ਮਈ ਦਾ ਮਹੀਨਾ ਸੀ। ਗੁਜਰਾਤ ਦੇ ਧੋਰਾਜੀ ਖ਼ੇਤਰ ਵਿੱਚ 11 ਦਲਿਤ ਲਾੜੇ ਸਮੂਹਿਕ ਵਿਆਹ ਦੌਰਨ ਬਰਾਤ ਲੈ ਕੇ ਆਏ।
ਛੋਟੇ ਪੱਧਰ 'ਤੇ ਪਰ ਅਹਿਮ ਤਰੀਕੇ ਨਾਲ ਉਨ੍ਹਾਂ ਨੇ ਬਰਾਤ ਵਿੱਚ ਸਿਰਫ਼ ਉੱਚ ਜਾਤੀ ਦੇ ਲਾੜਿਆਂ ਵਲੋਂ ਘੋੜੇ 'ਤੇ ਸਵਾਰ ਹੋਣ ਦੀ ਪੁਰਾਣੀ ਪਰੰਪਰਾ ਦਾ ਖੰਡਨ ਕੀਤਾ।
ਇਸ ਕਾਰਨ ਖ਼ੇਤਰ ਵਿੱਚ ਜਾਤੀਗਤ ਤਣਾਅ ਪੈਦਾ ਹੋ ਗਿਆ ਅਤੇ ਬਰਾਤ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ ਸੀ।
ਸਮੂਹਿਕ ਵਿਆਹ ਦੇ ਪ੍ਰਬੰਧਕਾਂ ਵਿੱਚੋਂ ਇੱਕ ਯੋਗੇਸ਼ ਭਾਸ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਦਲਿਤ ਭਾਈਚਾਰਾ ਇੱਕ ਸਪੱਸ਼ਟ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਹੁਣ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਧੋਰਾਜੀ ਵਿੱਚ ਘੱਟੋ-ਘੱਟ 80% ਦਲਿਤਾਂ ਨੇ ਮਿਆਰੀ ਸਿੱਖਿਆ ਹਾਸਿਲ ਕੀਤੀ ਹੈ।
ਯੋਗੇਸ਼ ਨੇ ਅੱਗੇ ਕਿਹਾ, "ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇੰਜੀਨੀਅਰਿੰਗ, ਮੈਡੀਕਲ ਅਤੇ ਕਾਨੂੰਨੀ ਖੇਤਰਾਂ ਵਿੱਚ ਪੜ੍ਹਾਈ ਕੀਤੀ ਹੈ। ਤਾਂ ਫਿਰ ਕੀ ਉਹ ਆਪਣੀ ਰੁਟੀਨ ਜ਼ਿੰਦਗੀ ਵਿੱਚ ਵਿਤਕਰਾ ਬਰਦਾਸ਼ਤ ਕਰ ਸਕਦੇ ਹਨ? ਵਿਤਕਰੇ ਨੂੰ ਖ਼ਤਮ ਕਰਨ ਦਾ ਸੁਨੇਹਾ ਦੇਣ ਲਈ ਅਸੀਂ ਇਸ ਸਮੂਹਿਕ ਵਿਆਹ ਦੀ ਬਰਾਤ ਕੱਢੀ।"
ਇਹ ਕੋਈ ਇਕੱਲੀ ਘਟਨਾ ਨਹੀਂ ਹੈ।
ਅੰਬੇਡਕਰ ਤੋਂ ਪ੍ਰਭਾਵਿਤ ਦਲਿਤ
ਦੇਸ ਭਰ ਵਿੱਚ ਹੁਣ ਕਈ ਉਦਾਹਰਣ ਮਿਲ ਜਾਣਗੇ ਜਿੱਥੇ ਦਲਿਤ ਭਾਈਚਾਰੇ ਦੇ ਲੋਕ ਜਿੱਥੇ ਸੰਭਵ ਹੋ ਸਕੇ ਆਪਣੀ ਸਮਾਜਿਕ ਥਾਂ ਬਣਾ ਰਹੇ ਹਨ - ਭਾਵੇਂ ਇਹ ਘੋੜੇ ਦੀ ਸਵਾਰੀ ਕਰਨਾ ਜਾਂ ਮੁੱਛਾਂ ਰੱਖਣ ਜਿੰਨਾ ਸਧਾਰਨ ਕੰਮ ਹੋਵੇ।
ਦਲਿਤਾਂ ਦੀਆਂ ਵੱਧਦੀਆਂ ਉਮੀਦਾਂ ਕਾਰਨ ਦਲਿਤਾਂ ਅਤੇ ਗੈਰ-ਦਲਿਤਾਂ ਦਰਮਿਆਨ ਟਕਰਾਅ ਵੀ ਵੱਧਦਾ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਚੁਣੌਤੀਆਂ ਵਿੱਚੋਂ ਬਹੁਤ ਸਾਰੇ ਉਹ ਲੋਕ ਹਨ ਜੋ ਪੜ੍ਹੇ-ਲਿਖੇ ਹਨ ਅਤੇ ਡਾ. ਬੀ ਆਰ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਹਨ ਜਿਸ ਵਿੱਚ ਉਨ੍ਹਾਂ ਸਿੱਖਿਅਤ ਹੋਣ, ਏਕਤਾ ਸਥਾਪਤ ਕਰਨ ਅਤੇ ਚੰਗੇਰੇ ਜੀਵਨ ਲਈ ਲੜਨ ਦਾ ਸੁਨੇਹਾ ਦਿੱਤਾ ਸੀ।
ਦਲਿਤ ਕਾਰਕੁਨ ਅਤੇ ਲੇਖਕ ਮਾਰਟਿਨ ਮੈਕਵਾਨ ਦਾ ਕਹਿਣਾ ਹੈ ਕਿ ਦਲਿਤਾਂ ਵਲੋਂ ਵਿਰੋਧ, ਦੱਬੇ ਹੋਏ ਵਰਗਾਂ ਤੋਂ ਚੁਣੌਤੀਆਂ ਦੀ ਸ਼ੁਰੂਆਤ ਹੈ।
"ਅਜਿਹੀਆਂ ਘਟਨਾਵਾਂ ਵਧਦੀਆਂ ਰਹਿਣਗੀਆਂ ਕਿਉਂਕਿ ਪੜ੍ਹੇ-ਲਿਖੇ ਦਲਿਤ ਹੁਣ ਰੋਜ਼ੀ ਰੋਟੀ ਲਈ ਪਿੰਡਾਂ ਜਾਂ ਕਸਬਿਆਂ ਦੇ ਅਮੀਰ ਲੋਕਾਂ ਉੱਤੇ ਨਿਰਭਰ ਨਹੀਂ ਹਨ। ਉਨ੍ਹਾਂ ਦੀ ਨਿਰਭਰਤਾ ਸ਼ਹਿਰੀ ਖੇਤਰਾਂ ਵਿਚ ਲੇਬਰ ਮਾਰਕੀਟਾਂ ਉੱਤੇ ਹੈ।"
ਮਿਸਾਲ ਦੇ ਤੌਰ 'ਤੇ ਲਹੋੜ ਪਿੰਡ ਦੇ ਮੇਹੁਲ ਪਰਮਾਰ ਨੇ ਪਿਛਲੇ ਮਹੀਨੇ ਆਪਣੀ ਬਰਾਤ ਦੌਰਾਨ ਘੋੜੇ 'ਤੇ ਬੈਠ ਕੇ ਪੁਰਾਣੀ ਪਰੰਪਰਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ।
ਮੇਹੁਲ ਪਿੰਡ ਵਿੱਚ ਰਹਿੰਦਾ ਹੈ ਪਰ ਨੇੜਲੇ ਅਹਿਮਦਾਬਾਦ ਸ਼ਹਿਰ ਵਿੱਚ ਕੰਮ ਕਰਦਾ ਹੈ।
ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਜੇ ਅਸੀਂ ਕਮਾ ਰਹੇ ਹਾਂ ਅਤੇ ਆਪਣੇ ਵਿਆਹਾਂ ਵਿੱਚ ਘੋੜਾ ਲਿਆਉਣ ਦੀ ਸਮਰਥਾ ਰੱਖਦੇ ਹਾਂ, ਤਾਂ ਅਸੀਂ ਇਸ 'ਤੇ ਕਿਉਂ ਨਹੀਂ ਬੈਠ ਸਕਦੇ।"
ਮੇਹੁਲ ਇਸ ਪਿੰਡ ਵਿੱਚ ਦਲਿਤਾਂ ਵਿੱਚੋਂ ਪਹਿਲਾ ਵਿਅਕਤੀ ਹੈ ਜੋ ਆਪਣੇ ਵਿਆਹ ਵਿੱਚ ਘੋੜੇ 'ਤੇ ਬੈਠਿਆ।
ਇਸੇ ਤਰ੍ਹਾਂ ਉਤਰਾਖੰਡ ਦੇ ਟੇਹਰੀ ਜ਼ਿਲ੍ਹੇ ਦੇ 23 ਸਾਲਾ ਜਿਤੇਂਦਰ ਦਾਸ (23) ਨੇ ਇਸ ਸਾਲ ਮਈ ਵਿੱਚ ਉੱਚ ਜਾਤੀ ਦੇ ਲੋਕਾਂ ਨਾਲ ਇੱਕੋ ਮੇਜ਼ 'ਤੇ ਖਾਣਾ ਨਾ ਖਾਣ ਦੀ ਪਰੰਪਰਾ ਨੂੰ ਚੁਣੌਤੀ ਦਿੱਤੀ ਸੀ।
ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਉਸਦਾ ਮੋਟਰਸਾਈਕਲ ਅਤੇ ਇੱਕ ਪਾਸਪੋਰਟ ਸਾਈਜ਼ ਤਸਵੀਰ ਹੀ ਸੀ ਜੋ ਉਸਦੀ ਮੌਤ ਤੋਂ ਬਾਅਦ ਮਾਂ ਅਤੇ ਭੈਣ ਦਾ ਸਹਾਰਾ ਸਨ।
ਦਲਿਤਾਂ ਦੇ ਆਵਾਜ਼ ਚੁੱਕਣ ਦੇ ਕਾਰਨ
ਸਿੱਖਿਆ ਅਤੇ ਸ਼ਹਿਰੀ ਖੇਤਰਾਂ ਦੇ ਪ੍ਰਭਾਵ ਕਾਰਨ ਅਜਿਹੇ ਵਿਵਾਦ ਵੱਧ ਰਹੇ ਹਨ।
ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ (ਐਚਆਰਡੀ), ਭਾਰਤ ਸਰਕਾਰ ਅਨੁਸਾਰ, ਸਾਲ 2014-15 ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦਲਿਤਾਂ ਵਿਚਾਲੇ ਗਰੋਸ ਐਨਰੋਲਮੈਂਟ ਰੇਸ਼ੋ (ਜੀਈਆਰ) ਦਾ ਅਨੁਪਾਤ, ਕੌਮੀ ਅਨੁਪਾਤ ਨਾਲੋਂ ਜ਼ਿਆਦਾ ਸੀ।
ਹਾਲਾਂਕਿ ਉਚੇਰੀ ਸਿੱਖਿਆ ਲਈ ਦਲਿਤ ਵਿਦਿਆਰਥੀਆਂ ਦੀ ਗਿਣਤੀ ਕੌਮੀ ਔਸਤ ਤੋਂ ਪਿੱਛੇ ਹੈ। (ਸਾਰੇ - 24.3, ਐਸਸੀ - 19.1)
ਸਾਲ 2014 ਵਿੱਚ ਛਪੀ ਨੈਸ਼ਨਲ ਸੈਂਪਲ ਸਰਵੇ ਦੀ 71ਵੀਂ ਰਿਪੋਰਟ ਅਨੁਸਾਰ ਰਾਸ਼ਟਰੀ ਪੱਧਰ 'ਤੇ ਸਾਖਰਤਾ ਦਰ 7 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ 75.8 ਪ੍ਰਤੀਸ਼ਤ ਸੀ, ਜਦੋਂ ਕਿ ਇਸੇ ਉਮਰ ਸਮੂਹ ਵਿੱਚ ਦਲਿਤ ਭਾਈਚਾਰਿਆਂ ਵਿੱਚ ਇਹ 68.8 ਫੀਸਦ ਸੀ।
ਇਸ ਅਧਿਐਨ ਦਾ ਹਵਾਲਾ ਦਿੰਦੇ ਹੋਏ ਮੈਕਵਾਨ ਨੇ ਕਿਹਾ, "ਦਲਿਤਾਂ ਵਿੱਚ ਅਨਪੜ੍ਹਤਾ ਦਾ ਪਾੜਾ ਹੋਰ ਹਾਸ਼ੀਏ ਵਾਲੇ ਸਮੂਹਾਂ ਦੇ ਮੁਕਾਬਲੇ ਤੇਜ਼ੀ ਨਾਲ ਭਰ ਰਿਹਾ ਹੈ ਅਤੇ ਇਹ ਰਵਾਇਤਾਂ ਨੂੰ ਚੁਣੌਤੀ ਦੇਣ ਦਾ ਇੱਕ ਮੁੱਖ ਕਾਰਨ ਹੈ।"
ਇਨ੍ਹਾਂ ਅੰਕੜਿਆਂ ਅਤੇ ਮਾਹਰਾਂ ਦੇ ਅਨੁਸਾਰ, ਦਲਿਤਾਂ ਵਿੱਚ ਸਿੱਖਿਆ ਵਿੱਚ ਹੋਏ ਇਸ ਵਾਧੇ ਨੇ ਉਨ੍ਹਾਂ ਵਿੱਚ ਇਛਾਵਾਂ ਨੂੰ ਵਧਾ ਦਿੱਤਾ ਹੈ। ਉਹ ਹੁਣ ਇਸ ਨੂੰ ਨਹੀਂ ਮੰਨਦੇ ਕਿ ਵਿਤਕਰਾ ਹੋਣਾ 'ਉਨ੍ਹਾਂ ਦੀ ਕਿਸਮਤ ਹੈ'।
ਦਲਿਤ ਹੁਣ ਸਿਰਫ਼ ਸਰਕਾਰੀ ਨੌਕਰੀਆਂ ਵਿੱਚ ਹੀ ਦਿਲਚਸਪੀ ਨਹੀਂ ਲੈਂਦੇ ਸਗੋਂ ਉਹ ਸਟਾਰਟ-ਅਪ ਅਤੇ ਛੋਟੇ ਕਾਰੋਬਾਰਾਂ ਦੇ ਖੇਤਰਾਂ ਵਿੱਚ ਵੀ ਦਾਖਲ ਹੋ ਰਹੇ ਹਨ।
ਦਲਿਤ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀਜ਼ (ਡੀਆਈਸੀਸੀਆਈ) ਨੇ ਬਹੁਤ ਸਾਰੇ ਦਲਿਤ ਨੌਜਵਾਨਾਂ ਨੂੰ ਕਾਰੋਬਾਰੀ ਸਿਖਲਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਨਵੇਂ ਕਾਰੋਬਾਰ ਕਰਨ ਲਈ ਉਤਸ਼ਾਹਤ ਕਰ ਰਹੇ ਹਨ।
ਡੀਆਈਸੀਸੀਆਈ ਦੇ ਮੁਖੀ ਮਿਲਿੰਦ ਕਾਂਬਲੇ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲਿਤਾਂ ਨੇ ਆਪਣੇ ਅਧਿਕਾਰ ਹਾਸਿਲ ਕਰਨ ਲਈ ਸੰਘਰਸ਼ ਦਾ ਲੰਮਾ ਪੈਂਡਾ ਤੈਅ ਕੀਤਾ ਹੈ। ਟਕਰਾਅ ਦੀਆਂ ਇਹ ਘਟਨਾਵਾਂ ਜ਼ੰਜੀਰਾਂ ਨੂੰ ਤੋੜਨ ਦਾ ਆਖਰੀ ਪੜਾਅ ਜਾਪਦੀਆਂ ਹਨ।
ਮਿਲਿੰਦ ਕਾਂਬਲੇ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਉੱਚ ਜਾਤੀ ਦੇ ਲੋਕ ਜ਼ਿਆਦਾ ਸਮੇਂ ਤੱਕ ਅਜਿਹੀਆਂ ਘਟਨਾਵਾਂ ਖਿਲਾਫ਼ ਆਪਣਾ ਵਿਰੋਧ ਕਾਇਮ ਨਹੀਂ ਰੱਖ ਸਕਣਗੇ।"
"ਆਉਣ ਵਾਲੇ ਦਿਨਾਂ ਵਿੱਚ ਘੋੜਿਆਂ 'ਤੇ ਵਧੇਰੇ ਨੌਜਵਾਨ ਬੈਠਣਗੇ, ਉੱਚ ਜਾਤੀ ਦੇ ਸਾਹਮਣੇ ਖਾਣਾ ਖਾਣਗੇ, ਕਿਉਂਕਿ ਬਹੁਤ ਸਾਰੇ ਦਲਿਤ ਮੈਂਬਰ ਸਿੱਖਿਆ ਪ੍ਰਾਪਤ ਕਰ ਰਹੇ ਹਨ।"
ਹਾਲਾਂਕਿ ਸਿਆਸੀ ਵਿਸ਼ਲੇਸ਼ਕ ਬਦਰੀਨਾਰਾਇਣ ਦਾ ਵੱਖਰਾ ਵਿਚਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਘਟਨਾਵਾਂ ਲੋਕ ਲਹਿਰ ਵਿੱਚ ਤਬਦੀਲ ਨਹੀਂ ਹੋ ਜਾਂਦੀਆਂ, ਸਿਆਸੀ ਪਾਰਟੀਆਂ ਉਨ੍ਹਾਂ ਦੇ ਮਸਲਿਆਂ ਨੂੰ ਸੁਣਨ ਵਿੱਚ ਦਿਲਚਸਪੀ ਨਹੀਂ ਲੈਣਗੀਆਂ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਿਆਸੀ ਪਾਰਟੀਆਂ ਇਸ ਨੂੰ ਸਿਆਸੀ ਮੁੱਦਾ ਨਹੀਂ ਬਣਾਉਂਦੀਆਂ, ਉਦੋਂ ਤੱਕ ਜ਼ਮੀਨੀ ਤੌਰ 'ਤੇ ਦਲਿਤ ਭਾਈਚਾਰਿਆਂ ਦੇ ਜੀਵਨ ਵਿੱਚ ਜ਼ਮੀਨੀ ਪੱਧਰ 'ਤੇ ਤਬਦੀਲੀ ਵੇਖਣਾ ਮੁਸ਼ਕਲ ਹੈ।
https://www.youtube.com/watch?v=9WUE-UbLGWg
ਮਾਹਰ ਮੰਨਦੇ ਹਨ ਕਿ ਇਹ ਘਟਨਾਵਾਂ ਦਲਿਤ ਭਾਈਚਾਰਿਆਂ ਦੀਆਂ ਵੱਧ ਰਹੀਆਂ ਇਛਾਵਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਦਾ ਨਤੀਜਾ ਹਨ।
ਆਰਥਿਕ ਵਿਕਾਸ, ਪੇਂਡੂ ਖੇਤਰਾਂ ਤੋਂ ਦੂਰ ਵੱਡੇ ਸ਼ਹਿਰਾਂ ਵਿੱਚ ਜਾਣ ਅਤੇ ਸਿੱਖਿਆ ਨੇ ਦਲਿਤ ਭਾਈਚਾਰਿਆਂ ਨੂੰ ਜ਼ੁਲਮ ਦੇ ਅਤੀਤ ਤੋਂ ਵੱਖ ਹੋਣ ਲਈ ਉਤਸ਼ਾਹਤ ਕੀਤਾ ਹੈ।
ਹਾਲਾਂਕਿ, ਮਾਹਿਰ ਮੰਨਦੇ ਹਨ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਦਲਿਤਾਂ 'ਤੇ ਤਸ਼ਦੱਦ ਖ਼ਤਮ ਹੋ ਗਿਆ ਹੈ। ਇਸ ਦਾ ਅਰਥ ਇਹ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਤਸ਼ਦੱਦ ਦੇ ਵੱਧ ਤੋਂ ਵੱਧ ਮਾਮਲੇ ਸ਼ਾਇਦ ਸਾਹਮਣੇ ਆਉਣਗੇ।
ਮੈਕਵਾਨ ਨੇ ਕਿਹਾ, "ਇੱਥੇ ਬਹੁਤ ਵੱਡਾ ਵਰਗ ਦਲਿਤਾਂ ਦਾ ਹੈ ਜੋ ਅਜੇ ਵੀ ਸਿੱਖਿਆ ਤੋਂ ਵਾਂਜਾ ਹੈ।"
ਕੁਝ ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਅਜਿਹੀਆਂ ਘਟਨਾਵਾਂ ਸਿਆਸੀ ਲਾਭ ਲਈ ਵਰਤੀਆਂ ਜਾਂਦੀਆਂ ਹਨ ਅਤੇ ਉਦੋਂ ਤੱਕ ਭਾਈਚਾਰੇ ਦੀ ਮਦਦ ਨਹੀਂ ਕਰਦੀਆਂ, ਜਦੋਂ ਤੱਕ ਇਹ ਸਭ ਲੋਕ ਲਹਿਰ ਵਿੱਚ ਨਹੀਂ ਬਦਲ ਜਾਂਦੀਆਂ।
ਸਿਆਸੀ ਮਾਹਿਰ ਬਦਰੀਨਾਰਾਇਣ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਅਜਿਹੀਆਂ ਘਟਨਾਵਾਂ ਦਾ ਕੁਝ ਸਮਾਜਿਕ ਪ੍ਰਭਾਵ ਪਿਆ ਹੈ, ਪਰ ਉਹ ਕੋਈ ਸਿਆਸੀ ਅਸਰ ਨਹੀਂ ਬਣਾ ਸਕੀਆਂ।
ਉਨ੍ਹਾਂ ਕਿਹਾ, "ਸਿਆਸੀ ਪਾਰਟੀਆਂ ਬਹੁਤ ਜਲਦੀ ਭੁੱਲ ਜਾਂਦੀਆਂ ਹਨ।"
ਇਹ ਘਟਨਾਵਾਂ ਸਮਾਜਿਕ ਲੜੀ ਨੂੰ ਚੁਣੌਤੀ ਦਿੰਦੀਆਂ ਹਨ ਪਰ ਰਾਜਨੀਤਿਕ ਪਾਰਟੀਆਂ ਕਿਸੇ ਵੀ ਸਮਾਜਿਕ ਉਥਲ-ਪੁਥਲ ਲਈ ਕੋਈ ਲੋਕ ਲਹਿਰ ਉਸਾਰਨ ਵਿੱਚ ਅਸਮਰਥ ਹਨ।
ਉਨ੍ਹਾਂ ਕਿਹਾ, "ਜਦੋਂ ਤੱਕ ਦਲਿਤਾਂ 'ਤੇ ਹੁੰਦੇ ਤਸ਼ਦੱਦ ਤੋਂ ਵੱਡੇ ਪੱਧਰ 'ਤੇ ਅੰਦੋਲਨ ਪੈਦਾ ਨਹੀਂ ਹੁੰਦਾ, ਸਮਾਜਿਕ ਸੁਧਾਰ ਮੁਸ਼ਕਿਲ ਜਾਪਦਾ ਹੈ।"
ਇਹ ਛੋਟੀਆਂ ਲਹਿਰਾਂ ਕਿੰਨੀਆਂ ਕਾਮਯਾਬ
ਪਰ ਕੁਝ ਹੋਰ ਲੋਕ ਮੰਨਦੇ ਹਨ ਕਿ ਵਿਰੋਧ ਦੀਆਂ ਇਹ ਛੋਟੀਆਂ-ਛੋਟੀਆਂ ਦਲਿਤ ਲਹਿਰਾਂ, ਪੜ੍ਹੇ-ਲਿਖੇ ਦਲਿਤਾਂ ਦਾ ਨਿੱਜੀ ਤੌਰ 'ਤੇ ਥੋੜ੍ਹਾ ਬਹੁਤ ਮਿਆਰ ਵੱਧਣਾ ਵੱਡੀਆਂ ਲਹਿਰਾਂ ਜਿੰਨਾਂ ਹੀ ਅਹਿਮ ਹੈ।
ਦਲਿਤ ਕਾਰਕੁਨ ਪਾਲ ਦਿਵਾਕਰ ਦਾ ਮੰਨਣਾ ਹੈ ਕਿ ਬਿਹਾਰ ਵਰਗੇ ਸੂਬੇ ਵਿੱਚ ਲੰਬੇ ਸਮੇਂ ਤੋਂ ਦਲਿਤ ਤਸ਼ਦੱਦ ਵਿਰੁੱਧ ਲੜਦੇ ਆ ਰਹੇ ਹਨ ਪਰ ਇਸ ਦੀ ਕੋਈ ਖਬਰ ਨਹੀਂ ਆਈ।
ਉਨ੍ਹਾਂ ਕਿਹਾ, "ਅੱਜ-ਕੱਲ੍ਹ, ਹਾਸ਼ੀਏ 'ਤੇ ਪਏ ਭਾਈਚਾਰੇ ਦੇ ਲੋਕਾਂ ਨੂੰ ਮੀਡੀਆ ਸਮੂਹਾਂ ਵਿੱਚ ਜਗ੍ਹਾ ਮਿਲ ਗਈ ਹੈ। ਇਸ ਲਈ ਅਜਿਹੇ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਹ ਦਲਿਤਾਂ ਦੀ ਸਿੱਖਿਆ ਦਾ ਨਤੀਜਾ ਹੈ।"
https://www.youtube.com/watch?v=0NSH3585-Go
ਦਿਵਾਕਰ ਦਾ ਕਹਿਣਾ ਹੈ ਕਿ ਦਲਿਤਾਂ ਦੇ ਵੱਡੇ ਹਿੱਸੇ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਮਾੜੀ ਹਾਲਤ ਉਨ੍ਹਾਂ ਦੀ ਕਿਸਮਤ ਕਾਰਨ ਨਹੀਂ ਹੈ ਅਤੇ ਇਸ ਕਾਰਨ ਪੁਰਾਣੇ ਰੀਤੀ ਰਿਵਾਜਾਂ ਨੂੰ ਤੋੜਨ ਦੀਆਂ ਵਧੇਰੇ ਘਟਨਾਵਾਂ ਹਰ ਥਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਦਲਿਤਾਂ ਦੇ ਪੇਂਡੂ ਤੋਂ ਸ਼ਹਿਰੀ ਖੇਤਰਾਂ ਵਿੱਚ ਲਗਾਤਾਰ ਹੋ ਰਹੇ ਪਰਵਾਸ ਦੇ ਕਾਰਨ ਪੈਦਾ ਹੋਇਆ ਹੈ।
"ਜਦੋਂ ਉਹ ਆਪਣੇ ਪਿੰਡ ਵਾਪਸ ਆਉਂਦੇ ਹਨ, ਉਹ ਨਵੀਂ ਸੋਚ ਅਤੇ ਨਵੇਂ ਵਿਚਾਰਾਂ ਨਾਲ ਆਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਵਿਤਕਰੇ ਦੀਆਂ ਪਰੰਪਰਾਵਾਂ ਦਾ ਬਦਲਾ ਲੈਣ ਦੀ ਪ੍ਰੇਰਣਾ ਮਿਲਦੀ ਹੈ।"
ਨੌਜਵਾਨ ਦਲਿਤਾਂ ਦੀਆਂ ਵੱਧ ਰਹੀਆਂ ਇੱਛਾਵਾਂ ਦਾ ਹਵਾਲਾ ਦਿੰਦੇ ਹੋਏ ਦਲਿਤ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀਜ਼ (ਡੀਆਈਸੀਸੀਆਈ) ਦੇ ਪ੍ਰਧਾਨ ਮਿਲਿੰਦ ਕੰਬਲੇ ਨੇ ਕਿਹਾ ਕਿ ਦੇਸ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਹੋਏ ਧਮਾਕੇ ਨਾਲ ਪਛੜੇ ਵਰਗਾਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ ਹੈ।
"ਨੌਜਵਾਨ ਦਲਿਤਾਂ ਦੀਆਂ ਇੱਛਾਵਾਂ ਵਧੀਆਂ ਹਨ ਅਤੇ ਉਹ ਇੱਜ਼ਤ ਅਤੇ ਸਤਿਕਾਰ ਵਾਲੀ ਜ਼ਿੰਦਗੀ ਚਾਹੁੰਦੇ ਹਨ ਅਤੇ ਲੋਕਾਂ ਦੇ ਆਰਥਿਕ ਵਿਕਾਸ ਦੇ ਲਾਹਾਂ ਵਿੱਚ ਬਰਾਬਰ ਦੀ ਹਿੱਸੇਦਾਰੀ ਚਾਹੁੰਦੇ ਹਨ।"
ਮਿਲਿੰਦ ਕੰਬਲੇ ਦਾ ਮੰਨਣਾ ਹੈ ਕਿ ਦਲਿਤਾਂ ਦੀ ਕਾਮਯਾਬੀ ਨੇ ਕੁਝ ਉੱਚ ਜਾਤੀ ਦੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਅਜਿਹੇ ਤਸ਼ਦੱਦ ਦੀਆਂ ਘਟਨਾਵਾਂ ਵਾਪਰੀਆਂ।
ਹਾਲਾਂਕਿ, ਉਹ ਇਹ ਵੀ ਮੰਨਦੇ ਹਨ ਕਿ ਕਾਰੋਬਾਰੀ ਜਗਤ ਵਿੱਚ ਆਪਣੀ ਪਛਾਣ ਦਰਸਾਉਣ ਵਾਲੇ ਦਲਿਤਾਂ ਦੀ ਗਿਣਤੀ ਬਹੁਤ ਘੱਟ ਹੈ।
ਲੇਖਕ ਮਾਰਟਿਨ ਮੈਕਵਾਨ ਨੇ ਹਾਲ ਹੀ ਵਿੱਚ ਭਾਰਤੀ ਮੀਡੀਆ ਵਿੱਚ ਦਲਿਤਾਂ ਅਤੇ ਕਬੀਲਿਆਂ ਉੱਤੇ ਹੋ ਰਹੇ ਤਸ਼ਦੱਦ ਦੀਆਂ ਕਥਿਤ ਘਟਨਾਵਾਂ ਉੱਤੇ ਇੱਕ ਕਿਤਾਬ ਦਾ ਸੰਪਾਦਨ ਕੀਤਾ ਸੀ।
ਕਈ ਘਟਨਾਵਾਂ ਵਿੱਚੋਂ ਮੈਕਵਾਨ ਨੇ ਰਾਜਸਥਾਨ ਦੇ ਬਾਬੂਰਾਮ ਚੌਹਾਨ (36) ਨਾਮ ਦੇ ਦਲਿਤ ਆਰਟੀਆਈ ਕਾਰਕੁਨ 'ਤੇ ਹਮਲੇ ਦੀ ਇੱਕ ਘਟਨਾ ਦਾ ਹਵਾਲਾ ਦਿੱਤਾ।
ਉਸ ਨੇ ਆਰਟੀਆਈ ਦਾਇਰ ਕਰਕੇ ਦਲਿਤਾਂ ਦੀ ਉਸ ਜ਼ਮੀਨ 'ਤੇ ਕਬਜ਼ੇ ਦਾ ਦਾਅਵਾ ਕੀਤਾ ਸੀ ਜਿਸ 'ਤੇ ਕਥਿਤ ਤੌਰ 'ਤੇ ਕਬਜ਼ਾ ਕਰ ਲਿਆ ਗਿਆ ਸੀ।
ਮੈਕਵਾਨ ਨੇ ਕਿਹਾ, "ਦਲਿਤ ਭਾਈਚਾਰੇ ਵਿੱਚ ਜਾਗਰੂਕਤਾ ਕਾਰਨ ਉੱਚ ਜਾਤੀ ਦੇ ਲੋਕ ਭੜਕ ਗਏ ਅਤੇ ਬਾਬੂਰਾਮ 'ਤੇ ਹਮਲਾ ਕੀਤਾ ਗਿਆ।"
ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀਆਂ ਪੀੜ੍ਹੀਆਂ ਦੇ ਉਲਟ, ਜਿਹੜੀਆਂ ਸਿੱਖਿਅਤ ਹੋਣ ਦੇ ਬਾਵਜੂਦ ਵਧੇਰੇ ਦੱਬੀਆਂ ਗਈਆਂ ਸਨ, ਨਵੀਂ ਪੀੜ੍ਹੀ ਵਧੇਰੇ ਬੋਲਦੀ ਹੈ ਅਤੇ ਆਪਣੇ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੁਕ ਹੈ ਉਹ ਅੰਬੇਦਕਰ ਦੇ ਸਮਾਜਵਾਦ ਦੇ ਵਿਚਾਰ ਵਿੱਚ ਵਿਸ਼ਵਾਸ ਰੱਖਦੀ ਹੈ।
ਇਹ ਵੀ ਪੜ੍ਹੋ:
"ਅੰਬੇਦਕਰ ਦਾ ਸਮਾਜਵਾਦ ਅਤੇ ਬਰਾਬਰੀ ਬਾਰੇ ਵਿਚਾਰ ਬਹੁਤ ਸਾਰੇ ਦਲਿਤ ਨੌਜਵਾਨਾਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਤੱਤ ਰਿਹਾ ਹੈ।"
ਉਨ੍ਹਾਂ ਨੇ 2014 ਵਿੱਚ ਪ੍ਰਕਾਸ਼ਤ ਹੋਈ ਸਾਖਰਤਾ ਦਰ 'ਤੇ ਐਨਐਸਐਸਓ ਦੇ ਅਧਿਐਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਜਰਾਤ ਵਰਗੇ ਸੂਬਿਆਂ ਵਿੱਚ ਜਿਥੇ ਦਲਿਤਾਂ 'ਤੇ ਤਸ਼ਦਦ ਵਧੇਰੇ ਹੁੰਦੇ ਹਨ, ਉੱਥੇ ਦਲਿਤਾਂ ਵਿੱਚ ਸਾਖਰਤਾ ਦਰ ਵੀ ਵੱਧ ਹੈ।
ਉਨ੍ਹਾਂ ਕਿਹਾ, "ਜਿੰਨੇ ਸਿੱਖਅਤ ਹੋਣਗੇ ਉਨ੍ਹੇ ਹੀ ਵਿਤਕਰੇ ਦੀਆਂ ਪਰੰਪਰਾਵਾਂ ਖਿਲਾਫ਼ ਵਿਰੋਧ ਹੋਵੇਗਾ ਅਤੇ ਵਧੇਰੇ ਬਦਲੇ ਦੀ ਭਾਵਨਾ ਹੋਵੇਗੀ।"
ਜਿਵੇਂ ਕਿ ਬੀ ਆਰ ਅੰਬੇਦਕਰ ਦਾ ਮਸ਼ਹੂਰ ਕਥਨ ਹੈ ਕਿ ਰਾਜਨੀਤਿਕ ਜ਼ੁਲਮ ਸਮਾਜਿਕ ਜ਼ੁਲਮ ਦੀ ਤੁਲਨਾ ਵਿੱਚ ਕੁਝ ਵੀ ਨਹੀਂ ਹੈ ਅਤੇ ਸਮਾਜ ਨੂੰ ਲਲਕਾਰਨ ਵਾਲਾ ਇੱਕ ਸੁਧਾਰਕ, ਇੱਕ ਰਾਜਨੇਤਾ ਨਾਲੋਂ ਵਧੇਰੇ ਦਲੇਰ ਆਦਮੀ ਹੈ, ਜੋ ਸਰਕਾਰ ਨੂੰ ਨਕਾਰਦਾ ਹੈ। ਇਹ ਛੋਟੇ-ਛੋਟੇ ਵਿਰੋਧ ਆਉਣ ਵਾਲੇ ਸਾਲਾਂ ਵਿੱਚ ਵੱਡੀ ਤਬਦੀਲੀ ਦਾ ਪ੍ਰਤੀਬਿੰਬ ਹਨ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Lu63Z0G84wI
https://www.youtube.com/watch?v=5DaVHi0YUBg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਕਸ਼ਮੀਰ ''ਤੇ ਪਾਕਿਸਤਾਨ ਗੱਲਬਾਤ ਲਈ ਤਿਆਰ, ਪਰ ਸ਼ਰਤਾਂ ਦੇ ਨਾਲ
NEXT STORY