ਦੇਸ਼ ਦੇ ਕੇਰਲਾ ਸੂਬੇ 'ਚ ਪਿਛਲੇ ਲਗਭਗ 13 ਮਹੀਨਿਆਂ ਤੋਂ ਇੱਕ ਬੇਵੱਸ ਮਾਂ ਆਪਣੇ ਬੱਚੇ ਨੂੰ ਲੱਭਣ ਲਈ ਸੰਘਰਸ਼ ਕਰ ਰਹੀ ਸੀ। ਲੰਘੇ ਮੰਗਲਵਾਰ ਨੂੰ, ਆਖਿਰਕਾਰ ਉਸ ਨੂੰ ਆਪਣਾ ਬੱਚਾ ਮਿਲ ਗਿਆ।
ਪਰ ਉਨ੍ਹਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ। ਪੜ੍ਹੋ ਸੌਤਿਕ ਬਿਸਵਾਸ ਅਤੇ ਅਸ਼ਰਫ ਪਦਾਨਾਂ ਦੀ ਇਹ ਰਿਪੋਰਟ।
ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ, ਇੱਕ ਜੋੜਾ ਕੇਰਲਾ ਦੇ ਦੱਖਣੀ ਸੂਬਾਈ ਇਲਾਕੇ ਵਿੱਚ ਇੱਕ ਬੱਚਾ ਗੋਦ ਦੇਣ/ਲੈਣ ਵਾਲੀ ਏਜੰਸੀ ਬਾਹਰ ਪ੍ਰਦਰਸ਼ਨ ਕਰ ਰਿਹਾ ਹੈ। ਜੋੜੇ ਦੀ ਮੰਗ ਹੈ ਕਿ ਉਨ੍ਹਾਂ ਦਾ ਉਨ੍ਹਾਂ ਨੂੰ ਬੱਚਾ ਵਾਪਸ ਕੀਤਾ ਜਾਵੇ।
ਤੇਜ਼ ਮੀਂਹ ਤੇ ਲਿਸ਼ਕਦੇ ਕੈਮਰਿਆਂ ਵਿਚਕਾਰ, ਇਹ ਜੋੜਾ ਰਾਜਧਾਨੀ ਤਿਰੂਵਨੰਤਪੁਰਮ ਦੇ ਇੱਕ ਭੀੜ-ਭਾੜ ਭਰੇ ਇਲਾਕੇ ਵਿੱਚ ਇੱਕ ਤੰਬੂ ਹੇਠਾਂ ਬੈਠਾ ਰਹਿੰਦਾ ਹੈ ਤੇ ਰਾਤ ਪੈਣ 'ਤੇ ਨੇੜੇ ਹੀ ਖੜ੍ਹੀ ਇੱਕ ਸੁਜ਼ੂਕੀ ਮਿੰਨੀਵੈਨ ਵਿੱਚ ਚਲਾ ਜਾਂਦਾ।
ਇਹ ਵੀ ਪੜ੍ਹੋ
ਮਹਿਲਾ ਦੇ ਹੱਥ 'ਚ ਚੁੱਕੀ ਹੋਈ ਫੱਟੀ 'ਤੇ ਲਿਖਿਆ ਹੋਇਆ ਹੈ ''ਮੈਨੂੰ ਮੇਰਾ ਬੱਚਾ ਦੇ ਦਿਓ''।
ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਬਿਨਾ ਉਨ੍ਹਾਂ ਦੀ ਰਜ਼ਾਮੰਦੀ ਦੇ ਹੀ ਉਨ੍ਹਾਂ ਦਾ ਬੱਚਾ ਕਿਸੇ ਨੂੰ ਗੋਦ ਦੇਣ ਲਈ ਭੇਜ (ਏਜੰਸੀ ਕੋਲ) ਦਿੱਤਾ। ਜਦਕਿ ਮਹਿਲਾ ਦੇ ਪਿਤਾ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।
ਸੰਘਰਸ਼ ਕਰ ਰਹੀ ਇਸ ਮਹਿਲਾ ਦਾ ਨਾਂ ਅਨੁਪਮਾ ਹੈ।
ਉਹ ਕਹਿੰਦੇ ਹਨ, ''ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ। ਸਾਨੂੰ ਆਪਣਾ ਬੱਚਾ ਵਾਪਸ ਚਾਹੀਦਾ ਹੈ।''
ਕੀ ਹੈ ਪੂਰਾ ਮਾਮਲਾ?
ਲੰਘੇ ਸਾਲ 19 ਅਕਤੂਬਰ ਨੂੰ ਅਨੁਪਮਾ ਨੇ ਇੱਕ ਸਥਾਨਕ ਹਸਪਤਾਲ ਵਿੱਚ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ, ਜਿਸ ਦਾ ਭਾਰ 2 ਕਿੱਲੋ ਸੀ।
22 ਸਾਲਾ ਕਾਰਕੁਨ, ਅਨੁਪਮਾ ਅਤੇ ਉਨ੍ਹਾਂ ਦੇ 34 ਸਾਲਾ ਪੁਰਸ਼ ਮਿੱਤਰ ਅਜੀਥ ਕੁਮਾਰ ਬੇਬੀ ਲਗਭਗ ਤਿੰਨ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ ਅਤੇ ਇਸੇ ਦੌਰਾਨ ਅਨੁਪਮਾ ਗਰਭਵਤੀ ਹੋ ਗਏ। ਉਨ੍ਹਾਂ ਦੋਵਾਂ ਨੇ ਬਿਨਾਂ ਵਿਆਹ ਤੋਂ ਹੀ ਇਸ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਸੀ।
34 ਸਾਲਾ ਅਜੀਥ, ਨਿੱਜੀ ਖੇਤਰ ਵਿੱਚ ਇੱਕ ਜਨ-ਸੰਪਰਕ ਅਧਿਕਾਰੀ ਵਜੋਂ ਕੰਮ ਕਰਦੇ ਸਨ। ਜਦੋਂ ਅਨੁਪਮਾ ਗਰਭਵਤੀ ਹੋਏ ਤਾਂ ਦੋਵਾਂ ਨੇ ਇਸ ਬੱਚੇ ਨੂੰ ਦੁਨੀਆ ਵਿੱਚ ਲਿਆਉਣ ਦਾ ਫੈਸਲਾ ਲਿਆ।
ਅਨੁਪਮਾ ਦੇ ਇਸ ਅਜੀਥ ਨਾਲ ਰਿਸ਼ਤੇ ਅਤੇ ਗਰਭਵਤੀ ਹੋਣ ਦੀ ਗੱਲ ਨੇ ਉਨ੍ਹਾਂ ਦੇ ਪਰਿਵਾਰ ਵਿੱਚ ਜਿਵੇਂ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ।
ਬਿਨਾਂ ਵਿਆਹ ਦੇ ਬੱਚੇ ਨੂੰ ਜਨਮ ਦੇਣਾ ਭਾਰਤ ਵਿੱਚ ਇੱਕ ਅਜਿਹੀ ਗੱਲ ਹੈ, ਜਿਸ ਨੂੰ ਕਿਸੇ ਧੱਬੇ ਜਾਂ ਕਲੰਕ ਵਾਂਗ ਵੇਖਿਆ ਜਾਂਦਾ ਹੈ। ਨਾਲ ਹੀ ਅਨੁਪਮਾ ਇੱਕ ਉੱਚੀ ਜਾਤੀ ਨਾਲ ਸੰਬੰਧਿਤ ਹਨ ਤੇ ਅਜੀਥ ਦਲਿਤ ਭਾਈਚਾਰੇ ਨਾਲ ਸੰਬੰਧਿਤ ਹਨ, ਜਿਸ ਕਾਰਨ ਇਹ ਮਾਮਲਾ ਹੋਰ ਵੀ ਉਲਝਦਾ ਚਲਾ ਗਿਆ।
ਭਾਰਤ ਵਿੱਚ ਅਜੇ ਵੀ ਗੈਰ-ਜਾਤੀ ਵਿਆਹ ਅਤੇ ਗੈਰ-ਧਰਮ ਵਾਲੇ ਵਿਆਹ ਨੂੰ ਬਹੁਤੀ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ।
ਹਾਲਾਂਕਿ ਅਨੁਪਮਾ ਅਤੇ ਅਜੀਥ ਵਿੱਚ ਇਹ ਸਮਾਨਤਾ ਜ਼ਰੂਰ ਹੈ ਕਿ ਦੋਵੇਂ ਹੀ ਇੱਕ ਮੱਧ-ਵਰਗੀ ਪਰਿਵਾਰ ਤੋਂ ਆਉਂਦੇ ਹਨ ਅਤੇ ਦੋਵਾਂ ਦੇ ਪਰਿਵਾਰਿਕ ਮੈਂਬਰ ਸੂਬੇ ਦੀ ਸੱਤਾਧਾਰੀ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਵੱਡੇ ਸਮਰਥਕ ਹਨ।
ਅਨੁਪਮਾ ਦੇ ਪਿਤਾ ਇੱਕ ਬੈਂਕ ਮੈਨੇਜਰ ਹਨ ਅਤੇ ਉਹ ਵੀ ਪਾਰਟੀ ਦੇ ਸਥਾਨਕ ਆਗੂ ਰਹੇ ਹਨ। ਜਦਕਿ ਉਨ੍ਹਾਂ ਦੇ ਦਾਦਾ-ਦਾਦੀ ਪ੍ਰਮੁੱਖ ਟਰੇਡ ਯੂਨੀਅਨਿਸਟ ਅਤੇ ਮਿਊਂਸਿਪਲ ਕੌਂਸਲਰ ਰਹੇ ਹਨ।
ਭੌਤਿਕ ਵਿਗਿਆਨ ਵਿੱਚ ਗਰੈਜੂਏਟ ਅਨੁਪਮਾ, ਆਪਣੇ ਕਾਲਜ ਦੀ ਪਹਿਲੀ ਮਹਿਲਾ ਸੀ, ਜੋ ਕਾਲਜ ਦੀ ਸਟੂਡੈਂਟਸ ਯੂਨੀਅਨ ਆਫ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਬਣੇ ਸਨ। ਅਜਿਥ ਪਾਰਟੀ ਦੇ ਯੂਥ ਵਿੰਗ ਦੇ ਆਗੂ ਸੀ।
ਉਹ ਨੇੜੇ-ਨੇੜੇ ਰਹਿੰਦਿਆਂ ਹੀ ਵੱਡੇ ਹੋਏ ਅਤੇ ਕਮਿਊਨਿਸਟ ਪਾਰਟੀ ਲਈ ਕੰਮ ਕਾਰਨ ਦੌਰਾਨ ਇੱਕ-ਦੂਜੇ ਨੂੰ ਮਿਲੇ।
ਤਿੰਨ ਸਾਲ ਪਹਿਲਾਂ ਦੋਵਾਂ ਨੇ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ। ਅਜਿਥ ਅਨੁਸਾਰ, ਉਸ ਵੇਲੇ ਤੱਕ ਉਹ ਆਪਣੀ ਪਤਨੀ ਤੋਂ ਵੱਖ ਹੋ ਚੁਕੇ ਸਨ ਅਤੇ ਦੋਵਾਂ ਦਾ ਕੋਈ ਬੱਚਾ ਵੀ ਨਹੀਂ ਸੀ।
ਅਨੁਪਮਾ ਨੇ ਦੱਸਿਆ, ''ਇਹ ਕੋਈ ਪਹਿਲੀ ਨਜ਼ਰ 'ਚ ਪਿਆਰ ਵਾਲੀ ਗੱਲ ਨਹੀਂ ਸੀ। ਅਸੀਂ ਪਹਿਲਾਂ ਦੋਸਤ ਬਣੇ। ਫਿਰ ਬਾਅਦ ਵਿੱਚ ਅਸੀਂ ਇਕੱਠੇ ਰਹਿਣ ਦਾ ਫੈਸਲਾ ਕੀਤਾ।''
ਲੰਘੇ ਸਾਲ, ਅਨੁਪਮਾ ਗਰਭਵਤੀ ਹੋ ਗਏ ਤੇ ਦੋਵਾਂ ਨੇ ਤੈਅ ਕੀਤਾ ਕਿ ਉਹ ਇਸ ਬੱਚੇ ਨੂੰ ਦੁਨੀਆ ਵਿੱਚ ਲੈ ਕੇ ਆਉਣਗੇ।
ਅਨੁਪਮਾ ਨੇ ਦੱਸਿਆ, ''ਬੱਚਾ ਪੈਦਾ ਕਰਨ ਬਾਰੇ ਸਾਨੂੰ ਕਦੇ ਕੋਈ ਦੁਚਿੱਤੀ ਨਹੀਂ ਸੀ। ਅਸੀ ਮਾਂ-ਬਾਪ ਬਣਨ ਲਈ ਤਿਆਰ ਸੀ।''
ਆਪਣੇ ਜਣੇਪੇ (ਡਿਲੀਵਰੀ) ਤੋਂ ਲਗਭਗ ਡੇਢ ਮਹੀਨਾ ਪਹਿਲਾਂ ਅਨੁਪਮਾ ਨੇ ਇਹ ਖਬਰ ਆਪਣੇ ਘਰਦਿਆਂ ਨੂੰ ਸੁਣਾਈ, ਜਿਸ ਨੂੰ ਸੁਣ ਕੇ ਉਹ ਸਾਰੇ ਹੱਕੇ-ਬੱਕੇ ਰਹਿ ਗਏ ਸਨ।
ਉਨ੍ਹਾਂ ਨੇ ਅਨੁਪਮਾ ਨੂੰ ਗਰਭਅਵਸਥਾ ਅਤੇ ਜਣੇਪੇ ਦੀ ਤਿਆਰੀ ਲਈ ਜ਼ੋਰ ਦੇ ਕੇ ਘਰ ਵਾਪਸ ਜਾਣ ਲਈ ਮਨਾ ਲਿਆ ਅਤੇ ਅਜੀਥ ਨਾਲ ਸੰਪਰਕ ਕਰਨ ਤੋਂ ਰੋਕ ਦਿੱਤਾ।
ਜਣੇਪੇ ਤੋਂ ਬਾਅਦ ਜਦੋਂ ਅਨੁਪਮਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤਾਂ ਉਨ੍ਹਾਂ ਦੇ ਮਾਪੇ ਅਨੁਪਮਾ ਅਤੇ ਬੱਚੇ ਨੂੰ ਘਰ ਲਿਜਾਣ ਲਈ ਆਏ।
ਅਨੁਪਮਾ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਭੈਣ ਦੇ ਵਿਆਹ ਤੱਕ ਉਨ੍ਹਾਂ ਨੂੰ ਇੱਕ ਦੋਸਤ ਦੇ ਘਰ ਰੱਖਿਆ ਜਾਵੇਗਾ ਅਤੇ ਤਿੰਨ ਮਹੀਨਿਆਂ ਬਾਅਦ ਹੋਣ ਵਾਲੇ ਇਸ ਵਿਆਹ ਮਗਰੋਂ ਉਨ੍ਹਾਂ ਨੂੰ ਘਰ ਲਿਜਾਇਆ ਜਾਵੇਗਾ।
ਅਨੁਪਮਾ ਦੇ ਘਰਦਿਆਂ ਦਾ ਕਹਿਣਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਵਿਆਹ ਵਿੱਚ ਆਉਣ ਵਾਲੇ ਰਿਸ਼ਤੇਦਾਰ ਇਸ ਬੱਚੇ ਬਾਰੇ ਕੋਈ ਸਵਾਲ ਕਰਨ।
ਅਨੁਪਮਾ ਦਾਅਵਾ ਕਰਦੇ ਹਨ ਕਿ ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦੇ ਪਿਤਾ ਬੱਚੇ ਨੂੰ ਆਪਣੇ ਨਾਲ ਇੱਕ ਕਾਰ ਵਿੱਚ ਲੈ ਗਏ ਸਨ।
ਉਨ੍ਹਾਂ ਦੱਸਿਆ, ''ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਬੱਚੇ ਨੂੰ ਇੱਕ ਸੁਰੱਖਿਅਤ ਥਾਂ 'ਤੇ ਲੈ ਕੇ ਜਾ ਰਹੇ ਹਨ, ਜਿੱਥੇ ਬਾਅਦ ਵਿੱਚ ਮੈਂ ਉਸ ਨੂੰ ਮਿਲ ਸਕਾਂਗੀ।''
''ਮੇਰੇ ਜਿਗਰ ਦਾ ਟੁਕੜਾ ਗੁਆਚ ਗਿਆ।''
ਅਗਲੇ ਕੁਝ ਮਹੀਨਿਆਂ ਤੱਕ, ਉਨ੍ਹਾਂ ਨੂੰ ਦੋ ਵੱਖ-ਵੱਖ ਘਰਾਂ ਵਿੱਚ ਲਿਜਾਇਆ ਗਿਆ ਅਤੇ ਫਿਰ ਉਨ੍ਹਾਂ ਦੀ ਦਾਦੀ ਦੇ ਘਰ ਲੈ ਕੇ ਜਾਇਆ ਗਿਆ। ਇਹ ਘਰ ਸ਼ਹਿਰ ਤੋਂ ਲਗਭਗ 200 ਕਿਲੋਮੀਟਰ ਦੂਰ ਸੀ।
ਇਸ ਸਾਲ ਜਦੋਂ ਉਹ ਫਰਵਰੀ ਮਹੀਨੇ ਵਿੱਚ ਆਪਣੀ ਭੈਣ ਦੇ ਵਿਆਹ ਲਈ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਅਜੀਥ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਆਚ ਗਿਆ ਹੈ।
ਅਨੁਪਮ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇ ਬੱਚੇ ਨੂੰ ਗੋਦ ਦੇਣ ਲਈ ਭੇਜ ਦਿੱਤਾ ਸੀ।
ਆਖਿਰਕਾਰ ਮਾਰਚ ਮਹੀਨੇ 'ਚ ਅਨੁਪਮਾ ਨੇ ਆਪਣੇ ਮਾਤਾ-ਪਿਤਾ ਦਾ ਘਰ ਛੱਡ ਦਿੱਤਾ ਅਤੇ ਅਜੀਥ ਤੇ ਉਸ ਦੇ ਮਾਪਿਆਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਹੁਣ ਉਹ ਸਾਰੇ ਬੱਚੇ ਦੀ ਭਾਲ ਕਰ ਰਹੇ ਸਨ।
ਉਨ੍ਹਾਂ ਲਈ ਇਸ ਸਭ ਬਹੁਤ ਔਖਾ ਤੇ ਕਿਸੇ ਅਗਨੀ ਪ੍ਰੀਖਿਆ ਵਾਂਗ ਸੀ।
ਬੱਚਾ ‘ਲਾਪਤਾ’ ਹੋਣ ਦੀ ਪੂਰੀ ਕਹਾਣੀ
ਅਨੁਪਮਾ ਅਤੇ ਅਜੀਥ ਨੂੰ ਹਸਪਤਾਲ ਤੋਂ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਬੱਚੇ ਦੇ ਜਨਮ ਪ੍ਰਮਾਣ-ਪੱਤਰ 'ਤੇ ਪਿਤਾ ਦੇ ਨਾਮ ਵਾਲੀ ਥਾਂ ਅਜੀਥ ਦੀ ਬਜਾਏ ਕਿਸੇ ਅਣਜਾਣ ਵਿਅਕਤੀ ਦਾ ਨਾਮ ਲਿਖਿਆ ਹੋਇਆ ਹੈ।
ਸ਼ੁਰੂਆਤ ਵਿੱਚ ਪੁਲਿਸ ਨੇ ਬੱਚਾ ਲਾਪਤਾ ਹੋਣ ਦੀ ਉਨ੍ਹਾਂ ਦੀ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।
ਉਲਟਾ ਉਨ੍ਹਾਂ ਦੱਸਿਆ ਕਿ ਉਹ ਅਨੁਪਮਾ ਦੇ ਪਿਤਾ ਦੁਆਰਾ ਲਿਖਵਾਈ ਇੱਕ ਰਿਪੋਰਟ ਅਨੁਸਾਰ ਜਾਂਚ ਕਰ ਰਹੇ ਹਨ, ਜਿਸ ਵਿੱਚ ਅਨੁਪਮਾ ਦੇ ਉਨ੍ਹਾਂ ਦੇ ਪਿਤਾ ਵਾਲੇ ਘਰ ਤੋਂ 'ਲਾਪਤਾ' ਹੋਣ ਬਾਰੇ ਕਿਹਾ ਗਿਆ ਹੈ।
ਫਿਰ ਅਗਸਤ ਮਹੀਨੇ ਵਿੱਚ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਅਨੁਪਮਾ ਨੇ ਆਪ ਆਪਣਾ ਬੱਚਾ ਗੋਦ ਦੇਣ ਦਾ ਫੈਸਲਾ ਕੀਤਾ ਸੀ।ਇਹ ਸੁਣ ਕੇ ਅਨੁਪਮਾ ਅਤੇ ਅਜੀਥ ਹੈਰਾਨ ਰਹਿ ਗਏ।
ਅਨੁਪਮਾ ਦੇ ਪਿਤਾ ਐੱਸ ਜਯਾਚੰਦਰਨ
ਸਿਆਸੀ ਦਖ਼ਲ ਨਾਲ ਕੀ ਹੋਇਆ
ਪਰੇਸ਼ਾਨ ਹੋਏ ਜੋੜੇ ਨੇ ਸੱਤਾਧਾਰੀ ਪਾਰਟੀ, ਮੁੱਖ ਮੰਤਰੀ, ਬੱਚਾ ਗੋਦ ਦੇਣ/ਲੈਣ ਵਾਲੀ ਏਜੰਸੀ ਅਤੇ ਸੂਬੇ ਦੇ ਪੁਲਿਸ ਪ੍ਰਮੁੱਖ ਕੋਲ ਸ਼ਿਕਾਇਤ ਦਰਜ ਕਰਵਾਈ।
ਨਾਲ ਹੀ ਉਨ੍ਹਾਂ ਨੇ ਸੂਬੇ ਦੇ ਸੱਭਿਆਚਾਰ ਬਾਰੇ ਮੰਤਰੀ ਸਾਜੀ ਚੇਰਿਅਨ ਖਿਲਾਫ਼ ਅਨੁਪਮਾ ਨੂੰ ਬਦਨਾਮ ਕਰਨ ਦੀ ਵੀ ਸ਼ਿਕਾਇਤ ਦਰਜ ਕਰਵਾਈ, ਕਿਉਂਕਿ ਉਨ੍ਹਾਂ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਸੀ ਕਿ ''ਹਰ ਕੋਈ ਉਹੀ ਕਰੇਗਾ ਜੋ ਉਸ ਦੇ ਮਾਪਿਆਂ ਨੇ ਕੀਤਾ ਹੈ।''
ਲੰਘੇ ਮਹੀਨੇ, ਅਨੁਪਮਾ ਅਤੇ ਅਜੀਥ ਨਿਊਜ਼ ਨੈਟਵਰਕਾਂ ਕੋਲ ਵੀ ਗਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਅਨੁਭਵ ਸਾਂਝਾ ਕੀਤੇ।
ਆਖਿਰਕਾਰ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੇ ਮਾਮਲੇ ਵਿੱਚ ਦਖ਼ਲ ਦਿੱਤਾ। ਵਿਰੋਧੀ ਧਿਰ ਦੇ ਆਗੂਆਂ ਨੇ ਵਿਧਾਨ ਸਭਾ 'ਚ ਇਹ ਕਹਿੰਦੇ ਹੋਏ ਹੰਗਾਮਾ ਕੀਤਾ ਕਿ ਇਹ ''ਆਨਰ ਕ੍ਰਾਇਮ'' ਦੀ ਇੱਕ ਉਦਾਹਰਣ ਹੈ।
ਵਿਰੋਧੀ ਧਿਰ ਦੇ ਵਿਧਾਨ ਸਭਾ ਦੇ ਮਹਿਲਾ ਮੈਂਬਰ ਕੇਕੇ ਰੀਮਾ ਨੇ ਕਿਹਾ, ''ਇਹ ਸਟੇਟ ਮਸ਼ੀਨਰੀ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਇੱਕ ਆਨਰ ਕ੍ਰਾਇਮ ਹੈ।
ਅਨੁਪਮਾ ਦੇ ਪਿਤਾ ਐਸ ਜਯਾਚੰਦਰਨ ਆਪਣਾ ਬਚਾਅ ਕਰ ਰਹੇ ਹਨ। ਉਨ੍ਹਾਂ ਨੇ ਇੱਕ ਨਿਊਜ਼ ਨੈਟਵਰਕ ਨੂੰ ਕਿਹਾ, ''ਜਦੋਂ ਸਾਡੇ ਘਰ ਵਿੱਚ ਕੁਝ ਅਜਿਹਾ ਹੁੰਦਾ ਹੈ, ਅਸੀਂ ਇਸ ਨੂੰ ਕਿਵੇਂ ਸੰਭਾਲਦੇ ਹਾਂ? ਮੈਂ ਬੱਚੇ ਨੂੰ ਉਸ ਥਾਂ ਛੱਡਿਆ ਜਿੱਥੇ ਅਨੁਪਮਾ ਉਸ ਨੂੰ ਚਾਹੁੰਦੀ ਸੀ। ਉਸ ਕੋਲ ਬੱਚੇ ਦੀ ਸੁਰੱਖਿਆ ਦਾ ਕੋਈ ਤਰੀਕਾ ਨਹੀਂ ਸੀ। ਅਸੀਂ ਵੀ ਅਜਿਹਾ ਨਹੀਂ ਕਰ ਸਕਦੇ ਸੀ।''
''ਅਨੁਪਮਾ ਨੇ ਕਿਹਾ ਕਿ ਬੱਚੇ ਦਾ ਪਿਤਾ ਇੱਕ ਅਜਿਹਾ ਵਿਅਕਤੀ ਹੈ, ਜਿਸਦੀ ਇੱਕ ਪਤਨੀ ਹੈ। ਮੈਂ ਆਪਣੀ ਧੀ ਅਤੇ ਉਸ ਦੇ ਬੱਚੇ ਨੂੰ ਅਜਿਹੇ ਆਦਮੀ ਨਾਲ ਕਿਵੇਂ ਛੱਡ ਸਕਦਾ ਹਾਂ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਅਨੁਪਮਾ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ। ਇਸ ਲਈ ਮੈਂ ਬੱਚੇ ਨੂੰ ਇੱਕ ਅਡੌਪਸ਼ਨ ਏਜੰਸੀ ਨੂੰ ਸੌਂਪ ਦਿੱਤਾ, ਜੋ ਉਸਦਾ ਧਿਆਨ ਰੱਖ ਸਕੇ।''
ਜਯਾਚੰਦਰਨ ਹੈਰਾਨੀ ਜਤਾਉਂਦੇ ਹਨ ਕਿ ਪਰਿਵਾਰ ਇੱਕ ''ਨਾਜਾਇਜ਼ ਬੱਚੇ'' ਨੂੰ ਕਿਵੇਂ ਰੱਖ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਅਤੇ ਵਕੀਲ ਤੋਂ ਰਾਏ ਲੈਣ ਤੋਂ ਬਾਅਦ ਹੀ ਬੱਚੇ ਨੂੰ ਏਜੰਸੀ ਨੂੰ ਸੌਂਪਿਆ ਸੀ।
ਨਿਊਜ਼ ਐਂਕਰ ਦੇ ਇਹ ਪੁੱਛਣ 'ਤੇ ਕਿ ਕੀ ਉਹ ਆਪਣੀ ਧੀ ਨੂੰ ਕੁਝ ਕਹਿਣਾ ਚਾਹੁੰਦੇ ਹਨ, ਉਨ੍ਹਾਂ ਕਿਹਾ: ''ਮੈਂ ਉਸਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ।''
ਇਸ ਸਾਰੇ ਹੰਗਾਮੇ ਨੂੰ ਦੇਖਦਿਆਂ, ਪੁਲਿਸ ਨੇ ਛੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਅਨੁਪਮਾ ਦੇ ਮਾਤਾ-ਪਿਤਾ, ਭੈਣ ਅਤੇ ਜੀਜਾ ਵੀ ਸ਼ਾਮਲ ਹਨ।
ਉਨ੍ਹਾਂ ਉੱਤੇ ਗਲਤ ਤਰੀਕੇ ਨਾਲ ਕੈਦ ਕਰਨ, ਅਗਵਾ ਕਰਨ ਅਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਹਨ: ਉਨ੍ਹਾਂ ਸਾਰਿਆਂ ਨੇ ਹੀ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਮਾਮਲੇ ਵਿੱਚ ਅਦਾਲਤ ਨੇ ਇੱਕ ਬੱਚੇ ਦਾ ਡੀਐਨਏ ਟੈਸਟ ਕਰਨ ਲਈ ਆਦੇਸ਼ ਦਿੱਤਾ। ਇਸ ਬੱਚੇ ਨੂੰ ਇਸੇ ਸਾਲ ਅਗਸਤ ਮਹੀਨੇ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਜੋੜੇ ਦੁਆਰਾ ਗੋਦ ਲਿਆ ਗਿਆ ਸੀ।
ਬੱਚੇ ਨੂੰ ਇਸ ਜੋੜੇ ਤੋਂ ਵਾਪਸ ਲੈ ਲਿਆ ਗਿਆ ਤੇ ਮੁੜ ਤਿਰੂਵਨੰਤਪੁਰਮ ਲਿਆਂਦਾ ਗਿਆ।
ਮੰਗਲਵਾਰ ਦੀ ਸ਼ਾਮ ਅਨੁਪਮਾ ਅਤੇ ਅਜੀਥ ਨੂੰ ਦੱਸਿਆ ਗਿਆ ਕਿ ਬੱਚੇ ਦਾ ਡੀਐਨਏ ਉਨ੍ਹਾਂ ਨਾਲ ਮੇਲ ਖਾ ਗਿਆ ਹੈ।
ਆਖਿਰਕਾਰ ਉਨ੍ਹਾਂ ਦੋਵਾਂ ਨੇ ਇੱਕ ਚੈਰਿਟੀ ਹੋਮ ਵਿੱਚ ਆਪਣੇ ਬੱਚੇ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਅੰਦੋਲਨ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਬੱਚੇ ਦੀ ''ਤਸਕਰੀ'' ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ।
ਅਦਾਲਤ ਬੁੱਧਵਾਰ ਨੂੰ ਡੀਐਨਏ ਦੀ ਰਿਪੋਰਟ ਸੁਣ ਸਕਦੀ ਹੈ ਅਤੇ ਫਿਰ ਇਸ 'ਤੇ ਆਪਣਾ ਫੈਸਲਾ ਸੁਣਾਵੇਗੀ।
ਬੱਚੇ ਦੀ ਮਾਂ ਅਨੁਪਮਾ ਨੇ ਬੀਬੀਸੀ ਨੂੰ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਬੱਚਾ ਜਲਦੀ ਮਿਲ ਜਾਵੇ।''
ਇਸ ਜੋੜੇ ਦਾ ਕਹਿਣਾ ਹੈ ਕਿ ਇਹ ਸਾਲ ਉਨ੍ਹਾਂ ਲਈ ਬਹੁਤ ਔਖਾ ਰਿਹਾ। ਅਨੁਪਮਾ ਆਪਣੇ ਬੱਚੇ ਲਈ ਬਹੁਤ ਜ਼ਿਆਦਾ ਚਿੰਤਤ ਸਨ ਜੋ ਕਿ ਹੁਣ ਇੱਕ ਸਾਲ ਤੋਂ ਵੀ ਵੱਡਾ ਹੋ ਗਿਆ ਹੈ।
ਉਹ ਸਵਾਲ ਕਰਦੇ ਹਨ, ''ਕੀ ਇਹ ਮੇਰਾ ਹੱਕ ਨਹੀਂ ਹੈ ਕਿ ਮੈਂ ਇਹ ਚੋਣ ਕਰਾਂ ਕਿ ਮੈਂ ਕਿਸ ਨਾਲ ਰਹਿਣਾ ਹੈ ਤੇ ਬੱਚਾ ਪੈਦਾ ਕਰਨਾ ਹੈ?''
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b3e05df5-8df2-4291-bd72-f246c183ff92','assetType': 'STY','pageCounter': 'punjabi.india.story.59403820.page','title': '13 ਮਹੀਨਿਆਂ ਤੋਂ ਆਪਣੇ ਹੀ ਬੱਚੇ ਲਈ ਮਾਪਿਆਂ ਤੇ ਸਰਕਾਰ ਨਾਲ ਟੱਕਰ ਲੈਣ ਵਾਲੀ ਮਾਂ ਦੀ ਕਹਾਣੀ','published': '2021-11-25T02:27:54Z','updated': '2021-11-25T02:28:15Z'});s_bbcws('track','pageView');

ਕਿਸਾਨ ਅੰਦੋਲਨ: ਚੀਨੀ ਮੀਡੀਆ ਨੇ ਕਿਹਾ ਫੌਜੀ ਤਾਕਤ ਵਧਾਉਣ ਤੋਂ ਪਹਿਲਾਂ ਭਾਰਤ ਨੂੰ ਕਿਸਾਨਾਂ ਬਾਰੇ ਸੋਚਣਾ...
NEXT STORY