22 ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ ਜਿਸ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਨੇ 26 ਭਾਰਤੀ ਸੈਲਾਨੀਆਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਮਾਰ ਦਿੱਤਾ ਸੀ, ਦੇ ਜਵਾਬ ’ਚ 6 ਮਈ, 2025 ਨੂੰ ਭਾਰਤੀ ਹਥਿਆਰਬੰਦ ਬਲਾਂ ਨੇ ‘ਆਪ੍ਰੇਸ਼ਨ ਸਿੰਧੂਰ’ ਚਲਾਇਆ।
ਇਸ ਦੇ ਅਧੀਨ ਭਾਰਤੀ ਸੁਰੱਖਿਆ ਬਲਾਂ ਨੇ ਪਾਕਿ ਮਕਬੂਜ਼ਾ ਕਸ਼ਮੀਰ ਪੀ.ਓ. ਕੇ. ’ਚ ‘ਮੁਜ਼ੱਫਰਾਬਾਦ’ ਅਤੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ’ਚ ‘ਬਹਾਵਲਪੁਰ’ ਅਤੇ ਹੋਰਨਾਂ ਥਾਵਾਂ ’ਤੇ ਮੌਜੂਦ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਅਤੇ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰਨ ਦੇ ਨਾਲ ਹੀ 11 ਏਅਰਬੇਸ ਤਬਾਹ ਕਰ ਦਿੱਤੇ ਸਨ।
ਤਬਾਹ ਕੀਤੇ ਗਏ ਅੱਤਵਾਦੀ ਟਿਕਾਣਿਆਂ ’ਚ ਪਾਕਿਸਤਾਨ ਦਾ ਵੱਡਾ ਕਮਰੀਸ਼ੀਅਲ ਹੱਬ ‘ਮੁਰੀਦਕੇ’ ਵੀ ਸ਼ਾਮਲ ਸੀ, ਜਿੱਥੇ ਲਸ਼ਕਰ-ਏ-ਤੋਇਬਾ ਦਾ ਮੁੱਖ ਦਫਤਰ ਵੀ ਹੈ। ਇਸ ਨੂੰ ‘ਅੱਤਵਾਦ ਦੀ ਨਰਸਰੀ’ ਕਿਹਾ ਜਾਂਦਾ ਹੈ। 2 ਏਕੜ ’ਚ ਫੈਲੇ ਇਸ ਮੁੱਖ ਦਫਤਰ ’ਚ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਚਲਾਏ ਜਾਂਦੇ ਹਨ।
ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਪਤਾ ਲਗਾਇਆ ਹੈ ਕਿ ਕੌਮਾਂਤਰੀ ਸਰਹੱਦ ਦੇ ਪਾਰ ਪਾਕਿਸਤਾਨ ’ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਪੰਜ ਕਿਲੋਮੀਟਰ ਦੇ ਦਾਇਰੇ ’ਚ ਘੱਟੋ-ਘੱਟ 9 ਲਾਂਚ ਪੈਡਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਦੁਬਾਰਾ ਸਰਗਰਮ ਕਰ ਦਿੱਤਾ ਗਿਆ ਹੈ। ਜਿੱਥੇ ਪਿਛਲੇ ਕੁਝ ਸਮੇਂ ਦੇ ਦੌਰਾਨ ਲੋਕਾਂ ਦੀਆਂ ਸਰਗਰਮੀਆਂ ਦੇਖੀਆਂ ਗਈਆਂ ਹਨ।
ਇਸ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਦੁਸ਼ਮਣਾਂ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਕਿਸਮ ਦੀ ਘੁਸਪੈਠ ਤੋਂ ਸਾਵਧਾਨ ਰਹਿਣ ਅਤੇ ਉਸ ਨੂੰ ਰੋਕਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਪਿਛਲੇ ਦੋ ਹਫਤਿਆਂ ਦੌਰਾਨ ਬੀ. ਐੱਸ. ਐੱਫ. ਜੰਮੂ ਫਰੰਟੀਅਰ ਦੇ ਅਧਿਕਾਰੀਆਂ ਨੇ ਘੱਟੋ-ਘੱਟ 2 ਦਰਜਨ ਪਿੰਡਾਂ ’ਚ ਅਚਾਨਕ ਤਲਾਸ਼ੀ ਮੁਹਿੰਮ ਚਲਾਈ ਅਤੇ 14 ਅਤੇ 15 ਦਸੰਬਰ ਨੂੰ ਸਰਹੱਦੀ ਪਿੰਡਾਂ ’ਚ ਸੁਰੱਖਿਆ ਵਿਵਸਥਾ ਅਤੇ ਘੁਸਪੈਠ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਬੀ. ਐੱਸ. ਐੱਫ. ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਸ਼ ਦੇ ਜ਼ਿਆਦਾਤਰ ਅੱਤਵਾਦੀ ਕੈਂਪ ਵਿਸ਼ੇਸ਼ ਤੌਰ ’ਤੇ ਸਾਂਬਾ ਅਤੇ ਕਠੂਆ ਖੇਤਰਾਂ ਦੇ ਨੇੜੇ-ਤੇੜੇ ’ਚ ਸਰਹੱਦ ਦੇ ਪਾਰ ਸਥਿਤ ਹਨ।
ਇਸੇ ਦੌਰਾਨ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਵਲੋਂ ਭੋਜਨ ਲਈ ਲੋਕਾਂ ਦੇ ਘਰਾਂ ’ਚ ਦਾਖਲ ਹੋਣ ਦਾ ਪਤਾ ਵੀ ਲੱਗਾ ਹੈ। ਐੱਮ.4 ਕਾਰਬਾਈਨ, ਅਤਿ ਆਧੁਨਿਕ ਹਥਿਆਰਾਂ ਅਤੇ ਰਾਤ ’ਚ ਦੇਖਣ ਵਾਲੀਆਂ ਦੂਰਬੀਨਾਂ ਨਾਲ ਲੈਸ ਦੋ ਅੱਤਵਾਦੀਆਂ ਨੇ 19 ਦਸੰਬਰ , 2025 ਨੂੰ ਦੇਰ ਰਾਤ ‘ਮੋਟੂ’ ਪਿੰਡ ’ਚ ਜਬਰੀ ਇਕ ਵਿਅਕਤੀ ਦੇ ਘਰ ’ਚ ਦਾਖਲ ਹੋ ਕੇ ਭੋਜਨ ਮੰਗਿਆ।
ਭੋਜਨ ਤਿਆਰ ਕਰਵਾ ਕੇ ਖਾਣ ਤੋਂ ਬਾਅਦ ਜਾਂਦੇ-ਜਾਂਦੇ ਉਹ ਦੋਵੇਂ ਅੱਤਵਾਦੀ ਘਰ ਦੇ ਮਾਲਕ ਨੂੰ ਧਮਕੀ ਵੀ ਦੇ ਗਏ। ਇਹ ਵੀ ਪਤਾ ਲੱਗਾ ਹੈ ਕਿ ਜਿੰਨੀ ਦੇਰ ਤੱਕ ਇਹ ਅੱਤਵਾਦੀ ਉਸ ਵਿਅਕਤੀ ਦੇ ਘਰ ਦੇ ਅੰਦਰ ਮੌਜੂਦ ਰਹੇ, ਇਕ ਹੋਰ ਅੱਤਵਾਦੀ ਘਰ ਦੇ ਬਾਹਰ ਖੜ੍ਹਾ ਹੋ ਕੇ ਪਹਿਰਾ ਦਿੰਦਾ ਰਿਹਾ।
ਇਸ ਘਟਨਾ ਤੋਂ ਬਾਅਦ ਫੌਜ, ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸ਼ਨਜ਼ ਗਰੁੱਪ (ਐੱਸ. ਓ. ਜੀ.) ਅਤੇ ਸੀ. ਆਰ. ਪੀ.ਐੱਫ. ਦੇ ਜਵਾਨਾਂ ਨੇ ਸਾਂਝੇ ਤੌਰ ’ਤੇ ਨੇੜੇ ਦੇ ਜੰਗਲ ਦੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਅਨੁਸਾਰ ਹੋ ਸਕਦਾ ਹੈ ਕਿ ਸੰਘਣੇ ਜੰਗਲ ’ਚ ‘ਜੰਗਲ ਦੇ ਅੰਦਰ ਜੰਗ ਕਰਨ ’ਚ ਮਾਹਿਰ’ ਕੁਝ ਅੱਤਵਾਦੀ ਵੀ ਲੁਕੇ ਹੋਣ ਜਿਸ ਕਾਰਨ ਸੁਰੱਖਿਆ ਬਲਾਂ ਵਲੋਂ ਉਨ੍ਹਾਂ ਦਾ ਪਤਾ ਲਗਾਉਣ ’ਚ ਮੁਸ਼ਕਲ ਹੋ ਸਕਦੀ ਹੈ।
ਇਸ ਦੌਰਾਨ ਪਾਕਿਸਤਾਨ ’ਚ ਟ੍ਰੇਂਡ ਅੱਤਵਾਦੀਆਂ ਨੇ ਇੰਕਸ਼ਾਫ ਕੀਤਾ ਹੈ ਕਿ ਉਹ ਮੁਸ਼ਕਲ ਖੇਤਰਾਂ ’ਚ ਆਵਾਜਾਈ ਲਈ ‘ਅਲਪਾਈਨ ਕੁਵੈਸਟ’ ਨਾਂ ਦੀਆਂ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਲਈ ਸਰਗਰਮ ਐਕਟਿਵ ਸਿਮ ਕਾਰਡ ਜਾਂ ਇੰਟਰਨੈੱਟ ਕੁਨੈਕਸ਼ਨ ਦੀ ਵੀ ਲੋੜ ਨਹੀਂ ਪੈਂਦੀ। ਇਸ ਲਈ ਅੱਤਵਾਦੀਆਂ ਦੀ ਲੋਕੇਸ਼ਨ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ।
ਵਰਣਨਯੋਗ ਹੈ ਕਿ ਆਪਣੇ ਦੇਸ਼ ’ਚ ਅੱਤਵਾਦ ਦੇ ਸ਼ਿਕਾਰ ਪਾਕਿਸਤਾਨ ਦੇ ਸ਼ਾਸਕ ਸੁਧਰਨ ਦਾ ਨਾ ਨਹੀਂ ਲੈ ਰਹੇ ਅਤੇ 22 ਦਸੰਬਰ ਨੂੰ ਹੀ ਪਾਕਿਸਤਾਨ ’ਚ ਬਲੋਚ ਲਿਬਰੇਸ਼ਨ ਆਰਮੀ ਅਤੇ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ’ਚ 7 ਪੁਲਸ ਮੁਲਾਜ਼ਮ ਮਾਰੇ ਗਏ ਹਨ।
ਇਸ ਲਈ ਹੁਣ ਸਰਹੱਦ ਪਾਰ ਅੱਤਵਾਦੀ ਲਾਂਚ ਪੈਡਾਂ ਦੇ ਦੁਬਾਰਾ ਸਰਗਰਮ ਹੋਣ ਤੋਂ ਬਾਅਦ ਸਾਡੇ ਸੁਰੱਖਿਆ ਬਲਾਂ ਅਤੇ ਖੁਫੀਆ ਏਜੰਸੀਆਂ ਨੂੰ ਜ਼ਿਆਦਾ ਚੌਕਸ ਹੋ ਜਾਣਾ ਚਾਹੀਦਾ ਹੈ ਅਤੇ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ’ਚ ਸਫਲ ਨਾ ਹੋ ਸਕੇ।
–ਵਿਜੇ ਕੁਮਾਰ
ਅਮਰੀਕੀ ਲੋਕਤੰਤਰ ਦੀ ਪਾਰਦ੍ਰਿਸ਼ਤਾ ਅਤੇ ਭਾਰਤੀ ਸੰਸਦ
NEXT STORY