"ਦਰਿਆ ਦਾ ਪਾਣੀ ਸਿਰ ਦੀ ਛੱਤ ਖੋਹ ਕੇ ਲੈ ਗਿਆ ਸੀ, ਮੰਜੇ-ਬਿਸਤਰੇ ਰੁੜ੍ਹ ਗਏ ਸਨ। ਹੁਣ ਤਰਪਾਲਾਂ ਤਾਣ ਕੇ ਸਿਆਲ ਦੀਆਂ ਠੰਢੀਆਂ ਰਾਤਾਂ ਕੱਟਣ ਲਈ ਮਜ਼ਬੂਰ ਹਾਂ। ਮੀਂਹ-ਕਣੀ 'ਚ ਗੁਰਦੁਆਰੇ ਚਲੇ ਜਾਂਦੇ ਹਾਂ। ਅੱਗ ਬਾਲੀ ਜਾ ਰਹੇ ਹਾਂ, ਸੇਕੀ ਜਾ ਰਹੇ ਹਾਂ.... ਨਿਆਣਿਆਂ ਨੂੰ ਨਿੱਘ ਦੇਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ।"
ਇਹ ਸ਼ਬਦ ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਸੰਘੇੜਾ ਦੀ ਵਸਨੀਕ ਸੁਮਿੱਤਰਾ ਰਾਣੀ ਦੇ ਹਨ, ਜਿਹੜੀ ਸਰਕਾਰ ਦੀ ਸਵੱਲੀ ਨਜ਼ਰ ਪੈਣ ਦੀ ਆਸ ਨਾਲ ਆਪਣੇ ਢੱਠੇ ਘਰ ਨੂੰ ਹਰ ਵੇਲੇ ਦੇਖਦੀ ਰਹਿੰਦੀ ਹੈ। ਪਾਣੀ ਦੀ ਮਾਰ ਸਤਲੁਜ ਕਿਨਾਰੇ ਮੋਗਾ ਜ਼ਿਲ੍ਹਾ ਦੇ ਲੋਕਾਂ ਲਈ ਕੋਈ ਨਵੀਂ ਨਹੀਂ ਹੈ।
ਮੋਗਾ, ਫਿਰੋਜ਼ਪੁਰ ਤੇ ਜਲੰਧਰ ਦੇ ਦਰਿਆ ਨਾਲ ਲਗਦੇ ਪਿੰਡਾਂ 'ਚ ਪਾਣੀ ਹਰ ਸਾਲ ਥੋੜ੍ਹੀ-ਬਹੁਤ ਮਾਰ ਤਾਂ ਕਰਦਾ ਹੀ ਹੈ। ਇਹ ਅਕਸਰ ਫ਼ਸਲਾਂ ਦੀ ਬਰਬਾਦੀ ਤੱਕ ਹੀ ਸੀਮਤ ਰਹਿੰਦੀ ਹੈ ਪਰ ਪੰਜ ਮਹੀਨੇ ਪਹਿਲਾਂ ਪਾਣੀ ਨੇ ਇਨ੍ਹਾਂ ਜ਼ਿਲ੍ਹਿਆਂ ਦੇ 60 ਤੋਂ ਵੱਧ ਪਿੰਡਾਂ 'ਚ ਕੁਝ ਜ਼ਿਆਦਾ ਹੀ ਤਬਾਹੀ ਮਚਾ ਦਿੱਤੀ ਸੀ।
ਵੀਡੀਓ: ਪੰਜਾਬ 'ਚ ਹੜ੍ਹ ਲਈ ਕੌਣ ਜ਼ਿੰਮੇਵਾਰ: ਕੁਝ ਮੁੱਖ ਸਵਾਲਾਂ ਦੇ ਜਵਾਬ
https://www.youtube.com/watch?v=25N3VfwVmrw
ਧਰਮਕੋਟ ਖੇਤਰ 'ਚ ਬਣੇ ਧੁੱਸੀ ਬੰਨ੍ਹ ਦੇ ਨਾਲ ਪਿੰਡ ਸੰਘੇੜਾ, ਭੈਣੀ, ਕੌਡੀਵਾਲਾ, ਬੋਘੇਵਾਲ, ਸ਼ੇਰੇਵਾਲਾ ਤੋਂ ਇਲਾਵਾ ਫਿਰੋਜ਼ਪੁਰ ਅਧੀਨ ਪੈਂਦੇ ਬੰਡਾਲਾ ਤੇ ਜਲੰਧਰ ਦੇ ਅਨੇਕਾਂ ਪਿੰਡਾਂ 'ਚ ਦਰਿਆ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ ਸੀ।
ਇਸ ਪਾਣੀ ਨੇ ਇਕੱਲੇ ਪਿੰਡ ਸੰਘੇੜਾ ਵਿੱਚ ਹੀ 70 ਪਰਿਵਾਰਾਂ ਦੇ ਘਰ ਤਬਾਹ ਕਰ ਦਿੱਤੇ ਸਨ। ਘਰ ਢਹਿਣ ਦਾ ਦਰਦ ਫਿਰੋਜ਼ਪੁਰ ਤੇ ਜਲੰਧਰ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਝੱਲਣਾ ਪਿਆ ਸੀ।
ਇਹ ਵੀ ਪੜ੍ਹੋ:
'ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਹੈ'
ਮਿੱਟੀ ਤੇ ਤਰਪਾਲ ਨਾਲ ਬਣਾਈ ਇੱਕ ਝੁੱਗੀ 'ਚ ਸਰਦ ਰਾਤਾਂ ਗੁਜ਼ਾਰਨ ਲਈ ਮਜ਼ਬੂਰ ਹਨ, 75 ਸਾਲਾਂ ਦੇ ਬਜ਼ੁਰਗ ਦਲੀਪ ਸਿੰਘ।
"ਮੇਰੀਆਂ ਤਿੰਨ ਦੁਧਾਰੂ ਮੱਝਾਂ ਦਰਿਆ ਦੇ ਪਾਣੀ ਦੀ ਭੇਂਟ ਚੜ੍ਹ ਗਈਆਂ ਸਨ। ਢਿੱਡ ਦੀ ਅੱਗ ਸ਼ਾਂਤ ਕਰਨ ਲਈ ਭੜੋਲੇ 'ਚ ਰੱਖੇ ਸਾਲ ਭਰ ਦੇ ਦਾਣੇ ਅਤੇ ਘਰ ਦਾ ਭਾਂਡਾ-ਟੀਂਡਾ ਵੀ ਪਾਣੀ 'ਚ ਵਹਿ ਗਿਆ। ਰਾਤਾਂ ਨੂੰ ਉੱਠ ਕੇ ਬੈਠਾ ਰਹਿੰਦਾ ਹਾਂ ,ਅੱਗ ਬਾਲ ਕੇ ਬੁੱਢੇ ਸਰੀਰ ਨੂੰ ਨਿੱਘਾ ਕਰਨ ਦਾ ਯਤਨ ਕਰਦਾ ਰਹਿੰਦਾ ਹਾਂ।"
"ਪਹਿਲਾਂ ਤਾਂ ਸਰਕਾਰ ਦੇ ਮੰਤਰੀਆਂ ਤੇ ਅਫ਼ਸਰਾਂ ਤੋਂ ਇਲਾਵਾ ਕੁਝ ਬਾਬੇ ਤੇ ਸਮਾਜ ਸੇਵੀ ਲੋਕ ਆ ਕੇ ਸਾਨੂੰ ਆਟਾ-ਦਾਲਾਂ ਵੰਡਦੇ ਰਹਿੰਦੇ ਸਨ। ਉਦੋਂ ਗਰਮੀ ਸੀ, ਦਿਨ-ਕਟੀ ਔਖੇ-ਸੌਖੇ ਹੋ ਜਾਂਦੀ ਸੀ। ਹੁਣ ਸਰਕਾਰੀ ਅਫ਼ਸਰ ਤਾਂ ਦੂਰ, ਕੋਈ ਬਾਬਾ ਵੀ ਸਾਡੀਆਂ ਤਰਪਾਲਾਂ ਦੀਆਂ ਝੱਗੀਆਂ ਤੱਕ ਨਹੀਂ ਆਉਂਦਾ। ਰਿਸ਼ਤੇਦਾਰਾ ਵੱਲੋਂ ਭੇਜੇ ਗਏ ਪੁਰਾਣੇ ਕੰਬਲ ਹੀ ਉੱਪਰ ਲੈ ਕੇ ਰਾਤਾਂ ਲੰਘਾ ਰਿਹਾ ਹਾਂ। ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਹੈ।"
ਵੀਡੀਓ: ਹੜ੍ਹਾਂ ਮਗਰੋਂ ਕੁਝ ਇਲਾਕਿਆਂ ਵਿੱਚ ਜ਼ਮੀਨੀ ਪਾਣੀ ਹੋ ਗਿਆ ਸੀ ਕਾਲਾ
https://www.youtube.com/watch?v=Z_FG-k1QxVk
ਲੋਕਾਂ ਨੂੰ ਡੂੰਘੇ ਪਾਣੀ 'ਚੋਂ ਕੱਢਣ ਵਾਲਾ ਬੇੜੀ ਚਾਲਕ ਸਤਨਾਮ ਸਿੰਘ ਆਪਣੇ ਨਾਲ ਵਾਪਰੀ ਜੱਗੋਂ-ਤੇਰ੍ਹਵੀਂ ਕਾਰਨ ਮੰਜੇ 'ਤੇ ਪਿਆ ਸਰਕਾਰੀ ਸਹਾਇਤਾ ਨੂੰ ਉਡੀਕ ਰਿਹਾ ਹੈ।
"ਮੈਂ ਪਾਣੀ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਉਣ ਲਈ ਲਗਾਤਾਰ ਸੱਤ ਦਿਨ ਇੱਕ ਕੰਡਮ ਬੇੜੀ ਚਲਾਈ। ਇੱਕ ਦਿਨ ਇੱਕ ਪਰਿਵਾਰ ਨੂੰ ਬਚਾਉਣ ਸਮੇਂ ਬੇੜੀ ਦੀ ਜਰ-ਜਰ ਹੋਈ ਲੱਕੜ ਤੋਂ ਤਿਲਕ ਕੇ ਡਿੱਗ ਪਿਆ।"
"ਰੀੜ੍ਹ ਦੀ ਹੱਡੀ ਹਿੱਲ ਗਈ ਤੇ ਪੰਜ ਮਹੀਨਿਆਂ ਤੋਂ ਅੱਜ ਤੱਕ ਮੰਜੇ 'ਤੇ ਪਿਆ ਇਲਾਜ ਲਈ ਵਿਲਕ ਰਿਹਾ ਹਾਂ। ਗਰੀਬ ਮਜ਼ਦੂਰ ਹਾਂ, ਖ਼ੁਦ ਕੁਝ ਕਰ ਨਹੀਂ ਸਕਦਾ। ਪ੍ਰਸਾਸ਼ਨ ਦੀ ਬਹੁਤ ਮਦਦ ਕੀਤੀ ਪਰ ਹੁਣ ਤਾਂ ਪ੍ਰਮਾਤਮਾ ਅੱਗੇ ਹੀ ਦੁਆ ਹੈ।"
ਸਰਕਾਰ ਤੋਂ ਕੁਝ ਪੱਲੇ ਨਹੀਂ ਪਿਆ
ਢੱਠੇ ਘਰਾਂ, ਮਰੇ ਪਸ਼ੂਆਂ, ਰਾਸ਼ਨ ਦੀ ਕਮੀ ਅਤੇ ਠੰਢੀਆਂ ਰਾਤਾਂ ਕੱਟਣ ਲਈ ਲੱਕੜਾਂ ਦਾ ਪ੍ਰਬੰਧ ਕਰਨਾ ਹੀ ਸੈਂਕੜੇ ਪੀੜਤ ਪਰਿਵਾਰਾਂ ਲਈ ਮੁਸੀਬਤ ਬਣਿਆ ਹੋਇਆ ਹੈ।
ਮਰੀਜ਼ਾਂ ਲਈ ਦਵਾਈਆਂ ਤੇ ਪਸ਼ੂਆਂ ਲਈ ਚਾਰੇ ਦਾ ਕੋਈ ਪੁਖ਼ਤਾ ਪ੍ਰਬੰਧ ਇਹ ਲੋਕ ਨਹੀਂ ਕਰ ਸਕੇ ਹਨ।
ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਪੀੜਤ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।
ਘਰ ਢਿਹਾ ਤਾਂ ਨਹੀਂ ਪਰ...
ਜਿਸ ਕਿਸੇ ਦਾ ਘਰ ਢਹਿਣ ਤੋਂ ਬਚ ਗਿਆ ਪਰ ਦਰਿਆ ਦੇ ਚੜ੍ਹੇ ਪਾਣੀ ਕਾਰਨ ਘਰਾਂ ਦੀਆਂ ਛੱਤਾਂ ਤੇ ਕੰਧਾਂ 'ਚ ਪਾੜ ਪੈ ਗਏ, ਉਹ ਲੋਕ ਡਰਦੇ ਮਾਰੇ ਰਾਤ ਨੂੰ ਬਚੀ-ਖੁਚੀ ਛੱਤ ਥੱਲੇ ਸੌਣ ਤੋਂ ਡਰਦੇ ਹਨ।
ਰੇਸ਼ਮ ਸਿੰਘ ਸੰਘੇੜਾ ਦਾ ਪਰਿਵਾਰ ਵੀ ਇਸੇ ਹਾਲਤ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਦੇ ਘਰ ਦੀਆਂ ਕੰਧਾਂ ਤੇ ਛੱਤਾਂ ਵਿੱਚ ਹੜ੍ਹਾਂ ਦੌਰਾਨ ਤਰੇੜਾਂ ਆ ਗਈਆਂ ਸਨ ਪਰ ਫਿਲਹਾਲ ਉਹ ਆਪਣੇ ਸੱਤ ਜੀਆਂ ਦੇ ਪਰਿਵਾਰ ਨਾਲ ਇੱਥੇ ਹੀ ਰਹਿ ਰਹੇ ਹਨ।
ਵੀਡੀਓ: ਜਲੰਧਰ ਵਿੱਚ ਕਿਹੋ ਜਿਹਾ ਸੀ ਹੜ੍ਹਾਂ ਦਾ ਹਾਲ
https://www.youtube.com/watch?v=I3g5mZqRGF8
ਉਨ੍ਹਾਂ ਨੇ ਦੱਸਿਆ, "ਰਾਤ ਨੂੰ ਸਾਰਾ ਟੱਬਰ ਉੱਠ-ਉੱਠ ਕੇ ਦੇਖਦਾ ਰਹਿੰਦਾ ਹੈ ਕਿ ਕਿਤੇ ਛੱਤ ਉੱਪਰ ਹੀ ਨਾ ਆ ਡਿੱਗੇ। ਨੀਂਦ ਹਰਾਮ ਹੈ। ਉਦੋਂ ਆਸ ਬੱਝੀ ਸੀ ਜਦੋਂ ਪਟਵਾਰੀ ਤੇ ਤਹਿਸੀਲਦਾਰ ਸਾਡੇ ਘਰ ਆ ਕੇ ਨੁਕਸਾਨ ਦਾ ਜਾਇਜ਼ਾ ਲੈ ਕੇ ਗਏ ਸਨ ਪਰ ਅੱਜ ਤੱਕ ਤਾਂ ਕੋਈ ਸਹਾਇਤਾ ਰਾਸ਼ੀ ਸਾਡੇ ਘਰ ਨਹੀਂ ਪਹੁੰਚੀ।"
ਹਾਲੇ ਤੱਕ ਤਾਂ ਪੱਲੇ ਕੱਖ ਵੀ ਨਹੀਂ ਪਿਆ...
ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਘਰਾਂ ਦੀ ਹੋਈ ਬਰਬਾਦੀ ਦਾ ਅੰਦਾਜ਼ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਢੱਠੇ ਘਰਾਂ ਦੀ ਇਬਾਰਤ ਗਾਰੇ 'ਚ ਪਈਆਂ ਜੁੱਤੀਆਂ ਤੇ ਭਾਂਡਿਆਂ ਦੀ ਦੁਰਦਸ਼ਾ ਖ਼ੁਦ ਬਿਆਨ ਕਰਦੀ ਹੈ।
ਹੜ੍ਹਾਂ ਦੀ ਮਾਰ ਝੱਲਣ ਵਾਲੇ ਅਮਰਜੀਤ ਸਿੰਘ ਦੱਸਦੇ ਹਨ ਕਿ ਦਰਿਆ ਦੇ ਪਾਣੀ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਦਾਦੀ ਤੇ ਨਾਨੀ ਦਾ ਘਰ ਵੀ ਬਰਬਾਦ ਕਰ ਦਿੱਤਾ। “ਇੱਕ ਕਨਾਲ ਦੇ ਸ਼ਾਨਦਾਰ ਘਰਾਂ 'ਚ ਰਹਿਣ ਵਾਲੇ ਸਾਡੇ ਤਿੰਨ ਪਰਿਵਾਰ ਮਿੰਟਾਂ 'ਚ ਹੀ ਰੁੜ੍ਹ ਗਏ। ਅੱਜ ਦੋ ਮਰਲਿਆਂ ਦੀ ਝੁੱਗੀ 'ਚ ਅਸੀਂ ਤਿੰਨ ਪਰਿਵਾਰ ਰਹਿਣ ਲਈ ਮਜ਼ਬੂਰ ਹਾਂ। ਪਟਵਾਰੀ ਆਇਆ ਸੀ ਤੇ ਸਾਰਾ ਕੁਝ ਲਿਖ ਕੇ ਲੈ ਗਿਆ ਸੀ।”
ਵੀਡੀਓ: ਮੋਗਾ ਵਿੱਚ ਹੜ੍ਹਾਂ ਦੀ ਤਬਾਹੀ
https://www.youtube.com/watch?v=hnHMsWvOQaE
ਦਿਲ ਦੇ ਦਰਦ ਦੀ ਇਹ ਟੀਸ ਇਕੱਲੇ ਇਨ੍ਹਾਂ ਲੋਕਾਂ ਦੀ ਹੀ ਨਹੀਂ ਹੈ।
ਉਹ ਸੈਂਕੜੇ ਕਿਸਾਨ ਵੀ ਪ੍ਰੇਸ਼ਾਨ ਹਨ, ਜਿਨ੍ਹਾਂ ਨੂੰ ਪਿਛਲੇ 6 ਸਾਲਾਂ ਤੋਂ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ, ਜਦੋਂ ਕਿ ਇਸ ਸਬੰਧੀ ਸਰਕਾਰਾਂ ਦੇ ਐਲਾਨ ਤੋਂ ਬਾਅਦ ਗਿਰਦਾਵਰੀਆਂ ਵੀ ਹੋ ਚੁੱਕੀਆਂ ਹਨ।
ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਵੱਲੋਂ ਹੜ੍ਹਾਂ ਨਾਲ ਢਹਿਣ ਵਾਲੇ ਗਰੀਬ ਲੋਕਾਂ ਦੇ ਘਰਾਂ ਸਬੰਧੀ ਰਿਪੋਰਟ ਬਾਕਾਇਦਾ ਤੌਰ 'ਤੇ ਜਾਂਚ ਕਰਨ ਮਗਰੋਂ ਪੰਜਾਬ ਸਰਕਾਰ ਨੂੰ ਉਸੇ ਵੇਲੇ ਹੀ ਭੇਜ ਦਿੱਤੀ ਗਈ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਯੋਗ ਪਾਈ ਗਈ ਜਾਂਚ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਰਾਸ਼ੀ ਜਾਰੀ ਕਰ ਦਿੱਤੀ ਸੀ। "ਹਾਂ, ਇੰਨਾ ਜ਼ਰੂਰ ਹੈ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਹੜ੍ਹ ਪੀੜਤ ਪਰਿਵਾਰਾਂ ਨੂੰ ਬਣਦੀ ਸਹਾਇਤਾ ਰਾਸ਼ੀ ਭੇਜਣ 'ਚ ਕੁਝ ਦੇਰੀ ਹੋ ਰਹੀ ਹੈ। ਕਈ ਥਾਵਾਂ 'ਤੇ ਮੁਸ਼ਕਲ ਇਹ ਹੈ ਕਿ ਕੁਝ ਲੋਕ ਸ਼ਾਮਲਾਟ ਜ਼ਮੀਨ 'ਚ ਘਰ ਬਣਾਈ ਬੈਠੇ ਸਨ ਜਾਂ ਖੇਤੀ ਕਰ ਰਹੇ ਹਨ। ਧਰਮਕੋਟ ਐੱਸਡੀਐੱਮ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ ਕਿ ਸਹਾਇਤਾ ਰਾਸ਼ੀ ਅਸਲ ਪੀੜਤ ਤੱਕ ਹੀ ਪਹੁੰਚੇ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=fLV-WS2V7kE
https://www.youtube.com/watch?v=tZyjosS2yrU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਬਾਹਰੋਂ ਆਏ ਗੰਢੇ ਪਰ ਸੁਆਦ ਨਹੀਂ ਆਇਆ! ਪਿਆਜ਼ ਦੇ ਅਸਮਾਨੀ ਭਾਅ ਦੀ ਜ਼ਮੀਨੀ ਹਕੀਕਤ ਵੀ ਜਾਣੋ
NEXT STORY