ਦੇਸ਼ ’ਚ ਸਥਾਨਕ ਨਸ਼ਾ ਸਮੱਗਲਰਾਂ ਦੇ ਨਾਲ-ਨਾਲ ਵਿਦੇਸ਼ੀ ਨਸ਼ਾ ਸਮੱਗਲਰਾਂ ਦਾ ਜਾਲ ਵੀ ਲਗਾਤਾਰ ਫੈਲ ਰਿਹਾ ਹੈ। ਪੰਜਾਬ ’ਚ ਖਾਸ ਤੌਰ ’ਤੇ ਨਾਈਜੀਰੀਆ ਦੇ ਨਸ਼ਾ ਸਮੱਗਲਰਾਂ ਨੇ ਬੁਰੀ ਤਰ੍ਹਾਂ ਆਪਣੇ ਪੈਰ ਜਮਾ ਲਏ ਹਨ। ਇਨ੍ਹਾਂ ’ਚ ਉਥੋਂ ਦੇ ਜ਼ਿਆਦਾਤਰ ਵਪਾਰੀਅਾਂ ਤੋਂ ਲੈ ਕੇ ਭਾਰਤ ’ਚ ਇਲਾਜ ਕਰਵਾਉਣ ਆਏ ਮਰੀਜ਼ ਅਤੇ ਉੱਚ ਸਿੱਖਿਆ ਹਾਸਿਲ ਕਰਨ ਆਏ ਵਿਦਿਆਰਥੀ ਵੀ ਸ਼ਾਮਿਲ ਹਨ।
ਅਫਗਾਨਿਸਤਾਨ ਦੇ ਨਸ਼ਾ ਸਮੱਗਲਰਾਂ ਨਾਲ ਇਕ ਨੈੱਟਵਰਕ ਕਾਇਮ ਕਰਕੇ ਇਹ ਪੰਜਾਬ ਦੇ ਵੱਖ-ਵੱਖ ਹਿੱਸਿਅਾਂ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ ਤੇ ਦਿੱਲੀ ਦੇ ਰਸਤੇ ਪੰਜਾਬ ’ਚ ਨਸ਼ੇ ਵਾਲੇ ਪਦਾਰਥ ਲਿਆ ਰਹੇ ਹਨ।
ਪਿਛਲੇ ਸਾਲ ਪੰਜਾਬ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ’ਚ 42 ਨਾਈਜੀਰੀਅਨਾਂ ਸਮੇਤ 50 ਅਫਰੀਕਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਾਲ ਹੁਣ ਤਕ ਪੁਲਸ ਨੇ 18 ਨਾਈਜੀਰੀਅਨਾਂ ਸਮੇਤ 24 ਅਫਰੀਕਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 22 ਕਿਲੋ ਹੈਰੋਇਨ ਅਤੇ 6 ਕਿਲੋ ਅਫੀਮ ਜ਼ਬਤ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ’ਚ ਨਾਈਜੀਰੀਆ ਦਾ ਇਕ ਕੱਪੜਾ ਵਪਾਰੀ ‘ਚਿਨੇਡੂ’ ਅਤੇ ਯੁਗਾਂਡਾ ਦੀ ‘ਰੋਗੈਟ ਨਾਮੋਤਾਬੀ’ ਨਾਮੀ ਔਰਤ ਤੋਂ ਇਲਾਵਾ ਇਕ ਹੋਰ ਅਫਰੀਕਨ ਔਰਤ ‘ਫੇਥ’ ਵੀ ਸ਼ਾਮਿਲ ਹੈ, ਜੋ ਟੂਰਿਸਟ ਵੀਜ਼ੇ ’ਤੇ ਭਾਰਤ ਆਈ ਸੀ।
ਇਹ ਲੋਕ ਅਫਗਾਨਿਸਤਾਨ ਦੇ ਸਮੱਗਲਰਾਂ ਨਾਲ ਮਿਲ ਕੇ ਅਫਰੀਕੀ ਤੇ
ਪੰਜਾਬੀ ਸਮੱਗਲਰਾਂ ਦਾ ਇਕ ਨੈੱਟਵਰਕ ਚਲਾ ਰਹੇ ਹਨ। ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਜ਼ਿਆਦਾਤਰ ਪਿੰਡਾਂ ’ਚ ਸਥਾਨਕ ਸਮੱਗਲਰਾਂ ਤੇ ਬਦਨਾਮ ਨਸ਼ੇੜੀਅਾਂ ਨਾਲ ਆਪਣੇ ਸੰਪਰਕ ਬਣਾ ਲਏ ਹਨ। ਇਹ ਨਾਈਜੀਰੀਅਨ ਪੰਜਾਬੀ ਬੋਲਦੇ ਹਨ ਅਤੇ ਫੜੇ ਜਾਣ ’ਤੇ ਜੇਲ ’ਚੋਂ ਵੀ ਆਪਣਾ ਨੈੱਟਵਰਕ ਚਲਾ ਲੈਂਦੇ ਹਨ।
‘ਪੰਜਾਬ ਕਾਊਂਟਰ ਇੰਟੈਲੀਜੈਂਸ’ ਦੇ ਏ. ਆਈ. ਜੀ. ਸ਼੍ਰੀ ਐੱਚ. ਪੀ. ਐੱਸ. ਖੱਖ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਨੇ ਇਨ੍ਹਾਂ ਵਿਦੇਸ਼ੀਅਾਂ ’ਤੇ ਨਜ਼ਰ ਰੱਖਣ ਲਈ ਦਿੱਲੀ ਸਰਕਾਰ ਨੂੰ ਲਿਖਿਆ ਹੈ। ਗ੍ਰਿਫਤਾਰ ਕੀਤੇ ਗਏ ਵਿਦੇਸ਼ੀਅਾਂ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਆਪਣੇ ਵੀਜ਼ੇ ਦੀ ਮਿਆਦ ਖਤਮ ਹੋ ਜਾਣ ’ਤੇ ਵੀ ਇਥੇ ਟਿਕੇ ਹੋਏ ਹਨ। ਇਹ ਨਸ਼ੇ ਦੀ ਸਮੱਗਲਿੰਗ ਦੇ ਜ਼ਰੀਏ ਮੋਟੀ ਰਕਮ ਕਮਾਉਂਦੇ ਹਨ। ਇਸ ਰਕਮ ਨੂੰ ਉਹ ਆਪਣੀ ਮੌਜ-ਮਸਤੀ ’ਤੇ ਖਰਚ ਕਰਦੇ ਹਨ ਅਤੇ ਕੁਝ ਰਕਮ ਆਪਣੇ ਘਰ ਵੀ ਭੇਜਦੇ ਹਨ।
ਪੰਜਾਬ ਪੁਲਸ ਵਲੋਂ ਭੇਜੀ ਗਈ ਇਕ ਰਿਪੋਰਟ ਅਨੁਸਾਰ ਦਿੱਲੀ ਦੇ ਦੁਆਰਕਾ ਤੋਂ ਇਲਾਵਾ ਉੱਤਮ ਨਗਰ ਨਾਈਜੀਰੀਅਨਾਂ ਦਾ ਕੇਂਦਰ ਬਣ ਚੁੱਕਾ ਹੈ ਤੇ ਇਸ ਨੂੰ ‘ਮਿੰਨੀ ਨਾਈਜੀਰੀਆ’ ਕਿਹਾ ਜਾਣ ਲੱਗਾ ਹੈ। ਕਈ ਨਾਈਜੀਰੀਅਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਉਨ੍ਹਾਂ ਦੀ ‘ਫਾਰਵਰਡ ਚੇਨ’ ਦਾ ਤਾਂ ਪਤਾ ਲੱਗਾ ਹੈ ਪਰ ਉਸ ਨੂੰ ਇਹ ਪਤਾ ਲਾਉਣ ’ਚ ਕੋਈ ਖਾਸ ਸਫਲਤਾ ਨਹੀਂ ਮਿਲੀ ਕਿ ਨਸ਼ੇ ਦੀ ਇਹ ਸਪਲਾਈ ਆਉਂਦੀ ਕਿੱਥੋਂ ਹੈ?
ਇਨ੍ਹਾਂ ’ਚੋਂ ਕੁਝ ਨਸ਼ਾ ਇਧਰੋਂ ਓਧਰ ਕਰਨ ਵਾਲੇ ਮਾਮੂਲੀ ਸਮੱਗਲਰ ਹੀ ਨਹੀਂ ਬਣੇ ਰਹਿੰਦੇ, ਉਹ ਆਪਣਾ ਵੱਡਾ ਨੈੱਟਵਰਕ ਬਣਾ ਲੈਂਦੇ ਹਨ। ਇਸ ਸਾਲ ਅਗਸਤ ’ਚ ਗ੍ਰਿਫਤਾਰ ਨਾਈਜੀਰੀਅਨ ‘ਫ੍ਰੈਂਕ ਮਾਰਜਿਨ’ ਦਾ ਅਫਗਾਨੀ, ਪੰਜਾਬੀ ਤੇ ਅਫਰੀਕਨ ਸਮੱਗਲਰਾਂ ਦਾ ਨੈੱਟਵਰਕ ਹੈ।
ਉਸ ਨੂੰ ਪੰਜਾਬ ’ਚ ਸਾਢੇ ਤਿੰਨ ਕਿਲੋ ਹੈਰੋਇਨ ਅਤੇ 60 ਗ੍ਰਾਮ ਆਈਸ ਨਾਲ ਫੜਿਆ ਗਿਆ ਸੀ। ਦਿੱਲੀ ਤੇ ਪੰਜਾਬ ਦੇ ਸਮੱਗਲਰਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਲਈ ਉਹ ਦਿੱਲੀ ਤੇ ਅਫਗਾਨਿਸਤਾਨ ’ਚ ਕਈ ਅਫਗਾਨ ਨਾਗਰਿਕਾਂ ਦੇ ਸੰਪਰਕ ’ਚ ਸੀ।
ਕੁਝ ਅਜਿਹੀ ਹੀ ਕਹਾਣੀ ‘ਮਾਈਕਲ’ ਨਾਮੀ ਸਮੱਗਲਰ ਦੀ ਹੈ, ਜੋ ਨਾਭਾ ਜੇਲ ’ਚੋਂ ਨਸ਼ੇ ਵਾਲੇ ਪਦਾਰਥ ਸਪਲਾਈ ਕਰਨ ਦਾ ਧੰਦਾ ਚਲਾ ਰਿਹਾ ਸੀ। ਉਸ ਦਾ ਨਾਂ ‘ਰੋਗੈਟ’ ਨਾਮੀ ਯੁਗਾਂਡਾ ਦੀ ਇਕ ਮਹਿਲਾ ਸਮੱਗਲਰ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ।
ਐੱਨ. ਡੀ. ਪੀ. ਐੱਸ. ਕਾਨੂੰਨ ਦੇ ਤਹਿਤ ਗ੍ਰਿਫਤਾਰੀ ਤੋਂ ਬਾਅਦ ‘ਮਾਈਕਲ’ ਨੇ ਮੋਗਾ ਦੇ ਦੌਲੇਵਾਲਾ ਪਿੰਡ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਗੱਡੀ ਚਲਾਉਣ ’ਚ ਮਾਹਿਰ ਇਕ ਵਿਅਕਤੀ ਨਾਲ ਆਪਣਾ ਨੈੱਟਵਰਕ ਕਾਇਮ ਕਰ ਲਿਆ ਸੀ।
ਉਸ ਡਰਾਈਵਰ ਨੇ ‘ਮਾਈਕਲ’ ਦੀ ਜਾਣ-ਪਛਾਣ ਕੁਝ ਹੋਰਨਾਂ ਲੋਕਾਂ ਨਾਲ ਕਰਵਾਈ ਤੇ ਛੇਤੀ ਹੀ ਉਨ੍ਹਾਂ ਨੇ ਜੇਲ ਅੰਦਰ ਰਹਿੰਦਿਅਾਂ ਦੌਲੇਵਾਲਾ ਅਤੇ ਹੋਰਨਾਂ ਥਾਵਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਅਤੇ ਇਹ ਧੰਦਾ ਉਦੋਂ ਤਕ ਜਾਰੀ ਰਿਹਾ, ਜਦੋਂ ਤਕ ਉਕਤ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਗਿਆ।
ਸਥਾਨਕ ਸਮੱਗਲਰਾਂ ਦੀ ਮਿਲੀਭੁਗਤ ਨਾਲ ਵਿਦੇਸ਼ੀ ਸਮੱਗਲਰਾਂ ਦਾ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਅਾਂ ’ਚ ਪੈਰ ਜਮਾ ਲੈਣਾ ਸਿੱਧ ਕਰਦਾ ਹੈ ਕਿ ਇਨ੍ਹਾਂ ਨੇ ਇਥੇ ਆਪਣੀਅਾਂ ਕਿੰਨੀਅਾਂ ਡੂੰਘੀਅਾਂ ਜੜ੍ਹਾਂ ਜਮਾ ਲਈਅਾਂ ਹਨ। ਜੇ ਇਨ੍ਹਾਂ ਨੂੰ ਸਖਤ ਕਾਰਵਾਈ ਨਾਲ ਜੜ੍ਹੋਂ ਨਾ ਉਖਾੜਿਆ ਗਿਆ ਤਾਂ ਕਲਪਨਾ ਕੀਤੀ ਜਾ ਸਕਦੀ ਹੈ ਕਿ ਇਹ ਭਾਰਤ ਦੀ ਅਰਥ ਵਿਵਸਥਾ ਅਤੇ ਨੌਜਵਾਨ ਪੀੜ੍ਹੀ ਦੀ ਸਿਹਤ ਲਈ ਕਿੰਨਾ ਵੱਡਾ ਖਤਰਾ ਸਿੱਧ ਹੋ ਸਕਦੇ ਹਨ। –ਵਿਜੇ ਕੁਮਾਰ
ਸਹੂਲਤਾਂ ਦੀ ਘਾਟ ਕਾਰਨ ਲੋਕ ਲਾਉਣ ਲੱਗੇ ‘ਸਰਕਾਰੀ ਸਕੂਲਾਂ ਨੂੰ ਜਿੰਦਰੇ’
NEXT STORY