ਬੰਦੀ ਬਣਾਏ ਗਏ ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰਨ ਦਾ ਪਾਕਿਸਤਾਨ ਦਾ ਫੈਸਲਾ ਜਿੱਥੇ ਰਾਹਤ ਦੇਣ ਵਾਲਾ ਹੈ, ਉਥੇ ਹੀ ਇਸ ਨਾਲ ਇਹ ਉਮੀਦ ਵੀ ਪੈਦਾ ਹੋਈ ਹੈ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ 'ਚ ਸਹਾਈ ਹੋਵੇਗਾ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਭਾਰੀ ਤਣਾਅ ਦੌਰਾਨ 27 ਫਰਵਰੀ ਨੂੰ ਜਦੋਂ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਭਾਰਤੀ ਫੌਜ ਦੇ ਟਿਕਾਣਿਆਂ 'ਤੇ ਹਮਲੇ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਤਾਂ ਭਾਰਤੀ ਹਵਾਈ ਫੌਜ ਦੇ 2 ਮਿੱਗ-21 ਅਤੇ ਸੁਖੋਈ-30 ਲੜਾਕੂ ਜਹਾਜ਼ਾਂ ਨੇ ਇਕ ਐੱਫ-16 ਜਹਾਜ਼ 'ਤੇ ਛੋਟੀ ਦੂਰੀ ਦੀ ਆਰ-73 ਮਿਜ਼ਾਈਲ ਦਾਗ ਕੇ ਉਸ ਨੂੰ ਡੇਗ ਦਿੱਤਾ।
ਇਸ ਦੌਰਾਨ ਇਕ ਮਿੱਗ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ 'ਅਭਿਨੰਦਨ ਵਰਧਮਾਨ' ਦਾ ਜਹਾਜ਼ ਐੱਲ. ਓ. ਸੀ. ਪਾਰ ਕਰ ਕੇ ਪੀ. ਓ. ਕੇ. ਦੇ ਹੋਰੀ ਪਿੰਡ ਵਿਚ ਜਾ ਡਿੱਗਿਆ, ਜਿੱਥੇ ਪਹਿਲਾਂ ਤਾਂ ਸਥਾਨਕ ਲੋਕਾਂ ਨੇ ਅਭਿਨੰਦਨ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਉੁਸ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ। ਪਾਕਿਸਤਾਨ 'ਚ ਡਿਗਣ ਦੇ ਬਾਵਜੂਦ ਅਭਿਨੰਦਨ ਨੇ ਪਾਕਿਸਤਾਨ ਦੀ ਧਰਤੀ 'ਤੇ ਦੇਸ਼ਭਗਤੀ ਦੇ ਨਾਅਰੇ ਲਗਾਏ ਅਤੇ ਹਵਾਈ ਫਾਇਰਿੰਗ ਕੀਤੀ।
ਇਸ ਦੌਰਾਨ ਸੋਸ਼ਲ ਮੀਡੀਆ 'ਤੇ 3 ਵੀਡੀਓ ਵੀ ਸ਼ੇਅਰ ਕੀਤੇ ਗਏ, ਜਿਨ੍ਹਾਂ 'ਚੋਂ ਇਕ ਵੀਡੀਓ 'ਚ ਅਭਿਨੰਦਨ ਵਰਧਮਾਨ ਦੇ ਹੱਥ ਪਿੱਛੇ ਬੱਝੇ ਹੋਏ ਸਨ ਤੇ ਉਸ ਦੇ ਚਿਹਰੇ 'ਤੇ ਖੂਨ ਲੱਗਾ ਦਿਖਾਈ ਦੇ ਰਿਹਾ ਸੀ।
ਪਹਿਲਾਂ ਤਾਂ ਭਾਰਤ ਸਰਕਾਰ ਕਹਿ ਰਹੀ ਸੀ ਕਿ ਭਾਰਤੀ ਹਵਾਈ ਫੌਜ ਦਾ ਇਕ ਪਾਇਲਟ ਲਾਪਤਾ ਹੈ ਪਰ ਜਦੋਂ ਪਾਕਿਸਤਾਨ ਨੇ ਇਕ ਪ੍ਰੈੱਸ ਕਾਨਫਰੰਸ 'ਚ ਅਭਿਨੰਦਨ ਨੂੰ ਪੇਸ਼ ਕਰ ਦਿੱਤਾ ਤਾਂ ਉਸ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਦੀ ਮੰਗ ਉੱਠਣ ਲੱਗੀ।
ਅਭਿਨੰਦਨ ਹਵਾਈ ਫੌਜ ਦੇ ਸੇਵਾ-ਮੁਕਤ ਅਧਿਕਾਰੀ ਸ਼੍ਰੀ ਸੀਮਾਕੁੱਟੀ ਵਰਧਮਾਨ ਦਾ ਬੇਟਾ ਹੈ। ਭਾਰਤ ਸਰਕਾਰ ਵਲੋਂ 'ਪਰਮ ਵਿਸ਼ੇਸ਼ ਸੇਵਾ ਮੈਡਲ' ਨਾਲ ਸਨਮਾਨਿਤ ਸ਼੍ਰੀ ਸੀਮਾਕੁੱਟੀ ਨੇ 1999 'ਚ ਕਾਰਗਿਲ ਦੀ ਜੰਗ ਦੌਰਾਨ ਪਾਕਿਸਤਾਨ 'ਤੇ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਿਰਾਜ-2000 ਜਹਾਜ਼ ਨੂੰ ਚਲਾਇਆ ਸੀ।
ਅਭਿਨੰਦਨ ਵਰਧਮਾਨ ਦੇ ਪਰਿਵਾਰ ਨੂੰ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਸਮੇਤ ਵਿਸ਼ਵ ਭਾਈਚਾਰੇ ਨੂੰ ਉਸ ਦੀ ਸੁਰੱਖਿਆ ਸਤਾ ਰਹੀ ਸੀ। ਇਸੇ ਸਿਲਸਿਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਭੁੱਟੋ ਦੀ ਪੋਤੀ ਫਾਤਿਮਾ ਭੁੱਟੋ ਨੇ ਵੀ ਪਾਕਿ ਸਰਕਾਰ ਨੂੰ ਅਪੀਲ ਕੀਤੀ ਕਿ ''ਪਾਕਿਸਤਾਨ ਨੂੰ ਮਨੁੱਖਤਾ, ਸ਼ਾਂਤੀ ਅਤੇ ਵੱਕਾਰ ਪ੍ਰਤੀ ਆਪਣੀ ਵਚਨਬੱਧਤਾ ਦੇ ਇਕ ਸੰਕੇਤ ਵਜੋਂ ਭਾਰਤੀ ਪਾਇਲਟ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।''
ਇਸ ਦਰਮਿਆਨ ਜਿੱਥੇ ਭਾਰਤ ਸਰਕਾਰ ਨੇ 27 ਫਰਵਰੀ ਨੂੰ ਪਾਕਿਸਤਾਨ ਦੇ ਦਿੱਲੀ 'ਚ ਸਥਿਤ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਚਿਤਾਵਨੀ ਦਿੱਤੀ ਕਿ ਅਭਿਨੰਦਨ ਨੂੰ ਬਿਲਕੁਲ ਨੁਕਸਾਨ ਨਹੀਂ ਪੁੱਜਣਾ ਚਾਹੀਦਾ, ਉਥੇ ਹੀ 28 ਫਰਵਰੀ ਨੂੰ ਭਾਰਤ ਨੇ ਦੁਬਾਰਾ ਪਾਕਿਸਤਾਨ ਸਰਕਾਰ ਨੂੰ ਉਸ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਕਿਹਾ।
ਭਾਰਤ ਅਤੇ ਵਿਸ਼ਵ ਭਾਈਚਾਰੇ ਵਲੋਂ ਪਾਏ ਜਾ ਰਹੇ ਦਬਾਅ ਨੂੰ ਦੇਖਦਿਆਂ ਆਖਿਰ ਪਾਕਿਸਤਾਨ ਸਰਕਾਰ ਅਭਿਨੰਦਨ ਨੂੰ ਰਿਹਾਅ ਕਰਨਾ ਮੰਨ ਗਈ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਫਰਵਰੀ ਦੀ ਸ਼ਾਮ ਨੂੰ ਪਾਕਿਸਤਾਨ ਦੀ ਸੰਸਦ 'ਚ ਐਲਾਨ ਕਰ ਦਿੱਤਾ ਕਿ ਉਹ ਅੱਗੇ ਕੋਈ ਲੜਾਈ ਨਹੀਂ, ਸਗੋਂ ਸ਼ਾਂਤੀ ਚਾਹੁੰਦੇ ਹਨ, ਲਿਹਾਜ਼ਾ 1 ਮਾਰਚ ਨੂੰ ਅਭਿਨੰਦਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅਭਿਨੰਦਨ ਦੇ ਪਿਤਾ ਸੀਮਾਕੁੱਟੀ ਵਰਧਮਾਨ ਨੇ 2017 'ਚ ਕਾਰਗਿਲ ਜੰਗ ਦੇ ਪਿਛੋਕੜ 'ਤੇ ਪ੍ਰਸਿੱਧ ਫਿਲਮ ਨਿਰਦੇਸ਼ਕ ਮਣੀਰਤਨਮ ਵਲੋਂ ਨਿਰਦੇਸ਼ਿਤ ਤਮਿਲ ਫਿਲਮ 'ਕਤਰੂ ਵੇਲਿਯਿਦਾਈ' ਵਿਚ ਸਲਾਹਕਾਰ ਦੀ ਭੂਮਿਕਾ ਨਿਭਾਈ ਸੀ।
ਇਸ ਫਿਲਮ 'ਚ ਭਾਰਤੀ ਹਵਾਈ ਫੌਜ ਦੇ ਇਕ ਅਜਿਹੇ ਸਕੁਆਡਰਨ ਲੀਡਰ ਦੀ ਕਹਾਣੀ ਦਿਖਾਈ ਗਈ ਸੀ, ਜਿਸ ਦਾ ਜਹਾਜ਼ ਸਰਹੱਦ ਪਾਰ ਡਿੱਗ ਜਾਣ ਕਾਰਨ ਪਾਕਿਸਤਾਨੀ ਉਸ ਨੂੰ ਕੈਦ ਕਰ ਲੈਂਦੇ ਹਨ ਪਰ ਆਖਿਰ 'ਚ ਉਹ ਸਹੀ ਸਲਾਮਤ ਆਪਣੇ ਪਰਿਵਾਰ ਕੋਲ ਪਰਤ ਆਉਂਦਾ ਹੈ। ਇਸੇ ਤਰ੍ਹਾਂ ਸ਼੍ਰੀ ਸੀਮਾਕੁੱਟੀ ਵਰਧਮਾਨ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਬੇਟਾ ਵੀ ਸਹੀ ਸਲਾਮਤ ਪਰਤ ਆਵੇਗਾ ਅਤੇ ਉਨ੍ਹਾਂ ਦੀ ਇਹ ਉਮੀਦ ਪੂਰੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਅਜੇ 27 ਫਰਵਰੀ ਨੂੰ ਹੀ ਇਮਰਾਨ ਖਾਨ ਨੇ ਕਿਹਾ ਸੀ ਕਿ ''ਜਿੰਨੀਆਂ ਵੀ ਜੰਗਾਂ ਹੋਈਆਂ ਹਨ, ਉਨ੍ਹਾਂ 'ਚ ਗਲਤੀਆਂ ਹੋਈਆਂ ਹਨ। ਦੋਹਾਂ ਦੇਸ਼ਾਂ ਵਿਚਾਲੇ ਜੋ ਮਾਹੌਲ ਬਣ ਰਿਹਾ ਹੈ, ਉਹ ਠੀਕ ਨਹੀਂ ਹੈ ਅਤੇ ਅਸੀਂ ਪੁਲਵਾਮਾ 'ਤੇ ਗੱਲ ਕਰਨ ਲਈ ਤਿਆਰ ਹਾਂ।''
ਇਸੇ ਦਿਨ ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਦੇ ਮਹਾਨਿਰਦੇਸ਼ਕ ਮੇਜਰ ਜਨਰਲ ਆਸਿਫ ਗਫੂਰ ਨੇ ਵੀ ਕਿਹਾ ਸੀ ਕਿ ''ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ।''
ਪਾਕਿਸਤਾਨ ਵਲੋਂ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਫੈਸਲਾ ਉਸ ਦੇ ਸ਼ਾਸਕਾਂ ਵਲੋਂ ਜੰਗ ਦੀ ਨਿਰਾਰਥਕਤਾ ਨੂੰ ਕਬੂਲਣ ਤੇ ਹਾਂ-ਪੱਖੀ ਸੋਚ ਵੱਲ ਵਧਣ ਦਾ ਸੰਕੇਤ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਉਹ ਭਵਿੱਖ 'ਚ ਇਸੇ ਹਾਂ-ਪੱਖੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਦੇਸ਼ 'ਚ ਅੱਤਵਾਦੀ ਕੈਂਪਾਂ ਨੂੰ ਖਤਮ ਕਰ ਕੇ ਇਸ ਖਿੱਤੇ 'ਚ ਸ਼ਾਂਤੀ ਬਹਾਲ ਕਰਨ 'ਚ ਆਪਣਾ ਯੋਗਦਾਨ ਦੇਣਗੇ, ਜਿਸ ਨਾਲ ਦੋਹਾਂ ਦੇਸ਼ਾਂ 'ਚ ਖੁਸ਼ਹਾਲੀ ਆਵੇਗੀ।
–ਵਿਜੇ ਕੁਮਾਰ
ਜੰਗ ਦੇ ਜਨੂੰਨ ਤੋਂ ਬਾਅਦ ਇਮਰਾਨ ਦੇ ਰਿਹੈ ‘ਸ਼ਾਂਤੀ ਦਾ ਸੰਦੇਸ਼’
NEXT STORY