ਸਿੱਖ ਸਿਆਸੀ ਆਗੂ ਰਾਦੇਸ਼ ਸਿੰਘ ਉਰਫ਼ ਟੋਨੀ ਭਾਈ ਨੇ ਆਪਣੇ ਪਰਿਵਾਰ ਸਣੇ ਪਾਕਿਸਤਾਨ ਨੂੰ ਛੱਡ ਦਿੱਤਾ ਹੈ
ਪਾਕਿਸਤਾਨ ਦੇ ਜਾਣੇ-ਪਛਾਣੇ ਸਿੱਖ ਸਿਆਸੀ ਆਗੂ ਰਾਦੇਸ਼ ਸਿੰਘ ਉਰਫ਼ ਟੋਨੀ ਭਾਈ ਨੇ ਆਪਣੇ ਪਰਿਵਾਰ ਸਣੇ ਪਾਕਿਸਤਾਨ ਨੂੰ ਛੱਡ ਦਿੱਤਾ ਹੈ।
ਰਾਦੇਸ਼ ਸਿੰਘ ਨੇ 2018 ਦੀਆਂ ਆਮ ਚੋਣਾਂ ਵਿੱਚ ਆਪਣੇ ਜੱਦੀ ਖ਼ੇਤਰ ਪੇਸ਼ਾਵਰ ਤੋਂ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਰਾਦੇਸ਼ ਸਿੰਘ ਨੇ 'ਪੇਸ਼ਾਵਰ ਖ਼ੈਰ ਆਬਾਦ' ਕਹਿ ਆਪਣਾ ਘਰ ਲਾਹੌਰ ਵਿੱਚ ਸ਼ਿਫ਼ਟ ਕਰ ਲਿਆ ਸੀ।
ਰਾਦੇਸ਼ ਸਿੰਘ ਨੇ ਇੱਕ ਅਣਦੱਸੀ ਥਾਂ ਤੋਂ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਇਹ ਕਹਿੰਦੇ ਅਫ਼ਸੋਸ ਹੋ ਰਿਹਾ ਹੈ ਕਿ ਮੈਂ ਪਾਕਿਸਤਾਨ ਨੂੰ ਇਸ ਕਰਕੇ ਛੱਡ ਦਿੱਤਾ ਹੈ ਤਾਂ ਜੋ ਮੈਂ ਆਪਣੇ ਪਰਿਵਾਰ ਤੇ ਬੱਚਿਆਂ ਦੀ ਜ਼ਿੰਦਗੀ ਬਚਾ ਸਕਾਂ।''
ਉਨ੍ਹਾਂ ਅੱਗੇ ਕਿਹਾ ਕਿ ਜੇ ਇਹ ਸਿਰਫ਼ ਮੇਰੇ ਨਾਲ ਹੁੰਦਾ ਤਾਂ ਮੈਂ ਕਦੇ ਪਾਕਿਸਤਾਨ ਨਾ ਛੱਡਦਾ ਪਰ ਹੁਣ ਇਹ ਮਸਲਾ ਚਾਰ ਹੋਰ ਜ਼ਿੰਦਗੀਆਂ ਤੱਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਮੇਰੇ ਕੋਲ ਕੋਈ ਰਾਹ ਨਹੀਂ ਬੱਚਦਾ ਸੀ ਤੇ ਮੈਨੂੰ ਆਪਣੀ ਧਰਤੀ ਛੱਡ ਕਿਤੇ ਹੋਰ ਵਸਣਾ ਪਿਆ।
ਉਨ੍ਹਾਂ ਕਿਹਾ, "ਮੈਂ ਫ਼ਿਲਹਾਲ ਇਹ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਕਿੱਥੇ ਹਾਂ ਪਰ ਸਹੀ ਸਮਾਂ ਆਉਣ 'ਤੇ ਜ਼ਰੂਰ ਦੱਸਾਂਗਾ।"
ਰਾਦੇਸ਼ ਸਿੰਘ ਦੇ ਇਲਜ਼ਾਮ
ਰਾਦੇਸ਼ ਸਿੰਘ ਨੇ ਲਾਹੌਰ ਪੁਲਿਸ ਨੂੰ 10 ਜਨਵਰੀ ਨੂੰ ਇੱਕ ਅਰਜ਼ੀ ਦਿੱਤੀ, ਜਿਸ ਵਿੱਚ ਲਿਖਿਆ ਸੀ ਕਿ ਉਹ ਆਪਣੇ ਪੁੱਤਰ ਨਾਲ 7 ਦਸੰਬਰ ਨੂੰ ਮੋਟਰ ਸਾਈਕਲ 'ਤੇ ਸਵਾਰ ਸਨ। ਜਦੋਂ ਉਹ ਕੱਚਾ ਜੇਲ੍ਹ ਰੋਡ ਤੋਂ ਗੁਜ਼ਰ ਰਹੇ ਸਨ ਤਾਂ ਚਾਰ ਅਣਪਛਾਤੇ ਮੁੰਡਿਆਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਤੇ ਉਹ ਉਨ੍ਹਾਂ ਨੂੰ ਤੰਗ ਕਰਨ ਲੱਗੇ।
ਰਾਦੇਸ਼ ਸਿੰਘ ਮੁਤਾਬਕ ਉਨ੍ਹਾਂ ਸਾਰਿਆਂ ਦੇ ਹੱਥਾਂ ਵਿੱਚ ਡਾਂਗਾਂ ਸਨ ਅਤੇ ਇੱਕ ਦੇ ਹੱਥ ਵਿੱਚ ਪਿਸਤੌਲ ਵੀ ਸੀ। ਉਨ੍ਹਾਂ ਮੁਤਾਬਕ ਇਸੇ ਕਰਕੇ ਲੜਨਾਂ ਠੀਕ ਨਹੀਂ ਸਮਝਿਆ ਗਿਆ। ਉਨ੍ਹਾਂ ਦੇ ਪੁੱਤਰ ਨੂੰ ਕੁੱਟਿਆ ਗਿਆ, ਉਹ ਚੁੱਪ ਰਿਹਾ ਤਾਂਕਿ ਉਹ ਸੁਰੱਖਿਅਤ ਘਰ ਆ ਸਕੇਂ।
ਉਨ੍ਹਾਂ ਮੁਤਾਬਕ ਪੁਲਿਸ ਨੇ ਜਾਣ ਬੁੱਝ ਕੇ ਸ਼ਿਕਾਇਤ ਅਰਜ਼ੀ ਵਿੱਚ ਸੰਗਠਨ ਦਾ ਨਾਂ ਨਹੀਂ ਲਿਖਿਆ ਅਤੇ ਉਹ ਅਜੇ ਵੀ ਉਸ ਸੰਗਠਨ ਤੇ ਉਸਦੇ ਲੀਡਰ ਦਾ ਨਾਮ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ
ਰਾਦੇਸ਼ ਸਿੰਘ ਕਹਿੰਦੇ ਹਨ, ''ਗੁਜ਼ਾਰਿਸ਼ ਕਰਨ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ। ਸਾਨੂੰ ਖੂਫ਼ੀਆ ਏਜੰਸੀਆਂ ਤੋਂ ਫੋਨ ਕਾਲਾਂ ਆਉਣ ਲੱਗੀਆਂ, ਜਿਸ 'ਚ ਕਿਹਾ ਜਾਂਦਾ ਹੈ ਕਿ ਅਸੀਂ ਗ਼ਲਤ ਕਹਿ ਰਹੇ ਹਾਂ, ਝੂਠ ਬੋਲ ਰਹੇ ਹਾਂ ਅਤੇ ਸਾਨੂੰ ਅਜਿਹਾ ਨਹੀਂ ਕਰਨ ਚਾਹੀਦਾ। ਧਮਕੀਆਂ ਤੇ ਪਿੱਛਾ ਕਰਨਾ ਹੁਣ ਆਮ ਹੋ ਗਿਆ ਹੈ।''
ਰਾਦੇਸ਼ ਸਿੰਘ ਦੇ ਮੁਤਾਬਕ, ਇਹ ਸਭ ਉਦੋਂ ਹੋਇਆ ਜਦੋਂ ਇੱਕ ਧਾਰਮਿਕ ਆਗੂ ਨੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਵਿਖੇ ਤੰਗ ਕੀਤਾ ਅਤੇ ਮੰਦਾ ਬੋਲਿਆ। ਇਸ ਤੋਂ ਬਾਅਦ ਮੈਂ ਇਸ ਬਾਰੇ ਟਵੀਟ ਕੀਤਾ। ਟਵੀਟ 'ਚ ਲਿਖਿਆ ਸੀ ਕਿ 'ਸ਼ਬਦ' ਅਤੇ 'ਸੋਚ' ਸਹੀ ਨਹੀਂ ਹੈ। ਇਹ ਨਫ਼ਰਤ ਦੇ ਸੱਭਿਆਚਾਰ ਨੂੰ ਵਧਾਉਂਦਾ ਹੈ, ਜੋ ਸਹੀ ਨਹੀਂ ਹੈ। ਇਸ ਟਵੀਟ ਤੋਂ ਬਾਅਦ ਮੈਨੂੰ ਧਮਕੀਆਂ ਅਤੇ ਟਰੋਲਜ਼ ਦਾ ਸਾਹਮਣਾ ਕਰਨਾ ਪਿਆ।
''ਇਸ ਤੋਂ ਬਾਅਦ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਆਪਣੇ ਪਰਿਵਾਰ ਤੇ ਬੱਚਿਆਂ ਦੀ ਸੁਰੱਖਿਆ ਲਈ ਪਾਕਿਸਤਾਨ ਛੱਡ ਦੇਣਾ ਚਾਹੀਦਾ ਹੈ।''
ਬੀਬੀਸੀ ਨਾਲ ਗੱਲਬਾਤ ਕਰਦਿਆਂ ਕੋਟ ਲਖ਼ਪਤ ਪੁਲਿਸ ਸਟੇਸ਼ਨ, ਲਾਹੌਰ ਦੇ ਐੱਸ ਐੱਚ ਓ ਮੁਹੰਮਦ ਮੁਨਵਰ ਨੇ ਦੱਸਿਆ ਕਿ ਰਾਦੇਸ਼ ਸਿੰਘ ਨੇ ਘਟਨਾ ਦੇ ਕਈ ਦਿਨਾਂ ਬਾਅਦ ਇਸ ਬਾਰੇ ਅਰਜ਼ੀ ਦਿੱਤੀ ਸੀ ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ।
https://www.youtube.com/watch?v=zCukREpWbN0
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੜਤਾਲ ਕੀਤੀ ਗਈ ਸੀ ਪਰ ਜਿਸ ਘਟਨਾ ਦਾ ਦਾਅਵਾ ਰਾਦੇਸ਼ ਸਿੰਘ ਨੇ ਕੀਤਾ ਹੈ, ਉਸ ਦੀ ਪੁਸ਼ਟੀ ਨਹੀਂ ਹੋ ਸਕੀ।
ਐੱਸ ਐੱਚ ਓ ਨੇ ਕਿਹਾ ਕਿ ਰਾਦੇਸ਼ ਸਿੰਘ ਪਾਕਿਸਤਾਨੀ ਨਾਗਰਿਕ ਹਨ ਅਤੇ ਜੇ ਉਹ ਐੱਫ਼ ਆਈ ਆਰ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਪੁਲਿਸ ਨੂੰ ਕੋਈ ਇਤਰਾਜ਼ ਨਹੀਂ ਹੈ। ਮੁਹੰਮਦ ਮੁਨਵਰ ਨੇ ਕਿਹਾ ਕਿ ਕਈ ਵਾਰ ਲੋਕ ਪੁਲਿਸ ਕੋਲ ਇਸ ਲਈ ਰਿਪੋਰਟ ਕਰਦੇ ਹਨ ਕਿਉਂਕਿ ਉਹ ਬਾਹਰਲੇ ਮੁਲਕਾਂ ਵਿੱਚ ਪਨਾਹ ਲੈਣਾ ਚਾਹੁੰਦੇ ਹਨ।
ਰਾਦੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ 'ਤੇ ਨਨਕਾਣਾ ਸਾਹਿਬ ਗੁਰਦੁਆਰਾ ਵਿਖੇ ਪੱਥਰਾਂ ਨਾਲ ਹਮਲਾ ਵੀ ਹੋਇਆ। ਇਸ ਨਾਲ ਉਹ ਬਹੁਤ ਪਰੇਸ਼ਾਨ ਸਨ। ਉਨ੍ਹਾਂ ਮੁਤਾਬਕ ਇਹ ਸ਼ਿਕਾਇਤ ਪਾਕਿਸਤਾਨ ਤੋਂ ਹੀ ਨਹੀਂ ਸਗੋਂ ਸਾਡੀ ਆਪਣੀ ਬਿਰਾਦਰੀ ਤੋਂ ਵੀ ਹੈ।
ਉਨ੍ਹਾਂ ਕਿਹਾ ਕਿ ਜੇ ਇੱਕ ਸਿੱਖ ਕੁੜੀ ਨੇ ਆਪਣਾ ਧਰਮ ਬਦਲ ਲਿਆ ਹੈ ਅਤੇ ਦੱਸਿਆ ਹੈ ਕਿ ਉਸ ਨੇ ਅਜਿਹਾ ਕੀਤਾ ਹੈ ਤਾਂ ਇਸ ਬਾਰੇ ਮਸਲਾ ਨਹੀਂ ਹੋਣਾ ਚਾਹੀਦਾ। ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਪਰ ਇਹ ਮਸਲਾ ਇਸ ਤਰੀਕੇ ਨਾਲ ਫ਼ੈਲਿਆ ਕਿ ਨਫ਼ਰਤ ਵਧਦੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਨਫ਼ਰਤ ਦਾ ਮਾਹੌਲ ਇਨਾਂ ਵੱਧ ਗਿਆ ਹੈ ਕਿ ਮੇਰਾ ਪਰਿਵਾਰ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ। ਮੈਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਮੇਰਾ ਪਰਿਵਾਰ ਤੇ ਮੈਂ ਹੁਣ ਨਿਸ਼ਾਨਾ ਹਾਂ।
https://www.youtube.com/watch?v=QTfxgpsxRgU
ਰਾਦੇਸ਼ ਸਿੰਘ ਨਾਲ ਲਾਹੌਰ ਵਿੱਚ ਕੀ ਹੋਇਆ?
ਰਾਦੇਸ਼ ਸਿੰਘ ਕਹਿੰਦੇ ਹਨ, ''ਜਦੋਂ ਪੇਸ਼ਾਵਰ ਤੋਂ ਅਸੀਂ ਲਾਹੌਰ ਵਸਣ ਦਾ ਫੈ਼ਸਲਾ ਕੀਤਾ ਤਾਂ ਸੋਚਿਆ ਸੀ ਕਿ ਪੰਜਾਬ ਵਿੱਚ ਪਨਾਹ ਤੇ ਰੁਜ਼ਗਾਰ ਮਿਲ ਜਾਵੇਗਾ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਿਆ।''
''ਲਾਹੌਰ ਵਿੱਚ ਮੇਰੇ ਤਿੰਨ ਬੱਚਿਆਂ ਨੂੰ ਵਿਦਿਅਕ ਅਦਾਰੇ ਵਿੱਚ ਦਾਖਲਾ ਵੀ ਨਹੀਂ ਮਿਲ ਸਕਿਆ। ਸਾਡੀ ਬਿਰਾਦਰੀ ਵਿੱਚੋਂ ਇੱਕ ਸੱਜਣ ਕਾਲਜ ਚਲਾਉਂਦੇ ਹਨ ਅਤੇ ਮੈਂ ਉਨ੍ਹਾਂ ਕੋਲ ਵੀ ਆਪਣੇ ਪੁੱਤਰ ਦੇ ਦਾਖਲੇ ਲਈ ਗਿਆ। ਮੈਂ ਕਿਹਾ ਕਿ ਮੇਰੇ ਕੋਲ ਕੰਮ ਨਹੀਂ ਹੈ, ਮੈਂ ਪੁੱਤਰ ਦੀ ਅੱਧੀ ਫ਼ੀਸ ਵੀ ਕਿਵੇਂ ਭਰਾਂਗਾ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।''
ਰਾਦੇਸ਼ ਸਿੰਘ ਨੇ ਕਿਹਾ ਕਿ ਜਦੋਂ ਉਹ ਲਾਹੌਰ ਆਏ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਕੁਝ ਦਿਨ ਰਹੇ। ਜਦੋਂ ਘਰ ਕਿਰਾਏ 'ਤੇ ਲੈਣ ਦੀ ਗੱਲ ਆਈ ਤਾਂ ਉਨ੍ਹਾਂ ਦੀ ਆਪਣੀ ਬਿਰਾਦਰੀ ਤੋਂ ਇਲਾਵਾ ਇਸਾਈ ਅਤੇ ਮੁਸਲਿਮ ਭਾਈਚਾਰੇ ਨੇ ਵੀ ਘਰ ਕਿਰਾਏ 'ਤੇ ਦੇਣ ਤੋਂ ਇਨਕਾਰ ਕਰ ਦਿੱਤਾ।
''ਇਸ ਤੋਂ ਬਾਅਦ ਇੱਕ ਚੰਗੇ ਦਿਲ ਵਾਲੇ ਇਨਸਾਨ ਨੂੰ ਸਾਡੇ 'ਤੇ ਤਰਸ ਆਇਆ ਤੇ ਉਨ੍ਹਾਂ ਸਾਨੂੰ ਆਪਣੇ ਘਰ ਵਿੱਚ ਰਹਿਣ ਲਈ ਥਾਂ ਦਿੱਤੀ।''
''ਜਦੋਂ ਮੈਂ ਅਤੇ ਮੇਰੇ ਬੱਚੇ ਨੌਕਰੀ ਦੀ ਭਾਲ ਵਿੱਚ ਜਾਂਦੇ ਹਾਂ ਤਾਂ ਸਾਨੂੰ ਕੋਈ ਕੰਮ ਤੇ ਨਹੀਂ ਰੱਖਦਾ। ਮੈਨੂੰ ਕਿਹਾ ਜਾਂਦਾ ਹੈ ''ਬਾਬਾ ਜੀ ਤੁਹਾਨੂੰ ਘਰੇ ਆਰਾਮ ਕਰਨਾ ਚਾਹੀਦਾ ਹੈ।'' ਮੇਰੇ ਬੱਚਿਆਂ ਨੂੰ ਪੜ੍ਹਾਈ ਕਰਕੇ ਕੋਈ ਨੌਕਰੀ ਨਹੀਂ ਮਿਲੀ।
ਇਹ ਵੀ ਪੜ੍ਹੋ
ਇਹ ਵੀ ਦੇਖੋਂ
https://www.youtube.com/watch?v=OWvvZ7VEbm8
https://www.youtube.com/watch?v=qY5RCMcE_cw
https://www.youtube.com/watch?v=ZlX1geMemig
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਲੰਡਨ ''ਚ ਤਿੰਨ ਸਿੱਖਾਂ ਦੇ ਕਤਲ ਬਾਰੇ ਕੀ ਕਹਿ ਰਹੀ ਪੁਲਿਸ ਤੇ ਸਿੱਖ ਭਾਈਚਾਰਾ
NEXT STORY