ਭਾਰਤ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਓਲਾ ਅਤੇ ਉਬਰ ਵਰਗੀਆਂ ਕੈਬ ਸੇਵਾਵਾਂ ਨੂੰ ਆਟੋ ਸੈਕਟਰ ਵਿੱਚ ਚੱਲ ਰਹੀ ਮੰਦੀ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਦੱਸਿਆ ਹੈ।
ਨਿਰਮਲਾ ਸੀਤਾਰਮਨ ਦੀ ਪ੍ਰੈੱਸ ਕਾਨਫਰੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਮਿਲੇਨੀਅਲ ਨਵੇਂ ਵਾਹਨ ਖਰੀਦਣ ਲਈ ਮਾਸਿਕ ਕਿਸ਼ਤਾਂ ਵਿੱਚ ਬੱਝਣਾ ਨਹੀਂ ਚਾਹੁੰਦੇ' ਅਤੇ ਓਲਾ, ਉਬਰ ਵਰਗੀਆਂ ਕੈਬ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ। ਇਸਦਾ ਅਸਰ ਆਟੋ ਇੰਡਸਟਰੀ 'ਤੇ ਪੈ ਰਿਹਾ ਹੈ।'
ਵੀਰਵਾਰ ਨੂੰ #Millennials ਟਵਿੱਟਰ ਦੇ ਟੌਪ ਟਰੈਂਡ ਵਿੱਚ ਸ਼ਾਮਲ ਰਿਹਾ ਜਿਸਦੇ ਨਾਲ ਬਹੁਤ ਸਾਰੇ ਲੋਕ ਉਨ੍ਹਾਂ ਦੇ ਬਿਆਨ 'ਤੇ ਚੁਟਕੀ ਲੈਂਦੇ ਨਜ਼ਰ ਆਏ।
ਇਹ ਵੀ ਪੜ੍ਹੋ:
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕੀ ''ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਸ (ਸਿਆਮ) ਮੁਤਾਬਕ ਅਗਸਤ ਮਹੀਨੇ ਦੀ ਵਾਹਨ ਵਿਕਰੀ ਵਿੱਚ ਲਗਾਤਾਰ ਨੌਂਵੇਂ ਮਹੀਨੇ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਆਟੋ ਸੈਕਟਰ ਵਿੱਚ ਇਹ ਸੁਸਤੀ ਕਦੋਂ ਤੱਕ ਰਹਿਣ ਦੀ ਉਮੀਦ ਹੈ? ਕਈ ਵੱਡੇ ਕਾਰ ਡੀਲਰ ਇਹ ਦਾਅਵਾ ਕਰ ਰਹੇ ਹਨ ਕਿ ਸਰਕਾਰ ਗੱਡੀਆਂ ਦੀ ਵਿੱਕਰੀ 'ਤੇ 28 ਫ਼ੀਸਦ ਐੱਸਜੀਐੱਸਟੀ ਅਤੇ 17 ਫ਼ੀਸਦ ਸੇਸ ਵਸੂਲ ਰਹੀ ਹੈ ਜਿਸ ਵਿੱਚ ਕੁਝ ਕਟੌਤੀ ਕੀਤੀ ਜਾਵੇ ਤਾਂ ਇਸ ਨਾਲ ਆਟੋ ਵਿਕਰੀ ਵਧੇਗੀ। ਇਸ 'ਤੇ ਸਰਕਾਰ ਨੇ ਕੀ ਵਿਚਾਰ ਕੀਤਾ?"
https://twitter.com/FinMinIndia/status/1171309546200977408
ਇਸਦੇ ਜਵਾਬ ਵਿੱਚ ਖਜ਼ਾਨਾ ਮੰਤਰੀ ਨੇ ਕਿਹਾ ਸੀ, "ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇਹ ਤਰਕ ਠੀਕ ਲਗਦਾ ਹੈ ਪਰ ਇਹ ਵੀ ਸੱਚ ਹੈ ਕਿ ਦੋ ਸਾਲ ਪਹਿਲਾਂ ਤੱਕ ਭਾਰਤੀ ਆਟੋਮੋਬਾਈਲ ਇੰਡਸਟਰੀ ਦਾ ਚੰਗਾ ਸਮਾਂ ਰਿਹਾ ਹੈ। ਪਰ ਕਈ ਕਾਰਨਾਂ ਕਰਕੇ ਹੁਣ ਇਸ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀਐੱਸ-6 ਦਾ ਆਉਣਾ ਅਤੇ ਰਜਿਸਟ੍ਰੇਸ਼ਨ ਫੀਸ ਨਾਲ ਸਬੰਧਿਤ ਕਾਰਨ ਇਸ ਵਿੱਚ ਸ਼ਾਮਲ ਹਨ।''
''ਇਸ ਤੋਂ ਕੁਝ ਅਧਿਐਨ ਹੋਏ ਹਨ ਜੋ ਦੱਸਦੇ ਹਨ ਕਿ ਮਿਲੇਨੀਅਲ (ਨਵੀਂ ਪੀੜ੍ਹੀ ਦੇ ਲੋਕ) ਕੋਈ ਨਵਾਂ ਵਾਹਨ ਖਰੀਦਣ ਲਈ ਕਰਜ਼ ਲੈ ਕੇ ਮਾਸਿਕ ਕਿਸ਼ਤਾਂ ਵਿੱਚ ਬੱਝਣਾ ਨਹੀਂ ਚਾਹੁੰਦੇ ਅਤੇ ਸਫ਼ਰ ਕਰਨ ਲਈ ਓਲਾ, ਉਬਰ ਵਰਗੀਆਂ ਸੇਵਾਵਾਂ ਜਾਂ ਫਿਰ ਮੈਟਰੋ ਤੋਂ ਜਾਣਾ ਬਿਹਤਰ ਸਮਝਦੇ ਹਨ। ਇਹ ਸਾਰੇ ਕਾਰਨ ਆਟੋ ਇੰਡਸਟਰੀ 'ਤੇ ਅਸਰ ਕਰ ਰਹੇ ਹਨ।"
ਸੰਕੇਤਿਕ ਤਸਵੀਰ
ਬੀਤੇ ਦੋ ਦਹਾਕਿਆਂ ਵਿੱਚ ਪੈਸੇਂਜਰ ਵਾਹਨਾਂ ਦੀ ਵਿੱਕਰੀ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਅਗਸਤ 2019 ਵਿੱਚ ਦਰਜ ਕੀਤਾ ਗਿਆ ਹੈ। ਉਸ 'ਤੇ ਖਜ਼ਾਨਾ ਮੰਤਰੀ ਦੀ ਇਸ ਦਲੀਲ ਵਿੱਚ ਕਿੰਨਾ ਦਮ ਹੈ?
ਅਸੀਂ ਇਸਦੀ ਪੜਤਾਲ ਕੀਤੀ ਅਤੇ ਦੇਖਿਆ ਕਿ ਸਿਆਮ ਦੇ ਅੰਕੜੇ, ਪਿਛਲੇ ਸਾਲਾਂ ਵਿੱਚ ਟੈਕਸੀ ਜਾਂ ਕੈਬ ਦੇ ਰਜਿਸਟ੍ਰੇਸ਼ਨ ਦਾ ਡਾਟਾ ਅਤੇ ਕੈਬ ਸੇਵਾਵਾਂ ਦਾ ਡਿਗਦਾ 'ਗ੍ਰੋਥ ਰੇਟ' ਵਿੱਤ ਮੰਤਰੀ ਦੇ ਬਿਆਨ 'ਤੇ ਸਵਾਲ ਚੁੱਕਦੇ ਹਨ।
ਗਿਰਾਵਟ ਕਾਰਾਂ ਤੱਕ ਸੀਮਤ ਨਹੀਂ
ਵਾਹਨ ਕੰਪਨੀਆਂ ਦਾ ਸੰਗਠਨ 'ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਸ' ਵਿੱਤੀ ਸਾਲ 1997-98 ਤੋਂ ਵਾਹਨਾਂ ਦੀ ਥੋਕ ਵਿੱਕਰੀ ਦੇ ਅੰਕੜੇ ਦਰਜ ਕਰ ਰਿਹਾ ਹੈ।
ਸਿਆਮ ਦੇ ਮੁਤਾਬਕ ਭਾਰਤ ਵਿੱਚ ਜਿਹੜੀਆਂ ਗੱਡੀਆਂ ਓਲਾ ਅਤੇ ਉਬਰ ਵਰਗੀਆਂ ਕੈਬ ਸੇਵਾਵਾਂ ਵੱਲੋਂ ਵਰਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਵਿੱਕਰੀ ਵਿੱਚ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ.
ਸੰਗਠਨ ਦੀ ਰਿਪੋਰਟ ਦੱਸਦੀ ਹੈ ਕਿ ਮੌਜੂਦਾ ਗਿਰਾਵਟ ਕਾਰਾਂ (ਪੈਸੇਂਜਰ ਵ੍ਹੀਕਲ) ਦੀ ਵਿੱਕਰੀ ਤੱਕ ਸੀਮਤ ਨਹੀਂ ਹੈ।
ਥ੍ਰੀ ਵ੍ਹੀਲਰ, ਟਰੈਕਟਰ ਅਤੇ ਹੋਰ ਭਾਰੀ ਵਾਹਨਾਂ ਸਮੇਤ ਦੋ ਪਹੀਆ ਵਾਹਨਾਂ ਦੀ ਵਿੱਕਰੀ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਯਾਨਿ ਕਿ ਓਲਾ ਅਤੇ ਉਬਰ ਵਿੱਚ ਇਸਤੇਮਾਲ ਨਾ ਹੋਣ ਵਾਲੇ ਵਾਹਨਾਂ ਦੀ ਵਿੱਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸਿਆਮ ਦੇ ਮੁਤਾਬਕ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿੱਕਰੀ ਵਿੱਚ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ।
ਸਿਆਮ ਨੇ 9 ਸਤੰਬਰ 2019 ਨੂੰ ਜਾਰੀ ਆਪਣੇ ਪ੍ਰੈੱਸ ਰਿਲੀਜ਼ ਵਿੱਚ ਦਾਅਵਾ ਕੀਤਾ ਹੈ ਕਿ ਅਪ੍ਰੈਲ-ਅਗਸਤ 2018 ਵਿੱਚ ਭਾਰਤੀ ਆਟੋ-ਇੰਡਸਟਰੀ ਨੇ ਜਿੱਥੇ 13,699,848 ਵਾਹਨ ਬਣਾਏ ਸਨ, ਉੱਥੇ ਹੀ ਅਪ੍ਰੈਲ-ਅਗਸਤ 2019 ਵਿੱਚ ਇਹ ਅੰਕੜਾ ਘੱਟ ਕੇ 12,020,944 ਰਹਿ ਗਿਆ।
ਯਾਨਿ ਵਾਹਨਾਂ ਦੇ ਪ੍ਰੋਡਕਸ਼ਨ ਵਿੱਚ ਵੀ 12.25 ਫ਼ੀਸਦ ਦੀ ਗਿਰਾਵਟ ਹੋਈ ਹੈ।
ਭਾਰਤ ਵਿੱਚ ਸਭ ਤੋਂ ਵੱਧ ਕਾਰਾਂ ਵੇਚਣ ਵਾਲੀ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਨੇ ਨਿਊਜ਼ ਏੰਜਸੀ ਪੀਟੀਆਈ ਨੂੰ ਕਿਹਾ ਹੈ, "ਭਾਰਤੀ ਵਿੱਤ ਮੰਤਰੀ ਨੇ ਜੋ ਗੱਲ ਕਹੀ ਹੈ, ਉਸ ਨਤੀਜੇ 'ਤੇ ਪਹੁੰਚਣ ਲਈ ਇੱਕ ਵਿਆਹ ਅਧਿਐਨ ਦੀ ਲੋੜ ਹੈ। ਫਿਲਹਾਲ ਸਾਨੂੰ ਨਹੀਂ ਲਗਦਾ ਕਿ ਦੇਸ ਵਿੱਚ ਕਾਰਾਂ ਦੀ ਆਨਰਸ਼ਿਪ ਦੀ ਪੈਟਰਨ ਬਦਲਿਆ ਹੈ ਅਤੇ ਗੱਡੀਆਂ ਦੀ ਘਟਦੀ ਵਿੱਕਰੀ ਵਿੱਚ ਓਲਾ-ਉਬਰ ਕੋਈ ਵੱਡਾ ਕਾਰਨ ਹਨ।"
ਇਹ ਵੀ ਪੜ੍ਹੋ:
ਸ਼ਸ਼ਾਂਕ ਕਹਿੰਦੇ ਹਨ, "ਓਲਾ ਅਤੇ ਉਬਰ ਵਰਗੀਆਂ ਕੈਬ ਸੇਵਾਵਾਂ ਪਿਛਲੇ 6-7 ਸਾਲ ਵਿੱਚ ਹੀ ਸ਼ੁਰੂ ਹੋਈਆਂ ਹਨ। ਇਹੀ ਉਹ ਦੌਰ ਵੀ ਹੈ ਜਿਸ ਨੂੰ ਆਟੋ ਇੰਡਸਟਰੀ ਦਾ ਸਭ ਤੋਂ ਚੰਗਾ ਸਮਾਂ ਕਿਹਾ ਜਾ ਸਕਦਾ ਹੈ। ਤਾਂ ਬੀਤੇ ਕੁਝ ਮਹੀਨਿਆਂ ਵਿੱਚ ਇਨ੍ਹਾਂ ਕੈਬ ਸੇਵਾਵਾਂ ਨੇ ਅਜਿਹਾ ਕੀ ਕਰ ਦਿੱਤਾ ਜਿਸਦੇ ਕਾਰਨ ਪੂਰੀ ਇੰਡਸਟਰੀ ਵਿੱਚ ਗਿਰਾਵਟ ਹੋਣ ਲੱਗੀ। ਮੈਂ ਨਹੀਂ ਮੰਨਦਾ ਕਿ ਇਹ ਗਿਰਾਵਟ ਓਲਾ-ਉਬਰ ਦੇ ਕਾਰਨ ਹੈ।''
ਅਮਰੀਕੀ ਆਟੋ ਸੈਕਟਰ ਦਾ ਜ਼ਿਕਰ ਕਰਦੇ ਹੋਏ ਸ਼ਸ਼ਾਂਕ ਨੇ ਕਿਹਾ ਕਿ ਅਮਰੀਕਾ ਵਿੱਚ ਅੱਜ ਉਬਰ ਦਾ ਨੈੱਟਵਰਕ ਬਹੁਤ ਵੱਡਾ ਹੈ ਫਿਰ ਵੀ ਗੱਡੀਆਂ ਦੀ ਵਿੱਕਰੀ ਬੀਤੇ ਕੁਝ ਸਾਲਾਂ ਵਿੱਚ ਜ਼ਬਰਦਸਤ ਰਹੀ ਹੈ।''
ਸੀਨੀਅਰ ਅਰਥਸ਼ਾਸਤਰੀ ਵਿਵੇਕ ਕੌਲ ਨੇ ਆਟੋ ਸੈਕਟਰ ਦੀ ਇਸ ਹਾਲਤ 'ਤੇ ਬੀਬੀਸੀ ਨੂੰ ਕਿਹਾ, "ਮਿਲੇਨੀਅਲਜ਼ ਦੇ ਪੈਸੇਂਜਰ ਕਾਰਾਂ ਨਾ ਖਰੀਦਣ ਨੂੰ ਆਟੋ ਸੈਕਟਰ ਦੀ ਸੁਸਤੀ ਦਾ ਕਾਰਨ ਦੱਸਣਾ, ਇਸ ਪੂਰੀ ਸਥਿਤੀ ਨੂੰ ਬਹੁਤ ਹਲਕੇ ਵਿੱਚ ਲੈਣ ਵਾਲੀ ਗੱਲ ਹੈ। ਆਟੋ ਸੈਕਟਰ ਦੀ ਹਰ ਸ਼੍ਰੇਣੀ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੱਚਾਈ ਇਹ ਹੈ ਕਿ ਸੋਸਾਇਟੀ ਵਿੱਚ ਪੈਸੇ ਖਰਚ ਕਰਨ ਨੂੰ ਲੈ ਕੇ ਚਿੰਤਾ ਹਨ ਅਤੇ ਲੋਕ 'ਇਕਨੌਮਿਕ ਫਿਊਚਰ' ਨੂੰ ਲੈ ਕੇ ਭਰੋਸੇਮੰਦ ਨਹੀਂ ਹਨ।''
ਕੈਬ ਰਜਿਸਟ੍ਰੇਸ਼ਨ ਘੱਟ ਹੋਇਆ
ਵਿੱਤ ਮੰਤਰੀ ਦੇ ਬਿਆਨ ਮੁਤਾਬਕ ਕੁਝ ਸੰਭਾਵਿਤ ਖਰੀਦਦਾਰਾਂ ਨੇ ਓਲਾ ਅਤੇ ਉਬਰ ਵਰਗੀਆਂ ਸੇਵਾਵਾਂ ਦੇ ਚਲਦੇ ਪੈਸੇਂਜਰ ਵਾਹਨ ਨਹੀਂ ਖਰੀਦੇ।
ਤਾਂ ਕੀ ਇਸ ਸਥਿਤੀ ਵਿੱਚ ਓਲਾ-ਉਬਰ ਸਮੇਤ ਹੋਰ ਟੈਕਸੀ ਸੇਵਾਵਾਂ ਲਈ ਚੱਲ ਰਹੇ ਵਾਹਨਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ?
ਇਸਦੀ ਪੜਤਾਲ ਕਰਨ ਲਈ ਅਸੀਂ ਕੁਝ ਸੂਬਿਆਂ ਦੇ ਕਮਰਸ਼ੀਅਲ ਵਾਹਨਾਂ ਦੇ ਰਜਿਸਟ੍ਰੇਸ਼ਨ ਅੰਕੜਿਆਂ 'ਤੇ ਨਜ਼ਰ ਮਾਰੀ।
ਰਿਸਰਚ ਲਈ ਅਸੀਂ ਦਿੱਲੀ, ਮਹਾਰਾਸ਼ਟਰ, ਕਰਨਾਟਕ ਅਤੇ ਪੱਛਮੀ ਬੰਗਾਲ ਨੂੰ ਚੁਣਿਆ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਓਲਾ ਉਬਰ ਵਰਗੀਆਂ ਐਪ ਬੇਸਡ ਸੇਵਾਵਾਂ ਹੋਰ ਸੂਬਿਆਂ ਦੇ ਮੁਕਾਬਲੇ ਇੱਥੇ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਓਲਾ ਅਤੇ ਉਬਰ ਇਨ੍ਹਾਂ ਸੂਬਿਆਂ ਵਿੱਚ ਕਾਰਾਂ ਦੇ ਨਾਲ-ਨਾਲ ਆਟੋ ਰਿਕਸ਼ਾ ਦੇ ਜ਼ਰੀਏ ਵੀ ਆਪਣੀ ਸਰਵਿਸ ਮੁਹੱਈਆ ਕਰਵਾ ਰਹੇ ਹਨ। ਅਸੀਂ ਦੇਖਿਆ ਕਿ ਇਨ੍ਹਾਂ ਸਾਰੇ ਸੂਬਿਆਂ ਵਿੱਚ 1 ਜਨਵਰੀ ਤੋਂ 11 ਸਤੰਬਰ 2018 ਦੀ ਤੁਲਨਾ ਵਿੱਚ ਇਸ ਸਾਲ 11 ਸਤੰਬਰ ਤੱਕ ਟੈਕਸੀ ਅਤੇ ਥ੍ਰੀ ਵ੍ਹੀਲਰਾਂ ਦਾ ਕਮਰਸ਼ੀਅਲ ਰਜਿਸਟ੍ਰੇਸ਼ਨ ਘੱਟ ਹੋਇਆ ਹੈ।
ਕੀ ਕੈਬ ਯੂਜ਼ਰ ਤੇਜ਼ੀ ਨਾਲ ਵਧੇ
ਆਟੋ ਸੈਕਟਰ ਦੇ ਵਿਸ਼ਲੇਸ਼ਕਾਂ ਮੁਤਾਬਕ ਐਪ ਬੇਸਡ ਕੈਬ ਸੇਵਾਵਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਲੋਕ ਰੋਜ਼ਾਨਾ 36 ਲੱਖ ਤੋਂ ਵੱਧ ਸਫ਼ਰ ਕਰਦੇ ਹਨ।
ਵਿੱਤ ਮੰਤਰੀ ਆਪਣੇ ਬਿਆਨ ਵਿੱਚ ਇਨ੍ਹਾਂ ਲੋਕਾਂ ਦਾ ਜ਼ਿਕਰ ਕਰ ਰਹੇ ਸਨ ਜੋ ਉਨ੍ਹਾਂ ਦੇ ਹਿਸਾਬ ਨਾਲ ਗੱਡੀ ਖਰੀਦ ਸਕਦੇ ਸਨ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਕੈਬ ਦੀ ਮਦਦ ਨਾਲ ਆਪਣਾ ਸਫ਼ਰ ਜਾਰੀ ਰੱਖਿਆ।
ਪਰ ਕੀ ਅਜਿਹੇ ਲੋਕਾਂ ਦੀ ਸੰਖਿਆ ਦੇਸ ਵਿੱਚ ਬਹੁਤ ਤੇਜ਼ੀ ਵਾਲ ਵਧੀ ਹੈ ਜਿਸਦੇ ਕਾਰਨ ਆਟੋ ਸੈਕਟਰ 'ਤੇ ਇਸਦਾ ਅਸਰ ਦਿਖਣ ਲੱਗੇ? ਅਜਿਹਾ ਨਹੀਂ ਹੈ।
ਹਾਲ ਹੀ ਵਿੱਚ 'ਇਕਨੌਮਿਕ ਟਾਈਮਜ਼' ਅਖ਼ਬਾਰ ਵਿੱਚ ਆਟੋ ਸੈਕਟਰ ਦੇ ਵਿਸ਼ਲੇਸ਼ਕਾਂ ਅਤੇ ਓਲਾ-ਉਬਰ ਕੰਪਨੀ ਦੇ ਅੰਦਰੂਨੀ ਸੂਤਰਾਂ ਦੇ ਹਵਾਲਾਂ ਤੋਂ ਇੱਕ ਰਿਪੋਰਟ ਛਪੀ ਸੀ ਜਿਸਦੇ ਮੁਤਾਬਕ ਇਨ੍ਹਾਂ ਕੰਪਨੀਆਂ ਦੀ ਗ੍ਰੋਥ ਹੁਣ ਬਹੁਤ ਹੌਲੀ ਸਪੀਡ ਨਾਲ ਹੋ ਰਹੀ ਹੈ।
ਇਸ ਰਿਪੋਰਟ ਦੇ ਮੁਤਾਬਕ ਸਾਲ 2019 ਵਿੱਚ ਐਪ ਬੇਸਡ ਕੈਬ ਸੇਵਾਵਾਂ ਦੀ ਵਰਤੋਂ ਰਾਹੀਂ ਸਿਰਫ਼ ਡੇਢ ਲੱਖ ਨਵੀਂ ਰਾਈਡ ਕੀਤੀ ਗਈ ਹੈ। ਜਦਕਿ ਸਾਲ 2018 ਵਿੱਚ ਓਲਾ-ਉਬਰ ਯੂਜ਼ਰਜ਼ ਨੇ ਕਰੀਬ 35 ਲੱਖ ਰਾਈਡ ਕੀਤੀ ਸੀ।
ਰਿਪੋਰਟ ਵਿੱਚ ਲਿਖਿਆ ਹੈ ਕਿ ਸਾਲ 2016 ਵਿੱਚ ਇਹ ਕੰਪਨੀਆਂ 90 ਫ਼ੀਸਦ ਦੇ ਗ੍ਰੋਥ ਰੇਟ 'ਤੇ ਸੀ ਜੋ 2017 ਵਿੱਚ ਘੱਟ ਕੇ 57 ਫ਼ੀਸਦ ਹੋਇਆ, 2018 ਵਿੱਚ 20 ਫ਼ੀਸਦ ਅਤੇ ਜੂਨ 2019 ਤੱਕ ਇਹ ਗ੍ਰੋਥ ਰੇਟ 4.5 ਫ਼ੀਸਦ ਰਹਿ ਗਿਆ ਹੈ।
ਇਹ ਵੀ ਪੜ੍ਹੋ:
ਤਾਂ ਵਿੱਤ ਮੰਤਰੀ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਜਾਵੇ?
ਬੀਬੀਸੀ ਨਾਲ ਗੱਲ ਕਰਦੇ ਹੋਏ ਭਾਰਤੀ ਬੈਂਕ ਐੱਚਡੀਐੱਫਸੀ ਦੇ ਚੀਫ਼ ਇਕੌਨੋਮਿਸਟ ਅਭੀਕ ਬਰੂਆ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਗੱਲ ਵਿੱਚ ਪੁਆਇੰਟ ਹੈ ਅਤੇ ਉਸ ਨੂੰ ਸਿਰੇ ਤੋਂ ਖਾਰਿਜ ਕਰਨਾ ਗ਼ਲਤ ਹੋਵੇਗਾ।
ਅਭੀਰ ਨੇ ਕਿਹਾ,''ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਟੋ ਸੈਕਟਰ ਵਿੱਚ ਕਈ ਕਾਰਨਾਂ ਕਰਕੇ ਮੰਦੀ ਆਈ ਹੈ। ਫਾਇਨੈਂਸਿੰਗ ਵਿੱਚ ਕਮੀ ਵੀ ਇੱਕ ਵੱਡਾ ਕਾਰਨ ਹੈ। ਪਰ ਮਿਲੇਨੀਅਲ ਕਾਰ ਖਰੀਦਣ ਦੀ ਥਾਂ ਐਪ ਬੇਸਡ ਕੈਬ ਸੇਵਾਵਾਂ ਨੂੰ ਪਸੰਦ ਕਰ ਰਹੇ ਹਨ ਅਤੇ ਇਸਦਾ ਕੋਈ ਅਸਰ ਆਟੋ ਸੈਕਟਰ 'ਤੇ ਨਹੀਂ ਹੈ, ਇਹ ਸੋਚਣਾ ਇੱਕ ਭੁੱਲ ਸਾਬਿਤ ਹੋ ਸਕਦਾ ਹੈ। ਕਾਮ ਨਿਰਮਾਤਾਵਾਂ ਨੂੰ ਇਸ ਬਾਰੇ ਸੋਚਣਾ ਚਾਹੀਦ ਹੈ।''
ਨਿਰਮਲਾ ਸੀਤਾਰਮਨ ਦੇ ਬਿਆਨ 'ਤੇ ਹੋ ਰਹੀ ਚਰਚਾ ਵਿਚਾਲੇ ਕਈ ਲੋਕ ਮਹਿੰਦਰਾ ਕੰਪਨੀ ਦੇ ਚੇਅਰਮੈਨ ਆਨੰਦ ਮਹਿੰਦਰਾ ਦਾ ਚਾਰ ਸਾਲ ਪੁਰਾਣਾ ਟਵੀਟ ਅਤੇ ਉਨ੍ਹਾਂ ਦਾ ਬਿਆਨ ਵੀ ਸ਼ੇਅਰ ਕਰ ਰਹੇ ਹਨ ਜਿੱਥੇ ਉਨ੍ਹਾਂ ਨੇ ਕਿਹਾ ਸੀ, "ਓਲਾ ਅਤੇ ਉਬਰ ਵਰਗੇ ਟੈਕਸੀ ਐਪ ਆਉਣ ਵਾਲੇ ਸਮੇਂ ਵਿੱਚ ਆਟੋ ਵਿੱਕਰੀ ਨੂੰ ਖਾ ਸਕਦੇ ਹਨ। ਉਸ ਸਮੇਂ ਲੋਕ ਉਹੀ ਕਾਰਾਂ ਖਰੀਦਣਗੇ ਜਿਨ੍ਹਾਂ ਨਾਲ ਉਹ ਪਿਆਰ ਕਰ ਰਹੇ ਹੋਣਗੇ।"
5 ਸਤੰਬਰ 2019 ਨੂੰ 59ਵੇਂ ਸਿਆਮ ਸੰਮੇਲਨ ਵਿੱਚ ਬੋਲਦੇ ਹੋਏ ਕੋਟਕ ਮਹਿੰਦਰਾ ਬੈਂਕ ਦੇ ਚੇਅਰਮੈਨ ਉਦੇ ਕੋਟਕ ਨੇ ਵੀ ਆਟੋ ਸੈਕਟਰ ਵਿੱਚ ਗਾਹਕਾਂ ਦੀ ਬਦਲਦੀ ਸੋਚ ਬਾਰੇ ਗੱਲ ਕੀਤੀ ਸੀ।
ਓਲਾ ਅਤੇ ਉਬਰ ਦਾ ਉਦਾਹਰਣ ਦਿੰਦੇ ਹੋਏ ਕੋਟਕ ਨੇ ਕਿਹਾ ਸੀ, "ਕੈਬ ਸੇਵਾਵਾਂ ਗੱਡੀਆਂ ਦੀ ਸਮਰੱਥਾ ਦੀ 40-50 ਫ਼ੀਸਦ ਤੱਕ ਵਰਤੋਂ ਕਰਦੀ ਹੈ ਤਾਂ ਇੱਕ ਪ੍ਰਾਈਵੇਟ ਕਾਰ ਦੀ ਵਰਤੋਂ ਸਿਰਫ਼ 3-5 ਫ਼ੀਸਦ ਹੀ ਹੁੰਦੀ ਹੈ। ਅਜਿਹੇ ਵਿੱਚ ਜਦੋਂ ਲੋਕਾਂ ਦੀ ਸੋਚ ਵਿੱਚ ਡਿਜ਼ਾਇਨ ਸਬੰਧੀ ਬਦਲਾਅ ਹੋ ਰਿਹਾ ਹੈ, ਤਾਂ ਆਟੋ ਇੰਡਸਟਰੀ ਨੂੰ ਵੀ ਇਸ ਬਦਲਾਅ ਬਾਰੇ ਸੋਚਣਾ ਪਵੇਗਾ।"
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=faqyVPimfQ4
https://www.youtube.com/watch?v=db06WklH83M
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਫਿਰੋਜ਼ਪੁਰ ''ਚ ਮਿਲੇ ਜ਼ਿੰਦਾ ਬੰਬ ਸ਼ੈਲ, ਕਠੂਆ ''ਚ ਫੜੇ ਗਏ ਹਥਿਆਰ
NEXT STORY