"ਅੱਠ ਮਹੀਨੇ ਹੋਣ ਨੂੰ ਆਏ ਹਰਿਆਣਾ ਸਰਕਾਰ ਵੱਲੋਂ ਨਾ 50 ਲੱਖ ਦੀ ਸਹਾਇਤਾ ਰਾਸ਼ੀ ਮਿਲੀ, 6 ਬੀਘੇ 'ਚ ਯਾਦਗਾਰ ਅਤੇ ਪਰਿਵਾਰ 'ਚ ਇੱਕ ਸਰਕਾਰੀ ਨੌਕਰੀ ਇਨ੍ਹਾਂ 'ਚੋਂ ਕੋਈ ਵੀ ਐਲਾਨ ਪੂਰਾ ਨਹੀਂ ਕੀਤਾ ਗਿਆ।"
ਅਜਿਹਾ ਕਹਿਣਾ ਹੈ ਕਿ ਬਾਲਾਕੋਟ ਏਅਸਟਰਾਈਕ ਮਗਰੋਂ 27 ਫਰਵਰੀ ਨੂੰ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੌਰਾਨ ਕਸ਼ਮੀਰ 'ਚ ਹਾਦਸੇ ਦੇ ਸ਼ਿਕਾਰ ਹੋਏ ਭਾਰਤੀ ਫੌਜ ਦੇ ਹੈਲੀਕਾਪਟਰ 'ਚ ਮਾਰੇ ਗਏ ਇੰਡੀਅਨ ਏਅਰ ਫੋਰਸ ਦੇ ਸਾਰਜੈਂਟ ਵਿਕਰਾਂਤ ਸਹਿਰਾਵਤ ਦੇ ਪਿਤਾ ਕ੍ਰਿਸ਼ਣਾ ਸਹਿਰਾਵਤ ਦਾ।
ਇਸ ਦੌਰਾਨ ਹੈਲੀਕਾਪਟਰ ਵਿੱਚ 5 ਹੋਰ ਜਵਾਨ ਵੀ ਸਵਾਰ ਸਨ, ਜੋ ਇਸ ਹਾਦਸੇ 'ਚ ਮਾਰੇ ਗਏ ਸਨ।
ਇੱਕ ਮਾਰਚ ਨੂੰ ਵਿਕਰਾਂਤ ਸਹਿਰਾਵਤ ਦੇ ਅੰਤਿਮ ਸੰਸਕਾਰ 'ਤੇ ਕਰੀਬ 10 ਹਜ਼ਾਰ ਤੋਂ ਵੱਧ ਲੋਕ ਹਰਿਆਣਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਦਾਨੀ ਪਹੁੰਚੇ ਸਨ।
ਇਹ ਵੀ ਪੜ੍ਹੋ-
https://www.youtube.com/watch?v=SX6DdrrZmOI
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸੂਬੇ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ, ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਪ੍ਰਸ਼ਾਸਨ ਦੇ ਕਈ ਵੱਡੇ ਅਧਿਕਾਰੀ ਵੀ ਵਿਕਰਾਂਤ ਦੇ ਮਾਪਿਆਂ ਨੂੰ ਹੌਂਸਲਾ ਦੇਣ ਆਏ ਸਨ।
ਪਿੰਡ ਦੇ ਬੱਸ ਅੱਡੇ 'ਤੇ ਪੁੱਛਣ 'ਤੇ ਵਿਕਰਾਂਤ ਦਾ ਘਰ ਤਾਂ ਕੋਈ ਵੀ ਦੱਸ ਦੇਵੇਗਾ ਪਰ ਉਨ੍ਹਾਂ ਦੇ ਬੁੱਢੇ ਮਾਪਿਆਂ ਨਾਲ ਮਿਲਣ ਕੋਈ ਨਹੀਂ ਜਾਂਦਾ।
'ਵਿਕਰਾਂਤ ਇਕੱਲਾ ਹੀ ਪਰਿਵਾਰ 'ਚ ਕਮਾਉਣ ਵਾਲਾ ਸੀ'
ਪਿੰਡ ਦੇ ਟੋਭੇ ਸਾਹਮਣੇ ਹੀ ਵਿਕਰਾਂਤ ਦਾ ਘਰ ਹੈ ਜਿਸ ਵਿੱਚ ਉਨ੍ਹਾਂ ਦੀ ਬੁੱਢੀ ਮਾਂ ਭਾਂਡਿਆਂ ਤੋਂ ਲੈ ਕੇ ਜਾਨਵਰਾਂ ਤੱਕ ਦਾ ਕੰਮ ਕਰਦੇ ਹੋਏ ਨਜ਼ਰ ਆਈ।
ਵਿਕਰਾਂਤ ਦਾ ਛੋਟਾ ਭਰਾ ਵਿਸ਼ਾਂਤ ਸਾਨੂੰ ਘਰ ਅੰਦਰ ਆਉਣ ਲਈ ਕਹਿੰਦਾ ਹੈ। ਮਕਾਨ ਦਾ ਕੰਮ ਵੀ ਅਧੂਰਾ ਦਿਖਾਈ ਦੇ ਰਿਹਾ ਹੈ।
ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਰੱਖਦਿਆਂ ਕ੍ਰਿਸ਼ਣ ਦੱਸਦੇ ਹਨ ਕਿ ਉਨ੍ਹਾਂ ਕੋਲ ਇੱਕ ਏਕੜ ਜ਼ਮੀਨ ਹੈ।
ਉਹ ਕਹਿੰਦੇ ਹਨ, "ਵਿਕਰਾਂਤ ਇਕੱਲਾ ਹੀ ਪਰਿਵਾਰ 'ਚ ਕਮਾਉਣ ਵਾਲਾ ਸੀ, ਜਿਸ 'ਤੇ ਅਸੀਂ ਨਿਰਭਰ ਸੀ। ਵਿਸ਼ਾਂਤ ਮੇਰਾ ਛੋਟਾ ਬੇਟਾ ਪ੍ਰਾਈਵੇਟ ਨੌਕਰੀ 'ਚ ਮੁਸ਼ਕਿਲ ਨਾਲ 8-10 ਹਜ਼ਾਰ ਰੁਪਏ ਕਮਾ ਲੈਂਦਾ ਹੈ।"
"ਵਿਕਰਾਂਤ ਦੇ ਜਾਣ ਤੋਂ ਬਾਅਦ ਸਭ ਖ਼ਤਮ ਹੋ ਗਿਆ। ਹਰਿਆਣਾ ਸਰਕਾਰ ਦੇ ਮੁਖੀ ਮਨੋਹਰ ਲਾਲ ਖੱਟਰ ਅਤੇ ਉਨ੍ਹਾਂ ਦੇ ਵੱਡੇ ਮੰਤਰੀ ਸਾਡੇ ਘਰ ਆ ਕੇ ਕਹਿ ਕੇ ਗਏ ਕਿ ਸਹਾਇਤਾ ਰਾਸ਼ੀ ਪਰਿਵਾਰ ਨੂੰ ਦਿੱਤੀ ਜਾਵੇਗੀ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਉਹ ਭੁੱਲਦੇ ਗਏ।"
"ਅਸੀਂ ਕਈ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕੋਲ ਵੀ ਜਵਾਬ ਨਹੀਂ। ਅਜੇ ਕੁਝ ਦਿਨ ਪਹਿਲਾਂ ਹੀ ਏਅਰ ਫੋਰਸ ਵੱਲੋਂ ਕਿਹਾ ਗਿਆ ਹੈ ਕਿ ਹੈਲੀਕਾਪਟਰ ਜਿਸ ਵਿੱਚ ਵਿਕਰਾਂਤ ਸਿਹਰਾਵਤ ਵੀ ਸੀ ਉਹ ਗ਼ਲਤੀ ਨਾਲ ਆਪਣੀ ਸੈਨਾ ਹੱਥੋਂ ਹੀ ਸ਼ਿਕਾਰ ਹੋ ਗਿਆ। ਦੱਸੋ, ਇਹ ਕੋਈ ਗਲ਼ਤੀ ਥੋੜ੍ਹੀ ਹੈ, ਜਿਸ ਨੂੰ ਮੁਆਫ਼ ਕੀਤਾ ਜਾ ਸਕੇ, ਉਤੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ। ਅਸੀਂ ਕਰੀਏ ਤਾਂ ਕੀ ਕਰੀਏ।"
ਵਿਕਰਾਂਤ ਦੀ ਮਾਂ ਕਾਂਤਾ ਸਹਿਰਾਵਤ ਰੋਜ਼ ਉਸ ਥਾਂ 'ਤੇ ਜਾਂਦੇ ਹਨ ਜਿੱਥੇ ਵਿਕਰਾਂਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ ਜਿੱਥੇ ਸਰਕਾਰ ਨੇ ਯਾਦਗਾਰੀ ਪਾਰਕ ਬਣਾਉਣ ਦਾ ਐਲਾਨ ਕੀਤਾ ਸੀ।
ਉਹ ਕਹਿੰਦੇ ਹਨ, "ਅਜੇ ਉੱਥੇ ਤਿਰੰਗਾ ਲਹਿਰਾ ਰਿਹਾ ਹੈ ਅਤੇ ਮੈਂ ਰੋਜ਼ ਘਰੋਂ ਪਾਣੀ, ਕਣਕ, ਬਾਜਰਾ ਅਤੇ ਕੁੱਤਿਆਂ ਲਈ ਰੋਟੀ ਲੈ ਕੇ ਜਾਂਦੀ ਹਾਂ। ਆਪਣਾ ਦਰਦ ਹੌਲਾ ਕਰਨ ਲਈ ਲੁੱਕ-ਲੁੱਕ ਕੇ ਰੋ ਲੈਂਦੀ ਹਾਂ ਕਿ ਮੇਰੇ ਪੁੱਤਰ ਨੇ ਦੇਸ ਲਈ ਜਾਨ ਦਿੱਤੀ ਅਤੇ ਅੱਜ ਉਸ ਨੂੰ ਸਾਰੇ ਭੁੱਲ ਗਏ ਹਨ।"
"ਪਾਰਕ ਨੂੰ ਪੂਰਾ ਕਰਨ ਲਈ ਕਦੇ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ ਕਦੇ ਕਹਿੰਦੇ ਹਨ ਕਿ ਪੈਸੇ ਨਹੀਂ ਹੈ।"
ਕਾਂਤਾ ਦਾ ਕਹਿਣਾ ਹੈ, "ਵਿਕਰਾਂਤ ਜਦੋਂ ਜ਼ਿੰਦਾ ਸੀ ਤਾਂ ਅਸੀਂ ਇੱਜ਼ਤ ਦੀ ਜ਼ਿੰਦਗੀ ਜੀ ਰਹੇ ਸੀ, ਸਰਕਾਰ ਦੇ ਮੁਆਵਜ਼ੇ ਨਾਲ ਵੀ ਅਸੀਂ ਇੱਜ਼ਤ ਦੀ ਜ਼ਿੰਦਗੀ ਹੀ ਜੀਣਾ ਚਾਹੁੰਦੇ ਹਾਂ।"
ਪਿੰਡ ਦੇ ਸਰਪੰਚ ਸੋਮਬੀਰ ਨੇ ਦੱਸਿਆ ਕਿ ਪੰਚਾਇਤ ਨੇ ਵਿਕਰਾਂਤ ਦੀ ਯਾਦਗਾਰ ਲਈ 6 ਬੀਘੇ ਜ਼ਮੀਨ ਵਿਕਰਾਂਤ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਦੇ ਦਿੱਤੀ ਸੀ।
ਸੋਮਬੀਰ ਨੇ ਦੱਸਿਆ, "ਸਰਕਾਰ ਨੇ ਐਲਾਨ ਕੀਤਾ ਸੀ ਕਿ 20 ਲੱਖ ਰੁਪਏ ਦੀ ਲਾਗਤ ਵਾਲਾ ਪਾਰਕ ਬਣਾਇਆ ਜਾਵੇਗਾ ਪਰ ਉਹ ਅਜੇ ਪੂਰਾ ਨਹੀਂ ਹੋਇਆ। ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਅਤੇ ਸਰਕਾਰ ਨੌਕਰੀ ਲਈ ਵੀ ਕੋਈ ਕਾਰਵਾਈ ਨਹੀਂ ਹੋਈ।"
"ਪਿੰਡ ਦੇ ਸਰਪੰਚ ਹੋਣ ਕਰਕੇ ਮੈਂ ਕਈ ਵਾਰ ਇਹ ਮੁੱਦਾ ਚੁੱਕਿਆ ਹੈ ਪਰ ਕਿਸੇ ਨੂੰ ਕੋਈ ਫਰਕ ਨਹੀਂ ਪਿਆ।"
ਜਦੋਂ ਝੱਜਰ ਦੇ ਡਿਪਟੀ ਕਮਿਸ਼ਨਰ ਸੰਜੇ ਜੂਨ ਕੋਲੋਂ ਇਸ ਬਾਰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ 50 ਲੱਖ ਦਾ ਮੁਆਵਜ਼ਾ ਕੁਝ ਦਸਤਾਵੇਜ਼ਾਂ ਕਰਕੇ ਅੜਿਆ ਹੋਇਆ ਹੈ, ਜੋ ਉਨ੍ਹਾਂ ਏਅਰ ਫੋਰਸ ਵੱਲੋਂ ਦਿੱਤਾ ਜਾਣਾ ਹੈ।
ਉਨ੍ਹਾਂ ਨੇ ਦੱਸਿਆ, "ਜਿਵੇਂ ਕਿ ਹੁਣ ਸਾਰਿਆਂ ਨੂੰ ਪਤਾ ਹੈ ਕਿ ਵਿਕਰਾਂਤ ਦੇ ਹੈਲੀਕਾਪਟਰ ਵਾਲੇ ਮਾਮਲੇ 'ਚ ਜਾਂਚ ਚੱਲ ਰਹੀ ਸੀ, ਜੋ ਕੁਝ ਦਿਨ ਪਹਿਲਾਂ ਹੀ ਪੂਰੀ ਹੋਈ ਹੈ ਤਾਂ ਆਸ ਹੈ ਕਿ ਸਰਕਾਰ ਨੂੰ ਉਨ੍ਹਾਂ ਵੱਲੋਂ ਦਸਤਾਵੇਜ਼ ਪੂਰੇ ਕੀਤੇ ਜਾਣਗੇ।"
"ਜਿਥੋਂ ਤੱਕ ਪਾਰਕ ਦਾ ਸਵਾਲ ਹੈ ਉਸ ਦਾ ਕੰਮ ਛੇਤੀ ਪੂਰਾ ਕੀਤਾ ਜਾਵੇਗਾ, ਅਜੇ ਫਾਈਲ ਚੰਡੀਗੜ੍ਹ ਹੈ ਅਤੇ ਨੌਕਰੀ ਲਈ ਵੀ ਛੇਤੀ ਕੰਮ ਹੋ ਜਾਵੇਗਾ।"
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=Rx1KRoZRyu4
https://www.youtube.com/watch?v=tnMdyYqdBog
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅਯੁੱਧਿਆ ਮਾਮਲਾ - ਕਦੋਂ ਆਵੇਗਾ ਫ਼ੈਸਲਾ ਤੇ ਫ਼ੈਸਲੇ ਦੇ ਦਿਨ ਕੀ ਹੋ ਸਕਦਾ ਹੈ
NEXT STORY