ਭਾਰਤ ਦੀ ਰਾਜਧਾਨੀ ਦਿੱਲੀ ਦੇ ਮੱਧ ਵਿੱਚ ਸਥਿਤ ਲਾਲ ਕਿਲਾ ਮੰਗਲਵਾਰ ਨੂੰ ਅਚਾਨਕ ਹੀ ਦੁਨੀਆਂ ਭਰ ਦੇ ਮੀਡੀਆ ਦੀਆਂ ਸੁਰਖੀਆਂ ਦਾ ਕੇਂਦਰ ਬਣ ਗਿਆ।
ਦਰਅਸਲ ਗਣਤੰਤਰ ਦਿਵਸ ਮੌਕੇ ਸੈਂਕੜੇ ਹੀ ਲੋਕ ਲਾਲ ਕਿਲੇ ਅੰਦਰ ਦਾਖ਼ਲ ਹੋ ਗਏ ਸਨ ਅਤੇ ਉੱਥੇ ਉਹ ਕਿਸਾਨ ਅੰਦੋਲਨ ਦਾ ਝੰਡਾ ਲਹਿਰਾਉਣ ਲੱਗੇ।
ਇਤਿਹਾਸਕ ਤੌਰ 'ਤੇ ਲਾਲ ਕਿਲਾ ਪੂਰਵ ਆਧੁਨਿਕ ਕਾਲ ਤੋਂ ਹੀ ਭਾਰਤ ਦੀ ਅਖੰਡਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਰਿਹਾ ਹੈ ਅਤੇ ਸਦੀਆਂ ਤੋਂ ਲੋਕਾਂ ਦੇ ਮਨਾਂ ਵਿੱਚ ਇਹ ਵਿਚਾਰ ਕਾਇਮ ਰਿਹਾ ਹੈ ਕਿ ਜਿਸ ਦੇ ਕਬਜ਼ੇ ਹੇਠ ਲਾਲ ਕਿਲਾ ਹੋਵੇਗਾ, ਉਹ ਹੀ ਭਾਰਤ ਦੀ ਸੱਤਾ 'ਤੇ ਕਾਬਜ਼ ਹੋਵੇਗਾ।
ਬਨਾਰਸ ਹਿੰਦੂ ਯੂਨੀਵਰਸਿਟੀ 'ਚ ਇਤਿਹਾਸ ਦੇ ਪ੍ਰੋਫੈੱਸਰ ਤਾਬੀਰ ਕਲਾਮ ਦਾ ਕਹਿਣਾ ਹੈ ਕਿ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਪੂਰੇ ਉਪ ਮਹਾਂਦੀਪ 'ਤੇ ਲਾਲ ਕਿਲੇ ਦੀ ਹਕੂਮਤ ਉਸ ਸਮੇਂ ਸਿਖਰ 'ਤੇ ਪਹੁੰਚ ਗਈ ਸੀ, ਜਦੋਂ ਉਨ੍ਹਾਂ ਨੇ ਦੱਖਣੀ ਭਾਰਤ 'ਤੇ ਵੀ ਕਬਜ਼ਾ ਕਰ ਲਿਆ ਸੀ।
ਇਹ ਖ਼ਬਰਾਂ ਵੀ ਪੜ੍ਹੋ:
ਉਹ 1857 ਦਾ 'ਗਦਰ' ਹੋਵੇ ਜਾਂ ਫਿਰ 'ਆਜ਼ਾਦ ਹਿੰਦ ਫੌਜ' ਦੇ ਸੰਸਥਾਪਕ ਸੁਭਾਸ਼ ਚੰਦਰ ਬੋਸ ਦਾ 'ਦਿੱਲੀ ਚਲੋ' ਨਾਅਰਾ ਹੋਵੇ ਜਾਂ 15 ਅਗਸਤ, 1947 ਨੂੰ ਭਾਰਤ ਦੀ ਆਜ਼ਾਦੀ ਦੇ ਪਹਿਲੇ ਦਿਨ ਲਾਲ ਕਿਲੇ ਦੇ ਲਾਹੌਰ ਗੇਟ ਤੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਦਿੱਤਾ ਗਿਆ ਭਾਸ਼ਣ ਹੋਵੇ…ਇਹ ਸਭ ਲਾਲ ਕਿਲੇ ਅਤੇ 'ਦਿ ਆਈਡੀਆ ਆਫ਼ ਇੰਡੀਆ' ਦੀ ਅਖੰਡਤਾ ਦਾ ਪ੍ਰਤੀਕ ਰਹੇ ਹਨ।
ਪਰ ਇਸ ਬਾਰੇ ਵਿਸਥਾਰ ਨਾਲ ਜਾਣਨ ਤੋਂ ਪਹਿਲਾਂ ਆਓ ਲਾਲ ਕਿਲੇ ਦੇ ਇਤਿਹਾਸ ਅਤੇ ਇਸ ਦੇ ਨਿਰਮਾਣ ਤੋਂ ਲੈ ਕੇ ਹੁਣ ਤੱਕ ਉਸ 'ਤੇ ਜਿੱਤ ਦਰਜ ਕਰਨ ਵਾਲਿਆਂ 'ਤੇ ਇੱਕ ਝਾਤ ਮਾਰਦੇ ਹਾਂ।
ਦਿੱਲੀ ਦੀ ਇਤਿਹਾਸਕ ਮਹੱਤਤਾ
ਪੁਰਾਣੇ ਸਮੇਂ ਤੋਂ ਹੀ ਦੱਖਣੀ ਏਸ਼ੀਆ 'ਚ ਦਿੱਲੀ ਦਾ ਕੇਂਦਰੀ ਮਹੱਤਵ ਰਿਹਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਰਾਜਾ ਇੰਦਰ ਦੀ ਰਾਜਧਾਨੀ ਇੰਦਰਪ੍ਰਸਥ ਸੀ ਪਰ ਇਸ ਦੇ ਅਧਿਕਾਰ ਖੇਤਰ ਦੇ ਬਾਰੇ 'ਚ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਹਾਲਾਂਕਿ, 1206 'ਚ ਗ਼ੁਲਾਮ ਵੰਸ਼ ਦੇ ਸਾਮਰਾਜ ਦੀ ਸਥਾਪਨਾ ਤੋਂ ਬਾਅਦ ਹੀ ਦਿੱਲੀ ਭਾਰਤ ਦੇ ਮਹੱਤਵਪੂਰਨ ਸੂਬਿਆਂ ਦੀ ਰਾਜਧਾਨੀ ਰਹੀ ਹੈ।
ਗ਼ੁਲਾਮ ਵੰਸ਼ ਤੋਂ ਬਾਅਦ ਖਿਲਜੀ ਸਾਮਰਾਜ (1330-1290) ਹੋਂਦ ਵਿੱਚ ਆਇਆ ਅਤੇ ਇਸ ਦੀ ਰਾਜਧਾਨੀ ਵੀ ਦਿੱਲੀ ਹੀ ਰਹੀ। ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਅਜੋਕੀ ਦਿੱਲੀ 'ਤੇ ਖਿਲਜੀ ਸਾਮਰਾਜ ਤੋਂ ਬਾਅਦ ਤੁਗਲਕ, ਸਯਦ ਅਤੇ ਲੋਧੀਆਂ ਨੇ ਵੀ ਹਕੂਮਤ ਕੀਤੀ ਅਤੇ ਇੰਨ੍ਹਾਂ ਸਾਰਿਆਂ ਵੱਲੋਂ ਦਿੱਲੀ ਨੂੰ ਬਤੌਰ ਰਾਜਧਾਨੀ ਰੱਖਣ ਦੇ ਸਬੂਤ ਅੱਜ ਵੀ ਦਿੱਲੀ 'ਚ ਮੌਜੂਦ ਹਨ।
ਇਤਿਹਾਸਕ ਤੌਰ 'ਤੇ ਲਾਲ ਕਿਲਾ ਪੂਰਵ ਆਧੁਨਿਕ ਕਾਲ ਤੋਂ ਹੀ ਭਾਰਤ ਦੀ ਅਖੰਡਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਰਿਹਾ ਹੈ
ਮੁਗਲਾਂ ਨੇ 1526 'ਚ ਦਿੱਲੀ 'ਤੇ ਜਿੱਤ ਦਰਜ ਕੀਤੀ ਪਰ ਉਨ੍ਹਾਂ ਨੇ ਦਿੱਲੀ ਤੋਂ ਲਗਭਗ ਦੋ ਕਿਮੀ ਦੂਰ ਸਥਿਤ ਆਗਰਾ ਸ਼ਹਿਰ ਨੂੰ ਆਪਣੀ ਰਾਜਧਾਨੀ ਵਜੋਂ ਚੁਣਿਆ।
ਇੱਥੋਂ ਤੱਕ ਕਿ ਮੁਗਲ ਸਾਮਰਾਜ ਦੇ ਬਾਨੀ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਦੇ ਪੋਤੇ ਅਕਬਰ ਨੇ ਵੀ ਤਕਰੀਬਨ 50 ਸਾਲਾਂ ਤੱਕ ਆਗਰਾ ਤੋਂ ਹੀ ਆਪਣੀ ਹਕੂਮਤ ਨੂੰ ਚਲਾਇਆ।
ਪਰ ਜਲਾਲੁਦੀਨ ਮੁਹੰਮਦ ਅਕਬਰ ਦੇ ਪੋਤੇ ਸ਼ਾਹਜਹਾਂ ਨੇ ਇੱਕ ਵਾਰ ਫਿਰ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ 1639 ਵਿੱਚ ਸ਼ਾਹਜਹਾਨਾਬਾਦ ਨਾਮਕ ਇੱਕ ਸ਼ਹਿਰ ਦੀ ਸਥਾਪਨਾ ਕੀਤੀ, ਜੋ ਕਿ ਦਿੱਲੀ ਦੇ ਖੇਤਰ ਅੰਦਰ ਹੀ ਵਸਾਇਆ ਗਿਆ ਸੀ।
ਸਾਲ 1857 ਵਿੱਚ ਇਹ ਕ੍ਰਾਂਤੀ ਦਾ ਕੇਂਦਰ ਸੀ। ਇੱਥੋਂ ਹੀ ਬ੍ਰਿਟਿਸ਼ ਸਰਕਾਰ ਖਿਲਾਫ਼ ਸੰਘਰਸ਼ ਦਾ ਆਗਾਜ਼ ਹੋਇਆ ਸੀ, ਜੋ ਕਿ ਅਖੀਰ ਅਸਫ਼ਲ ਰਿਹਾ ਸੀ।
ਇਸ ਬਗ਼ਾਵਤ ਜਾਂ ਇਨਕਲਾਬ ਤੋਂ ਬਾਅਦ ਭਾਰਤ ਵਿੱਚ ਪੂਰੀ ਤਰ੍ਹਾਂ ਨਾਲ ਬ੍ਰਿਟਿਸ਼ ਰਾਜ ਸਥਾਪਿਤ ਹੋ ਗਿਆ ਸੀ। ਹੁਣ ਤੱਕ ਉਹ ਪੂਰਬੀ ਸ਼ਹਿਰ ਕੋਲਕਾਤਾ ਤੋਂ ਹੀ ਰਾਜ ਕਰ ਰਹੇ ਸਨ ਪਰ ਦਿੱਲੀ ਦੀ ਇਤਿਹਾਸਕ ਅਤੇ ਭੂਗੋਲਿਕ ਉਪਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਨੂੰ ਦਿੱਲੀ ਵਿੱਚ ਤਬਦੀਲ ਕਰ ਲਿਆ ਸੀ।
ਲਾਲ ਕਿਲੇ ਦਾ ਪ੍ਰਤੀਕ ਦੇ ਰੂਪ 'ਚ ਮਹੱਤਵ
ਲਾਲ ਕਿਲੇ ਦੀ ਪ੍ਰਤੀਕਾਤਮਕ ਅਹਿਮੀਅਤ ਬਹੁਤ ਰਹੀ ਹੈ।
ਲਾਲ ਪੱਥਰ ਨਾਲ ਬਣੇ ਸ਼ਾਹਜਹਾਨਾਬਾਦ ਦਾ ਕਿਲਾ ਅੱਜ ਲਾਲ ਕਿਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜੋ ਕਿ ਸ਼ਾਨ ਅਤੇ ਸ਼ਕਤੀ ਦਾ ਪ੍ਰਤੀਕ ਹੈ। ਅੰਗਰੇਜ਼ੀ ਵਿੱਚ ਇਸ ਨੂੰ 'ਰੈੱਡ ਫੋਰਟ' ਕਿਹਾ ਜਾਂਦਾ ਹੈ ਅਤੇ ਦੁਨੀਆਂ ਭਰ ਵਿੱਚ ਇਸ ਨੂੰ ਇਸੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਪਰ ਇਸ ਨੂੰ ਪਹਿਲਾਂ 'ਕਿਲ੍ਹਾ-ਏ-ਮੁਬਾਰਕ', ਫਿਰ 'ਕਿਲ੍ਹਾ-ਏ-ਸ਼ਾਹਜਹਾਨਾਬਾਦ' ਅਤੇ ਫਿਰ 'ਕਿਲ੍ਹਾ-ਏ-ਮੋਓਲਾ' ਕਿਹਾ ਜਾਂਦਾ ਸੀ।
ਬਾਅਦ ਵਿੱਚ ਇਹ ਲਾਲ ਕਿਲੇ ਦੇ ਨਾਂਅ ਨਾਲ ਹੀ ਜਾਣਿਆ ਜਾਣ ਲੱਗਾ। ਕਿਲੇ ਅੰਦਰ ਕਈ ਇਮਾਰਤਾਂ ਦੀ ਉਸਾਰੀ ਸ਼ਾਹਜਹਾਂ ਤੋਂ ਬਾਅਦ ਹੋਈ ਹੈ। ਇੱਥੋਂ ਤੱਕ ਕਿ ਅੰਗਰੇਜ਼ਾਂ ਨੇ ਵੀ ਆਪਣੀ ਸ਼ੈਲੀ ਦੀਆਂ ਵੱਖ-ਵੱਖ ਇਮਾਰਤਾਂ ਦੀ ਉਸਾਰੀ ਕੀਤੀ ਸੀ।
https://www.youtube.com/watch?v=xWw19z7Edrs&t=1s
ਫਿਰ ਜਦੋਂ ਈਰਾਨ ਤੋਂ ਆਏ ਨਾਦਿਰ ਸ਼ਾਹ ਨੇ ਭਾਰਤ 'ਤੇ ਹਮਲਾ ਕੀਤਾ ਤਾਂ ਉਸ ਨੇ ਦਿੱਲੀ ਦੇ ਲਾਲ ਕਿਲੇ ਨੂੰ ਹੀ ਫਤਿਹ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਹੁਣ ਭਾਰਤ 'ਤੇ ਉਨ੍ਹਾਂ ਦਾ ਕਬਜ਼ਾ ਹੈ। ਪਰ ਵਾਪਸ ਜਾਂਦਿਆਂ ਉਹ ਤਖ਼ਤੇ-ਤਾਊਸ ਯਾਨਿ ਕਿ ਮਯੂਰ ਸਿਹਾਂਸਨ ਅਤੇ ਕੋਹ-ਏ-ਨੂਰ ਹੀਰਾ ਵੀ ਆਪਣੇ ਨਾਲ ਲੈ ਗਏ ਸਨ।
1739 ਵਿੱਚ ਨਾਦਿਰ ਸ਼ਾਹ ਦੇ ਹਮਲੇ ਤੋਂ ਬਾਅਦ ਮਰਾਠਿਆਂ, ਸਿੱਖ, ਜਾਟਾਂ, ਗੁਜਰਾਂ, ਰੋਹਿਲਾ ਅਤੇ ਅਫ਼ਗਾਨਾਂ ਨੇ ਹਮਲੇ ਕੀਤੇ ਅਤੇ ਮੁਗਲ ਹਕੂਮਤ ਨੂੰ ਸਖ਼ਤ ਟੱਕਰ ਦਿੱਤੀ। ਇੰਨ੍ਹਾਂ ਸਾਰਿਆਂ ਦਾ ਹਮੇਸ਼ਾ ਤੋਂ ਇਹ ਹੀ ਸੁਪਨਾ ਰਿਹਾ ਸੀ ਕਿ ਉਨ੍ਹਾਂ ਦਾ ਲਾਲ ਕਿਲੇ 'ਤੇ ਕਬਜ਼ਾ ਹੋਵੇ ਤਾਂ ਜੋ ਉਨ੍ਹਾਂ ਨੂੰ ਪੂਰੇ ਭਾਰਤ ਦੇ ਸ਼ਾਸਕ ਵਜੋਂ ਜਾਣਿਆ ਜਾਵੇ।
ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋ. ਤਾਬੀਰ ਕਲਾਮ ਨੇ ਅਜੋਕੇ ਯੁੱਗ ਵਿੱਚ ਲਾਲ ਕਿਲੇ ਦੇ ਪ੍ਰਤੀਕਾਤਮਕ ਮਹੱਤਵ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਕੋਈ ਹੋਰ ਦੂਜੀ ਅਜਿਹੀ ਇਮਾਰਤ ਨਹੀਂ ਹੈ ਜਿਸ ਨੂੰ ਭਾਰਤ ਦੀ ਵਿਭਿੰਨਤਾ ਅਤੇ ਸਭਿਆਚਾਰਕ ਸਦਭਾਵਨਾ ਦਾ ਦਰਜਾ ਹਾਸਲ ਹੋਇਆ ਹੈ। ਇਹ ਮਾਨਤਾ ਸਿਰਫ਼ ਲਾਲ ਕਿਲੇ ਦੇ ਹੀ ਹਿੱਸੇ ਆਈ ਹੈ।
ਉਨ੍ਹਾਂ ਕਿਹਾ, "ਔਰੰਗਜ਼ੇਬ ਦੇ ਸਮੇਂ ਤੋਂ ਹੁਣ ਤੱਕ ਲਾਲ ਕਿਲੇ ਨੂੰ ਜੋ ਮਾਣ ਅਤੇ ਸਥਾਨ ਹਾਸਲ ਹੋਇਆ ਹੈ, ਉਹ ਕਿਸੇ ਹੋਰ ਇਮਾਰਤ ਦੇ ਹਿੱਸੇ ਨਹੀਂ ਆਇਆ ਹੈ। ਅਸੀਂ ਔਰੰਗਜ਼ੇਬ ਦੇ ਬਾਰੇ ਇਸ ਲਈ ਗੱਲ ਕਰ ਰਹੇ ਹਾਂ ਕਿਉਂਕਿ ਉਸ ਦੇ ਸ਼ਾਸਨਕਾਲ ਵਿੱਚ ਲਗਭਗ ਪੂਰੇ ਉਪ ਮਹਾਂਦੀਪ ਵਿੱਚ ਲਾਲ ਕਿਲੇ ਦਾ ਰਾਜ ਅਤੇ ਦਬਦਬਾ ਕਾਇਮ ਸੀ।"
ਉਨ੍ਹਾਂ ਨੇ ਕਿਹਾ ਕਿ ਜਦੋਂ ਮੁਗਲ ਰਾਜ ਦਾ ਪਤਨ ਹੋਣਾ ਸ਼ੁਰੂ ਹੋਇਆ ਸੀ ਤਾਂ ਬਾਦਸ਼ਾਹ ਸ਼ਾਹ ਆਲਮ ਦੇ ਸ਼ਾਸਨਕਾਲ ਬਾਰੇ ਇਹ ਕਿਹਾ ਜਾਣ ਲੱਗਿਆ ਸੀ ਕਿ 'ਦਿੱਲੀ ਤਾ ਪਾਮ, ਬਾਦਸ਼ਾਹੀ-ਏ ਸ਼ਾਹ ਆਲਮ' ਮਤਲਬ ਕਿ ਸ਼ਾਹ ਆਲਮ ਦਾ ਰਾਜ ਸਿਰਫ਼ ਦਿੱਲੀ ਤੋਂ ਪਾਲਮ ਤੱਕ ਹੀ ਸੀਮਤ ਹੈ।
ਹੋਰ ਸੁਤੰਤਰ ਰਾਜ ਜਿਵੇਂ ਕਿ ਨਿਜ਼ਾਮ ਹੈਦਰਾਬਾਦ, ਅਵਧ ਦੇ ਨਵਾਬ ਜਾਂ ਬੰਗਾਲ ਦੇ ਨਵਾਬ ਇਹ ਤਿੰਨੇ ਹੀ ਪ੍ਰਤੀਕਾਤਮਕ ਰੂਪ ਨਾਲ ਵੱਡੀਆਂ ਰਿਆਸਤਾਂ ਸਨ ਪਰ ਉਹ ਖੁਦ ਨੂੰ ਮੁਗਲ ਰਾਜ ਦੇ ਅਧੀਨ ਮੰਨਦੇ ਸਨ। ਹਾਲਾਂਕਿ ਉਹ ਆਪਣੇ ਫ਼ੈਸਲਿਆਂ ਅਤੇ ਹੋਰਨਾਂ ਮਾਮਲਿਆਂ ਵਿੱਚ ਸੁਤੰਤਰ ਸਨ।
ਇਹ ਖ਼ਬਰਾਂ ਵੀ ਪੜ੍ਹੋ:
ਜਾਮਿਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਦੇ ਅਕੈਡਮੀ ਆਫ਼ ਇੰਟਰਨੈਸ਼ਨਲ ਸਟੱਡੀਜ਼ ਵਿੱਚ ਪ੍ਰੋ. ਮੁਹੰਮਦ ਸੋਹਰਾਬ ਦਾ ਕਹਿਣਾ ਹੈ, "ਆਧੁਨਿਕ ਸਮੇਂ ਵਿੱਚ ਲਾਲ ਕਿਲਾ ਗਾਂਧੀ, ਨਹਿਰੂ, ਅਬੁਲ ਕਲਾਮ ਆਜ਼ਾਦ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਹਸਤੀਆਂ ਦੇ ਨਾਲ ਭਾਰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਕਿ ਕੌਮੀ ਅਖੰਡਤਾ ਨੂੰ ਯਕੀਨੀ ਬਣਾਉਣ, ਲੋਕਤੰਤਰੀ ਕਦਰਾਂ ਕੀਮਤਾਂ ਅਤੇ ਧਾਰਮਿਕ ਸਦਭਾਵਨਾ ਨੂੰ ਬਰਕਰਾਰ ਰੱਖਣ ਵਿੱਚ ਮਦਦਗਾਰ ਰਹੇ ਹਨ।"
ਉਨ੍ਹਾਂ ਅਨੁਸਾਰ ਲਾਲ ਕਿਲਾ ਇਤਿਹਾਸਕ ਤੌਰ 'ਤੇ ਸਰਵ ਉੱਚਤਾ ਦੇ ਵਿਰੁੱਧ ਸੰਘਰਸ਼ ਦਾ ਪ੍ਰਤੀਕ ਰਿਹਾ ਹੈ।
ਕਿਸਾਨ ਅੰਦੋਲਨ ਦੇ ਸਬੰਧ 'ਚ ਲਾਲ ਕਿਲੇ ਦੀ ਇਤਿਹਾਸਕ ਅਹਿਮੀਅਤ
ਮੁਗਲ ਸ਼ਾਨ ਦਾ ਪ੍ਰਤੀਕ ਮੰਨੇ ਜਾਂਦੇ ਲਾਲ ਕਿਲੇ ਵਿੱਚ ਲੰਮੇ ਸਮੇਂ ਤੋਂ ਦੇਸ਼ ਭਗਤੀ, ਹਿੰਮਤ ਅਤੇ ਬਹਾਦਰੀ ਦੀਆਂ ਕਹਾਣੀਆਂ ਗੂੰਜਦੀਆਂ ਰਹੀਆਂ ਹਨ।
ਜਾਮਿਆ ਮਿਲਿਆ ਇਸਲਾਮਿਆ ਵਿੱਚ ਇਤਿਹਾਸ ਦੇ ਸਹਾਇਕ ਪ੍ਰੋਫੈੱਸਰ ਜਾਵੇਦ ਆਲਮ ਦਾ ਕਹਿਣਾ ਹੈ, "ਜਦੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 15 ਅਗਸਤ, 1947 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਸੁਤੰਤਰ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਸੀ ਤਾਂ ਉਸ ਸਮੇਂ ਇੱਕ ਨਵੇਂ ਭਾਰਤ ਦਾ ਜਨਮ ਹੋਇਆ ਸੀ ਅਤੇ ਇਸ ਦੀ ਗੂੰਜ ਹਰ ਸਾਲ ਸੁਤੰਤਰਤਾ ਦਿਵਸ ਮੌਕੇ ਸੁਣਾਈ ਪੈਂਦੀ ਹੈ। ਦੇਸ ਦੇ ਪ੍ਰਧਾਨ ਮੰਤਰੀ ਹਰ ਸਾਲ ਲਾਲ ਕਿਲੇ ਤੋਂ ਕੌਮ ਨੂੰ ਸੰਬੋਧਨ ਕਰਦੇ ਹਨ।"
ਇਸ ਨੂੰ ਪਹਿਲਾਂ 'ਕਿਲ੍ਹਾ-ਏ-ਮੁਬਾਰਕ', ਫਿਰ 'ਕਿਲ੍ਹਾ-ਏ- ਸ਼ਾਹਜਹਾਨਾਬਾਦ' ਅਤੇ ਫਿਰ 'ਕਿਲ੍ਹਾ-ਏ-ਮੋਓਲਾ' ਕਿਹਾ ਜਾਂਦਾ ਸੀ
ਜਾਮਿਆ ਮਿਲਿਆ ਇਸਲਾਮਿਆ ਦੇ ਰਾਜਨੀਤੀ ਵਿਗਿਆਨ ਦੇ ਸਹਾਇਕ ਪ੍ਰੋ. ਡਾ. ਨਾਵੇਦ ਜਮਾਲ ਅਨੁਸਾਰ ਲਾਲ ਕਿਲੇ ਦੇ ਭਾਸ਼ਣ ਵਿੱਚ ਭਾਰਤ ਦੀ ਨੀਤੀ ਦਾ ਵਰਣਨ ਕੀਤਾ ਜਾਂਦਾ ਹੈ, ਜੋ ਕਿ ਪੂਰੀ ਦੁਨੀਆਂ ਲਈ ਅਹਿਮ ਹੁੰਦਾ ਹੈ ਅਤੇ ਇਹ ਕੰਮ ਪਿਛਲੇ 74 ਸਾਲਾਂ ਤੋਂ ਲਗਾਤਾਰ ਜਾਰੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਦੀ ਇਤਿਹਾਸਕ, ਸਿਆਸੀ ਅਤੇ ਭੂਗੋਲਿਕ ਸਥਿਤੀ ਇਸ ਨੂੰ ਭਾਰਤ ਦਾ ਦਿਲ ਹੋਣ ਦਾ ਮਾਣ ਦਿੰਦੀ ਹੈ।
ਦਿ ਹਿੰਦੂ ਦੇ ਇੱਕ ਲੇਖ ਵਿੱਚ ਸਭਿਆਚਾਰਕ ਕਾਰਕੁਨ ਅਤੇ ਇਤਿਹਾਸਕਾਰ ਵਿਕਰਮਜੀਤ ਸਿੰਘ ਰੂਪਰਾਏ ਦੇ ਹਵਾਲੇ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕ ਅਜਿਹੀ ਜਗ੍ਹਾ ਦੀ ਚੋਣ ਕਰਨਾ, ਜਿੱਥੇ ਲੋਕ ਭਾਵਨਾਤਮਕ ਤੌਰ 'ਤੇ ਇੱਕਠੇ ਹੋ ਸਕਣ, ਇਹ ਸੁਤੰਤਰ ਭਾਰਤ ਲਈ ਬਹੁਤ ਖਾਸ ਸੀ।
ਇਹ ਬਹੁਤ ਅਹਿਮ ਸੀ ਕਿ ਉਹ ਇਮਾਰਤ ਸਮਰਾਜੀ ਯੁੱਗ ਦੀ ਯਾਦ ਨਾ ਦਿਵਾਉਣ ਵਾਲੀ ਹੋਵੇ। ਇਸ ਲਈ 1947 ਵਿੱਚ ਦਿੱਲੀ ਨੂੰ ਦੇਸ ਦੀ ਰਾਜਧਾਨੀ ਬਣਾਉਣ ਤੋਂ ਬਾਅਦ ਲਾਲ ਕਿਲਾ ਹੀ ਇੱਕ ਅਜਿਹੀ ਇਮਾਰਤ ਸੀ, ਜੋ ਕਿ ਇੰਨ੍ਹਾਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਸੀ।
ਇਤਿਹਾਸ ਦੇ ਪ੍ਰੋਫੈੱਸਰ ਅਮਰ ਫਾਰੂਕੀ ਨੇ ਇੱਕ ਜਗ੍ਹਾ 'ਤੇ ਲਿਖਿਆ ਹੈ ਕਿ ਭਾਰਤ ਦੇ ਸਭ ਤੋਂ ਅਹਿਮ ਸਮਾਗਮ ਲਈ ਲਾਲ ਕਿਲੇ ਦੀ ਚੋਣ ਇਸ ਲਈ ਵੀ ਕੀਤੀ ਗਈ ਸੀ ਕਿਉਂਕਿ ਉਹ ਦਿੱਲੀ ਵਿੱਚ ਇਕਲੌਤੀ ਅਜਿਹੀ ਇਮਾਰਤ ਸੀ ਜੋ ਕਿ ਬ੍ਰਿਟਿਸ਼ ਸ਼ਾਸਨ ਦੀ ਯਾਦਗਾਰ ਨਹੀਂ ਸੀ।
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਲਾਲ ਕਿਲੇ ਦੀ ਅਹਿਮੀਅਤ ਨੂੰ ਇਸ ਤੱਥ ਤੋਂ ਵੀ ਜਾਣਿਆ ਜਾ ਸਕਦਾ ਹੈ ਕਿ ਜਦੋਂ ਈਸਟ ਇੰਡੀਆ ਕੰਪਨੀ ਨੇ ਇਸ ਨੂੰ ਆਪਣੇ ਨਿਯੰਤਰਣ ਹੇਠ ਲਿਆ ਸੀ ਤਾਂ ਉਸ ਸਮੇਂ ਮੁਗਲ ਰਾਜਿਆਂ ਅਤੇ ਰਾਜਕੁਮਾਰਾਂ ਅਤੇ ਬਾਗ਼ੀਆਂ ਉੱਤੇ ਚੱਲ ਰਹੇ ਮੁਕੱਦਮਿਆਂ ਦੀ ਸੁਣਵਾਈ ਇੱਥੇ ਹੀ ਕੀਤੀ ਗਈ ਸੀ ਅਤੇ ਕੁੱਝ ਨੂੰ ਤਾਂ ਫਾਂਸੀ ਦੀ ਸਜ਼ਾ ਵੀ ਸੁਣਾਈ ਗਈ ਸੀ ਅਤੇ ਕਈਆਂ ਨੂੰ ਦੇਸ ਨਿਕਾਲਾ ਦੇ ਦਿੱਤਾ ਗਿਆ ਸੀ।
ਇਹ ਖ਼ਬਰਾਂ ਵੀ ਪੜ੍ਹੋ:
ਤਕਰੀਬਨ 90 ਸਾਲਾਂ ਬਾਅਦ ਆਈਐਨਏ ਦੇ ਆਗੂਆਂ ਕਰਨਲ ਸ਼ਾਹਨਵਾਜ਼ ਖ਼ਾਨ, ਕਰਨਲ ਪ੍ਰੇਮ ਕੁਮਾਰ ਸਹਿਗਲ ਅਤੇ ਕਰਨਲ ਗੁਰਬਖ਼ਸ਼ ਸਿੰਘ ਦਹਿਲਾਨ, ਜਿਨ੍ਹਾਂ ਨੂੰ ਦੂਜੀ ਵਿਸ਼ਵ ਜੰਗ ਦੌਰਾਨ ਬੰਦੀ ਬਣਾਇਆ ਗਿਆ ਸੀ, ਉਨ੍ਹਾਂ ਖ਼ਿਲਾਫ਼ ਚੱਲਣ ਵਾਲੇ ਮੁਕੱਦਮੇ ਦੌਰਾਨ ਉਨ੍ਹਾਂ ਨੂੰ ਲਾਲ ਕਿਲੇ ਵਿੱਚ ਹੀ ਕੈਦ ਕਰਕੇ ਰੱਖਿਆ ਗਿਆ ਸੀ।
ਉਸ ਸਮੇਂ ਇਹ ਨਾਅਰਾ ਬੁਲੰਦ ਸੀ ਕਿ 'ਲਾਲ ਕਿਲੇ ਤੋਂ ਆਈ ਆਵਾਜ਼, ਸਹਿਗਲ, ਢਿੱਲੋਂ, ਸ਼ਾਹਨਵਾਜ਼।'
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ ਲਾਲ ਕਿਲੇ ਦੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਭਾਰਤ ਦੇ ਸਾਰੇ ਹੀ ਧਰਮਾਂ ਅਤੇ ਕੌਮੀਅਤ ਦੇ ਲੋਕਾਂ ਦੇ ਭਾਵਨਾਤਮਕ ਲਗਾਵ ਦੀ ਵੀ ਚਰਚਾ ਕੀਤੀ ਸੀ।
ਉਨ੍ਹਾਂ ਵੱਲੋਂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਲਾਲ ਕਿਲੇ ਤੋਂ ਕੌਮ ਦੇ ਨਾਂਅ ਪਹਿਲਾਂ ਸੰਬੋਧਨ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਰੀਤ ਹੈ ਕਿ ਦੇਸ ਦਾ ਹਰ ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਲਾਲ ਕਿਲੇ ਤੋਂ ਸੰਬੋਧਨ ਕਰਦਾ ਹੈ।
ਇਹ ਵੀਡੀਓ ਵੀ ਦੇਖੋ:
https://www.youtube.com/watch?v=_pCbYrn1FgU&t=191s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b5e2c74a-9641-4e63-aa28-7ecd0f0a3641','assetType': 'STY','pageCounter': 'punjabi.india.story.55848567.page','title': 'ਕਿਸਾਨ ਅੰਦੋਲਨ ਦੇ ਸਬੰਧ \'ਚ ਲਾਲ ਕਿਲੇ ਦੀ ਇਤਿਹਾਸਕ ਅਹਿਮੀਅਤ ਕੀ ਹੈ','published': '2021-01-29T01:55:42Z','updated': '2021-01-29T01:55:42Z'});s_bbcws('track','pageView');

ਲਾਲ ਕਿਲੇ ਵਿੱਚ ਹਜੂਮ ਦੇ ਵੜਨ ਸਮੇਂ ਅੰਦਰ ਕੌਣ ਫ਼ਸੇ ਸਨ - 5 ਅਹਿਮ ਖ਼ਬਰਾਂ
NEXT STORY