ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਪਹਿਲਾਂ ਹੀ ਕਈ ਵਿਵਾਦਾਂ ਦਾ ਮੁੱਢ ਬੰਨ੍ਹ ਦਿੱਤਾ ਹੈ। ਇਹ ਲਾਂਘਾ ਜਿੱਥੇ ਇੱਕ ਪਾਸੇ ਤਣਾਅ ਨਾਲ ਭਰੇ ਭਾਰਤ ਪਾਕਿਸਤਾਨ ਰਿਸ਼ਤਿਆਂ ਤੇ ਆਪਣਾ ਅਸਰ ਪਾਵੇਗਾ ਦੂਸਰੇ ਪਾਸੇ ਪੰਜਾਬ ਦੇ ਸਿਆਸੀ ਸੰਵਾਦ ਨੂੰ ਵੀ ਪ੍ਰਭਾਵਿਤ ਕਰੇਗਾ।
ਭਾਰਤ ਲਈ ਫੌਰੀ ਫ਼ਿਕਰ ਦਾ ਸਬੱਬ ਤਾਂ ਪਾਕਿਸਤਾਨ ਵੱਲੋਂ ਇਸ ਲਾਂਘੇ ਬਾਰੇ ਜਾਰੀ ਕੀਤੀ ਗਈ ਵੀਡੀਓ ਹੈ, ਜਿਸ ਵਿੱਚ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਤਸਵੀਰਾਂ ਵਾਲਾ ਪੋਸਟਰ ਪਿਛੋਕੜ ਵਿੱਚ ਨਜ਼ਰ ਆ ਰਿਹਾ ਹੈ।
ਉਹ ਹਰਿਮੰਦਰ ਸਾਹਿਬ ਕੰਪਲੈਕਸ ’ਤੇ ਜੂਨ 1984 ਦੌਰਾਨ ਭਾਰਤੀ ਫ਼ੌਜ ਵੱਲੋਂ ਕੀਤੇ ਅਪਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਸਨ।
ਇਸ ਵੀਡੀਓ ਦੇ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ, ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਾਂਘੇ ਨੂੰ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਆਈਐੱਸਆਈ ਦੀ -ਮਨਸ਼ਾ ਵਾਲੀ ਯੋਜਨਾ ਦੱਸ ਕੇ ਹਲਚਲ ਮਚਾ ਦਿੱਤੀ ਸੀ।
ਇਹ ਵੀ ਪੜ੍ਹੋ:
ਉਹ ਆਪਣੇ ਇਸ ਸਟੈਂਡ 'ਤੇ ਕਈ ਮਹੀਨਿਆਂ ਤੱਕ ਕਾਇਮ ਰਹੇ। ਰਣਨੀਤਿਕ ਪੱਖ ਤੋਂ ਇੱਕ ਅਹਿਮ ਸੂਬੇ ਦੇ ਮੁੱਖ ਮੰਤਰੀ ਹੋਣ ਨਾਤੇ ਉਹ ਕਿਸੇ ਜਾਣਕਾਰੀ ਦੇ ਅਧਾਰ 'ਤੇ ਹੀ ਕਹਿ ਰਹੇ ਹੋਣਗੇ
ਹਾਲਾਂਕਿ ਇਸ ਲਾਂਘੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਹਮਲਾਵਰ ਰੁਖ ਦਾ ਮੌਕਾ-ਮੇਲ ਜਿਵੇਂ ਕਿ ਕਈ ਵਿਸ਼ਲੇਸ਼ਕ ਸਮਝਦੇ ਹਨ, ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਆਪਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬਦਲੇ ਰੁਖ਼ ਨਾਲ ਹੋਇਆ ਹੈ।
ਭਾਜਪਾ ਬਹੁਤ ਸਾਰੇ ਹੋ-ਹੱਲੇ ਦੇ ਬਾਵਜੂਦ ਇਨ੍ਹਾਂ ਦੋਹਾਂ ਸੂਬਿਆਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੀ। ਲੋਕ ਸਭਾ ਚੋਣਾਂ ਦੇ ਸਮੇਂ ਤੋਂ ਹੀ ਇਹ ਧਾਰਨਾ ਉਭਰ ਰਹੀ ਸੀ ਕਿ ਭਾਜਪਾ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨਾ ਚਾਹੁੰਦੀ ਹੈ, ਜਾਂ ਅਕਾਲੀ ਦਲ ਤੋਂ ਬਹੁਤੀਆਂ ਸੀਟਾਂ ਦੀ ਮੰਗ ਕਰੇਗੀ।
ਪੰਜਾਬ ਦੀ ਸਿਆਸਤ 'ਤੇ ਅਸਰ
ਇਸ ਸਮੇਂ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ 23 ਮੈਂਬਰ ਹਨ ਅਤੇ ਲੋਕ ਸਭਾ ਵਿੱਚ ਸੂਬੇ ਤੋਂ 13 ਮੈਂਬਰ ਹਨ। ਹਾਲਾਂਕਿ, ਹਰਿਆਣੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਤੋਂ ਵਿਸ਼ਲੇਸ਼ਕਾਂ ਨੂੰ ਲਗਦਾ ਹੈ ਕਿ ਪਾਰਟੀ ਦੀ ਰਣਨੀਤੀ ਵਿੱਚ ਕੁਝ ਤਬਦੀਲੀ ਆਈ ਹੈ।
ਪੰਜਾਬ ਸਰਕਾਰ ਲਾਂਘੇ ਦੇ ਉਦਘਾਟਨ ਦੀਆਂ ਤਿਆਰੀਆਂ ਵਿੱਚ ਇਹ ਸਮਝ ਕੇ ਲੱਗੀ ਹੋਈ ਸੀ ਕਿ ਇਹ ਇੱਕ ਸਾਂਝਾ ਪ੍ਰੋਗਰਾਮ ਹੋਵੇਗਾ।
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰੀ ਏਜੰਸੀਆਂ ਇਨ੍ਹਾਂ ਤਿਆਰੀਆਂ ਦੇ ਹਰ ਪੜਾਅ ਵਿੱਚ ਸ਼ਰੀਕ ਸਨ।
ਫਿਰ ਵੀ ਕੇਂਦਰ ਨੇ ਅਚਾਨਕ ਐਲਾਨ ਕਰ ਦਿੱਤਾ ਕਿ ਇੱਕ ਵੱਖਰੀ ਸਟੇਜ ਲੱਗੇਗੀ ਜੋ ਕਿ ਅੱਗੇ ਜਾ ਕੇ ਅਕਾਲੀ ਦਲ ਦੇ ਹੱਥਾਂ ਵਿੱਚ ਦੇ ਦਿੱਤੀ ਗਈ। ਇਸ ਨੂੰ ਭਾਜਪਾ ਵੱਲੋਂ ਅਕਾਲੀ ਦਲ ਦੇ ਮੁੜ ਸੁਰਜੀਤ ਹੋਣ ਵਿੱਚ ਮਦਦ ਵਜੋਂ ਦੇਖਿਆ ਜਾ ਰਿਹਾ ਹੈ।
ਬਰਗਾੜੀ ਬੇਅਦਬੀ ਮਾਮਲਿਆਂ ਤੋਂ ਬਾਅਦ ਦਲ ਸੂਬੇ ਵਿੱਚ ਆਪਣੀ ਖੁਸੀ ਹੋਈ ਸਿਆਸੀ ਤੇ ਸਮਾਜਿਕ ਜ਼ਮੀਨ ਤਲਾਸ਼ਣ ਲਈ ਸੰਘਰਸ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਈ ਸੰਵੇਦਨਸ਼ੀਲ ਮੁੱਦਿਆਂ 'ਤੇ ਭਾਜਪਾ ਦੇ ਕਿਸੇ ਮੁੱਖ ਮੰਤਰੀ ਵਾਂਗ ਵਿਹਾਰ ਕੀਤਾ ਹੈ ਤੇ ਮੋਦੀ ਸਰਕਾਰ ਦੇ ਬਚਾਅ ਵਿੱਚ ਆਉਂਦੇ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਨੂੰ ਵੀ ਨਮੋਸ਼ੀ ਝੱਲਣੀ ਪਈ ਹੈ।
ਫਿਰ ਵੀ ਉਹ ਅਕਾਲੀ ਦਲ ਦੇ ਮੁੜ ਉਭਾਰ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ਉਹ ਆਪਣੀ ਪਾਰਟੀ ਅੰਦਰ ਵੀ ਬਾਦਲ ਪਰਿਵਾਰ ਨਾਲ ਹੱਦੋਂ ਵਧੇਰੇ ਗੂੜ੍ਹੇ ਰਿਸ਼ਤਿਆਂ ਕਾਰਨ ਨਿਸ਼ਾਨੇ 'ਤੇ ਰਹੇ ਹਨ।
ਕਰਤਾਰਪੁਰ ਲਾਂਘਾ ਇਸ ਸਮੇਂ ਪੰਜਾਬ ਦੀ ਸਿਆਸੀ ਖਿੱਚੋਤਾਣ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ਲਾਂਘੇ ਦਾ ਸਿਹਰਾ ਲੈਣ ਦੀ ਲੜਾਈ ਨੂੰ ਵੀ ਇਸੇ ਪਰਿਪੇਖ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
ਲਾਂਘੇ ਦੀ ਚਿਰੋਕਣੀ ਮੰਗ
ਇਹ ਜਾਣਦੇ ਹੋਏ ਕਿ ਲਾਂਘੇ ਦੀ ਪਹਿਲ ਪਾਕਿਸਤਾਨ ਦੀ ਤਰਫ਼ੋਂ ਹੋਈ ਸੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਮਿਰਤ ਕੌਰ ਬਾਦਲ ਇਸ ਦਾ ਸਿਹਰਾ ਲਗਾਤਾਰ ਨਰਿੰਦਰ ਮੋਦੀ ਦੇ ਸਿਰ ਬੰਨ੍ਹਦੇ ਹਨ।
ਇਹ ਸਾਫ਼ ਹੈ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਸਿੱਧੇ ਲਾਂਘੇ ਦੀ ਪਹਿਲੀ ਮੰਗ ਸਾਬਕਾ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਵੱਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਕੀਤੀ ਗਈ ਸੀ।
ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ ਤੇ ਖੜੋ ਕੇ ਇਸ ਲਈ ਅਰਦਾਸ ਕਰਨੀ ਸ਼ੁਰੀ ਕੀਤੀ। ਇਸ ਥਾਂ ਤੋਂ ਗੁਰਦੁਆਰੇ ਨੂੰ ਨੰਗੀਆਂ ਅੱਖਾਂ ਨਾਲ ਵੀ ਦੇਖਿਆ ਜਾ ਸਕਦਾ ਹੈ।
ਬਾਅਦ ਵਿੱਚ ਬੀਐੱਸਐੱਫ਼ ਨੇ ਇੱਥੇ ਦੂਰਬੀਨਾਂ ਲਾ ਦਿੱਤੀਆਂ ਤੇ ਇਸ ਥਾਂ ਨੂੰ ਦਰਸ਼ਨ ਅਸਥਾਨ ਕਿਹਾ ਜਾਣ ਲੱਗਿਆ।
ਕਰਤਾਰਪੁਰ ਸਾਹਿਬ ਉਹ ਥਾਂ ਹੈ, ਜਿੱਥੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਨੇ ਆਪਣੇ ਜੀਵਨ ਦੇ ਆਖ਼ਰੀ 17 ਸਾਲ ਬਤੀਤ ਕੀਤੇ। ਇੱਥੇ ਹੀ ਉਨ੍ਹਾਂ ਨੇ ਆਪਣੇ ਬਰਾਬਰੀ, ਵਿਸ਼ਵੀ ਭਾਈਚਾਰੇ ਅਤੇ ਮਨੁੱਖੀ ਸਤਿਕਾਰ ਤੇ ਆਧਾਰਿਤ ਆਦਰਸ਼ ਸਮਾਜ ਦੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਇਆ।
ਇਹ ਥਾਂ ਸਿਰਫ਼ ਗੁਰੂ ਸਾਹਿਬ ਦਾ ਆਖ਼ਰੀ ਨਿਵਾਸ ਹੋਣ ਕਾਰਨ ਨਹੀਂ ਸਗੋਂ ਇਸ ਕਾਰਨ ਵੀ ਇੰਨੀ ਮਹੱਤਵਪੂਰਨ ਹੈ , ਕਿ ਇੱਥੇ ਮਨੁੱਖੀ ਬਰਾਬਰੀ ਨੂੰ ਦਰਸਾਉਣ ਵਾਲੀ ਲੰਗਰ ਸੰਸਥਾ ਦਾ ਮੁੱਢ ਵੀ ਬੱਝਿਆ ਸੀ।
ਕਰਤਾਰਪੁਰ ਲਾਂਘਾ ਤੇ ਭਾਰਤੀ ਖ਼ਦਸ਼ੇ
ਕਈ ਭਾਰਤੀ ਸੁਰੱਖਿਆ ਵਿਸ਼ਲੇਸ਼ਕਾਂ ਨੂੰ ਇਸ ਲਾਂਘੇ ਦੇ ਆਈਐੱਸਆਈ ਦਾ ਡਿਜ਼ਾਈਨ ਹੋਣ ਵਿੱਚ ਕੋਈ ਸ਼ੱਕ ਨਹੀਂ ਪਰ ਸਚਾਈ ਇਹ ਹੈ ਕਿ ਇਹ ਸਿੱਖਾਂ ਦੀ ਕਈ ਦਹਾਕਿਆਂ ਤੋਂ ਤੁਰੀ ਆ ਰਹੀ ਮੰਗ ਸੀ, ਜਿਸ ਨੂੰ 2001 ਵਿੱਚ ਰਸਮੀ ਰੂਪ ਮਿਲਿਆ ਅਤੇ ਸਮੇਂ ਨਾਲ ਇਹ ਮੰਗ ਹੋਰ ਬਲਵਾਨ ਹੁੰਦੀ ਗਈ।
ਪਾਕਿਸਤਾਨ ਨੇ ਇਸ ਮੰਗ ਨੂੰ ਪੂਰਿਆਂ ਕਰਨ ਦਾ ਐਲਾਨ ਕਰਨ ਦਾ ਸਮਾਂ ਚੁਣਿਆ, ਜਦੋਂ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਦੋਸਤ ਇਮਰਾਨ ਖ਼ਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਮੌਕੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ।
ਇਸ ਦਾ ਖੁਲਾਸਾ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਵੱਲੋਂ ਕੀਤਾ ਗਿਆ, ਜਿਸ ਤੋਂ ਜੋਸ਼ ਵਿੱਚ ਆਏ ਸਿੱਧੂ ਨੇ ਉਨ੍ਹਾਂ ਨੂੰ ਕਲਾਵੇ ਵਿੱਚ ਲੈ ਲਿਆ। ਇਸੇ ਜੱਫੀ ਕਾਰਨ ਸਿੱਧੂ ਨੂੰ ਐਂਟੀ-ਨੈਸ਼ਨਲ ਕਿਹਾ ਗਿਆ, ਇਸ ਵਿੱਚ ਅਕਾਲੀ ਲੀਡਰ ਸਭ ਤੋਂ ਅੱਗੇ ਸਨ।
ਮੋਦੀ ਦੀ ਧੁਨ ਕੈਪਟਨ ਦਾ ਨਾਚ
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਲਾਂਘੇ ਨੂੰ ਆਪਣੀ ਉਪਲੱਭਧੀ ਬਣਾ ਕੇ ਪੇਸ਼ ਕੀਤਾ। ਉਸ ਤੋਂ ਬਾਅਦ ਜੇ ਕੈਪਟਨ ਅਮਰਿੰਦਰ ਸਿੰਘ ਦੇ ਰੁਖ ਨੂੰ ਵਿਚਾਰਿਆ ਜਾਵੇ ਤਾਂ ਕੀ ਪ੍ਰਧਾਨ ਮੰਤਰੀ ਮੋਦੀ ਆਈਐੱਸਆਈ ਦੀ ਚਾਲ ਵਿੱਚ ਫ਼ਸ ਗਏ? ਇਸ ਸਮੇਂ ਇਸ ਸਵਾਲ ਦਾ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਜਾ ਸਕਦਾ।
ਹਾਲਾਂਕਿ ਪਾਕਿਸਤਾਨ ਦੀ ਪਹਿਲ ਤੋਂ ਬਾਅਦ ਭਾਰਤ ਕੋਲ ਕਰਨ ਨੂੰ ਬਹੁਤਾ ਕੁਝ ਬਚਿਆ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਪ੍ਰਧਾਨ ਮੰਤਰੀ ਦੇ ਕਾਰਜਾਂ ਦੇ ਬਿਲਕੁਲ ਉਲਟ ਹਨ, ਫਿਰ ਵੀ ਹੁਣ ਤੱਕ ਤਾਂ ਉਹ ਮੋਦੀ ਦੀ ਧੁਨ ਤੇ ਹੀ ਨੱਚ ਰਹੇ ਸਨ।
ਅਮਰਿੰਦਰ ਦੇ ਬਦਲੇ ਰੁਖ ਨੂੰ ਬਦਲਦੇ ਸਿਆਸੀ ਸਮੀਕਰਨਾਂ ਅਤੇ ਅਕਾਲੀਆਂ ਤੇ ਭਾਜਪਾ ਦੀਆਂ ਸਾਂਝੇਦਾਰੀਆਂ ਅਤੇ ਕਾਂਗਰਸ ਦੇ ਅੰਦਰੂਨੀ ਦਬਾਅ ਕਾਰਨ ਆਇਆ ਸਮਝਿਆ ਜਾ ਸਕਦਾ ਹੈ।
ਵੱਡਾ ਸਵਾਲ ਤਾਂ ਇਹ ਹੈ ਕੀ ਪ੍ਰਧਾਨ ਮੰਤਰੀ ਮੋਦੀ ਕਰਤਾਰਪੁਰ ਲਾਂਘੇ ਰਾਹੀਂ ਅਕਾਲੀ ਦਲ ਨੂੰ ਨਵਾਂ ਜੀਵਨ ਦੇਣ ਵਿੱਚ ਸਫ਼ਲ ਹੋਣਗੇ ਜਾਂ ਨਹੀਂ। ਵਜ੍ਹਾ ਇਹ ਹੈ ਕਿ ਪਾਕਿਸਤਾਨ ਦਾ ਮਨਸੂਬਾ ਦੁਨੀਆਂ ਭਰ ਦੇ ਸਿੱਖਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਹੈ।
ਇਸ ਦੀ ਝਲਕ ਵਿਦੇਸ਼ੀ ਧਰਤੀ 'ਤੇ ਹੋ ਰਹੇ ਰੋਸ ਮੁਜਾਹਰਿਆਂ ਤੋਂ ਮਿਲਦੀ ਹੈ ਜਿਸ ਵਿੱਚ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੱਖ ਹਨ ਅਤੇ ਕਸ਼ਮੀਰੀ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਸ਼ਹਿ ਹਾਸਲ ਹੈ। ਇਨ੍ਹਾਂ ਨੇ ਪਹਿਲਾਂ ਹੀ ਹੱਥ ਮਿਲਾ ਲਏ ਹਨ।
ਇਸ ਤਰ੍ਹਾਂ ਅਕੀਦਤ ਦੇ ਇਸ ਲਾਂਘੇ ਦੇ ਅਸਰ ਬਹੁਪਰਤੀ ਹੋਣਗੇ।
ਇਹ ਵੀ ਪੜ੍ਹੋ :
https://www.youtube.com/watch?v=c9gdHcfqo7o
https://www.youtube.com/watch?v=ng4CqXYuwmY
https://www.youtube.com/watch?v=XS80q96DMAM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅਯੁੱਧਿਆ ਵਿਵਾਦ: ਸ਼ਨਿੱਚਰਵਾਰ ਨੂੰ ਸੁਪਰੀਮ ਕੋਰਟ ਸੁਣਾ ਸਕਦਾ ਹੈ ਫ਼ੈਸਲਾ
NEXT STORY