ਸੁਪਰੀਮ ਕੋਰਟ ਦੇ ਜੱਜ ਜਸਟਿਸ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਕਿਹਾ ਕਿ ਸਿਆਸੀ ਰੂਪ ਤੋਂ ਸੰਵੇਦਨਸ਼ੀਲ ਅਯੁੱਧਿਆ ਵਿੱਚ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ 'ਤੇ ਸੁਣਵਾਈ ਸ਼ਾਮ 5 ਵਜੇ ਤੱਕ ਪੂਰੀ ਹੋ ਜਾਵੇਗੀ। ਜਸਟਿਸ ਗੋਗੋਈ ਨੇ ਕਿਹਾ,''ਅਸੀਂ ਪੰਜ ਵਜੇ ਤੱਕ ਸੁਣਵਾਈ ਪੂਰੀ ਕਰ ਲਵਾਂਗੇ। ਹੁਣ ਬਹੁਤ ਹੋ ਗਿਆ।''
ਉਮੀਦ ਕੀਤੀ ਜਾ ਰਹੀ ਹੈ ਕਿ 134 ਸਾਲ ਪੁਰਾਣੇ ਇਸ ਵਿਵਾਦ 'ਤੇ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋਣ ਤੋਂ ਪਹਿਲਾਂ ਫ਼ੈਸਲਾ ਸੁਣਾ ਦੇਣਗੇ।
ਸੁਪਰੀਮ ਕੋਰਟ ਤੋਂ ਅਯੁੱਧਿਆ 'ਤੇ ਫ਼ੈਸਲਾ ਆਉਣ ਦੀ ਉਮੀਦ ਅਤੇ ਦਿਵਾਲੀ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ ਹੈ। ਇਸ ਦੇ ਤਹਿਤ ਇੱਕੋ ਵਾਰੀ 4 ਲੋਕ ਇਕੱਠਾ ਨਹੀਂ ਹੋ ਸਕਦੇ। ਡਰੋਨ ਉਡਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਅਯੁੱਧਿਆ ਵਿੱਚ ਧਾਰਾ 144 ਦਸ ਦਸੰਬਰ ਤੱਕ ਲਾਗੂ ਰਹੇਗੀ।
ਸੀਨੀਅਰ ਵਕੀਲ ਕੇ ਪਰਾਸਰਨ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਕਿਹਾ ਸੀ ਕਿ ਹਿੰਦੂ ਸਦੀਆਂ ਤੋਂ ਇਸ ਦੇ ਲਈ ਲੜ ਰਹੇ ਹਨ ਜੋ ਮੰਨਦੇ ਹਨ ਕਿ ਇੱਥੇ ਰਾਮ ਦਾ ਜਨਮ ਹੋਇਆ ਸੀ ਅਤੇ ਮੁਸਲਮਾਨ ਕਿਸੇ ਦੂਜੀ ਮਸਜਿਦ ਵਿੱਚ ਨਮਾਜ਼ ਅਦਾ ਕਰ ਸਕਦੇ ਹਨ।
ਇਹ ਵੀ ਪੜ੍ਹੋ:
ਕੇ ਪਰਾਸਰਨ ਨੇ ਕਿਹਾ ਸੀ, ''ਮੁਸਲਮਾਨ ਕਿਸੇ ਦੂਜੀ ਮਸਜਿਦ ਵਿੱਚ ਨਮਾਜ਼ ਅਦਾ ਕਰ ਸਕਦੇ ਹਨ। ਸਿਰਫ਼ ਅਯੁੱਧਿਆ ਵਿੱਚ 55-60 ਮਸਜਿਦਾਂ ਹਨ ਪਰ ਹਿੰਦੂਆਂ ਲਈ ਇਹ ਰਾਮ ਦਾ ਜਨਮ ਸਥਾਨ ਹੈ। ਅਸੀਂ ਜਨਮ ਸਥਾਨ ਨਹੀਂ ਬਦਲ ਸਕਦੇ।''
ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਨੇ ਮੁਸਲਮਾਨ ਪਟੀਸ਼ਨਕਰਤਾਵਾਂ ਦੀ ਅਗਵਾਈ ਕਰਦੇ ਹੋਏ ਰਾਜੀਵ ਧਵਨ ਨੂੰ ਕਿਹਾ ਸੀ, ''ਜੇਕਰ ਤੁਹਾਨੂੰ ਲਗ ਰਿਹਾ ਹੈ ਕਿ ਕੋਰਟ ਹਿੰਦੂ ਪਾਰਟੀ ਤੋਂ ਵੱਧ ਸਵਾਲ ਕਰ ਰਿਹਾ ਹੈ ਅਸੀਂ ਇਸ ਨੂੰ ਮਾਹੌਲ ਨੂੰ ਹਲਕਾ ਕਰਨ ਲਈ ਕਹਿ ਰਹੇ ਹਾਂ। ਤੁਸੀਂ ਹਰ ਚੀਜ਼ ਨੂੰ ਗੰਭੀਰਤਾਂ ਨਾਲ ਨਾ ਲਓ।''
ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਦਾ 40ਵਾਂ ਦਿਨ ਹੈ। ਕਿਹਾ ਜਾ ਰਿਹਾ ਹੈ ਕਿ ਸੁੰਨੀ ਵਕਫ਼ ਬੋਰਡ ਨੇ ਆਪਣੀ ਅਪੀਲ ਵਾਪਿਸ ਲੈ ਲਈ ਹੈ ਪਰ ਅਜੇ ਤੱਕ ਸੁਪਰੀਮ ਕੋਰਟ ਤੋਂ ਅਜਿਹੀ ਕੋਈ ਪੁਸ਼ਟੀ ਨਹੀਂ ਆਈ ਹੈ।
ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ 6 ਅਗਸਤ ਤੋਂ ਇਸ 'ਤੇ ਸੁਣਵਾਈ ਸ਼ੁਰੂ ਕੀਤੀ ਸੀ। ਇਸ ਬੈਂਚ ਵਿੱਚ ਜਸਟਿਸ ਐਸਏ ਬੋਬਡੇ, ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ ਅਬਦੁਲ ਨਜ਼ੀਰ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪੈਰੋਲ ’ਤੇ ਆਏ ਓਮ ਪ੍ਰਕਾਸ਼ ਚੌਟਾਲਾ ਕਿਉਂ ਆਏ ਵਿਵਾਦਾਂ ਵਿੱਚ
NEXT STORY