਸੁੱਟ ਦਿਓ।’’
* 25 ਅਕਤੂਬਰ ਨੂੰ ਗੁਜਰਾਤ ਦੇ ਵਡੋਦਰਾ ’ਚ ਕਾਂਗਰਸ ਦੇ ਉਪ-ਪ੍ਰਧਾਨ ਭਰਤ ਠਾਕੋਰ ਨੇ ਸੋਸ਼ਲ ਮੀਡੀਆ ’ਤੇ ਅਜਮੇਰ ਸ਼ਰੀਫ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ, ਜਿਸ ’ਤੇ ਉਸ ਨੂੰ 28 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
* 28 ਅਕਤੂਬਰ ਨੂੰ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ, ‘‘ਨਰਿੰਦਰ ਮੋਦੀ ਸ਼ਿਵਲਿੰਗ ’ਤੇ ਚਿੰਬੜੇ ਬਿੱਛੂ ਵਾਂਗ ਹਨ, ਜਿਸ ਨੂੰ ਨਾ ਤਾਂ ਹੱਥ ਨਾਲ ਹਟਾਇਆ ਜਾ ਸਕਦਾ ਹੈ ਤੇ ਨਾ ਹੀ ਚੱਪਲ ਨਾਲ ਮਾਰਿਆ ਜਾ ਸਕਦਾ ਹੈ।’’ ਥਰੂਰ ਨੇ ਕਿਹਾ ਕਿ ਅਜਿਹਾ ਆਰ. ਐੱਸ. ਐੱਸ. ਸੂਤਰ ਨੇ ਇਕ ਪੱਤਰਕਾਰ ਨੂੰ ਕਿਹਾ ਹੈ।
(ਇਸੇ ਸਾਲ ਜੁਲਾਈ ’ਚ ਉਨ੍ਹਾਂ ਕਿਹਾ ਸੀ ਕਿ ‘‘ਭਾਰਤ ’ਚ ਕਈ ਜਗ੍ਹਾ ਮੁਸਲਮਾਨਾਂ ਦੀ ਬਜਾਏ ਗਊ ਜ਼ਿਆਦਾ ਸੁਰੱਖਿਅਤ ਹੈ।’’ ਅਗਸਤ ’ਚ ਉਨ੍ਹਾਂ ਕਿਹਾ ਕਿ ‘‘ਜੇ ਭਾਜਪਾ 2019 ’ਚ ਜਿੱਤਦੀ ਹੈ ਤਾਂ ਭਾਰਤ ‘ਹਿੰਦੂ ਪਾਕਿਸਤਾਨ’ ਬਣ ਜਾਵੇਗਾ।’’)
* 28 ਅਕਤੂਬਰ ਨੂੰ ਹੀ ਕਾਂਗਰਸੀ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ‘‘ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਕਾਇਰ ਹਨ ਤੇ ਉਨ੍ਹਾਂ ਨੂੰ ਇਕ ਮਿੰਟ ਵੀ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਰਮਨ ਸਿੰਘ ਸਰਕਾਰ ਨੇ ਸਾਰੇ ਅਧਿਕਾਰ ਗੁਆ ਲਏ ਹਨ ਤੇ ਨਕਸਲੀਅਾਂ ਅੱਗੇ ਗੋਡੇ ਟੇਕ ਦਿੱਤੇ ਹਨ।’’
ਜ਼ਿਕਰਯੋਗ ਹੈ ਕਿ ਭਾਜਪਾ ਤੇ ਕਾਂਗਰਸ ਦੋਵੇਂ ਹੀ ਦੇਸ਼ ਦੀਅਾਂ ਵੱਡੀਅਾਂ ਸਿਆਸੀ ਪਾਰਟੀਅਾਂ ਹਨ ਅਤੇ ਦੋਹਾਂ ਦੇ ਨੇਤਾਵਾਂ ਵਲੋਂ ਅਜਿਹੇ ਮਰਿਆਦਾਹੀਣ ਬਿਆਨ ਦੇਣ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਦੀ ਹਾਈਕਮਾਨ ਦਾ ਆਪਣੇ ਕਾਡਰ ’ਤੇ ਕੋਈ ਕੰਟਰੋਲ ਨਹੀਂ ਹੈ।
ਇਸ ਨਾਲ ਦੋਹਾਂ ਹੀ ਪਾਰਟੀਅਾਂ ਦਾ ਅਕਸ ਖਰਾਬ ਹੋ ਰਿਹਾ ਹੈ। ਇਸ ਲਈ ਅਜਿਹੇ ਬਿਆਨਾਂ ਦਾ ਨੋਟਿਸ ਲੈਂਦਿਅਾਂ ਦੋਹਾਂ ਹੀ ਪਾਰਟੀਅਾਂ ਦੀ ਹਾਈਕਮਾਨ ਨੂੰ ਅਜਿਹੀ ਬਿਆਨਬਾਜ਼ੀ ’ਤੇ ਰੋਕ ਲਾਉਣੀ ਚਾਹੀਦੀ ਹੈ। –ਵਿਜੇ ਕੁਮਾਰ
ਵਿਦੇਸ਼ੀ ਔਰਤਾਂ ਨਾਲ ਵੀ ਹੋ ਰਹੇ ਹਨ ਘਿਨੌਣੇ ਬਲਾਤਕਾਰ
NEXT STORY