ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਸੀਜ਼ਨ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਪਰ ਸੂਬਾ ਸਰਕਾਰ ਚਾਹੁੰਦੀ ਹੈ ਇਸ ਵਾਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ ਪ੍ਰਣਾਲੀ) ਕਰਨ।
ਸੂਬਾ ਸਰਕਾਰ ਨੇ ਐਲਾਨ ਕੀਤਾ ਕਿ ਜੋ ਵੀ ਕਿਸਾਨ ਇਸ ਵਿਧੀ ਰਾਹੀਂ ਫ਼ਸਲ ਦੀ ਬਿਜਾਈ ਕਰੇਗਾ ਉਸ ਨੂੰ 1500 ਰੁਪਏ ਪ੍ਰਤੀ ਏਕੜ ਮਿਲੇਗਾ।
ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਅਤੇ ਝੋਨੇ ਦੀ ਖੇਤੀ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਵਰਤੋ ਹੁੰਦੀ ਹੈ। ਇਸ ਲਈ ਸਰਕਾਰ ਪਾਣੀ ਦੀ ਬੱਚਤ ਦੇ ਲਈ ਸਿੱਧੀ ਬਿਜਾਈ ਉੱਤੇ ਜ਼ਿਆਦਾ ਜ਼ੋਰ ਦੇ ਰਹੀ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨੇ ਦੀ ਬਿਜਾਈ ਦੀ ਸ਼ੁਰੂਆਤ 20 ਮਈ ਤੋਂ ਕਰਨ ਲਈ ਕਿਹਾ ਹੈ।
ਡੀਐਸਆਰ ਪ੍ਰਣਾਲੀ ਅਤੇ ਰਵਾਇਤੀ ਢੰਗ ਵਿੱਚ ਕੀ ਹੈ ਫ਼ਰਕ
ਝੋਨੇ ਦੀ ਸਿੱਧੀ ਬਿਜਾਈ ਦੌਰਾਨ, ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਦੇ ਉਲਟ ਆਮ ਫ਼ਸਲਾਂ ਵਾਂਗ ਮਸ਼ੀਨ ਰਾਹੀਂ ਝੋਨੇ ਦਾ ਬੀਜ ਸਿੱਧਾ ਖੇਤ ਵਿੱਚ ਬੀਜਿਆ ਜਾਂਦਾ ਹੈ।
ਬਿਜਾਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਪਾਣੀ ਇੱਕ ਥਾਂ ਉੱਤੇ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ।
ਜੇਕਰ ਗੱਲ ਹੁਣ ਝੋਨੇ ਦੀ ਬਿਜਾਈ ਦੇ ਰਵਾਇਤੀ ਢੰਗ ਦੀ ਕਰੀਏ ਤਾਂ ਇਸ ਦੇ ਲਈ ਪਹਿਲਾਂ ਕਿਸਾਨ ਨੂੰ ਝੋਨੇ ਦੀ ਪਨੀਰੀ ਬੀਜਣੀ ਪੈਂਦੀ ਹੈ, ਅਤੇ ਫਿਰ 20-25 ਦਿਨਾਂ ਬਾਅਦ ਪੈਦਾ ਹੋਈ ਪਨੀਰੀ ਨੂੰ ਵੱਡੇ ਖੇਤ ਵਿੱਚ ਮਜ਼ਦੂਰਾਂ ਵੱਲੋਂ ਇੱਕ ਇੱਕ ਬੂਟਾ ਕਰ ਕੇ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ:
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 'ਲੱਕੀ ਸੀਡ ਡਰਿੱਲ' ਮਸ਼ੀਨ ਤਿਆਰ ਕੀਤੀ ਗਈ ਹੈ ਜਿਸ ਵਿਚ ਬੀਜ ਅਤੇ ਨਦੀਨਨਾਸ਼ਕ ਦਾ ਸਪਰੇਅ ਨਾਲੋ-ਨਾਲ ਖੇਤ ਵਿਚ ਕੀਤਾ ਜਾ ਸਕਦਾ ਹੈ
ਜਦਕਿ ਡੀਐਸਆਰ ਵਿੱਚ ਅਜਿਹਾ ਕਰਨ ਦੀ ਲੋੜ ਨਹੀਂ ਕਿਉਂਕਿ ਬਿਜਾਈ ਸਿੱਧੀ ਖੇਤ ਵਿੱਚ ਹੀ ਕਰ ਦਿੱਤੀ ਜਾਂਦੀ ਹੈ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 'ਲੱਕੀ ਸੀਡ ਡਰਿੱਲ' ਮਸ਼ੀਨ ਤਿਆਰ ਕੀਤੀ ਗਈ ਹੈ ਜਿਸ ਵਿੱਚ ਬੀਜ ਅਤੇ ਨਦੀਨਨਾਸ਼ਕ ਦਾ ਸਪਰੇਅ ਨਾਲੋ-ਨਾਲ ਖੇਤ ਵਿੱਚ ਕੀਤਾ ਜਾ ਸਕਦਾ ਹੈ।
ਸਵਾਲ ਹੁਣ ਇਹ ਹੈ ਕਿ ਡੀਐਸਆਰ ਪ੍ਰਣਾਲੀ ਉੱਤੇ ਆਖ਼ਰਕਾਰ ਪੰਜਾਬ ਇੰਨਾ ਜ਼ੋਰ ਕਿਉਂ ਦੇ ਰਿਹਾ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਨਾਲ।
ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ-
ਸਵਾਲ - ਕੀ ਝੋਨੇ ਦੀ ਸਿੱਧੀ ਬਿਜਾਈ ਹੁਣ ਪੰਜਾਬ ਦੀ ਮਜਬੂਰੀ ਬਣ ਗਈ ਹੈ?
ਜਵਾਬ - ਦੇਖੋ ਝੋਨਾ ਪੰਜਾਬ ਦੀ ਫ਼ਸਲ ਨਹੀਂ ਹੈ ਪਰ ਇਹ ਸੂਬੇ ਵਿੱਚ 30 ਤੋਂ 31 ਲੱਖ ਹੈਕਟੇਅਰ ਵਿੱਚ ਬੀਜਿਆ ਜਾਂਦਾ ਹੈ।
ਜਦੋਂ ਇਹ ਪੰਜਾਬ ਵਿੱਚ ਲਾਉਣਾ ਸ਼ੁਰੂ ਹੋਇਆ ਤਾਂ ਖੜ੍ਹੇ ਪਾਣੀ ਵਿੱਚ ਇਸ ਨੂੰ ਲਗਾਉਣ ਦੀ ਤਕਨੀਕ ਵਿਕਸਤ ਕੀਤੀ ਗਈ ਪਰ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦੇ ਜ਼ਮੀਨਦੋਜ਼ ਪਾਣੀ ਨੂੰ ਹੋਇਆ ਜਿਸ ਦਾ ਪੱਧਰ ਲਗਾਤਾਰ ਨੀਚੇ ਜਾਣਾ ਸ਼ੁਰੂ ਹੋ ਗਿਆ।
ਸਥਿਤੀ ਇਹ ਹੋ ਗਈ ਕਿ ਪੰਜਾਬ ਦੇ 132 ਬਲਾਕਾਂ ਵਿੱਚੋਂ 108 ਬਲਾਕਾਂ ਰੈੱਡ ਜ਼ੋਨ ਵਿੱਚ ਚੱਲੇ ਗਏ ਹਨ ਯਾਨੀ ਜ਼ਮੀਨਦੋਜ਼ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਥੱਲੇ ਚਲਿਆ ਗਿਆ ਹੈ।
ਸੈਂਟਰ ਗਰਾਂਊਡ ਵਾਟਰ ਦੀ 2019 ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਸਿਰਫ਼ ਅਗਲੇ 17 ਸਾਲਾਂ ਦਾ ਜ਼ਮੀਨੀ ਪਾਣੀ ਬਚਿਆ ਹੈ ਅਤੇ ਜੋ ਪਾਣੀ ਕੱਢਿਆ ਜਾ ਰਿਹਾ ਹੈ ਉਸ ਵਿੱਚੋਂ 90 ਫ਼ੀਸਦੀ ਪਾਣੀ ਖੇਤੀਬਾੜੀ ਵਿੱਚ ਵਰਤਿਆ ਜਾ ਰਿਹਾ ਹੈ।
''ਰਿਪੋਰਟ ਵਿੱਚ ਪਹਿਲੀ ਵਾਰ ਪੰਜਾਬ ਦੇ ਜ਼ਮੀਨਦੋਜ਼ ਪਾਣੀ ਦਾ ਅੰਦਾਜ਼ਾ ਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਥੱਲੇ 320 ਬਿਲੀਅਨ ਕਿਊਬਿਕ ਲੀਟਰ ਪਾਣੀ ਹੈ ਅਤੇ ਤੁਸੀਂ ਹਰ ਸਾਲ 37 ਬਿਲੀਅਨ ਕਿਊਬਿਕ ਲੀਟਰ ਪਾਣੀ ਬਾਹਰ ਕੱਢਦੇ ਹੋ।
ਇਸ ਦੇ ਮੁਕਾਬਲੇ ਹਰ ਸਾਲ ਸਿਰਫ਼ ਵੀਹ ਬਿਲੀਅਨ ਕਿਊਬਿਕ ਲੀਟਰ ਪਾਣੀ ਹੀ ਜ਼ਮੀਨ ਵਿੱਚ ਵਾਪਸ ਰੀਚਾਰਜ ਹੋ ਰਿਹਾ ਹੈ। ਇਸ ਤਰ੍ਹਾਂ ਅਸੀਂ 14 ਬਿਲੀਅਨ ਕਿਊਬਿਕ ਪਾਣੀ ਜ਼ਿਆਦਾ ਧਰਤੀ ਵਿੱਚੋਂ ਕੱਢ ਰਹੇ ਹਾਂ।''
ਉਨ੍ਹਾਂ ਨੇ ਦੱਸਿਆ ਕਿ ਪਾਣੀ ਨੂੰ ਲੈ ਕੇ ਪੰਜਾਬ ਬਹੁਤ ਨਾਜ਼ੁਕ ਦੌਰ ਉੱਤੇ ਖੜ੍ਹਾ ਹੈ ਇਸ ਕਰ ਕੇ ਖੇਤੀ ਵਿਗਿਆਨੀਆਂ ਨੇ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਦਾ ਤਰੀਕਾ ਈਜਾਦ ਕੀਤਾ ਹੈ ਜਿਸ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ।
ਸਵਾਲ - ਸਿੱਧੀ ਬਿਜਾਈ ਪ੍ਰਣਾਲੀ ਆਖ਼ਰਕਾਰ ਹੈ ਕੀ?
ਉੱਤਰ -ਪੰਜਾਬ ਵਿੱਚ 2006 ਵਿੱਚ ਹੀ ਸਿੱਧੀ ਬਿਜਾਈ ਉੱਤੇ ਕੰਮ ਸ਼ੁਰੂ ਹੋ ਗਿਆ ਸੀ ਅਤੇ 2013 ਤੱਕ ਇਸ ਵਿੱਚ ਕਈ ਸਮੱਸਿਆ ਸਾਹਮਣੇ ਆਈਆਂ ਜਿਸ ਵਿੱਚੋਂ ਪ੍ਰਮੁੱਖ ਸੀ ਫ਼ਸਲ ਵਿੱਚ ਨਦੀਨਾਂ ਦਾ ਹੋਣਾ।
ਉਸ ਸਮੇਂ ਜੋ ਵੀ ਨਦੀਨ ਨਾਸ਼ਕ ਸਨ ਉਹ ਖੜ੍ਹੇ ਪਾਣੀ ਵਿੱਚ ਕੰਮ ਕਰਦੇ ਸਨ ਸੁੱਕੇ ਵਿੱਚ ਨਹੀਂ। ਦੂਜੀ ਦਿੱਕਤ ਖੇਤਾਂ ਦਾ ਪੱਧਰਾ ਨਾ ਹੋਣਾ ਜਿਸ ਕਾਰਨ ਪਾਣੀ ਇੱਕ ਥਾਂ ਉੱਤੇ ਜ਼ਿਆਦਾ ਖੜਾ ਹੋ ਜਾਂਦਾ ਸੀ ਅਤੇ ਦੂਜੀ ਥਾਂ ਉੱਤੇ ਘੱਟ।
ਇਸ ਕਰ ਕੇ ਕੁਝ ਥਾਵਾਂ ਉੱਤੇ ਪਹਿਲਾਂ ਜ਼ਮੀਨਾਂ ਪੱਧਰੀਆਂ ਕੀਤੀ ਗਈਆਂ ਅਤੇ ਫਿਰ ਨਦੀਨ ਨਾਸ਼ਕ ਤਿਆਰ ਕੀਤੇ ਗਏ।
2018 ਵਿੱਚ ਪਹਿਲੀ ਵਾਰ ਪੰਜਾਬ ਵਿੱਚ 10,000 ਏਕੜ ਵਿੱਚ ਡੀਐਸਆਰ ਤਕਨੀਕ ਲਾਂਚ ਕੀਤੀ ਗਈ ਜਿਸ ਦੇ ਨਤੀਜੇ ਕਾਫ਼ੀ ਚੰਗੇ ਆਏ।
2020 ਦੇ ਵਿੱਚ ਕਿਸਾਨਾਂ ਨੇ ਇਸ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਅਤੇ ਪੰਜ ਲੱਖ ਹੈਕਟੇਅਰ ਵਿੱਚ ਡੀਐਸਆਰ ਪ੍ਰਣਾਲੀ ਰਾਹੀਂ ਝੋਨੇ ਦੀ ਬਿਜਾਈ ਕੀਤੀ ਗਈ ਅਤੇ 2021 ਦੇ ਵਿੱਚ ਇਹ ਅੰਕੜਾ ਛੇ ਲੱਖ ਹੈਕਟੇਅਰ ਤੱਕ ਪਹੁੰਚ ਗਿਆ।
ਸਵਾਲ - ਫਿਰ ਕਿਸਾਨ ਇਸ ਨੂੰ ਵੱਡੇ ਪੱਧਰ ਉੱਤੇ ਕਿਉਂ ਨਹੀਂ ਅਪਣਾ ਰਹੇ?
ਜਵਾਬ- ਪੰਜਾਬ ਦਾ ਕਿਸਾਨ ਪਿਛਲੇ 30-35 ਸਾਲਾਂ ਤੋਂ ਝੋਨੇ ਲਈ ਜੋ ਤਰੀਕਾ ਅਪਣਾ ਰਿਹਾ ਹੈ ਉਹ ਇਕਦਮ ਬਦਲ ਨਹੀਂ ਸਕਦਾ, ਇਸ ਨੂੰ ਵਕਤ ਲੱਗੇਗਾ ਕਿਉਂਕਿ ਦੂਜੀ ਗੱਲ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਖੇਤੀ ਵਿੱਚ ਨਵੇਂ ਤਜਰਬੇ ਕਰਨ ਦੀ ਫ਼ਿਲਹਾਲ ਨਹੀਂ ਹੈ।
ਖੇਤੀਬਾੜੀ ਸਿਰਫ਼ ਅਨਾਜ ਪੈਦਾ ਕਰਨ ਦਾ ਤਰੀਕਾ ਨਹੀਂ ਹੈ ਸਗੋਂ ਇੱਕ ਸਭਿਆਚਾਰ ਹੈ ਜਿਸ ਵਿੱਚ ਕਿਸਾਨ ਪਹਿਲਾਂ ਕਿਸੇ ਤਕਨੀਕ ਨੂੰ ਸਿੱਖਦਾ ਹੈ ਅਤੇ ਫਿਰ ਹੌਲੀ-ਹੌਲੀ ਵਰਤਦਾ ਹੈ।
ਇਸ ਤੋਂ ਇਲਾਵਾ ਪੰਜਾਬ ਵਿੱਚ 30 ਤੋਂ 35 ਫ਼ੀਸਦੀ ਕਿਸਾਨ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਦੇ ਹਨ ਜੋ ਬਿਲਕੁਲ ਵੀ ਰਿਸਕ ਨਹੀਂ ਲੈ ਸਕਦੇ।
ਇਸ ਕਰ ਕੇ ਕਿਸਾਨ ਸਾਰੀ ਜ਼ਮੀਨ ਵਿੱਚ ਡੀਐਸਆਰ ਤਕਨੀਕ ਅਪਣਾਉਣ ਦੀ ਥਾਂ 20-25 ਫ਼ੀਸਦੀ ਜ਼ਮੀਨ ਵਿੱਚ ਸਿੱਧੀ ਬਿਜਾਈ ਕਰਨ। ਇਸ ਨਾਲ ਉਨ੍ਹਾਂ ਨੂੰ ਤਜਰਬਾ ਵੀ ਹੋਵੇਗਾ ਅਤੇ ਉਹ ਅਗਲੀ ਵਾਰ ਇਸ ਨੂੰ ਵੱਡੇ ਪੱਧਰ ਉੱਤੇ ਅਪਣਾਉਣਗੇ।
ਵੀਡੀਓ: ਝੋਨੇ ਦੇ ਸਿੱਧੀ ਬਿਜਾਈ ਬਾਰੇ ਉਗਰਾਹਾਂ ਕੀ ਕਹਿੰਦੇ
ਸਵਾਲ - ਕੀ ਸਿੱਧੀ ਬਿਜਾਈ ਲਈ ਪੰਜਾਬ ਵਿੱਚ ਮਸ਼ੀਨਰੀ ਦਾ ਢਾਂਚਾ ਹੈ?
ਜਵਾਬ - ਸਿੱਧੀ ਬਿਜਾਈ ਦੇ ਲਈ ਦੋ ਚੀਜ਼ਾਂ ਦੀ ਲੋੜ ਹੈ।
ਪਹਿਲੀ ਬਿਜਾਈ ਲਈ ਮਸ਼ੀਨ, ਜਿਸ ਨੂੰ ਕਿ ਖੇਤੀਬਾੜੀ ਯੂਨੀਵਰਸਿਟੀ ਨੇ (ਲੱਕੀ ਸੀਡਰ) ਤਿਆਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਾਰਕੀਟ ਵਿੱਚ ਵੀ ਮਸ਼ੀਨਾਂ ਉਪਲਬਧ ਹਨ।
ਦੂਜਾ ਇੱਕ ਏਕੜ ਵਿੱਚ ਝੋਨਾ ਲਗਾਉਣ ਦੇ ਲਈ ਪੰਜ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਜਦਕਿ ਇੱਕ ਮਸ਼ੀਨ ਇੱਕ ਦਿਨ ਵਿੱਚ ਕਈ ਏਕੜ ਵਿੱਚ ਝੋਨੇ ਦੀ ਬਿਜਾਈ ਕਰ ਸਕਦੀ ਹੈ ਜਿਸ ਨਾਲ ਪੈਸੇ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ।
ਸਵਾਲ - ਜ਼ਮੀਨ ਪੱਧਰੀ ਕਰਨ ਵਿੱਚ ਕਿਸਾਨ ਦਾ ਖਰਚਾ ਨਹੀਂ ਹੋਵੇਗਾ?
ਜਵਾਬ - ਡੀਐਸਆਰ ਦੀ ਥਾਂ ਝੋਨੇ ਦੀ ਖੇਤੀ ਰਵਾਇਤੀ ਢੰਗ ਨਾਲ ਕਰਨ ਵਿੱਚ ਜ਼ਿਆਦਾ ਖਰਚਾ ਹੈ। ਪਹਿਲਾਂ ਜ਼ਮੀਨ ਵਿੱਚ ਕੱਦੂ ਕੀਤਾ ਜਾਵੇਗਾ ਫਿਰ ਡੀਜ਼ਲ ਰਾਹੀਂ ਖੇਤ ਵਿੱਚ ਪਾਣੀ ਪਾਇਆ ਜਾਵੇਗਾ ਅਤੇ ਫਿਰ ਲੇਬਰ ਦਾ ਖਰਚਾ ਜਦੋਂ ਕਿ ਡੀ ਐੱਸ ਆਰ ਵਿੱਚ ਇਹ ਸਾਰਾ ਖਰਚਾ ਬਚਦਾ ਹੈ।
ਜੇਕਰ ਪ੍ਰਤੀ ਏਕੜ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਨੂੰ ਚਾਰ ਤੋਂ ਪੰਜ ਹਜ਼ਾਰ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ ਅਤੇ ਜੇਕਰ ਸਰਕਾਰ 1500 ਰੁਪਏ ਪ੍ਰਤੀ ਏਕੜ ਦਿੰਦੀ ਤਾਂ ਇਸ ਨਾਲ ਕਿਸਾਨ ਨੂੰ ਆਰਥਿਕ ਤੌਰ ਉੱਤੇ ਬਹੁਤ ਫ਼ਾਇਦਾ ਹੋਵੇਗਾ।
ਪੰਜਾਬ ਵਿੱਚੋਂ ਝੋਨਾ ਬਾਹਰ ਕਰਨ ਨਾਲੋਂ ਸਗੋਂ ਇਸ ਦੀ ਬਿਜਾਈ ਦੀ ਤਕਨੀਕ ਵਿੱਚ ਬਦਲਾਅ ਕਰਨ ਦੀ ਲੋੜ ਹੈ।
ਕਿਸਾਨਾਂ ਦਾ ਤਜਰਬਾ
ਮੁਹਾਲੀ ਜ਼ਿਲ੍ਹੇ ਦੇ ਪਿੰਡ ਰਸਨਹੇੜੀ ਦੇ ਕਿਸਾਨ ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਫ਼ਸਲ ਪੈਦਾ ਕਰ ਰਹੇ ਹਨ।
ਸ਼ੁਰੂ ਵਿੱਚ ਕਾਫ਼ੀ ਦਿੱਕਤਾਂ ਆਈਆਂ ਪਰ ਹੁਣ ਸਥਿਤੀ ਠੀਕ ਹੈ। ਉਨ੍ਹਾਂ ਨੇ ਆਖਿਆ ਕਿ ਇਸ ਪ੍ਰਣਾਲੀ ਵਿੱਚ ਸਭ ਤੋਂ ਵੱਡੀ ਦਿੱਕਤ ਨਦੀਨ ਦੀ ਹੈ, ਉਸ ਲਈ ਮਾਰਕੀਟ ਵਿੱਚ ਦਵਾਈਆਂ ਉਪਲਬਧ ਹਨ।
ਵੀਡੀਓ: ਝੋਨੇ ਦੀ ਸਿੱਧੀ ਬਿਜਾਈ ਦਾ ਪੰਜਾਬ ਦੇ ਕਿਸਾਨਾਂ ਕੀ ਫ਼ਾਇਦਾ
ਉਨ੍ਹਾਂ ਨੇ ਆਖਿਆ ਕਿ ਡੀਐਸਆਰ ਤਕਨੀਕ ਰਾਹੀਂ ਪ੍ਰਤੀ ਏਕੜ ਅੱਠ ਤੋਂ ਦਸ ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜਦੋਂਕਿ ਕੱਦੂ ਰਾਹੀਂ 18 ਤੋਂ 20 ਹਜ਼ਾਰ ਰੁਪਏ ਏਕੜ ਖਰਚਾ ਆਉਂਦਾ ਹੈ।
ਉਨ੍ਹਾਂ ਨੇ ਆਖਿਆ ਕਿ ਡੀਐਸਆਰ ਨਾਲ ਪਾਣੀ ਦੀ ਬੱਚਤ ਵੀ ਕਾਫ਼ੀ ਹੁੰਦੀ ਹੈ। ਝਾੜ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਮੌਸਮ ਅਤੇ ਤਜਰਬੇ ਉੱਤੇ ਨਿਰਭਰ ਕਰਦਾ ਹੈ।
ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਮਾਧੋ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਪ੍ਰਣਾਲੀ ਅਪਣਾਈ ਸੀ ਪਰ ਇਲਾਕਾ ਰੇਤਲਾ ਹੋਣ ਕਰ ਕੇ ਇਹ ਤਕਨੀਕ ਕਾਮਯਾਬ ਨਹੀਂ ਹੋਈ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰੇਤ ਵਾਲੇ ਇਲਾਕਿਆਂ ਵਿੱਚ ਇਹ ਤਕਨੀਕ ਕਾਮਯਾਬ ਨਹੀਂ ਹੁੰਦੀ ਕਿਉਂਕਿ ਨਦੀਨਾਂ ਦੀ ਇਸ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਹੈ।
ਵੀਡੀਓ: ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਕੀ ਕਹਿੰਦੇ
ਇਸ ਕਰ ਕੇ ਅਸੀਂ ਜ਼ਮੀਨ ਉੱਤੇ ਬੈੱਡ ਬਣਾ ਕੇ ਮਸ਼ੀਨ ਦੀ ਮਦਦ ਨਾਲ ਝੋਨਾ ਲਗਾਉਣ ਦੀ ਤਕਨੀਕ ਅਪਣਾਈ ਹੈ ਜਿਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ।
ਕਾਮਿਆਂ ਦੀ ਘਾਟ ਕਾਰਨ ਕਿਸਾਨ ਬਿਜਾਈ ਲਈ ਇਹ ਤਕਨੀਕ ਅਪਣਾ ਰਹੇ ਹਨ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਨਹੀਂ ਚਾਹੁੰਦੇ ਕਿ ਝੋਨੇ ਦੀ ਖੇਤੀ ਕਰੀਏ ਸਰਕਾਰ ਸਾਨੂੰ ਬਦਲਵੀਂ ਫ਼ਸਲਾਂ ਦੇ ਨਾਲ ਨਾਲ ਉਨ੍ਹਾਂ ਉੱਤੇ ਐਮਐਸਪੀ ਦੇਵੇ ਅਸੀਂ ਉਹ ਅਪਣਾਉਣ ਦੇ ਲਈ ਤਿਆਰ ਹਾਂ।
ਇਸੇ ਜ਼ਿਲ੍ਹੇ ਦੇ ਕਿਸਾਨ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਜਰਬਾ ਵੀ ਡੀਐਸਆਰ ਤਕਨੀਕ ਰਾਹੀਂ ਠੀਕ ਨਹੀਂ ਰਿਹਾ ਹੈ।
ਉਨ੍ਹਾਂ ਆਖਿਆ ਕਿ ਨਦੀਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਸ ਨੂੰ ਕੰਟਰੋਲ ਕਰਨ ਦੇ ਲਈ ਦਵਾਈਆਂ ਦਾ ਖਰਚਾ ਕਾਫ਼ੀ ਵੱਧ ਜਾਂਦਾ ਹੈ।
ਤਲਵਿੰਦਰ ਸਿੰਘ ਕਹਿੰਦੇ ਹਨ ਕਿ ਕਿਸਾਨ ਨੂੰ ਪਤਾ ਹੈ ਕਿ ਝੋਨੇ ਉੱਤੇ ਬਹੁਤ ਜ਼ਿਆਦਾ ਪਾਣੀ ਦਾ ਇਸਤੇਮਾਲ ਹੁੰਦਾ ਹੈ ਪਰ ਜੇਕਰ ਕਿਸਾਨ ਖੇਤੀ ਵਿਭਿੰਨਤਾ ਅਪਨਾਉਂਦਾ ਹੈ ਤਾਂ ਉਸ ਉੱਤੇ ਐਮਐਸਪੀ ਨਹੀਂ ਮਿਲਦੀ।
ਉਨ੍ਹਾਂ ਦੱਸਿਆ ਕਿ ਸਰਕਾਰ ਕਣਕ ਅਤੇ ਝੋਨੇ ਤੋਂ ਇਲਾਵਾ ਦੂਜੀਆਂ ਫ਼ਸਲਾਂ ਉੱਤੇ ਐਮਐਸਪੀ ਦੇਵੇ ਅਸੀਂ ਝੋਨਾ ਛੱਡ ਦੇਵਾਂਗੇ।
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '1584ec46-6d3b-455d-b2c9-b5968a390834','assetType': 'STY','pageCounter': 'punjabi.india.story.61337792.page','title': 'ਝੋਨੇ ਦੀ ਸਿੱਧੀ ਬਿਜਾਈ ਦੇ ਕੀ ਫਾਇਦੇ ਤੇ ਨੁਕਸਾਨ ਹਨ ਜਿਸ ਨੂੰ ਅਪਣਾਉਣ ਲਈ ਭਗਵੰਤ ਮਾਨ ਜ਼ੋਰ ਦੇ ਰਹੇ ਹਨ','author': 'ਸਰਬਜੀਤ ਸਿੰਘ ਧਾਲੀਵਾਲ','published': '2022-05-06T01:49:43Z','updated': '2022-05-06T01:49:43Z'});s_bbcws('track','pageView');

WHO ਨੇ ਕਿਹਾ ਭਾਰਤ ''ਚ ਕੋਰੋਨਾਵਾਇਰਸ ਨਾਲ 47 ਲੱਖ ਮੌਤਾਂ, ਭਾਰਤ ਨੇ ਇਹ ਸਵਾਲ ਚੁੱਕਿਆ
NEXT STORY