ਬੰਬੇ ਹਾਈ ਕੋਰਟ ਯਲਗਾਰ ਪਰਿਸ਼ਦ- ਭੀਮਾ ਕੋਰੇਗਾਓਂ ਮਾਮਲੇ ਵਿੱਚ ਮੁਲਜ਼ਮ ਵੈਰਨੌਨ ਗੌਨਸਾਲਵੇਸ ਦੀ ਜ਼ਮਾਨਤ 'ਤੇ ਸੁਣਵਾਈ ਕਰ ਰਹੀ ਸੀ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਬੰਬੇ ਹਾਈ ਕੋਰਟ ਦੀ ਬੈਂਚ ਨੇ ਯਲਗਾਰ ਪਰਿਸ਼ਦ- ਭੀਮਾ ਕੋਰੇਗਾਓਂ ਮਾਮਲੇ ਵਿੱਚ ਮੁਲਜ਼ਮ ਵੈਰਨੌਨ ਗੌਨਸਾਲਵੇਸ ਨੂੰ ਕਿਤਾਬ 'ਵਾਰ ਐਂਡ ਪੀਸ' ਰੱਖਣ ਲਈ ਸਪਸ਼ਟੀਕਰਨ ਦੇਣ ਲਈ ਕਿਹਾ ਹੈ।
ਅਦਾਲਤ ਵੈਰਨੌਨ ਗੌਨਸਾਲਵੇਸ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ।
ਪਿਛਲੇ ਸਾਲ ਪੁਲਿਸ ਨੇ ਗੌਨਸਾਲਵੇਸ ਅਤੇ ਹੋਰ ਸਮਾਜਿਕ ਕਾਰਕੁਨਾਂ ਨੂੰ 31 ਦਸੰਬਰ, 2017 ਨੂੰ ਹੋਈ ਯਲਗਾਰ ਪਰਿਸ਼ਦ ਦੀ ਰੈਲੀ ਵਿੱਚ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ।
ਵੈਰਨੌਨ ਗੌਨਸਾਲਵੇਸ ਤੋਂ ਇਲਾਵਾ ਪੁਲਿਸ ਨੇ ਸ਼ੋਮਾ ਸੇਨ, ਰੋਮਾ ਵਿਲਸਨ, ਸੁਧਾ ਭਾਰਦਵਾਜ, ਅਰੁਣ ਫਰੇਰਾ ਤੇ ਗੌਤਮ ਨਵਲਖਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ-
ਬੀਤੇ ਸਾਲ ਜਨਵਰੀ ਵਿੱਚ ਭੀਮਾ ਕੋਰੇਗਾਓਂ ਦੀ ਲੜਾਈ ਦੀ 200ਵੀਂ ਬਰਸੀ ਮੌਕੇ ਭੀਮਾ ਨਦੀ ਦੇ ਕੰਡੇ 'ਤੇ ਸਥਿਤ ਸਮਾਰਕ ਕੋਲ ਪੱਥਰਬਾਜ਼ੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।
ਭੀਮਾ ਕੋਰੇਗਾਓਂ ਦੀ ਲੜਾਈ 1 ਜਨਵਰੀ 1818 ਨੂੰ ਮਹਾਰ ਜਾਤੀ ਦੇ ਲੋਕਾਂ ਨੇ ਈਸਟ ਇੰਡੀਆ ਕੰਪਨੀ ਦੀ ਸੈਨਾ ਵੱਲੋਂ ਲੜਦਿਆਂ ਪੇਸ਼ਵਾਵਾਂ ਦੀ ਅਗਵਾਈ ਵਾਲੀ ਮਰਾਠਾ ਫੌਜ ਨੂੰ ਮਾਤ ਦਿੱਤੀ ਸੀ।
'ਤੁਸੀਂ ਅਜਿਹੀ ਸਾਮਗਰੀ ਕਿਉਂ ਰੱਖੀ?'
ਪੁਲਿਸ ਦਾ ਕਹਿਣਾ ਹੈ ਕਿ ਵੈਰਨੌਨ ਗੌਨਸਾਲਵੇਸ ਦੇ ਘਰ ਛਾਪੇਮਾਰੀ ਦੌਰਾਨ ਅਜਿਹਾ ਸਾਹਿਤ ਮਿਲਿਆ ਹੈ ਜੋ ਸਰਕਾਰ ਦੇ ਖਿਲਾਫ਼ ਹੈ। ਇਨ੍ਹਾਂ ਵਿੱਚ ਲੀਓ ਟੌਲਸਟਾਏ ਦੀ ਕਿਤਾਬ 'ਵਾਰ ਐਂਡ ਪੀਸ' ਤੇ ਇੱਕ ਸੀਡੀ 'ਰਾਜ ਧਰਮ ਵਿਰੋਧੀ' ਸ਼ਾਮਿਲ ਹੈ।
ਸੁਣਵਾਈ ਦੌਰਾਨ ਜਸਟਿਸ ਸਾਰੰਗ ਕੋਟਵਾਲ ਨੇ ਵੈਰਨੌਨ ਗੌਨਸਾਲਵੇਸ ਨੂੰ ਕਿਹਾ, "ਸੀਡੀ ਰਾਜ ਧਰਮ ਵਿਰੋਧੀ ਦਾ ਸਿਰਲੇਖ ਹੀ ਦੱਸਦਾ ਹੈ ਕਿ ਇਸ ਵਿੱਚ ਸਰਕਾਰ ਖਿਲਾਫ਼ ਕੁਝ ਹੈ। ਕਿਤਾਬ 'ਵਾਰ ਐਂਡ ਪੀਸ' ਕਿਸੇ ਹੋਰ ਦੇਸ ਵਿੱਚ ਜੰਗ ਦੀ ਗੱਲ ਕਰਦੀ ਹੈ।"
"ਤੁਹਾਨੂੰ ਕੋਰਟ ਨੂੰ ਇਸ ਸਪਸ਼ਟ ਕਰਨਾ ਪਵੇਗਾ ਕਿ ਆਖਿਰ ਤੁਹਾਡੇ ਘਰ ਵਿੱਚ ਅਜਿਹੀਆਂ ਕਿਤਾਬਾਂ ਤੇ ਹੋਰ ਸੀਡੀਜ਼ ਕਿਉਂ ਮੌਜੂਦ ਹਨ।"
ਵੈਰਨੌਨ ਗੌਨਸਾਲਵੇਸ ਦੇ ਵਕੀਲ ਮਿਹਿਰ ਦੇਸਾਈ ਨੇ ਕਿਹਾ, "ਅਜਿਹੀ ਸਾਮਗਰੀ ਨੂੰ ਰੱਖਣ ਨਾਲ ਵੈਰਨੌਨ ਗੌਨਸਾਲਵੇਸ ਦਹਿਸ਼ਤਗਰਦ ਜਾਂ ਕਿਸੇ ਪਾਬੰਦੀਸ਼ੁਦਾ ਗਰੁੱਪ ਦੇ ਮੈਂਬਰ ਨਹੀਂ ਹੋ ਜਾਂਦੇ ਹਨ।"
ਇਹ ਵੀ ਪੜ੍ਹੋ-
ਦੇਸਾਈ ਦੀ ਇਸ ਦਲੀਲ 'ਤੇ ਕੋਰਟ ਨੇ ਸਹਿਮਤੀ ਪ੍ਰਗਟ ਕੀਤੀ ਪਰ ਨਾਲ ਹੀ ਜਸਟਿਸ ਸਾਰੰਗ ਕੋਟਵਾਲ ਨੇ ਕਿਹਾ ਕਿ ਫ਼ਿਰ ਵੀ ਵੈਰਨੌਨ ਗੌਨਸਾਲਵੇਸ ਨੂੰ ਇਹ ਦੱਸਣਾ ਪਵੇਗਾ ਕਿ ਆਖਿਰ ਕਿਉਂ ਉਨ੍ਹਾਂ ਨੇ ਅਜਿਹੀ ਸਾਹਿਤ ਸਾਮਗਰੀ ਆਪਣੇ ਘਰ ਵਿੱਚ ਰੱਖੀ ਹੋਈ ਹੈ।
ਕੀ ਹੈ ਵਾਰ ਐਂਡ ਪੀਸ ਕਿਤਾਬ?
ਵਾਰ ਐਂਡ ਪੀਸ ਕਿਤਾਬ ਦੀ ਭੂਮਿਕਾ ਵਿੱਚ ਦੱਸਿਆ ਗਿਆ ਹੈ ਕਿ ਇਹ ਨਾਵਲ ਨੈਪੋਲੀਅਨ ਦੇ 1812 ਵਿੱਚ ਰੂਸ 'ਤੇ ਕੀਤੇ ਹਮਲੇ ਦੌਰਾਨ ਉਪਜੇ ਹਾਲਾਤ 'ਤੇ ਆਧਾਰਿਤ ਹੈ।
ਇਸ ਨਾਵਲ ਵਿੱਚ ਨੈਪੋਲੀਅਨ ਦੇ ਹਮਲੇ ਦੌਰਾਨ ਟੌਲਸਟਾਏ ਨੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਆਏ ਕਿਰਦਾਰਾਂ ਜ਼ਰੀਏ ਉਸ ਵੇਲੇ ਦੇ ਸੰਘਰਸ਼ ਨੂੰ ਦੱਸਿਆ ਸੀ।
ਨਾਵਲ ਜਿਵੇਂ-ਜਿਵੇਂ ਅੱਗੇ ਵਧਦਾ ਹੈ, ਉਸ ਦੇ ਕਿਰਦਾਰ ਸਾਹਿਤ ਜਗਤ ਦੇ ਸਭ ਤੋਂ ਮਜ਼ਬੂਤ ਕਿਰਦਾਰਾਂ ਵਜੋਂ ਉਪਜਦੇ ਹਨ।
ਇਸ ਨਾਵਲ ਦਾ ਇੱਕ ਕਿਰਦਾਰ ਪ੍ਰਿੰਸ ਐਂਡਰੇ ਬੋਲਕੌਨਸਕੀ ਉੱਚ ਵਰਗ ਨਾਲ ਸਬੰਧ ਰੱਖਣ ਦੇ ਬਾਵਜੂਦ ਜੰਗ ਵਿੱਚ ਹਿੱਸਾ ਲੈਂਦਾ ਹੈ। ਉਹ ਜੰਗ ਵਿੱਚ ਬੁਰੇ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ।
ਹੌਲੀ-ਹੌਲੀ ਉਸ ਨੂੰ ਉਸ ਹਰ ਗੱਲ ਦੇ ਖੋਖਲੇਪਨ ਬਾਰੇ ਸਮਝ ਆਉਣ ਲਗ ਪੈਂਦੀ ਹੈ।
ਕੌਣ ਹਨ ਲੀਓ ਟੌਲਸਟਾਏ?
ਲੀਓ ਟੌਲਸਟਾਏ ਇੱਕ ਰੂਸੀ ਲੇਖਕ ਸਨ ਜਿਨ੍ਹਾਂ ਨੇ ਮੁੱਖ ਤੌਰ 'ਤੇ ਨਾਵਲ ਤੇ ਛੋਟੀਆਂ ਕਹਾਣੀਆਂ ਲਿਖੀਆਂ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਟਕ ਤੇ ਲੇਖ ਲਿਖੇ ਹਨ।
'ਵਾਰ ਐਂਡ ਪੀਸ' ਉਨ੍ਹਾਂ ਦੇ ਮਸ਼ਹੂਰ ਨਾਵਲਾਂ ਵਿੱਚੋਂ ਇੱਕ ਹੈ।
ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਰਚਨਾ 'ਕਿੰਗਡਮ ਆਫ ਗਾਰਡ ਵਿਦ ਇਨ ਯੂ' ਦਾ 20ਵੀਂ ਸਦੀ ਦੀਆਂ ਵੱਡੀਆਂ ਹਸਤੀਆਂ, ਮੋਹਨਦਾਸ ਕਰਮਚੰਦ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਵਰਗੇ ਨੇਤਾਵਾਂ 'ਤੇ ਕਾਫੀ ਅਸਰ ਸੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MqtqAKl2ssg
https://www.youtube.com/watch?v=OQ_pgCMV9wk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਭਾਰਤ ''ਚ ਚਸ਼ਮਦੀਦ ਬਣਨਾ ਕਿਉਂ ਖ਼ਤਰਨਾਕ ਹੈ?
NEXT STORY