2 ਅਕਤੂਬਰ, 2012 ਨੂੰ ਅੱਧੀ ਬਾਂਹ ਵਾਲੀ ਕਮੀਜ਼, ਢਿੱਲੀ ਪੈਂਟ ਅਤੇ ਸਿਰ 'ਤੇ 'ਮੈਂ ਹੂੰ ਆਮ ਆਦਮੀ' ਦੀ ਟੋਪੀ ਪਾ ਕੇ ਕੇਜਰੀਵਾਲ ਕੌਸਟੀਟਿਉਸ਼ਨ ਕਲੱਬ ਵਿਖੇ ਮੰਚ 'ਤੇ ਆਏ।
ਮਨੀਸ਼ ਸਿਸੋਦੀਆ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਗੋਪਾਲ ਰਾਏ ਅਤੇ ਹੋਰ ਬਹੁਤ ਸਾਰੇ ਲੋਕ ਜੋ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਵਿੱਚ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਦੇ ਪਿੱਛੇ ਬੈਠੇ ਸਨ।
ਰਾਜਨੀਤੀ ਵਿੱਚ ਦਾਖ਼ਲ ਹੋਣ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ, "ਅੱਜ, ਇਸ ਮੰਚ ਤੋਂ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਹਾਂ, ਅਸੀਂ ਹੁਣ ਚੋਣਾਂ ਲੜ ਕੇ ਦਿਖਾਵਾਂਗੇ। ਦੇਸ਼ ਦੇ ਲੋਕ ਅੱਜ ਤੋਂ ਚੋਣ ਰਾਜਨੀਤੀ ਵਿੱਚ ਕੁੱਦ ਰਹੇ ਹਨ ਅਤੇ ਤੁਸੀਂ ਹੁਣ ਆਪਣੇ ਦਿਨ ਗਿਣਨਾ ਸ਼ੁਰੂ ਕਰ ਦਿਓ।"
ਉਨ੍ਹਾਂ ਕਿਹਾ, ਸਾਡੀ ਸਥਿਤੀ ਅਰਜਨ ਵਰਗੀ ਹੈ, ਜੋ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਖੜਾ ਹੈ ਅਤੇ ਉਸ ਕੋਲ ਦੋ ਦੁਚਿੱਤੀਆਂ ਹਨ, ਇੱਕ ਕਿ ਕਿਧਰੇ ਉਹ ਹਾਰ ਨਾ ਜਾਵੇ ਅਤੇ ਦੂਜਾ ਇਹ ਹੈ ਕਿ ਉਸ ਦੇ ਆਪਣੇ ਲੋਕ ਸਾਹਮਣੇ ਖੜੇ ਹਨ। ਫਿਰ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ, ‘ਹਾਰ ਅਤੇ ਜਿੱਤ ਦੀ ਚਿੰਤਾ ਨਾ ਕਰੋ, ਲੜੋ’। "
ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਨੂੰ ਇੱਕ ਰਾਜਨੀਤਿਕ ਪਾਰਟੀ ਵਿੱਚ ਤਬਦੀਲ ਕਰਨ ਤੋਂ ਬਾਅਦ, ਕੇਜਰੀਵਾਲ ਨੇ ਨਾ ਸਿਰਫ਼ ਚੋਣ ਲੜੀ ਅਤੇ ਜਿੱਤੀ, ਬਲਕਿ ਤੀਜੀ ਵਾਰ ਦਿੱਲੀ ਚੋਣਾਂ ਜਿੱਤ ਕੇ, ਉਸ ਨੇ ਸਾਫ਼ ਕੀਤਾ ਹੈ ਕਿ ਕੇਜਰੀਵਾਲ ਕੋਲ ਮੋਦੀ ਜਾਦੂ ਦਾ ਤੋੜ ਹੈ।
ਇਹ ਵੀ ਪੜੋ
2002 ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਕੇਜਰੀਵਾਲ ਇੰਡੀਅਨ ਰੈਵੀਨਿਉ ਸਰਵਿਸ ਤੋਂ ਛੁੱਟੀ ਲੈ ਕੇ ਦਿੱਲੀ ਦੇ ਸੁੰਦਰਨਗਰੀ ਖੇਤਰ ਵਿੱਚ ਆਪਣੇ ਐਕਟੀਵਿਜ਼ਮ ਦਾ ਐਕਸਪੈਰੀਮੇਂਟ ਕਰ ਰਹੇ ਸਨ
ਕੇਜਰੀਵਾਲ ਦਾ ਸ਼ੁਰੂਆਤੀ ਸਫ਼ਰ
ਭਾਰਤੀ ਆਮਦਨ ਕਰ ਸੇਵਾ ਦੇ ਅਧਿਕਾਰੀ ਅਤੇ ਇੱਕ ਆਈਆਈਟੀ ਵਿਦਿਆਰਥੀ ਰਹੇ ਕੇਜਰੀਵਾਲ ਨੇ 2011 ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚ ਆਪਣੀ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਸੀ। ਪਰ ਉਹ ਪਹਿਲਾਂ ਹੀ ਇੱਕ ਸਮਾਜ ਸੇਵਕ ਵਜੋਂ ਇੱਕ ਵੱਖਰੀ ਪਛਾਣ ਬਣਾ ਚੁੱਕੇ ਸਨ।
2002 ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਕੇਜਰੀਵਾਲ ਇੰਡੀਅਨ ਰੈਵੀਨਿਊ ਸਰਵਿਸ ਤੋਂ ਛੁੱਟੀ ਲੈ ਕੇ ਦਿੱਲੀ ਦੇ ਸੁੰਦਰ ਨਗਰੀ ਖੇਤਰ ਵਿੱਚ ਆਪਣੇ ਐਕਟੀਵਿਜ਼ਮ ਦਾ ਐਕਸਪੈਰੀਮੇਂਟ ਕਰ ਰਹੇ ਸਨ।
ਇੱਥੇ ਹੀ ਕੇਜਰੀਵਾਲ ਨੇ 'ਪਰਿਵਰਤਨ' ਨਾਮਕ ਇੱਕ ਗੈਰ-ਸਰਕਾਰੀ ਸੰਗਠਨ ਸਥਾਪਤ ਕੀਤਾ। ਕੇਜਰੀਵਾਲ ਆਪਣੇ ਕੁਝ ਦੋਸਤਾਂ ਨਾਲ ਇਸ ਖ਼ੇਤਰ ਵਿੱਚ ਜ਼ਮੀਨੀ ਤਬਦੀਲੀ ਲਿਆਉਣਾ ਚਾਹੁੰਦੇ ਸਨ।
ਕੁਝ ਮਹੀਨਿਆਂ ਬਾਅਦ, ਦਸੰਬਰ 2002 ਵਿੱਚ, ਕੇਜਰੀਵਾਲ ਦੀ ਐੱਨਜੀਓ ‘ਪਰਿਵਰਤਨ’ ਨੇ ਸ਼ਹਿਰੀ ਖੇਤਰ ਵਿੱਚ ਵਿਕਾਸ ਦੇ ਮੁੱਦੇ 'ਤੇ ਪਹਿਲੀ ਜਨਤਕ ਸੁਣਵਾਈ ਕੀਤੀ। ਉਸ ਵਕਤ, ਜਸਟਿਸ ਪੀ ਬੀ ਸਾਵੰਤ, ਮਨੁੱਖੀ ਅਧਿਕਾਰ ਕਾਰਕੁਨ ਹਰਸ਼ ਮੰਡੇਰ, ਲੇਖ਼ਿਕਾ ਅਰੁੰਧਤੀ ਰਾਏ, ਮਨੁੱਖੀ ਅਧਿਕਾਰ ਕਾਰਕੁਨ ਅਰੁਣਾ ਰਾਏ ਵਰਗੇ ਲੋਕ ਪੈਨਲ ਵਿੱਚ ਸ਼ਾਮਲ ਸਨ।
ਅਗਲੇ ਕਈ ਸਾਲਾਂ ਤੱਕ ਕੇਜਰੀਵਾਲ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੀ ਪੂਰਬੀ ਦਿੱਲੀ ਦੇ ਇਸ ਖੇਤਰ ਵਿੱਚ ਬਿਜਲੀ, ਪਾਣੀ ਅਤੇ ਰਾਸ਼ਨ ਵਰਗੇ ਮੁੱਦਿਆਂ ਉੱਤੇ ਜ਼ਮੀਨੀ ਕੰਮ ਕਰਦੇ ਰਹੇ।
ਕੇਜਰੀਵਾਲ ਨੂੰ ਮਿਲਿਆ ‘ਮੇਗਸੇਸੇ’ ਅਵਾਰਡ
ਕੇਜਰੀਵਾਲ ਨੂੰ ਆਪਣੀ ਪਹਿਲੀ ਵੱਡੀ ਪਛਾਣ 2006 ਵਿੱਚ ਮਿਲੀ ਜਦੋਂ ਉਨ੍ਹਾਂ ਨੂੰ 'ਉਭਰ ਰਹੇ ਲੀਡਰ' ਲਈ ਰਮਨ ਮੇਗਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਉਸ ਸਮੇਂ, ਅਰਵਿੰਦ ਕੇਜਰੀਵਾਲ ਨਾਲ ਜੁੜੇ ਹੋਏ ਅਤੇ ਹੁਣ ਤੱਕ ਉਨ੍ਹਾਂ ਨਾਲ ਕੰਮ ਕਰ ਰਹੇ ਹਨ, ਅਮਿਤ ਮਿਸ਼ਰਾ ਦੱਸਦੇ ਹਨ, "ਅਰਵਿੰਦ ਕਾਫ਼ੀ ਸਟ੍ਰੇਟ ਫਾਰਵਰਡ ਸੀ। ਜਿਸ ਕੰਮ ਕਰਨ ਦੀ ਜ਼ਰੂਰਤ ਹੁੰਦੀ ਉਹ ਸਪਸ਼ਟ ਤੌਰ 'ਤੇ ਬੋਲ ਦਿੰਦੇ, ਪਰ ਕਿੰਤੂ-ਪਰੰਤੂ ਦੀ ਕੋਈ ਗੁੰਜਾਇਸ਼ ਨਾ ਰੱਖਦੇ। ਹਾਂ, ਉਹ ਤਰਕਸ਼ੀਲ ਦਲੀਲਾਂ ਨੂੰ ਜ਼ਰੂਰ ਸੁਣਦੇ ਸਨ।
"ਉਨ੍ਹਾਂ ਦਿਨਾਂ ਵਿੱਚ ਅਸੀਂ 'ਪਰਿਵਰਤਨ' ਦੇ ਤਹਿਤ ਮੁਹੱਲਾ ਮੀਟਿੰਗਾਂ ਕਰਦੇ ਸੀ। ਮੁਹੱਲਾ ਸਭਾ ਦੌਰਾਨ ਅਸੀਂ ਲੋਕਲ ਗਵਰਨੇਂਸ ਬਾਰੇ ਵਿਚਾਰ ਵਟਾਂਦਰਾ ਕਰਦੇ ਸੀ। ਅਸੀਂ ਜਨਤਕ ਮੀਟਿੰਗਾਂ ਵਿੱਚ ਅਧਿਕਾਰੀਆਂ ਨੂੰ ਬੁਲਾਉਂਦੇ ਅਤੇ ਉਨ੍ਹਾਂ ਨੂੰ ਸਵਾਲ ਕਰਦੇ ਸੀ।"
ਅਮਿਤ ਯਾਦ ਕਰਦੇ ਹਨ, "ਅਰਵਿੰਦ ਕੇਜਰੀਵਾਲ ਉਸ ਸਮੇਂ ਛੋਟੀ-ਛੋਟੀ ਨੀਤੀਆਂ ਬਣਾਉਂਦੇ ਸਨ ਅਤੇ ਉਨ੍ਹਾਂ ਲਈ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਦੇ ਸਨ ਤੇ ਕਈ ਵਾਰ ਕੰਮ ਨੂੰ ਲੈਕੇ ਉਨ੍ਹਾਂ ਨਾਲ ਭਿੜ ਵੀ ਜਾਂਦੇ ਸਨ। ਉਹ ਨੇਤਾਵਾਂ ਨੂੰ ਵੀ ਮਿਲਦੇ ਸਨ ਅਤੇ ਕੋਸ਼ਿਸ਼ ਕਰਦੇ ਸਨ ਕਿ ਸੰਸਦ ਵਿੱਚ ਆਪਣੇ ਵੱਲੋਂ ਉਠਾਏ ਮੁੱਦਿਆਂ 'ਤੇ ਸਵਾਲ ਪੁੱਛੇ ਜਾਣ।"
ਅਪ੍ਰੈਲ 2011 ਵਿੱਚ, ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਜਨ ਲੋਕਪਾਲ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇੱਕ ਧਰਨਾ ਸ਼ੁਰੂ ਕੀਤਾ ਸੀ
ਸੁੰਦਰ ਨਗਰੀ ‘ਚ ਕਿਰਾਏ ’ਤੇ ਲਈ ਝੁੱਗੀ
ਕੇਜਰੀਵਾਲ ਅਗਲੇ ਕਈ ਸਾਲਾਂ ਤੱਕ ਸੁੰਦਰ ਨਗਰੀ ਵਿੱਚ ਜ਼ਮੀਨੀ ਮੁੱਦਿਆਂ 'ਤੇ ਕੰਮ ਕਰਦੇ ਰਹੇ। ਉਨ੍ਹਾਂ ਸੂਚਨਾ ਦੇ ਅਧਿਕਾਰ ਲਈ ਚੱਲ ਰਹੀ ਮੁਹਿੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ।
ਅਮਿਤ ਦਾ ਕਹਿਣਾ ਹੈ, "ਸੁੰਦਰ ਨਗਰੀ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਅਰਵਿੰਦ ਕੇਜਰੀਵਾਲ ਨੇ ਇਕ ਝੁੱਗੀ ਕਿਰਾਏ 'ਤੇ ਲੈ ਲਈ। ਉਹ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਸਮਝਦੇ ਸਨ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਰਕਾਰ ਦੀਆਂ ਨੀਤੀਆਂ ਤੱਕ ਲਿਆਇਆ ਜਾਵੇ। "
ਸਾਲ 2010 ਵਿੱਚ ਦਿੱਲੀ ਵਿੱਚ ਆਯੋਜਿਤ ਰਾਸ਼ਟਰ ਮੰਡਲ ਖੇਡਾਂ ਵਿੱਚ ਹੋਏ ਕਥਿਤ ਘੁਟਾਲੇ ਦੀਆਂ ਖ਼ਬਰਾਂ ਤੋਂ ਬਾਅਦ, ਲੋਕਾਂ ਵਿੱਚ ਸਰਕਾਰ ਪ੍ਰਤੀ ਰੋਹ ਵੱਧਦਾ ਜਾ ਰਿਹਾ ਸੀ। ਇੰਡੀਆ ਅਗੇਂਸਟ ਕੁਰੱਪਸ਼ਨ ਮੁਹਿੰਮ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਅਤੇ ਕੇਜਰੀਵਾਲ ਇਸ ਦਾ ਚਿਹਰਾ ਬਣ ਗਏ। ਦਿੱਲੀ ਅਤੇ ਦੇਸ਼ ਦੇ ਕਈ ਇਲਾਕਿਆਂ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਜਨਤਕ ਮੀਟਿੰਗਾਂ ਸ਼ੁਰੂ ਹੋਈਆਂ।
ਅਗਸਤ 2011 ਵਿੱਚ, ਅੰਨਾ ਹਜ਼ਾਰੇ ਦਾ ਜਨ ਲੋਕਪਾਲ ਲਈ ਇੱਕ ਵਿਸ਼ਾਲ ਅੰਦੋਲਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸ਼ੁਰੂ ਹੋਇਆ
ਮੰਚ 'ਤੇ ਅੰਨਾ ਸਨ ਅਤੇ ਮੰਚ ਦੇ ਪਿੱਛੇ ਕੇਜਰੀਵਾਲ
ਅਪ੍ਰੈਲ 2011 ਵਿੱਚ, ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਜਨ ਲੋਕਪਾਲ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇੱਕ ਧਰਨਾ ਸ਼ੁਰੂ ਕੀਤਾ ਸੀ। ਮੰਚ 'ਤੇ ਅੰਨਾ ਸਨ ਅਤੇ ਮੰਚ ਦੇ ਪਿੱਛੇ ਕੇਜਰੀਵਾਲ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨੌਜਵਾਨ ਇਸ ਅੰਦੋਲਨ ਵਿੱਚ ਸ਼ਾਮਲ ਹੋਏ। ਹਰੇਕ ਲੰਘਦੇ ਦਿਨ ਦੇ ਨਾਲ, ਪ੍ਰਦਰਸ਼ਨ ਵਿੱਚ ਭੀੜ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਸੀ।
9 ਅਪ੍ਰੈਲ ਨੂੰ ਅੰਨਾ ਨੇ ਅਚਾਨਕ ਆਪਣਾ ਅਣਮਿਥੇ ਸਮੇਂ ਦਾ ਮਰਨ ਵਰਤ ਖ਼ਤਮ ਕਰ ਦਿੱਤਾ। ਜੋਸ਼ੀਲੇ ਨੌਜਵਾਨਾਂ ਦੀ ਭੀੜ ਨੇ ਇੱਕ ਸਾਧਾਰਨ ਜਿਹੀ ਦਿੱਖ ਵਾਲੇ ਛੋਟੇ ਆਦਮੀ ਨੂੰ ਘੇਰ ਲਿਆ, ਇਹ ਆਦਮੀ ਕੇਜਰੀਵਾਲ ਸੀ। ਨੌਜਵਾਨ ਭਾਰਤ ਮਾਤਾ ਦੀ ਜੈ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਹ ਪ੍ਰਸ਼ਨ ਕਰ ਰਹੇ ਸਨ ਕਿ ਅੰਨਾ ਨੂੰ ਮਰਨ ਵਰਤ ਖ਼ਤਮ ਨਹੀਂ ਕਰਨਾ ਚਾਹੀਦਾ ਸੀ ਅਤੇ ਉਹ ਚੁੱਪ ਸਨ।
ਕੇਜਰੀਵਾਲ ਹੁਣ ਤੱਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਆਰਕੀਟੈਕਟ ਬਣ ਗਏ ਸਨ। ਅਗਲੇ ਕੁਝ ਮਹੀਨਿਆਂ ਵਿੱਚ, ਉਨ੍ਹਾਂ ਨੇ 'ਟੀਮ ਅੰਨਾ' ਦਾ ਵਿਸਥਾਰ ਕੀਤਾ। ਸੁਸਾਇਟੀ ਦੇ ਹਰ ਵਰਗ ਨਾਲ ਜੁੜੇ ਲੋਕਾਂ ਨੇ ਸੁਝਾਅ ਮੰਗੇ ਅਤੇ ਇੱਕ ਵਿਸ਼ਾਲ ਲੋਕ ਲਹਿਰ ਦੀ ਕਲਪਨਾ ਕੀਤੀ।
ਅਗਸਤ 2011 ਵਿੱਚ, ਅੰਨਾ ਹਜ਼ਾਰੇ ਦਾ ਜਨ ਲੋਕਪਾਲ ਲਈ ਇੱਕ ਵਿਸ਼ਾਲ ਅੰਦੋਲਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸ਼ੁਰੂ ਹੋਇਆ
'ਮੈਂ ਅੰਨਾ ਹੂੰ' ਤੋਂ ਉਭਰੇ ਕੇਜਰੀਵਾਲ
ਫਿਰ ਅਗਸਤ 2011 ਵਿੱਚ, ਅੰਨਾ ਹਜ਼ਾਰੇ ਦਾ ਜਨ ਲੋਕਪਾਲ ਲਈ ਇੱਕ ਵਿਸ਼ਾਲ ਅੰਦੋਲਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸ਼ੁਰੂ ਹੋਇਆ। ਸਿਰ 'ਤੇ 'ਮੈਂ ਅੰਨਾ ਹੂੰ' ਦੀਆਂ ਟੋਪੀਆਂ ਪਾ ਕੇ ਲੋਕਾਂ ਦਾ ਵੱਡਾ ਹਜ਼ੂਮ ਜੁੜਨ ਲੱਗਿਆ। ਮੀਡੀਆ ਨੇ ਇਸ ਨੂੰ 'ਅੰਨਾ ਕ੍ਰਾਂਤੀ' ਦਾ ਨਾਮ ਦਿੱਤਾ। ਕੇਜਰੀਵਾਲ ਇਸ ਇਨਕਲਾਬ ਦਾ ਚਿਹਰਾ ਬਣ ਗਏ। ਪੱਤਰਕਾਰਾਂ ਉਨ੍ਹਾਂ ਨੂੰ ਘੇਰਨ ਲੱਗੇ ਅਤੇ ਟੀਵੀ 'ਤੇ ਉਨ੍ਹਾਂ ਦੇ ਇੰਟਰਵਿਉ ਚੱਲਣ ਲੱਗੇ।
ਪਰ ਅੰਦੋਲਨ ਤੋਂ ਉਹ ਹਾਸਲ ਨਹੀਂ ਹੋਇਆ ਜੋ ਕੇਜਰੀਵਾਲ ਚਾਹੁੰਦੇ ਸਨ। ਹੁਣ ਕੇਜਰੀਵਾਲ ਨੇ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਵੱਡੀਆਂ ਮੀਟਿੰਗਾਂ ਸ਼ੁਰੂ ਕੀਤੀਆਂ।
ਉਹ ਸਟੇਜ 'ਤੇ ਆਉਂਦੇ ਅਤੇ ਨੇਤਾਵਾਂ 'ਤੇ ਗੁੱਸਾ ਕੱਢਦੇ। ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦਾ ਅਕਸ 'ਐਂਗਰੀ ਯੰਗ ਮੈਨ' ਦਾ ਬਣਨਾ ਸ਼ੁਰੂ ਹੋ ਗਿਆ, ਜੋ ਸਿਸਟਮ ਤੋਂ ਨਿਰਾਸ਼ ਸੀ ਅਤੇ ਤਬਦੀਲੀ ਚਾਹੁੰਦਾ ਸੀ। ਦੇਸ਼ ਦੇ ਹਜ਼ਾਰਾਂ ਨੌਜਵਾਨ ਆਪਣੇ ਆਪ ਨੂੰ ਉਨ੍ਹਾਂ ਨਾਲ ਜੋੜ ਰਹੇ ਸਨ।
ਫਿਰ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਜੁਲਾਈ 2012 ਵਿੱਚ ਜੰਤਰ-ਮੰਤਰ ਵਿਖੇ ਆਪਣਾ ਪਹਿਲਾ ਵੱਡਾ ਧਰਨਾ ਸ਼ੁਰੂ ਕੀਤਾ। ਹੁਣ ਤੱਕ ਉਸ ਦੇ ਅਤੇ ਉਸਦੇ ਵਰਕਰਾਂ ਦੇ ਸਿਰਾਂ ਉੱਤੇ ਸਿਰਫ਼ 'ਮੈਂ ਅੰਨਾ ਹੂੰ' ਦੀ ਟੋਪੀ ਸੀ ਅਤੇ ਮੁੱਦਾ ਵੀ ਭ੍ਰਿਸ਼ਟਾਚਾਰ ਅਤੇ ਜਨ ਲੋਕਪਾਲ ਦਾ ਸੀ।
ਲੋਕਾਂ ਨੂੰ ਸੜਕਾਂ 'ਤੇ ਉਤਰਨ ਦਾ ਸੱਦਾ ਦਿੰਦਿਆਂ ਕੇਜਰੀਵਾਲ ਨੇ ਕਿਹਾ, "ਜਿਸ ਦਿਨ ਇਸ ਦੇਸ਼ ਦੇ ਲੋਕ ਜਾਗਣਗੇ ਅਤੇ ਸੜਕਾਂ 'ਤੇ ਉਤਰਨਗੇ, ਉਹ ਵੱਡੀ ਤੋਂ ਵੱਡੀ ਸੱਤਾ ਨੂੰ ਕੁਰਸੀ ਤੋਂ ਉਤਾਰ ਸਕਦੇ ਹਨ।"
ਕੇਜਰੀਵਾਲ ਦਾ ਭਾਰ ਘੱਟਦਾ ਗਿਆ ਅਤੇ ਦੇਸ਼ ਵਿੱਚ ਉਨ੍ਹਾਂ ਦੀ ਪਛਾਣ ਵੱਧਦੀ ਗਈ
ਅੰਨਾ ਹਜ਼ਾਰੇ ਵੀ ਇਸ ਹੜਤਾਲ ਵਿੱਚ ਕੇਜਰੀਵਾਲ ਨੂੰ ਉਤਸ਼ਾਹਤ ਕਰਨ ਲਈ ਜੰਤਰ-ਮੰਤਰ ਪਹੁੰਚੇ।
ਕੇਜਰੀਵਾਲ ਦਾ ਭਾਰ ਘੱਟਦਾ ਗਿਆ ਅਤੇ ਦੇਸ਼ ਵਿੱਚ ਉਨ੍ਹਾਂ ਦੀ ਪਛਾਣ ਵੱਧਦੀ ਗਈ। ਜਦੋਂ ਕੇਜਰੀਵਾਲ ਦਾ ਇਹ ਮਰਨ ਵਰਤ ਖਤਮ ਹੋ ਗਿਆ, ਤਾਂ ਇਹ ਸਪੱਸ਼ਟ ਹੋ ਗਿਆ ਕਿ ਉਹ ਰਾਜਨੀਤੀ ਵਿੱਚ ਦਾਖ਼ਲ ਹੋਣ ਜਾ ਰਹੇ ਹਨ।
ਇਹ ਵੱਖਰੀ ਗੱਲ ਹੈ ਕਿ ਉਹ ਵਾਰ ਵਾਰ ਕਹਿੰਦੇ ਰਹੇ ਕਿ ਉਹ ਕਦੇ ਵੀ ਚੋਣ ਸਿਆਸਤ ਵਿੱਚ ਦਾਖ਼ਲ ਨਹੀਂ ਹੋਣਗੇ।
"ਛੋਟੀਆਂ ਲੜਾਈਆਂ ਤੋਂ ਵੱਡੀਆਂ ਲੜਾਈਆਂ ਵੱਲ ਵਧ ਰਹੇ ਹਾਂ। ਸੰਸਦ ਦਾ ਸ਼ੁੱਧੀਕਰਨ ਕਰਨਾ ਪਏਗਾ। ਹੁਣ ਅੰਦੋਲਨ ਸੜਕ 'ਤੇ ਵੀ ਹੋਵੇਗਾ ਅਤੇ ਸੰਸਦ ਦੇ ਅੰਦਰ ਵੀ। ਸੱਤਾ ਨੂੰ ਦਿੱਲੀ ਤੋਂ ਖ਼ਤਮ ਕਰ ਕੇ ਦੇਸ਼ ਦੇ ਹਰ ਪਿੰਡ ਤੱਕ ਪਹੁੰਚਾਣਾ ਹੈ। "
ਰਾਜਨੀਤੀ ’ਚ ਕੇਜਰੀਵਾਲ ਦਾ ਕਦਮ
ਹੁਣ ਤੱਕ, ਸੜਕ 'ਤੇ ਸੰਘਰਸ਼ ਨੂੰ ਆਪਣੀ ਪਛਾਣ ਬਣਾ ਚੁੱਕੇ ਕੇਜਰੀਵਾਲ ਨੇ ਆਪਣੀ 10 ਦਿਨਾਂ ਦੀ ਭੁੱਖ ਹੜਤਾਲ ਨੂੰ ਖ਼ਤਮ ਕਰਦਿਆਂ ਕਿਹਾ, "ਛੋਟੀਆਂ ਲੜਾਈਆਂ ਤੋਂ ਵੱਡੀਆਂ ਲੜਾਈਆਂ ਵੱਲ ਵਧ ਰਹੇ ਹਾਂ। ਸੰਸਦ ਦਾ ਸ਼ੁੱਧੀਕਰਨ ਕਰਨਾ ਪਏਗਾ। ਹੁਣ ਅੰਦੋਲਨ ਸੜਕ 'ਤੇ ਵੀ ਹੋਵੇਗਾ ਅਤੇ ਸੰਸਦ ਦੇ ਅੰਦਰ ਵੀ। ਸੱਤਾ ਨੂੰ ਦਿੱਲੀ ਤੋਂ ਖ਼ਤਮ ਕਰ ਕੇ ਦੇਸ਼ ਦੇ ਹਰ ਪਿੰਡ ਤੱਕ ਪਹੁੰਚਾਣਾ ਹੈ। "
ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਕਿ ਹੁਣ ਉਹ ਪਾਰਟੀ ਬਣਾ ਕੇ ਚੋਣ ਰਾਜਨੀਤੀ ਵਿੱਚ ਦਾਖ਼ਲ ਹੋਣਗੇ। ਉਨ੍ਹਾਂ ਕਿਹਾ, "ਇਹ ਪਾਰਟੀ ਨਹੀਂ, ਇਹ ਅੰਦੋਲਨ ਹੋਏਗਾ, ਇੱਥੇ ਕੋਈ ਹਾਈ ਕਮਾਨ ਨਹੀਂ ਹੋਵੇਗੀ।"
ਕੇਜਰੀਵਾਲ ਰਾਜਨੀਤੀ ਵਿੱਚ ਦਾਖ਼ਲ ਹੋਣ ਦਾ ਫੈਸਲਾ ਸੁਣਾ ਰਹੇ ਸੀ ਅਤੇ ਵਿਰੋਧ ਵਿੱਚ ਸ਼ਾਮਲ ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨਾਂ ਦੇ ਚਿਹਰਿਆਂ ਦੀ ਰੰਗਤ ਬਦਲ ਰਹੀ ਸੀ। ਜਦੋਂ ਕਿ ਬਹੁਤ ਸਾਰੇ ਕਾਰਕੁਨਾਂ ਨੇ ਇਸ ਫੈਸਲੇ ਨੂੰ ਸਵੀਕਾਰ ਕਰ ਲਿਆ ਅਤੇ ਅੱਗੇ ਲੜਨ ਲਈ ਆਪਣੇ ਆਪ ਨੂੰ ਤਿਆਰ ਕੀਤਾ, ਪਰ ਬਹੁਤ ਸਾਰੇ ਅਜਿਹੇ ਸਨ ਜਿਨ੍ਹਾਂ ਨੇ ਕੇਜਰੀਵਾਲ ਦੇ ਇਸ ਫੈਸਲੇ 'ਤੇ ਸਵਾਲ ਉਠਾਏ।
ਕੇਜਰੀਵਾਲ ਦੇ ਰਾਜਨੀਤੀ ਵਿੱਚ ਦਾਖਲ ਹੋਣ ਦੇ ਫੈਸਲੇ ਨੂੰ ਯਾਦ ਕਰਦਿਆਂ ਅਮਿਤ ਕਹਿੰਦੇ ਹਨ, "ਸ਼ੁਰੂਆਤ ਵਿੱਚ ਅਰਵਿੰਦ ਹਮੇਸ਼ਾ ਕਹਿੰਦੇ ਸਨ ਕਿ ਮੇਰਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਉਹ ਕਹਿੰਦੇ ਸੀ ਕਿ ਜੇ ਡਾਕਟਰ ਹਸਪਤਾਲ ਵਿੱਚ ਇਲਾਜ ਨਹੀਂ ਕਰਦੇ ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਡਾਕਟਰ ਬਣ ਜਾਵਾਂਗੇ। ਪਰ ਜਦੋਂ ਜਨ ਲੋਕਪਾਲ ਅੰਦੋਲਨ ਦੌਰਾਨ ਹਰ ਪਾਸਿਓਂ ਨਿਰਾਸ਼ਾ ਮਿਲੀ ਤਾਂ ਅਰਵਿੰਦ ਨੇ ਫੈਸਲਾ ਲਿਆ ਕਿ ਹੁਣ ਉਨ੍ਹਾਂ ਨੂੰ ਰਾਜਨੀਤੀ ਵਿੱਚ ਦਾਖ਼ਲ ਹੋਣਾ ਪਵੇਗਾ। "
ਪਰ ਕੇਜਰੀਵਾਲ ਕਦੇ ਵੀ ਰਾਜਨੀਤੀ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ ਸਨ
ਕਾਲਜ ਦੇ ਦਿਨਾਂ ‘ਚ ਕੇਜਰੀਵਾਲ ਨੇ ਨਹੀਂ ਕਦੇ ਕੀਤੀ ਰਾਜਨੀਤੀ ਦੀ ਚਰਚਾ
ਪਰ ਕੇਜਰੀਵਾਲ ਕਦੇ ਵੀ ਰਾਜਨੀਤੀ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ ਸਨ। ਉਨ੍ਹਾਂ ਦੇ ਦੋਸਤ ਰਾਜੀਵ ਸਰਾਫ਼, ਜੋ ਉਨ੍ਹਾਂ ਨਾਲ ਆਈਆਈਟੀ ਵਿੱਚ ਸੀ, ਕਹਿੰਦੇ ਹਨ, "ਅਸੀਂ ਕਦੇ ਕਾਲਜ ਦੌਰਾਨ ਰਾਜਨੀਤੀ ਬਾਰੇ ਗੱਲ ਨਹੀਂ ਕੀਤੀ। ਮੈਨੂੰ ਯਾਦ ਨਹੀਂ ਕਿ ਚਾਰ ਸਾਲਾਂ ਵਿੱਚ ਅਸੀਂ ਕਦੇ ਰਾਜਨੀਤੀ ਬਾਰੇ ਗੱਲ ਕੀਤੀ ਹੋਵੇ। ਜਦੋਂ ਅਸੀਂ ਅਰਵਿੰਦ ਨੂੰ ਰਾਜਨੀਤੀ ਵਿੱਚ ਵੇਖਿਆ ਤਾਂ ਇਹ ਕਾਫ਼ੀ ਹੈਰਾਨੀ ਵਾਲੀ ਗੱਲ ਸੀ। "
ਸਰਾਫ਼ ਨੇ ਅੱਗੇ ਕਿਹਾ, "ਪਰ ਉਸਦਾ ਆਪਣਾ ਸਫ਼ਰ ਹੈ। ਕਾਲਜ ਤੋਂ ਬਾਅਦ, ਉਹ ਕੋਲਕਾਤਾ ਵਿੱਚ ਕੰਮ ਕਰ ਰਹੇ ਸੀ, ਜਿਥੇ ਉਹ ਮਦਰ ਟੇਰੇਸਾ ਦੇ ਸੰਪਰਕ ਵਿੱਚ ਆਏ। ਇਸ ਤੋਂ ਬਾਅਦ ਉਹ ਆਈਆਰਐੱਸ 'ਚ ਗਏ ਅਤੇ ਉਥੇ ਉਨ੍ਹਾਂ ਨੇ ਬਹੁਤ ਸਾਰਾ ਭ੍ਰਿਸ਼ਟਾਚਾਰ ਦੇਖਿਆ। ਮੇਰੇ ਖ਼ਿਆਲ ਵਿੱਚ ਰਾਜਨੀਤੀ ਵਿੱਚ ਆਉਣਾ ਉਨ੍ਹਾਂ ਦਾ ਤਰਕਪੂਰਨ ਸਿੱਟਾ ਸੀ, ਅਜਿਹਾ ਨਹੀਂ ਸੀ ਕਿ ਉਨ੍ਹਾਂ ਪਹਿਲਾਂ ਕਦੇ ਫੈਸਲਾ ਕੀਤਾ ਸੀ ਕਿ ਉਨ੍ਹਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। "
ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਵਿੱਚ ਕੇਜਰੀਵਾਲ ਦਾ ਅਕਸ 'ਯੰਗ ਐਂਗਰੀ ਮੈਨ' ਵਰਗਾ ਬਣ ਚੁੱਕਿਆ ਸੀ , ਪਰ ਕਾਲਜ ਦੇ ਦਿਨਾਂ ਵਿੱਚ ਉਹ ਸ਼ਾਂਤ ਸੁਭਾਅ ਵਾਲੇ ਇੱਕ ਖਾਮੋਸ਼ ਨੌਜਵਾਨ ਸੀ।
ਸਰਾਫ਼ ਯਾਦ ਕਰਦੇ ਹਨ, "ਜਦੋਂ ਅਸੀਂ ਕਾਲਜ ਵਿੱਚ ਸੀ, ਅਰਵਿੰਦ ਬਹੁਤ ਸ਼ਰਮੀਲੇ ਅਤੇ ਸ਼ਾਂਤ ਸੁਭਾਅ ਦੇ ਸੀ। ਅਸੀਂ ਇਕੱਠੇ ਘੁੰਮਦੇ ਰਹਿੰਦੇ ਸੀ। ਅਸੀਂ ਉਨ੍ਹਾਂ ਨੂੰ ਕਦੇ ਬਹੁਤਾ ਬੋਲਦੇ ਨਹੀਂ ਵੇਖਿਆ ਸੀ। ਅੰਨਾ ਅੰਦੋਲਨ ਦੇ ਬਾਅਦ ਤੋਂ ਅਸੀਂ ਉਨ੍ਹਾਂ ਦੇ ਗੁੱਸੇ ਵਾਲੇ ਅਕਸ ਨੂੰ ਵੇਖਿਆ ਅਤੇ ਇਹ ਉਸਦੇ ਕਾਲਜ ਦੇ ਦਿਨਾਂ ਦੇ ਬਿਲਕੁਲ ਉਲਟ ਸੀ। ਉਸ ਸਮੇਂ ਉਹ ਸ਼ਾਂਤ ਰਹਿੰਦੇ ਸਨ, ਲੋਕ ਸਮੇਂ ਦੇ ਨਾਲ ਬਦਲਦੇ ਹਨ, ਕੇਜਰੀਵਾਲ ਵਿੱਚ ਵੀ ਤਬਦੀਲੀ ਆਈ ਹੈ।"
26 ਨਵੰਬਰ 2012 ਨੂੰ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਰਸਮੀ ਗਠਨ ਦਾ ਐਲਾਨ ਕੀਤਾ
ਪਾਰਟੀ 'ਚ ਨਹੀਂ ਹੋਵੇਗੀ ਹਾਈਕਮਾਨ
26 ਨਵੰਬਰ 2012 ਨੂੰ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਰਸਮੀ ਗਠਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਕੋਈ ਹਾਈ ਕਮਾਨ ਨਹੀਂ ਹੋਵੇਗੀ ਅਤੇ ਉਹ ਜਨਤਕ ਪੈਸੇ ਨਾਲ ਜਨਤਕ ਮਸਲਿਆਂ 'ਤੇ ਚੋਣਾਂ ਲੜਨਗੇ।
ਜੇ ਕੇਜਰੀਵਾਲ ਨੇ ਰਾਜਨੀਤੀ ਦਾ ਰਾਹ ਚੁਣਿਆ ਤਾਂ ਉਨ੍ਹਾਂ ਦੇ ਗੁਰੂ ਅੰਨਾ ਹਜ਼ਾਰੇ ਨੇ ਇਹ ਵੀ ਕਿਹਾ ਕਿ ਉਹ ਸੱਤਾ ਦੇ ਰਾਹ 'ਤੇ ਚੱਲ ਪਏ ਹਨ।
'ਸਾਡੀ ਪਾਰਟੀ ਨਾਲ ਜੁੜੋ'
ਸ਼ੁਰੂਆਤੀ ਦਿਨਾਂ ਵਿੱਚ, ਅਰਵਿੰਦ ਨੂੰ ਜੋ ਮਿਲ ਰਿਹਾ ਸੀ, ਉਸਨੂੰ ਪਾਰਟੀ ਨਾਲ ਜੋੜ ਰਹੇ ਸਨ। ਜਿਵੇਂ ਹੀ ਮੈਂ ਉਸਦੀ ਵੇਗਨ ਆਰ ਕਾਰ ਵਿੱਚ ਇਕ ਇੰਟਰਵਿਉ ਲੈਣ ਤੋਂ ਬਾਅਦ ਰਿਕਾਰਡਰ ਨੂੰ ਰੋਕਿਆ, ਉਨ੍ਹਾਂ ਕਿਹਾ, ਪੱਤਰਕਾਰੀ ਛੱਡੋ, ਸਾਡੇ ਨਾਲ ਪਾਰਟੀ ਵਿੱਚ ਆ ਜਾਓ। ਉਨ੍ਹਾਂ ਕਿਹਾ, ਇਹ ਸਮਾਂ ਨਿਰਪੱਖ ਰਹਿਣ ਦਾ ਨਹੀਂ, ਭ੍ਰਿਸ਼ਟਾਚਾਰ ਖ਼ਿਲਾਫ਼ ਖੜੇ ਹੋਣ ਦਾ ਹੈ।
ਕੇਜਰੀਵਾਲ ਨੇ ਇਹ ਪ੍ਰਸਤਾਵ ਸਿਰਫ਼ ਮੈਨੂੰ ਨਹੀਂ ਦਿੱਤਾ ਸੀ, ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਸਨ। ਦਰਅਸਲ, ਜਿਹੜਾ ਵੀ ਉਨ੍ਹਾਂ ਨੂੰ ਮਿਲ ਰਿਹਾ ਸੀ, ਉਸਨੂੰ ਆਪਣੀ ਨਵੀਂ ਪਾਰਟੀ ਵਿੱਚ ਆਉਣ ਦਾ ਸੱਦਾ ਦੇ ਰਹੇ ਸਨ।
ਉਨ੍ਹਾਂ ਦੀ ਇਹ ਸੰਗਠਨਾਤਮਕ ਸਮਰੱਥਾ ਬਾਅਦ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣ ਗਈ। ਕੇਜਰੀਵਾਲ ਨੇ ਉਨ੍ਹਾਂ ਵਲੰਟੀਅਰਾਂ ਨੂੰ ਸ਼ਾਮਲ ਕੀਤਾ ਜਿਹੜੇ ਭੁੱਖੇ ਰਹਿਣ ਤੋਂ ਬਾਅਦ ਵੀ ਉਨ੍ਹਾਂ ਲਈ ਕੰਮ ਕਰਨ ਲਈ ਤਿਆਰ ਸਨ। ਲਾਠੀ ਡੰਡੇ ਖਾਣ ਲਈ ਤਿਆਰ ਸਨ।
ਕੇਜਰੀਵਾਲ ਦਾ ਪਹਿਲਾ ‘ਚੋਣ’ ਤਜਰਬਾ
ਵਲੰਟੀਅਰਾਂ ਦੇ ਅਧਾਰ 'ਤੇ ਕੇਜਰੀਵਾਲ ਨੇ ਸਾਲ 2013 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ ਸਨ। ਉਨ੍ਹਾਂ ਦੀ ਪਾਰਟੀ, ਜਿਸ ਨੇ ਰਾਜਨੀਤੀ ਵਿੱਚ ਹਾਲੇ ਸ਼ੁਰੂਆਤ ਹੀ ਕੀਤੀ ਸੀ, ਨੇ 28 ਸੀਟਾਂ ਜਿੱਤੀਆਂ। ਕੇਜਰੀਵਾਲ ਨੇ ਖ਼ੁਦ ਨਵੀਂ ਦਿੱਲੀ ਸੀਟ ਤੋਂ ਤਤਕਾਲੀ ਸੀਐਮ ਸ਼ੀਲਾ ਦੀਕਸ਼ਿਤ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਪਰ ਉਨ੍ਹਾਂ ਨੂੰ ਸ਼ੀਲਾ ਦੀਕਸ਼ਿਤ ਦੀ ਕਾਂਗਰਸ ਪਾਰਟੀ ਨਾਲ ਮਿਲ ਕੇ ਹੀ ਸਰਕਾਰ ਬਣਾਉਣੀ ਪਈ।
ਕੇਜਰੀਵਾਲ ਦਿੱਲੀ ਮੈਟਰੋ 'ਚ ਬੈਠ ਕੇ ਸਹੁੰ ਚੁੱਕਣ ਲਈ ਰਾਮਲੀਲਾ ਮੈਦਾਨ ਪਹੁੰਚੇ। ਰਾਮਲੀਲਾ ਮੈਦਾਨ ਜਿੱਥੇ ਉਹ ਅੰਨਾ ਨਾਲ ਭੁੱਖ ਹੜਤਾਲ 'ਤੇ ਬੈਠੇ ਸਨ, ਹੁਣ ਉਨ੍ਹਾਂ ਦੀ ਸੰਵਿਧਾਨ ਦੀ ਸਹੁੰ ਦਾ ਗਵਾਹ ਬਣ ਰਿਹਾ ਸੀ।
ਸਹੁੰ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਭਾਰਤ ਮਾਤਾ ਕੀ ਜੈ, ਇਨਕਲਾਬ ਜ਼ਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਅਤੇ ਕਿਹਾ, "ਇਹ ਅਰਵਿੰਦ ਕੇਜਰੀਵਾਲ ਨੇ ਸਹੁੰ ਨਹੀਂ ਚੁੱਕੀ ਹੈ, ਅੱਜ ਦਿੱਲੀ ਦੇ ਹਰ ਨਾਗਰਿਕ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਹ ਲੜਾਈ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਨਹੀਂ ਸੀ। ਇਹ ਲੜਾਈ ਸੱਤਾ ਨੂੰ ਲੋਕਾਂ ਦੇ ਹਵਾਲੇ ਕਰਨ ਲਈ ਸੀ।"
ਆਪਣੀ ਜਿੱਤ ਨੂੰ ਕੁਦਰਤ ਦਾ ਚਮਤਕਾਰ ਦੱਸਦਿਆਂ ਕੇਜਰੀਵਾਲ ਨੇ ਰੱਬ, ਅੱਲ੍ਹਾ ਅਤੇ ਭਗਵਾਨ ਦਾ ਧੰਨਵਾਦ ਕੀਤਾ।
ਸਹੁੰ ਚੁੱਕਣ ਤੋਂ ਕੁਝ ਦਿਨਾਂ ਬਾਅਦ, ਕੇਜਰੀਵਾਲ ਦਿੱਲੀ ਪੁਲਿਸ ਦੇ ਭ੍ਰਿਸ਼ਟਾਚਾਰ ਖਿਲਾਫ਼ ਰੇਲਵੇ ਭਵਨ ਦੇ ਬਾਹਰ ਧਰਨੇ 'ਤੇ ਬੈਠ ਗਏ। ਠੰਡ ਦੇ ਲਿਹਾਫ਼ 'ਚ ਦੁਬਕੇ ਕੇਜਰੀਵਾਲ ਨੇ ਜਦੋਂ ਦਿੱਲੀ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਗੱਲ ਕੀਤੀ ਤਾਂ ਜਨਤਾ ਨੂੰ ਲੱਗਿਆ ਕਿ ਕੋਈ ਹੈ ਜੋ ਉਨ੍ਹਾਂ ਬਾਰੇ ਗੱਲ ਕਰ ਰਿਹਾ ਹੈ।
ਕੇਜਰੀਵਾਲ ਦੀ ਇਹ ਸਰਕਾਰ ਸਿਰਫ਼ 49 ਦਿਨਾਂ ਤੱਕ ਚੱਲ ਸਕੀ। ਪਰ ਇਨ੍ਹਾਂ 49 ਦਿਨਾਂ ਵਿੱਚ, ਰਾਜਨੀਤੀ ਦਾ ਇਕ ਨਵਾਂ ਦੌਰ ਵੇਖਿਆ ਗਿਆ।
49 ਦਿਨ ਚਲੀ ਕੇਜਰੀਵਾਲ ਸਰਕਾਰ
ਕੇਜਰੀਵਾਲ ਦੀ ਇਹ ਸਰਕਾਰ ਸਿਰਫ਼ 49 ਦਿਨਾਂ ਤੱਕ ਚੱਲ ਸਕੀ। ਪਰ ਇਨ੍ਹਾਂ 49 ਦਿਨਾਂ ਵਿੱਚ, ਰਾਜਨੀਤੀ ਦਾ ਇਕ ਨਵਾਂ ਦੌਰ ਵੇਖਿਆ ਗਿਆ। ਕੇਜਰੀਵਾਲ ਆਪਣੇ ਜਨਤਕ ਭਾਸ਼ਣਾਂ ਵਿੱਚ ਭ੍ਰਿਸ਼ਟ ਅਧਿਕਾਰੀਆਂ ਦੀ ਵੀਡੀਓ ਬਣਾਉਣ ਲਈ ਕਹਿੰਦੇ ਸਨ। ਅਤੇ ਭ੍ਰਿਸ਼ਟ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਦੇ ਅਤੇ ਡਰਦੇ ਸਨ।
ਕੇਜਰੀਵਾਲ ਜਿੰਨੀ ਜਲਦੀ ਹੋ ਸਕੇ ਜਨਲੋਕਪਾਲ ਬਿੱਲ ਨੂੰ ਪਾਸ ਕਰਨਾ ਚਾਹੁੰਦੇ ਹਨ। ਪਰ ਗੱਠਜੋੜ ਸਰਕਾਰ ਵਿੱਚ ਭਾਈਵਾਲ ਕਾਂਗਰਸ ਇਸ ਲਈ ਤਿਆਰ ਨਹੀਂ ਸੀ। ਆਖ਼ਰਕਾਰ 14 ਫਰਵਰੀ 2014 ਨੂੰ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਫਿਰ ਸੜਕ 'ਤੇ ਆ ਗਏ।
ਕੇਜਰੀਵਾਲ ਨੇ ਕਿਹਾ, "ਜੇਕਰ ਮੈਨੂੰ ਸੱਤਾ ਦਾ ਲਾਲਚ ਹੁੰਦਾ ਤਾਂ ਮੁੱਖ ਮੰਤਰੀ ਦਾ ਅਹੁਦਾ ਨਾ ਛੱਡਦਾ। ਮੈਂ ਸਿਧਾਂਤਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੁਰਸੀ ਛੱਡ ਦਿੱਤੀ ਹੈ।"
ਕੇਜਰੀਵਾਲ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਲਈ ਬਨਾਰਸ ਪਹੁੰਚੇ
ਮੋਦੀ ਨੂੰ ਬਨਾਰਸ ’ਚ ਚੁਣੌਤੀ ਦੇਣ ਪੁੱਜੇ ਕੇਜਰੀਵਾਲ
ਲੋਕ ਸਭਾ ਚੋਣਾਂ ਕੁਝ ਮਹੀਨਿਆਂ ਬਾਅਦ ਹੋਣੀਆਂ ਸਨ। ਕੇਜਰੀਵਾਲ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਲਈ ਬਨਾਰਸ ਪਹੁੰਚੇ। ਆਪਣੀ ਨਾਮਜ਼ਦਗੀ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਕਿਹਾ, "ਦੋਸਤੋ, ਮੇਰੇ ਕੋਲ ਕੁਝ ਵੀ ਨਹੀਂ ਹੈ, ਮੈਂ ਤੁਹਾਡੇ ਵਿੱਚੋਂ ਇੱਕ ਹਾਂ, ਇਹ ਲੜਾਈ ਮੇਰੀ ਨਹੀਂ ਹੈ, ਇਹ ਲੜਾਈ ਉਨ੍ਹਾਂ ਸਾਰਿਆਂ ਦੀ ਹੈ ਜੋ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸੁਪਨਾ ਵੇਖਦੇ ਹਨ।"
ਬਨਾਰਸ ਵਿੱਚ ਕੇਜਰੀਵਾਲ ਤਿੰਨ ਲੱਖ ਸੱਤਰ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ। ਉਨ੍ਹਾਂ ਨੂੰ ਪਤਾ ਚੱਲਿਆ ਕਿ ਰਾਜਨੀਤੀ ਵਿੱਚ ਲੰਬੀ ਦੌੜ ਲਈ ਸਭ ਤੋਂ ਪਹਿਲਾਂ ਇੱਕ ਛੋਟੇ ਜਿਹੇ ਖ਼ੇਤਰ ਵਿੱਚ ਅਭਿਆਸ ਕਰਨਾ ਪੈਂਦਾ ਹੈ ਅਤੇ ਫਿਰ ਉਨ੍ਹਾਂ ਨੇ ਆਪਣਾ ਦਿਲ ਦਿੱਲੀ ਹੀ ਲਗਾ ਲਿਆ।
ਨਿਰਾਸ਼ ਪਾਰਟੀ ਵਰਕਰਾਂ ਨੂੰ ਦਿੱਤੇ ਬਿਆਨ ਵਿੱਚ ਕੇਜਰੀਵਾਲ ਨੇ ਕਿਹਾ, "ਸਾਡੀ ਪਾਰਟੀ ਹਾਲੇ ਨਵੀਂ ਹੈ, ਬਹੁਤ ਸਾਰੇ ਢਾਂਚੇ ਢਿੱਲੇ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸੰਗਠਨ ਨੂੰ ਤਿਆਰ ਕਰਨਾ ਪਏਗਾ। ਆਉਣ ਵਾਲੇ ਸਮੇਂ ਵਿੱਚ ਅਸੀਂ ਮਿਲ ਕੇ ਸੰਗਠਨ ਨੂੰ ਮਜ਼ਬੂਤ ਕਰਾਂਗੇ। ਮੈਨੂੰ ਉਮੀਦ ਹੈ ਕਿ ਇਹ ਸੰਗਠਨ ਇਸ ਦੇਸ਼ ਨੂੰ ਦੁਬਾਰਾ ਆਜ਼ਾਦ ਕਰਾਉਣ ਵਿੱਚ ਵੱਡੀ ਭੂਮਿਕਾ ਅਦਾ ਕਰੇਗਾ।"
ਕੇਜਰੀਵਾਲ ਨੇ ਬਿਲਕੁਲ ਆਮ ਆਦਮੀ ਵਰਗਾ ਰਵੱਈਆ ਅਪਣਾਇਆ। ਉਹ ਸਾਦੇ ਕੱਪੜੇ ਪਾ ਕੇ, ਵੇਗਨ ਆਰ ਕਾਰ ਵਿੱਚ ਜਾਂਦੇ, ਧਰਨੇ 'ਚ ਬੈਠਦੇ ਅਤੇ ਉੱਥੇ ਹੀ ਲੋਕਾਂ ਵਿੱਚ ਸੌ ਜਾਂਦੇ ਸਨ।
ਇਸ ਦੌਰਾਨ ਇੱਕ ਵੀਡੀਓ ਜਾਰੀ ਕਰਦਿਆਂ ਕੇਜਰੀਵਾਲ ਨੇ ਕਿਹਾ, "ਮੈਂ ਤੁਹਾਡੇ ਵਿੱਚੋਂ ਇੱਕ ਹਾਂ, ਮੈਂ ਅਤੇ ਮੇਰਾ ਪਰਿਵਾਰ ਤੁਹਾਡੇ ਵਰਗੇ ਹਾਂ, ਤੁਹਾਡੇ ਵਾਂਗ ਜੀਓਂਦੇ ਹਾਂ, ਮੈਂ ਅਤੇ ਮੇਰਾ ਪਰਿਵਾਰ ਤੁਹਾਡੇ ਵਾਂਗ ਇਸ ਸਿਸਟਮ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਅਤੇ ਇਸ ਸਮੇਂ ਦੌਰਾਨ, ਖੰਘਦੇ ਹੋਏ ਕੇਜਰੀਵਾਲ ਦੀ 'ਮਫ਼ਲਰਮੈਨ' ਦੀ ਛਵੀ ਸਾਹਮਣੇ ਆਈ। ਗਲੇ ਵਿੱਚ ਮਫ਼ਲਰ ਪਾਏ ਜਿੱਥੇ ਕੇਜਰੀਵਾਲ ਨੂੰ ਦਿੱਲੀ ਵਿੱਚ ਜਗ੍ਹਾ ਮਿਲਦੀ, ਉਹ ਉੱਥੇ ਹੀ ਜਨਸਭਾ ਕਰਨ ਲੱਗ ਪਾਂਦੇ।
70 ਵਿਚੋਂ 67 ਸੀਟਾਂ ਜਿੱਤ ਕੇ ਕੇਜਰੀਵਾਲ ਨੇ 14 ਫਰਵਰੀ 2015 ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
70 ਵਿਚੋਂ 67 ਸੀਟਾਂ ਕੇਜਰੀਵਾਲ ਦੀ ਝੋਲੀ ਪਈਆਂ
ਦਿੱਲੀ ਲਈ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ, ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਤੋਂ ਸੰਪੂਰਨ ਬਹੁਮਤ ਦੀ ਮੰਗ ਕੀਤੀ ਅਤੇ ਲੋਕਾਂ ਨੇ ਉਸਨੂੰ ਇੱਕ ਇਤਿਹਾਸਕ ਜਿੱਤ ਦਿੱਤੀ। 70 ਵਿਚੋਂ 67 ਸੀਟਾਂ ਜਿੱਤ ਕੇ ਕੇਜਰੀਵਾਲ ਨੇ 14 ਫਰਵਰੀ 2015 ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਇਸ ਵਾਰ ਉਨ੍ਹਾਂ ਕੋਲ ਸੰਪੂਰਨ ਬਹੁਮਤ ਤੋਂ ਵੱਧ ਸੀਟਾਂ ਸੀ। ਵਾਅਦੇ ਨੂੰ ਪੂਰਾ ਕਰਨ ਲਈ ਪੂਰੇ ਪੰਜ ਸਾਲ ਸੀ। ਪਰ ਜਿਸ ਜਨਲੋਕਪਾਲ ਨੂੰ ਉਨ੍ਹਾਂ ਨੇ ਲਿਆਉਣ ਦਾ ਵਾਅਦਾ ਕੀਤਾ ਸੀ, ਉਹ ਨਹੀਂ ਆ ਸਕਿਆ।
ਉਨ੍ਹਾਂ ਨੇ ਪੰਜ ਸਾਲ ਦਿੱਲੀ ਦੀ ਸਿਹਤ, ਸਿੱਖਿਆ ਅਤੇ ਹੋਰ ਜਨਤਕ ਸੇਵਾਵਾਂ 'ਤੇ ਕੰਮ ਕੀਤਾ। ਕਈ ਵਾਰ ਉਹ ਕੇਂਦਰ ਸਰਕਾਰ 'ਤੇ ਸਹਿਯੋਗ ਨਾ ਕਰਨ ਦਾ ਆਰੋਪ ਲਗਾਉਂਦੇ ਰਹੇ। ਮੁਫ਼ਤ ਬਿਜਲੀ ਅਤੇ ਪਾਣੀ ਵਰਗੀਆਂ ਲੋਕਪ੍ਰਿਅ ਯੋਜਨਾਵਾਂ ਲਾਗੂ ਕੀਤੀਆਂ। ਬਾਰ ਬਾਰ ਉਨ੍ਹਾਂ ਆਪਣੇ ਆਪ ਨੂੰ ਹੀ ਇਮਾਨਦਾਰੀ ਦਾ ਸਰਟੀਫ਼ਿਕੇਟ ਦਿੱਤਾ।
ਪਰ ਇਸ ਸਭ ਦੇ ਵਿਚਕਾਰ, ਭ੍ਰਿਸ਼ਟਾਚਾਰ ਅਤੇ ਜਨ ਲੋਕਪਾਲ ਦਾ ਮੁੱਦਾ ਕਿਧਰੇ ਗੁੰਮ ਗਿਆ। ਦਿੱਲੀ ਦੇ ਲੋਕ ਜਾਣਦੇ ਹਨ ਕਿ ਦਿੱਲੀ ਤੋਂ ਕਿੰਨਾ ਭ੍ਰਿਸ਼ਟਾਚਾਰ ਘਟਿਆ ਹੈ। ਬਹੁਤ ਸਾਰੇ ਲੋਕਾਂ ਨੂੰ ਜਨ ਲੋਕਪਾਲ ਦਾ ਨਾਮ ਵੀ ਸ਼ਾਇਦ ਯਾਦ ਨਹੀਂ।
ਜਿਸ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੇ, ਉਹ ਹੁਣ ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ
ਵਾਅਦੇ ਵਫ਼ਾ ਨਾ ਹੋਏ
ਅਤੇ ਜਿਸ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੇ, ਉਹ ਹੁਣ ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਮ ਆਦਮੀ ਵਾਂਗ ਜੀਣਗੇ, ਲਾਲ ਬੱਤੀ ਨਹੀਂ ਵਰਤੇਣਗੇ। ਹੁਣ ਉਹ ਦਿੱਲੀ ਵਿੱਚ ਲਗਜ਼ਰੀ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਰਹਿੰਦੇ ਹਨ, ਵੇਗਨ ਕਾਰ ਦੀ ਜਗ੍ਹਾਂ ਲਗਜ਼ਰੀ ਕਾਰ ਨੇ ਲੈ ਲਈ ਹੈ।
ਜਿਸ ਪਾਰਟੀ ਦਾ ਗਠਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਇਸ ਵਿੱਚ ਕੋਈ ਹਾਈ ਕਮਾਂਡ ਨਹੀਂ ਹੋਵੇਗੀ, ਹੁਣ ਉਹ ਇਕੋ ਇਕ ਹਾਈ ਕਮਾਂਡ ਹੈ। ਪਾਰਟੀ ਵਿਚਲੇ ਸਾਰੇ ਨੇਤਾ ਜਿਨ੍ਹਾਂ ਦੇ ਕੱਦ ਉਨ੍ਹਾਂ ਦੇ ਬਰਾਬਰ ਹੋ ਸਕਦੇ ਸਨ, ਇੱਕ-ਇੱਕ ਕਰਕੇ ਚਲੇ ਗਏ।
ਹੁਣ ਕੇਜਰੀਵਾਲ 51 ਸਾਲ ਦੇ ਹੋ ਗਏ ਹਨ। ਉਨ੍ਹਾਂ ਕੋਲ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਕਦਮ ਰੱਖਣ ਦਾ ਤਜਰਬਾ ਵੀ ਹੈ ਅਤੇ ਹੁਣ ਕਾਫ਼ੀ ਵਕਤ ਵੀ।
ਇਹ ਵੀ ਪੜੋ
ਇਹ ਵੀ ਦੋਖੋ
https://www.youtube.com/watch?v=RO6R8Kb9Zyg
https://www.youtube.com/watch?v=P7v2DoukZBw
https://www.youtube.com/watch?v=F5wucWhOk_4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Delhi Election Result: ਸ਼ਾਹੀਨ ਬਾਗ, ਬਿਰਿਆਨੀ ਤੇ ਗੋਲੀ ਮਾਰਨ ਦੇ ਨਾਅਰਿਆਂ ਦੀ ਹੱਦ - ਨਜ਼ਰੀਆ
NEXT STORY