"ਮੈਂ ਪਿਛਲੀ ਰਾਤ ਹੀ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਨੂੰ ਭਾਰਤ ਆਉਣ ਲਈ ਕਿਹਾ ਸੀ ਕਿਉਂਕਿ ਉਸ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਹੈ। ਸਾਨੂੰ ਨਹੀਂ ਪਤਾ ਸੀ ਕਿ ਅਗਲੀ ਹੀ ਸਵੇਰ ਸਾਨੂੰ ਗੋਲੀਬਾਰੀ ਦੀ ਖ਼ਬਰ ਸੁਣਨ ਨੂੰ ਮਿਲੇਗੀ ਜਿਸ ਵਿੱਚ ਮੇਰਾ ਪੁਤਰ ਗੰਭੀਰ ਜ਼ਖਮੀ ਹੋ ਜਾਵੇਗਾ।"
ਇਹ ਬੋਲ ਨਿਊਜ਼ੀਲੈਂਡ ਦੇ ਕਰਾਈਸਟ ਚਰਚ ਵਿੱਚ ਮਸਜਿਦ ਅੰਦਰ ਹੋਏ ਹਮਲੇ ਦੌਰਾਨ ਜ਼ਖਮੀ ਹੋਏ ਫਰਾਜ਼ ਅਸਹਾਨ ਦੇ ਪਿਤਾ ਸਈਦੁਦੀਨ ਦੇ ਸਨ। ਫਰਾਜ਼ ਆਮ ਤੌਰ 'ਤੇ 2 ਸਾਲ 'ਚ ਇੱਕ ਵਾਰ ਭਾਰਤ ਆਉਂਦਾ ਹੈ।
ਨਿਊਜੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਸ਼ਰਮਾ ਨੇ ਟਵੀਟ ਕੀਤਾ ਕਿ ਇਹ ਮਨੁੱਖਤਾ 'ਤੇ ਸਭ ਤੋਂ ਵੱਡਾ ਹਮਲਾ ਹੈ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਸਾਨੂੰ ਇਹ ਪਤਾ ਲਗਿਆ ਕਿ ਇਸ ਗੋਲੀਬਾਰੀ ਵਿਚ ਕੁੱਲ 9 ਭਾਰਤੀ ਜ਼ਖਮੀ ਹੋਏ ਹਨ ਪਰ ਉਨ੍ਹਾਂ ਦੀ ਹਾਲਤ ਬਾਰੇ ਅਜੇ ਤਕ ਸਾਨੂੰ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।"
ਬੀਬੀਸੀ ਨਿਊਜ਼ ਤੇਲਗੂ ਦੇ ਪੱਤਰਕਾਰ ਸੰਗੀਥਮ ਪ੍ਰਭਾਕਰ ਹੈਦਰਾਬਾਦ ਵਿੱਚ ਰਹਿੰਦੇ ਪੀੜਤਾਂ ਦੇ ਪਰਿਵਾਰਾਂ ਦੇ ਘਰ ਗਏ ਅਤੇ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
'ਫਰਾਜ਼ ਵਾਪਸ ਆਵੇਗਾ'
ਹੈਦਰਾਬਾਦ ਵਿੱਚ ਫਰਾਜ਼ ਅਹਿਸਾਨ ਦੇ ਘਰ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਜਾਰੀ ਸੀ। ਹਾਲਾਂਕਿ ਘਰ ਵਿੱਚ ਚੁੱਪੀ ਛਾਈ ਹੋਈ ਸੀ ਅਤੇ ਜੇ ਕੋਈ ਆਵਾਜ਼ ਸੁਣਾਈ ਦਿੰਦੀ ਸੀ ਤਾਂ ਉਹ ਸਿਰਫ਼ ਪੱਖੇ ਅਤੇ ਬੱਚਿਆਂ ਦੀ ਸੀ।
ਫਰਾਜ਼ ਦੇ ਪਿਤਾ ਨੇ ਕਿਹਾ, "ਮੇਰੇ ਚਾਰ ਬੱਚੇ ਹਨ ਅਤੇ ਫਰਾਜ਼ ਸਭ ਤੋਂ ਛੋਟਾ ਹੈ। ਉਹ 10 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੋਂ ਦੀ ਨਾਗਰਿਕਤਾ ਵੀ ਮਿਲ ਗਈ ਹੈ। ਉਹ ਉੱਥੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ। ਉਹ ਪਹਿਲਾਂ ਆਕਲੈਂਡ ਵਿਚ ਰਹਿੰਦਾ ਸੀ ਅਤੇ ਛੇ ਸਾਲ ਪਹਿਲਾਂ ਕ੍ਰਾਈਸਟ ਚਰਚ ਚਲਾ ਗਿਆ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਉੱਥੇ ਰਹਿੰਦਾ ਹੈ।"
"ਚਾਰ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੀ 3 ਸਾਲ ਦੀ ਧੀ ਤੇ ਛੇ ਮਹੀਨੇ ਦਾ ਮੁੰਡਾ ਹੈ। ਉਹ ਸ਼ੁਕਰਵਾਰ ਨੂੰ ਮਸਜਿਦ ਵਿੱਚ ਗਿਆ ਸੀ। ਜਿਵੇਂ ਹੀ ਮੈਨੂੰ ਗੋਲੀਬਾਰੀ ਦੀ ਘਟਨਾ ਬਾਰੇ ਪਤਾ ਲੱਗਾ ਮੈਂ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸਾਡੇ ਲਈ ਇਹ ਸਭ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਮੇਰੀ ਪਤਨੀ ਵੀ ਮੰਜੇ 'ਤੇ ਹੀ ਹੈ।
"ਮੇਰੀ ਨੂੰਹ ਨੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਨੂੰ ਉਡੀਕ ਕਰਨ ਲਈ ਕਿਹਾ।"
"ਅਸੀਂ ਆਪਣੇ ਪੱਧਰ 'ਤੇ ਹੀ ਉਸ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕ੍ਰਾਈਸਟ ਚਰਚ ਦੇ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸੰਪਰਕ ਕੀਤਾ। ਅਸਦੁਦੀਨ ਓਵੈਸੀ ਨੇ ਵੀ ਸਾਨੂੰ ਮਦਦ ਦਾ ਭਰੋਸਾ ਦਿੱਤਾ ਹੈ। ਲੋੜ ਪਈ ਤਾਂ ਅਸੀਂ ਨਿਊਜ਼ੀਲੈਂਡ ਦੀ ਯਾਤਰਾ ਕਰਾਂਗੇ। ਅਸੀਂ ਉਮੀਦ ਕਰ ਰਹੇ ਹਾਂ ਕਿ ਫਰਾਜ਼ ਵਾਪਸ ਆ ਜਾਵੇਗਾ।"
'ਮੇਰੀ ਮਾਂ ਸਦਮੇ 'ਚ ਹੈ'
ਨਿਊਜ਼ੀਲੈਂਡ ਵਿੱਚ ਮਸਜਿਦ ਵਿੱਚ ਹੋਈ ਗੋਲੀਬਾਰੀ ਦੌਰਾਨ ਹੈਦਰਾਬਾਦ ਦੇ ਰਹਿਣ ਵਾਲੇ ਅਹਿਮਦ ਇਕਬਾਲ ਜਹਾਂਗੀਰ ਵੀ ਜ਼ਖਮੀ ਹੋਏ ਹਨ। ਹੈਦਰਾਬਾਦ ਦੇ ਅੰਬਰਪੇਟ ਵਿਚ ਰਹਿੰਦੇ ਉਨ੍ਹਾਂ ਦੇ ਭਰਾ ਖੁਰਸ਼ੀਦ ਜਹਾਂਗੀਰ ਨਾਲ ਬੀਬੀਸੀ ਨੇ ਗੱਲਬਾਤ ਕੀਤੀ।
"ਅਸੀਂ ਕੁੱਲ 9 ਭੈਣ-ਭਰਾ ਹਾਂ। ਇਕਬਾਲ ਸਭ ਤੋਂ ਛੋਟਾ ਹੈ। ਉਹ ਨਿਉਜ਼ੀਲੈਂਡ ਵਿਚ ਵੱਸ ਗਿਆ ਅਤੇ ਪਿਛਲੇ 15 ਸਾਲਾਂ ਤੋਂ ਪਰਿਵਾਰ ਨਾਲ ਰਹਿ ਰਿਹਾ ਹੈ।
"ਕਈ ਨੌਕਰੀਆਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਤੋਂ ਬਾਅਦ ਉਸ ਨੇ ਛੇ ਮਹੀਨੇ ਪਹਿਲਾਂ ਆਪਣਾ ਰੈਸਟੋਰੈਂਟ ਖੋਲ੍ਹ ਲਿਆ। ਸਾਨੂੰ ਪਤਾ ਲੱਗਿਆ ਕਿ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਲਾਂਕਿ ਜੋ ਗੋਲੀ ਉਸ ਨੂੰ ਲੱਗੀ ਸੀ ਉਹ ਸਰਜਰੀ ਰਾਹੀਂ ਕੱਢ ਦਿੱਤੀ ਗਈ ਸੀ। ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ।"
"ਉਸ ਨੇ ਸ਼ੁੱਕਰਵਾਰ ਸਵੇਰ ਹੀ ਮਾਂ ਨਾਲ ਗੱਲਬਾਤ ਕੀਤੀ ਸੀ। ਮੇਰੀ ਮਾਂ 80 ਸਾਲਾਂ ਦੀ ਹੈ। ਅਸੀਂ ਉਨ੍ਹਾਂ ਨੂੰ ਇਸ ਗੋਲੀਬਾਰੀ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਉਹ ਇਸ ਉਮਰ ਵਿਚ ਸ਼ਾਇਦ ਇਹ ਬਰਦਾਸ਼ਤ ਨਾ ਕਰ ਸਕੇ। ਪਰ ਬਾਅਦ ਵਿੱਚ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਨ੍ਹਾਂ ਨੂੰ ਸਦਮਾ ਲੱਗਿਆ।"
ਮੇਰੀ ਨੂੰਹ ਵਿਦੇਸ਼ੀ ਧਰਤੀ ਤੇ ਦੋ ਬੱਚਿਆਂ ਦੇ ਨਾਲ ਇਕੱਲਿਆਂ ਇਹ ਸਭ ਸੰਭਾਲ ਰਹੀ ਹੈ। ਅਸੀਂ ਨਿਊਜ਼ੀਲੈਂਡ ਜਾਣ ਬਾਰੇ ਸੋਚ ਰਹੇ ਹਾਂ ਅਤੇ ਜ਼ਰੂਰੀ ਕਾਗਜ਼ੀ ਇਜਾਜ਼ਤਾਂ ਦੀ ਉਡੀਕ ਕਰ ਰਹੇ ਹਾਂ।
ਆਕਲੈਂਡ ਨਾਲੋਂ ਵਧੇਰੇ ਸ਼ਾਂਤ ਹੈ ਨਿਊਜ਼ੀਲੈਂਡ
ਨਿਊਜ਼ੀਲੈਂਡ ਦੀ ਰਹਿਣ ਵਾਲੀ ਸ੍ਰੀਲਤਾ ਭਾਰਤ ਵਿੱਚ ਘੁੰਮਣ ਆਈ ਹੋਈ ਹੈ। ਉਸ ਨੇ ਨਿਊਜ਼ੀਲੈਂਡ ਦੇ ਹਾਲਾਤ ਬਾਰੇ ਦੱਸਿਆ।
ਸ੍ਰੀਲਤਾ ਨੇ ਕਿਹਾ, "ਅਸੀਂ 16 ਸਾਲ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ। ਅਸੀਂ ਆਕਲੈਂਡ ਵਿੱਚ ਰਹਿੰਦੇ ਹਾਂ। ਨਿਊਜ਼ੀਲੈਂਡ ਇੱਕ ਸ਼ਾਂਤੀਪੂਰਨ ਦੇਸ ਹੈ। ਉੱਥੇ ਇੱਕ ਮਾਮੂਲੀ ਹਾਦਸਾ ਵੀ ਇੱਕ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਅਤੇ ਲੋਕ ਇਸ ਬਾਰੇ ਵੱਡੇ ਪੱਧਰ 'ਤੇ ਚਰਚਾ ਕਰਦੇ ਹਨ। ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਸੁਣ ਕੇ ਅਸੀਂ ਹੈਰਾਨ ਹਾਂ।"
2011 ਵਿੱਚ ਕਰਾਈਸਟ ਚਰਚ ਵਿੱਚ ਆਏ ਭੂਚਾਲ ਕਾਰਨ ਕਾਫ਼ੀ ਤਬਾਹੀ ਹੋਈ। ਇਸ ਤੋਂ ਬਾਅਦ ਇਸ ਖੇਤਰ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਰੁਜ਼ਗਾਰ ਦੇ ਮੌਕੇ ਵਧ ਗਏ। ਦੱਖਣੀ ਭਾਰਤ ਦੇ ਕਈ ਲੋਕ ਖਾਸਕਰ ਤੇਲੁਗੂ ਭਾਸ਼ਾ ਬੋਲਣ ਵਾਲੇ ਕਾਫ਼ੀ ਲੋਕ ਉੱਥੇ ਪਹੁੰਚੇ ਅਤੇ ਆਪਣੇ ਵਪਾਰ ਸ਼ੁਰੂ ਕੀਤੇ ਅਤੇ ਨੌਕਰੀਆਂ ਕਰਨ ਲੱਗੇ।
"ਆਕਲੈਂਡ ਦੇ ਮੁਕਾਬਲੇ ਕਰਾਈਸਟ ਚਰਚ ਵਧੇਰੇ ਸ਼ਾਂਤੀ ਵਾਲਾ ਇਲਾਕਾ ਹੈ। ਇਹ ਸਾਡੇ ਲਈ ਕਾਫ਼ੀ ਹੈਰਾਨ ਕਰਨ ਵਾਲਾ ਹੈ।"
"ਮੈਂ ਉਸੇ ਸ਼ਹਿਰ ਵਿੱਚ ਰਹਿੰਦੇ ਆਪਣੇ ਕਈ ਦੋਸਤਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸ ਸਮੇਂ ਖ਼ੇਤਰ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ ਅਤੇ ਹੌਲੀ-ਹੌਲੀ ਆਮ ਵਾਂਗ ਹੋ ਰਿਹਾ ਹੈ।"
ਇਹ ਵੀ ਪੜ੍ਹੋ:
ਆਲ ਇੰਡੀਆ ਮਜਲਿਸ-ਏ-ਇਤੇਹਾਦੂਲ ਮੁਸਲਿਮੀਨ ਪਾਰਟੀ ਦੇ ਪ੍ਰਧਾਨ ਅਸਦੁਦੀਨ ਓਵੈਸੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਟਵੀਟ ਕਰਕੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਇਸ ਖੇਤਰ ਦੇ ਪੀੜਤਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।
ਹੈਦਰਾਬਾਦ ਦੇ ਮੇਅਰ ਅਤੇ ਐਮਆਈਐਮ ਦੇ ਆਗੂ ਬੁੰਥੂ ਰਾਮਮੋਹਨ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
https://www.youtube.com/watch?v=UiM_mu-viS0
https://www.youtube.com/watch?v=MLC6fHV4zxo&t=59s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਇੱਥੇ ਮੰਗਲਸੂਤਰ ਲਾੜੀ ਹੀ ਨਹੀਂ ਲਾੜਾ ਵੀ ਪਾਉਂਦਾ ਹੈ
NEXT STORY