ਪੰਜਾਬੀ ਸਾਹਿਤ ਦੇ ਮਸ਼ਹੂਰ ਨਾਵਲਕਾਰ ਜਸਵੰਤ ਸਿੰਘ ਕੰਵਲ ਦੁਨੀਆਂ ਨੂੰ ਅਲਵਿਦਾ ਆਖ ਗਏ ਉਨ੍ਹਾਂ ਨੂੰ ਸਾਹਿਤ ਨਾਲ ਜੁੜੇ ਲੋਕ ਯਾਦ ਕਰ ਰਹੇ ਹਨ।
(ਇਹ ਲੇਖ ਸਾਲ 2018 ਵਿੱਚ ਬੀਬੀਸੀ ਪੰਜਾਬੀ ਨੇ ਛਾਪਿਆ ਸੀ ਜਦੋਂ ਜਸਵੰਤ ਸਿੰਘ ਕੰਵਲ ਨੇ ਆਪਣੀ ਜਨਮ ਸ਼ਤਾਬਦੀ ਮਨਾਈ ਸੀ। ਬੀਬੀਸੀ ਲਈ ਇਹ ਲੇਖ ਸਥਾਨਕ ਪੱਤਰਕਾਰ ਜਸਬੀਰ ਸ਼ੇਤਰਾ ਨੇ ਭੇਜਿਆ ਸੀ। )
ਪਿੰਡ ਢੁੱਡੀਕੇ ਦੀ ਗ਼ਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਕਰਕੇ ਰੱਜਵੀਂ ਚਰਚਾ ਹੋਈ ਪਰ ਅੱਜ ਮੋਗਾ ਜ਼ਿਲ੍ਹੇ ਦੇ ਇਸ ਪਿੰਡ ਦੀ ਚਰਚਾ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਜਸਵੰਤ ਸਿੰਘ ਕੰਵਲ ਕਰਕੇ ਹੋ ਰਹੀ ਹੈ।
ਪੰਜਾਬੀ ਸਾਹਿਤ ਦੇ ਇਹ ਉੱਘੇ ਨਾਵਲਕਾਰ ਸੌ ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੇ ਸੌਵੇਂ ਜਨਮ ਦਿਨ 'ਤੇ ਪਿੰਡ 'ਚ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਦੇ ਨਵੇਂ ਘਰ ਨੂੰ ਰੰਗ ਰੋਗਨ ਹੋ ਰਿਹਾ ਹੈ। ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਇਹ ਸੌਵਾਂ ਜਨਮ ਦਿਨ ਲਗਾਤਾਰ ਦੋ ਦਿਨ ਪਿੰਡ 'ਚ ਦੋ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਲਿਖਣਾ ਸ਼ੁਰੂ ਕਰਨ ਵਾਲੇ ਇਸ ਲੇਖਕ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਤੇ ਆਜ਼ਾਦੀ ਤੋਂ ਬਾਅਦ ਕਈ ਰੰਗਾਂ ਦੀਆਂ ਸਰਕਾਰਾਂ ਵੀ।
ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਦੇਖਣ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਅੰਦਰ ਸਮੇਂ-ਸਮੇਂ 'ਤੇ ਰਹਿਣ ਵਾਲੀ ਉਥਲ-ਪੁਥਲ ਵੀ ਦੇਖੀ।
ਅੱਜ ਵੀ ਹੱਥਾਂ 'ਚ ਕਲਮ
ਇੱਕ ਸਦੀ ਪੁਰਾਣੇ ਲੇਖਕ ਨੇ ਅੱਜ ਵੀ ਹੱਥਾਂ 'ਚ ਕਲਮ ਫੜੀ ਹੋਈ ਹੈ। ਉਨ੍ਹਾਂ ਲਿਖਣਾ ਤੇ ਪੜ੍ਹਨਾ ਨਹੀਂ ਛੱਡਿਆ।
ਸਰੀਰਕ ਪੱਖ ਤੋਂ ਤੰਦਰੁਸਤ ਕੰਵਲ ਨੂੰ ਸਿਰਫ ਸੁਣਨ 'ਚ ਥੋੜ੍ਹੀ ਦਿੱਕਤ ਆਉਂਦੀ ਹੈ, ਉਂਝ ਉਹ ਢੁੱਡੀਕੇ ਦੀਆਂ ਗਲੀਆਂ 'ਚ ਪੁਰਾਣੇ ਘਰ ਤੋਂ ਨਵੇਂ ਘਰ ਆਪਣੇ ਆਪ ਘੁੰਮਦੇ ਮਿਲ ਜਾਂਦੇ ਹਨ।
ਬੀਬੀਸੀ ਟੀਮ ਦੇ ਢੁੱਡੀਕੇ ਪਹੁੰਚਣ 'ਤੇ ਵੀ ਉਹ ਨਵੇਂ ਘਰ ਤੋਂ ਪੁਰਾਣੇ ਘਰ ਆਏ ਅਤੇ ਵਾਪਸੀ 'ਤੇ ਵੀ ਬਿਨਾਂ ਕਿਸੇ ਸਹਾਰਾ ਪੈਦਲ ਚੱਲ ਕੇ ਨਵੇਂ ਘਰ ਗਏ।
ਰਸਤੇ 'ਚ ਮਿਲਣ ਵਾਲੇ ਲੋਕਾਂ ਨੇ ਬੜੇ ਅਦਬ ਨਾਲ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਘਰ ਬੈਠੇ ਤੇ ਰਾਹ ਤੁਰੇ ਆਉਂਦੇ ਉਨ੍ਹਾਂ ਕਈ ਵਾਰ ਦੁਹਰਾਇਆ ਕਿ ਉਹ ਸੌ ਸਾਲ ਦੇ ਹੋਣ ਜਾ ਰਹੇ ਹਨ।
ਡੱਬੀਦਾਰ ਚਾਦਰਾ ਬੰਨ੍ਹੀ ਬੈਠੇ ਜਸਵੰਤ ਸਿੰਘ ਕੰਵਲ ਦੀ ਕਮੀਜ਼ ਦੀ ਜੇਬ 'ਚ ਪੈਨ ਤੇ ਬੈਂਕ ਦੀਆਂ ਕਾਪੀਆਂ ਹਨ। ਦਿਮਾਗ ਪੱਖੋਂ ਚੇਤੰਨ, ਸਰੀਰਕ ਪੱਖੋਂ ਚੁਸਤ ਉਹ ਚੜ੍ਹਦੀ ਕਲਾ 'ਚ ਹਨ।
ਪੰਜਾਬ ਦੇ ਫਿੱਕੇ ਪੈਂਦੇ ਰੰਗਾਂ ਪ੍ਰਤੀ ਚਿੰਤਤ
ਲਿਖਣ ਪੱਖੋਂ ਕੋਈ ਵਿਸ਼ਾ ਛੁੱਟ ਜਾਣ ਜਾਂ ਕੁਝ ਖ਼ਾਸ ਲਿਖਣ ਦੀ ਰੀਝ ਅਧੂਰੀ ਰਹਿ ਜਾਣ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਬਾਕੀ ਨਹੀਂ। ਗੱਲਬਾਤ ਦੌਰਾਨ ਉਨ੍ਹਾਂ ਦਾ ਲੜਕਾ ਸਰਬਜੀਤ ਸਿੰਘ ਤੇ ਦੋਵੇਂ ਪੋਤੇ ਸੁਮੀਤ ਸਿੰਘ ਤੇ ਹਰਮੀਤ ਸਿੰਘ ਆ ਜਾਂਦੇ ਹਨ।
ਉਹ ਆਪਣੇ ਲੜਕੇ ਨੂੰ 'ਗੇੜਾ ਮਾਰਨ ਤੇ ਧਿਆਨ ਰੱਖਣ' ਲਈ ਕਹਿੰਦੇ ਹਨ। ਬਾਅਦ 'ਚ ਪਤਾ ਲੱਗਦਾ ਹੈ ਕਿ ਉਹ ਨਵੇਂ ਘਰ ਨੂੰ ਹੋ ਰਹੇ ਰੰਗ ਰੋਗਨ ਪ੍ਰਤੀ ਫ਼ਿਕਰਮੰਦ ਹਨ। ਗੱਲਬਾਤ ਦੀ ਸਮਾਪਤੀ ਉਹ ਖ਼ੁਦ ਹੀ ਉਧਰ ਨੂੰ ਤੁਰ ਪੈਂਦੇ ਹਨ ਤਾਂ ਜੋ ਰੰਗ ਸਬੰਧੀ ਤਸੱਲੀ ਕਰ ਸਕਣ।
ਉਨ੍ਹਾਂ ਦੀ ਫ਼ਿਕਰਮੰਦੀ ਸਿਰਫ ਘਰ ਦੇ ਰੰਗ ਰੋਗਨ ਤੱਕ ਹੀ ਸੀਮਤ ਨਹੀਂ ਰਹਿੰਦੀ ਪੰਜਾਬ ਦੇ ਫਿੱਕੇ ਪੈਂਦੇ ਜਾ ਰਹੇ ਰੰਗਾਂ ਬਾਰੇ ਵੀ ਉਹ ਚਿੰਤਤ ਹਨ।
ਉਨ੍ਹਾਂ ਕਿਹਾ ਕਿ ਕੁਰਬਾਨੀਆਂ ਦੇ ਕੇ ਲਿਆਂਦੀ ਆਜ਼ਾਦੀ ਦਾ ਜਿੰਨੇ ਚਾਵਾਂ ਮਲ੍ਹਾਰਾਂ ਨਾਲ ਸਵਾਗਤ ਹੋਇਆ ਉਹ ਜਲਦ ਮੱਠੇ ਪੈ ਗਏ।
ਮਗਰੋਂ ਕਈ ਦੌਰ ਆਏ, ਕਈ ਲਹਿਰਾਂ ਖੜ੍ਹੀਆਂ ਹੋਈਆਂ ਤੇ ਬੈਠੀਆਂ ਪਰ ਆਮ ਲੋਕਾਂ ਦੀ ਜ਼ਿੰਦਗੀ ਓਨੀ ਖ਼ੁਸ਼ਹਾਲ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਸੀ।
ਬੀਬੀਸੀ ਪੰਜਾਬੀ ਆਪਣੇ ਫੋਨ ਦੀ ਸਕਰੀਨ ਉੱਤੇ ਲਿਆਉਣ ਲਈ ਇਹ ਵੀਡੀਓ ਦੇਖੋ
https://www.youtube.com/watch?v=xWw19z7Edrs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Union Budget 2020: ਨਿਰਮਲਾ ਸੀਤਾਰਮਣ ਦੇ ਬਜਟ ਵਿੱਚ ਕੀ-ਕੀ ਹੋਵੇਗਾ
NEXT STORY