ਇਸ ਤੋਂ ਪਹਿਲਾਂ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਉੱਥੋਂ ਨਿਕਲਣ ਲਈ ਕਿਸ਼ਤੀ 'ਤੇ ਸਵਾਰ ਹੁੰਦਾ, ਸ਼ਫੀਉੱਲ੍ਹਾ ਨੇ ਆਪਣੇ ਘਰ ਅਫ਼ਗਾਨਿਸਤਾਨ 'ਚ ਫੋਨ ਕਰਕੇ ਕਿਹਾ ਕਿ ਉਹ ਠੀਕ-ਠਾਕ ਹੈ ਅਤੇ ਸਫ਼ਰ 'ਤੇ ਹੈ। ਇਹ ਉਸ ਦੀ ਆਪਣੇ ਪਰਿਵਾਰ ਵਾਲਿਆਂ ਨਾਲ ਆਖਰੀ ਗੱਲਬਾਤ ਸੀ।
ਇਸ ਸਾਲ ਜੂਨ ਮਹੀਨੇ ਤੁਰਕੀ ਦੀ ਵੈਨ ਝੀਲ 'ਚ ਇੱਕ ਕਿਸ਼ਤੀ ਡੁੱਬ ਗਈ ਸੀ, ਜਿਸ ਨੂੰ ਕਿ ਲੋਕਾਂ ਦੀ ਤਸਕਰੀ ਕਰਨ ਵਾਲੇ ਸਮੂਹ ਨੇ ਮਨੁੱਖੀ ਤਸਕਰੀ ਲਈ ਚੁਣਿਆ ਸੀ। ਇਸ ਹਾਦਸਾਗ੍ਰਸਤ ਕਿਸ਼ਤੀ 'ਚ ਘੱਟ ਤੋਂ ਘੱਟ 32 ਅਫ਼ਗਾਨ, 7 ਪਾਕਿਸਤਾਨੀ ਅਤੇ ਇੱਕ ਇਰਾਨੀ ਸਵਾਰ ਸੀ। ਇੰਨ੍ਹਾਂ ਵਿੱਚੋਂ ਕਈ ਅਜੇ ਵੀ ਲਾਪਤਾ ਹਨ।
ਤੁਰਕੀ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕੁਝ ਲਾਸ਼ਾਂ ਸਤਹ ਤੋਂ 100 ਮੀਟਰ ਹੇਠਾਂ ਹੋ ਸਕਦੀਆਂ ਹਨ, ਜਿਨ੍ਹਾਂ ਦੀ ਬਰਾਮਦਗੀ ਬਹੁਤ ਹੀ ਚੁਣੌਤੀਪੂਰਨ ਕਾਰਜ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਘਟੋ-ਘੱਟ ਚਾਰ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ, ਜਿਸ ਵਿੱਚ ਸ਼ਫੀਉੱਲ੍ਹਾ ਵੀ ਸ਼ਾਮਲ ਹੈ। ਸ਼ਫੀਉੱਲ੍ਹਾ ਨੂੰ ਇੱਕ ਵਿਸ਼ੇਸ਼ ਤਸਕਰੀਕਾਰ ਵੱਲੋਂ ਭੇਜਿਆ ਗਿਆ ਸੀ। ਉਸ ਨੇ ਆਪਣੀ ਪਛਾਣ ਨਾ ਦੱਸੇ ਜਾਣ ਦੀ ਸ਼ਰਤ 'ਤੇ ਬੀਬੀਸੀ ਅਫ਼ਗਾਨ ਨਾਲ ਗੱਲ ਕਰਨ ਦੀ ਹਾਮੀ ਭਰੀ ਹੈ।
ਇਹ ਵੀ ਪੜ੍ਹੋ:
'ਅਲਹਮ ਨੂਰ' ਨੇ ਦੱਸਿਆ ਕਿ ਉਹ ਕਿਵੇਂ ਇਸ ਗੈਰਕਾਨੂੰਨੀ ਕਾਰੋਬਾਰ ਨੂੰ ਚਲਾਉਂਦੇ ਹਨ ਅਤੇ ਜਦੋਂ ਕੋਈ ਉਨ੍ਹਾਂ ਦਾ ਗਾਹਕ ਇਸ ਖ਼ਤਰਨਾਕ ਯਾਤਰਾ ਦੌਰਾਨ ਮਾਰਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਹੈ।
ਜੋਖਮ ਅਤੇ ਗੁਨਾਹਗਾਰ ਹੋਣ ਦੀ ਭਾਵਨਾ
ਬੀਬੀਸੀ ਨੇ ਨੂਰ ਨੂੰ ਪੁੱਛਿਆ ਕਿ ਕੀ ਉਹ ਡੁੱਬ ਕੇ ਮਰਨ ਵਾਲੇ ਲੋਕਾਂ ਦੀ ਮੌਤ ਲਈ ਖੁਦ ਨੂੰ ਦੋਸ਼ੀ ਸਮਝਦਾ ਹੈ?
ਸਮੱਗਲਰ ਨੇ ਕਿਹਾ, " ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੇਰੇ ਕੋਲੋਂ ਉਨ੍ਹਾਂ ਦੀ ਸਲਮਤੀ ਬਾਰੇ ਪੁੱਛਦੇ ਹਨ ਤਾਂ ਮੈਨੂੰ ਵੀ ਬਹੁਤ ਦੁੱਖ ਹੁੰਦਾ ਹੈ। ਕਿਸ਼ਤੀ 'ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਦੋ ਅਜੇ ਵੀ ਲਾਪਤਾ ਹਨ।"
"ਉਹ ਨੌਜਵਾਨ ਸਨ ਅਤੇ ਆਪਣੇ ਬਿਹਤਰ ਭਵਿੱਖ ਅਤੇ ਸੁਰੱਖਿਆ ਦੀ ਭਾਲ 'ਚ ਸਨ। ਮੈਨੂੰ ਲੱਗਦਾ ਹੈ ਕਿ ਹਰ ਕੋਈ ਇਨਸਾਨ ਇਸ ਤਰ੍ਹਾਂ ਦੀ ਇੱਛਾ ਰੱਖਦਾ ਹੈ ਅਤੇ ਬਿਹਤਰ ਭਵਿੱਖ ਦੀ ਕਾਮਨਾ ਕਰਨਾ ਹਰ ਕਿਸੇ ਦਾ ਅਧਿਕਾਰ ਵੀ ਹੈ।"
ਭਾਵੇਂ ਕਿ ਇਸ ਮਨੁੱਖੀ ਤਸਕਰ ਨੇ ਇੰਨ੍ਹਾਂ ਨੌਜਵਾਨਾਂ ਦੀਆਂ ਮੌਤਾਂ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪਰ ਉਸ ਨੇ ਇਸ ਦੁੱਖਦਾਈ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ।
"ਮੈਂ ਪੀੜ੍ਹਤ ਪਰਿਵਾਰਾਂ ਤੋਂ ਕਈ ਵਾਰ ਮੁਆਫੀ ਮੰਗ ਚੁੱਕਾ ਹਾਂ ਅਤੇ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਵੀ ਹਾਂ। ਪਰ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਹ ਸਭ ਮੈਂ ਜਾਣ-ਬੁੱਝ ਕੇ ਨਹੀਂ ਕੀਤਾ ਹੈ। ਮੈਂ ਸ਼ੁਰੂ 'ਚ ਹੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਲਈ ਸੁਚੇਤ ਕਰ ਚੁੱਕਾ ਸੀ।"
"ਸਫ਼ਰ ਦੌਰਾਨ ਉਹ ਪੁਲਿਸ ਹਿਰਾਸਤ 'ਚ ਵੀ ਆ ਸਕਦੇ ਹਨ ਜਾਂ ਫਿਰ ਅੱਤਵਾਦੀਆਂ ਵਲੋਂ ਅਗਵਾ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਿਸੇ ਘਟਨਾ 'ਚ ਮੌਤ ਵੀ ਹੋ ਸਕਦੀ ਹੈ।”
“ਉਨ੍ਹਾਂ ਨੇ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਇੰਨ੍ਹਾਂ ਜ਼ੋਖਮਾਂ ਨੂੰ ਸਵੀਕਾਰ ਕੀਤਾ ਸੀ ਅਤੇ ਆਪਣੀ ਮਰਜ਼ੀ ਨਾਲ ਯਾਤਰਾ ਸ਼ੁਰੂ ਕੀਤੀ ਸੀ। ਹੁਣ ਤਾਂ ਪਰਮਤਾਮਾ ਹੀ ਫ਼ੈਸਲਾ ਕਰੇਗਾ ਕਿ ਮੈਨੂੰ ਮੁਆਫੀ ਮਿਲਣੀ ਚਾਹੀਦੀ ਹੈ ਜਾਂ ਨਹੀਂ।"
ਇੱਕ ਯੋਜਨਾਬੱਧ ਅਪਰਾਧ
ਨੂਰ ਉਨ੍ਹਾਂ ਲੋਕਾਂ 'ਚੋਂ ਇੱਕ ਹੈ ਜੋ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਖੁੱਲ੍ਹੇਆਮ ਮਨੁੱਖੀ ਤਸਕਰੀ ਦਾ ਕਾਰੋਬਾਰ ਕਰਦੇ ਹਨ। ਉਹ ਲੋਕਾਂ ਨੂੰ ਇਟਲੀ, ਫਰਾਂਸ ਅਤੇ ਯੂਕੇ ਭੇਜਣ ਲਈ ਭਾਰੀ ਰਕਮ ਦੀ ਮੰਗ ਕਰਦੇ ਹਨ।
ਨੂਰ ਅੱਗੇ ਕਹਿੰਦਾ ਹੈ, "ਤਸਕਰੀ ਕਿਸੇ ਇੱਕ ਦੇ ਵਸ ਦੀ ਗੱਲ ਨਹੀਂ ਹੈ। ਇਸ ਪਿੱਛੇ ਤਾਂ ਇੱਕ ਪੂਰਾ ਨੈੱਟਵਰਕ ਕੰਮ ਕਰਦਾ ਹੈ। ਅਸੀਂ ਸਾਰੇ ਤਸਕਰ ਇੱਕ ਦੂਜੇ ਦੇ ਸੰਪਰਕ ਵਿੱਚ ਹੁੰਦੇ ਹਾਂ। ਮੈਂ ਪਰਵਾਸੀਆਂ ਨਾਲ ਨਹੀਂ ਜਾਂਦਾ ਹਾਂ, ਸਭ ਕੁਝ ਫੋਨ 'ਤੇ ਹੀ ਤੈਅ ਹੁੰਦਾ ਹੈ।"
ਇੱਥੇ ਨੂਰ ਲਈ ਗਾਹਕਾਂ ਦੀ ਘਾਟ ਨਹੀਂ ਹੈ ਕਿਉਂਕਿ ਬਹੁਤ ਸਾਰੇ ਅਫ਼ਗਾਨ ਆਪਣਾ ਮੁਲਕ ਛੱਡ ਕੇ ਕਿਸੇ ਦੂਜੇ ਦੇਸ ਜਾਣ ਲਈ ਬੈਚੇਨ ਹਨ।
ਯੂਐੱਨ ਦਾ ਕਹਿਣਾ ਹੈ ਕਿ ਇਸ ਸਮੇਂ 2.7 ਮਿਲੀਅਨ ਅਫ਼ਗਾਨ ਲੋਕ ਸ਼ਰਨਾਰਥੀ ਵਜੋਂ ਵਿਦੇਸ਼ਾਂ 'ਚ ਰਹਿ ਰਹੇ ਹਨ। ਸਿਰਫ਼ ਸੀਰੀਆ ਅਤੇ ਵੈਨੇਜ਼ੁਏਲਾ ਨੂੰ ਪਰਵਾਸੀਆਂ ਜਾਂ ਸ਼ਰਨਾਰਥੀਆਂ ਦੇ ਮਾਮਲਿਆਂ ਵਿੱਚ ਪਿੱਛੇ ਕਰਦਾ ਹੈ।
ਪਰਵਾਸੀਆਂ ਨੂੰ ਹਰ ਚੀਜ਼ ਲਈ ਤਿਆਰ ਰਹਿਣਾ ਪਏਗਾ - ਬਹੁਤ ਵਧੀਆ ਦੂਰੀਆਂ ਨਾਲ ਤੁਰਨਾ ਵੀ
ਵਿਦੇਸ਼ਾਂ ਵਿੱਚ ਜਾਣ ਦੀ ਇੰਨ੍ਹੀ ਲਲਕ ਹੈ ਕਿ ਨੂਰ ਵਰਗੇ ਤਸਕਰਾਂ ਨੂੰ ਆਪਣੀ ਇਸ਼ਤਿਹਾਰਬਾਜ਼ੀ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ।
ਬਾਹਰ ਜਾਣ ਦੇ ਇੱਛੁਕ ਲੋਕ ਖੁਦ ਹੀ ਉਸ ਨਾਲ ਸੰਪਰਕ ਕਰਦੇ ਹਨ। ਕੋਈ ਵੀ ਨੌਜਵਾਨ ਜੋ ਕਿ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ ਉਹ ਅਜਿਹੇ ਏਜੰਟ ਦੀ ਭਾਲ ਕਰੇਗਾ ਜਿਸ ਨੇ ਕਿ ਪਹਿਲਾਂ ਵੀ ਉਸ ਖੇਤਰ 'ਚੋਂ ਕਿਸੇ ਨੂੰ ਸਫਲਤਾਪੂਰਵਕ ਭੇਜਿਆ ਹੋਵੇ। ਨੂਰ ਦਾ ਇਹ ਕਾਰੋਬਾਰ ਬਹੁਤ ਪੁਰਾਣਾ ਹੈ ਅਤੇ ਖੇਤਰ 'ਚ ਉਸ ਦਾ ਨਾਂਅ ਬੋਲਦਾ ਹੈ।
ਪਰ ਉਨ੍ਹਾਂ 'ਚੋਂ ਬਹੁਤ ਘੱਟ ਫੀਸਦ ਅਜਿਹੇ ਲੋਕ ਹਨ ਜੋ ਕਿ ਆਪਣੀ ਪਹਿਲੀ ਕੋਸ਼ਿਸ਼ 'ਚ ਹੀ ਯੂਰਪ ਪਹੁੰਚ ਜਾਂਦੇ ਹਨ ਅਤੇ ਕੁਝ ਆਪਣੇ ਬਿਹਤਰ ਭਵਿੱਖ ਲਈ ਕਿਤੇ ਹੋਰ ਹੀ ਨਿਕਲ ਜਾਂਦੇ ਹਨ।
'ਅਸੀਂ ਉਸ ਦੀ ਲਾਸ਼ ਵੇਖਣਾ ਚਾਹੁੰਦੇ ਹਾਂ'
ਸ਼ਫੀਉਲੱਹਾ ਦੇ ਇੱਕ ਜਾਣਕਾਰ ਸ਼ੇਰ ਅਫਜ਼ਲ ਨੇ ਬੀਬੀਸੀ ਨੂੰ ਦੱਸਿਆ , " ਅਸੀਂ ਜਾਣਦੇ ਹਾਂ ਕਿ ਇਹ ਸਫ਼ਰ ਬਹੁਤ ਖ਼ਤਰਨਾਕ ਹੈ, ਪਰ ਸਾਨੂੰ ਇਸ ਤਰ੍ਹਾਂ ਦੀ ਘਟਨਾ ਦਾ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ।"
"ਸ਼ਫੀਉੱਲ੍ਹਾ ਵੈਨ ਝੀਲ 'ਚ ਹਾਦਸਾਗ੍ਰਸਤ ਹੋਈ ਕਿਸ਼ਤੀ 'ਚ ਸਵਾਰ ਸੀ ਅਤੇ ਉਹ ਵੀ ਡੁੱਬ ਗਿਆ। ਪਰ ਅਸੀਂ ਉਸ ਦੀ ਲਾਸ਼ ਵੇਖਣਾ ਚਾਹੁੰਦੇ ਹਾਂ। ਅਸੀਂ ਉਸ ਦੇ ਜਿੰਦਾ ਹੋਣ ਦੀ ਉਮੀਦ ਨਹੀਂ ਕਰਦੇ ਪਰ ਉਸ ਦੀ ਲਾਸ਼ ਜ਼ਰੂਰ ਵੇਖਣ ਦੀ ਇੱਛਾ ਕਰਦੇ ਹਾਂ।"
ਸ਼ਫੀਉਲ੍ਹਾ ਦਾ ਪਰਿਵਾਰ ਉਸ ਲਈ ਇੱਕ ਯਾਦਗਾਰ ਰਸਮ ਅਦਾ ਕਰਨਾ ਚਾਹੁੰਦਾ ਹੈ। ਇਸ ਹਾਦਸੇ 'ਚ ਮਾਰੇ ਗਏ ਹੋਰ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਯਾਦ 'ਚ ਯਾਦਗਾਰ ਸਮਾਗਮ ਵੀ ਆਯੋਜਿਤ ਕੀਤਾ ਹੈ।
ਇਸ ਮੌਕੇ ਤਸਕਰ ਦੇ ਪਿਤਾ ਅਤੇ ਬਜ਼ੁਰਗਾਂ ਦਾ ਇੱਕ ਸਮੂਹ ਪੀੜਤ ਪਰਿਵਾਰਾਂ ਨੂੰ ਹਮਦਰਦੀ ਦੇਣ ਲਈ ਉਨ੍ਹਾਂ ਦੇ ਘਰ ਗਿਆ।
ਪੱਛਮੀ ਦੇਸਾਂ 'ਚ ਆਪਣੇ ਬਿਹਤਰ ਭਵਿੱਖ ਦੀ ਕਾਮਨਾ ਨੂੰ ਸਾਕਾਰ ਕਰਨ ਦੀ ਉਮੀਦ ਨਾਲ ਸ਼ਫੀਉੱਲ੍ਹਾ ਜੂਨ ਮਹੀਨੇ ਰਵਾਨਾ ਹੋਇਆ ਸੀ।
ਉਸ ਨੂੰ ਪੂਰਬੀ ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ 'ਚ ਆਪਣਾ ਭਵਿੱਖ ਧੁੰਦਲਾ ਜਾਪਦਾ ਸੀ, ਜਿਸ ਕਰਕੇ ਉਸ ਨੇ ਨੂਰ ਨਾਲ ਸੰਪਰਕ ਕੀਤਾ ਅਤੇ ਇਟਲੀ ਭੇਜਣ ਲਈ ਕਿਹਾ।
ਕੁਝ ਪਰਵਾਸੀ ਜੋ ਸ਼ਫੀਉੱਲਾ ਨਾਲ ਯਾਤਰਾ ਕਰ ਰਹੇ ਸਨ, ਨੂੰ ਵੈਨ ਝੀਲ ਦੇ ਨੇੜੇ ਇਸ ਕਬਰਸਤਾਨ ਵਿਚ ਦਫ਼ਨਾਇਆ ਗਿਆ
ਉਸ ਨੇ ਤਸਕਰ ਨੂੰ ਇਸ ਲਈ ਪਹਿਲੀ ਕਿਸ਼ਤ ਵਜੋਂ ਇੱਕ ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ ਅਤੇ ਹੋਰ ਦੂਜੇ ਪਰਵਾਸੀਆਂ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਈ ਕਾਰ, ਟਰੱਕ ਅਤੇ ਕਈ ਵਾਰ ਤਾਂ ਪੈਦਲ ਹੀ ਆਪਣੇ ਸਫ਼ਰ 'ਤੇ ਨਿਕਲ ਪਿਆ ਸੀ।
ਸ਼ਫੀਉੱਲ੍ਹਾ ਇਰਾਨ ਪਾਰ ਕਰਕੇ ਤੁਰਕੀ ਪਹੁੰਚ ਗਿਆ ਸੀ। ਇੱਥੋਂ ਹੀ 26 ਜੂਨ ਨੂੰ ਉਸ ਨੇ ਆਪਣੇ ਘਰ ਟੈਲੀਫੋਨ ਕੀਤਾ ਸੀ।
ਨੂਰ ਨੇ ਬੀਬੀਸੀ ਅੱਗੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਇਸ ਮਕਸਦ ਲਈ ਹਾਸਲ ਕੀਤੀ ਸਾਰੀ ਰਕਮ ਸ਼ਫੀਉੱਲ੍ਹਾ ਅਤੇ ਦੂਜੇ ਪੀੜਤ ਪਰਿਵਾਰਾਂ ਨੂੰ ਵਾਪਸ ਕਰ ਦਿੱਤੀ ਹੈ।
ਲਾਹੇਵੰਦ ਕਾਰੋਬਾਰ
ਇਸ ਦੁਖਾਂਤ ਨੇ ਨੂਰ ਦੇ ਮਨ 'ਚ ਆਪਣੇ ਕਾਰੋਬਾਰ ਲਈ ਭੁਲੇਖਾ ਵਧਾ ਦਿੱਤਾ ਹੈ। ਨੂਰ ਦਾ ਕਹਿਣਾ ਹੈ ਕਿ ਉਹ ਜਾਣਦਾ ਹੈ ਕਿ ਇਹ ਸਭ ਗੈਰ-ਕਾਨੂੰਨੀ ਹੈ ਅਤੇ ਜੇਕਰ ਸਭ ਕੁਝ ਯੋਜਨਾ ਮੁਤਾਬਕ ਨਾ ਹੋਵੇ ਤਾਂ ਮਨੁੱਖੀ ਜਾਨ ਜਾਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।
ਪਰ ਨੂਰ ਦਾ ਮੰਨਣਾ ਹੈ ਕਿ ਇਸ ਤਸਕਰੀ ਦੇ ਨੈੱਟਵਰਕ ਨੂੰ ਛੱਡਣਾ ਇੰਨ੍ਹਾਂ ਸੌਖਾ ਨਹੀਂ ਹੈ ਕਿਉਂਕਿ ਇਸ ਆਕਰਸ਼ਕ ਅਤੇ ਲਾਹੇਵੰਦ ਕਾਰੋਬਾਰ ਦਾ ਹਿੱਸਾ ਬਣ ਕੇ ਇਸ ਤੋਂ ਬਾਹਰ ਨਿਕਲਣਾ ਅਸੰਭਵ ਹੈ।
ਨੂਰ ਦਾ ਕਹਿਣਾ ਹੈ, "ਅਸੀਂ ਅਫ਼ਗਾਨਿਸਤਾਨ ਤੋਂ ਤੁਰਕੀ ਜਾਣ ਦਾ ਇੱਕ ਹਜ਼ਾਰ ਡਾਲਰ ਲੈਂਦੇ ਹਾਂ। ਤੁਰਕੀ ਤੋਂ ਸਰਬੀਆ ਚਾਰ ਹਜ਼ਾਰ ਡਾਲਰ ਅਤੇ ਸਰਬੀਆ ਤੋਂ ਇਟਲੀ 3,500 ਡਾਲਰ ਦੀ ਰਾਸ਼ੀ ਲੈਂਦੇ ਹਾਂ। ਕੁੱਲ ਮਿਲਾ ਕੇ 8,500 ਡਾਲਰ ਲਏ ਜਾਂਦੇ ਹਨ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਜਿਸ ਦੇਸ ਦੀ ਪ੍ਰਤੀ ਵਿਅਕਤੀ ਸਾਲਾਨਾ ਅਮਾਦਨ ਸਿਰਫ 500 ਡਾਲਰ ਤੋਂ ਵੱਧ ਹੈ, ਉਸ ਦੇਸ ਲਈ ਇਹ ਰਕਮ ਬਹੁਤ ਵੱਡੀ ਹੈ।
ਸਫਲਤਾ ਨਾਲ ਇਟਲੀ ਪਹੁੰਚਣ ਵਾਲੇ ਹਰੇਕ ਪਰਵਾਸੀ ਤੋਂ ਨੂਰ ਤਿੰਨ ਹਜ਼ਾਰ ਤੋਂ 3,500 ਡਾਲਰ ਕਮਾ ਲੈਂਦਾ ਹੈ।
ਸਾਰੇ ਤਸਕਰਾਂ ਦਾ ਕਹਿਣਾ ਹੈ ਕਿ ਉਸ ਨੂੰ ਫੋਨ 'ਤੇ ਗੱਲ ਕਰਨਾ, ਪੈਸਿਆਂ ਦੀ ਤਬਦੀਲੀ ਦਾ ਪ੍ਰਬੰਧ ਕਰਨਾ ਅਤੇ ਕਈ ਵਾਰ ਤਾਂ ਅਫ਼ਗਾਨ ਅਧਿਕਾਰੀਆਂ ਨੂੰ ਰਿਸ਼ਵਤ ਵੀ ਦੇਣੀ ਪੈਂਦੀ ਹੈ।
ਪਰਵਾਸੀ ਪੁਲਿਸ ਤੋਂ ਬਚਣ ਲਈ ਵੈਨ ਝੀਲ ਦੇ ਪਾਰੋਂ ਜਾਂਦੇ ਹਨ ਪਰ ਕੁਝ ਕਿਸ਼ਤੀਆਂ ਨਹੀਂ ਬਚਦੀਆਂ - ਇਹ ਇੱਕ ਕਿਸ਼ਤੀ ਦਸੰਬਰ 2019 ਵਿਚ ਫਸੀ ਸੀ
ਉਹ ਕਦੇ ਵੀ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਮਿਲਦਾ ਹੈ। ਉਹ ਗਾਹਕਾਂ ਨੂੰ ਲਿਆਉਣ 'ਚ ਮਾਰਕਿਟ 'ਚ ਬਣੇ ਆਪਣੇ ਵੱਕਾਰ ਦੀ ਵਰਤੋਂ ਕਰਦਾ ਹੈ ਅਤੇ ਅਜਨਬੀਆਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਹੀ ਕਰਦਾ ਹੈ।
ਇਹ ਇੱਕ ਆਰਾਮ ਵਾਲੀ ਜ਼ਿੰਦਗੀ ਹੈ, ਜਿਸ ਨੂੰ ਅਫ਼ਗਾਨਿਸਤਾਨ ਵਰਗੇ ਦੇਸ ਵਿੱਚ ਹਾਸਲ ਕਰਨਾ ਬਹੁਤ ਮੁਸ਼ਕਲ ਹੈ। ਇਸ ਕਾਰੋਬਾਰ ਕਾਰਨ ਐਸ਼ੋ-ਆਰਾਮ ਦੀ ਜ਼ਿੰਦਗੀ, ਕਾਰ, ਕੋਠੀ, ਘਰ ਸਭ ਕੁਝ ਹਾਸਲ ਹੁੰਦਾ ਹੈ।
ਬੀਬੀਸੀ ਇੱਕ ਹੋਰ ਅਜਿਹੇ ਤਸਕਰ ਤੋਂ ਜਾਣੂ ਹੈ, ਜਿਸ ਨੇ ਕਿ ਪਹਿਲਾਂ ਇਸ ਕਾਰੋਬਾਰ ਨੂੰ ਛੱਡਣ ਦਾ ਫ਼ੈਸਲਾ ਲਿਆ ਸੀ ਪਰ ਇੱਕ ਸਾਲ ਵਿੱਚ ਹੀ ਉਹ ਵਾਪਸ ਇਸ ਨੈੱਟਵਰਕ ਨਾਲ ਜੁੜ ਗਿਆ।
ਸੁਰੱਖਿਅਤ ਘਰ
ਤਸਕਰ ਨੇ ਮੰਨਿਆ ਹੈ ਕਿ ਪਰਵਾਸੀਆਂ ਨੂੰ ਬਿਨਾਂ ਜ਼ਰੂਰੀ ਯਾਤਰਾ ਦਸਤਾਵੇਜਾਂ ਦੇ ਜੋਖਮ ਭਰਪੂਰ, ਗੈਰ-ਕਾਨੂੰਨੀ ਯਾਤਰਾ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਦਿਨ ਦੇ ਸਮੇਂ ਲੁਕਾ ਕੇ ਰੱਖਿਆ ਜਾਂਦਾ ਹੈ ਅਤੇ ਰਾਤ ਨੂੰ ਸਫ਼ਰ ਤੈਅ ਕੀਤਾ ਜਾਂਦਾ ਹੈ।
ਉਹ ਅੱਗੇ ਕਹਿੰਦਾ ਹੈ ਕਿ ਉਸ ਦਾ ਨੈੱਟਵਰਕ ਤਹਿਰਾਨ, ਵੈਨ (ਤੁਰਕੀ) ਅਤੇ ਇੰਸਤਾਬੁਲ ਵਰਗੇ ਸ਼ਹਿਰਾਂ ਵਿੱਚ ਠਹਿਰਾਵ ਲਈ ਸੁਰੱਖਿਅਤ ਘਰਾਂ ਦੀ ਵਰਤੋਂ ਕਰਦਾ ਹੈ।
ਯਾਤਰਾ 'ਤੇ ਨਿਕਲਣ ਵਾਲਿਆਂ ਨੂੰ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੀ ਕੀਮਤੀ ਵਸਤੂ ਨਾਲ ਨਾ ਰੱਖਣ ਦੀ ਹਿਦਾਇਤ ਕੀਤੀ ਜਾਂਦੀ ਹੈ ਕਿਉਂਕਿ ਰਸਤੇ ਵਿੱਚ ਗਹਿਣਿਆਂ, ਘੜੀਆਂ ਜਾਂ ਕਿਸੇ ਹੋਰ ਕੀਮਤੀ ਵਸਤੂ ਲਈ ਚੋਰ-ਉਚਕਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨੂਰ ਹਮੇਸ਼ਾ ਹੀ ਪਰਵਾਸੀਆਂ ਨੂੰ 100 ਡਾਲਰ ਤੋਂ ਵੱਧ ਨਕਦ ਰਾਸ਼ੀ ਆਪਣੇ ਕੋਲ ਨਾ ਰੱਖਣ ਦਾ ਸੁਝਾਅ ਦਿੰਦਾ ਹੈ।
ਨੂਰ ਕਹਿੰਦਾ ਹੈ, "ਜੇਕਰ ਉਹ ਪੁਲਿਸ ਹਿਰਾਸਤ ਵਿੱਚ ਆ ਜਾਂਦੇ ਹਨ ਤਾਂ ਇਸ ਲਈ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਪਰ ਜੇਕਰ ਉਹ ਅੱਤਵਾਦੀਆਂ ਜਾਂ ਫਿਰ ਹਥਿਆਰਬੰਦ ਸਮੂਹਾਂ ਵਲੋਂ ਅਗਵਾ ਕੀਤੇ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਫਿਰੌਤੀ ਜ਼ਰੂਰ ਦਿੰਦੇ ਹਾਂ।"
ਤੁਰਕੀ ਤੱਕ ਦਾ ਸਫ਼ਰ ਇੱਕ ਹਫ਼ਤੇ ਤੋਂ ਦੋ ਮਹੀਨਿਆਂ ਦਾ ਸਮਾਂ ਵੀ ਲੈ ਸਕਦਾ ਹੈ ਕਿਉਂਕਿ ਇਹ ਸਭ ਪੁਲਿਸ ਵਲੋਂ ਕੀਤੀ ਜਾਂਦੀ ਗਸ਼ਤ 'ਤੇ ਨਿਰਭਰ ਕਰਦਾ ਹੈ। ਇਹ ਦੇਸ ਯੂਰਪ ਦੀ ਯਾਤਰਾ ਕਰਨ ਵਾਲੇ ਅਫ਼ਗਾਨ ਲੋਕਾਂ ਦਾ ਇੱਕ ਵੱਡਾ ਕੇਂਦਰ ਹੈ।
ਤਾਲਿਬਾਨ ਦੇ ਡਰ ਤੋਂ ਪਰਵਾਸ
ਹਜ਼ਰਤ ਸ਼ਾਹ ਨਾਂਅ ਦਾ ਇੱਕ ਪਰਵਾਸੀ ਜੋ ਕਿ ਇਸਤਾਂਬੁਲ ਰਸਤੇ ਪੱਛਮ ਲਈ ਰਵਾਨਾ ਹੋਇਆ ਸੀ, ਉਹ ਅਫ਼ਗਾਨ ਫੌਜ ਦਾ ਸਾਬਕਾ ਜਵਾਨ ਸੀ।
ਜਦੋਂ ਉਸ ਦਾ ਪਿੰਡ ਤਾਲਿਬਾਨ ਦੇ ਕਬਜੇ ਹੇਠ ਆ ਗਿਆ ਤਾਂ 25 ਸਾਲਾ ਹਜ਼ਰਤ ਨੂੰ ਆਪਣੇ ਪਰਿਵਾਰ 'ਤੇ ਤਾਲਿਬਾਨ ਹਮਲੇ ਦਾ ਡਰ ਸਤਾ ਰਿਹਾ ਸੀ। ਇਸ ਲਈ ਉਸ ਨੇ ਆਪਣੀ ਨੌਕਰੀ ਤੋਂ ਹੱਟਣ ਦਾ ਫ਼ੈਸਲਾ ਲਿਆ ਅਤੇ ਦੇਸ ਛੱਡਣ ਬਾਰੇ ਸੋਚਿਆ।
ਹਜ਼ਰਤ ਇਸ ਸਾਲ ਦੇ ਸ਼ੁਰੂ ਵਿੱਚ ਪੂਰਬੀ ਅਫ਼ਗਾਨਿਸਤਾਨ ਵਿੱਚ ਨੰਗਰਹਾਰ ਤੋਂ ਰਵਾਨਾ ਹੋਇਆ ਸੀ। ਉਸ ਨੇ ਬੀਬੀਸੀ ਨੂੰ ਇਟਲੀ ਜਾਣ ਦੇ ਆਪਣੇ ਸਫ਼ਰ ਬਾਰੇ ਦੱਸਿਆ ।
ਹਾਲਾਂਕਿ ਉਹ ਨੂਰ ਜ਼ਰੀਏ ਨਹੀਂ ਗਿਆ ਸੀ ਫਿਰ ਵੀ ਉਹ ਤਸਕਰਾਂ ਬਾਰੇ ਬਹੁਤ ਕੁਝ ਜਾਣਦਾ ਹੈ।
ਸ਼ਾਹ ਨੇ ਬੀਬੀਸੀ ਨੂੰ ਦੱਸਿਆ, "ਤੁਰਕੀ ਅਤੇ ਇਰਾਨ ਵਿਚਾਲੇ ਪੈਂਦੀ ਸਰਹੱਦ 'ਤੇ ਪਹੁੰਚਣ ਤੋਂ ਬਾਅਦ ਇਸਤਾਂਬੁਲ ਪਹੁੰਚਣ 'ਚ ਲਗਭਗ ਇੱਕ ਮਹੀਨੇ ਦਾ ਸਮਾਂ ਲੱਗਿਆ। ਮੈਂ ਇੱਥੇ ਕੁਝ ਮਹੀਨਿਆਂ ਤੱਕ ਰਿਹਾ ਅਤੇ ਪੈਸੇ ਕਮਾਉਣ ਲਈ ਹੋਟਲਾਂ 'ਚ ਕੰਮ ਵੀ ਕੀਤਾ ਤਾਂ ਜੋ ਤਸਕਰਾਂ ਨੂੰ ਉਨ੍ਹਾਂ ਦੀ ਰਕਮ ਦੇ ਸਕਾਂ।"
ਪੂਰਬੀ ਮੈਡੀਟੇਰੀਅਨ ਰਸਤਾ, ਜੋ ਕਿ ਤੁਰਕੀ ਅਤੇ ਯੂਨਾਨ ਦਰਮਿਆਨ ਪੈਂਦੇ ਸਮੁੰਦਰੀ ਪੈਂਡੇ ਨੂੰ ਪਾਰ ਕਰਨ 'ਚ ਸਹਾਇਕ ਹੈ, ਖਾਸ ਕਰਕੇ ਅਫ਼ਗਾਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੈ।
ਯੂਰਪੀਅਨ ਬਾਰਡਰ ਏਜੰਸੀ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਇਸ ਰਸਤੇ 14 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਯੂਰਪ ਨੂੰ ਪਾਰ ਕੀਤਾ ਹੈ। ਇੰਨ੍ਹਾਂ ਵਿੱਚੋਂ ਇੱਕ ਚੌਥਾਈ ਲੋਕ ਅਫ਼ਗਾਨ ਹਨ।
ਇਹ ਵੀ ਪੜ੍ਹੋ:
ਯੂਨਾਨ ਤੋਂ ਬੋਸਾਨੀਆ ਜਾਣਾ ਬਹੁਤ ਮੁਸ਼ਕਲ ਸੀ। ਸ਼ਾਹ ਨੂੰ ਇੱਥੇ ਪਹੁੰਚਣ ਲਈ ਕਈ ਵਾਰ ਡਿਪੋਰਟ ਵੀ ਕੀਤਾ ਗਿਆ ਸੀ। ਉਸ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਭ ਅਸਫਲ ਰਹੀਆਂ।
ਸ਼ਾਹ ਯਾਦ ਕਰਦਿਆਂ ਕਹਿੰਦਾ ਹੈ, "ਉਹ ਬਹੁਤ ਹੀ ਭਿਆਨਕ ਸਮਾਂ ਸੀ। ਆਖਰੀ ਕੋਸ਼ਿਸ਼ ਦੌਰਾਨ ਮੈਂ ਜ਼ਖਮੀ ਵੀ ਹੋ ਗਿਆ ਸੀ। ਪੁਲਿਸ ਨੇ ਮੈਨੂੰ ਬਹੁਤ ਕੁੱਟਿਆ ਸੀ। ਉਨ੍ਹਾਂ ਨੇ ਸਾਡੇ ਕੱਪੜੇ ਅਤੇ ਜੁੱਤੇ ਵੀ ਲੈ ਲਏ ਸਨ ਅਤੇ ਰਾਤ ਦੇ ਸਮੇਂ ਹੀ ਸਾਨੂੰ ਪਿੱਛੇ ਪਰਤਨ ਲਈ ਮਜ਼ਬੂਰ ਕੀਤਾ ਗਿਆ।"
'ਤਸਕਰ ਮਦਦ ਨਹੀਂ ਕਰ ਸਕਦੇ'
ਸ਼ਾਹ ਨੂੰ ਨਹੀਂ ਲੱਗਦਾ ਕਿ ਉਹ ਕਦੇ ਇਟਲੀ ਪਹੁੰਚ ਪਾਵੇਗਾ ਜਾਂ ਨਹੀਂ ਪਰ ਕਿਸੇ ਵੀ ਹਾਲਤ ਵਿੱਚ ਉਹ ਅਫ਼ਗਾਨਿਸਤਾਨ ਵਿੱਚ ਤਸਕਰਾਂ ਦੀ ਮਦਦ ਲੈਣ ਦੇ ਹੱਕ ਵਿੱਚ ਨਹੀਂ ਹੈ।
ਸ਼ਾਹ ਦਾ ਕਹਿਣਾ ਹੈ ਕਿ ਰਸਤੇ ਵਿੱਚ ਪਹਿਲੀ ਮੁਸ਼ਕਲ ਦੇ ਆਉਣ 'ਤੇ ਹੀ ਇਹ ਤਸਕਰ ਲੋਕ ਗਾਇਬ ਹੀ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਜੋ ਕਿ ਇੰਨ੍ਹਾਂ ਤਸਕਰਾਂ 'ਤੇ ਭਰੋਸਾ ਕਰਕੇ ਆਪਣਾ ਸਫ਼ਰ ਸ਼ੁਰੂ ਕਰਦੇ ਹਨ, ਉਹ ਆਪਣੇ ਇਸ ਫ਼ੈਸਲੇ 'ਤੇ ਪਛਤਾਉਂਦੇ ਵੀ ਹਨ।
"ਅਜਿਹੀ ਯਾਤਰਾ ਦੌਰਾਨ ਮਾਰੇ ਜਾਣ, ਜ਼ਖਮੀ ਹੋਣ ਜਾਂ ਫਿਰ ਅਗਵਾ ਕੀਤੇ ਜਾਣ ਦੀ ਸੰਭਾਵਨਾ ਬਣੀ ਹੀ ਰਹਿੰਦੀ ਹੈ ਅਤੇ ਕੋਈ ਵੀ ਤੁਹਾਡੀ ਮਦਦ ਲਈ ਮੌਜੂਦ ਨਹੀਂ ਹੁੰਦਾ ਹੈ। ਤਸਕਰਾਂ ਲਈ ਮਦਦ ਕਰਨਾ ਵੈਸੇ ਵੀ ਸੰਭਵ ਨਹੀਂ ਹੈ ਕਿਉਂਕਿ ਉਹ ਤਾਂ ਖੁਦ ਹੀ ਪੁਲਿਸ ਤੋਂ ਬਹੁਤ ਡਰਦੇ ਹਨ। ਇਹ ਇੱਕ ਬਹੁਤ ਹੀ ਘਟੀਆ ਖੇਡ ਹੈ।"
ਸ਼ਾਹ ਕਈ ਮਹੀਨਿਆਂ ਤੱਕ ਬੁਰੇ ਹਾਲਾਤਾਂ 'ਚ ਫਸਿਆ ਰਿਹਾ ਅਤੇ ਉਸ ਨੇ ਸਫ਼ਰ ਦੌਰਾਨ ਕਈਆਂ ਦੀ ਮੌਤ ਵੀ ਦੇਖੀ।
ਪਰਵਾਸੀਆਂ ਨਾਲ ਭਰੀ ਇੱਕ ਰਬੜ ਦੀ ਕਿਸ਼ਤੀ ਰਾਤ ਨੂੰ ਯੂਨਾਨ ਦੇ ਟਾਪੂ ਲੇਸਵੋਸ ਲਈ ਰਵਾਨਾ ਹੁੰਦੀ ਹੈ
"ਜ਼ਿੰਦਾ ਰਹਿਣ ਲਈ ਤੁਹਾਨੂੰ ਬਹੁਤ ਹੀ ਘੱਟ ਮਾਤਰਾ ਵਿੱਚ ਭੋਜਨ ਅਤੇ ਪਾਣੀ ਮਿਲੇਗਾ। ਮੈਂ ਕਈ ਲੋਕਾਂ ਨੂੰ ਪਾਣੀ ਨਾ ਮਿਲਣ ਕਰਕੇ ਮਰਦਿਆਂ ਦੇਖਿਆ ਹੈ। ਦੂਜੇ ਪਰਵਾਸੀ ਸਾਥੀ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਹਨ ਕਿਉਂਕਿ ਜੇਕਰ ਤੁਸੀਂ ਆਪਣਾ ਭੋਜਨ ਜਾਂ ਪਾਣੀ ਸਾਂਝਾ ਕਰਦੇ ਹੋ ਤਾਂ ਤੁਹਾਡੇ ਲਈ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ।"
ਆਈਓਐਮ ਦੇ ਅਨੁਸਾਰ ਇਸ ਸਾਲ ਮੈਡੀਟੇਰੀਅਨ 'ਚ ਘੱਟ ਤੋਂ ਘੱਟ 672 ਲੋਕਾਂ ਦੀ ਮੌਤ ਹੋਈ ਹੈ। ਅਜਿਹੀਆਂ ਘਟਨਾਵਾਂ ਇਸ ਲਈ ਵਧੇਰੇ ਵਾਪਰਦੀਆਂ ਹਨ ਕਿਉਂਕਿ ਪਰਵਾਸੀਆਂ ਨੂੰ ਸਮਰੱਥਾ ਤੋਂ ਵੱਧ ਇੱਕ ਹੀ ਕਿਸ਼ਤੀ ਵਿੱਚ ਬੈਠਾਇਆ ਜਾਂਦਾ ਹੈ ਅਤੇ ਕਈ ਵਾਰ ਖ਼ਰਾਬ ਮੌਸਮ ਵਿੱਚ ਯਾਤਰਾ ਜਾਰੀ ਰੱਖਣਾ ਵੀ ਭਾਰੀ ਪੈ ਜਾਂਦਾ ਹੈ।
ਸ਼ਫੀਉੱਲ੍ਹਾ ਵਰਗੇ ਹੋਰ ਕਈ ਪਰਵਾਸੀ ਹਨ ਜੋ ਕਿ ਮੈਡੀਟੇਰੀਅਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਰੇ ਜਾਂਦੇ ਹਨ ਅਤੇ ਇਸ ਅੰਕੜੇ ਦਾ ਹਿੱਸਾ ਨਹੀਂ ਬਣਦੇ ਹਨ।
ਸ਼ਾਹ ਕਹਿੰਦਾ ਹੈ, "ਯਕੀਨਨ ਬਹੁਤ ਸਾਰੇ ਲੋਕ ਮਾਰੇ ਜਾਂਦੇ ਹਨ। ਜੇਕਰ ਕੋਈ ਬਹੁਤ ਮਜਬੂਰੀ ਨਾ ਹੋਵੇ ਤਾਂ ਤੁਹਾਨੂੰ ਇਸ ਖ਼ਤਰਨਾਕ ਯਾਤਰਾ ਦੀ ਚੋਣ ਨਹੀਂ ਕਰਨੀ ਚਾਹੀਦੀ।"
ਬੋਸਨੀਆ ਅਤੇ ਕ੍ਰੋਏਸ਼ੀਆ ਦੀ ਸਰਹੱਦ ਨੇ ਪੁਲਿਸ ਅਤੇ ਪ੍ਰਵਾਸੀਆਂ ਵਿਚਾਲੇ ਬਹੁਤ ਸਾਰੇ ਟਕਰਾਅ ਦੇਖੇ ਹਨ
ਪਰ ਵਿਦੇਸ਼ ਜਾਣ ਦੇ ਚਾਹਵਾਨ ਅਫ਼ਗਾਨ ਲੋਕਾਂ ਦੀ ਕੋਈ ਘਾਟ ਨਹੀਂ ਹੈ।
ਕਾਬੁਲ ਵਿੱਚ ਜਰਮਨੀ ਸਫਾਰਤਖਾਨੇ ਨਜ਼ਦੀਕ 2017 ਵਿੱਚ ਹੋਏ ਇੱਕ ਵੱਡੇ ਧਮਾਕੇ ਵਿੱਚ ਘੱਟੋ-ਘੱਟ 150 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਯੂਰਪੀ ਦੇਸਾਂ ਨੇ ਅਫ਼ਗਾਨਿਸਤਾਨ ਵਿੱਚ ਆਪਣੇ ਵੀਜ਼ਾ ਅਰਜ਼ੀ ਕੇਂਦਰਾਂ ਨੂੰ ਬੰਦ ਕਰ ਦਿੱਤਾ ਸੀ ਜਿਸ ਦੇ ਕਾਰਨ ਕਾਨੂੰਨੀ ਤੌਰ 'ਤੇ ਯੂਰਪ ਦੀ ਯਾਤਰਾ ਕਰਨਾ ਮੁਸ਼ਕਲ ਹੋ ਗਿਆ ਹੈ।
ਇਸ ਦੇ ਕਾਰਨ ਹੀ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨੂਰ ਵਰਗੇ ਤਸਕਰਾਂ ਦੇ ਹੱਥੀਂ ਚੜ੍ਹ ਜਾਂਦੇ ਹਨ।
ਪਰਵਾਸੀ ਤੋਂ ਤਸਕਰ ਬਣਨ ਦਾ ਸਫ਼ਰ
ਨੂਰ ਖੁਦ ਵੀ ਅਜਿਹੀ ਸਥਿਤੀ 'ਚੋਂ ਲੰਘ ਚੁੱਕਿਆ ਹੈ।
ਬਹੁਤ ਸਾਰੇ ਦੂਜੇ ਲੋਕਾਂ ਦੀ ਤਰ੍ਹਾਂ ਨੂਰ ਨੇ ਵੀ ਯੂਕੇ 'ਚ ਇੱਕ ਆਰਾਮ ਵਾਲੀ ਜ਼ਿੰਦਗੀ ਦਾ ਸੁਪਨਾ ਦੇਖਿਆ ਸੀ। ਨੂਰ ਨੇ 14 ਸਾਲ ਦੀ ਉਮਰ ਵਿੱਚ ਇਸ ਸਫ਼ਰ ਨੂੰ ਤੈਅ ਕੀਤਾ ਸੀ। ਉਸ ਦੇ ਪਿਤਾ ਨੇ ਉਸ ਸਮੇਂ ਪੰਜ ਹਜ਼ਾਰ ਡਾਲਰ ਤਸਕਰ ਨੂੰ ਅਦਾ ਕੀਤੇ ਸਨ।
ਨੂਰ ਯਾਦ ਕਰਦਿਆਂ ਦੱਸਦਾ ਹੈ, "ਮੈਨੂੰ ਅੱਜ ਵੀ ਆਪਣੇ ਸਫ਼ਰ ਵਿੱਚ ਆਈਆਂ ਮੁਸ਼ਕਲਾਂ ਯਾਦ ਹਨ। ਖਾਸ ਕਰਕੇ ਬੁਲਗਾਰੀਆ ਦਾ ਸਫ਼ਰ ਮੈਨੂੰ ਚਗੀ ਤਰ੍ਹਾਂ ਨਾਲ ਯਾਦ ਹੈ। ਉੱਥੇ ਸਾਨੂੰ ਰੇਲਗੱਡੀਆਂ ਵਿੱਚ ਲੁਕੋ ਕੇ ਰੱਖਿਆ ਗਿਆ ਸੀ। ਇੱਥੋਂ ਤੱਕ ਕਿ ਮੈਨੂੰ ਚੱਲਦੀ ਰੇਲਗੱਡੀ ਵਿੱਚੋਂ ਛਾਲ ਮਾਰਨ ਲਈ ਵੀ ਮਜਬੂਰ ਕੀਤਾ ਗਿਆ ਸੀ।"
ਨੂਰ ਨੇ ਫ੍ਰੈਂਚ ਦੇ ਕੰਡੀ ਸ਼ਹਿਰ ਕਾਲਾਇਸ ਤੱਕ ਦੀ ਯਾਤਰਾ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਦੇਖੀਆਂ ਸਨ। ਉੱਥੇ ਉਸ ਨੂੰ ਆਸਾਨੀ ਨਾਲ ਪੈਸੇ ਕਮਾਉਣ ਦਾ ਮੌਕਾ ਹਾਸਲ ਹੋਇਆ।
"ਕੈਲਾਇਸ ਕੈਂਪ ਵਿੱਚ ਮੈਂ ਦੂਜੇ ਤਸਕਰਾਂ ਨਾਲ ਪਰਵਾਸੀਆਂ ਦੀ ਜਾਣ ਪਛਾਣ ਕਰਵਾ ਰਿਹਾ ਸੀ। ਮੈਨੂੰ ਪ੍ਰਤੀ ਵਿਅਕਤੀ 100 ਯੂਰੋ ਦਾ ਕਮਿਸ਼ਨ ਮਿਲਦਾ ਸੀ।"
ਇਸ ਤਰ੍ਹਾਂ ਨਾਲ ਨੂਰ ਨੇ ਮਨੁੱਖੀ ਤਸਕਰੀ ਦੇ ਕਾਰੋਬਾਰ ਵਿੱਚ ਆਪਣੀ ਸ਼ੁਰੂਆਤ ਕੀਤੀ।
ਉਹ ਗੈਰ-ਕਾਨੂੰਨੀ ਤਰੀਕੇ ਨਾਲ ਯੂਕੇ ਪਹੁੰਚਿਆ ਅਤੇ ਤਸਕਰਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਪਰ ਨੂਰ ਨੇ ਕਿਹਾ ਕਿ ਉਹ 21 ਸਾਲ ਦੀ ਉਮਰ ਵਿੱਚ ਅਫ਼ਗਾਨਿਸਤਾਨ ਵਾਪਸ ਪਰਤਿਆ ਸੀ ਕਿਉਂਕਿ ਉਸ ਨੂੰ ਅਹਿਸਾਸ ਹੋਇਆ ਸੀ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਨੂਰ ਕਹਿੰਦਾ ਹੈ, "ਜਿਵੇਂ ਕਿ ਮੈਂ ਆਪਣੇ ਤਸਕਰੀ ਦੇ ਕਾਰੋਬਾਰ ਦੀ ਸ਼ੁਰੂਆਤ ਯੂਕੇ ਤੋਂ ਕਰ ਚੁੱਕਿਆ ਸੀ, ਇਸ ਲਈ ਮੈਂ ਪਹਿਲਾਂ ਹੀ ਮਸ਼ਹੂਰ ਹੋ ਗਿਆ ਸੀ। ਮੇਰੇ ਵਾਪਸ ਪਰਤਨ ਤੋਂ ਬਾਅਦ ਕਈ ਲੋਕ ਮੇਰੀ ਮਦਦ ਲਈ ਆਉਂਦੇ ਸਨ।"
ਕੁਝ ਲੋਕ ਜੋ ਕਿ ਨੂਰ ਦੇ ਨੈੱਟਵਰਕ ਰਾਹੀਂ ਯੂਰਪ ਪਹੁੰਚੇ ਸਨ ਉਹ ਆਪਣੇ ਦੂਜੇ ਜਾਣਕਾਰਾਂ ਨੂੰ ਨੂਰ ਬਾਰੇ ਦੱਸਦੇ ਹਨ ਅਤੇ ਇਸ ਤਰ੍ਹਾਂ ਹੀ ਨੂਰ ਦੀ ਪਛਾਣ ਦਾ ਦਾਇਰਾ ਵੱਧਦਾ ਗਿਆ।
"ਮੁਸ਼ਕਲ ਰਸਤਿਆਂ ਦੇ ਬਾਵਜੂਦ, ਲੋਕ ਬਾਹਰ ਜਾਣ ਲਈ ਅਜੇ ਵੀ ਮੇਰੇ 'ਤੇ ਵਿਸ਼ਵਾਸ ਕਰਦੇ ਹਨ।"
ਨੂਰ ਕਹਿੰਦਾ ਹੈ ਕਿ ਉਸ 'ਤੇ ਭਰੋਸਾ ਕਰਨ ਵਾਲੇ 100 ਦੇ ਕਰੀਬ ਲੋਕ ਆਪਣੇ ਬਿਹਤਰ ਭਵਿੱਖ ਲਈ ਆਪਣੇ ਸਫ਼ਰ 'ਤੇ ਹਨ ਅਤੇ ਇਹ ਮੇਰਾ ਆਖਰੀ ਸਮੂਹ ਹੋਵੇਗਾ।
"ਉਹ ਸਾਰੇ ਇੱਕ ਵਾਰ ਸੁਰੱਖਿਅਤ ਆਪਣੀ ਮੰਜ਼ਿਲ 'ਤੇ ਪਹੁੰਚ ਜਾਣ ਤਾਂ ਮੈਂ ਆਪਣਾ ਇਹ ਤਸਕਰੀ ਦਾ ਕਾਰੋਬਾਰ ਛੱਡ ਦੇਵਾਂਗਾ।"
ਨੂਰ ਨੇ ਅਕਤੂਬਰ 2016 ਵਿਚ 'ਕੈਲਾਇਸ ਜੰਗਲ' ਪ੍ਰਵਾਸੀ ਕੈਂਪ ਵਿਚ ਪਰਵਾਸੀਆਂ ਨੂੰ ਤਸਕਰਾਂ ਨਾਲ ਮਿਲਵਾਇਆ ਜਿਸ ਨੂੰ ਅਕਤੂਬਰ, 2016 ਵਿੱਚ ਢਾਹ ਦਿੱਤਾ ਗਿਆ ਸੀ
ਵੈਨ ਝੀਲ ਦੀ ਘਟਨਾ ਨੇ ਨੂਰ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਉਹ ਕਹਿੰਦਾ ਹੈ ਕਿ ਉਸ ਦੇ ਤਸਕਰੀ ਦੇ ਇੰਨੇ ਸਾਲਾਂ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਉਸ ਨੂੰ ਆਪਣੇ ਚਾਰ ਗਾਹਕਾਂ ਦੀ ਮੌਤ ਦੀ ਖ਼ਬਰ ਮਿਲੀ ਹੋਵੇ। ਇਸ ਦੇ ਕਾਰਨ ਹੀ ਉਸ ਦੇ ਆਪਣੇ ਪਰਿਵਾਰ ਨਾਲ ਅਸਿਹਮਤੀ ਅਤੇ ਸਮੱਸਿਆਵਾਂ ਪੈਦਾ ਹੋਈਆਂ ਹਨ।
ਹੁਣ ਉਹ ਇਸ ਕਾਰੋਬਾਰ ਤੋਂ ਬਾਹਰ ਹੋਣਾ ਚਾਹੁੰਦਾ ਹੈ ਅਤੇ ਸੋਚਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਮਨੁੱਖੀ ਤਸਕਰੀ ਨਾਲ ਆਪਣੇ ਸਬੰਧ ਖ਼ਤਮ ਕਰ ਲਵੇਗਾ।
ਨੂਰ ਦੇ ਇੱਕ ਜਾਣਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਹਾਲਾਂਕਿ ਉਹ ਨੂਰ ਦੇ ਇਸ ਫ਼ੈਸਲੇ ਤੋਂ ਹੈਰਾਨ ਸੀ ਪਰ ਉਸ ਨੂੰ ਲੱਗਦਾ ਹੈ ਕਿ ਤਸਕਰੀ ਦੇ ਕਾਰੋਬਾਰ ਨੂੰ ਛੱਡਣਾ ਮੁਸ਼ਕਲ ਹੋ ਸਕਦਾ ਹੈ।
ਲੋਕ ਉਸ ਨੂੰ ਕਈ ਸਮੇਂ ਤੱਕ ਸੰਪਰਕ ਕਰਦੇ ਰਹਿਣਗੇ ।
ਹੁਣ ਇਹ ਦੇਖਣਾ ਬਾਕੀ ਹੈ ਕਿ ਨੂਰ ਇਸ ਸਭ ਤੋਂ ਬਾਹਰ ਆ ਸਕਦਾ ਹੈ ਜਾਂ ਫਿਰ ਨਹੀਂ ਪਰ ਕੀ ਉਸ ਦੇ ਇਸ ਕਾਰੋਬਾਰ ਵਿੱਚ ਰਹਿਣ ਜਾਂ ਬਾਹਰ ਹੋਣ 'ਤੇ ਮਨੁੱਖੀ ਤਸਕਰੀ ਦਾ ਧੰਦਾ ਜਾਰੀ ਰਹਿੰਦਾ ਹੈ।
ਜਲਾਲਾਬਾਦ 'ਚ ਤਿਆਰੀਆਂ ਪਹਿਲਾਂ ਤੋਂ ਹੀ ਜਾਰੀ ਹਨ। ਸ਼ਫੀਉੱਲ੍ਹਾ ਨਾਲ ਕੀ ਵਾਪਰਿਆ, ਇਸ ਬਾਰੇ ਜਾਣਨ ਤੋਂ ਬਿਨਾ ਹੀ ਉਸ ਦੇ ਦੋ ਰਿਸ਼ਤੇਦਾਰ ਇਸ ਖ਼ਤਰਨਾਕ ਯਾਤਰਾ ਨੂੰ ਸ਼ੁਰੂ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ:
https://www.youtube.com/watch?v=u604_Razt7o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c8e96ccb-75f5-4808-97e6-6c241f7c743c','assetType': 'STY','pageCounter': 'punjabi.international.story.54944228.page','title': 'ਵਿਦੇਸ਼ ਭੇਜਣ ਲਈ ਗ਼ੈਰ-ਕਾਨੂੰਨੀ ਤਰੀਕਿਆਂ ਦੀ ਵਰਤੋਂ ਇੰਝ ਸਫ਼ਰ ਨੂੰ ਖ਼ਤਰਨਾਕ ਬਣਾ ਦਿੰਦੀ ਹੈ','published': '2020-11-15T01:37:36Z','updated': '2020-11-15T01:37:36Z'});s_bbcws('track','pageView');

ਕੁਨਾਲ ਕਾਮਰਾ ਕੌਣ ਹਨ ਜਿਨ੍ਹਾਂ ਨੇ ਸੁਪਰੀਮ ਕੋਰਟ ਨਾਲ ਮੱਥਾ ਲਾਇਆ
NEXT STORY