ਜਦੋਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿੱਚ ਹਵਾਈ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਨਾ ਸਿਰਫ਼ ਜਵਾਬ ਦਿੱਤਾ ਸਗੋਂ ਭਾਰਤੀ ਫਿਲਮਾਂ ਅਤੇ ਟੈਲੀਵਿਜ਼ਨ 'ਤੇ ਵੀ ਰੋਕ ਲਾ ਦਿੱਤੀ।
ਪਾਕਿਸਤਾਨ ਦਾ ਇਸ ਤਰ੍ਹਾਂ ਆਪਣਾ ਗੁੱਸਾ ਜਤਾਉਣਾ ਅਤੇ ਬਦਲਾ ਲੈਣਾ ਸੌਖਾ ਸੀ ਪਰ ਪਾਕਿਸਾਤਨ ਜਾ ਇਹ ਦਾਅ ਪੁੱਠਾ ਪੈ ਸਕਦਾ ਹੈ।
ਬੀਬੀਸੀ ਦੇ ਇਲਿਆਸ ਖ਼ਾਨ ਅਤੇ ਸ਼ੁਮਾਇਲਾ ਜਾਫ਼ਰੀ ਨੇ ਇਹੀ ਸਮਝਣ ਦੀ ਕੋਸ਼ਿਸ਼ ਕੀਤੀ। ਦੋਵੇਂ-ਦੇਸ ਸਾਲ 1947 ਦੀ ਵੰਡ ਤੋਂ ਹੀ ਇੱਕ-ਦੂਜੇ ਨਾਲ ਭਿੜਦੇ ਆ ਰਹੇ ਹਨ।
ਵੰਡ ਤੋਂ ਲੰਬਾ ਸਮਾਂ ਪਹਿਲਾਂ ਹੋਂਦ ਵਿੱਚ ਆਏ ਬਾਲੀਵੁੱਡ ਦੀਆਂ ਫਿਲਮਾਂ ਨੂੰ ਵੰਡ ਤੋਂ ਬਾਅਦ ਵੀ ਦੋਵਾਂ ਦੇਸਾਂ ਵਿੱਚ ਪਸੰਦ ਕੀਤਾ ਜਾਂਦਾ ਰਿਹਾ ਹੈ।
ਅਜਿਹਾ ਵੀ ਨਹੀਂ ਹੈ ਕਿ ਬਾਲੀਵੁੱਡ ਦੋਵਾਂ ਦੇਸਾਂ ਦੇ ਸਿਆਸੀ ਰਿਸ਼ਤਿਆਂ ਤੋਂ ਹਮੇਸ਼ਾ ਅਛੂਤਾ ਰਿਹਾ ਹੋਵੇ। ਜਦੋਂ ਵੀ ਦੋਵਾਂ ਵਿਚਕਾਰ ਸਿਆਸੀ ਪਾਰਾ ਚੜ੍ਹਦਾ ਹੈ ਤੇ ਰਿਸ਼ਤਿਆਂ ਵਿੱਚ ਤਣਾਅ ਆਉਂਦਾ ਹੈ ਤਾਂ ਪਾਕਿਸਤਾਨ ਵੱਲੋਂ ਸਭ ਤੋਂ ਪਹਿਲਾਂ ਭਾਰਤੀ ਫਿਲਮਾਂ ਤੇ ਸੀਰੀਅਲਾਂ ਦੇ ਪ੍ਰਸਾਰਣ ਤੇ ਪਾਬੰਦੀ ਲਾਈ ਜਾਂਦੀ ਹੈ।
ਰੋਜ਼ੀ-ਰੋਟੀ ਦਾ ਮਾਮਲਾ
ਪਾਕਿਸਤਾਨ ਐਸੋਸੀਏਸ਼ਨ ਆਫ਼ ਫਿਲਮ ਐਗਜ਼ੀਬਟਰਸ ਦਾ ਕਹਿਣਾ ਹੈ ਕਿ ਉਹ ਭਾਰਤੀ ਫ਼ਿਲਮਾਂ ਦੀ ਰਿਲੀਜ਼ 'ਤੇ ਪਾਬੰਦੀ ਲਾ ਰਹੇ ਸਨ ਅਤੇ ਮਾਰਚਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇੱਕ ਹੋਰ ਕਦਮ ਅੱਗੇ ਵਧਦਿਆਂ ਹੁਕਮ ਦੇ ਦਿੱਤਾ ਕਿ ਫਿਲਮਾਂ, ਟੀਵੀ ਸੀਰੀਅਲਾਂ ਅਤੇ ਇਸ਼ਿਤਿਹਾਰਾਂ ਤੱਕ ਕੋਈ ਵੀ ਭਾਰਤੀ ਸਮੱਗਰੀ ਪ੍ਰਸਾਰਿਤ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੌਣ ਹੋਵੇਗਾ ਜੋ ਭਾਰਤੀ ਸਮੱਗਰੀ ਦੇਖਣੀ ਚਾਹੇਗਾ ਜਦੋਂਕਿ ਭਾਰਤ ਦੇਸ ਦੀਆਂ ਸਰਹੱਦਾਂ ਵਿੱਚ ਘੁਸਪੈਠ ਕਰ ਰਿਹਾ ਹੋਵੇ?
24 ਸਾਲਾ ਵਿਦਿਆਰਥਣ ਅਕਸ਼ਾ ਖ਼ਾਨ ਇਸ ਗੱਲ ਨਾਲ ਪੂਰੇ ਦਿਲ ਤੋਂ ਸਹਿਮਤ ਹਨ।
ਅਕਸ਼ਾ ਮੁਤਾਬਕ, "ਉਹ ਸਾਡੇ ਉੱਤੇ ਜੰਗ ਥੋਪ ਰਹੇ ਹਨ ਅਤੇ ਅਜਿਹੇ ਵਿੱਚ ਅਸੀਂ ਕਿਵੇਂ ਉਨ੍ਹਾਂ ਦੀਆਂ ਫ਼ਿਲਮਾਂ ਅਤੇ ਲੜੀਵਾਰਾਂ ਨੂੰ ਇੱਥੇ ਜਾਰੀ ਹੋਣ ਦੇ ਸਕਦੇ ਹਾਂ?"
ਇਸ ਦੇ ਬਾਵਜੂਦ ਹਾਲੇ ਇਹ ਵੇਖਣਾ ਬਾਕੀ ਹੈ ਕਿ ਪਾਕਿਸਤਾਨ ਦੇ ਇਸ ਕਦਮ ਨਾਲ ਕੌਣ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਪਾਕਿਸਤਾਨ ਖ਼ੁਦ ਜਾਂ ਭਾਰਤ?
ਭਾਰਤੀ ਫਿਲਮਾਂ ਅਤੇ ਸੀਰੀਅਲਾਂ ਨੂੰ ਪਾਕਿਸਤਾਨ ਵਿੱਚ ਬਹੁਤ ਲੋਕ ਪੰਸਦ ਕਰਦੇ ਹਨ ਪਰ ਦੇਸ਼ਭਗਤੀ ਕਾਰਨ ਉਹ ਇਸ ਪਾਬੰਦੀ ਦੀ ਹਮਾਇਤ ਕਰ ਰਹੇ ਹਨ।
ਅਲੀ ਸ਼ਿਵਾਰੀ ਨਾਮ ਦੇ ਇੱਕ ਸ਼ਖ਼ਸ ਦਾ ਕਹਿਣਾ ਹੈ, "ਮੈਂ ਤਾਂ ਸ਼ਾਹਰੁਖ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਦੇਖਦੇ ਹੋਏ ਵੱਡਾ ਹੋਇਆ ਹਾਂ।"
ਅਲੀ ਭਾਰਤੀ ਫਿਲਮਾਂ ਤੋਂ ਕਾਫ਼ੀ ਪ੍ਰਭਾਵਿਤ ਹਨ ਅਤੇ ਭਾਰਤੀ ਫਿਲਮਾਂ ਦੇਖ-ਦੇਖ ਕੇ ਹੀ ਉਨ੍ਹਾਂ ਨੇ ਫ਼ਿਲਮ ਸਟੱਡੀਜ਼ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ।
ਉਹ ਕਹਿੰਦੇ ਹਨ, "ਪਾਕਿਸਤਾਨੀ ਫਿਲਮ ਸਨਅਤ ਵਿੱਚ ਹਾਲੇ ਉਨ੍ਹਾਂ ਵਰਗਾ ਕੁਝ ਮਿਲਣ ਵਿੱਚ ਸਮਾਂ ਲੱਗੇਗਾ।"
ਕਮਾਈ ਦਾ ਸਾਧਨ
ਮਨੋਰੰਜਨ ਤੋਂ ਇਲਾਵਾ ਸਭ ਤੋਂ ਵੱਧ ਜ਼ਰੂਰੀ ਪਾਕਿਸਤਾਨ ਲਈ ਇਸ ਫੈਸਲੇ ਦੇ ਵਿੱਤੀ ਪ੍ਰਭਾਵ ਹਨ।
ਪਾਕਿਸਤਾਨੀ ਫ਼ਿਲਮ ਪੱਤਰਕਾਰ ਰਫਾਏ ਮਹਿਮੂਦ ਕਹਿੰਦੇ ਹਨ, "ਪਾਕਿਸਤਾਨੀ ਬਾਕਸ ਆਫ਼ਿਸ ਦੇ ਬਚੇ ਰਹਿਣ ਲਈ ਭਾਰਤੀ ਸਿਨੇਮੇ ਦਾ ਹੋਣਾ ਜ਼ਰੂਰੀ ਹੈ।"
ਉਨ੍ਹਾਂ ਦੱਸਿਆਕਿ ਪਾਕਿਸਤਾਨ ਵਿੱਚ ਤਕਰੀਬਨ 120 ਸਿਨੇਮਾਘਰ ਹਨ ਅਤੇ ਇੱਕ ਵਧੀਆ ਫਿਲਮ ਲਗਭਗ ਦੋ ਹਫ਼ਤੇ ਚਲਦੀ ਹੈ। ਇਸ ਅੰਦਾਜ਼ੇ ਦੇ ਹਿਸਾਬ ਨਾਲ ਇੱਕ ਸਿਨੇਮਾਘਰ ਵਿੱਚ ਸਾਲ ਵਿੱਚ 26 ਨਵੀਂਆਂ ਫਿਲਮਾਂ ਚੱਲਣੀਆਂ ਚਾਹੀਦੀਆਂ ਹਨ, ਤਾਂ ਕਿ ਸਿਨੇਮਾ ਦਾ ਕੰਮ ਚਲਦਾ ਰਹੇ।
ਜਦ ਕਿ ਪਾਕਿਸਤਾਨ ਦੀ ਆਪਣੀ ਫਿਲਮ ਸਨਅਤ ਹਰ ਸਾਲ ਔਸਤ 12 ਤੋਂ 15 ਫਿਲਮਾਂ ਹੀ ਬਣਾਉਂਦੀ ਹੈ। ਇਨ੍ਹਾਂ ਫਿਲਮਾਂ ਨੂੰ ਦੇਖਣ ਵੀ ਕੋਈ ਬਹੁਤੇ ਦਰਸ਼ਕ ਸਿਨੇਮਾਘਰਾਂ ਵਿੱਚ ਨਹੀਂ ਪਹੁੰਚਦੇ।
ਮਨੋਰੰਜਨ ਪੱਤਰਕਾਰ ਹਸਨ ਜ਼ੈਦੀ ਕਹਿੰਦੇ ਹਨ ਕਿ ਅਸਲ ਵਿੱਚ ਲਗਭਗ 70 ਫੀਸਦ ਪਾਕਿਸਤਾਨੀ ਫਿਲਮ ਸਨਅਤ ਦਾ ਰੈਵੇਨਿਊ ਭਾਰਤੀ ਫ਼ਿਲਮਾਂ ਤੋਂ ਆਉਂਦਾ ਹੈ।
ਉਨ੍ਹਾਂ ਮੁਤਾਬਕ, “ਇਹ ਪਾਬੰਦੀ ਬਹੁਤ ਲੰਮੇ ਸਮੇਂ ਤੱਕ ਟਿਕ ਨਹੀਂ ਸਕਦੀ” ਅਤੇ "ਪਾਕਿਸਤਾਨੀ ਫ਼ਿਲਮ ਸਨਅਤ ਬਿਨਾਂ ਬਾਲੀਵੁੱਡ ਤੋਂ ਬਿਨਾਂ ਜਿਉਂਦੀ ਨਹੀ ਰਹਿ ਸਕਦੀ।"
ਅਜਿਹੀਆਂ ਪਾਬੰਦੀਆਂ ਪਾਕਿਸਤਾਨ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਵੀ ਕੋਈਲ ਲੁਕੀ ਹੋਈ ਗੱਲ ਨਹੀਂ ਹੈ ਤੇ ਇਸ ਦੇ ਸਬੂਤ ਵੀ ਮੌਜੂਦ ਹਨ।
ਪਾਕਿਸਤਾਨ ਨੇ ਭਾਰਤੀ ਮਨੋਰੰਜਨ 'ਤੇ ਪਾਬੰਦੀ ਕੋਈ ਪਹਿਲੀ ਵਾਰ ਨਹੀਂ ਲਾਈ।
ਪਾਕਿਸਤਾਨ ਵਿੱਚ ਭਾਰਤੀ ਮਨੋਰੰਜਨ ’ਤੇ ਅਜਿਹੀ ਸਭ ਤੋਂ ਲੰਬੀ ਪਾਬੰਦੀ 1965 ਦੀ ਜੰਗ ਤੋਂ ਬਾਅਦ ਲਾਈ ਗਈ ਜੋ ਕਿ 2005 ਤੱਕ ਭਾਵ 40 ਸਾਲ ਜਾਰੀ ਰਹੀ।
ਇੱਕ ਵਾਰੀ ਜਦੋਂ ਇਹ ਪਾਬੰਦੀ ਹਟੀ ਤਾਂ ਪਾਕਿਸਤਾਨ ਫਿਲਮ ਇੰਡਸਟਰੀ ਜੋ ਨੱਬੇ ਦੇ ਦਹਾਕੇ ਵਿੱਚ ਤਕਰੀਬਨ ਖ਼ਤਮ ਹੀ ਹੋ ਗਈ ਸੀ ਉਹ ਹੌਲੀ-ਹੌਲੀ ਉੱਠੀ।
ਪਾਕਿਸਤਾਨ ਦਾ ਪ੍ਰਤੀਕਰਮ
ਪਾਕਿਸਤਾਨ ਦੀ ਇੱਕ ਨਿਊਜ਼ ਵੈੱਬਸਾਈਟ ਡਾਅਨ ਨਿਊਜ਼ ਦੀ ਸੰਪਾਦਕ ਅਤੇ ਸਾਬਕਾ ਮਨੋਰੰਜਨ ਪੱਤਰਕਾਰ ਅਤੀਕਾ ਦੁਰਾਨੀ ਰਹਿਮਾਨ ਦਾ ਕਹਿਣਾ ਹੈ ਕਿ ਪਾਬੰਦੀ ਹਟਣ ਤੋਂ ਬਾਅਦ ਪਾਕਿਸਤਾਨੀ ਦਰਸ਼ਕ ਸਿਨੇਮਾਘਰਾਂ ਵੱਲ ਮੁੜਨੇ ਸ਼ੁਰੂ ਹੋਏ। "ਇਸ ਨੇ ਪਾਕਿਸਤਾਨੀ ਫ਼ਿਲਮਕਾਰਾਂ ਨੂੰ ਵੀ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕੀਤਾ।"
ਇਸ ਕਾਰਨ ਪਾਕਿਸਤਾਨੀ ਇੰਡਸਟਰੀ ਕਾਫ਼ੀ ਪਛੜ ਗਈ। ਪੂਰੇ ਪਾਕਿਸਤਾਨ ਭਰ ਵਿੱਚ ਸੈਂਕੜੇ ਥਿਏਟਰ ਸ਼ਾਪਿੰਗ ਮਾਲਜ਼ ਵਿੱਚ ਤਬਦੀਲ ਹੋ ਗਏ ਅਤੇ ਬਹੁਤ ਸਾਰੇ ਥਿਏਟਰ ਵਿਆਹ ਦੇ ਮੰਡਪਾਂ ਵਿੱਚ ਬਦਲ ਗਏ।
ਇੱਕ ਗੱਲ ਇਹ ਵੀ ਹੈ ਕਿ ਪਾਕਿਸਤਾਨੀ ਫ਼ਿਲਮਾਂ ਕਦੇ ਵੀ ਵਿਆਪਕਤਾ ਅਤੇ ਸਟਾਰ ਕਾਸਟ ਦੇ ਮਾਮਲੇ 'ਚ ਬਾਲੀਵੁੱਡ ਦੀ ਬਰਾਬਰੀ ਨਹੀਂ ਕਰ ਸਕਦੀਆਂ।
ਫਿਲਮ ਜਗਤ ਨਾਲ ਜੁੜੇ ਕੁਝ ਮਾਹਿਰ ਕਹਿੰਦੇ ਹਨ ਕਿ ਇਸ ਤੋਂ ਪਤਾ ਲਗਦਾ ਹੈ ਕਿ ਹਾਲ ਦੇ ਸਾਲਾਂ ਵਿੱਚ ਬਾਲੀਵੁੱਡ ਦੀਆਂ ਫਿਲਮਾਂ ਨੂੰ 60 ਫੀਸਦੀ ਫਿਲਮ ਸਕ੍ਰੀਨਿੰਗ ਕਿਉਂ ਮਿਲਦੀ ਹੈ। ਹਾਲੀਵੁਡ ਦੀਆਂ ਫਿਲਮਾਂ ਵੀ ਇਸ ਤੋਂ ਬਾਅਦ ਹੀ ਆਉਂਦੀਆਂ ਹਨ।
ਹਾਲ ਹੀ ਵਿਚ ਭਾਰਤੀ ਸਮੱਗਰੀ ਉੱਤੇ ਪਾਕਿਸਤਾਨ ਵਿਚ ਜੋ ਪਾਬੰਦੀ ਲੱਗੀ ਹੈ ਉਹ ਪ੍ਰਤੀਕਰਮ ਦੀ ਤਰ੍ਹਾਂ ਹੈ। ਇਸ ਤੋਂ ਪਹਿਲਾਂ ਆਲ ਇੰਡੀਆਂ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਅਤੇ ਅਦਾਕਾਰਾਂ ਉੱਤੇ ਪਾਬੰਦੀ ਲਗਾਈ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤ ਨੇ ਇਸ ਤਰ੍ਹਾਂ ਦੀ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੋਵੇ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਫਵਾਦ ਖਾਨ ਨੂੰ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਤੋਂ ਰੋਕਿਆ ਗਿਆ ਸੀ ਜਦੋਂ ਇਕ ਸੱਜੇਪੱਖੀ ਸਮੂਹ ਨੇ 2016 ਵਿੱਚ ਸਰਜਰੀ ਸਟ੍ਰਾਈਕ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਨੂੰ ਦੇਸ ਛੱਡਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ:
ਫਵਾਦ ਖਾਨ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਹੈ ਅਤੇ ਭਾਰਤ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੀ ਕੋਈ ਕਮੀ ਨਹੀਂ ਹੈ।
ਇਸ ਤੋਂ ਇਲਾਵਾ ਜਦੋਂ 2017 ਵਿੱਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਆਪਣੀ ਫ਼ਿਲਮ ਵਿਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੇ ਨਾਲ ਕੰਮ ਕੀਤਾ ਸੀ ਤਾਂ ਇਸ ਤੇ ਵੀ ਭਾਰਤ ਵਿਚ ਕਾਫ਼ੀ ਵਿਵਾਦ ਹੋਇਆ ਸੀ।
ਭਾਰਤ ਵਿਚ ਸੱਜੇ ਪੱਖੀ ਧੜਿਆਂ ਨੇ ਇਸ ਫ਼ਿਲਮ ਦੀ ਰਿਲੀਜ਼ ਰੋਕਣ ਦੀ ਮੰਗ ਕਰਦੇ ਹੋਏ ਕਾਫ਼ੀ ਵਿਵਾਦ ਕੀਤਾ।
ਇਸ ਤੋਂ ਬਾਅਦ ਭਾਰਤ ਵਿਚ ਇਸ ਫ਼ਿਲਮ ਦੀ ਰਿਲੀਜ਼ ਡੇਟ ਟਾਲੀ ਗਈ ਪਰ ਪਾਕਿਸਤਾਨ ਵਿੱਚ ਇਹ ਰਿਲੀਜ਼ ਨਹੀਂ ਹੋ ਸਕੀ।
ਪਾਕਿਸਤਾਨ ਸੈਂਸਰ ਬੋਰਡ ਨੇ ਫ਼ਿਲਮ ਉੱਤੇ ਇਤਰਾਜ਼ ਜਤਾਉਂਦੇ ਹੋਏ ਰਿਲੀਜ਼ ਰੋਕ ਦਿੱਤੀ।
ਪਾਕਿਸਤਾਨੀ ਫਿਲਮ ਪ੍ਰੋਡਿਊਸਰ ਨਦੀਮ ਮੰਡਵਲਾ ਨੇ ਉਮੀਦ ਕੀਤੀ ਹੈ ਕਿ ਇਹ ਪਾਬੰਦੀ ਥੋੜ੍ਹੇ ਸਮੇਂ ਲਈ ਹੈ।
ਉਹ ਕਹਿੰਦੇ ਹਨ, "ਆਸ ਹੈ ਕਿ ਦੋਹਾਂ ਦੇਸਾਂ ਵਿੱਚ ਸਮਝ ਦਾ ਵਿਕਾਸ ਹੋਵੇਗਾ।"
ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਅੱਜਕੱਲ੍ਹ ਬਾਲੀਵੁੱਡ ਨੂੰ ਪਸੰਦ ਕਰਨ ਵਾਲੇ ਨੈੱਟਫ਼ਲਿਕਸ ਅਤੇ ਉਸ ਵਰਗੇ ਕਈ ਹੋਰ ਪਲੈਟਫਾਰਮ 'ਤੇ ਬਾਲੀਵੁੱਡ ਫਿਲਮਾਂ ਦੇਖੀਆਂ ਜਾ ਸਕਦੀਆਂ ਹਨ। ਅਜਿਹੇ ਵਿੱਚ ਇਹ ਪਾਬੰਦੀ ਸੰਕੇਤਿਕ ਤੋਂ ਜ਼ਿਆਦਾ ਨਹੀਂ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
https://www.youtube.com/watch?v=-_6O8Y0fImk
https://www.youtube.com/watch?v=MLC6fHV4zxo&t=59s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਨਿਊਜ਼ੀਲੈਂਡ ਹਮਲਾ: ''ਇੱਕ ਦਿਨ ਪਹਿਲਾਂ ਹੀ ਪੁੱਤਰ ਨੂੰ ਭਾਰਤ ਆਉਣ ਲਈ ਕਿਹਾ ਸੀ''
NEXT STORY