ਸ਼ੁੱਕਰਵਾਰ 22 ਜੁਲਾਈ ਦੀ ਸਵੇਰ 8.30 ਵਜੇ ਆਪਣੇ ਨਿਰਧਾਰਿਤ ਸਮੇਂ 'ਤੇ ਚੇਨਈ ਦੇ ਤਾਂਬਰਮ ਸਥਿਤ ਹਵਾਈ ਫੌਜ ਦੇ ਟਿਕਾਣੇ ਤੋਂ 29 ਯਾਤਰੀਆਂ ਸਮੇਤ ਪੋਰਟ ਬਲੇਅਰ ਜਾਂਦੇ ਹੋਏ ਹਵਾਈ ਫੌਜ ਦਾ ਜਹਾਜ਼ ਬੰਗਾਲ ਦੀ ਖਾੜੀ 'ਤੇ ਉਡਾਣ ਦੇ ਦੌਰਾਨ ਅਚਾਨਕ ਲਾਪਤਾ ਹੋ ਗਿਆ। ਇਸ ਵਿਚ 3 ਅਧਿਕਾਰੀਆਂ ਸਮੇਤ 6 ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ ਇਕ ਅਧਿਕਾਰੀ ਸਮੇਤ 11 ਹੋਰ ਹਵਾਈ ਫੌਜ ਦੇ ਕਰਮਚਾਰੀ, ਇਕ ਕੋਸਟ ਗਾਰਡ ਸੇਲਰ, ਇਕ ਨੇਵੀ ਦਾ ਸੇਲਰ ਅਤੇ ਉਨ੍ਹਾਂ ਤੋਂ ਇਲਾਵਾ ਨੇਵੀ ਦੇ 8 ਸਿਵਲੀਅਨ ਕਰਮਚਾਰੀ ਸਨ। ਇਸ ਨੇ 11.30 ਵਜੇ ਪੋਰਟ ਬਲੇਅਰ ਪਹੁੰਚਣਾ ਸੀ। ਜਹਾਜ਼ ਨਾਲ ਅੰਤਿਮ ਸੰਪਰਕ ਉਸ ਸਮੇਂ ਹੋਇਆ, ਜਦੋਂ ਇਹ 23 ਹਜ਼ਾਰ ਫੁੱਟ ਦੀ ਉੱਚਾਈ 'ਤੇ ਸੀ।
ਸੀ-17 ਗਲੋਬ ਮਾਸਟਰ ਅਤੇ ਸੀ-130 ਜੇ. ਤੋਂ ਬਾਅਦ ਭਾਰਤੀ ਹਵਾਈ ਫੌਜ ਵਿਚ 1984 ਵਿਚ ਸ਼ਾਮਿਲ ਰੂਸ ਦਾ ਬਣਿਆ ਮਾਲਵਾਹਕ ਜਹਾਜ਼ ਏ. ਐੱਨ.-32 ਹਵਾਈ ਫੌਜ ਦਾ ਤੀਜਾ ਸਭ ਤੋਂ ਵੱਧ ਮਹੱਤਵਪੂਰਨ ਤੇ ਭਰੋਸੇਮੰਦ ਮਾਲਵਾਹਕ ਜਹਾਜ਼ ਹੈ। ਸੀ-17 ਗਲੋਬ ਮਾਸਟਰ ਅਤੇ ਸੀ-130 ਜੇ. ਤੋਂ ਬਾਅਦ ਭਾਰਤੀ ਹਵਾਈ ਫੌਜ ਦਾ ਇਹੀ ਇਕ ਅਜਿਹਾ ਜਹਾਜ਼ ਹੈ, ਜੋ ਦੂਰ-ਦੁਰਾਡੇ ਦੇ ਸਥਾਨਾਂ ਅਤੇ ਛੋਟੀ ਤੋਂ ਛੋਟੀ ਹਵਾਈ ਪੱਟੀ 'ਤੇ ਵੀ ਉਤਰਨ ਦੀ ਸਮਰੱਥਾ ਰੱਖਦਾ ਹੈ ਤੇ ਥਲ ਸੈਨਾ ਤੇ ਸਿਵਲੀਅਨ ਸਪਲਾਈ ਦੋਹਾਂ ਲਈ ਜੀਵਨ ਰੇਖਾ ਦੇ ਬਰਾਬਰ ਹੈ।
ਇਨ੍ਹਾਂ ਨੂੰ ਆਮ ਤੌਰ 'ਤੇ ਭਾਰਤੀ ਹਵਾਈ ਫੌਜ ਲਈ ਅਗਲੇ ਮੋਰਚਿਆਂ 'ਤੇ ਕੁਮੁਕ ਤੇ ਫੌਜ ਦੀਆਂ ਟੁਕੜੀਆਂ ਨੂੰ ਲੈ ਜਾਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਸੇ ਇਕ ਮਹੀਨੇ ਵਿਚ ਇਸ ਵਿਚ ਤਿੰਨ ਵਾਰ ਖਰਾਬੀ ਆ ਚੁੱਕੀ ਸੀ ਪਰ ਇਸ ਨੂੰ ਠੀਕ ਕਰ ਦਿੱਤਾ ਗਿਆ ਸੀ ਪਰ ਚੌਥੀ ਵਾਰ ਇਸ ਵਿਚ ਆਈ ਖਰਾਬੀ ਇਸ ਦਾ ਦੁਖਾਂਤ ਬਣ ਗਈ।
ਰੂਸੀ ਜੰਗੀ ਹਥਿਆਰਾਂ ਉਤੇ ਭਾਰਤੀ ਹਵਾਈ ਫੌਜ ਦੀ ਨਿਰਭਰਤਾ ਬਹੁਤ ਜ਼ਿਆਦਾ ਹੈ ਤੇ ਇਸ ਤੋਂ ਪਹਿਲਾਂ ਵੀ ਇਸ ਸ਼੍ਰੇਣੀ ਦੇ ਅਨੇਕ ਜਹਾਜ਼ ਹਾਦਸਾਗ੍ਰਸਤ ਹੋ ਚੁੱਕੇ ਸਨ :
22 ਮਾਰਚ, 1986 ਨੂੰ ਜੰਮੂ-ਕਸ਼ਮੀਰ ਵਿਚ, 25 ਮਾਰਚ, 1986 ਨੂੰ ਮਸਕਟ ਤੋਂ ਜਾਮਨਗਰ ਦੀ ਉਡਾਣ ਦੇ ਦੌਰਾਨ ਅਰਬ ਸਾਗਰ ਵਿਚ, 1988 ਵਿਚ ਕਾਨਪੁਰ ਦੇ ਨੇੜੇ, 1991-92 ਵਿਚ ਤਿਰੂਵਨੰਤਪੁਰਮ ਨੇੜੇ, 26 ਮਾਰਚ 1992 ਨੂੰ ਅਸਾਮ ਦੀਆਂ ਜ਼ੋਰਹਾਰਟ ਪਹਾੜੀਆਂ ਵਿਚ, 1 ਅਪ੍ਰੈਲ 1992 ਨੂੰ ਪੰਜਾਬ ਦੇ ਖੰਨਾ ਨੇੜੇ, 7 ਮਾਰਚ 1999 ਨੂੰ ਇੰਦਰਾ ਗਾਂਧੀ ਹਵਾਈ ਅੱਡੇ 'ਤੇ, 9 ਜੂਨ 2009 ਨੂੰ ਅਰੁਣਾਚਲ ਪ੍ਰਦੇਸ਼ ਵਿਚ, ਜਨਵਰੀ 2012 ਨੂੰ ਅਸਾਮ ਦੇ ਜ਼ੋਰਹਾਰਟ ਵਿਚ, 20 ਸਤੰਬਰ 2014 ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਇਹ ਜਹਾਜ਼ ਹਾਦਸਾਗ੍ਰਸਤ ਹੋ ਚੁੱਕੇ ਹਨ।
ਜਹਾਜ਼ ਦੇ ਲਾਪਤਾ ਹੋਣ ਦਾ ਸ਼ੱਕ ਹੁੰਦੇ ਹੀ ਇਸ ਦੀ ਭਾਲ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਬੰਗਾਲ ਦੀ ਖਾੜੀ ਵਿਚ ਜਾਰੀ ਤਲਾਸ਼ੀ ਮੁਹਿੰਮ ਵਿਚ ਸਮੁੰਦਰੀ ਫੌਜ, ਹਵਾਈ ਫੌਜ ਤੇ ਕੋਸਟ ਗਾਰਡ ਤਿੰਨੋਂ ਬਲਾਂ ਦੀ ਮਦਦ ਲਈ ਜਾ ਰਹੀ ਹੈ, ਜਿਸ ਵਿਚ 16 ਸਮੁੰਦਰੀ ਜਹਾਜ਼, 6 ਜਹਾਜ਼ ਅਤੇ ਇਕ ਪਣਡੁੱਬੀ ਸ਼ਾਮਿਲ ਹੈ। ਸੂਤਰਾਂ ਅਨੁਸਾਰ ਜਹਾਜ਼ ਚੇਨਈ ਤੋਂ 280 ਕਿਲੋਮੀਟਰ ਪੂਰਬ ਦਿਸ਼ਾ ਵਿਚ 23000 ਫੁੱਟ ਦੀ ਉਚਾਈ ਤੋਂ ਬੰਗਾਲ ਦੀ ਖਾੜੀ ਵਿਚ ਡਿੱਗਿਆ ਹੋਵੇਗਾ। ਇਸ ਦਾ ਸੰਬੰਧ ਰਾਡਾਰ ਨਾਲੋਂ 9.12 ਵਜੇ ਟੁੱਟ ਗਿਆ ਤੇ ਏਅਰ ਟਰੈਫਿਕ ਕੰਟਰੋਲ ਨੂੰ ਪਾਇਲਟ ਤੋਂ ਆਈ ਅੰਤਿਮ ਕਾਲ ਉਡਾਣ ਦੇ 16 ਮਿੰਟ ਬਾਅਦ ਕੀਤੀ ਗਈ ਸੀ।
ਦਿੱਲੀ ਵਿਚ ਨੇਵੀ ਦੇ ਪੀ. ਆਰ. ਓ. ਕੈਪਟਨ ਡੀ. ਕੇ. ਸ਼ਰਮਾ ਅਨੁਸਾਰ, ''ਸਰਚ ਆਪ੍ਰੇਸ਼ਨ ਵਿਚ ਅਤਿ-ਆਧੁਨਿਕ ਯੰਤਰਾਂ ਨਾਲ ਲੈਸ ਦੋ ਪੀ. 8 ਆਈ ਲੌਂਗ ਰੇਂਜ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ, 1 ਡੋਰਨੀਅਰ ਜਹਾਜ਼, 1 ਪਣਡੁੱਬੀ ਅਤੇ ਹੈਲੀਕਾਪਟਰਾਂ ਨਾਲ ਲੈਸ 12 ਸਮੁੰਦਰੀ ਜਹਾਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ।'''
ਆਪਣੀ ਨਿਯਮਿਤ ਉਡਾਣ 'ਤੇ ਨਿਕਲਿਆ 2 ਇੰਜਣਾਂ ਵਾਲਾ ਏ. ਐੱਨ.-30 ਜਹਾਜ਼ ਇਕ ਵਾਰ ਤੇਲ ਭਰਨ ਤੋਂ ਬਾਅਦ 4 ਘੰਟੇ ਤੋਂ ਵੱਧ ਉਡਾਣ ਨਹੀਂ ਭਰ ਸਕਦਾ। ਮੌਜੂਦਾ ਸਮੇਂ ਵਿਚ ਹਵਾਈ ਫੌਜ ਦੇ ਕੋਲ ਅਜਿਹੇ ਲਗਭਗ 100 ਜਹਾਜ਼ ਹਨ।
ਰੱਖਿਆ ਮੰਤਰੀ ਮਨੋਹਰ ਪਾਰਿਕਰ 23 ਜੁਲਾਈ ਦੀ ਸਵੇਰ ਚੇਨਈ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਸਮੁੰਦਰੀ ਫੌਜ ਦੇ ਅਰਾਕੋਣਮ ਟਿਕਾਣੇ 'ਤੇ ਪਹੁੰਚੇ ਤੇ ਸਮੁੰਦਰੀ ਫੌਜ ਦੇ ਜਹਾਜ਼ ਵਿਚ ਸਵਾਰ ਹੋ ਕੇ ਬਚਾਅ ਕੰਮਾਂ ਦੀ ਸਮੀਖਿਆ ਕੀਤੀ।
ਇਸੇ ਦੌਰਾਨ ਇਹ ਖੁਲਾਸਾ ਹੋਇਆ ਕਿ 2011 ਵਿਚ ਇਸ ਜਹਾਜ਼ ਦਾ ਅਪਗ੍ਰੇਡੇਸ਼ਨ ਸ਼ੁਰੂ ਹੋਇਆ ਸੀ, ਜੋ ਅਜੇ ਤਕ ਜਾਰੀ ਹੈ। ਇਹ ਜਹਾਜ਼ ਹੁਣ ਅਪਗ੍ਰੇਡ ਹੋ ਕੇ ਏ. ਐੱਨ.-32 ਆਰ. ਈ. ਬਣ ਚੁੱਕੇ ਹਨ। ਅਜਿਹੇ 40 ਜਹਾਜ਼ ਅਪਗ੍ਰੇਡ ਹੋ ਕੇ ਆ ਚੁੱਕੇ ਹਨ, ਜਦਕਿ ਹਵਾਈ ਫੌਜ ਦੇ ਕੁੱਲ 104 'ਚੋਂ 64 ਜਹਾਜ਼ਾਂ ਨੂੰ ਕਾਨਪੁਰ ਵਿਚ ਏਅਰਫੋਰਸ ਬੇਸ 'ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਇਸ ਜਹਾਜ਼ ਹਾਦਸੇ ਨੇ ਇਕ ਵਾਰ ਫਿਰ ਭਾਰਤ ਵਿਚ ਸਵਦੇਸ਼ੀ ਜੰਗੀ ਹਥਿਆਰਾਂ ਦੇ ਨਿਰਮਾਣ ਅਤੇ ਵਿਕਾਸ ਦੀ ਹੌਲੀ ਰਫਤਾਰ ਦੇ ਸਿੱਟੇ ਵਜੋਂ ਭਾਰਤੀ ਰੱਖਿਆ ਸੈਨਾਵਾਂ ਦੀ ਵਿਦੇਸ਼ੀ ਜੰਗੀ ਹਥਿਆਰ ਨਿਰਮਾਤਾਵਾਂ 'ਤੇ ਨਿਰਭਰਤਾ ਦੇ ਬੁਰੇ ਨਤੀਜਿਆਂ ਵੱਲ ਇਸ਼ਾਰਾ ਕੀਤਾ ਹੈ।
ਇਸ ਲਈ ਜਿੱਥੇ ਸਾਨੂੰ ਆਪਣੇ ਹਥਿਆਰਾਂ ਦੀਆਂ ਸੰਸਥਾਵਾਂ ਦੇ ਕੰਮ ਨੂੰ ਉੱਨਤ ਕਰਨ ਦੀ ਲੋੜ ਹੈ, ਉਥੇ ਫੌਜ ਦੇ ਤਿੰਨੋਂ ਅੰਗਾਂ ਲਈ ਲੋੜੀਂਦੇ ਜੰਗੀ ਹਥਿਆਰਾਂ ਦੀ ਅਪਗ੍ਰੇਡੇਸ਼ਨ ਵਿਚ ਤੇਜ਼ੀ ਲਿਆਉਣ ਦੀ ਵੀ ਲੋੜ ਹੈ ਤਾਂ ਕਿ ਸਾਨੂੰ ਬਿਨਾਂ ਕਿਸੇ ਕਾਰਨ ਦੇ ਹੀ ਆਪਣੀਆਂ ਸਰਹੱਦਾਂ ਦੇ ਰਖਵਾਲਿਆਂ ਦੀਆਂ ਕੀਮਤੀ ਜਾਨਾਂ ਦੀ ਬਲੀ ਨਾ ਦੇਣੀ ਪਵੇ। ਇਸ ਦੇ ਨਾਲ ਹੀ ਇਸ ਹਾਦਸੇ ਪ੍ਰਤੀ ਮੀਡੀਆ ਦਾ ਅਣਡਿੱਠਤਾ ਭਰਿਆ ਵਤੀਰਾ ਵੀ ਉਜਾਗਰ ਹੋਇਆ ਹੈ, ਜੋ ਛੋਟੀ ਤੋਂ ਛੋਟੀ ਘਟਨਾ ਨੂੰ ਤਾਂ ਜ਼ੋਰ-ਸ਼ੋਰ ਨਾਲ ਉਛਾਲਦਾ ਹੈ ਪਰ ਇਸ ਵਰਗੀ ਅਤਿਅੰਤ ਮਹੱਤਵਪੂਰਨ ਦੁਰਘਟਨਾ ਨੂੰ ਉਸ ਨੇ ਉਹ ਮਹੱਤਵ ਨਹੀਂ ਦਿੱਤਾ, ਜਿਸ ਦੀ ਇਹ ਹੱਕਦਾਰ ਹੈ।
'ਇਹ ਹੈ ਰਾਜਧਾਨੀ ਅਸਾਡੀ'
NEXT STORY