ਹਾਲਾਂਕਿ ਪਾਕਿਸਤਾਨ ਦੇ ਲੋਕ ਭਾਰਤ ਨਾਲ ਜੰਗ ਨਹੀਂ ਚਾਹੁੰਦੇ ਪਰ ਸ਼ੁਰੂ ਤੋਂ ਹੀ ਫੌਜ ਦੀ ਕਠਪੁਤਲੀ ਰਹੇ ਪਾਕਿਸਤਾਨੀ ਹਾਕਮਾਂ ਨੇ ਭਾਰਤ ਵਿਰੁੱਧ 4-4 ਜੰਗਾਂ ਲੜਨ ਅਤੇ ਹਾਰਨ ਤੋਂ ਬਾਅਦ ਵੀ ਆਪਣਾ ਭਾਰਤ ਵਿਰੋਧੀ ਰਵੱਈਆ ਨਹੀਂ ਛੱਡਿਆ।
ਜਦੋਂ ਜੈਸ਼-ਏ-ਮੁਹੰਮਦ ਨੇ 14 ਫਰਵਰੀ ਨੂੰ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਕਾਫਿਲੇ ’ਤੇ ਫਿਦਾਈਨ ਹਮਲਾ ਕਰ ਕੇ 40 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਤਾਂ ਇਸ ਦਾ ਬਦਲਾ ਲੈਣ ਲਈ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਐੱਲ. ਓ. ਸੀ. ਪਾਰ ਕਰ ਕੇ ਬਾਲਕੋਟ, ਚਕੌਟੀ ਅਤੇ ਮੁਜ਼ੱਫਰਾਬਾਦ ਦੇ ਅੱਤਵਾਦੀ ਕੈਂਪਾਂ ’ਤੇ ਭਾਰੀ ਬੰਬਾਰੀ ਕਰ ਕੇ ਪਾਕਿਸਤਾਨ ਦੇ ਪਾਲ਼ੇ ਹੋਏ 350 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਅਤੇ ਪਾਕਿਸਤਾਨ ’ਤੇ ਜੰਗ ਦਾ ਜਨੂੰਨ ਛਾ ਗਿਆ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਅੱਤਵਾਦੀਆਂ ਨੂੰ ‘ਕਰੋ ਜਾਂ ਮਰੋ’ ਦਾ ਫਰਮਾਨ ਜਾਰੀ ਕਰ ਦਿੱਤਾ, ਜਿਸ ਕਾਰਨ ਭਾਰਤ ’ਚ ਦਿੱਲੀ ਸਮੇਤ ਕਈ ਸ਼ਹਿਰਾਂ ’ਚ ਹਮਲਿਆਂ ਦੀ ਸੰਭਾਵਨਾ ਨੂੰ ਦੇਖਦਿਆਂ ਦੇਸ਼ ਭਰ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਸਰਹੱਦ ਪਾਰ ਅੱਤਵਾਦੀ ਕੈਂਪਾਂ ’ਤੇ ਭਾਰਤੀ ਹਮਲੇ ਤੋਂ ਬੌਖਲਾਏ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਨੇ ਭਾਰਤੀ ਹਵਾਈ ਸੀਮਾ ਦੀ ਉਲੰਘਣਾ ਕਰ ਕੇ ਬੁੱਧਵਾਰ ਨੂੰ ਗੋਲੇ ਵਰ੍ਹਾਏ, ਜਿਸ ਨਾਲ ਭਾਰਤ-ਪਾਕਿ ਸਰਹੱਦ ’ਤੇ ਜੰਗ ਵਰਗੇ ਹਾਲਾਤ ਬਣ ਗਏ ਹਨ।
ਪਾਕਿਸਤਾਨ ਦੀ ਕਾਰਵਾਈ ਦੇ ਜਵਾਬ ’ਚ ਭਾਰਤੀ ਫੌਜ ਨੇ ਕੰਟਰੋਲ ਲਾਈਨ ਦੇ ਉਸ ਪਾਰ ਸਥਿਤ ਪਾਕਿਸਤਾਨ ਦੀਆਂ 5 ਚੌਕੀਆਂ ਤਬਾਹ ਕਰ ਦਿੱਤੀਆਂ ਤੇ ਕਈ ਪਾਕਿਸਤਾਨੀ ਫੌਜੀਆਂ ਨੂੰ ਢੇਰ ਕਰਨ ਤੋਂ ਇਲਾਵਾ ਨੌਸ਼ਹਿਰਾ ਦੀ ਲਾਮਘਾਟੀ ’ਚ ਭਾਰਤੀ ਫੌਜੀ ਟਿਕਾਣੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ ਦਾ ਇਕ ਐੱਫ-16 ਲੜਾਕੂ ਜਹਾਜ਼ ਡੇਗ ਲਿਆ।
ਦੂਜੇ ਪਾਸੇ ਦੋਹਾਂ ਦੇਸ਼ਾਂ ’ਤੇ ਗੂੜ੍ਹੇ ਹੁੰਦੇ ਜੰਗ ਦੇ ਬੱਦਲਾਂ ਦਰਮਿਆਨ ਪਹਿਲਾਂ ਪਾਕਿਸਤਾਨ ਨੇ ਦੋ ਭਾਰਤੀ ਜਹਾਜ਼ ਡੇਗਣ ਤੇ ਦੋ ਪਾਇਲਟਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਪਰ ਬਾਅਦ ’ਚ ਬੋਲਿਆ ਕਿ ਉਸ ਕੋਲ ਇਕ ਹੀ ਪਾਇਲਟ ਹੈ।
ਬੁੱਧਵਾਰ ਸਵੇਰੇ ਦੋਹਾਂ ਦੇਸ਼ਾਂ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਨੇ ਆਪਣੇ ਸਾਰੇ ਹਵਾਈ ਅੱਡੇ ਬੰਦ ਕਰ ਦਿੱਤੇ ਅਤੇ ਭਾਰਤ ’ਚ ਵੀ ਕੁਝ ਦੇਰ ਲਈ ਕਈ ਹਵਾਈ ਅੱਡੇ ਅਤੇ ਏਅਰਬੇਸ ਬੰਦ ਕਰ ਕੇ ਸਿਵਲ ਅਤੇ ਕਮਰਸ਼ੀਅਲ ਉਡਾਣਾਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਬਾਅਦ ’ਚ ਬਹਾਲ ਕਰ ਦਿੱਤਾ ਗਿਆ।
ਸਰਹੱਦਾਂ ’ਤੇ ਜਾਰੀ ਤਣਾਅ ਦਰਮਿਆਨ ਭਾਰਤੀ ਹਵਾਈ ਫੌਜ ਦੇ ਸਾਰੇ ਲੜਾਕੂ ਜਹਾਜ਼ਾਂ ਨੂੰ ਹਾਈ ਅਲਰਟ ’ਤੇ ਰਹਿਣ ਅਤੇ ਪਾਇਲਟਾਂ ਨੂੰ ਸਿਰਫ 2 ਮਿੰਟਾਂ ’ਚ ਤਿਆਰ ਰਹਿਣ ਦੀ ਹਦਾਇਤ ਦਿੱਤੀ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਪਿੱਛੇ ਹਟਣ ਲਈ ਤਿਆਰ ਰਹਿਣ ਤੇ ਪਟਾਕਿਆਂ, ਲਾਊਡ ਸਪੀਕਰਾਂ ਦੀ ਵਰਤੋਂ ਤੋਂ ਸੰਕੋਚ ਕਰਨ ਲਈ ਕਿਹਾ।
ਇਸ ਦਰਮਿਆਨ ਪਾਕਿਸਤਾਨ ਨਾਲ ਨਜਿੱਠਣ ਲਈ ਮੀਟਿੰਗਾਂ ਦਾ ਦੌਰ ਵੀ ਤੇਜ਼ੀ ਨਾਲ ਚੱਲ ਪਿਆ। ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਕੌਮੀ ਸੁਰੱਖਿਆ ਸਲਾਹਕਾਰ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿਦੇਸ਼ ਸਕੱਤਰ, ਰੱਖਿਆ ਸਕੱਤਰ ਤੇ ਖੁਫੀਆ ਵਿਭਾਗਾਂ ਦੇ ਮੁਖੀਆ ਦੀ ਮੀਟਿੰਗ ਹੋਈ, ਜਿਸ ’ਚ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇਣ ਦੀ ਰਣਨੀਤੀ ਤੈਅ ਕੀਤੀ ਗਈ।
ਮੀਟਿੰਗ ’ਚ ਅਰੁਣ ਜੇਤਲੀ ਨੇ ਅੱਤਵਾਦੀਆਂ ਵਿਰੁੱਧ ਅਮਰੀਕਾ ਵਰਗੀ ਕਾਰਵਾਈ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ‘‘ਹਾਲਾਤ ਬਹੁਤ ਛੇਤੀ ਬਦਲ ਰਹੇ ਹਨ। ਅਮਰੀਕਾ ਨੇ ਐਬਟਾਬਾਦ ’ਚ ਵੜ ਕੇ ਓਸਾਮਾ ਨੂੰ ਮਾਰਿਆ ਸੀ, ਅਸੀਂ ਵੀ ਅਜਿਹਾ ਕਰ ਸਕਦੇ ਹਾਂ।’’
ਇਸ ਸਾਰੀ ਘਟਨਾ ਦਰਮਿਆਨ ਜਿਥੇ ਪਾਕਿਸਤਾਨ ਦੀ ਅਾਵਾਮੀ ਨੈਸ਼ਨਲ ਪਾਰਟੀ ਨੇ ਭਾਰਤ-ਪਾਕਿ ਜੰਗ ਦੀ ਸਥਿਤੀ ’ਚ ਪਾਕਿਸਤਾਨ ਦਾ ਸਾਥ ਨਾ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਵੋਟ ਦੀ ਪਵਿੱਤਰਤਾ ਨੂੰ ਕੁਚਲ ਕੇ ਅਾਵਾਮੀ ਫਤਵੇ ’ਤੇ ਡਾਕਾ ਮਾਰਨ ਵਾਲੇ ਸ਼ਾਸਕਾਂ ਦਾ ਸਾਥ ਨਹੀਂ ਦੇ ਸਕਦੇ, ਉਥੇ ਹੀ ਵਿਸ਼ਵ ਭਾਈਚਾਰਾ ਵੀ ਪਾਕਿਸਤਾਨ ਦੇ ਪੱਖ ’ਚ ਨਹੀਂ ਰਿਹਾ।
ਯੂਰਪੀ ਸੰਘ (ਈ. ਯੂ.) ਸਮੇਤ ਦੁਨੀਆ ਦੇ 48 ਦੇਸ਼ਾਂ ਨੇ ਭਾਰਤ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਨੂੰ ਸਮਰਥਨ ਦਿੱਤਾ ਹੈ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਅਤੇ ਆਪਣੇ ਇਥੇ ਸਰਗਰਮ ਅੱਤਵਾਦੀ ਗਿਰੋਹਾਂ ਵਿਰੁੱਧ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ।
ਭਾਰਤ ਨਾਲ ਜੰਗ ਦੀ ਸਥਿਤੀ ’ਚ ਪਾਕਿਸਤਾਨ ’ਤੇ ਆਰਥਿਕ ਸੰਕਟ ਵੀ ਡੂੰਘਾ ਹੋ ਸਕਦਾ ਹੈ ਅਤੇ ਸਾਊਦੀ ਅਰਬ ਤੇ ਮਲੇਸ਼ੀਆ ਵਲੋਂ ਪਾਕਿਸਤਾਨ ’ਚ ਨਿਵੇਸ਼ ਕਰਨ ਤੋਂ ਪਿੱਛੇ ਹਟਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਹੋ ਨਹੀਂ, ਰੱਖਿਆ ਮਾਹਿਰਾਂ ਨੇ ਕਿਹਾ ਹੈ ਕਿ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਪਾਕਿਸਤਾਨ 6 ਦਿਨਾਂ ਦੀ ਜੰਗ ਵੀ ਨਹੀਂ ਝੱਲ ਸਕੇਗਾ।
ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਬਿਆਨ ’ਚ ਮੰਨਿਆ ਹੈ, ‘‘ਦੋਹਾਂ ਦੇਸ਼ਾਂ ਵਿਚਾਲੇ ਜੋ ਮਾਹੌਲ ਬਣ ਰਿਹਾ ਹੈ, ਉਹ ਠੀਕ ਨਹੀਂ ਹੈ ਅਤੇ ਅਸੀਂ ਪੁਲਵਾਮਾ ’ਤੇ ਗੱਲ ਕਰਨ ਲਈ ਤਿਆਰ ਹਾਂ। ਜਿੰਨੀਆ ਵੀ ਜੰਗਾਂ ਹੋਈਆਂ ਹਨ, ਉਨ੍ਹਾਂ ’ਚ ਗਲਤੀਆਂ ਹੋਈਆਂ ਹਨ।’’
ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਦੇ ਮਹਾਨਿਰਦੇਸ਼ਕ ਮੇਜਰ ਜਨਰਲ ਆਸਿਫ ਗੱਫੂਰ ਨੇ ਵੀ ਬੁੱਧਵਾਰ ਨੂੰ ਕਿਹਾ ਹੈ, ‘‘ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ।’’
ਹੁਣ ਜਦੋਂ ਇਮਰਾਨ ਖਾਨ ਨੇ ਇਹ ਗੱਲ ਮੰਨ ਹੀ ਲਈ ਹੈ ਕਿ ਜੋ ਮਾਹੌਲ ਬਣ ਰਿਹਾ ਹੈ, ਉਹ ਠੀਕ ਨਹੀਂ ਹੈ ਤਾਂ ਉਸ ਨੂੰ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਹਾਲਾਤ ’ਚ ਪਾਕਿਸਤਾਨੀ ਸ਼ਾਸਕਾਂ ਲਈ ਆਪਣੇ ਉੱਪਰ ਛਾਏ ਜੰਗ ਦੇ ਜਨੂੰਨ ਨੂੰ ਤਿਆਗ ਕੇ ਆਪਣੇ ਇਥੇ ਸਰਗਰਮ ਅੱਤਵਾਦੀ ਗਿਰੋਹਾਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਖਤਮ ਕਰਨਾ ਤੇ ਭਾਰਤ ਨਾਲ ਗੱਲਬਾਤ ਕਰਨਾ ਹੀ ਇਕੋ-ਇਕ ਉਪਾਅ ਹੈ ਅਤੇ ਇਸੇ ’ਚ ਪਾਕਿਸਤਾਨ ਦੀ ਖੁਸ਼ਹਾਲੀ ਲੁਕੀ ਹੈ। –ਵਿਜੇ ਕੁਮਾਰ
'ਜੇਤੂ ਮੰਗਲਵਾਰ' ਭਾਰਤੀ ਹਵਾਈ ਫੌਜ ਦਾ ਪਾਕਿ ਅੱਤਵਾਦੀਆਂ 'ਤੇ ਕਰਾਰਾ ਵਾਰ
NEXT STORY