ਜੰਮੂ-ਕਸ਼ਮੀਰ ’ਚ ਅੱਤਵਾਦੀਅਾਂ ਦੀ ਰਣਨੀਤੀ ’ਚ ਬਦਲਾਅ ਅਤੇ ਉਨ੍ਹਾਂ ਦੇ ਵਤੀਰੇ ’ਚ ਨਿਰਾਸ਼ਾ ਸਪੱਸ਼ਟ ਨਜ਼ਰ ਆ ਰਹੀ ਹੈ, ਜਿਸ ਦੇ ਅਧੀਨ ਉਹ ਸਥਾਨਕ ਪੁਲਸ ਵਾਲਿਅਾਂ ਅਤੇ ਉਨ੍ਹਾਂ ਦੇ ਘਰਵਾਲਿਅਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਉਨ੍ਹਾਂ ਦੇ ਅਗ਼ਵਾ ਅਤੇ ਹੱਤਿਆਵਾਂ ਇਸ ਗੱਲ ਵੱਲ ਸੰਕੇਤ ਹਨ ਕਿ ਜੰਮੂ-ਕਸ਼ਮੀਰ ’ਚ ਫੌਜ, ਪੁਲਸ ਅਤੇ ਹੋਰ ਸੁਰੱਖਿਆ ਬਲਾਂ ਵਲੋਂ ਚਲਾਏ ਗਏ ‘ਆਪ੍ਰੇਸ਼ਨ ਆਲ ਆਊਟ’ ਨਾਲ ਅੱਤਵਾਦੀਅਾਂ ਦੀ ਤਾਕਤ ਬਹੁਤ ਘੱਟ ਹੋਈ ਹੈ।
ਵੱਡੇ ਹਮਲੇ ਕਰਨ ਦੇ ਸਮਰੱਥ ਨਾ ਰਹਿਣ ਦੇ ਕਾਰਨ ਹੀ ਉਹ ਹੁਣ ਆਸਾਨ ਨਿਸ਼ਾਨੇ ਭਾਲ ਰਹੇ ਹਨ ਅਤੇ ਪੁਲਸ ਵਾਲਿਆਂ ਤੇ ਉਨ੍ਹਾਂ ਦੇ ਘਰਵਾਲਿਅਾਂ ਨੂੰ ਨੁਕਸਾਨ ਪਹੁੰਚਾਉਣ ਲੱਗੇ ਹਨ। ਉਹ ਵਿਸ਼ੇਸ਼ ਤੌਰ ’ਤੇ ਛੁੱਟੀ ਉੱਤੇ ਘਰ ਆਏ ਹੋਏ ਪੁਲਸ ਮੁਲਾਜ਼ਮਾਂ ਤੇ ਐੱਸ. ਪੀ. ਓਜ਼ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਸਾਲ ਹੁਣ ਤਕ ਵਾਦੀ ’ਚ ਸ਼ਹੀਦ ਕੀਤੇ ਗਏ ਪੁਲਸ ਮੁਲਾਜ਼ਮਾਂ ਅਤੇ ਐੱਸ. ਪੀ. ਓਜ਼ ਦੀ ਗਿਣਤੀ 36 ਹੋ ਚੁੱਕੀ ਹੈ, ਜਿਨ੍ਹਾਂ ’ਚੋਂ 8 ਦੀ ਹੱਤਿਆ ਸ਼ੋਪੀਅਾਂ ਜ਼ਿਲੇ ’ਚ ਹੋਈ ਹੈ।
ਸ਼ੁੱਕਰਵਾਰ ਨੂੰ ਸ਼ੋਪੀਅਾਂ ’ਚ ਹੀ 3 ਸਪੈਸ਼ਲ ਪੁਲਸ ਅਫਸਰਾਂ (ਐੱਸ. ਪੀ. ਓ.) ਨਿਸਾਰ ਅਹਿਮਦ, ਫਿਰਦੌਸ ਅਹਿਮਦ ਅਤੇ ਕੁਲਵੰਤ ਸਿੰਘ ਦੇ ਅਗਵਾ ਅਤੇ ਹੱਤਿਆ ਨੇ ਇਨ੍ਹਾਂ 35,000 ਐੱਸ. ਪੀ. ਓਜ਼ ਵੱਲ ਵੀ ਸਭ ਦਾ ਧਿਆਨ ਕੇਂਦ੍ਰਿਤ ਕੀਤਾ ਹੈ, ਜੋ ਜੰਮੂ-ਕਸ਼ਮੀਰ ਪੁਲਸ ਦਾ ਹਿੱਸਾ ਨਾ ਹੁੰਦੇ ਹੋਏ ਵੀ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ।
ਪੁਲਸ ਦੀ ਸਹਾਇਤਾ ਲਈ ਭਰਤੀ ਕੀਤੇ ਜਾਣ ਵਾਲੇ ਐੱਸ. ਪੀ. ਓਜ਼ ਆਪਣੇ ਘਰਾਂ ’ਚ ਛੁੱਟੀ ’ਤੇ ਆਉਣ ’ਤੇ ਅਤੇ ਡਿਊਟੀ ’ਤੇ ਮੌਜੂਦ ਹੋਣ ’ਤੇ ਅੱਤਵਾਦੀਅਾਂ ਦੇ ਨਿਸ਼ਾਨੇ ’ਤੇ ਆ ਚੁੱਕੇ ਹਨ। ਐੱਸ. ਪੀ. ਓਜ਼ ਸਥਾਨਕ ਨਿਵਾਸੀ ਹਨ, ਜੋ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ, ਅਜਿਹੇ ਵਿਚ ਉਹ ਅੱਤਵਾਦੀਅਾਂ ਦੇ ਨਿਸ਼ਾਨੇ ’ਤੇ ਹਨ। ਜੰਮੂ-ਕਸ਼ਮੀਰ ਪੁਲਸ ’ਚ 90,000 ਮੁਲਾਜ਼ਮ ਹਨ, ਜਦਕਿ 35,000 ਐੱਸ. ਪੀ. ਓਜ਼ ਪੁਲਸ ਦੀ ਵਾਧੂ ਤਾਕਤ ਦੇ ਰੂਪ ’ਚ ਫੀਲਡ ’ਚ ਕੰਮ ਕਰਦੇ ਹਨ। ਬਦਲੇ ’ਚ ਉਨ੍ਹਾਂ ਨੂੰ 6000 ਰੁਪਏ ਮਾਸਿਕ ਮਾਣ-ਭੱਤਾ ਅਤੇ ਇਕ ਵਰਦੀ ਮਿਲਦੀ ਹੈ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਨੂੰ ਭਰਤੀ ਕਰਨ ਦਾ ਮੁੱਖ ਉਦੇਸ਼ ਖੁਫੀਆ ਸੂਚਨਾਵਾਂ ਜੁਟਾਉਣਾ ਹੈ ਪਰ ਉਨ੍ਹਾਂ ਨੂੰ ਅੱਤਵਾਦ ਵਿਰੋਧੀ ਕਾਰਵਾਈਅਾਂ ’ਚ ਵੀ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ। ਕਿਉਂਕਿ ਉਨ੍ਹਾਂ ਦੀ ਪ੍ਰਮੋਸ਼ਨ ਅੱਤਵਾਦ ਵਿਰੋਧੀ ਮੁਹਿੰਮ ’ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੇ ਐੱਸ. ਪੀ. ਜਾਂ ਐੱਸ. ਐੱਸ. ਪੀ. ਦੀ ਸਿਫਾਰਿਸ਼ ’ਤੇ ਨਿਰਭਰ ਕਰਦੀ ਹੈ, ਅਜਿਹੇ ’ਚ ਅੱਤਵਾਦ ਵਿਰੋਧੀ ਮੁਹਿੰਮਾਂ ਉਨ੍ਹਾਂ ਦੀ ਪ੍ਰਮੋਸ਼ਨ ਲਈ ਮਹੱਤਵਪੂਰਨ ਸਾਬਿਤ ਹੁੰਦੀਅਾਂ ਹਨ।
ਹਾਲਾਂਕਿ ਕੋਈ ਐੱਸ. ਪੀ. ਓ. ਅੱਤਵਾਦੀਅਾਂ ਨਾਲ ਲੋਹਾ ਲੈਣ ਵਾਲੀ ਟੀਮ ਦਾ ਹਿੱਸਾ ਹੀ ਰਿਹਾ ਹੋਵੇ, ਤਾਂ ਵੀ ਸਿਫਾਰਿਸ਼ ’ਚ ਉਸ ਦੀ ਭੂਮਿਕਾ ਨੂੰ ‘ਵਿਸ਼ੇਸ਼ ਯੋਗਦਾਨ’ ਦੇ ਰੂਪ ’ਚ ਦਰਜ ਕੀਤਾ ਜਾਂਦਾ ਹੈ। ਇਸ ਕਾਰਨ ਵੀ ਉਹ ਅੱਤਵਾਦੀਅਾਂ ਦੇ ਨਿਸ਼ਾਨੇ ’ਤੇ ਹਨ ਅਤੇ ਜਦੋਂ ਤੋਂ ਪੁਲਸ ਅਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ’ਚ ਅੱਤਵਾਦੀਅਾਂ ਵਿਰੁੱਧ ‘ਆਪ੍ਰੇਸ਼ਨ ਆਲ ਆਊਟ’ ਤੇਜ਼ ਕੀਤਾ ਹੈ, ਐੱਸ. ਪੀ. ਓਜ਼ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵਾਦੀ ’ਚ ਅਸ਼ਾਂਤੀ ਅਤੇ ਭੈਅ ਦਾ ਮਾਹੌਲ ਫੈਲਾਉਣ ਲਈ ਵੀ ਅੱਤਵਾਦੀ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਘਰਵਾਲਿਅਾਂ ਨੂੰ ਧਮਕਾ ਰਹੇ ਹਨ। ਹਾਲ ਹੀ ’ਚ ਇਕ ਵੀਡੀਓ ’ਚ ਅੱਤਵਾਦੀਅਾਂ ਨੇ ਪੁਲਸ ਵਾਲਿਅਾਂ ਨੂੰ ਧਮਕੀ ਦਿੰਦੇ ਹੋਏ ਅਸਤੀਫੇ ਦੇਣ ਲਈ ਕਿਹਾ ਸੀ। ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਰਿਆਜ਼ ਨਾਇਕੂ ਤਾਂ ਲਗਾਤਾਰ ਵੀਡੀਓ ਜਾਰੀ ਕਰਕੇ ਖੁੱਲ੍ਹੇਆਮ ਧਮਕੀਅਾਂ ਦੇ ਰਿਹਾ ਹੈ ਅਤੇ ਦੂਜਾ ਬੁਰਹਾਨ ਵਾਨੀ ਬਣਦਾ ਜਾ ਰਿਹਾ ਹੈ।
30 ਅਗਸਤ ਰਾਤ ਨੂੰ ਵੀ ਜੰਮੂ-ਕਸ਼ਮੀਰ ਦੀਅਾਂ ਵੱਖ-ਵੱਖ ਥਾਵਾਂ ਤੋਂ ਅੱਤਵਾਦੀਅਾਂ ਨੇ ਪੁਲਸ ਮੁਲਾਜ਼ਮਾਂ ਦੇ 8 ਸੰਬੰਧੀਅਾਂ ਨੂੰ ਅਗ਼ਵਾ ਕਰ ਲਿਆ ਸੀ। ਅੱਤਵਾਦੀਅਾਂ ਨੇ ਉਨ੍ਹਾਂ ਨੂੰ ਸ਼ੋਪੀਅਾਂ, ਕੁਲਗਾਮ, ਅਨੰਤਨਾਗ, ਅਵੰਤੀਪੁਰਾ ਅਤੇ ਤਰਾਲ ਤੋਂ ਅਗਵਾ ਕੀਤਾ ਸੀ।
ਰਿਆਜ਼ ਨਾਇਕੂ ਨੇ 12 ਮਿੰਟ ਦੇ ਇਕ ਵੀਡੀਓ ’ਚ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਅੱਤਵਾਦੀਅਾਂ ਦੇ ਸਾਰੇ ਸੰਬੰਧੀਅਾਂ ਨੂੰ ਪੁਲਸ ਹਿਰਾਸਤ ’ਚੋਂ ਛੱਡਣ ਲਈ 3 ਦਿਨ ਦਾ ਅਲਟੀਮੇਟਮ ਦਿੱਤਾ ਸੀ।
ਇਹ ਅਗਵਾ ਐੱਨ. ਆਈ. ਏ. ਵਲੋਂ ਸੀ. ਆਰ. ਪੀ. ਐੱਫ. ਅਤੇ ਸਥਾਨਕ ਪੁਲਸ ਦੀ ਮਦਦ ਨਾਲ ਅੱਤਵਾਦੀ ਧੜੇ ਹਿਜ਼ਬੁਲ ਮੁਜਾਹਿਦੀਨ ਦੇ ਲੀਡਰ ਲੋੜੀਂਦੇ ਅੱਤਵਾਦੀ ਸਈਦ ਸਲਾਹੂਦੀਨ ਦੇ ਦੂਜੇ ਬੇਟੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੋਏ ਸਨ, ਜਿਸ ’ਤੇ ਗੁਪਤ ਤੌਰ ’ਤੇ ਧਨ ਹਾਸਿਲ ਕਰਨ ਦੇ ਦੋਸ਼ ਹਨ। ਇਸੇ ਦਿਨ ਰਿਆਜ਼ ਨਾਇਕੂ ਦੇ ਪਿਤਾ ਅਸਦੁੱਲਾ ਨਾਇਕੂ ਨੂੰ ਵੀ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਅਗਲੇ ਦਿਨ ਪੁਲਸ ਨੇ ਰਿਹਾਅ ਕਰ ਦਿੱਤਾ ਸੀ ਅਤੇ ਅੱਤਵਾਦੀਅਾਂ ਨੇ ਵੀ 31 ਅਗਸਤ ਨੂੰ ਪੁਲਸ ਵਾਲਿਅਾਂ ਦੇ ਅਗ਼ਵਾ ਸਾਰੇ ਸੰਬੰਧੀਅਾਂ ਨੂੰ ਛੱਡ ਦਿੱਤਾ ਸੀ।
ਅੱਤਵਾਦੀਅਾਂ ਦੀਆਂ ਧਮਕੀਅਾਂ ਤੋਂ ਬਾਅਦ ਕਥਿਤ ਤੌਰ ’ਤੇ ਕਈ ਪੁਲਸ ਵਾਲਿਅਾਂ ਵਲੋਂ ਅਸਤੀਫੇ ਦੇਣ ਦੀਅਾਂ ਖ਼ਬਰਾਂ ਆਈਅਾਂ ਸਨ ਪਰ ਪੁਲਸ ਨੇ ਇਨ੍ਹਾਂ ਨੂੰ ਅਫਵਾਹ ਕਰਾਰ ਦਿੱਤਾ ਹੈ।
ਸੱਚਾਈ ਜੋ ਵੀ ਹੋਵੇ, ਪੁਲਸ ਵਾਲਿਅਾਂ, ਉਨ੍ਹਾਂ ਦੇ ਘਰਵਾਲਿਅਾਂ ਅਤੇ ਵਿਸ਼ੇਸ਼ ਤੌਰ ’ਤੇ ਐੱਸ. ਪੀ. ਓਜ਼ ਨੂੰ ਨਿਸ਼ਾਨਾ ਬਣਾਉਣ ਅਤੇ ਧਮਕਾਉਣ ਦੀ ਅੱਤਵਾਦੀਅਾਂ ਦੀ ਨਵੀਂ ਚਾਲ ਨੂੰ ਅਸਫਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਇਸ ਦੇ ਲਈ ਪ੍ਰਦੇਸ਼ ’ਚ ਕੰਮ ਕਰਦੇ ਪੁਲਸ ਮੁਲਾਜ਼ਮਾਂ ਅਤੇ ਐੱਸ. ਪੀ. ਓਜ਼ ਦੇ ਪਰਿਵਾਰਾਂ ਲਈ ਵਿਸ਼ੇਸ਼ ਕਾਲੋਨੀਅਾਂ, ਉਨ੍ਹਾਂ ਦੇ ਬੱਚਿਅਾਂ ਲਈ ਵਿਸ਼ੇਸ਼ ਸਕੂਲ ਬਣਾਉਣ ਦੀ ਲੋੜ ਹੈ, ਤਾਂ ਕਿ ਉਹ ਸੁਰੱਖਿਅਤ ਰਹਿ ਸਕਣ।
ਪੰਜਾਬ ’ਚ ਅਫਰੀਕੀ ਨਸ਼ਾ ਸਮੱਗਲਰਾਂ ਨੇ ਪੈਰ ਜਮਾਏ ‘ਬੋਲਦੇ ਵੀ ਹਨ ਪੰਜਾਬੀ’
NEXT STORY