ਸਾਲ 1948 ਵਿੱਚ ਭਾਰਤ ਵਿੱਚ ਭੋਪਾਲ ਰਿਆਸਤ ਦੀ ਉਤਰਾਧਿਕਾਰੀ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਜਾਣਕਾਰੀ ਦਿੱਤੀ ਕਿ ਉਹ ਸਿੰਘਾਸਣ 'ਤੇ ਬੈਠਣ ਦੀ ਬਜਾਏ ਪਾਕਿਸਤਾਨ ਆਉਣਾ ਚਾਹੁੰਦੀ ਹੈ।
ਇਹ ਸੁਣ ਕੇ ਜਿਨਾਹ ਬਹੁਤ ਖੁਸ਼ ਹੋਏ ਅਤੇ ਬੋਲੇ, ''ਆਖ਼ਿਰਕਾਰ! ਹੁਣ ਸਾਡੇ ਕੋਲ ਸ਼੍ਰੀਮਤੀ ਪੰਡਿਤ, ਨਹਿਰੂ ਦਾ ਮੁਕਾਬਲਾ ਕਰਨ ਲਈ ਕੋਈ ਤਾਂ ਹੋਵੇਗਾ।''
ਸ਼੍ਰੀਮਤੀ ਪੰਡਿਤ, ਜਵਾਹਰ ਲਾਲ ਨਹਿਰੂ ਦੀ ਭੈਣ ਸੀ ਅਤੇ ਉਸ ਸਮੇਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਸੀ।
ਇਹ ਵੀ ਪੜ੍ਹੋ:
ਜਿਨਾਹ ਨੂੰ ਸੁਚਿਤ ਕਰਨ ਵਾਲੀ ਕੋਈ ਹੋਰ ਨਹੀਂ ਖੁਦ ਸ਼ਹਿਜ਼ਾਦੀ ਗੋਹਰ ਤਾਜ, ਯਾਨੀ ਆਬਿਦਾ ਸੁਲਤਾਨ ਸੀ।
ਉਨ੍ਹਾਂ ਦੇ ਇਕਲੌਤੇ ਬੇਟੇ ਸ਼ਹਿਰਯਾਰ ਮੁਹੰਮਦ ਖ਼ਾਨ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਦੀ ਮਾਂ ਪਾਸਪੋਰਟ ਲੈਣ ਲਈ ਪਾਕਿਸਤਾਨ ਦੇ ਦੂਤਾਵਾਸ ਪਹੁੰਚੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਜਿਨਾਹ ਦੀ ਮੌਤ ਹੋ ਗਈ ਹੈ।
ਉਹ ਕਹਿੰਦੇ ਹਨ, ''ਇਸ ਕਾਰਨ ਕਾਫ਼ੀ ਦੇਰੀ ਹੋਈ ਅਤੇ ਅੰਤ ਵਿੱਚ ਉਹ ਸਿਰਫ਼ ਦੋ ਸੂਟਕੇਸਾਂ ਨਾਲ ਪਾਕਿਸਤਾਨ ਚਲੀ ਗਈ।''
ਸ਼ਹਿਰਯਾਰ ਖ਼ਾਨ ਸਾਬਕਾ ਡਿਪਲੋਮੈਟ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਰਹੇ ਹਨ।
ਆਖ਼ਿਰ ਭਾਰਤ ਵਿੱਚ ਦੋ ਰਿਆਸਤਾਂ ਦੀ ਵਾਰਸ ਅਤੇ ਸ਼ਾਹੀ ਪਰਿਵਾਰ ਵਿੱਚ ਪਲੀ ਹੋਈ ਇਸ ਸ਼ਹਿਜ਼ਾਦੀ ਨੇ ਆਪਣੀ ਵਿਰਾਸਤ ਨੂੰ ਛੱਡ ਕੇ ਕਰਾਚੀ ਜਾਣ ਦਾ ਫੈਸਲਾ ਕਿਉਂ ਲਿਆ?
ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਉਨ੍ਹਾਂ ਦੀ ਜੀਵਨੀ 'ਤੇ ਇੱਕ ਨਜ਼ਰ ਮਾਰਨੀ ਹੋਵੇਗੀ।
ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਆਪਣੀ ਆਤਮਕਥਾ, 'ਆਬਿਦਾ ਸੁਲਤਾਨ: ਇੱਕ ਇਨਕਲਾਬੀ ਸ਼ਹਿਜ਼ਾਦੀ ਦੀ ਖ਼ੁਦਨਵਿਸ਼ਤ' ਵਿੱਚ ਆਪਣੇ ਜੀਵਨ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ।
ਇਸ ਅਨੁਸਾਰ ਉਨ੍ਹਾਂ ਦਾ ਜਨਮ 28 ਅਗਸਤ, 1913 ਨੂੰ ਭੋਪਾਲ ਦੇ ਸੁਲਤਾਨ ਪੈਲੇਸ ਵਿੱਚ ਹੋਇਆ ਸੀ।
ਉਸ ਸਮੇਂ ਭੋਪਾਲ ਰਿਆਸਤ 'ਤੇ ਉਨ੍ਹਾਂ ਦੀ ਦਾਦੀ ਨਵਾਬ ਸੁਲਤਾਨ ਜਹਾਂ ਬੇਗਮ ਦਾ ਸ਼ਾਸਨ ਸੀ, ਜਿਨ੍ਹਾਂ ਨੂੰ ਭੋਪਾਲ ਦੀ ਜਨਤਾ 'ਸਰਕਾਰ ਅੰਮਾ' ਦੇ ਨਾਂ ਨਾਲ ਯਾਦ ਕਰਦੀ ਹੈ। ਸੁਲਤਾਨ ਜਹਾਂ ਬੇਗਮ ਦੇ ਤਿੰਨ ਬੇਟੇ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਬੇਟੇ ਹਮੀਦੁੱਲਾਹ ਖ਼ਾਨ ਸਨ ਅਤੇ ਆਬਿਦਾ ਸੁਲਤਾਨ ਉਨ੍ਹਾਂ ਦੀ ਸਭ ਤੋਂ ਵੱਡੀ ਬੇਟੀ ਸੀ।
ਇਸ ਗੱਲ ਦੀ ਦੂਰ ਤੱਕ ਕੋਈ ਸੰਭਾਵਨਾ ਨਹੀਂ ਸੀ ਕਿ ਸੁਲਤਾਨ ਜਹਾਂ ਬੇਗਮ ਤੋਂ ਬਾਅਦ ਭੋਪਾਲ ਦੀ ਰਿਆਸਤ ਦਾ ਉਤਰਾਧਿਕਾਰੀ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਹਮੀਦੁੱਲਾਹ ਖ਼ਾਨ (ਯਾਨੀ ਆਬਿਦਾ ਸੁਲਤਾਨ ਦੇ ਪਿਤਾ) ਹੋਣਗੇ। ਇਸ ਦਾ ਕਾਰਨ ਇਹ ਸੀ ਕਿ ਜਹਾਂ ਬੇਗਮ ਦੇ ਹਮੀਦੁੱਲਾਹ ਤੋਂ ਵੱਡੇ ਦੋ ਬੇਟੇ ਹੋਰ ਵੀ ਸਨ।
ਪਰ ਅਜਿਹਾ ਹੋਇਆ ਕਿ ਹਮੀਦੁੱਲਾਹ ਖ਼ਾਨ ਦੇ ਦੋਵੇਂ ਵੱਡੇ ਭਰਾਵਾਂ ਦੀ 1924 ਵਿੱਚ ਪੰਜ ਮਹੀਨੇ ਦੇ ਛੋਟੇ ਜਿਹੇ ਸਮੇਂ ਵਿੱਚ ਮੌਤ ਹੋ ਗਈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਹੁਣ ਸੁਲਤਾਨ ਜਹਾਂ ਬੇਗਮ ਨੇ ਆਪਣੀ ਰਿਆਸਤ ਦਾ ਉਤਰਾਧਿਕਾਰੀ ਹਮੀਦੁੱਲਾਹ ਖ਼ਾਨ ਨੂੰ ਨਾਮਜ਼ਦ ਕੀਤਾ ਜੋ ਅਲੀਗੜ੍ਹ ਤੋਂ ਗ੍ਰੈਜੂਏਟ ਸੀ।
ਨਵਾਬ ਹਮੀਦੁੱਲਾਹ ਖ਼ਾਨ ਆਪਣੀ ਮਾਂ ਨਵਾਬ ਸੁਲਤਾਨ ਜਹਾਂ ਬੇਗਮ ਦੇ ਨਾਲ
ਉਹ ਖੇਡਾਂ ਦੇ ਸ਼ੌਕੀਨ ਅਤੇ ਇੱਕ ਨਿਡਰ ਸ਼ਖ਼ਸੀਅਤ ਵਾਲੇ ਸਨ। ਰਿਆਸਤ ਦੇ ਬ੍ਰਿਟਿਸ਼ ਨਿਵਾਸੀ ਇਸ ਫੈਸਲੇ ਦੇ ਪੱਖ ਵਿੱਚ ਸਨ, ਪਰ ਵਾਇਸਰਾਏ ਸੁਲਤਾਨ ਜਹਾਂ ਬੇਗਮ ਦੇ ਪੋਤੇ ਹਬੀਬੁੱਲਾਹ ਖ਼ਾਨ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਬਣਾਉਣਾ ਚਾਹੁੰਦੇ ਸਨ।
ਸੁਲਤਾਨ ਜਹਾਂ ਬੇਗਮ ਨੇ ਆਪਣੇ ਉਤਰਾਧਿਕਾਰੀ ਨੂੰ ਨਾਮਜ਼ਦ ਕਰਨ ਲਈ ਰਸਮੀ ਤੌਰ 'ਤੇ ਮੁਕੱਦਮਾ ਲੜਿਆ ਅਤੇ ਇਹ ਸਾਬਤ ਕਰਨ ਵਿੱਚ ਸਫਲ ਰਹੀ ਕਿ ਉਨ੍ਹਾਂ ਨੂੰ ਖ਼ੁਦ ਆਪਣਾ ਉਤਰਾਧਿਕਾਰੀ ਨਾਮਜ਼ਦ ਕਰਨ ਦਾ ਅਧਿਕਾਰ ਪ੍ਰਾਪਤ ਹੈ।
ਸੁਲਤਾਨ ਜਹਾਂ ਬੇਗਮ ਨੇ ਆਪਣੇ ਜੀਵਨਕਾਲ ਵਿੱਚ ਹੀ ਯਾਨੀ 1926 ਵਿੱਚ ਭੋਪਾਲ ਰਿਆਸਤ ਨੂੰ ਹਮੀਦੁੱਲਾਹ ਖ਼ਾਨ ਨੂੰ ਸੌਂਪ ਦਿੱਤਾ ਅਤੇ 1920 ਵਿੱਚ ਇੱਕ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਸ਼ਹਿਜ਼ਾਦੀ ਆਬਿਦਾ ਸੁਲਤਾਨ ਅਨੁਸਾਰ ਉਨ੍ਹਾਂ ਨੂੰ ਨਵਾਬ ਸੁਲਤਾਨ ਜਹਾਂ ਬੇਗਮ ਨੇ ਆਪਣੀ ਦੇਖ-ਰੇਖ ਵਿੱਚ ਟਰੇਂਡ ਕੀਤਾ ਸੀ।
ਉਨ੍ਹਾਂ ਨੇ ਆਬਿਦਾ ਸੁਲਤਾਨ ਲਈ ਨੂਰ-ਅਲ-ਸਬਾਹ ਦੇ ਨਾਮ ਨਾਲ ਇੱਕ ਮਹਿਲ ਦਾ ਨਿਰਮਾਣ ਕਰਾਇਆ ਸੀ ਅਤੇ ਉਸ ਨੂੰ ਰਿਆਸਤ ਦੇ ਮਾਮਲਿਆਂ ਦੇ ਨਾਲ-ਨਾਲ ਘੋੜਸਵਾਰੀ, ਨਿਸ਼ਾਨੇਬਾਜ਼ੀ ਅਤੇ ਵੱਖ-ਵੱਖ ਖੇਡਾਂ ਦੀ ਸਿਖਲਾਈ ਦਿੱਤੀ।
ਉਨ੍ਹਾਂ ਨੇ ਆਬਿਦਾ ਸੁਲਤਾਨ ਦੀਆਂ ਧਾਰਮਿਕ ਸਿੱਖਿਆਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਇੱਕ ਅਰਬ ਮੌਲਵੀ ਸ਼ੇਖ਼ ਮੁਹੰਮਦ ਅਰਬ ਨੂੰ ਉਨ੍ਹਾਂ ਨੂੰ ਕੁਰਾਨ ਸਿਖਾਉਣ ਲਈ ਰੱਖਿਆ।
ਸ਼ਹਿਰਯਾਰ ਖ਼ਾਨ ਦੱਸਦੇ ਹਨ, ''ਸਰਕਾਰ ਅੰਮਾ ਮੇਰੀ ਮਾਂ ਨੂੰ ਇੱਕ ਆਦਰਸ਼ ਮੁਸਲਿਮ ਔਰਤ ਦੇ ਤੌਰ 'ਤੇ ਸਿੱਖਿਅਤ ਕਰਨਾ ਚਾਹੁੰਦੀ ਸੀ। ਉਹ ਰੋਜ਼ ਸਵੇਰੇ ਚਾਰ ਵਜੇ ਮੇਰੀ ਮਾਂ ਨੂੰ ਕੁਰਾਨ ਦੀ ਤਿਲਾਵਤ ਕਰਨ ਲਈ ਜਗ੍ਹਾਂ ਦਿੰਦੀ ਸੀ। ਉਚਾਰਣ ਅਤੇ ਯਾਦਾਸ਼ਤ ਵਿੱਚ ਹਰ ਗਲਤੀ ਲਈ ਉਨ੍ਹਾਂ ਨੂੰ ਮਾਰ ਵੀ ਪੈਂਦੀ ਸੀ, ਪਰ ਇਸ ਦਾ ਨਤੀਜਾ ਇਹ ਨਿਕਲਿਆ ਕਿ ਛੇ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਕੁਰਾਨ ਨੂੰ ਯਾਦ ਕਰ ਲਿਆ ਸੀ।''
ਸ਼ਹਿਰਯਾਰ ਖ਼ਾਨ ਅਨੁਸਾਰ ਹਾਲਾਂਕਿ ਸਰਕਾਰ ਅੰਮਾ ਸ਼ਹਿਜ਼ਾਦੀ ਆਬਿਦਾ ਨੂੰ ਬਹੁਤ ਪਿਆਰ ਕਰਦੀ ਸੀ, ਪਰ ਉਹ ਖੁੱਲ੍ਹੇ ਤੌਰ 'ਤੇ ਆਪਣੇ ਸਨੇਹ ਦਾ ਇਜ਼ਹਾਰ ਘੱਟ ਹੀ ਕਰਦੀ ਸੀ।
ਉਹ ਕਹਿੰਦੇ ਹਨ, ''ਜਿਸ ਦਿਨ ਉਨ੍ਹਾਂ ਨੇ ਕੁਰਾਨ ਮੁਕੰਮਲ ਹਿਫ਼ਜ਼ (ਜ਼ੁਬਾਨੀ ਯਾਦ) ਕੀਤਾ, ਉਨ੍ਹਾਂ ਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਗਈ ਅਤੇ ਸਰਕਾਰ ਅੰਮਾ ਨੇ ਉਨ੍ਹਾਂ ਨੂੰ ਚੁੰਮਿਆ ਸੀ। ਮੇਰੀ ਮਾਂ ਕਹਿੰਦੀ ਸੀ ਕਿ ਉਨ੍ਹਾਂ ਦੀ ਯਾਦ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਉਨ੍ਹਾਂ ਨੂੰ ਪਿਆਰ ਨਾਲ ਚੁੰਮਿਆ ਸੀ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਸਨੇਹ ਦਾ ਇਜ਼ਹਾਰ ਕਦੇ-ਕਦਾਈਂ ਹੀ ਕੀਤਾ ਜਾਂਦਾ ਸੀ।''
ਉਸ ਦੌਰ ਵਿੱਚ ਸ਼ਾਹੀ ਪਰਿਵਾਰ ਦੀਆਂ ਔਰਤਾਂ ਤੋਂ ਘੱਟ ਉਮਰ ਵਿੱਚ ਹੀ ਘੋੜਸਵਾਰੀ ਵਿੱਚ ਮਹਾਰਤ ਹਾਸਲ ਕਰਨ ਦੀ ਉਮੀਦ ਕੀਤੀ ਜਾਂਦੀ ਸੀ।
ਸ਼ਹਿਰਯਾਰ ਖ਼ਾਨ ਦੱਸਦੇ ਹਨ ਕਿ ਜਦੋਂ ਸ਼ਹਿਜ਼ਾਦੀ ਆਬਿਦ ਗੋਦ ਵਿੱਚ ਸੀ (ਯਾਨੀ ਬਹੁਤ ਛੋਟੀ ਸੀ) ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਟੋਕਰੀਆਂ ਵਿੱਚ ਲਿਟਾ ਕੇ ਘੋੜਿਆਂ ਦੇ ਉੱਪਰ ਬੰਨ੍ਹ ਕੇ ਬਗੀਚੇ ਦੇ ਚੱਕਰ ਲਗਾਏ ਜਾਂਦੇ ਸਨ। ਜਦੋਂ ਉਹ ਬੈਠਣ ਦੇ ਲਾਇਕ ਹੋ ਗਈ, ਤਾਂ ਉਨ੍ਹਾਂ ਨੂੰ 'ਬਕੇਟ ਚੇਅਰ' 'ਤੇ ਬਿਠਾ ਕੇ ਘੋੜੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ।
ਸ਼ਹਿਰਯਾਰ ਖ਼ਾਨ ਅਨੁਸਾਰ, ''ਮੇਰੀ ਮਾਂ ਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਸੀ ਕਿ ਹਰ ਪਠਾਨ ਨੂੰ ਇੱਕ ਚੰਗਾ ਨਿਸ਼ਾਨੇਬਾਜ਼ ਵੀ ਹੋਣਾ ਚਾਹੀਦਾ ਹੈ ਅਤੇ ਸ਼ਾਇਦ ਹੀ ਕੋਈ ਅਜਿਹਾ ਸਮਾਂ ਰਿਹਾ ਹੋਵੇ ਜਦੋਂ ਉਨ੍ਹਾਂ ਕੋਲ ਆਪਣੀ ਕੋਈ ਬੰਦੂਕ ਨਾ ਰਹੀ ਹੋਵੇ। ਬਚਪਨ ਵਿੱਚ ਉਨ੍ਹਾਂ ਕੋਲ ਇੱਕ ਖਿਡੌਣਾ ਰਾਈਫਲ ਸੀ ਜਿਸ ਨਾਲ ਉਹ ਮੱਖੀਆਂ ਮਾਰਦੀ ਸੀ।''
ਨਵਾਬ ਸੁਲਤਾਨ ਜਹਾਂ ਬੇਗਮ ਨੇ ਭੋਪਾਲ 'ਤੇ 1901 ਤੋਂ 1926 ਤੱਕ ਸ਼ਾਸਨ ਕੀਤਾ
''ਜਦੋਂ ਉਹ ਵੱਡੀ ਹੋਈ ਤਾਂ ਪੰਛੀਆਂ ਦਾ ਸ਼ਿਕਾਰ ਕਰਨ ਲਈ ਏਅਰਗਨ ਦੀ ਵਰਤੋਂ ਕਰਨ ਲੱਗੀ। ਇਸ ਤੋਂ ਪਹਿਲਾਂ ਕਿ ਮੇਰੀ ਮਾਂ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਅਸਲੀ ਰਾਈਫਲ ਵਰਤਣ ਦੀ ਇਜਾਜ਼ਤ ਮਿਲਦੀ, ਉਨ੍ਹਾਂ ਨੂੰ ਨਿਸ਼ਾਨੇਬਾਜ਼ੀ ਦਾ ਸੈਨਾ ਅਭਿਆਸ ਕਰਾਇਆ ਗਿਆ। ਉਹ ਰੋਜ਼ਾਨਾ ਸ਼ੂਟਿੰਗ ਰੇਂਜ ਵਿੱਚ ਅਭਿਆਸ ਕਰਦੀ ਸੀ।''
ਵਿਆਹ ਅਤੇ ਵੱਖ ਹੋਣਾ
ਮਸ਼ਹੂਰ ਪੱਤਰਕਾਰ ਅਖ਼ਤਰ ਸਈਦੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਦਾਦੀ ਨੇ ਆਪਣੇ ਜੀਵਨਕਾਲ ਵਿੱਚ ਹੀ ਕੋਰਵਾਈ ਦੇ ਨਵਾਬ ਸਰਵਰ ਅਲੀ ਖ਼ਾਨ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 17 ਸਾਲ ਦੀ ਸੀ।
ਸ਼ਹਿਜ਼ਾਦੀ ਆਬਿਦਾ ਸੁਲਤਾਨ ਦੀ ਆਤਮਕਥਾ ਅਨੁਸਾਰ 5 ਮਾਰਚ, 1933 ਨੂੰ ਉਨ੍ਹਾਂ ਦੀ ਰੁਖ਼ਸਤੀ ਹੋਈ ਅਤੇ 29 ਅਪ੍ਰੈਲ, 1934 ਨੂੰ ਉਨ੍ਹਾਂ ਦੇ ਇਕਲੌਤੇ ਬੇਟੇ ਸ਼ਹਿਰਯਾਰ ਮੁਹੰਮਦ ਖ਼ਾਨ ਦਾ ਜਨਮ ਹੋਇਆ।
ਹਾਲਾਂਕਿ ਆਬਿਦਾ ਸੁਲਤਾਨ ਅਤੇ ਨਵਾਬ ਸਰਵਰ ਅਲੀ ਖ਼ਾਨ ਦਾ ਵਿਆਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕਿਆ। ਉਹ ਆਪਣੇ ਬੇਟੇ ਨਾਲ ਭੋਪਾਲ ਆ ਗਈ, ਪਰ ਨਵਾਬ ਸਰਵਰ ਅਲੀ ਖ਼ਾਨ ਨੇ ਵਾਇਸਰਾਏ ਲਾਰਡ ਵਿਲਿੰਗਟਨ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਨੂੰ ਲੈਣ ਦੇ ਕਾਨੂੰਨੀ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਕਾਨੂੰਨ ਤਹਿਤ ਉਨ੍ਹਾਂ ਨੂੰ ਆਪਣੇ ਉਤਰਾਧਿਕਾਰੀ ਨੂੰ ਲੈਣ ਦਾ ਅਧਿਕਾਰ ਸੀ, ਪਰ ਕਾਨੂੰਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬੱਚੇ ਨੂੰ ਉਸ ਦੀ ਮਾਂ ਤੋਂ ਉਦੋਂ ਤੱਕ ਅਲੱਗ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਸ ਨੂੰ ਮਾਂ ਦਾ ਦੁੱਧ ਪਿਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਨਵਾਬ ਸਰਵਰ ਅਲੀ ਖ਼ਾਨ ਨੇ ਆਪਣੇ ਵਾਰਸ ਦਾ ਪਹਿਲਾ ਜਨਮ ਦਿਨ ਕੋਰਵਾਈ ਵਿੱਚ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅਜਿਹੇ ਵਿੱਚ ਆਬਿਦਾ ਸੁਲਤਾਨ ਨੇ ਇੱਕ ਸਾਹਸੀ ਫੈਸਲਾ ਲਿਆ ਅਤੇ ਇੱਕ ਰਾਤ ਉਹ ਭੋਪਾਲ ਤੋਂ ਸੌ ਮੀਲ ਦੂਰ ਕੋਰਵਾਈ ਦੀ ਯਾਤਰਾ 'ਤੇ ਇਕੱਲੀ ਚੱਲ ਪਈ।
ਰਾਤ ਨੂੰ ਇੱਕ ਵਜੇ ਉਹ ਕੋਰਵਾਈ ਦੇ ਮਹਿਲ ਵਿੱਚ ਪਹੁੰਚੀ। ਉਨ੍ਹਾਂ ਨੇ ਆਪਣੀ ਭਰੀ ਹੋਈ ਰਿਵਾਲਵਰ ਆਪਣੇ ਪਤੀ ਵੱਲ ਸੁੱਟੀ ਅਤੇ ਕਿਹਾ, ''ਹਥਿਆਰ ਮੇਰਾ ਹੈ ਅਤੇ ਭਰਿਆ ਹੋਇਆ ਹੈ। ਇਸ ਦੀ ਵਰਤੋਂ ਕਰੋ ਅਤੇ ਮੈਨੂੰ ਮਾਰ ਦਿਓ, ਨਹੀਂ ਤਾਂ ਮੈਂ ਤੁਹਾਨੂੰ ਮਾਰ ਦੇਵਾਂਗੀ। ਇਹ ਇੱਕੋ-ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਬੇਟੇ ਨੂੰ ਮੇਰੇ ਤੋਂ ਹਾਸਲ ਕਰ ਸਕਦੇ ਹੋ।''
ਨਵਾਬ ਸਾਹਬ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਗੁਜ਼ਾਰਿਸ਼ ਕੀਤੀ, ''ਖ਼ੁਦਾ ਦੇ ਲਈ ਇੱਥੋਂ ਚਲੇ ਜਾਓ, ਮੈਂ ਆਪਣੇ ਬੇਟੇ 'ਤੇ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਨਹੀਂ ਜਤਾਵਾਂਗਾ।''
ਆਬਿਦਾ ਸੁਲਤਾਨ ਨੇ ਆਪਣੀ ਰਿਵਾਲਵਰ ਚੁੱਕ ਕੇ ਆਪਣੀ ਜੇਬ ਵਿੱਚ ਰੱਖੀ ਅਤੇ ਕੋਰਵਾਈ ਤੋਂ ਭੋਪਾਲ ਵਾਪਸ ਪਰਤ ਆਈ।
ਅਗਲੇ ਦਿਨ ਨਵਾਬ ਸਰਵਰ ਅਲੀ ਖ਼ਾਨ ਨੇ ਨਵਾਬ ਹਮੀਦੁੱਲਾਹ ਖ਼ਾਨ ਨੂੰ ਆਬਿਦਾ ਸੁਲਤਾਨ ਦੀ ਇਸ ਹਰਕਤ ਦੇ ਬਾਰੇ ਦੱਸਿਆ।
ਨਵਾਬ ਹਮੀਦੁੱਲਾਹ ਖ਼ਾਨ ਨੇ ਆਪਣੀ ਬੇਟੀ ਦੇ ਸਾਹਸ ਦਾ ਸਮਰਥਨ ਕੀਤਾ ਅਤੇ ਇਸ ਤਰ੍ਹਾਂ ਸ਼ਹਿਰਯਾਰ ਖ਼ਾਨ ਹਮੇਸ਼ਾ ਲਈ ਆਬਿਦਾ ਸੁਲਤਾਨ ਦੇ ਕੋਲ ਰਹਿ ਗਏ।
ਨਵਾਬ ਸਰਵਰ ਅਲੀ ਖ਼ਾਨ ਨੇ ਆਬਿਦਾ ਸੁਲਤਾਨ ਨੂੰ ਤਲਾਕ ਤਾਂ ਨਹੀਂ ਦਿੱਤਾ, ਪਰ ਉਨ੍ਹਾਂ ਦੀ ਇਜਾਜ਼ਤ ਨਾਲ ਦੂਜਾ ਵਿਆਹ ਕਰ ਲਿਆ। ਬਾਅਦ ਵਿੱਚ ਆਬਿਦਾ ਸੁਲਤਾਨ ਅਤੇ ਨਵਾਬ ਸਰਵਰ ਅਲੀ ਖ਼ਾਨ ਮਿਲਣ ਲੱਗੇ ਅਤੇ ਉਨ੍ਹਾਂ ਵਿਚਕਾਰ ਚਿੱਠੀ ਪੱਤਰ ਦਾ ਸਿਲਸਿਲਾ ਵੀ ਜਾਰੀ ਰਿਹਾ।
ਦੋਵਾਂ ਪਰਿਵਾਰਾਂ ਦਾ ਦੁਬਾਰਾ ਮੇਲ-ਜੋਲ ਹੋ ਗਿਆ। ਇੱਥੋਂ ਤੱਕ ਕਿ ਨਵਾਬ ਸਰਵਰ ਅਲੀ ਖ਼ਾਨ ਦੀ ਦੂਜੀ ਪਤਨੀ ਤੋਂ ਹੋਣ ਵਾਲੀ ਨਵਾਸੀ ਦਾ ਵਿਆਹ ਸ਼ਹਿਰਯਾਰ ਖ਼ਾਨ ਦੇ ਬੇਟੇ ਨਾਲ ਤੈਅ ਹੋਇਆ।
ਇੱਕ ਵੱਖਰੀ ਔਰਤ
ਸ਼ਹਿਜ਼ਾਦੀ ਆਬਿਦਾ ਸੁਲਤਾਨ ਰਿਆਸਤ ਦੀ ਅਗਲੀ ਉਤਰਾਧਿਕਾਰੀ ਸੀ। ਸ਼ਹਿਰਯਾਰ ਖ਼ਾਨ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਕਈ ਤਰ੍ਹਾਂ ਦੇ ਖੇਡ ਬਹੁਤ ਸ਼ੌਕ ਨਾਲ ਖੇਡਦੀ ਸੀ। ਉਦਾਹਰਨ ਦੇ ਤੌਰ 'ਤੇ ਗੋਲਫ਼, ਸਕੂਐਸ਼ ਅਤੇ ਹਾਕੀ।
ਉਨ੍ਹਾਂ ਅਨੁਸਾਰ ਉਨ੍ਹਾਂ (ਆਬਿਦਾ ਸੁਲਤਾਨ ਦਾ) ਦੀ ਇੱਕ ਗਤੀਸ਼ੀਲ ਸ਼ਖ਼ਸੀਅਤ ਸੀ ਅਤੇ ਉਨ੍ਹਾਂ ਨੇ ਆਪਣੇ ਰਸਤੇ ਵਿੱਚ ਕਦੇ ਵੀ ਆਪਣੇ ਜੈਂਡਰ ਨੂੰ ਰੁਕਾਵਟ ਨਹੀਂ ਬਣਨ ਦਿੱਤਾ।
ਉਹ ਕਹਿੰਦੇ ਹਨ, ''ਉਹ ਅਜਿਹੇ ਕੱਪੜੇ ਪਹਿਨਦੀ ਸੀ ਜੋ ਸ਼ਾਇਦ ਔਰਤ ਤੋਂ ਜ਼ਿਆਦਾ ਕਿਸੇ ਪੁਰਸ਼ 'ਤੇ ਜ਼ਿਆਦਾ ਫੱਬਦੇ। ਇਹ ਮੇਰੀਆਂ ਬਚਪਨ ਦੀਆਂ ਯਾਦਾਂ ਹਨ ਜਦੋਂ ਮੈਂ ਤਿੰਨ ਸਾਲ ਦਾ ਸੀ ਅਤੇ ਉਹ ਮੈਨੂੰ ਨਹਾ ਰਹੀ ਸੀ। ਉਸ ਵਕਤ ਉਨ੍ਹਾਂ ਦੇ ਵਾਲ ਬਿਲਕੁਲ ਛੋਟੇ ਕੱਟੇ ਹੋਏ ਸਨ ਅਤੇ ਉਨ੍ਹਾਂ ਨੇ ਕੋਟ ਅਤੇ ਪਤਲੂਨ ਪਹਿਨਿਆ ਹੋਇਆ ਸੀ।''
''ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਘੋੜਸਵਾਰੀ ਦੀ ਡਰੈੱਸ ਸੀ, ਪਰ ਉਹ ਬਿਲਕੁਲ ਪੁਰਸ਼ਾਂ ਦੀ ਤਰ੍ਹਾਂ ਦਿਖਦੀ ਸੀ। ਉਨ੍ਹਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਸੀ ਕਿ ਲੋਕ ਉਨ੍ਹਾਂ ਬਾਰੇ ਕੀ ਕਹਿੰਦੇ ਹਨ। ਮੈਨੂੰ ਯਾਦ ਨਹੀਂ ਕਿ ਉਨ੍ਹਾਂ ਨੂੰ ਕਦੇ ਕਿਸੇ ਚੀਜ਼ ਤੋਂ ਡਰ ਲੱਗਿਆ ਹੋਵੇ।''
ਆਪਣੇ ਬਚਪਨ ਦੀ ਇੱਕ ਘਟਨਾ ਨੂੰ ਯਾਦ ਕਰਦੇ ਹੋਏ ਸ਼ਹਿਰਯਾਰ ਖ਼ਾਨ ਕਹਿੰਦੇ ਹਨ ਕਿ ਇੱਕ ਦਿਨ ਜਦੋਂ ਉਹ ਸਵੇਰੇ-ਸਵੇਰੇ ਮਹਿਲ ਵਿੱਚ ਖੇਡ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਇੱਕ ਕਾਲੇ ਨਾਗ 'ਤੇ ਪਈ ਜੋ ਕਮਰੇ ਦੇ ਕੋਨੇ ਵਿੱਚ ਬੈਠਾ ਸੀ। ਉਹ ਕਹਿੰਦੇ ਹਨ, ''ਮੈਂ ਡਰ ਕੇ ਆਪਣੀ ਮਾਂ ਦੇ ਕੋਲ ਭੱਜਿਆ, ਪਰ ਉਨ੍ਹਾਂ ਨੇ ਆਪਣੀ ਬੰਦੂਕ ਕੱਢੀ ਅਤੇ ਉਸ ਨੂੰ ਮਾਰ ਦਿੱਤਾ।''
ਹਵਾਬਾਜ਼ੀ ਦਾ ਸ਼ੌਕ
ਸ਼ਹਿਰਯਾਰ ਅਨੁਸਾਰ ਉਨ੍ਹਾਂ ਨੂੰ ਹਮੇਸ਼ਾਂ ਤੋਂ ਯਕੀਨ ਸੀ ਕਿ ਉਨ੍ਹਾਂ ਦੀ ਮਾਂ ਬਹੁਤ ਸ਼ਕਤੀਸ਼ਾਲੀ ਹੈ ਅਤੇ ਉਹ ਕੁਝ ਵੀ ਕਰ ਸਕਦੀ ਹੈ।
ਇਸ ਦਾ ਪ੍ਰਮਾਣ ਸ਼ਹਿਜ਼ਾਦੀ ਆਬਿਦਾ ਦੀ ਆਤਮਕਥਾ ਵਿੱਚ ਵੀ ਮਿਲਦਾ ਹੈ। ਉਹ ਲਿਖਦੇ ਹਨ ਕਿ ਉਨ੍ਹਾਂ ਨੂੰ ਹਵਾਬਾਜ਼ੀ ਦਾ ਸ਼ੌਕ ਸੀ, ਪਰ ਉਨ੍ਹਾਂ ਦੇ ਪਿਤਾ ਇਸ ਸ਼ੌਕ ਦੇ ਰਸਤੇ ਵਿੱਚ ਰੁਕਾਵਟ ਬਣ ਗਏ ਅਤੇ ਉਨ੍ਹਾਂ ਨੇ ਆਪਣੀ ਬੇਟੀ ਦੀ ਜਾਨ ਜੋਖ਼ਿਮ ਵਿੱਚ ਪਾਉਣ ਤੋਂ ਇਨਕਾਰ ਕਰ ਦਿੱਤਾ।
ਫਿਰ ਆਬਿਦਾ ਸੁਲਤਾਨ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਇੱਕ ਸਾਹਸੀ ਕਦਮ ਚੁੱਕਣ ਲਈ ਮਜਬੂਰ ਹੋਏ। ਉਹ ਸ਼ਿਕਾਰ ਦੇ ਬਹਾਨੇ ਕਲਕੱਤਾ ਪਹੁੰਚ ਗਏ ਅਤੇ ਉੱਥੋਂ ਦੇ ਇੱਕ ਸਥਾਨਕ ਫਲਾਇੰਗ ਕਲੱਬ ਵਿੱਚ ਉਨ੍ਹਾਂ ਨੇ ਦਾਖਲਾ ਲੈ ਲਿਆ।
ਸ਼ਹਿਜ਼ਾਦੀ ਲਿਖਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਭਾਲ ਲਈ ਆਪਣੇ ਆਦਮੀਆਂ ਨੂੰ ਪੂਰੇ ਭਾਰਤ ਵਿੱਚ ਦੌੜਾ ਦਿੱਤਾ ਅਤੇ ਸਾਹਿਬਜ਼ਾਦੇ ਸਈਦ ਜਫ਼ਰ ਖ਼ਾਨ ਉਸ ਨੂੰ ਕਲਕੱਤਾ ਵਿੱਚ ਲੱਭਣ ਵਿੱਚ ਕਾਮਯਾਬ ਹੋ ਗਏ।
ਉਨ੍ਹਾਂ ਨੇ ਨਵਾਬ ਹਮੀਦੁੱਲਾਹ ਨੂੰ ਸੂਚਨਾ ਦਿੱਤੀ ਅਤੇ ਕਿਹਾ ਕਿ ਸ਼ਹਿਜ਼ਾਦੀ ਨੂੰ ਹਵਾਬਾਜ਼ੀ ਸਿਖਲਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਕੋਈ ਨਿੰਦਣਯੋਗ ਕਾਰਜ ਨਹੀਂ ਕੀਤਾ ਹੈ। ਨਵਾਬ ਹਮੀਦੁੱਲਹਾ ਖ਼ਾਨ ਨੇ ਆਪਣੀ ਬੇਟੀ ਨੂੰ ਇਹ ਇਜਾਜ਼ਤ ਦੇ ਦਿੱਤੀ ਅਤੇ ਅਗਲੇ ਸਾਲ ਸ਼ਹਿਜ਼ਾਦੀ ਆਬਿਦਾ ਸੁਲਤਾਨ ਬੰਬੇ ਫਲਾਇੰਗ ਕਲੱਬ ਤੋਂ ਭਾਰਤ ਦੀ ਲਾਇਸੈਂਸ ਪ੍ਰਾਪਤ ਪਾਇਲਟ ਬਣਨ ਵਾਲੀ ਤੀਜੀ ਮੁਸਲਿਮ ਔਰਤ ਬਣ ਗਈ।
ਖਿਡਾਰੀ ਅਤੇ ਸ਼ਿਕਾਰੀ
ਲੰਡਨ ਵਿੱਚ ਰਹਿਣ ਦੌਰਾਨ ਸ਼ਹਿਜ਼ਾਦੀ ਆਬਿਦਾ ਸੁਲਤਾਨ ਦੱਖਣ ਕੇਗਿੰਸਟਨ ਵਿੱਚ ਗ੍ਰੈਮਿਪਯਨ ਸਕੂਐਸ਼ ਕੋਰਟ ਵਿੱਚ ਮਹਾਨ ਖਿਡਾਰੀ ਹਾਸ਼ਿਮ ਖ਼ਾਨ ਦੇ ਰ਼ਿਸਦੇਤਾਰਾਂ ਵਲੀ ਖ਼ਾਨ ਅਤੇ ਬਹਾਦਰ ਖ਼ਾਨ ਨਾਲ ਖੇਡਦੇ ਸੀ। ਸ਼ਹਿਰਯਾਰ ਖ਼ਾਨ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਸਨ 1949 ਵਿੱਚ ਅਖਿਲ ਭਾਰਤੀ ਮਹਿਲਾ ਸਕੂਐਸ਼ ਚੈਂਪੀਅਨਸ਼ਿਪ ਜਿੱਤੀ ਸੀ।
ਹਾਕੀ ਦੇ ਮੈਦਾਨ ਵਿੱਚ ਵੀ ਉਹ ਚੈਂਪੀਅਨ ਨਾਲ ਉਤਰੇ। ਸ਼ਹਿਰਯਾਰ ਖ਼ਾਨ ਅਨੁਸਾਰ ਅਨਵਰ ਅਲੀ ਖ਼ਾਨ, ਕਿਫਾਇਤ ਅਲੀ ਖ਼ਾਨ ਅਤੇ ਅਹਿਸਨ ਮੁਹੰਮਦ ਖ਼ਾਨ ਉਨ੍ਹਾਂ ਦੀ ਮਾਂ ਦੇ ਨਾਲ ਖੇਡਣ ਵਾਲਿਆਂ ਵਿੱਚ ਸ਼ਾਮਲ ਸਨ।
ਅਹਿਸਨ ਨੇ ਬਾਅਦ ਵਿੱਚ ਸਨ 1936 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਆਪਣੇ ਦੇਸ਼ ਲਈ ਸੋਨੇ ਦਾ ਮੈਡਲ ਜਿੱਤਿਆ।
ਘੋੜਸਵਾਰੀ ਲਈ ਸ਼ਹਿਜ਼ਾਦੀ ਦਾ ਜਨੂੰਨ ਉਨ੍ਹਾਂ ਨੂੰ ਪੋਲੋ ਦੇ ਮੈਦਾਨ ਤੱਕ ਲੈ ਗਿਆ। ਉਨ੍ਹਾਂ ਨੇ ਰਾਜਾ ਹਨੂਤ ਸਿੰਘ ਨਾਲ ਪੋਲੋ ਖੇਡਿਆ ਜਿਨ੍ਹਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਕੁਸ਼ਲ ਪੋਲੋ ਖਿਡਾਰੀ ਵੀ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸ਼ੇਰ ਅਤੇ ਤੇਂਦੂਏ ਦੇ ਸ਼ਿਕਾਰ 'ਤੇ ਨਾਲ ਲੈ ਜਾਂਦੇ ਸਨ। ਸ਼ਹਿਜ਼ਾਦੀ ਆਬਿਦਾ ਸੁਲਤਾਨ ਦੇ ਤਾਇਆ ਨਵਾਬ ਨਸਰੁੱਲਾਹ ਖ਼ਾਨ ਵੀ ਇੱਕ ਮਾਹਿਰ ਸ਼ਿਕਾਰੀ ਅਤੇ ਵਿਲੱਖਣ ਰੂਪ ਨਾਲ ਇੱਕ ਚੰਗੇ ਨਿਸ਼ਾਨੇਬਾਜ਼ ਸਨ।
ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਸ਼ੇਰ ਦਾ ਸ਼ਿਕਾਰ ਵੀ ਕੀਤਾ। ਸ਼ਹਿਰਯਾਰ ਖ਼ਾਨ ਆਪਣੇ ਇੱਕ ਯਾਦ ਪੱਤਰ ਵਿੱਚ ਲਿਖਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਆਪਣੇ ਜੀਵਨ ਵਿੱਚ 73 ਸ਼ੇਰਾਂ ਦਾ ਸ਼ਿਕਾਰ ਕੀਤਾ ਸੀ।
ਭੋਪਾਲ ਤੋਂ ਕਰਾਚੀ, ਵਾਇਆ ਬ੍ਰਿਟੇਨ
ਨਵਾਬ ਹਮੀਦੁੱਲਾਹ ਖ਼ਾਨ ਸ਼ਹਿਜ਼ਾਦੀ ਆਬਿਦਾ ਸੁਲਤਾਨ ਨੂੰ ਆਪਣਾ ਉਤਰਾਧਿਕਾਰੀ ਬਣਾਉਣ ਲਈ ਵੀ ਸਿਖਲਾਈ ਦੇ ਰਹੇ ਸਨ। ਉਹ ਆਪਣੇ ਪਿਤਾ ਦੇ ਮੰਤਰੀ ਮੰਡਲ ਵਿੱਚ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਸੀ ਅਤੇ ਜਦੋਂ ਨਵਾਬ ਸਾਹਬ ਭੋਪਾਲ ਤੋਂ ਬਾਹਰ ਹੁੰਦੇ ਸਨ, ਉਦੋਂ ਭੋਪਾਲ ਦੀ ਸਰਕਾਰ ਉਹ ਹੀ ਚਲਾਉਂਦੇ ਸੀ।
ਪਰ ਸਮਾਂ ਬਦਲਿਆ ਅਤੇ ਸਨ 1945 ਵਿੱਚ ਨਵਾਬ ਹਮੀਦੁੱਲਾਹ ਖ਼ਾਨ ਨੇ ਦੂਜਾ ਵਿਆਹ ਕਰਵਾ ਲਿਆ। ਨਵਾਬ ਹਮੀਦੁੱਲਹਾ ਨੇ ਆਪਣੀ ਪਤਨੀ ਮੈਮੁਨਾ ਸੁਲਤਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜੋ ਪਰਿਵਾਰ ਵਿੱਚ ਵਿਧਵਾ ਦੇ ਨਾਂ ਨਾਲ ਜਾਣੀ ਜਾਂਦੀ ਸੀ। ਇੱਥੋਂ ਹੀ ਨਵਾਬ ਹਮੀਦੁੱਲਾਹ ਖ਼ਾਨ ਅਤੇ ਸ਼ਹਿਜ਼ਾਦੀ ਆਬਿਦਾ ਸੁਲਤਾਨ ਵਿਚਕਾਰ ਦੂਰੀ ਵਧਣ ਲੱਗੀ।
ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਆਪਣੀ ਮਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਆਪਣੇ ਪਿਤਾ ਦਾ ਸਖ਼ਤ ਵਿਰੋਧ ਕੀਤਾ ਅਤੇ ਆਪਣੇ ਬੇਟੇ ਨਾਲ ਲੰਡਨ ਚਲੀ ਗਈ।
ਇਹੀ ਉਹ ਸਮਾਂ ਸੀ ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ ਅਤੇ ਪਾਕਿਸਤਾਨ ਇੱਕ ਰਾਸ਼ਟਰ ਦੇ ਤੌਰ 'ਤੇ ਹੋਂਦ ਵਿੱਚ ਆ ਰਿਹਾ ਸੀ।
ਲੰਡਨ ਵਿੱਚ ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਪਾਕਿਤਸਾਨ ਜਾਣ ਦਾ ਫੈਸਲਾ ਲਿਆ। ਉਸੇ ਸਮੇਂ ਉਹ ਮੁਹੰਮਦ ਅਲੀ ਜਿਨ੍ਹਾ ਦੇ ਸੰਪਰਕ ਵਿੱਚ ਆਈ।
ਦੂਜੇ ਪਾਸੇ ਨਵਾਬ ਹਮੀਦੁੱਲਾਹ ਖ਼ਾਨ ਨੇ ਜਦੋਂ ਸ਼ਹਿਜ਼ਾਦੀ ਦੇ ਇਸ ਫੈਸਲੇ ਬਾਰੇ ਸੁਣਿਆ ਤਾਂ ਉਹ ਆਪਣੀ ਬੇਟੀ ਨੂੰ ਮਨਾਉਣ ਲਈ ਲੰਡਨ ਪਹੁੰਚ ਗਏ। ਉਨ੍ਹਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ ''ਮੈਂ ਪਾਕਿਸਤਾਨ ਚਲਾਂ ਜਾਵਾਂ, ਉੱਥੇ ਮੇਰੀ ਜ਼ਿਆਦਾ ਜ਼ਰੂਰਤ ਹੈ ਅਤੇ ਤੁਸੀਂ ਭੋਪਾਲ ਦੇ ਮਾਮਲੇ ਸੰਭਾਲ ਲਓ।''
ਭੋਪਾਲ ਦੇ ਨਵਾਬ ਦਾ ਮਹਿਲ
ਜਿਨ੍ਹਾ ਦੀ ਮੌਤ ਤੋਂ ਬਾਅਦ ਉਸ ਸਮੇਂ ਦੇ ਅ਼ਖਬਾਰਾਂ ਵਿੱਚ ਨਿਯਮਤ ਰੂਪ ਨਾਲ ਇਹ ਖ਼ਬਰ ਪ੍ਰਕਾਸ਼ਿਤ ਹੋਈ ਸੀ ਕਿ ਨਵਾਬ ਭੋਪਾਲ ਪਾਕਿਸਤਾਨ ਦੇ ਅਗਲੇ ਗਵਰਨਰ ਜਨਰਲ ਹੋਣਗੇ।
ਪਰ ਪਾਕਿਸਤਾਨ ਦੀ ਨੌਕਰਸ਼ਾਹੀ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਖ਼ਵਾਜ਼ਾ ਨਾਜਿਮੁਦੀਨ ਨੂੰ ਪਾਕਿਸਤਾਨ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ।
ਸ਼ਹਿਜ਼ਾਦੀ ਨੇ ਆਪਣੀ ਵਿਰਾਸਤ ਕਿਉਂ ਛੱਡੀ?
ਭਾਰਤ ਵਿੱਚ ਰਿਆਸਤਾਂ ਖ਼ਤਮ ਹੋ ਗਈਆਂ ਅਤੇ ਨਵਾਬ ਭੋਪਾਲ ਦਾ ਅਹੁਦਾ ਪ੍ਰਤੀਕਾਤਮਕ ਬਣ ਗਿਆ, ਪਰ ਉਨ੍ਹਾਂ ਨੂੰ ਮਾਸਿਕ ਤੌਰ 'ਤੇ ਉਚਿੱਤ ਰਾਸ਼ੀ ਮਿਲਦੀ ਰਹੀ। ਸ਼ਹਿਜ਼ਾਦੀ ਆਬਿਦਾ ਨੇ ਇਸ ਤੋਂ ਪਹਿਲਾਂ ਹੀ ਆਪਣੇ ਬੇਟੇ ਸ਼ਹਿਰਯਾਰ ਨੂੰ ਵੰਡ ਦੇ ਦੌਰਾਨ ਹੋਣ ਵਾਲੇ ਖੂਨ ਖਰਾਬੇ ਤੋਂ ਬਚਾਉਣ ਲਈ ਇੰਗਲੈਂਡ ਦੇ ਨੌਰਥ ਹੈਂਪਸ਼ਾਇਰ ਦੇ ਪ੍ਰਸਿੱਧ ਓਂਡਲ ਬੋਰਡਿੰਗ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ।
ਉਹ ਭੋਪਾਲ ਵਿੱਚ ਆਪਣਾ ਰੁਤਬਾ ਛੱਡ ਕੇ ਪਾਕਿਸਤਾਨ ਕਿਉਂ ਆ ਗਈ?
ਸ਼ਹਿਰਯਾਰ ਖ਼ਾਨ ਦੱਸਦੇ ਹਨ ਕਿ ਉੱਥੇ ਮੁਸਲਮਾਨਾਂ ਦੇ ਖਿਲਾਫ਼ ਵਧਦੀ ਨਫ਼ਰਤ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਸੀ।
ਸ਼ਹਿਜ਼ਾਦੀ ਉਸ ਵਕਤ ਦੀ ਇੱਕ ਭਿਆਨਕ ਘਟਨਾ ਬਾਰੇ ਦੱਸਦੀ ਸੀ ਕਿ ਜਦੋਂ ਕਿਸੇ ਦੂਜੇ ਰਾਜ ਤੋਂ ਮੁਸਲਿਮ ਸ਼ਰਣਾਰਥੀਆਂ ਦੀ ਇੱਕ ਟਰੇਨ ਭੋਪਾਲ ਪਹੁੰਚੀ, ਉਹ ਉਨ੍ਹਾਂ ਸ਼ਰਣਾਰਥੀਆਂ ਦਾ ਸਵਾਗਤ ਕਰਨ ਲਈ ਪਲੈਟਫਾਰਮ 'ਤੇ ਮੌਜੂਦ ਸੀ, ਜਦੋਂ ਟਰੇਨ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰ ਕੋਈ ਵੀ ਜਿਊਂਦਾ ਨਹੀਂ ਬਚਿਆ ਸੀ।
ਉਹ ਅਕਸਰ ਕਹਿੰਦੀ ਸੀ ਕਿ ਉਹ ਦ੍ਰਿਸ਼ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਦੁਖੀ ਅਧਿਆਏ ਸੀ। ਇਸ ਘਟਨਾ ਦੀ ਉਨ੍ਹਾਂ ਦੇ ਪਾਕਿਸਤਾਨ ਜਾਣ ਦੇ ਫੈਸਲੇ ਵਿੱਚ ਅਹਿਮ ਭੂਮਿਕਾ ਸੀ।
ਸ਼ਹਿਜ਼ਾਦੀ ਆਬਿਦਾ ਨੂੰ ਆਪਣੇ ਇਕਲੌਤੇ ਬੇਟੇ ਦੀ ਵੀ ਚਿੰਤਾ ਸੀ।
ਸ਼ਹਿਰਯਾਰ ਦੱਸਦੇ ਹਨ, ''ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਭਾਰਤ ਵਿੱਚ ਮੇਰਾ (ਸ਼ਹਿਰਯਾਰ ਖ਼ਾਨ) ਭਵਿੱਖ ਬਰਬਾਦ ਹੋ ਜਾਵੇਗਾ ਅਤੇ ਮੈਨੂੰ ਆਪਣੇ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਕਦੇ ਨਹੀਂ ਮਿਲੇਗਾ। ਉਹ ਉਸ ਆਰਾਮ ਵਾਲੀ ਜੀਵਨ ਸ਼ੈਲੀ ਦੇ ਵੀ ਖਿਲਾਫ਼ ਸੀ ਜੋ ਭੋਪਾਲ ਸਮੇਤ ਕਈ ਰਿਆਸਤਾਂ ਦੀ ਪਛਾਣ ਬਣ ਗਈ ਸੀ। ਉਹ ਮੈਨੂੰ ਇਨ੍ਹਾਂ ਸਭ ਤੋਂ ਦੂਰ ਰੱਖਣਾ ਚਾਹੁੰਦੀ ਸੀ।''
ਸ਼ਹਿਜ਼ਾਦੀ ਖ਼ੁਦ ਅਕਤੂਬਰ 1950 ਵਿੱਚ ਕਰਾਚੀ ਆ ਗਈ ਜਿੱਥੇ ਉਹ ਮਲਿਰ ਵਿੱਚ ਰਹਿਣ ਲੱਗੀ ਅਤੇ ਬਹਾਵਲਪੁਰ ਹਾਊਸ ਦੇ ਸਾਹਮਣੇ ਆਪਣੀ ਰਿਹਾਇਸ਼ ਦਾ ਨਿਰਮਾਣ ਕਰਾਇਆ। ਮਲਿਰ ਦਾ ਇਲਾਕਾ ਉਨ੍ਹਾਂ ਨੂੰ ਬਹੁਤ ਪਸੰਦ ਸੀ ਅਤੇ 50 ਸਾਲ ਤੋਂ ਵੀ ਜ਼ਿਆਦਾ ਸਾਲਾਂ ਤੱਕ ਉਹ ਆਪਣੇ ਇਸ ਘਰ ਵਿੱਚ ਰਹੀ। ਉਨ੍ਹਾਂ ਦੀ ਮੌਤ ਵੀ ਇੱਥੇ ਹੋਈ ਅਤੇ ਉਨ੍ਹਾਂ ਨੂੰ ਦਫ਼ਨਾਇਆ ਵੀ ਇੱਥੇ ਹੀ ਗਿਆ।
ਸ਼ਹਿਰਯਾਰ ਖ਼ਾਨ ਦੱਸਦੇ ਹਨ ਕਿ ਸਨ 1951 ਵਿੱਚ ਜਦੋਂ ਉਹ ਪਾਕਿਸਤਾਨ ਆਈ ਤਾਂ ਮਲਿਰ ਵਾਲਾ ਘਰ ਨਵਾਂ-ਨਵਾਂ ਬਣਿਆ ਸੀ।
ਉਹ ਕਹਿੰਦੇ ਹਨ, ''ਮੇਰੀ ਮਾਂ ਨੇ ਆਪਣੀ ਬੱਚਤ ਨਾਲ ਉਸ ਘਰ ਦਾ ਨਿਰਮਾਣ ਕਰਾਇਆ ਅਤੇ ਸਰਕਾਰ ਤੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਅੱਠ ਸਾਲ ਤੱਕ ਉੱਥੇ ਬਿਜਲੀ ਤੱਕ ਨਹੀਂ ਸੀ।''
ਰਾਜਨੀਤਕ ਕਰੀਅਰ ਅਤੇ ਪਾਕਿਸਤਾਨ ਦੀ ਰਾਜਨੀਤੀ ਦਾ ਅਨੁਭਵ
ਸ਼ਹਿਜ਼ਾਦੀ ਆਬਿਦਾ ਸੁਲਤਾਨ ਦਾ ਸਬੰਧ ਇੱਕ ਨਵਾਬ ਪਰਿਵਾਰ ਨਾਲ ਸੀ। ਪਾਕਿਸਤਾਨ ਵਿੱਚ ਉਨ੍ਹਾਂ ਦੇ ਸਬੰਧ ਲਿਆਕਤ ਅਲੀ ਖ਼ਾਨ, ਮੁਹੰਮਦ ਅਲੀ ਬੋਗਰਾ, ਇਸਕੰਦਰ ਮਿਰਜ਼ਾ, ਹੁਸੈਨ ਸ਼ਹੀਦ ਸੁਹਰਾਵਰਦੀ, ਅਯੂਬ ਖ਼ਾਨ, ਯਾਹਯਾ ਖ਼ਾਨ ਅਤੇ ਹੋਰ ਨਾਲ ਬਣੇ ਰਹੇ।
ਆਬਿਦਾ ਸੁਲਤਾਨ ਦੇ ਬੇਟੇ ਸ਼ਹਿਰਯਾਰ ਖ਼ਾਨ, ਪਾਕਿਸਤਾਨੀ ਕ੍ਰਿਕਟਰਾਂ ਨਾਲ
ਮੁਹੰਮਦ ਅਲੀ ਬੋਗਰਾ ਦੇ ਦੌਰ ਵਿੱਚ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਭੇਜੇ ਗਏ ਪਾਕਿਸਤਾਨ ਦੇ ਇੱਕ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਸਕੰਦਰ ਮਿਰਜ਼ਾ ਦੇ ਦੌਰ ਵਿੱਚ ਉਨ੍ਹਾਂ ਨੂੰ ਬ੍ਰਾਜ਼ੀਲ ਵਿੱਚ ਪਾਕਿਸਤਾਨ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ।
ਉਹ ਬੇਗਮ ਰਾਈਨਾ ਲਿਆਕਤ ਅਲੀ ਖ਼ਾਨ ਦੇ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਪਾਕਿਸਤਾਨੀ ਔਰਤ ਸੀ। ਉਸੇ ਸਮੇਂ ਸ਼ਹਿਰਯਾਰ ਮੁਹੰਮਦ ਖ਼ਾਨ ਕੈਂਬਰਿਜ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਾਕਿਤਸਾਨ ਵਾਪਸ ਆ ਗਏ ਸਨ। ਜਿੱਥੇ ਉਹ ਸਿਵਿਲ ਸੇਵਾ ਦੀ ਪ੍ਰੀਖਿਆ ਪਾਸ ਕਰਕੇ ਵਿਦੇਸ਼ ਦਫ਼ਤਰ ਵਿੱਚ ਨਿਯੁਕਤ ਹੋ ਗਏ।
ਸ਼ਹਿਰਯਾਰ ਦਾ ਕਹਿਣਾ ਹੈ ਕਿ ਵਿਦੇਸ਼ ਦਫ਼ਤਰ ਵਿੱਚ ਉਨ੍ਹਾਂ ਦੀ ਪ੍ਰਮੋਸ਼ਨ 'ਤੇ ਉਨ੍ਹਾਂ ਦੀ ਮਾਂ ਮਾਣ ਕਰਦੀ ਸੀ।
4 ਫਰਵਰੀ 1960 ਨੂੰ ਭੋਪਾਲ ਵਿੱਚ ਨਵਾਬ ਹਮੀਦੁੱਲਾਹ ਖ਼ਾਨ ਦਾ ਦੇਹਾਂਤ ਹੋ ਗਿਆ ਸੀ। ਆਬਿਦਾ ਸੁਲਤਾਨ ਉਸ ਵਕਤ ਭੋਪਾਲ ਵਿੱਚ ਹੀ ਮੌਜੂਦ ਸੀ। ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਜੇ ਉਹ ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤ ਪਰਤ ਆਉਣ ਤਾਂ ਉਨ੍ਹਾਂ ਨੂੰ ਭੋਪਾਲ ਦਾ ਨਵਾਬ ਬਣਾਇਆ ਜਾ ਸਕਦਾ ਹੈ।
ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖ਼ਾਨ ਨੇ ਵੀ ਸ਼ਹਿਜ਼ਾਦੀ ਆਬਿਦਾ ਸੁਲਤਾਨ ਨੂੰ ਭੋਪਾਲ ਵਿੱਚ ਰਹਿਣ ਦੀ ਸਲਾਹ ਦਿੱਤੀ ਸੀ, ਪਰ ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਇਹ ਸਭ ਆਪਣੀ ਛੋਟੀ ਭੈਣ ਸਾਜਿਦਾ ਲਈ ਛੱਡ ਦਿੱਤਾ।
ਸਾਜਿਦਾ ਸੁਲਤਾਨ ਦਾ ਵਿਆਹ ਮਸ਼ਹੂਰ ਕ੍ਰਿਕਟਰ ਨਵਾਬ ਇਫਤਖ਼ਾਰ ਅਲੀ ਖ਼ਾਨ ਆਫ਼ ਪਟੌਦੀ ਨਾਲ ਹੋਇਆ ਸੀ। ਉਹ ਨਵਾਬ ਮੰਸੂਰ ਅਲੀ ਖ਼ਾਨ ਉਰਫ਼ ਟਾਈਗਰ ਪਟੌਦੀ ਦੀ ਮਾਂ ਅਤੇ ਅਭਿਨੇਤਾ ਸੈਫ਼ ਅਲੀ ਖ਼ਾਨ ਦੀ ਦਾਦੀ ਸੀ।
1964 ਵਿੱਚ ਜਦੋਂ ਪਾਕਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ, ਉਦੋਂ ਰਾਜਨੀਤੀ ਤੋਂ ਦੂਰ ਰਹਿਣ ਵਾਲੀ ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਕੌਂਸਲ ਮੁਸਲਿਮ ਲੀਗ ਦੀਆਂ ਦੋ ਮੈਂਬਰਸ਼ਿਪ ਨੂੰ ਹਾਸਲ ਕੀਤਾ। ਉਨ੍ਹਾਂ ਦੀ ਕੋਸ਼ਿਸ਼ ਨਾਲ ਫ਼ਾਤਿਮਾ ਜਿਨ੍ਹਾ ਸੰਯੁਕਤ ਵਿਰੋਧੀ ਪੱਖ ਦੀ ਪ੍ਰਤੀਨਿਧੀ ਦੇ ਦੌਰ 'ਤੇ ਅਯੂਬ ਖ਼ਾਨ ਖਿਲਾਫ਼ ਰਾਸ਼ਟਪਤੀ ਚੋਣ ਲੜਨ ਲਈ ਤਿਆਰ ਹੋਈ।
ਸ਼ਹਿਜ਼ਾਦੀ ਆਬਿਦਾ ਸੁਲਤਾਨ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਫ਼ਾਤਿਮਾ ਜਿਨ੍ਹਾ ਰਾਸ਼ਟਰਪਤੀ ਚੋਣ ਵਿੱਚ ਮਾਮੂਲੀ ਬਹੁਮਤ ਨਾਲ ਜਿੱਤ ਗਈ ਸੀ, ਪਰ ਉਨ੍ਹਾਂ ਦੀ ਇਸ ਜਿੱਤ ਨੂੰ ਹਾਰ ਵਿੱਚ ਬਦਲ ਦਿੱਤਾ ਗਿਆ ਸੀ।
ਉਸ ਤੋਂ ਬਾਅਦ ਕਈ ਪ੍ਰਸਤਾਵ ਦੇ ਬਾਵਜੂਦ ਸ਼ਹਿਜ਼ਾਦੀ ਨੇ ਵਿਵਹਾਰਕ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ। ਸ਼ਾਇਦ ਉਹ ਪਾਕਿਸਤਾਨ ਦੀ ਰਾਜਨੀਤੀ ਦੇ ਮਿਆਰਾਂ 'ਤੇ ਖਰੀ ਨਹੀਂ ਉਤਰਦੀ ਸੀ ਜਾਂ ਸ਼ਾਇਦ ਪਾਕਿਸਤਾਨ ਦੀ ਰਾਜਨੀਤੀ ਉਨ੍ਹਾਂ ਦੇ ਮਿਆਰਾਂ 'ਤੇ ਖਰੀ ਨਾ ਉਤਰੀ ਹੋਵੇ।
ਅੰਜੁਮ ਨਈਮ ਰਾਣਾ ਅਤੇ ਅਰਦੇਸ਼ਿਰ ਕਾਓਸ ਲਿਖਦੇ ਹਨ ਕਿ ਸ਼ਹਿਜ਼ਾਦੀ ਹਮੇਸ਼ਾ ਆਪਣੀ ਕਾਰ ਖ਼ੁਦ ਚਲਾਉਂਦੀ ਸੀ। ਇੱਕ ਵਾਰ ਜਦੋਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਦੇ ਇਲਾਜ ਲਈ ਗੁਲਸ਼ਨ-ਏ-ਇਕਬਾਲ ਜਾਣਾ ਪਿਆ ਤਾਂ ਉਹ ਆਪਣੀ ਕਾਰ ਖ਼ੁਦ ਚਲਾ ਕੇ ਗਈ ਅਤੇ ਵਾਪਸ ਵੀ ਖ਼ੁਦ ਹੀ ਚਲਾ ਕੇ ਲਿਆਈ।
ਉਨ੍ਹਾਂ ਨੇ 70 ਸਾਲ ਦੀ ਉਮਰ ਤੱਕ ਤੈਰਾਕੀ, ਟੈਨਿਸ ਅਤੇ ਨਿਸ਼ਾਨੇਬਾਜ਼ੀ ਕਰਨਾ ਜਾਰੀ ਰੱਖਿਆ। ਜੀਵਨ ਦੇ ਅੰਤਿਮ ਦਿਨਾਂ ਵਿੱਚ ਉਨ੍ਹਾਂ ਦੇ ਮੁਹੱਲੇ ਦੇ ਨੌਜਵਾਨ ਉਨ੍ਹਾਂ ਦੇ ਘਰ ਆ ਜਾਂਦੇ ਸਨ ਜਿਨ੍ਹਾਂ ਨਾਲ ਉਹ ਟੇਬਲ ਟੈਨਿਸ ਅਤੇ ਸ਼ਤਰੰਜ ਖੇਡਦੀ ਸੀ।
1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਆਪਣੀਆਂ ਡਾਇਰੀਆਂ ਦੀ ਮਦਦ ਨਾਲ ਆਪਣੀਆਂ ਯਾਦਾਂ ਨੂੰ ਲਿਖਣਾ ਸ਼ੁਰੂ ਕੀਤਾ ਜੋ ਸਨ 2002 ਵਿੱਚ ਉਨ੍ਹਾਂ ਦੀ ਮੌਤ ਤੋਂ ਸਿਰਫ਼ ਡੇਢ ਮਹੀਨਾ ਪਹਿਲਾਂ ਪੂਰੀਆਂ ਹੋਈਆਂ।
ਉਨ੍ਹਾਂ ਦੀਆਂ ਇਹ ਯਾਦਾਂ 2004 ਵਿੱਚ 'ਮੈਮੋਰੀਜ ਆਫ਼ ਏ ਰਿਬੈਲ ਪ੍ਰਿੰਸੈੱਸ' ਦੇ ਨਾਮ ਨਾਲ ਅੰਗਰੇਜ਼ੀ ਵਿੱਚ ਅਤੇ 'ਆਬਿਦਾ ਸੁਲਤਾਨ: ਇੱਕ ਇਨਕਲਾਬੀ ਸ਼ਹਿਜ਼ਾਦੀ ਦੀ ਖ਼ੁਦਨਵਿਸ਼ਤ' ਦੇ ਨਾਂ ਹੇਠ 2007 ਵਿੱਚ ਉਰਦੂ ਵਿੱਚ ਪ੍ਰਕਾਸ਼ਿਤ ਹੋਈਆਂ।
ਇਹ ਵੀ ਪੜ੍ਹੋ:
https://www.youtube.com/watch?v=YcSp-isZS4A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f27858a0-f333-4218-8a85-7f0e86e12c4a','assetType': 'STY','pageCounter': 'punjabi.international.story.57228475.page','title': 'ਆਬਿਦਾ ਸੁਲਤਾਨ: ਦੋ ਰਿਆਸਤਾਂ ਦਾ \'ਸਿੰਘਾਸਣ\' ਛੱਡ ਕੇ ਦੋ ਸੂਟ ਕੇਸਾਂ ਨਾਲ ਪਾਕਿਸਤਾਨ ਜਾਣ ਵਾਲੀ \'ਸ਼ਹਿਜ਼ਾਦੀ\'','author': 'ਅਕੀਲ ਅੱਬਾਸ ਜਾਫ਼ਰੀ ਅਤੇ ਹਸਨ ਬਿਲਾਲ ਜ਼ੈਦੀ','published': '2021-05-31T11:54:19Z','updated': '2021-05-31T11:54:19Z'});s_bbcws('track','pageView');

China : ਚੀਨ ''ਚ 2 ਬੱਚਿਆਂ ਦੀ ਨੀਤੀ ਖ਼ਤਮ, 3 ਬੱਚੇ ਜੰਮਣ ਦੀ ਮਿਲੀ ਇਜਾਜ਼ਤ
NEXT STORY