ਪਿਛਲੇ ਸਾਲ ਰੋਜ਼ ਕਾਲੇਮਬਾ ਨੇ ਇੱਕ ਬਲਾਗ ਪੋਸਟ ਕੀਤਾ, ਜਿਸ 'ਚ ਉਸ ਨੇ ਲਿਖਿਆ ਸੀ ਕਿ ਉਹ ਬਹੁਤ ਹੀ ਔਖਾ ਸਮਾਂ ਸੀ ਜਦੋਂ 14 ਸਾਲ ਦੀ ਉਮਰ 'ਚ ਉਸ ਨਾਲ ਬਲਾਤਕਾਰ ਹੋਇਆ ਸੀ ਅਤੇ ਇੱਕ ਪੋਰਨ ਵੈੱਬਸਾਈਟ ਤੋਂ ਵੀਡੀਓ ਨੂੰ ਹਟਾਉਣਾ ਕਿੰਨਾ ਔਖਾ ਸੀ।
ਉਸ ਦਿਨ ਤੋਂ ਬਾਅਦ ਕਈਆਂ ਨੇ ਉਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਵੀ ਅਜਿਹਾ ਹੀ ਸਾਹਮਣਾ ਕੀਤਾ ਹੈ ਅਤੇ ਅੱਜ ਵੀ ਉਹ ਇਸ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।
ਰੋਜ਼ ਹਸਪਤਾਲ ਦੇ ਜਿਸ ਕਮਰੇ 'ਚ ਦਾਖਲ ਸੀ, ਉਸ ਦੇ ਬਾਹਰ ਇੱਕ ਨਰਸ ਰੁਕੀ ਅਤੇ ਉਸ ਨੇ ਉਸ ਵੱਲ ਦੇਖਿਆ। ਉਸ ਨੇ ਕਿਹਾ, "ਤੇਰੇ ਨਾਲ ਜੋ ਵਾਪਰਿਆ ਉਹ ਬਹੁਤ ਹੀ ਦੁਖਦਾਈ ਹੈ। ਮੇਰੀ ਧੀ ਨਾਲ ਵੀ ਬਲਾਤਕਾਰ ਹੋਇਆ ਸੀ।"
ਰੋਜ਼ ਨੇ ਨਰਸ ਵੱਲ ਵੇਖਿਆ। ਨਰਸ 40 ਸਾਲ ਤੋਂ ਵੱਧ ਉਮਰ ਦੀ ਨਹੀਂ ਲੱਗਦੀ ਸੀ। ਇਸ ਲਈ ਰੋਜ਼ ਨੇ ਸੋਚਿਆ ਕਿ ਉਸ ਦੀ ਧੀ ਵੀ ਮੇਰੇ ਜਿੱਡੀ ਹੀ ਹੋਵੇਗੀ।
ਉਸ ਨੇ ਇਸ ਘਟਨਾ ਤੋਂ ਬਾਅਦ ਸੰਵੇਦਨਹੀਣ ਪੁਲਿਸ ਮੁਲਾਜ਼ਮ ਅਤੇ ਡਾਕਟਰ ਨਾਲ ਹੋਈ ਗੱਲਬਾਤ ਬਾਰੇ ਸੋਚਿਆ। ਰੋਜ਼ ਨਾਲ ਰਾਤ ਭਰ ਚੱਲੇ ਇਸ ਹਿੰਸਕ ਹਮਲੇ ਤੋਂ ਬਾਅਦ ਸਾਰਿਆਂ ਨੇ ਉਸ ਲਈ ਕਥਿਤ ਸ਼ਬਦ ਦੀ ਵਰਤੋਂ ਕੀਤੀ। ਰੋਜ਼ ਦੇ ਪਿਤਾ ਅਤੇ ਦਾਦੀ ਤੋਂ ਇਲਾਵਾ ਹੋਰ ਕਿਸੇ ਰਿਸ਼ਤੇਦਾਰ ਨੇ ਯਕੀਨ ਹੀ ਨਹੀਂ ਕੀਤਾ।
ਨਰਸ ਨਾਲ ਸਥਿਤੀ ਕੁੱਝ ਹੋਰ ਰਹੀ
ਰੋਜ਼ ਨੇ ਕਿਹਾ, "ਨਰਸ ਨੇ ਮੇਰੇ 'ਤੇ ਭਰੋਸਾ ਕੀਤਾ।"
ਕੀ ਹੋਇਆ ਸੀ
ਉਸ ਰਾਤ ਰੋਜ਼ ਨਾਲ ਕੀ ਹੋਇਆ ਸੀ, ਇਸ ਨੂੰ ਸ਼ੱਕ ਨਾਲ ਵੇਖਿਆ ਗਿਆ। ਪਰ ਨਰਸ ਨੇ ਉਸ ਦੀ ਮਾਨਸਿਕਤਾ ਨੂੰ ਸਮਝਿਆ ਅਤੇ ਉਸ ਨਾਲ ਵਾਪਰੀ ਇਸ ਘਟਨਾ ਦੇ ਦਰਦ ਦਾ ਅਹਿਸਾਸ ਮਹਿਸੂਸ ਕੀਤਾ। ਜਿਸ ਨਾਲ ਰੋਜ਼ ਨੂੰ ਕੁੱਝ ਰਾਹਤ ਮਿਲੀ ਅਤੇ ਉਸ ਦੀ ਸਿਹਤ ਠੀਕ ਹੋਣੀ ਸ਼ੂਰੂ ਹੋਈ।
ਇੱਕ ਦਹਾਕੇ ਬਾਅਦ ਰੋਜ਼ ਆਪਣੇ ਬਾਥਰੂਮ ਦੇ ਸ਼ੀਸ਼ੇ ਅੱਗੇ ਆਪਣੇ ਲੰਮੇ ਵਾਲਾਂ 'ਚ ਕੰਘੀ ਕਰ ਰਹੀ ਸੀ ਅਤੇ ਉਸ ਨੇ ਆਪਣੇ ਵਾਲਾਂ ਨੂੰ ਬੰਨ੍ਹਿਆ।
ਪਰ ਜਦੋਂ ਉਸ 'ਤੇ ਹਮਲਾ ਹੋਇਆ ਸੀ ਤਾਂ ਉਸ ਤੋਂ ਕਈ ਮਹੀਨਿਆਂ ਬਾਅਦ ਵੀ ਰੋਜ਼ ਇਸ ਤਰ੍ਹਾਂ ਨਹੀਂ ਸੀ ਹੋਈ। ਉਸ ਦੇ ਘਰ ਦੇ ਸਾਰੇ ਸ਼ੀਸ਼ੇ ਕੱਪੜਿਆਂ ਨਾਲ ਢੱਕ ਦਿੱਤੇ ਗਏ ਸੀ ਕਿਉਂਕਿ ਉਹ ਖੁਦ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦੀ ਸੀ।
ਹੁਣ ਉਹ 25 ਸਾਲ ਦੀ ਹੋ ਗਈ ਹੈ। ਹੁਣ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਆਪਣੀ ਪੂਰੀ ਸਾਂਭ ਸੰਭਾਲ ਕਰਦੀ ਹੈ ਜਿਸ 'ਚ ਵਾਲਾਂ ਦੀ ਦੇਖਭਾਲ ਇੱਕ ਹੈ।
ਉਸ ਨੂੰ ਪਤਾ ਹੈ ਕਿ ਉਸ ਦੇ ਵਾਲ ਬਹੁਤ ਸੋਹਣੇ ਹਨ ਅਤੇ ਉਨ੍ਹਾਂ ਦੀ ਸੰਭਾਲ ਕਿਸੇ ਸਖ਼ਤ ਮਿਹਨਤ ਨਾਲੋਂ ਘੱਟ ਨਹੀਂ ਹੈ।
ਲੋਕ ਵੀ ਉਸ ਦੇ ਵਾਲਾਂ 'ਤੇ ਹਮੇਸ਼ਾਂ ਹੀ ਟਿੱਪਣੀ ਕਰਦੇ ਹਨ। ਹਰ ਸਵੇਰ ਉਹ ਆਪਣੇ ਲਈ ਇੱਕ ਕੱਪ ਕੋਕੋਆ ਬਣਾਉਂਦੀ ਹੈ ਜੋ ਕਿ ਇੱਕ ਤਰ੍ਹਾਂ ਦਾ ਚਾਕਲੇਟ ਹੈ ਅਤੇ ਮੰਨਦੀ ਹੈ ਕਿ ਇਸ ਵਿੱਚ ਠੀਕ ਕਰਨ ਦੇ ਗੁਣ ਹਨ ਅਤੇ ਆਪਣੇ ਟੀਚਿਆਂ ਨੂੰ ਇੱਕ ਡਾਇਰੀ 'ਚ ਲਿਖਦੀ ਹੈ।
ਇਹ ਵੀ ਪੜ੍ਹੋ:
ਉਹ ਜਾਣ ਬੁੱਝ ਕੇ ਆਪਣੇ ਟੀਚਿਆਂ ਨੂੰ ਵਰਤਮਾਨ ਕਾਲ 'ਚ ਲਿਖਦੀ ਹੈ।
ਉਸ ਦਾ ਇੱਕ ਟੀਚਾ ਹੈ, " ਮੈਂ ਇੱਕ ਵਧੀਆ ਡਰਾਇਵਰ ਹਾਂ"।
ਇਸ ਤੋਂ ਇਲਾਵਾ ਉਸ ਦਾ ਇੱਕ ਹੋਰ ਟੀਚਾ ਹੈ, "ਮੈਂਰੋਬਰਟ ਨਾਲ ਖੁਸ਼ੀ ਨਾਲ ਵਿਆਹੀ ਹੋਈ ਹਾਂ"। "ਮੈਂ ਇੱਕ ਵਧੀਆ ਮਾਂ ਵੀ ਹਾਂ"।
ਰੋਜ਼ ਓਹੀਓ ਦੇ ਇੱਕ ਛੋਟੇ ਜਿਹੇ ਕਸਬੇ ਦੀ ਰਹਿਣ ਵਾਲੀ ਹੈ। ਉਹ ਹਮੇਸ਼ਾ ਹੀ ਸੌਣ ਤੋਂ ਪਹਿਲਾਂ ਇਕੱਲੇ ਹੀ ਕੁੱਝ ਸਮਾਂ ਸੈਰ ਕਰਦੀ ਅਤੇ ਇਹ ਆਮ ਗੱਲ ਸੀ। ਰਾਤ ਦੀ ਸੈਰ ਉਸ ਨੂੰ ਸ਼ੁੱਧ ਹਵਾ ਅਤੇ ਸ਼ਾਂਤੀ ਦਾ ਅਹਿਸਾਸ ਕਰਵਾਉਂਦੀ। 14 ਸਾਲਾ ਰੋਜ਼ ਲਈ 2009 ਦੀਆਂ ਗਰਮੀਆਂ ਦੀ ਸ਼ਾਮ ਵੀ ਆਮ ਦੀ ਤਰ੍ਹਾਂ ਹੀ ਸੀ।
ਫਿਰ ਇੱਕ ਦਮ ਹੀ ਹਨੇਰੇ 'ਚੋਂ ਇੱਕ ਵਿਅਕਤੀ ਉਸ ਦੇ ਸਾਹਮਣੇ ਆਇਆ। ਚਾਕੂ ਦੀ ਨੋਕ 'ਤੇ ਉਸ ਨੇ ਰੋਜ਼ ਨੂੰ ਕਾਰ 'ਚ ਬੈਠਣ ਲਈ ਕਿਹਾ।
ਕਾਰ 'ਚ ਇੱਕ ਹੋਰ ਵਿਅਕਤੀ ਮੌਜੂਦ ਸੀ ਜਿਸ ਦੀ ਉਮਰ 19 ਸਾਲ ਦੇ ਕਰੀਬ ਸੀ। ਉਹ ਦੋਵੇਂ ਕਸਬੇ ਦੇ ਦੂਜੇ ਪਾਸੇ ਉਸ ਨੂੰ ਲੈ ਗਏ ਅਤੇ 12 ਘੰਟਿਆਂ ਤੱਕ ਉਸ ਨਾਲ ਬਲਾਤਕਾਰ ਕਰਦੇ ਰਹੇ ਜਦੋਂਕਿ ਇੱਕ ਤੀਜਾ ਵਿਅਕਤੀ ਇਸ ਪੂਰੇ ਗੈਰ ਮਨੁੱਖੀ ਕਾਰੇ ਦੀ ਵੀਡੀਓ ਬਣਾ ਰਿਹਾ ਸੀ।
ਰੋਜ਼ ਡਰ ਗਈ ਸੀ। ਅਚਾਨਕ ਆਪਣੇ ਨਾਲ ਵਾਪਰੀ ਇਸ ਘਟਨਾ ਕਾਰਨ ਉਹ ਸਹਿਮ ਗਈ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ, ਉਸ ਦੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ ਸਨ ਅਤੇ ਉਹ ਬੇਹੋਸ਼ ਹੋ ਗਈ ਸੀ।
ਫਿਰ ਇੱਕ ਵਿਅਕਤੀ ਨੇ ਲੈਪਟਾਪ 'ਚ ਇੱਕ ਵੀਡੀਓ ਰੋਜ਼ ਨੂੰ ਦਿਖਾਈ, ਜਿਸ 'ਚ ਉਹ ਕਿਸੇ ਹੋਰ ਮਹਿਲਾ ਨਾਲ ਬਲਾਤਕਾਰ ਕਰ ਰਹੇ ਸਨ।
ਰੋਜ਼ ਨੇ ਕਿਹਾ, "ਹਮਲਾਵਰ ਗੋਰੇ ਚਿੱਟੇ ਸਨ ਅਤੇ ਉਨ੍ਹਾਂ ਦੀ ਤਾਕਤ ਸਪਸ਼ਟ ਸੀ। ਕੁਝ ਪੀੜ੍ਹਤਾਂ ਦਾ ਰੰਗ ਗੋਰਾ ਸੀ ਪਰ ਜ਼ਿਆਦਾਤਰ ਸ਼ਵੇਤ ਰੰਗ ਦੀਆਂ ਔਰਤਾਂ ਹੀ ਸਨ।"
ਫਿਰ ਉਨ੍ਹਾਂ ਨੇ ਰੋਜ਼ ਨੂੰ ਮਾਰਨ ਦੀ ਧਮਕੀ ਦਿੱਤੀ। ਕੁੱਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਰੋਜ਼ ਨੇ ਉਨ੍ਹਾਂ ਨਾਲ ਗੱਲ ਕੀਤੀ।
ਉਸ ਨੇ ਕਿਹਾ ਕਿ ਜੇਕਰ ਉਹ ਉਸ ਨੂੰ ਛੱਡ ਦੇਣਗੇ ਤਾਂ ਉਹ ਕਿਸੇ ਨੂੰ ਵੀ ਉਨ੍ਹਾਂ ਦੀ ਪਛਾਣ ਜ਼ਾਹਿਰ ਨਹੀਂ ਕਰੇਗੀ। ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਕਿ ਉਸ ਨਾਲ ਕੀ ਵਾਪਰਿਆ।
ਰੋਜ਼ ਦੇ ਪਿਤਾ ਰੋਨ ਕਾਲੇਮਬਾ ਦਾ ਕਹਿਣਾ ਹੈ ਕਿ ਉਸ ਨੂੰ ਤੰਗ ਕਰਨ ਲਈ "ਡਿਜੀਟਲ ਭੀੜ ਸੀ"
ਬਲਾਤਕਾਰੀਆਂ ਨੇ ਰੋਜ਼ ਨੂੰ ਉਸ ਦੇ ਘਰ ਤੋਂ ਕੁੱਝ ਦੂਰੀ 'ਤੇ ਛੱਡ ਦਿੱਤਾ।
ਜਿਵੇਂ ਹੀ ਰੋਜ਼ ਆਪਣੇ ਘਰ ਅੰਦਰ ਦਾਖਲ ਹੋਈ ਤਾਂ ਉਸ ਦੀ ਸਿੱਧੀ ਨਜ਼ਰ ਹਾਲ 'ਚ ਲੱਗੇ ਸ਼ੀਸ਼ੇ 'ਤੇ ਪਈ।
ਉਸ ਦੇ ਸਿਰ 'ਚੋਂ ਖੂਨ ਨਿਕਲ ਰਿਹਾ ਸੀ।
ਉਸ ਦਾ ਪਿਤਾ ਰੋਨ ਅਤੇ ਪਰਿਵਾਰ ਦੇ ਦੂਜੇ ਮੈਂਬਰ ਘਰ ਦੇ ਲਿਵਿੰਗ ਰੂਮ 'ਚ ਦੁਪਹਿਰ ਦਾ ਖਾਣਾ ਖਾ ਰਹੇ ਸਨ। ਰੋਜ਼ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਪਰਿਵਾਰ ਨੂੰ ਦੱਸੀ।
ਰੋਜ਼ ਨੇ ਦੱਸਿਆ, "ਮੇਰੇ ਪਿਤਾ ਨੇ ਤੁਰੰਤ ਪੁਲਿਸ ਬੁਲਾ ਲਈ। ਉਨ੍ਹਾਂ ਨੇ ਮੈਨੂੰ ਦਿਲਾਸਾ ਦਿੱਤਾ ਪਰ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਰਾਤ ਦੇ ਸਮੇਂ ਮੇਰੇ ਬਾਹਰ ਜਾਣ ਬਾਰੇ ਸਵਾਲ ਚੁੱਕੇ।"
ਹਸਪਤਾਲ 'ਚ ਰੋਜ਼ ਨੂੰ ਪੁਰਸ਼ ਡਾਕਟਰ ਅਤੇ ਪੁਲਿਸ ਅਧਿਕਾਰੀ ਅੱਗੇ ਹੱਡਬੀਤੀ ਦੱਸਣੀ ਪਈ।
ਉਸ ਨੇ ਕਿਹਾ, "ਉਹ ਦੋਵੇਂ ਹੀ ਮੇਰੇ ਨਾਲ ਇੱਕ ਵੱਖਰੇ ਢੰਗ ਨਾਲ ਪੇਸ਼ ਆਏ। ਉਨ੍ਹਾਂ ਦੀ ਬੋਲੀ 'ਚ ਕੋਈ ਸੰਵੇਦਨਸ਼ੀਲਤਾ, ਦਿਆਲਤਾ ਨਹੀਂ ਸੀ"।
ਪੁਰਸ਼ ਪੁਲਿਸ ਅਧਿਕਾਰੀ ਨੇ ਉਸ ਤੋਂ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਹ ਸਭ ਆਪਸੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ।
ਰੋਜ਼ ਹੈਰਾਨ ਸੀ।
"ਮੈਨੂੰ ਜਾਨਵਰਾਂ ਵਾਂਗ ਕੁੱਟਿਆ ਗਿਆ। ਚਾਕੂ ਵੀ ਮਾਰੇ ਗਏ ਅਤੇ ਮੈਂ ਖੂਨ ਨਾਲ ਲੱਥ-ਪੱਥ ਹੋਈ…।"
ਰੋਜ਼ ਨੇ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਨਹੀਂ ਇਹ ਸਭ ਸਹਿਮਤੀ ਨਾਲ ਨਹੀਂ ਹੋਇਆ ਸੀ ਅਤੇ ਨਾ ਹੀ ਉਸ ਨੂੰ ਪਤਾ ਹੈ ਕਿ ਹਮਲਾਵਰ ਕੌਣ ਸਨ।
ਪੁਲਿਸ ਕੋਲ ਦੋਸ਼ੀਆਂ ਤੱਕ ਪਹੁੰਚਣ ਲਈ ਕੋਈ ਸੇਧ ਨਹੀਂ ਸੀ।
ਸ਼ੋਸ਼ਣ ਦਾ ਵੀਡੀਓ
ਫਿਰ ਜਦੋਂ ਅਗਲੇ ਦਿਨ ਰੋਜ਼ ਹਸਪਤਾਲ ਤੋਂ ਘਰ ਪਰਤੀ ਤਾਂ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਉਸ ਨੂੰ ਲੱਗਿਆ ਕਿ ਇੰਨ੍ਹਾਂ ਸਭ ਹੋਣ ਤੋਂ ਬਾਅਦ ਉਹ ਇੱਕ ਆਮ ਜ਼ਿੰਦਗੀ ਕਿਵੇਂ ਜੀਅ ਸਕਦੀ ਹੈ। ਪਰ ਉਸ ਦੇ ਭਰਾ ਨੇ ਉਸ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਿਆਂ ਵੇਖ ਲਿਆ ਅਤੇ ਬਚਾ ਲਿਆ।
ਕੁੱਝ ਮਹੀਨਿਆਂ ਬਾਅਦ ਰੋਜ਼ ਨੇ ਮਾਈਸਪੇਸ ਬਰਾਊਜ਼ ਕੀਤਾ। ਉਸ ਨੇ ਦੇਖਿਆ ਕਿ ਉਸ ਦੇ ਸਕੂਲ ਦੇ ਕਈ ਲੋਕਾਂ ਨੇ ਇੱਕ ਲਿੰਕ ਸ਼ੇਅਰ ਕੀਤਾ ਸੀ ਅਤੇ ਉਹ ਵੀ ਉਸ ਲਿੰਕ ਵਿੱਚ ਟੈਗ ਸੀ।
ਉਸ 'ਤੇ ਕਲਿੱਕ ਕਰਦਿਆਂ ਹੀ ਇੱਕ ਪੋਰਨ ਸਾਈਟ ਖੁੱਲ੍ਹ ਗਈ, ਜਿਸ ਦਾ ਨਾਂਅ ਸੀ ਪੋਰਨਹਬ। ਰੋਜ਼ ਨੇ ਆਪਣੇ 'ਤੇ ਹੋਏ ਹਮਲੇ ਦੀਆਂ ਕਈ ਵੀਡੀਓ ਉਸ ਸਾਈਟ 'ਤੇ ਦੇਖੀਆਂ ਜਿਸ ਨਾਲ ਕਿ ਉਹ ਬਹੁਤ ਸਹਿਮ ਗਈ।
ਇੰਨ੍ਹਾਂ ਵੀਡੀਓਜ਼ ਦਾ ਸਿਰਲੇਖ ਸੀ 'ਕਿਸ਼ੋਰ ਦਾ ਰੋਣਾ ਤੇ ਕੁੱਟ ਪੈਣੀ' , 'ਕਿਸ਼ੋਰ ਦਾ ਨਸ਼ਟ ਹੋਣਾ' ਆਦਿ ਸੀ। ਰੋਜ਼ ਨੇ ਦੇਖਿਆ ਕਿ ਚਾਰ ਲੱਖ ਤੋਂ ਵੀ ਵੱਧ ਲੋਕਾਂ ਨੇ ਇੰਨ੍ਹਾਂ ਵੀਡੀਓਜ਼ ਨੂੰ ਦੇਖਿਆ ਸੀ।
"ਸਭ ਤੋਂ ਖਰਾਬ ਵੀਡੀਓ ਉਹ ਸੀ ਜਿਸ 'ਚ ਮੈਂ ਬੇਹੋਸ਼ ਸੀ ਅਤੇ ਮੇਰੇ ਉੱਤੇ ਹਮਲਾ ਹੋ ਰਿਹਾ ਸੀ।"
ਉਸ ਨੇ ਤੁਰੰਤ ਫ਼ੈਸਲਾ ਲਿਆ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਕੁੱਝ ਵੀ ਨਹੀਂ ਦੱਸੇਗੀ ਕਿਉਂਕਿ ਪਰਿਵਾਰ ਦੇ ਕਈ ਮੈਂਬਰਾਂ ਨੇ ਉਸ ਦਾ ਸਮਰਥਨ ਨਹੀਂ ਸੀ ਕੀਤਾ। ਇਸ ਲਈ ਇੰਨ੍ਹਾਂ ਵੀਡੀਓ ਸਬੰਧੀ ਦੱਸ ਕੇ ਕੋਈ ਫਾਇਦਾ ਨਹੀਂ ਹੋਵੇਗਾ।
ਕੁੱਝ ਹੀ ਦਿਨਾਂ 'ਚ ਇਹ ਪਤਾ ਚੱਲ ਗਿਆ ਕਿ ਰੋਜ਼ ਦੇ ਸਕੂਲ ਦੇ ਵਧੇਰੇ ਸਾਥੀਆਂ ਨੇ ਇਹ ਵੀਡੀਓ ਦੇਖ ਲਏ ਸਨ।
ਉਸ ਨੇ ਦੱਸਿਆ, "ਮੈਨੂੰ ਧਮਕਾਇਆ ਗਿਆ ਸੀ। ਲੋਕ ਕਹਿੰਦੇ ਸਨ ਕਿ ਮੈਂ ਉਨ੍ਹਾਂ ਨੂੰ ਇਹ ਸਭ ਕਰਨ ਲਈ ਉਕਸਾਇਆ ਸੀ। ਮੈਂ ਇੱਕ ਵੈਸਵਾ ਸੀ।"
ਕੁੱਝ ਮੁੰਡਿਆਂ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਰੋਜ਼ ਤੋਂ ਦੂਰ ਰਹਿਣ ਦੀ ਹਿਦਾਇਤ ਕੀਤੀ ਹੈ। ਕੀ ਪਤਾ ਉਹ ਉਨ੍ਹਾਂ ਨੂੰ ਉਕਸਾ ਕੇ ਫਿਰ ਬਲਾਤਕਾਰ ਦਾ ਦੋਸ਼ ਲਗਾ ਦੇਵੇ।
ਰੋਜ਼ ਨੇ ਕਿਹਾ ਕਿ ਲੋਕਾਂ ਲਈ ਬਹੁਤ ਅਸਾਨ ਹੁੰਦਾ ਹੈ ਕਿ ਉਹ ਪੀੜ੍ਹਤ ਨੂੰ ਹੀ ਕਟਿਹਰੇ 'ਚ ਲਿਆ ਕੇ ਖੜ੍ਹਾ ਕਰ ਦੇਣ।
ਉਸ ਨੇ ਅੱਗੇ ਕਿਹਾ ਕਿ 2009 'ਚ 6 ਮਹੀਨਿਆਂ ਦੌਰਾਨ ਉਸ ਵੱਲੋਂ ਕਈ ਵਾਰ ਪੋਰਨਹਬ ਵੈਬਸਾਈਟ ਨੂੰ ਈਮੇਲ ਜ਼ਰੀਏ ਇੰਨ੍ਹਾਂ ਵੀਡੀਓ ਨੂੰ ਹਟਾਉਣ ਲਈ ਗੁਜ਼ਾਰਿਸ਼ ਕੀਤੀ ਗਈ।
"ਮੈਂ ਕਈ ਵਾਰ ਈਮੇਲ ਰਾਹੀਂ ਕਿਹਾ ਕਿ ਮੈਂ ਨਾਬਾਲਗ ਹਾਂ। ਇਸ ਲਈ ਇੰਨ੍ਹਾਂ ਵੀਡੀਓਜ਼ ਨੂੰ ਸਾਈਟ ਤੋਂ ਹਟਾਇਆ ਜਾਵੇ। ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ ਅਤੇ ਵੀਡੀਓ ਲਗਾਤਾਰ ਸਾਈਟ 'ਤੇ ਵਿਖਾਈ ਦਿੰਦੀਆਂ ਰਹੀਆਂ।"
ਵੀਡੀਓ ਨੂੰ ਹਟਾਉਣ ਲਈ ਪੋਰਨ ਵੈੱਬਸਾਈਟ ਉੱਤੇ ਕੀਤੇ ਗਏ ਕਮੈਂਟ
ਰੋਜ਼ ਆਪਣੇ ਉਸ ਦੁੱਖਦਾਈ ਸਮੇਂ ਨੂੰ ਯਾਦ ਕਰਦੀ ਦੱਸਦੀ ਹੈ ਕਿ ਹੌਲੀ-ਹੌਲੀ ਮੈਂ ਖੁਦ 'ਚ ਹੀ ਰਹਿਣ ਲੱਗ ਪਈ।
"ਮੈਂ ਹਰ ਕਿਸੇ ਤੋਂ ਦੂਰ ਹੋਣ ਲੱਗੀ।"
ਉਹ ਹਰ ਉਸ ਅਜਨਬੀ ਨੂੰ ਦੇਖ ਕੇ ਇਸ ਸੋਚ ਵਿੱਚ ਪੈ ਜਾਂਦੀ ਕਿ ਕਿਤੇ ਉਸ ਨੇ ਰੋਜ਼ ਦਾ ਵੀਡੀਓ ਦੇਖਿਆ ਤਾਂ ਨਹੀਂ।
ਰੋਜ਼ ਖੁਦ ਨੂੰ ਦੇਖਣਾ ਵੀ ਗਵਾਰਾ ਨਹੀਂ ਕਰ ਰਹੀ ਸੀ। ਇਸ ਲਈ ਉਸ ਨੇ ਘਰ ਦੇ ਸਾਰੇ ਸ਼ੀਸ਼ੇ ਕੱਪੜੇ ਨਾਲ ਢੱਕ ਦਿੱਤੇ।
ਉਹ ਹਨੇਰੇ 'ਚ ਹੀ ਬਰੱਸ਼ ਕਰਦੀ ਸੀ। ਉਹ ਤਾਂ ਹਰ ਸਮੇਂ ਇਹ ਹੀ ਸੋਚਦੀ ਰਹਿੰਦੀ ਕਿ ਉਹ ਵੀਡੀਓ ਹੋਰ ਕਿਸ-ਕਿਸ ਨੇ ਵੇਖੇ ਹੋਣਗੇ।
ਫਿਰ ਉਸ ਨੂੰ ਇੱਕ ਤਰਕੀਬ ਸੁੱਝੀ।
ਉਸ ਨੇ ਇੱਕ ਵਕੀਲ ਦੇ ਨਾਂਅ ਨਾਲ ਇੱਕ ਨਵੀਂ ਈਮੇਲ ਆਈਡੀ ਬਣਾਈ ਅਤੇ ਪੋਰਨਹਬ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵਾਲੀ ਈਮੇਲ ਭੇਜੀ।
ਫਿਰ ਕੀ ਸੀ, 48 ਘੰਟਿਆਂ ਦੇ ਅੰਦਰ-ਅੰਦਰ ਸਾਰੀਆਂ ਵੀਡੀਓਜ਼ ਸਾਈਟ 'ਤੋਂ ਹਟਾ ਦਿੱਤੀਆਂ ਗਈਆਂ।
ਕੀ ਇਨਸਾਫ਼ ਮਿਲਿਆ
ਕੁੱਝ ਮਹੀਨਿਆਂ ਬਾਅਦ ਉਸ ਨੂੰ ਕਾਊਂਸਲਿੰਗ ਲਈ ਲਿਜਾਇਆ ਗਿਆ ਅਤੇ ਰੋਜ਼ ਨੇ ਮਨੋਵਿਗਿਆਨੀ ਡਾਕਟਰ ਅੱਗੇ ਦੋਸ਼ੀਆਂ ਦੀ ਪਛਾਣ ਜਾਹਰ ਕੀਤੀ।
ਇਸ ਡਾਕਟਰ ਨੇ ਪੁਲਿਸ ਨੂੰ ਆਪਣੀ ਰਿਪੋਰਟ ਸੌਂਪਣੀ ਸੀ। ਰੋਜ਼ ਨੇ ਸਭ ਕੁੱਝ ਦੱਸਿਆ ਪਰ ਪੁਲਿਸ ਅਤੇ ਪਰਿਵਾਰ ਵਾਲਿਆਂ ਨੂੰ ਵੀਡੀਓ ਸਬੰਧੀ ਕੋਈ ਜਾਣਕਾਰੀ ਨਾ ਦਿੱਤੀ।
ਪੁਲਿਸ ਨੇ ਰੋਜ਼ ਅਤੇ ਉਸ ਦੇ ਪਰਿਵਾਰ ਵਾਲਿਆ ਦੇ ਬਿਆਨ ਲਏ। ਰੋਜ਼ ਨਾਲ ਬਲਾਤਕਾਰ ਕਰਨ ਵਾਲੇ ਹਮਲਾਵਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਰੋਜ਼ ਨੇ ਸੰਭੋਗ ਕਰਨ ਦੀ ਸਹਿਮਤੀ ਦਿੱਤੀ ਸੀ।
ਉਨ੍ਹਾਂ ਹਮਲਾਵਰਾਂ 'ਤੇ ਬਲਾਤਕਾਰ ਦਾ ਦੋਸ਼ ਆਇਦ ਨਹੀਂ ਹੋਇਆ ਬਲਕਿ ਇੱਕ ਨਾਬਾਲਗ ਕੁੜੀ ਨਾਲ ਸੈਕਸ ਕਰਨ ਦੇ ਅਪਰਾਧ ਦੀ ਸਜ਼ਾ ਮਿਲੀ ਸੀ।
ਰੋਜ਼ ਅਤੇ ਉਸ ਦੇ ਪਰਿਵਾਰ ਕੋਲ ਇੰਨ੍ਹੀ ਹਿੰਮਤ ਨਹੀਂ ਸੀ ਕਿ ਉਹ ਇਨਸਾਫ ਲਈ ਲੜ੍ਹਦੇ।
ਇਹ ਸਪਸ਼ਟ ਹੈ ਕਿ ਰੋਜ਼ ਦੇ ਪਿਤਾ, ਰੋਜ਼ ਨਾਲ ਵਾਪਰੀ ਘਟਨਾ ਬਾਰੇ ਬਹੁਤ ਸੋਚਦੇ ਹਨ। ਜੇਕਰ ਉਨ੍ਹਾਂ ਨੂੰ ਹੋਰ ਕੁੱਝ ਪਤਾ ਹੁੰਦਾ ਤਾਂ ਉਹ ਕੀ ਕਰ ਸਕਦੇ ਸੀ, ਇਹ ਸਭ ਉਨ੍ਹਾਂ ਨੂੰ ਸੋਚਾਂ 'ਚ ਪਾ ਦਿੰਦਾ ਹੈ।
ਇਸ ਹਮਲੇ ਤੋਂ ਬਾਅਦ ਰੋਜ਼ ਬਦਲ ਗਈ ਸੀ। ਉਹ ਨੰਬਰ ਇੱਕ ਵਿਦਿਆਰਥਣ ਤੋਂ ਕਲਾਸ 'ਚੋਂ ਬਾਹਰ ਰਹਿਣ ਵਾਲੀ ਕੁੜੀ ਬਣ ਗਈ ਸੀ।
ਇਹ ਵੀ ਪੜ੍ਹੋ:
ਅਸੀਂ ਆਪਣੇ ਘਰ ਦੇ ਨੇੜੇ ਦੇ ਪਾਰਕ 'ਚ ਬੈਠੇ ਸੀ। ਉਹ ਅਤੇ ਰੋਜ਼ ਕਈ ਵਾਰ ਬੈਂਚ 'ਤੇ ਬੈਠ ਕੇ ਬਾਈਬਲ ਦੇ ਕੁੱਝ ਪੰਨ੍ਹਿਆਂ ਨੂੰ ਪੜ੍ਹਦੇ। ਉਹ ਅਤੀਤ ਦੀ ਕਿਸੇ ਵੀ ਘਟਨਾ ਦੀ ਵਧੇਰੇ ਚਰਚਾ ਨਹੀਂ ਕਰਦੇ।
ਰੌਨ ਨੇ 2019 'ਚ ਆ ਕੇ ਪੋਰਨਹਬ ਵੀਡੀਓ ਬਾਰੇ ਸੁਣਿਆ ਸੀ, ਜਦੋਂ ਰੋਜ਼ ਵੱਲੋਂ ਸ਼ੇਅਰ ਕੀਤਾ ਬਲਾਗ ਸ਼ੋਸਲ ਮੀਡੀਆ 'ਤੇ ਵਾਈਰਲ ਹੋਇਆ ਸੀ।
ਇਸ ਬਲਾਗ 'ਚ ਰੋਜ਼ ਨੇ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਗੱਲ ਕੀਤੀ ਸੀ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਧੀ ਨਾਲ ਹੋਏ ਬਲਾਤਕਾਰ ਦੀ ਵੀਡੀਓ ਕਿੰਨਿਆਂ ਨੇ ਦੇਖੀ ਸੀ।
ਰੌਨ ਯਾਦ ਕਰਦੇ ਦੱਸਦੇ ਹਨ, "ਜਦੋਂ ਮੈਂ ਸਕੂਲ 'ਚ ਅੱਠਵੀ ਕਲਾਸ 'ਚ ਸੀ ਤਾਂ ਮੈਂ 8ਵੀਂ ਕਲਾਸ ਦੀ ਇੱਕ ਕੁੜੀ ਨੂੰ ਜਾਣਦਾ ਸੀ। ਲੋਕ ਉਸ ਨੂੰ ਚੁੱਕ ਕੇ ਲੈ ਜਾਂਦੇ ਅਤੇ ਉਸ ਦੀ ਮਾਰ ਕੁਟਾਈ ਕਰਦੇ। ਸਾਡੇ 'ਚੋਂ ਕੋਈ ਵੀ ਕੁੱਝ ਨਹੀਂ ਕਹਿੰਦਾ ਬਸ ਅਸੀਂ ਮੂਕ ਬਣੇ ਖੜ੍ਹੇ ਉਸ ਨੂੰ ਵੇਖਦੇ ਰਹਿੰਦੇ।"
"ਕੁੱਝ ਸਾਲਾਂ ਬਾਅਦ ਮੈਂ ਉਸ ਨੂੰ ਦੇਖਿਆ ਤਾਂ ਉਸ ਨੇ ਸੋਚਿਆ ਕਿ ਮੈਂ ਵੀ ਉਨ੍ਹਾਂ ਲੋਕਾਂ 'ਚੋਂ ਹੀ ਇੱਕ ਹਾਂ ਜਿੰਨ੍ਹਾਂ ਨੇ ਉਸ ਨਾਲ ਬਦਸਲੂਕੀ ਕੀਤੀ ਸੀ। ਪਰ ਮੈਂ ਤਾਂ ਕੁੱਝ ਨਹੀਂ ਸੀ ਕੀਤਾ। ਮੈਂ ਤਾਂ ਇਕ ਪਾਸੇ ਸਭ ਕੁੱਝ ਹੁੰਦਾ ਵੇਖਿਆ ਸੀ।"
"ਅਸਲ 'ਚ ਉਹ ਸਿਰਫ਼ ਇੱਕ ਜਾਂ ਦੋ ਵਿਅਕਤੀ ਸਨ ਜਿੰਨ੍ਹਾਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ। ਪਰ ਉਹ ਸੋਚਦੀ ਰਹੀ ਕਿ ਅਸੀਂ ਵੀ ਇਸ 'ਚ ਸ਼ਾਮਲ ਸੀ। ਅਸੀਂ ਮੌਕੇ 'ਤੇ ਮੌਜੂਦ ਰਹੇ ਪਰ ਵਿਰੋਧ ਨਾ ਕੀਤਾ।"
ਕੀ ਉਹ ਸੋਚਦੇ ਹਨ ਕਿ ਰੋਜ਼ ਨਾਲ ਵੀ ਇਹੀ ਵਾਪਰਿਆ?
"ਹਾਂ ਉਸ ਲਈ ਇਹ ਸਥਿਤੀ ਬਹੁਤ ਖਰਾਬ ਸੀ। ਉਸ ਦੇ ਚਾਰੇ ਪਾਸੇ ਡਿਜੀਟਲ ਭੀੜ੍ਹ ਜਮਾਂ ਸੀ ਜੋ ਉਸ ਨੂੰ ਤੰਗ ਕਰਦੇ ਸਨ। ਜਿੰਨ੍ਹਾਂ 'ਚ ਕੁੱਝ ਨੇ ਚੁੱਪ ਧਾਰੀ ਹੋਈ ਸੀ ਅਤੇ ਕੁਝ ਤਾਣੇ ਕੱਸ ਰਹੇ ਸਨ। ਇਹ ਇੱਕ ਵੱਖਰੀ ਦੁਨੀਆਂ ਹੈ।"
ਅਗਲੇ ਕੁਝ ਸਾਲਾਂ 'ਚ ਰੋਜ਼ ਡਿਜੀਟਲ ਦੁਨੀਆਂ 'ਚ ਅਲੋਪ ਹੋ ਜਾਵੇਗੀ।
ਉਸ ਨੇ ਖੁਦ ਨੂੰ ਪੜ੍ਹਣ- ਲਿਖਣ 'ਚ ਮਸ਼ਰੂਫ ਕਰ ਲਿਆ। ਬਲਾਗ ਅਤੇ ਸੋਸ਼ਲ ਮੀਡੀਆ ਜ਼ਰੀਏ ਉਹ ਆਪਣੇ ਵਿਚਾਰ ਰੱਖਣ ਲੱਗੀ। ਕਈ ਵਾਰ ਉਹ ਆਪਣੇ ਨਾਂਅ ਹੇਠ ਜਾਂ ਕਈ ਵਾਰ ਕਿਸੇ ਦੂਜੇ ਨਾਂਅ ਦੀ ਵਰਤੋਂ ਕਰ ਆਪਣੇ ਵਿਚਾਰ ਰੱਖਦੀ।
2019 ਵਿੱਚ ਇੱਕ ਦਿਨ ਜਦੋਂ ਉਹ ਸੋਸ਼ਲ ਮੀਡੀਆ ਫੀਡ ਦੇਖ ਰਹੀ ਸੀ ਤਾਂ ਉਸ ਨੇ ਪੋਰਨਹਬ ਸਬੰਧੀ ਕਈ ਪੋਸਟਾਂ ਵੇਖੀਆਂ।
ਲੋਕ ਇਸ ਸਾਈਟ ਦੀ ਸ਼ਲਾਘਾ ਕਰ ਰਹੇ ਸਨ, ਕਿਉਂਕਿ ਇਸ ਨੇ ਸੁਣਨ ਤੋਂ ਮਹਿਰੂਮ ਲੋਕਾਂ ਲਈ ਕੈਪਸ਼ਨ ਸਹੂਲਤ, ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮਦਦ ਅਤੇ ਤਕਨਾਲੋਜੀ ਉਦਯੋਗ 'ਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਲਈ 25,000 ਡਾਲਰ ਦੇ ਵਜ਼ੀਫਿਆਂ ਦਾ ਪ੍ਰਬੰਧ ਕੀਤਾ ਸੀ।
ਪੋਰਨਹਬ ਮੁਤਾਬਕ ਸਾਲ 2019 'ਚ 42 ਬਿਲੀਅਨ ਲੋਕਾਂ ਵੱਲੋਂ ਉਨ੍ਹਾਂ ਦੀ ਸਾਈਟ ਵੇਖੀ ਗਈ। ਇੱਕ ਸਾਲ ਪਹਿਲਾਂ ਨਾਲੋਂ ਇਸ ਅੰਕੜੇ 'ਚ 8.5 ਬਿਲੀਅਨ ਦਾ ਵਾਧਾ ਹੋਇਆ। ਪ੍ਰਤੀਦਿਨ ਔਸਤ 115 ਮਿਲੀਅਨ ਅਤੇ ਪ੍ਰਤੀ ਸੈਕਿੰਡ 1200 ਲੋਕਾਂ ਵੱਲੋਂ ਖੋਜ ਕੀਤੀ ਗਈ।
ਰੋਜ਼ ਕਹਿੰਦੀ ਹੈ, "ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਪੋਰਨਹਬ ਤੋਂ ਦੂਰ ਰਹਿਣਾ ਔਖਾ ਹੈ।"
"ਇਸ ਸਾਈਟ ਨੇ ਆਪਣੇ ਆਪ ਨੂੰ ਜਾਗਰੂਕ ਕਰਨ ਦੀ ਰਾਹ 'ਤੇ ਬਹੁਤ ਕੰਮ ਕੀਤਾ ਹੈ ਪਰ ਅੱਜ ਵੀ ਮੇਰੇ ਮਾਮਲੇ ਦੀ ਤਰ੍ਹਾਂ ਵੀਡੀਓ ਦੇ ਸਿਰਲੇਖ ਮੌਜੂਦ ਹਨ। ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਬਲਾਤਕਾਰ ਦੀਆਂ ਜੋ ਵੀਡੀਓ ਅਪਲੋਡ ਜਾਂ ਸ਼ੇਅਰ ਕੀਤੀਆਂ ਗਈਆਂ ਹਨ ਉਸ ਸਬੰਧੀ ਪੀੜ੍ਹਤ ਨੂੰ ਕੁੱਝ ਪਤਾ ਹੈ ਜਾਂ ਨਹੀਂ।"
ਰੋਜ਼ ਵੱਲੋਂ ਜੋ ਬਲਾਗ ਸ਼ੇਅਰ ਕੀਤਾ ਗਿਆ ਸੀ ਉਸ 'ਚ ਉਸ ਨੇ ਖੁਦ ਨਾਲ ਬੀਤੀ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਕਈ ਔਰਤਾਂ ਅਤੇ ਕੁੱਝ ਮਰਦਾਂ ਨੇ ਰੋਜ਼ ਦੇ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨਾਲ ਵੀ ਜਿਨਸੀ ਸੋਸ਼ਣ ਹੋਇਆ ਹੈ ਅਤੇ ਉਹ ਸਾਰੀਆਂ ਵੀਡੀਓ ਸਾਈਟ 'ਤੇ ਵਿਖਾਈਆਂ ਗਈਆਂ ਹਨ।
ਪੋਰਨਹਬ ਨੇ ਬੀਬੀਸੀ ਨੂੰ ਦਿੱਤੇ ਇੱਕ ਬਿਆਨ 'ਚ ਕਿਹਾ, "ਇਹ ਦੋਸ਼ 2009 ਤੋਂ ਪਹਿਲਾਂ ਦੇ ਲੱਗੇ ਹਨ ਅਤੇ ਇਸ ਦੇ ਮੌਜੂਦਾ ਮਾਲਿਕਾਂ ਵੱਲੋਂ ਕੁਝ ਹੀ ਸਾਲ ਪਹਿਲਾਂ ਇਸ ਨੂੰ ਖਰੀਦਿਆ ਗਿਆ ਸੀ। ਇਸ ਲਈ ਉਸ ਸਮੇਂ ਇਸ ਮਾਮਲੇ ਨੂੰ ਕਿਵੇਂ ਸੰਭਾਲਿਆ ਗਿਆ ਸੀ ਇਸ ਸਬੰਧੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।
ਮਾਲਕੀਅਤ ਬਦਲਣ ਤੋਂ ਬਾਅਦ ਪੋਰਨਹਬ ਨੇ ਬਹੁਤ ਹੀ ਸੁਚੇਤ ਹੋ ਕੇ ਕੰਮ ਕੀਤਾ ਹੈ। ਗੈਰ ਕਾਨੂੰਨੀ ਅਤੇ ਜਿਨਸੀ ਸ਼ੋਸ਼ਣ ਸਬੰਧੀ ਸਮੱਗਰੀ ਨੂੰ ਸਾਈਟ 'ਤੇ ਪੋਸਟ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ।
"ਕੰਪਨੀ ਨੇ ਮੋਬਾਈਲ ਸੇਵਾ ਸ਼ੁਰੂ ਕੀਤੀ ਜੋ ਕਿ ਇੱਕ ਅਤਿ ਆਧੁਨਿਕ ਤੀਜੀ ਧਿਰ ਦੀ ਫਿੰਗਰ ਪ੍ਰਿਟਿੰਗ ਸਾਫਟਵੇਅਰ ਹੈ ਅਤੇ ਇਸ ਨਾਲ ਸੰਭਾਵਿਤ ਖੋਜ ਲਈ ਨਵੀਂ ਅਪਲੋਡ ਸਮੱਗਰੀ 'ਚੋਂ ਅਣਅਧਿਕਾਰਤ ਸਮੱਗਰੀ ਨੂੰ ਸਕੈਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਅਸਲ ਵੀਡੀਓ ਨੂੰ ਸਿੱਧੇ ਤੌਰ 'ਤੇ ਪ੍ਰਦਰਸ਼ਿਤ ਨਾ ਕੀਤਾ ਜਾਵੇ।"
ਜਦੋਂ ਕੰਪਨੀ ਤੋਂ ਪੁੱਛਿਆ ਗਿਆ ਕਿ ਰੋਜ਼ ਬਲਾਤਕਾਰ ਮਾਮਲੇ ਦੀਆਂ ਵੀਡੀਓ ਜਿੰਨ੍ਹਾਂ ਸਿਰਲੇਖਾਂ ਹੇਠ ਅਪਲੋਡ ਹੋਈਆਂ ਸਨ, ਉਨ੍ਹਾਂ ਸਿਰਲੇਖਾਂ ਹੇਠ ਹੋਰ ਵੀਡੀਓ ਕਿਉਂ ਵਿਖਾਈ ਦੇ ਰਹੀਆਂ ਹਨ ਤਾਂ ਕੰਪਨੀ ਨੇ ਜਵਾਬ ਦਿੱਤਾ ਕਿ ਸਾਡੀਆਂ ਸ਼ਰਤਾਂ ਅਤੇ ਨੇਮਾਂ ਦੇ ਅਨੁਕੂਲ ਅਸੀਂ ਹਰ ਕਿਸਮ ਦੇ ਜਿਨਸੀ ਪ੍ਰਗਟਾਵੇ ਦੀ ਇਜਾਜ਼ਤ ਦਿੰਦੇ ਹਾਂ।
ਉਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁੱਝ ਲੋਕਾਂ ਨੂੰ ਇਹ ਪਰਿਕਲਪਨਾਵਾਂ ਸਹੀ ਨਾ ਲੱਗਣ। ਪਰ ਕੁਝ ਲੋਕਾਂ ਨੂੰ ਇਹ ਚੰਗੇ ਲੱਗਦੇ ਹਨ ਅਤੇ ਪ੍ਰਗਟਾਵੇ ਤੇ ਬੋਲਣ ਦੇ ਵੱਖ-ਵੱਖ ਕਾਨੂੰਨਾਂ ਤਹਿਤ ਸੁਰੱਖਿਅਤ ਹਨ।
ਪੋਰਨਹਬ ਵੱਲੋਂ ਸਾਲ 2015 'ਚ ਇੱਕ ਪਹਿਲ ਕਰਦਿਆਂ ਅਣਉਚਿਤ ਸਮੱਗਰੀ ਲਈ ਇੱਕ ਵਿਸ਼ੇਸ਼ ਟੈਬ ਦੀ ਸ਼ੁਰੂਆਤ ਕੀਤੀ ਪਰ ਅਫ਼ਸੋਸ ਕਿ ਵੈਬਸਾਈਟ 'ਤੇ ਅਸ਼ਲੀਲ ਅਤੇ ਬਦਸਲੂਕੀ ਦੀ ਕਹਾਣੀ ਪੇਸ਼ ਕਰਦੀਆਂ ਵੀਡੀਓ ਜਿਉਂ ਦੀਆਂ ਤਿਉਂ ਮੌਜੂਦ ਹਨ।
ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਫਲੋਰਿਡਾ ਦੇ 30 ਸਾਲਾ ਵਿਅਕਤੀ ਕ੍ਰਿਸਟੋਫਰ ਜੋਹਨਸਨ ਨੂੰ ਇੱਕ 15 ਸਾਲ ਦੀ ਕੁੜੀ ਨਾਲ ਜਿਨਸੀ ਸੋਸ਼ਣ ਕਰਨ ਅਤੇ ਇਸ ਘਟਨਾ ਦੀਆਂ ਵੀਡੀਓ ਪੋਰਨਹਬ 'ਤੇ ਅਪਲੋਡ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।
ਪੋਰਨਹਬ ਦਾ ਜਵਾਬ
ਇਸ ਮਾਮਲੇ ਸਬੰਧੀ ਬੀਬੀਸੀ ਨੂੰ ਦਿੱਤੇ ਬਿਆਨ 'ਚ ਕੰਪਨੀ ਨੇ ਕਿਹਾ ਕਿ ਪੋਰਨਹਬ ਦੀ ਇਹ ਨੀਤੀ ਹੈ ਕਿ ਜਿਵੇਂ ਹੀ ਉਸ ਨੂੰ ਅਣਉਚਿਤ ਸਮਗੱਰੀ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਉਸ ਨੂੰ ਜਲਦ ਤੋਂ ਜਲਦ ਹਟਾ ਦਿੰਦੇ ਹਨ। ਇਸ ਮਾਮਲੇ 'ਚ ਵੀ ਇਸ ਨੀਤੀ ਨੂੰ ਹੀ ਅਮਲ 'ਚ ਲਿਆਂਦਾ ਗਿਆ ਸੀ।
2019 'ਚ ਪੋਰਨਹਬ ਨੇ 'ਗਰਲਜ਼ ਡੂ ਪੋਰਨ' ਨਾਂਅ ਦੇ ਇੱਕ ਚੈਨਲ ਨੂੰ ਵੀ ਸਾਈਟ ਤੋਂ ਹਟਾ ਦਿੱਤਾ ਸੀ। ਦਰਅਸਲ 22 ਔਰਤਾਂ ਨੇ ਉਸ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ ਕਿ ਉਨ੍ਹਾਂ ਨੂੰ ਇੰਨ੍ਹਾਂ ਅਸ਼ਲੀਲ ਵੀਡੀਓ 'ਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਚੈਨਲ ਦੇ ਮਾਲਿਕ 'ਤੇ ਸੈਕਸ ਤੱਸਕਰੀ ਦੇ ਦੋਸ਼ ਲੱਗੇ।
ਰੋਜ਼ ਕਹਿੰਦੀ ਹੈ, "ਲੋਕ ਕਹਿ ਸਕਦੇ ਹਨ ਕਿ ਜੋ ਇੱਕ ਦਹਾਕੇ ਪਹਿਲਾਂ ਮੇਰੇ ਨਾਲ ਵਾਪਰਿਆ ਸੀ ਉਹ ਅੱਜ ਦੀ ਹਕੀਕਤ ਨਹੀਂ ਹੈ ਪਰ ਅਜਿਹਾ ਨਹੀਂ ਹੈ।"
"ਮੇਰਾ ਬਲਾਗ ਦੇਖਣ ਤੋਂ ਬਾਅਦ ਔਰਤਾਂ ਨੇ ਮੈਨੂੰ ਦੱਸਿਆ ਕਿ ਅੱਜ ਦੀ ਕਹਾਣੀ ਵੀ ਉਹੀ ਹੈ। ਇਹ ਉਹ ਪੱਛਮੀ ਮਹਿਲਾਵਾਂ ਹਨ, ਜੋ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਦੀਆਂ ਹਨ।"
https://www.youtube.com/watch?v=SFLRweayNec
"ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਦੂਜੇ ਹਿੱਸਿਆਂ 'ਚ ਜੋ ਕਿ ਅਸ਼ਲੀਲ ਕਾਰਵਾਈ ਲਈ ਜਾਣੇ ਜਾਂਦੇ ਹਨ ਉੱਥੇ ਅਜਿਹੀਆਂ ਅਸ਼ਲੀਲ ਵੀਡੀਓ ਨੂੰ ਧੜਾਧੜ ਅਪਲੋਡ ਕੀਤਾ ਅਤੇ ਵੇਖਿਆ ਜਾਂਦਾ ਹੈ।"
"ਮੱਧ ਪੂਰਬ ਅਤੇ ਏਸ਼ੀਆ ਅਜਿਹੇ ਹੀ ਖੇਤਰ ਹਨ, ਜਿੱਥੇ ਪੀੜ੍ਹਤ ਇਸ ਗੱਲ ਤੋਂ ਅਣਜਾਣ ਹੁੰਦੀ ਹੈ ਕਿ ਉਸ ਨਾਲ ਜੋ ਵਾਪਰਿਆ ਉਸ ਦੀ ਪੂਰੀ ਵੀਡੀਓ ਅਸ਼ਲੀਲ ਸਾਈਟਾਂ 'ਤੇ ਸਾਂਝੀ ਕੀਤੀ ਗਈ ਹੈ।"
ਬੀਬੀਸੀ ਨੇ ਇੱਕ ਅਜਿਹੀ ਔਰਤ ਨਾਲ ਗੱਲਬਾਤ ਕੀਤੀ ਜਿਸ ਨੇ ਰੋਜ਼ ਨੂੰ ਈਮੇਲ ਕੀਤੀ ਸੀ।
ਉਸ ਨਾਲ ਹੋਏ ਸ਼ੋਸ਼ਣ ਦਾ ਇੱਕ ਵੀਡੀਓ ਕਈ ਸਾਲਾਂ ਤੱਕ ਇੱਕ ਛੋਟੀ ਸਾਈਟ 'ਤੇ ਪਈ ਰਹੀ। ਭਾਵੇਂ ਕਿ ਉਸ ਨੇ ਕੰਪਨੀ ਨੂੰ ਕਈ ਵਾਰ ਈਮੇਲ ਜ਼ਰੀਏ ਇਸ ਵੀਡੀਓ ਨੂੰ ਹਟਾਉਣ ਦੀ ਅਪੀਲ ਕੀਤੀ ਪਰ ਕੰਪਨੀ ਵੱਲੋਂ ਕੋਈ ਕਾਰਵਾਈ ਨਾ ਹੋਈ।
ਕੈਲੀਫੋਰਨੀਆ ਵਾਸੀ ਇਸ ਮਹਿਲਾ ਨੇ ਦੱਸਿਆ ਕਿ ਇਸ ਵੀਡੀਓ ਨੂੰ ਦੂਜੀਆਂ ਅਸ਼ਲੀਲ ਸਾਈਟਾਂ 'ਤੇ ਵੀ ਅਪਲੋਡ ਅਤੇ ਸ਼ੇਅਰ ਕੀਤਾ ਗਿਆ।
ਵੈਬਸਾਈਟ ਦੇ ਵਕੀਲਾਂ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਦੇ ਮਾਲਕਾਂ ਨੂੰ ਇਸ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਰ ਜਦੋਂ ਬੀਬੀਸੀ ਵੱਲੋਂ ਉਸ ਮਹਿਲਾ ਵੱਲੋਂ ਵੀਡੀਓ ਹਟਾਉਣ ਦੀ ਬੇਨਤੀ ਵਾਲੀਆਂ ਟਿੱਪਣੀਆਂ ਦੇ ਸਕ੍ਰੀਨਸ਼ੌਟ ਅਤੇ ਵੀਡੀਓ ਦੇ ਲਿੰਕ ਪੇਸ਼ ਕੀਤੇ ਗਏ ਤਾਂ ਜਾ ਕੇ ਕੰਪਨੀ ਵੱਲੋਂ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ।
ਅਸ਼ਲੀਲ ਸਾਈਟਾਂ ਦੀ ਤਹਿਕੀਕਾਤ ਕਰਨ ਵਾਲੇ ਸਮੂਹ 'ਨੋਟ ਯੂਅਰ ਪੋਰਨ' ਦੀ ਕੇਟ ਇਸਾਕਜ਼ ਨੇ ਕਿਹਾ, "ਰੋਜ਼ ਨਾਲ ਜੋ ਕੁੱਝ 2009 'ਚ ਵਾਪਰਿਆ ਸੀ ਉਹ ਅੱਜ ਵੀ ਇੱਕ ਦਹਾਕੇ ਬਾਅਦ ਹੋਰਨਾਂ ਕਈ ਨਾਬਾਲਗ ਕੁੜੀਆਂ ਨਾਲ ਵਾਪਰ ਰਿਹਾ ਹੈ।"
"ਪੋਰਨਹਬ ਹੀ ਨਹੀਂ ਬਲਕਿ ਦੂਜੀਆਂ ਅਸ਼ਲੀਲ ਸਾਈਟਾਂ 'ਤੇ ਵੀ ਖੁੱਲ੍ਹੇਆਮ ਇੰਨ੍ਹਾਂ ਅਸ਼ਲੀਲ ਵੀਡੀਓ ਨੂੰ ਅਪਲੋਡ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।"
"ਅਜਿਹੀਆਂ ਕਈ ਛੋਟੀਆਂ ਸਾਈਟਾਂ ਇੱਕਲੇ ਵਿਅਕਤੀਆਂ ਵੱਲੋਂ ਚਲਾਈਆਂ ਜਾਂਦੀਆਂ ਹਨ। ਅਸੀਂ ਇੰਨਾਂ 'ਤੇ ਸਿੰਕਜਾ ਨਹੀਂ ਕੱਸ ਸਕਦੇ ਪਰ ਪੋਰਨਹਬ ਵਰਗੀਆਂ ਪੇਸ਼ੇਵਰ ਸਾਈਟਾਂ ਨੂੰ ਜਵਾਬਦੇਹ ਹੋਣਾ ਪਵੇਗਾ। ਇੰਨ੍ਹਾਂ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਹੈ।"
ਇੰਗਲੈਂਡ ਅਤੇ ਵੇਲਜ਼ ਵਿੱਚ ਬਦਲਾ ਲੈਣ ਵਾਲੀ ਪੋਰਨੋਗ੍ਰਾਫ਼ੀ ਨੂੰ 2015 ਤੋਂ ਸਜ਼ਾਯਾਫਤਾ ਅਪਰਾਧ ਕਰਾਰ ਦੇ ਦਿੱਤਾ ਗਿਆ ਹੈ। ਕਾਨੂੰਨ 'ਚ ਇਸ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ- ਕਿਸੇ ਵੀ ਨਿੱਜੀ, ਜਿਨਸੀ ਸਮੱਗਰੀ, ਇਸ ਤੋਂ ਇਲਾਵਾ ਤਸਵੀਰਾਂ ਜਾਂ ਵੀਡੀਓ ਨੂੰ ਸੰਬੰਧਿਤ ਵਿਅਕਤੀ ਦੀ ਮਰਜ਼ੀ ਤੋਂ ਬਿਨਾਂ ਅਤੇ ਕਿਸੇ ਨੂੰ ਸ਼ਰਮਿੰਦਾ ਜਾਂ ਤੰਗ ਕਰਨ ਦੇ ਉਦੇਸ਼ ਨਾਲ ਅਪਲੋਡ ਕਰਨਾ ਜਾਂ ਸ਼ੇਅਰ ਕਰਨਾ ਇਸ 'ਚ ਸ਼ਾਮਲ ਹੈ। ਇਸ ਕਾਨੂੰਨ ਤਹਿਤ ਦੋ ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ।
https://www.youtube.com/watch?v=WBa9O0Fk4rs
ਭਾਵੇਂ ਕਿ ਇਸ ਤਰ੍ਹਾਂ ਦੇ ਕਾਨੂੰਨ ਬਣਨੇ ਸ਼ੁਰੂ ਹੋਏ ਹਨ ਪਰ ਅਜੇ ਵੀ ਅਸ਼ਲੀਲ ਵੀਡੀਓ, ਤਸਵੀਰਾਂ ਜਾਂ ਹੋਰ ਅਸ਼ਲੀਲ ਸਮੱਗਰੀ ਨੂੰ ਪੇਸ਼ ਕਰਨ ਵਾਲੀਆਂ ਸਾਈਟਾਂ ਇਸ ਸਬੰਧ 'ਚ ਜਵਾਬਦੇਹ ਨਹੀਂ ਹਨ।
ਇਸਕਾਜ਼ ਨੇ ਕਿਹਾ, " ਅਸ਼ਲੀਲ ਸਾਈਟਾਂ ਇਸ ਤੱਥ ਤੋਂ ਜਾਣੂ ਹਨ ਕਿ ਉਨ੍ਹਾਂ ਰਾਹੀਂ ਅਣਉਚਿਤ ਸਮੱਗਰੀ ਲੋਕਾਂ ਤੱਕ ਪਹੁੰਚ ਰਹੀ ਹੈ।ਉਹ ਜਾਣਦੇ ਹਨ ਕਿ ਅਸਲ ਅਤੇ ਨਾਟਕੀ ਜਾਂ ਨਕਲੀ ਵੀਡੀਓ 'ਚ ਅੰਤਰ ਕੀਤਾ ਜਾ ਸਕਣਾ ਬਹੁਤ ਮੁਸ਼ਕਲ ਹੈ।"
ਨੋਟ ਯੂਅਰ ਪੋਰਨ ਨੂੰ ਉਸ ਵੱਲੋਂ ਉਦੋਂ ਸਥਾਪਤ ਕੀਤਾ ਗਿਆ, ਜਦੋਂ ਉਸ ਦੀ ਇੱਕ ਸਹੇਲੀ ਜੋ ਕਿ 16 ਸਾਲ ਤੋਂ ਵੀ ਘੱਟ ਉਮਰ ਦੀ ਸੀ, ਉਸ ਦੀ ਅਸ਼ਲੀਲ ਵੀਡੀਓ ਪੋਰਨਹਬ 'ਤੇ ਅਪਲੋਡ ਕੀਤੀ ਗਈ ਸੀ।ਕੇਟ ਦਾ ਕਹਿਣਾ ਹੈ ਕਿ ਯੂਕੇ 'ਚ ਪਿਛਲੇ ਛੇ ਮਹੀਨਿਆ ਦੇ ਅਰਸੇ ਦੌਰਾਨ 50 ਤੋਂ ਵੀ ਵੱਧ ਮਹਿਲਾਵਾਂ ਨੇ ਉਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨ੍ਹਾਂ ਹੀ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਅਸ਼ਲੀਲ ਸਾਈਟਾਂ 'ਤੇ ਪੋਸਟ ਕੀਤੇ ਗਏ ਹਨ। ਜਿੰਨ੍ਹਾਂ 'ਚੋਂ 30 ਤਾਂ ਪੋਰਨਹਬ 'ਤੇ ਹੀ ਹਨ।
ਕੇਟ ਨੇ ਇਹ ਵੀ ਦੱਸਿਆ ਕਿ ਪੋਰਨਹਬ ਅਤੇ ਦੂਜੀਆਂ ਵੈਬਸਾਈਟਾਂ ਇੰਨ੍ਹਾਂ ਵੀਡੀਓ ਨੂੰ ਡਾਊਨਲੋਡ ਕਰਨ ਦੀ ਸਹੂਲਤ ਵੀ ਦਿੰਦੀਆਂ ਹਨ। ਇਸ ਪਿੱਛੇ ਉਨ੍ਹਾਂ ਦਾ ਇੱਕੋ-ਇਕ ਮਕਸਦ ਹੈ ਕਿ ਜੇਕਰ ਕਦੇ ਇਹ ਵੀਡੀਓ ਇੱਕ ਸਾਈਟ ਤੋਂ ਹਟਾ ਦਿੱਤੀਆਂ ਜਾਣ ਤਾਂ ਇੰਨ੍ਹਾਂ ਨੂੰ ਮੁੜ ਅਸਾਨੀ ਨਾਲ ਕਿਸੇ ਦੂਜੀ ਸਾਈਟ 'ਤੇ ਅਪਲੋਡ ਜਾਂ ਸ਼ੇਅਰ ਕੀਤਾ ਜਾ ਸਕੇ।
ਇਸ ਸਮੂਹ ਵੱਲੋਂ ਯੂਕੇ 'ਚ ਇਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਸ਼ਲੀਲ ਅਤੇ ਅਣਉਚਿਤ ਸਮੱਗਰੀ ਦੇ ਵਿਰੋਧ 'ਚ ਕਾਨੂੰਨ ਬਣਾਏ ਜਾ ਸਕਣ।
ਰੋਜ਼ ਨੂੰ ਉਮੀਦ
ਰੋਜ਼ ਨੂੰ ਆਪਣੇ ਵਧੀਆ ਭਵਿੱਖ ਦੀ ਪੂਰੀ ਉਮੀਦ ਹੈ। 20 ਸਾਲ ਦੇ ਸ਼ੁਰੂਆਤੀ ਦਿਨਾਂ 'ਚ ਉਹ ਆਪਣੇ ਪੁਰਸ਼ ਮਿੱਤਰ ਰੋਬਰਟ ਨੂੰ ਮਿਲੀ।
ਰੋਬਰਟ ਨੇ ਰੋਜ਼ ਨੂੰ ਇਸ ਸਥਿਤੀ ਤੋਂ ਬਾਹਰ ਕੱਢਣ 'ਚ ਬਹੁਤ ਮਦਦ ਕੀਤੀ। ਰੋਜ਼ ਚਾਹੁੰਦੀ ਹੈ ਕਿ ਉਸ ਦਾ ਰੋਬਰਟ ਨਾਲ ਵਿਆਹ ਹੋਵੇ ਅਤੇ ਉਨ੍ਹਾਂ ਦੀ ਇੱਕ ਧੀ ਹੋਵੇ। ਇਸ ਦੇ ਨਾਲ ਹੀ ਰੋਜ਼ ਦਾ ਇੱਕ ਪਾਲਤੂ ਕੁੱਤਾ ਹੈ, ਜੋ ਕਿ ਉਸ ਦੀ ਹਿੰਮਤ ਹੈ।
ਰੋਜ਼ ਦੱਸਦੀ ਹੈ ਕਿ ਇਹ ਪਾਲਤੂ ਪਿਟਬੁੱਲ ਬਚਪਨ ਤੋਂ ਹੀ ਉਸ ਦੇ ਨਾਲ ਹੈ। ਮੰਨਿਆ ਜਾਂਦਾ ਹੈ ਕਿ ਇਹ ਬਹੁਤ ਗੁੱਸੇ ਵਾਲੇ ਹੁੰਦੇ ਹਨ ਪਰ ਅਜਿਹਾ ਨਹੀਂ ਹੈ। ਪਿਟਬੁੱਲ ਬਹੁਤ ਹੀ ਸ਼ਾਂਤ ਹੁੰਦੇ ਹਨ। ਇਹ ਬਸ ਉਸ ਸਮੇਂ ਗੁੱਸੇ 'ਚ ਆਉਂਦੇ ਹਨ ਜਦੋਂ ਮਨੁੱਖਾਂ ਵੱਲੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:
ਰੋਜ਼ ਨੇ ਅੱਗੇ ਕਿਹਾ, "ਮੈਂ ਕਈ ਤਰੀਕਿਆਂ ਨਾਲ ਉਮਰ ਕੈਦ ਭੁਗਤ ਰਹੀ ਹਾਂ। ਅੱਜ ਵੀ ਜਦੋਂ ਮੈਂ ਕਿਤੇ ਬਾਹਰ ਜਾਂਦੀ ਹਾਂ ਤਾਂ ਮੈਨੂੰ ਡਰ ਲੱਗਿਆ ਰਹਿੰਦਾ ਹੈ ਕਿ ਜੇਕਰ ਕਿਸੇ ਅਜਨਬੀ ਨੇ ਮੇਰੀ ਅਸ਼ਲੀਲ ਵੀਡੀਓ ਵੇਖੀ ਹੋਈ ਤਾਂ। ਮੈਂ ਖੁਦ 'ਚ ਸਹਿਮੀ ਰਹਿੰਦੀ ਹਾਂ।
ਉਸ ਨੇ ਕਿਹਾ ਕਿ ਹੁਣ ਉਹ ਹੋਰ ਚੁੱਪ ਨਹੀਂ ਰਹਿਣਾ ਚਾਹੁੰਦੀ ਹੈ।"
ਜੇਕਰ ਅਸੀਂ ਇਸੇ ਤਰ੍ਹਾਂ ਚੁੱਪਧਾਰੀ ਬੈਠੇ ਰਹਾਂਗੇ ਤਾਂ ਦੋਸ਼ੀਆਂ ਲਈ ਸਾਡੀ ਚੁੱਪ ਉਨ੍ਹਾਂ ਨੂੰ ਬਚਾਉਣ ਦੇ ਹਥਿਆਰ ਵੱਜੋਂ ਕੰਮ ਕਰੇਗੀ।
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਆਪ ਦੇ ਸਮਰਥਰਕਾਂ ਦੀ ਰਾਇ
https://www.youtube.com/watch?v=F5wucWhOk_4
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Quiz: ਦੌੜਾਕ ਦੂਤੀ ਚੰਦ ਬਾਰੇ ਹੋਰ ਜਾਣੋ
NEXT STORY