ਸੰਕੇਤਕ ਤਸਵੀਰ
ਕਾਬੁਲ ਹਵਾਈ ਅੱਡੇ ਉੱਪਰ ਅਫ਼ਰਾ-ਤਫ਼ਰੀ ਅਤੇ ਨਿਰਾਸ਼ਾ ਦਾ ਆਲਮ ਸੀ ਲੋਕ ਵਰ੍ਹਦੀਆਂ ਗੋਲੀਆਂ ਵਿੱਚ ਇੱਧਰ-ਉੱਧਰ ਭੱਜ ਰਹੇ ਸਨ ਅਤੇ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ।
ਹਜ਼ਾਰਾਂ ਹੀ ਲੋਕ ਤਾਲਿਬਾਨ ਤੋਂ ਬਚਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਸਨ ਅਤੇ ਫਾਤੀ ਵੀ ਉਨ੍ਹਾਂ ''ਚੋਂ ਇੱਕ ਸਨ।
ਫਾਤੀ ਇੱਕ ਫੁੱਟਬਾਲ ਗੋਲਕੀਪਰ ਹਨ। ਉਨ੍ਹਾਂ ਨੇ ਟੀਵੀ ਲੜੀਵਾਰਾਂ ਅਤੇ ਫਿਲਮਾਂ ਤੋਂ ਫਰਾਟੇਦਾਰ ਅੰਗਰੇਜ਼ੀ ਬੋਲਣੀ ਸਿੱਖੀ ਸੀ।
ਉਨ੍ਹਾਂ ਦੀ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦਾ ਨਾਮ ਅਤੇ ਉਮਰ ਦੱਸੀ ਨਹੀਂ ਜਾ ਰਹੀ ਹੈ।
ਜਦੋਂ ਤਾਲਿਬਾਨ ਨੇ ਅਗਸਤ 2021 ਵਿੱਚ ਤੇਜ਼ੀ ਨਾਲ ਉਨ੍ਹਾਂ ਦੇ ਮੁਲਕ ''ਤੇ ਕਬਜ਼ਾ ਕੀਤਾ ਅਤੇ ਉਸ ਸਮੇਂ ਫਾਤੀ ਅਤੇ ਉਨ੍ਹਾਂ ਦੀ ਟੀਮ ਦੇ ਦੂਜੇ ਮੈਂਬਰਾਂ ਨੇ ਤੁਰੰਤ ਹੀ ਆਪਣਾ ਵਤਨ ਅਤੇ ਅਜ਼ੀਜ਼ਾਂ ਨੂੰ ਪਿੱਛੇ ਛੱਡ ਕਿਤੇ ਹੋਰ ਜਾ ਵਸਣ ਦਾ ਫ਼ੈਸਲਾ ਲਿਆ।
ਸਾਲਾਂ ਤੋਂ ਉਹ ਇੱਕਠੇ ਖੇਡਦੇ ਰਹੇ ਸਨ। ਉਸ ਸਮੇਂ ਅਫ਼ਗਾਨਿਸਤਾਨ ਦੀ ਫੁੱਟਬਾਲ ਟੀਮ ਇਸ ਗੱਲ ਦੀ ਨੁਮਾਇੰਦਗੀ ਕਰਦੀ ਸੀ। ਕਿ ਔਰਤਾਂ ਲਈ ਉੱਥੇ ਕਿੰਨੇ ਮੌਕੇ ਅਤੇ ਆਜ਼ਾਦੀ ਸੀ।
ਹੁਣ ਇੱਕ ਵਾਰ ਫਿਰ ਜਨਤਕ ਤੌਰ ’ਤੇ ਦਿੱਤੀਆਂ ਜਾ ਰਹੀਆਂ ਫ਼ਾਸੀਆਂ ਨਾਲ ਵਿਚਾਰਾਂ ਦੀ ਸੁਤੰਤਰਤਾ ਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ । ਜਨਤਕ ਤੌਰ ’ਤੇ ਫਾਂਸੀ ਦਿੱਤੇ ਜਾਣਾ 1996 ਤੋਂ 2001 ਤੱਕ ਰਹੇ ਤਾਲਿਬਾਨ ਦੇ ਪਿਛਲੇ ਸ਼ਾਸਨ ਵੇਲੇ ਆਮ ਗੱਲ ਸੀ।
ਫਾਤੀ ਨੇ ਤਾਲਿਬਾਨ ਦੀ ਵਾਪਸੀ ਨੂੰ ਅਸੰਭਵ ਮੰਨਿਆ ਸੀ ਪਰ ਉਨ੍ਹਾਂ ਦਾ ਇਹ ਵਿਸ਼ਵਾਸ ਜਲਦੀ ਹੀ ਚਕਨਾਚੂਰ ਹੋ ਗਿਆ ਅਤੇ ਉਨ੍ਹਾਂ ਨੂੰ ਨਿਰਾਸ਼ਾ ਅਤੇ ਡਰ ਦੀ ਭਾਵਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਆਪਣਾ ਵਤਨ ਛੱਡ ਕੇ ਪਰਵਾਸ ਕਰਨਾ ਪਿਆ।
ਵੀਡੀਓ: ਤਾਲਿਬਾਨ ਦੇ ਡਰੋਂ ਭੱਜਦੇ ਲੋਕਾਂ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ
ਫਾਤੀ ਨੇ ਕਿਹਾ, "ਮੈਂ ਮੰਨ ਲਿਆ ਹੈ ਕਿ ਅਫ਼ਗਾਨਿਸਤਾਨ ਖ਼ਤਮ ਹੋ ਗਿਆ ਹੈ।"
"ਮੈਂ ਸੋਚਿਆ ਕਿ ਹੁਣ ਇੱਥੇ ਜੀਉਣ ਦਾ ਕੋਈ ਵਿਕਲਪ ਨਹੀਂ ਹੈ ਅਤੇ ਨਾ ਹੀ ਬਾਹਰ ਜਾ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਵੀ ਕੋਈ ਸੰਭਾਵਨਾ ਹੈ।''''
''''ਦੇਸ਼ ਵਿੱਚ ਕੋਈ ਸਕੂਲ ਨਹੀਂ ਹੈ, ਮੀਡੀਆ ਨਹੀਂ ਹੈ, ਕੋਈ ਖਿਡਾਰੀ ਨਹੀਂ ਹੈ, ਕਹਿ ਸਕਦੇ ਹੋ ਕਿ ਸਭ ਖ਼ਤਮ ਹੋ ਗਿਆ ਹੈ। ਅਸੀਂ ਆਪਣੇ ਘਰਾਂ ''ਚ ਜਿੰਦਾ ਲੋਥਾਂ ਵਾਂਗ ਹਾਂ।"
"ਦੋ ਹਫ਼ਤਿਆਂ ਤੋਂ ਮੈਂ ਸੁੱਤੀ ਹੀ ਨਹੀਂ ਸੀ। ਮੈਂ 24 ਘੰਟੇ ਆਪਣੇ ਫੋਨ ਉੱਤੇ ਸੀ ਤਾਂ ਜੋ ਮਦਦ ਲਈ ਕਿਸੇ ਤੱਕ ਪਹੁੰਚ ਕਰ ਸਕਾਂ। ਸਾਰਾ ਦਿਨ ਅਤੇ ਸਾਰੀ ਰਾਤ ਮੈਂ ਜਾਗ ਕੇ ਕੱਢੀ ਤਾਂ ਜੋ ਸੋਸ਼ਲ ਮੀਡੀਆ ''ਤੇ ਕੋਈ ਮਦਦ ਲੱਭ ਸਕਾਂ।"
ਫਾਤੀ ਅਤੇ ਉਨ੍ਹਾਂ ਦੀ ਟੀਮ ਦੇ ਸਾਥੀਆਂ ਨੇ ਇੱਕ ਰਾਹ ਲੱਭ ਹੀ ਲਿਆ। ਉਨ੍ਹਾਂ ਨੂੰ ਸੁਰੱਖਿਅਤ ਉੱਥੋਂ ਬਾਹਰ ਕੱਢਣ ਲਈ ਔਰਤਾਂ ਦੇ ਇੱਕ ਗੁਪਤ ਕੌਮਾਂਤਰੀ ਨੈੱਟਵਰਕ ਨੇ ਉਨ੍ਹਾਂ ਦੀ ਬਾਂਹ ਫੜੀ।
ਇਹ ਉਨ੍ਹਾਂ ਦੇ ਆਪਣੇ ਹੀ ਮੁਲਕ (ਅਫ਼ਗਾਨਿਸਤਾਨ) ਵਿੱਚੋਂ ਸੁਰੱਖਿਅਤ ਬਾਹਰ ਨਿਕਲਣ ਦੀ ਕਹਾਣੀ ਹੈ।
ਤਾਲਿਬਾਲਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਮਰਦਾਂ ਦੀ ਫੁੱਟਬਾਲ ਟੀਮ ਤਾਂ ਮੌਜੂਦ ਹੈ ਪਰ ਮਹਿਲਾ ਟੀਮ ਦਾ ਭਵਿੱਖ ਪੂਰਨ ਧੁੰਦਲਕੇ ਵਿੱਚ ਹੈ
ਕਹਾਣੀ ਅਫ਼ਗਾਨਿਸਤਾਨ ਤੋਂ 12,700 ਕਿਲੋਮੀਟਰ ਦੂਰ ਹਿਊਸਟਨ ਟੈਕਸਾਸ (ਅਮਰੀਕਾ) ਤੋਂ ਸ਼ੂਰੂ ਹੁੰਦੀ ਹੈ, ਜਿੱਥੇ ਇੱਕ 37 ਸਾਲਾ ਸਾਬਕਾ ਅਮਰੀਕੀ ਨੇਵੀ ਫ਼ੌਜੀ ਉਨ੍ਹਾਂ ਨੂੰ ਕੱਢਣ ਦੀ ਵਿਉਂਤ ਬਣਾ ਰਹੀ ਸੀ।
37 ਸਾਲਾ ਹੇਲੀ ਕਾਰਟਰ ਵੀ ਇੱਕ ਗੋਲਕੀਪਰ ਸਨ। ਉਨ੍ਹਾਂ ਦੱਸਿਆ, "ਇਹ ਇੱਕ ਛੋਟੇ ਜਿਹੇ ਵਰਚੁਅਲ ਓਪਰੇਸ਼ਨ ਸੈਂਟਰ ਵਰਗਾ ਸੀ ਜੋ ਕਿ ਵੱਟਸਐਪ ਤੋਂ ਚੱਲ ਰਿਹਾ ਸੀ।
ਉਹ ਕਹਿੰਦੇ ਹਨ, ''''ਸਮਾਰਟਫੋਨ ਵਾਲੀਆਂ ਔਰਤਾਂ ਦੀ ਤਾਕਤ ਨੂੰ ਕਦੇ ਵੀ ਘੱਟ ਨਾ ਸਮਝੋ।"
ਫ਼ੌਜ ਦੇ ਆਪਣੇ ਕਾਰਜਕਾਲ ਦੌਰਾਨ ਹੇਲੀ ਨੇ ਇਰਾਕ ਵਿੱਚ ਡਿਊਟੀ ਨਿਭਾਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਐੱਨਡਬਲਿਊਐੱਸਐੱਲ (NWSL) ਵੱਲੋਂ ਹਿਊਸਟਨ ਡੈਸ਼ ਨਾਲ ਤਿੰਨ ਸੀਜ਼ਨ ਖੇਡੇ ਸਨ। 2016 ਅਤੇ 2018 ਦੇ ਅਰਸੇ ਦੌਰਾਨ ਉਹ ਅਫ਼ਗਾਨਿਸਤਾਨ ਟੀਮ ਦੇ ਸਹਾਇਕ ਕੋਚ ਵੀ ਰਹੇ ਸਨ।
ਹੇਲੀ ਭਾਵੇਂ ਹਜ਼ਾਰਾਂ ਮੀਲ ਦੂਰ ਸਨ ਪਰ ਉਹ ਵੱਟਸਐਪ ਅਤੇ ਸਿਗਨਲ ਵਰਗੀਆਂ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਸਮੁੰਦਰੀ ਫੌਜਾਂ ਅਤੇ ਨੈਸ਼ਨਲ ਸਕਿਊਰਿਟੀ ਸਟਾਫ਼ ਨਾਲ ਕਾਬੁਲ ਵਿੱਚ ਤੇਜ਼ੀ ਨਾਲ ਬਦਲ ਰਹੀ ਸਥਿਤੀ ਬਾਰੇ ਖੁਫ਼ੀਆ ਜਾਣਕਾਰੀ ਸਾਂਝਾ ਕਰ ਰਹੇ ਸਨ।
ਇਹ ਵੀ ਪੜ੍ਹੋ:
ਇਸ ਅਪਰੇਸ਼ਨ ਨੂੰ ''ਡਿਜੀਟਲ ਡੰਕਿਰਕ'' ਦਾ ਕੋਡ ਨਾਮ ਦਿੱਤਾ ਗਿਆ ਸੀ।
ਕਾਰਟਰ ਕਹਿੰਦੇ ਹਨ, "ਇੱਕ ਆਮ ਲੜਾਈ ਦੇ ਮਾਹੌਲ ਵਿੱਚ ਇਸ ਕਿਸਮ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਹੈ, ਪਰ ਇਹ ਲੋਕਾਂ ਨੂੰ ਬਾਹਰ ਕੱਢਣ ਦਾ ਮਾਮਲਾ ਸੀ।"
"ਮੈਂ ਤੁਹਾਡੇ ਨਾਲ ਇਮਾਨਦਾਰ ਰਹਾਂਗੀ, ਮੈਂ ਨਹੀਂ ਸੋਚਿਆ ਸੀ ਕਿ ਇਹ ਸਭ ਸੰਭਵ ਹੋਵੇਗਾ। ਇਹ ਇੱਕ ਪਾਗਲਪਨ ਸੀ, ਜਿਸ ''ਚ ਬਹੁਤ ਸਾਰਾ ਖ਼ਤਰਾ ਸੀ।"
ਕਾਰਟਰ ਨੂੰ ਉਨ੍ਹਾਂ ਦੀ ਕੌਮੀ ਟੀਮ ਦੀ ਸਾਬਕਾ ਕਪਤਾਨ ਖਾਲਿਦਾ ਪੋਪਲ ਵੱਲੋਂ ਮਦਦ ਲਈ ਕਿਹਾ ਗਿਆ ਸੀ, ਜੋ ਕਿ ਕਈ ਸਾਲਾਂ ਤੋਂ ਅਫ਼ਗਾਨਿਸਤਾਨ ਮਹਿਲਾ ਫੁੱਟਬਾਲ ਟੀਮ ''ਚ ਸ਼ਾਮਲ ਸਨ।
ਅਫ਼ਗਾਨਿਸਤਾਨ ਦੀ ਸਾਬਕਾ ਕੈਪਟਨ ਖਾਲਿਦਾ ਪੋਪਲ ਨੇ ਅਫ਼ਗਾਨਿਸਤਾਨ ਵਿੱਚੋਂ ਖਿਡਾਰਨਾਂ ਦੇ ਨਿਕਲਣ ਵਿੱਚ ਬਹੁਤ ਮਦਦ ਕੀਤੀ
ਤਾਲਿਬਾਨ ਦੇ ਸ਼ਾਸਨਕਾਲ ਦੌਰਾਨ ਕਿਸ਼ੋਰ ਅਵਸਥਾ ਵਿੱਚ ਪੋਪਲ ਅਤੇ ਉਨ੍ਹਾਂ ਦੇ ਸਾਥੀ ਪੂਰੀ ਤਰ੍ਹਾਂ ਨਾਲ ਲੁਕ ਕੇ ਮੈਚ ਖੇਡਿਆ ਕਰਦੇ ਸਨ ਤਾਂ ਜੋ ਤਾਲਿਬਾਨ ਉਨ੍ਹਾਂ ਨੂੰ ਸੁਣ ਜਾਂ ਦੇਖ ਨਾ ਸਕਣ।
ਪੋਪਲ ਨੇ ਖੇਡਾਂ ਵਿੱਚ ਸ਼ਾਮਲ ਹੋਣ ਅਤੇ ਜਾਨੋਂ ਮਾਰੇ ਜਾਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਅਫ਼ਗਾਨਿਸਤਾਨ ਛੱਡ ਦਿੱਤਾ ਸੀ ਅਤੇ 2011 ਤੋਂ ਉਹ ਡੈਨਮਾਰਕ ਵਿੱਚ ਰਹਿ ਰਹੇ ਸਨ।
ਇਹ ਸਮਾਂ ਕੁਝ ਕਰਨ ਦਾ ਸੀ। ਪੋਪਲ ਜਾਣਦੇ ਸਨ ਕਿ ਫਾਤੀ ਅਤੇ ਉਨ੍ਹਾਂ ਦੀ ਟੀਮ ਦੀਆਂ ਹੋਰ ਸਾਥਣਾਂ ਆਪਣੀ ਖੇਡ ਦੇ ਕਾਰਨ ਤਾਲਿਬਾਨ ਦਾ ਨਿਸ਼ਾਨਾ ਬਣਨਗੀਆਂ।
ਉਹ ਇਹ ਵੀ ਜਾਣਦੇ ਸਨ ਕਿ ਤਾਲਿਬਾਨ ਲੜਾਕੇ ਘਰੋ-ਘਰੀਂ ਜਾ ਰਹੇ ਸਨ। ਕਾਬੁਲ ਵਿੱਚ ਕਈ ਖਿਡਾਰਨਾਂ ਅੰਡਰਗਰਾਊਂਡ ਰਹਿ ਰਹੀਆਂ ਸਨ। ਕਈ ਅਪਣੀ ਜਾਨ ਕਾਰਨ ਡਰੀਆਂ ਹੋਈਆਂ ਸਨ।
ਪੋਪਲ ਨੇ ਫਾਤੀ ਅਤੇ ਹੋਰ ਖਿਡਾਰਣਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਅਤੇ ਨਾਲ ਹੀ ਆਪਣੀਆਂ ਕਿੱਟਾਂ ਨੂੰ ਸਾੜਨ ਤੇ ਟਰਾਫੀਆਂ ਨੂੰ ਨਸ਼ਟ ਕਰਨ ਦੀ ਹਿਦਾਇਤ ਦਿੱਤੀ।
ਫਾਤੀ ਨੇ ਦੱਸਿਆ ਕਿ "ਸਾਡੇ ਲਈ ਇਹ ਬਹੁਤ ਹੀ ਮੁਸ਼ਕਲ ਕਦਮ ਸੀ ਕਿਉਂਕਿ ਇਹ ਤਾਂ ਸਾਡੀਆਂ ਪ੍ਰਾਪਤੀਆਂ ਸਨ।"
"ਕੌਣ ਆਪਣੀ ਹੀ ਜਰਸੀ ਸਾੜਨਾ ਚਾਹੁੰਦਾ ਹੈ?''''
''''ਮੈਂ ਸੋਚਿਆ ਕਿ ਜੇਕਰ ਜ਼ਿੰਦਾ ਰਹੇ ਤਾਂ ਇਹ ਪ੍ਰਾਪਤੀਆਂ ਮੁੜ ਹਾਸਲ ਕਰ ਲਵਾਂਗੇ।"
ਦੂਜੇ ਪਾਸੇ ਕਾਰੇਟਰ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫੌਜੀ ਜਹਾਜ਼ ਜ਼ਰੀਏ ਦੇਸ਼ ਤੋਂ ਬਾਹਰ ਕੱਢਣ ਦੀ ਯੋਜਨਾ ਉੱਤੇ ਕੰਮ ਕਰ ਰਹੇ ਸਨ। ਉਹ ਇਸ ਗੱਲ ਤੋਂ ਵਾਕਫ਼ ਸਨ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤੀ ਵਧੇਰੇ ਖ਼ਤਰਨਾਕ ਹੋ ਜਾਵੇਗੀ।
ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ ਵਿੱਚ ਔਰਤਾਂ ਨੇ ਉਨ੍ਹਾਂ ਦਾ ਵਿਰੋਧ ਕੀਤੇ ਅਤੇ ਪ੍ਰਦਰਸ਼ਨ ਕੀਤੇ
ਉਨ੍ਹਾਂ ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਸੀ ਕਿ ਅਮਰੀਕਾ ਅਤੇ ਬ੍ਰਿਟਿਸ਼ ਸਰਕਾਰਾਂ ਸਥਿਤੀ ਨਾਲ ਨਿਆਂ ਨਹੀਂ ਕਰ ਰਹੀਆਂ ਸਨ ਅਤੇ ਤਾਲਿਬਾਨ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਲਗਾਤਾਰ ਚੌਕੀਆਂ ਬਣਾ ਰਹੇ ਸਨ।
ਫਾਤੀ ਦਾ ਕਹਿਣਾ ਹੈ, "ਖਾਲਿਦਾ ਨੇ ਸਾਨੂੰ ਸਾਰਿਆਂ ਨੂੰ ਮੈਸੇਜ ਕੀਤਾ ਕਿ ''ਕੁੜੀਓ, ਇੱਕਠੇ ਹਵਾਈ ਅੱਡੇ ਲਈ ਰਵਾਨਾ ਹੋਣ ਲਈ ਤਿਆਰ ਰਹੋ। ਸਿਰਫ ਇੱਕ ਹੀ ਪਿੱਠੂ ਬੈਗ ਰੱਖਣਾ।"
"ਉਨ੍ਹਾਂ ਨੇ ਕਿਹਾ: ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਤੁਸੀਂ ਹਵਾਈ ਅੱਡੇ ਦੇ ਅੰਦਰ ਜਾਓਂਗੀਆਂ ਜਾਂ ਨਹੀਂ। ਪਰ ਜੇਕਰ ਤੁਸੀਂ ਲੜੋਗੀਆਂ ਤਾਂ ਤੁਸੀਂ ਬਚ ਜਾਓਂਗੀਆਂ।"
ਆਖ਼ਰਕਾਰ ਜਦੋਂ ਉਹ ਸਮਾਂ ਆਇਆ ਤਾਂ ਫਾਤੀ ਨੇ ਕਾਰਟਰ ਦਾ ਫੋਨ ਨੰਬਰ ਆਪਣੀ ਬਾਂਹ ''ਤੇ ਲਿਖ ਲਿਆ ਤਾਂ ਜੋ ਮੋਬਾਈਲ ਚੋਰੀ ਹੋਣ, ਗੁਆਚਣ ਜਾਂ ਜ਼ਬਤ ਹੋਣ ਦੀ ਸੂਰਤ ''ਚ ਉਸ ਕੋਲ ਕਾਰਟਰ ਦਾ ਨੰਬਰ ਹੋਵੇ।
ਕਾਰਟਰ ਨੇ ਫਾਤੀ ਨੂੰ ਇਹ ਵੀ ਕਿਹਾ ਸੀ ਕਿ ਸਾਰੀਆਂ ਕੁੜੀਆਂ ਵਾਰੋ-ਵਾਰੀ ਆਪਣੇ ਮੋਬਾਈਲ ਆਨ ਕਰਨ ਤਾਂ ਗਰੁੱਪ ਕੋਲ ਬੈਟਰੀ ਜ਼ਿਆਦਾ ਦੇਰ ਤੱਕ ਚੱਲ ਸਕੇ।
ਫਾਤੀ ਨੇ ਹਿਦਾਇਤ ਅਨੁਸਾਰ ਹੀ ਥੋੜ੍ਹੇ ਤੋਂ ਥੋੜ੍ਹਾ ਸਮਾਨ ਨਾਲ ਲੈ ਕੇ ਘਰੋਂ ਤੁਰ ਪਏ।
ਫਾਤੀ ਨੇ ਇੱਕ ਲੰਮਾ ਬੁਰਕਾ ਤਾਂ ਜੋ ਉਨ੍ਹਾਂ ਦਾ ਚਿਹਰਾ ਵੀ ਢੱਕਿਆ ਰਹੇ। ਹਵਾਈ ਅੱਡੇ ਤੱਕ ਦਾ ਰਸਤਾ ਖ਼ਤਰਿਆਂ ਨਾਲ ਭਰਿਆ ਹੋਇਆ ਸੀ, ਕੋਈ ਵੀ ਕਿਸੇ ਵੀ ਖਿਡਾਰੀ ਨੂੰ ਰਸਤੇ ਵਿੱਚ ਹੀ ਰੋਕ ਸਕਦਾ ਸੀ।
ਪੋਪਲ ਨੇ ਸਾਰੀਆਂ ਨੂੰ ਸਿਰਫ ਤਿੰਨ ਦਿਨਾਂ ਜੋਗਾ ਸਮਾਨ ਚੁੱਕਣ ਨੂੰ ਕਿਹਾ ਸੀ। ਹਾਲਾਂਕਿ ਉਹ ਖ਼ੁਦ ਇੱਕ ਅਜਿਹੀ ਚੀਜ਼ ਲਿਜਾ ਰਹੇ ਸਨ ਜੋ ਕਿਸੇ ਵੱਡੇ ਖ਼ਤਰੇ ਨੂੰ ਸੱਦਾ ਦੇਣ ਨਾਲੋਂ ਘੱਟ ਨਹੀਂ ਸੀ।
ਇਹ ਵੀ ਪੜ੍ਹੋ:
ਫਾਤੀ ਨੇ ਦੱਸਿਆ, "ਮੇਰੇ ਕੋਲ ਕੌਮੀ ਟੀਮ ਦੀ ਇੱਕ ਨਿੱਕਰ ਸੀ।"
"ਮੈਂ ਉਸ ਨੂੰ ਅੰਡਰਵਿਅਰ ਦੀ ਤਰ੍ਹਾਂ ਪਾਇਆ ਹੋਇਆ ਸੀ ਅਤੇ ਮੈਨੂੰ ਡਰ ਵੀ ਲੱਗ ਰਿਹਾ ਸੀ।"
ਹਵਾਈ ਅੱਡੇ ਉੱਤੇ ਸਥਿਤੀ ਸੱਚਮੁੱਚ ਹੀ ਨਿਰਾਸ਼ਾਜਨਕ ਸੀ। ਹਜ਼ਾਰਾਂ ਲੋਕ ਉੱਥੇ ਇੱਕਠੇ ਹੋਏ ਸਨ, ਕਈ ਤਾਂ ਮੁਲਕ ਦੇ ਦੂਰ-ਦਰਾਡੇ ਦੇ ਖੇਤਰਾਂ ਤੋਂ ਆਏ ਸਨ।
ਫਾਤੀ ਦੱਸਦੇ ਹਨ, "ਲੋਕ ਅੰਦਰ ਜਾਣ ਲਈ ਇੱਕ-ਦੂਜੇ ਨਾਲ ਧੱਕਾ-ਮੁੱਕੀ ਕਰ ਰਹੇ ਸਨ।"
"ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। ਹਰ ਕੋਈ ਬਚੇ ਰਹਿਣ ਦਾ ਯਤਨ ਕਰ ਰਿਹਾ ਸੀ।"
ਤਾਲਿਬਾਨ ਦੇ ਲੜਾਕੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲੈ ਰਹੇ ਸਨ ਅਤੇ ਉਨ੍ਹਾਂ ਦੇ ਨਿਜਾਮ ਦੇ ਖਿਲਾਫ਼ ਕੰਮ ਕਰਨ ਵਾਲੇ ਜਾਂ ਨਾਟੋ ਫ਼ੌਜਾਂ ਲਈ ਕੰਮ ਕਰ ਚੁੱਕੇ ਲੋਕਾਂ ਦੀ ਤਲਾਸ਼ ਕਰ ਰਹੇ ਸਨ
ਕਾਰਟਰ ਕਹਿੰਦੇ ਹਨ, "ਜੇਕਰ ਤੁਹਾਡਾ ਨਾਮ ਸੂਚੀ ਵਿੱਚ ਨਹੀਂ ਸੀ, ਜਾਂ ਫਿਰ ਹਵਾਈ ਅੱਡੇ ਦੇ ਅੰਦਰੋਂ ਕੋਈ ਵੀ ਤੁਹਾਨੂੰ ਲੈਣ ਨਹੀਂ ਆ ਰਿਹਾ ਸੀ ਤਾਂ ਤੁਸੀਂ ਅੰਦਰ ਨਹੀਂ ਜਾ ਸਕਦੇ ਸੀ।"
ਕਾਰਟਰ ਅੱਗੇ ਦੱਸਦੇ ਹਨ, "ਇਸ ਲਈ ਸਾਨੂੰ ਵਾਧੂ ਮਿਹਨਤ ਕਰਨੀ ਪਈ ਕਿ ਹਵਾਈ ਅੱਡੇ ਦੇ ਗੇਟਾਂ ''ਤੇ ਖੜ੍ਹੇ ਨੇਵੀ ਸੀਲਜ਼ ਤੱਕ ਉਨ੍ਹਾਂ ਬਾਰੇ ਜਾਣਕਾਰੀ ਪਹੁੰਚ ਸਕੇ ਤਾਂ ਜੋ ਉਹ ਉਨ੍ਹਾਂ ਨੂੰ ਅੰਦਰ ਲਿਆ ਸਕਣ।"
ਕਾਰਟਰ ਨੇ ਫਾਤੀ ਨੂੰ ਕਿਹਾ ਕਿ "ਉੱਤਰੀ ਗੇਟ ''ਤੇ ਇੱਕ ਮੁੰਡਾ ਹੋਵੇਗਾ।"
ਉਨ੍ਹਾਂ ਨੇ ਅੱਗੇ ਕਿਹਾ, "ਤੁਹਾਨੂੰ ਸਹੀ ਸਮੇਂ ''ਤੇ ਉੱਥੇ ਮੌਜੁਦ ਰਹਿਣਾ ਹੋਵੇਗਾ ਅਤੇ ਇੱਕ ਪਾਸਵਰਡ ਲਿਖਣਾ ਪਵੇਗਾ ਜੋ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ।''''
''''ਉਹ ਸਮਝ ਜਾਵੇਗਾ ਅਤੇ ਤੁਹਾਡੇ ਤੋਂ ਕੋਈ ਪੁੱਛਗਿੱਛ ਨਹੀਂ ਹੋਵੇਗੀ ਅਤੇ ਤੁਸੀਂ ਸਾਰੇ ਅੰਦਰ ਆ ਜਾਵੋਗੇ।"
ਉਹ ਪਾਸਵਰਡ ਦੂਜੇ ਵਿਸ਼ਵ ਯੁੱਧ ਦੇ ਸਮੁੰਦਰੀ ਨਾਇਕ ਜੌਨ ਬੇਸਿਲੋਨ ਦਾ ਨਾਮ ਸੀ ਅਤੇ ਨਾਲ ਹੀ ਸਮੁੰਦਰੀ ਸੈਨਾ ਦੀ ਸਥਾਪਨਾ ਮਿਤੀ 10 ਨਵੰਬਰ 1775 ਸੀ, ਜਿਸ ''ਚ ਹੋਰ ਕਈ ਚਿੰਨ੍ਹ ਵੀ ਜੋੜੇ ਗਏ ਸਨ।
ਕਾਰਟਰ ਦਾ ਕਹਿਣਾ ਹੈ, "ਮੈਨੂੰ ਇਹੀ ਦੱਸਿਆ ਗਿਆ ਸੀ ਕਿ ਗੇਟ ''ਤੇ ਨੇਵੀ ਸੀਲ ਇਸੇ ਪਾਸਵਰਡ ਦੀ ਭਾਲ ਕਰਨਗੇ।"
ਹਾਲਾਂਕਿ ਪਰ ਉੱਤਰੀ ਗੇਟ ਤੋਂ ਫਾਤੀ ਅਤੇ ਉਨ੍ਹਾਂ ਦੇ ਸਮੂਹ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਤੱਕ ਸੁਨੇਹਾ ਨਹੀਂ ਪਹੁੰਚਿਆ ਸੀ। ਅਸਲ ਵਿੱਚ ਮਰੀਨਜ਼ ਤੱਕ ਸੁਨੇਹਾ ਨਹੀਂ ਪਹੁੰਚ ਸਕਿਆ ਸੀ।
ਫਾਤੀ ਨੇ ਕਿਹਾ, "ਮੈਂ ਉਹੀ ਪਾਸਵਰਡ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਸਿਪਾਹੀ ਨੇ ਮਨ੍ਹਾਂ ਕਰ ਦਿੱਤਾ ਅਤੇ ਕਿਹਾ, ਕਿਹੜੀ ਰਾਸ਼ਟਰੀ ਟੀਮ? ਕੋਣ ਹੋ ਤੁਸੀਂ?"
ਸੀਲ ਨੇ ਕਿਹਾ, “ਜੇਕਰ ਤੁਹਾਡੇ ਕੋਲ ਅਮਰੀਕੀ ਪਾਸਪੋਰਟ ਹੈ ਤਾਂ ਅਸੀਂ ਤੁਹਾਨੂੰ ਅੰਦਰ ਆਉਣ ਦੇਵਾਂਗੇ, ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।”
ਉੱਧਰ ਹਿਊਸਟਨ ''ਚ ਕਾਰਟਰ ਨੂੰ ਸਾਰੀ ਯੋਜਨਾ ਦੀ ਮੁੜ ਜਾਂਚ ਕਰਨੀ ਪਈ।
ਕਾਰਟਰ ਨੇ ਕਿਹਾ,''''ਉਸ ਸਮੇਂ ਮੈਂ ਕੰਮ ਦੇ ਮੂਡ ਵਿੱਚ ਸੀ ਇਸ ਲਈ ਮੇਰਾ ਦਿਲ ਨਹੀਂ ਬੈਠਿਆ।''''
"ਮੈਂ ਆਪਣੇ ਆਪ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਸਭ ਠੀਕ ਹੈ, ਇਹ ਕੋਈ ਸਮੱਸਿਆ ਨਹੀਂ ਹੈ, ਬਸ ਮੈਨੂੰ ਕੁਝ ਸਮਾਂ ਦਿਓ ਤਾਂ ਜੋ ਮੈਂ ਗੇਟ ''ਤੇ ਖੜ੍ਹੇ ਲੋਕਾਂ ਨਾਲ ਗੱਲ ਕਰ ਸਕਾਂ ਅਤੇ ਉਨ੍ਹਾਂ ਨੂੰ ਦੱਸ ਸਕਾਂ।''''
ਕਾਰਟਰ ਦੱਸਦੇ ਹਨ, "ਮੈਨੂੰ ਲੱਗਦਾ ਹੈ ਕਿ ਉਹ ਤਣਾਅ ਵਿੱਚ ਸੀ ਅਤੇ ਹੋਣਾ ਠੀਕ ਵੀ ਸੀ। ਮੈਂ ਤਣਾਅ ਵਿੱਚ ਨਹੀਂ ਸੀ ਕਿਉਂਕਿ ਜੇਕਰ ਮੈਂ ਤਣਾਅ ''ਚ ਆ ਜਾਂਦੀ ਤਾਂ ਉਹ ਸਾਰੇ ਵੀ ਘਬਰਾ ਜਾਂਦੇ।"
ਇਸ ਦੌਰਾਨ ਫਾਤੀ ਅਤੇ ਦੂਜੇ ਖਿਡਾਰੀ ਸਿਰਫ ਇੰਤਜ਼ਾਰ ਹੀ ਕਰ ਸਕਦੇ ਸਨ।
ਉਨ੍ਹਾਂ ਨੇ ਦੱਸਿਆ, "ਜੇਕਰ ਮੈਂ ਗਲਤ ਨਹੀਂ ਹਾਂ ਤਾਂ ਅਸੀਂ ਹਵਾਈ ਅੱਡੇ ਦੇ ਬਾਹਰ 48 ਘੰਟੇ ਤੱਕ ਖੜ੍ਹੇ ਰਹੇ ਸੀ।"
"ਮੌਸਮ ਬਹੁਤ ਹੀ ਗਰਮ ਸੀ ਅਤੇ ਪੱਤਾ ਵੀ ਨਹੀਂ ਹਿੱਲ ਰਿਹਾ ਸੀ। ਸਾਡੇ ਆਲੇ-ਦੁਆਲੇ ਬੈਠੇ ਬੱਚੇ ਰੋ ਰਹੇ ਸਨ ਅਤੇ ਗੋਲੀਆਂ ਦੀ ਅਵਾਜ਼ ਸੁਣ ਕੇ ਕਹਿਣ ਲੱਗਦੇ ਸਨ, ''''ਘਰ ਵਾਪਸ ਚਲੋ, ਅਸੀਂ ਮਰਨਾ ਨਹੀਂ ਚਾਹੁੰਦੇ।''
ਵੀਡੀਓ: 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ
"ਇੱਥੇ ਬਹੁਤ ਸਾਰੀਆਂ ਅੱਖਾਂ ਮੇਰੇ ਉੱਤੇ ਹੀ ਟਿਕੀਆਂ ਹੋਈਆਂ ਸਨ ਕਿ ਸ਼ਾਇਦ ਮੈਂ ਕੋਈ ਰਸਤਾ ਲੱਭ ਸਕਾਂ।"
ਫਾਤੀ ਨੇ ਫੈਸਲਾ ਲਿਆ ਕਿ ਉਹ ਅਤੇ ਦੂਜੇ ਖਿਡਾਰੀ ਇੱਕ ਵਾਰ ਫਿਰ ਦੱਖਣੀ ਗੇਟ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰਨਗੇ। ਰਸਤੇ ਵਿੱਚ ਤਾਲਿਬਾਨ ਦੇ ਦੋ ਨਾਕੇ ਸਨ।
ਪਹਿਲਾਂ ਤਾਂ ਫਾਤੀ ਆਪਣੇ ਭਰਾ ਤੋਂ ਵੱਖ ਕੀਤੇ ਗਏ ਜਿਸ ਨੂੰ ਦੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਦੂਜੀ ਵਾਰੀ ਉਨ੍ਹਾਂ ਨੂੰ ਵੀ ਧੱਕਾ ਮਾਰਿਆ ਗਿਆ ਤੇ ਇੱਕ ਬੰਦੂਕਧਾਰੀ ਨੇ ਉਨ੍ਹਾਂ ਨੂੰ ਮੁੜ ਭੀੜ੍ਹ ਵੱਲ ਧੱਕ ਦਿੱਤਾ ਗਿਆ।
ਉਨ੍ਹਾਂ ਦੇ ਮੋਢਿਆਂ ''ਤੇ ਜ਼ਿੰਮੇਵਾਰੀ ਦਾ ਭਾਰ ਸੀ ਅਤੇ ਨਾਲ ਹੀ ਲਾਸ਼ਾਂ ਦੇ ਢੇਰ, ਗਰਮੀ ਅਤੇ ਗੋਲੀਬਾਰੀ ਵਿਚਾਲੇ ਉਨ੍ਹਾਂ ਨੂੰ ਲੱਗਿਆ ਕਿ ਸਭ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਲਗਭਗ ਹਾਰ ਹੀ ਮੰਨ ਲਈ ਸੀ।
ਫਿਰ ਉਨ੍ਹਾਂ ਨੂੰ ਪੋਪਲ ਦਾ ਉਹ ਸੰਦੇਸ਼ ਯਾਦ ਆਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, "ਜੇਕਰ ਤੁਸੀਂ ਲੜੋਗੇ ਤਾਂ ਜ਼ਰੂਰ ਬਚ ਜਾਵੋਗੇ।"
ਫਾਤੀ ਕਹਿੰਦੇ ਹਨ ਕਿ "ਇਹ ਇੱਕ ਅਜਿਹੀ ਚੀਜ਼ ਸੀ ਜਿਸ ਨੇ ਹਨੇਰੇ ''ਚ ਚਾਣਨ ਕੀਤਾ।''''
ਅਚਾਨਕ ਹੀ ਕਿਸੇ ਚੀਜ਼ ਨੇ ਮੈਨੂੰ ਮੁੜ ਹਿੰਮਤ ਕਰਨ ਲਈ ਕਿਹਾ ਅਤੇ ਮੈਂ ਜੋਸ਼ ਨਾਲ ਮੁੜ ਆਪਣਾ ਸੰਘਰਸ਼ ਸ਼ੂਰੂ ਕੀਤਾ।
ਇਹ ਇੱਕ ਸਬਕ ਸੀ ਜੋ ਮੈਂ ਤਾਉਮਰ ਯਾਦ ਰੱਖਾਂਗੀ- ਹਮੇਸ਼ਾ ਇੱਕ ਉਮੀਦ ਹੁੰਦੀ ਹੈ ਅਤੇ ਹਮੇਸ਼ਾ ਹੀ ਇੱਕ ਖੁੱਲ੍ਹਾ ਦਰਵਾਜ਼ਾ ਤੁਹਾਡੇ ਸਾਹਮਣੇ ਮੌਜੁਦ ਹੁੰਦਾ ਹੈ।"
ਅਫ਼ਗਾਨਿਸਤਾਨ ਛੱਡ ਕੇ ਜਾਣ ਲਈ ਜਹਾਜ਼ ਵਿੱਚ ਚੜ੍ਹਨ ਲਈ ਲੱਗੀ ਲੋਕਾਂ ਦੀ ਕਤਾਰ
ਇਸੇ ਦੌਰਾਨ ਅਚਾਨਕ ਤਾਲਿਬਾਨੀ ਲੜਾਕਿਆਂ ਦਾ ਧਿਆਨ ਕਿਸੇ ਗੱਲੋਂ ਭਟਕਿਆਂ ਅਤੇ ਉਹ ਇਹ ਗਰੁੱਪ ਦੱਖਣੀ ਗੇਟ ਵੱਲ ਵਧ ਗਿਆ।
ਫਾਤੀ ਦੱਸਦੇ ਹਨ, "ਇੱਥੇ ਬਹੁਤ ਸਾਰੇ ਲੋਕ ਸਨ, ਪਰ ਅਸੀਂ ਆਖਰੀ ਨਾਕਾ ਪਾਰ ਕਰਨ ਵਿੱਚ ਕਾਮਯਾਬ ਰਹੇ।"
"ਅਸੀਂ ਅਸਟ੍ਰੇਲੀਆ ਦੇ ਫ਼ੌਜੀਆਂ ਨੂੰ ਦੇਖਿਆ ਅਤੇ ''ਕੌਮੀ ਟੀਮ ਦੇ ਖਿਡਾਰੀ'', ''ਆਸਟ੍ਰੇਲੀਆ'' ਅਤੇ ''ਫੁੱਟਬਾਲ'' ਵਰਗੇ ਵਾਕਾਂਸ਼ ਬੋਲੇ।
"ਉਨ੍ਹਾਂ ਨੇ ਸਾਡੇ ਦਸਤਾਵੇਜ਼ ਵੇਖੇ ਅਤੇ ਸਾਨੂੰ ਅੰਦਰ ਜਾਣ ਦਿੱਤਾ।"
ਜਦੋਂ ਫਾਤੀ, ਉਨ੍ਹਾਂ ਦੇ ਦੂਜੇ ਸਾਥੀ ਅਤੇ ਕੁਝ ਅਫ਼ਗਾਨ ਪੈਰਾਓਲੰਪੀਅਨ ਖਿਡਾਰੀ ਆਸਟ੍ਰੇਲੀਆ ਲਈ ਰਵਾਨਾ ਹੋਣ ਵਾਲੇ ਸੀ-130 ਮਿਲਟਰੀ ਟ੍ਰਾਂਸਪੋਰਟ ਜਹਾਜ਼ ਵਿੱਚ ਬੈਠੇ ਤਾਂ ਫਾਤੀ ਨੇ ਕਾਰਟਰ ਨੂੰ ਇੱਕ ਫੋਟੋ ਅਤੇ ਸੁਨੇਹਾ ਭੇਜਿਆ।
"ਮੈਂ ਕਰ ਲਿਆ ਹੈ। ਅਸੀਂ ਕਰ ਲਿਆ ਹੈ।"
ਸੀ-130 ਜੰਗੀ ਆਸਟਰੇਲੀਆ ਦਾ ਇੱਕ ਮਾਲਵਾਹਕ ਹਵਾਈ ਜਹਾਜ਼ ਹੈ। ਕੁੜੀਆਂ ਨੂੰ ਜਹਾਜ਼ ਦੇ ਕਾਰਗੋ ਖੇਤਰ ਵਿੱਚ ਬਿਠਾਇਆ ਗਿਆ ਸੀ।
ਉਹ ਇੱਕ ਦੂਜੇ ਦੇ ਮੋਢਿਆਂ ''ਤੇ ਸਿਰ ਰੱਖ ਕੇ ਸੌਣ ਦਾ ਯਤਨ ਕਰ ਰਹੀਆਂ ਸਨ।
ਫਾਤੀ ਕਹਿੰਦੇ ਹਨ, "ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਤਾਂ ਹਰ ਪਾਸੇ ਰੌਲਾ ਪੈ ਰਿਹਾ ਸੀ ਅਤੇ ਸਾਡੇ ਮਨਾਂ ਅੰਦਰ ਡਰ ਸੀ। ਚਾਰੇ ਪਾਸੇ ਖੌਫ਼ਜ਼ਦਾ ਚਿਹਰੇ ਮੌਜੁਦ ਸਨ।"
"ਮੈਂ ਸੋਚ ਰਹੀ ਸੀ ਕਿ ਮੈਂ ਕਦੇ ਵੀ ਇਸ ਖੂਬਸੂਰਤ ਜਗ੍ਹਾ ਨੂੰ ਮੁੜ ਨਹੀਂ ਵੇਖ ਸਕਾਂਗੀ, ਜਿੱਥੇ ਤੁਸੀਂ ਆਪਣੀਆਂ ਸੁਨਿਹਰੀ ਯਾਦਾਂ ਬਣਾਈਆਂ ਹਨ ਤੇ ਵੱਡੇ ਹੋਏ ਹੋ। ਇੱਥੇ ਇਹ ਇੱਥੇ ਤੁਹਾਡਾ ਆਖਰੀ ਸਮਾਂ ਹੈ।"
2010 ਵਿੱਚ ਪੋਪਲ ਦੀ ਕਪਤਾਨੀ ਹੇਠ ਆਪਣੇ ਪਹਿਲੇ ਅਧਿਕਾਰਤ ਮੈਚ ਅਫ਼ਗਾਨਿਸਤਾਨ ਦੀ ਮਹਿਲਾ ਟੀਮ ਨੇਪਾਲ ਤੋਂ 13-0 ਨਾਲ ਹਾਰ ਗਈ ਸੀ।
ਨਤੀਜੇ ਨੂੰ ਇੱਕ ਪਾਸੇ ਰੱਖ ਕੇ ਦੇਖਿਆ ਜਾਏ ਤਾਂ ਉਨ੍ਹਾਂ ਨੇ ਅਫ਼ਾਗਾਨਿਸਤਾਨ ਦੀ ਫੁੱਟਬਾਲ ਲਈ ਰਾਹ ਬਣਾਇਆ ਸੀ। ਇਹ ਉਹ ਰਾਹ ਸੀ ਜਿਸ ਉੱਪਰ ਤਾਲਿਬਾਨ ਤੋਂ ਬਿਨਾਂ ਹੀ ਚੱਲਿਆ ਜਾ ਸਕਦਾ ਸੀ।
ਫਾਤੀ ਕਹਿੰਦੇ ਹਨ, "ਅਸੀਂ ਬੇਅਵਾਜ਼ੇ ਲੋਕਾਂ ਲਈ ਇੱਕ ਆਵਾਜ਼ ਸੀ।"
"ਇਸ ਨੇ ਮੇਰੇ ਮਾਤਾ-ਪਿਤਾ ਖਾਸ ਕਰਕੇ ਮੇਰੇ ਪਿਤਾ ਜੀ ਦੀ ਸੋਚ ਨੂੰ ਬਦਲਣ ਵਿੱਚ ਮਦਦ ਕੀਤੀ। ਉਨ੍ਹਾਂ ਦੀ ਮਾਨਸਿਕਤਾ ਵੀ ਹੋਰਨਾਂ ਮਰਦਾਂ ਵਰਗੀ ਸੀ, ਜੋ ਇਹ ਸੋਚਦੇ ਸਨ ਕਿ ਖੇਡਾਂ ਔਰਤਾਂ ਲਈ ਸਹੀ ਨਹੀਂ ਹਨ।"
"ਕੁਝ ਲੋਕ ਸੋਚਦੇ ਸਨ ਕਿ ਅਸੀਂ ਸਿਰਫ ਮੌਜ-ਮਸਤੀ ਹੀ ਕਰਦੀਆਂ ਹਾਂ। ਪਰ ਉਹ ਇਹ ਨਹੀਂ ਸਮਝ ਸਕੇ ਕਿ ਇਹ ਸਿਰਫ ਮੌਜ-ਮਸਤੀ ਹੀ ਨਹੀਂ ਸਗੋਂ ਸਮਾਜ ਅਤੇ ਹੱਕਾਂ ਬਾਰੇ ਵੀ ਸੀ।
ਇਹ ਵੀ ਪੜ੍ਹੋ:
"ਸਾਡੀ ਕੌਮੀ ਟੀਮ ਵਿੱਚ ਉਹ ਔਰਤਾਂ ਸਨ ਜੋ ਕਿ ਲੁਕੀਆਂ ਹੋਈਆਂ ਸਨ।"
ਇਹ ਟੀਮ ਕਦੇ ਵੀ ਵਿਸ਼ਵ ਕੱਪ ਜਾਂ ਏਸ਼ੀਆਂ ਕੱਪ ਵਰਗੇ ਵੱਡੇ ਟੂਰਨਾਮੈਂਟਾਂ ਲਈ ਕੁਆਲੀਫਾਈ ਨਹੀਂ ਹੋਈ, ਪਰ ਅਮਰੀਕੀ ਕੋਚ ਲਿੰਡਸੇ ਅਤੇ ਸਹਾਇਕ ਕੋਚ ਕਾਰਟਰ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵਿਸ਼ਵ ਦੀਆਂ ਸਿਖਰਲੀਆਂ 100 ਟੀਮਾਂ ਵਿੱਚ ਜ਼ਰੂਰ ਪਹੁੰਚ ਗਈ ਸੀ।
ਹਾਲਾਂਕਿ ਉਨ੍ਹਾਂ ਦੇ ਕੋਚਾਂ ਲਈ ਅਫ਼ਗਾਨਿਸਤਾਨ ਦੀ ਧਰਤੀ ''ਤੇ ਪੈਰ ਰੱਖਣ ਵਿੱਚ ਬਹੁਤ ਵੱਡਾ ਖਤਰਾ ਸੀ।
ਅਫ਼ਗਾਨਿਸਤਾਨ ਦੀ ਮਹਿਲਾ ਫੁੱਟਬਾਲ ਟੀਮ ਨੇ ਹਾਲ ਹੀ ਵਿੱਚ ਤਜ਼ਾਕਿਸਤਾਨ ਵਿੱਚ ਜੂਨ 2021 ਵਿੱਚ ਅਧਿਕਾਰਤ ਮੁਕਾਬਲੇ ਵਿੱਚ ਮੱਧ ਏਸ਼ੀਆਈ ਦੇਸ਼ਾਂ ਦੇ ਅੰਡਰ-20 ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ।
ਦੋ ਮਹੀਨੇ ਬਾਅਦ ਹੀ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਹੋ ਗਈ।
ਵੀਡੀਓ: ਤਾਲਿਬਾਨ ਦਾ ਫ਼ੈਸ਼ਨ ਨਾਲ ਮੁਕਾਬਲਾ ਕਰਦੀਆਂ ਅਫ਼ਗਾਨ ਮੁਟਿਆਰਾਂ
ਆਸਟਰੇਲੀ ''ਚ ਫਾਤੀ ਅਤੇ ਉਨ੍ਹਾਂ ਦੀਆਂ ਸਾਥਣਾਂ ਨੂੰ ਮੈਲਬੌਰਨ ਜਿੱਤ ਤੋਂ ਬਾਅਦ ਸਹੂਲਤਾਂ ਅਤੇ ਕੋਚ ਮੁਹਈਆ ਕਰਵਾਏ ਗਏ, ਜਿਸ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਫਰਵਰੀ ਮਹੀਨੇ ਵਿੱਚ ਇੱਕਠੇ ਸਿਖਲਾਈ ਹਾਸਲ ਕੀਤੀ।
ਫਾਤੀ ਦੱਸਦੇ ਹਨ, "ਉਹ ਬਹੁਤ ਹੀ ਸ਼ਾਨਦਾਰ ਅਹਿਸਾਸ ਸੀ।"
"ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਕੁਝ ਮੁੜ ਵਾਪਸ ਆ ਗਿਆ ਸੀ ਅਤੇ ਮੇਰੇ ਸਾਥੀਆਂ ਲਈ ਇੱਕ ਨਵੀਂ ਉਮੀਦ ਦੀ ਉਮੰਗ ਸੀ।"
"ਮੈਂ ਉਸ ਖੁਸ਼ੀ ਨੂੰ ਆਪਣੀਆਂ ਯਾਦਾਂ ਵਿੱਚ ਸਮੋਅ ਲਿਆ ਅਤੇ ਸੋਚਿਆ ਕਿ ਮੈਂ ਹੁਣ ਕਾਮਯਾਬ ਹਾਂ। ਅਸੀਂ ਹਾਰਾਂਗੇ ਨਹੀਂ।"
ਅਪ੍ਰੈਲ ਮਹੀਨੇ ਉਨ੍ਹਾਂ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ। ਮੈਲਬੌਰਨ ਵਿਕਟਰੀ ਮਹਿਲਾ ਟੀਮ ਕੋਚ ਜੈੱਫ ਹੌਪਕਿਨਜ਼, ਤੋਂ ਸਿਖਲਾਈ ਹਾਸਲ ਕਰਨ ਤੋਂ ਬਾਅਦ, ਉਨ੍ਹਾਂ ਨੇ ਕਾਬੁਲ ਛੱਡਣ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡਿਆ।
ਇਹ ਮੈਚ 0-0 ਅੰਕਾਂ ਨਾਲ ਡਰਾਅ ਰਿਹਾ ਸੀ।
ਵੀਡੀਓ: ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ
ਅਫ਼ਗਾਨ ਕਿੱਟ ''ਤੇ ਕੋਈ ਨਾਮ ਨਹੀਂ ਸੀ, ਸਿਰਫ ਜਰਸੀ ਦੇ ਪਿੱਛੇ ਨੰਬਰ ਸਨ- ਜੋ ਸੰਕੇਤ ਸੀ ਉਹ ਖੁਦ ਭਾਵੇਂ ਸੁਰੱਖਿਅਤ ਹਨ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਜੇ ਵੀ ਖਤਰਾ ਹੈ।
ਭਵਿੱਖ ਧੁੰਦਲਕੇ ਵਿੱਚ ਹੈ। ਕੌਮਾਂਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਅਫ਼ਗਾਨ ਫੁੱਟਬਾਲ ਐਸੋਸੀਏਸ਼ਨ (ਏਐੱਫਏ) ਦੇ ਸਹਿਯੋਗ ਅਤੇ ਤਾਲਿਬਾਨ ਦੀ ਮਨਜ਼ੂਰੀ ਦੀ ਲੋੜ ਹੋਵੇਗੀ, ਜਿਸ ਦੀ ਫਿਲਹਾਲ ਕੋਈ ਉਮੀਦ ਨਹੀਂ ਹੈ।
ਸਤੰਬਰ ਮਹੀਨੇ ਵਿੱਚ ਟੀਮ ਨੂੰ ਫਰਵਰੀ ਵਿੱਚ ਹੋਣ ਵਾਲੇ ਮਹਿਲਾ ਏਸ਼ੀਅਨ ਕੱਪ ਲਈ ਕੁਆਲੀਫਾਈਰ ਤੋਂ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚ ਇਸ ਮੁਕਾਬਲੇ ਵਿੱਚ ਚੀਨ ਜੇਤੂ ਰਿਹਾ ਸੀ।
ਫੀਫਾ ਨੇ ਅਫ਼ਗਾਨਿਸਤਾਨ ਦੀ ਸਥਿਤੀ ਨੂੰ "ਡਾਵਾਂਡੋਲ ਅਤੇ ਬਹੁਤ ਚਿੰਤਾਜਨਕ" ਦੱਸਿਆ ਹੈ। ਫੀਫਾ ਮੁਤਾਬਕ ਉਹ ਲਗਾਤਾਰ ਏਐੱਫਏ ਨਾਲ ਸੰਪਰਕ ਵਿੱਚ ਹਨ ਅਤੇ ਖੇਡ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ।
ਹਾਲਾਂਕਿ ਇਹ ਸਪੱਸ਼ਟਤਾ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਕੀ ਫਾਤੀ ਅਤੇ ਉਨ੍ਹਾਂ ਦੀਆਂ ਸਾਥਣਾਂ ਮੁੜ ਕਦੋਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਸਕਣਗੀਆਂ।
ਇਸ ਦੌਰਾਨ ਪੁਰਸ਼ ਟੀਮ ਖੇਡ ਰਹੀ ਹੈ ਅਤੇ ਹਾਲ ''ਚ ਹੀ 2023 ਏਸ਼ੀਆਨ ਕੱਪ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਹੈ। ਏਐੱਫਏ ਦੇ ਪ੍ਰਧਾਨ ਮੁਹੰਮਦ ਕਾਰਗਰ ਨੂੰ ਜਦੋਂ ਇੱਕ ਇੰਟਰਵਿਊ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉਸ ਬੇਨਤੀ ਦਾ ਜਵਾਬ ਕੋਈ ਨਹੀਂ ਦਿੱਤਾ।
ਵੀਡੀਓ: ਕਾਬੁਲ ਏਅਰਪੋਰਟ ਦੀਆਂ ਕੰਧਾਂ ਚੜ੍ਹਦੇ ਲੋਕਾਂ ਉੱਤੇ ਹੰਝੂ ਗੈਸ ਦੇ ਗੋਲੇ
ਫਾਤੀ ਆਪਣੇ ਇਰਾਦੇ ''ਤੇ ਪੱਕੇ ਹਨ।
ਉਹ ਕਹਿੰਦੇ ਹਨ, " ਅਸੀਂ ਅਫ਼ਗਾਨਿਸਤਾਨ ਦੀ ਕੌਮੀ ਟੀਮ ਦੇ ਖਿਤਾਬ ਲਈ ਚਿੰਤਤ ਹਾਂ। ਅਸੀਂ ਉਸ ਨੂੰ ਸਰਕਾਰੀ ਤੌਰ ''ਤੇ ਹਾਸਲ ਕਰ ਸਕਾਂਗੇ ਜਾਂ ਨਹੀਂ।"
"ਜੇਕਰ ਏਐੱਫਏ ਕਹਿੰਦਾ ਹੈ ਕਿ ਕੋਈ ਕੌਮੀ ਟੀਮ ਨਹੀਂ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਮੇਰੇ ਨਾਲ ਮੇਰੇ ਟੀਮ ਦੇ ਸਾਥੀ ਹਨ। ਅਸੀਂ ਇਕ ਦੂਜੇ ਦੇ ਨਾਲ ਹਾਂ।''''
''''ਅਸੀਂ ਇੱਕਠੇ ਜਾਂ ਵਿਅਕਤੀਗਤ ਤੌਰ ''ਤੇ ਖੇਡਾਂਗੇ। ਅਸੀਂ ਪਹਿਲਾਂ ਹੀ ਇੱਕ ਪਰਿਵਾਰ ਦੀ ਤਰ੍ਹਾਂ ਹਾਂ ਅਤੇ ਕੋਈ ਵੀ ਇਸ ਸੱਚ ਨੂੰ ਬਦਲ ਨਹੀਂ ਸਕਦਾ।''
"ਇਸ ਦੀ ਬਜਾਏ ਸਾਡਾ ਟੀਚਾ ਆਸਟਰੇਲੀਆ ਜਾਂ ਉਸ ਦੇਸ਼ ਦੀ ਕੌਮੀ ਟੀਮ ਬਣਾਉਣ ਦਾ ਹੋਵੇਗਾ, ਜਿਸ ਵਿੱਚ ਅਸੀਂ ਹਾਂ। ਫਿਰ ਵੀ ਅਸੀਂ ਅਫਗਾਨ ਹਾਂ ਅਤੇ ਕਿਸੇ ਵੀ ਤਰ੍ਹਾਂ ਅਸੀਂ ਆਪਣੀ ਕੌਮੀਅਤ ਦੇ ਨੁਮਾਇੰਦੇ ਹੋਵਾਂਗੇ।"
ਆਖਰਕਾਰ ਅਪ੍ਰੈਲ ਮਹੀਨੇ ਕਾਰਟਰ ਅਤੇ ਫਾਤੀ ਦੀ ਮੁਲਾਕਾਤ ਆਸਟਰੇਲੀਆ ਵਿਖੇ ਹੋਈ।
ਕਾਰਟਰ ਨੇ ਕਿਹਾ, "ਉਹ ਇੱਕ ਹਿੰਮਤੀ ਅਤੇ ਸ਼ਾਨਦਾਰ ਮੁਟਿਆਰ ਹੈ।"
"ਇਹ ਸਿਰਫ਼ ਸਾਧਨ ਸੰਪੰਨਤਾ ਹੀ ਨਹੀਂ ਹੈ, ਸਗੋਂ ਹਿੰਮਤ ਹੈ ਜੋ ਕਿ ਮੁਟਿਆਰਾਂ ਦੇ ਉਨ੍ਹਾਂ ਦੇ ਸਮੂਹ ਨੇ ਦਿਖਾਈ ਅਤੇ ਫਾਤੀ ਉਸ ਸਮੂਹ ਦੀ ਆਗੂ ਸੀ।''
''''ਪਿਛਲੇ ਸਾਲ ਉਨ੍ਹਾਂ ਨੇ ਜੋ ਹਿੰਮਤ ਵਿਖਾਈ ਉਹ ਤਾਰੀਫ਼ ਦੇ ਕਾਬਲ ਹੈ।''''
"ਉਹ ਔਰਤਾਂ ਮੇਰੀਆਂ ਅਸਲ ਹੀਰੋ ਹਨ।"
ਇਹ ਵੀ ਪੜ੍ਹੋ:
https://www.youtube.com/watch?v=Z4Bum9Ln5Cw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਗਨੀਪੱਥ ਖ਼ਿਲਾਫ ਹਰਿਆਣਾ, ਯੂਪੀ ਤੇ ਬਿਹਾਰ ਸਣੇ ਕਈ ਥਾਵਾਂ ''ਤੇ ਹਿੰਸਕ ਹੋਇਆ ਵਿਰੋਧ ਪ੍ਰਦਰਸ਼ਨ, ਕਈ ਰੇਲ...
NEXT STORY