ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਕੈਂਸਰ ਨਹੀਂ ਹੋ ਸਕਦਾ, ਕੈਂਸਰ ਨਾਲ ਜੂਝ ਰਹੀ ਰੋਜ਼ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਲਾਹ ਦਿੰਦੀ ਸੀ ਕਿ ਉਹ ਉਸ ਵੱਲ ਝਾਤ ਮਾਰਨ
ਰੋਜ਼ ਅਮਰੀਕਾ ਦੇ ਟੈਕਸਾਸ ਸੂਬੇ ਦੇ ਇੱਕ ਛੋਟੇ ਜਿਹੇ ਸ਼ਹਿਰ ''ਚ ਵੱਡੀ ਹੋਈ ਸੀ। ਉਸ ਨੂੰ ਮਹਿਜ਼ 13 ਸਾਲ ਦੀ ਉਮਰ ਤੋਂ ਹੀ ਸਿਗਰਟ ਪੀਣ ਦੀ ਲਤ ਲੱਗ ਗਈ ਸੀ।
ਰੋਜ਼ ਦੱਸਦੀ ਹੈ ਕਿ ਉਸ ਦੀ ਮਾਂ ਬਹੁਤ ਹੀ ਸਖ਼ਤੀ ਨਾਲ ਕਹਿੰਦੀ ਸੀ ਕਿ ਉਹ ਸਿਗਰਟ ਨਾ ਪੀਵੇ ਪਰ ਇਹ ਆਦਤ ਛੁੱਟਣ ਦਾ ਨਾਂਅ ਹੀ ਨਹੀਂ ਲੈਂਦੀ ਸੀ। ਉਹ ਆਪਣੇ ਪਿਤਾ ਦੀ ਸਿਗਰਟ ਚੋਰੀ ਕਰ ਲੈਂਦੀ ਅਤੇ ਸਕੂਲ ''ਚ ਦੁਪਹਿਰ ਦੇ ਖਾਣੇ ਲਈ ਮਿਲਣ ਵਾਲੇ ਪੈਸੇ ਵੀ ਇਸ ਸਿਗਰਟ ਪੀਣ ''ਤੇ ਹੀ ਖਰਚ ਕਰ ਦਿੰਦੀ ਸੀ।
ਅਗਲੇ 45 ਸਾਲਾਂ ਤੱਕ, ਉਹ ਰੋਜ਼ਾਨਾ ਲਗਭਗ ਦੋ ਪੈਕੇਟ ਸਿਗਰੇਟ ਦੇ ਪੀਂਦੀ ਰਹੀ। ਫਿਰ ਇੱਕ ਦਿਨ ਉਸ ਨੂੰ ਆਪਣੇ ਪੈਰਾਂ ''ਚ ਕੁਝ ਸਮੱਸਿਆ ਮਹਿਸੂਸ ਹੋਈ। ਡਾਕਟਰ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਇਹ ਸਿਗਰਟਨੋਸ਼ੀ ਨਾਲ ਜੁੜੀ ਸਮੱਸਿਆ ਹੈ ਅਤੇ ਜੇ ਉਸ ਨੇ ਸਿਗਰਟ ਪੀਣਾ ਨਾ ਛੱਡਿਆ ਤਾਂ ਉਸ ਨੂੰ ਆਪਣਾ ਪੈਰ ਗਵਾਉਣਾ ਪੈ ਸਕਦਾ ਹੈ।
ਉਸ ਨੇ ਸਿਗਰਟ ਤਾਂ ਪੀਣੀ ਛੱਡ ਦਿੱਤੀ ਪਰ ਉਦੋਂ ਹੀ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਫੇਫੜਿਆਂ ਦਾ ਕੈਂਸਰ ਹੈ। ਉਸ ਨੂੰ ਕੀਮੋਥੈਰੇਪੀ ਲੈਣੀ ਪਈ ਅਤੇ ਫਿਰ ਸਰਜਰੀ ਵੀ ਹੋਈ। ਉਸ ਤੋਂ ਬਾਅਦ ਉਸ ਦੇ ਦਿਮਾਗ ''ਚ ਦੋ ਟਿਊਮਰ ਵੀ ਪਾਏ ਗਏ।
ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਕੈਂਸਰ ਨਹੀਂ ਹੋ ਸਕਦਾ। ਕੈਂਸਰ ਨਾਲ ਜੂਝ ਰਹੀ ਰੋਜ਼ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਲਾਹ ਦਿੰਦੀ ਸੀ ਕਿ ਉਹ ਉਸ ਵੱਲ ਝਾਤ ਮਾਰਨ।
ਫਿਰ ਇੱਕ ਦਿਨ ਰੋਜ਼ ਦੀ ਮੌਤ ਹੋ ਗਈ। ਉਸ ਸਮੇਂ ਉਸ ਦੀ ਉਮਰ 60 ਸਾਲ ਸੀ।
ਸਿਗਰਟਨੋਸ਼ੀ ਦੇ ਸ਼ਿਕਾਰ ਲੋਕ ਵੀ ਅਜਿਹੀਆਂ ਕਈ ਡਰਾਉਣੀਆਂ ਕਹਾਣੀਆਂ ਸੁਣਾਉਂਦੇ ਹਨ। ਉਹ ਸਿਗਰਟਨੋਸ਼ੀ ਦੇ ਸਾਰੇ ਖ਼ਤਰਿਆਂ ਤੋਂ ਵੀ ਜਾਣੂ ਹੁੰਦੇ ਹਨ। ਸਰਕਾਰਾਂ ਅਤੇ ਸੰਸਥਾਵਾਂ ਸਿਗਰਟਨੋਸ਼ੀ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਉਂਦੀਆਂ ਹਨ ਪਰ ਇਸ ਸਭ ਦੇ ਬਾਵਜੂਦ ਦੁਨੀਆ ਭਰ ''ਚ ਇੱਕ ਅਰਬ ਦੇ ਕਰੀਬ ਲੋਕ ਸਿਗਰਟਨੋਸ਼ੀ ਕਰਦੇ ਹਨ।
ਹਰ ਸਾਲ ਲਗਭਗ 60 ਲੱਖ ਲੋਕ ਸਿਗਰਟਨੋਸ਼ੀ ਨਾਲ ਸੰਬੰਧਤ ਬਿਮਾਰੀਆਂ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ।
ਅੰਦਾਜ਼ਾ ਹੈ ਕਿ ਸਾਲ 2030 ਤੱਕ ਸਿਗਰਟਨੋਸ਼ੀ ਦੇ ਕਾਰਨ ਸਾਲਾਨਾ 80 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਫਿਰ ਵੀ ਲੋਕ ਇਸ ਭੈੜੀ ਆਦਤ ਨੂੰ ਛੱਡ ਨਹੀਂ ਪਾਉਂਦੇ ਹਨ।
ਪਰ ਅਜਿਹਾ ਕਿਉਂ ? ਆਖ਼ਰਕਾਰ ਲੋਕ ਸਿਗਰਟ ਛੱਡਣ ''ਚ ਨਾਕਾਮ ਕਿਉਂ ਰਹਿੰਦੇ ਹਨ, ਇਸ ਸਵਾਲ ਦਾ ਜਵਾਬ ਲੈਣ ਲਈ ਬੀਬੀਸੀ ਨੇ ਚਾਰ ਮਾਹਰਾਂ ਨਾਲ ਗੱਲਬਾਤ ਕੀਤੀ।
ਸਿਗਰਟਨੋਸ਼ੀ ਦੀ ਲਤ
ਸਿਹਤ ਮਨੋਵਿਗਿਆਨੀ ਪ੍ਰੋ. ਰੌਬਰਟ ਵੈਸਟ ਦਾ ਕਹਿਣਾ ਹੈ, "ਮੈਂ ਸਿਗਰਟਨੋਸ਼ੀ ਦਾ ਸਖ਼ਤ ਵਿਰੋਧੀ ਸੀ, ਫਿਰ ਇੱਕ ਦਿਨ ਮੈਂ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।"
ਪ੍ਰੋ. ਰੌਬਰਟ ਨੇ ''ਦ ਸਮੋਕ ਫ੍ਰੀ ਫਾਰਮੂਲਾ'' ਨਾਂਅ ਦੀ ਇੱਕ ਕਿਤਾਬ ਲਿਖੀ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਇੱਕ ਗਰਲਫਰੈਂਡ ਦੇ ਕਹਿਣ ''ਤੇ ਸਿਗਰਟ ਪੀਣੀ ਛੱਡ ਦਿੱਤੀ ਸੀ।
ਰੌਬਰਟ ਦੱਸਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਸਿਗਰਟਨੋਸ਼ੀ ਤੋਂ ਛੋਟ ਹਾਸਲ ਨਹੀਂ ਹੈ
30 ਸਾਲ ਬਾਅਦ ਉਸ ਨਾਲ ਰਿਸ਼ਤਾ ਟੁੱਟ ਗਿਆ ਪਰ ਇਹ ਸਮਝਣ ਦੀ ਕੋਸ਼ਿਸ਼ ਬੰਦ ਨਹੀਂ ਹੋਈ ਕਿ ਆਖ਼ਰ ਲੋਕ ਸਿਗਰਟ ਕਿਉਂ ਪੀਂਦੇ ਹਨ?
ਉਨ੍ਹਾਂ ਅਨੁਸਾਰ ਇਸ ਦਾ ਜਵਾਬ ਤੰਬਾਕੂ ਦੇ ਪੱਤੇ ''ਚ ਮੌਜੂਦ ਨਿਕੋਟੀਨ ਹੈ। ਸਿਗਰੇਟ ਨੂੰ ਜਲਾਉਂਦਿਆਂ ਹੀ ਇਹ ਰਸਾਇਣ ਬਾਹਰ ਆ ਜਾਂਦਾ ਹੈ।
ਉਹ ਅੱਗੇ ਕਹਿੰਦੇ ਹਨ, "ਜਦੋਂ ਤੁਸੀਂ ਸਿਗਰਟ ਦਾ ਧੂੰਆਂ ਅੰਦਰ ਲੈ ਜਾਂਦੇ ਹੋ ਤਾਂ ਨਿਕੋਟੀਨ ਬਹੁਤ ਹੀ ਤੇਜ਼ੀ ਨਾਲ ਫੇਫੜਿਆਂ ਦੇ ਆਸੇ ਪਾਸੇ ਸਮਾ ਜਾਂਦਾ ਹੈ ਅਤੇ ਕੁਝ ਹੀ ਸਕਿੰਟਾਂ ''ਚ ਸਿੱਧੇ ਦਿਮਾਗ ਤੱਕ ਪਹੁੰਚ ਜਾਂਦਾ ਹੈ। ਉੱਥੇ ਇਹ ਨਰਵ ਸੈੱਲਾਂ ਦੇ ਸੰਪਰਕ ''ਚ ਆਉਂਦਾ ਹੈ ਅਤੇ ਇਸ ਦੇ ਪ੍ਰਭਾਵ ਦੇ ਕਾਰਨ ਡੋਪਮੀਨ ਨਾਮ ਦਾ ਰਸਾਇਣ ਬਾਹਰ ਆਉਂਦਾ ਹੈ।"
ਇਹ ਦਿਮਾਗ ਨੂੰ ਸੰਕੇਤ ਦਿੰਦਾ ਹੈ ਕਿ ਕੁਝ ਵਧੀਆ ਕਰਨ ਦੇ ਕਾਰਨ ਤੁਹਾਨੂੰ ''ਰਿਵਾਰਡ'' ਮਿਲਣ ਵਾਲਾ ਹੈ। ਰੌਬਰਟ ਦਾ ਕਹਿਣਾ ਹੈ ਕਿ ਭਾਵੇਂ ਤੁਹਾਨੂੰ ਇਸ ਦਾ ਅੰਦਾਜ਼ਾ ਨਾ ਹੋਵੇ ਪਰ ਦਿਮਾਗ ਤੁਹਾਨੂੰ ਮੁੜ ਅਜਿਹਾ ਕਰਨ ਲਈ ਕਹਿੰਦਾ ਹੈ।
ਉਹ ਅੱਗੇ ਕਹਿੰਦੇ ਹਨ ਕਿ ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਜਿਸ ਥਾਂ ''ਤੇ ਤੁਸੀਂ ਪਹਿਲੀ ਵਾਰ ਸਿਗਰਟ ਪੀਤੀ ਹੋਵੇ, ਜਿਵੇਂ ਆਪਣੇ ਦਫ਼ਤਰ ਦੇ ਬਾਹਰ, ਪਾਨ ਦੀ ਦੁਕਾਨ ''ਤੇ ਜਾਂ ਫਿਰ ਕਿਸੇ ਬਾਰ ''ਚ ਅਤੇ ਜੇ ਤੁਸੀਂ ਦੁਬਾਰਾ ਉੱਥੇ ਜਾਂਦੇ ਹੋ ਤਾਂ ਤੁਹਾਡੇ ਦਿਮਾਗ ਨੂੰ ਲੱਗਦਾ ਹੈ ਕਿ ਹੁਣ ਉਸ ਨੂੰ ਉਹੀ ''ਖਾਸ ਚੀਜ਼'' ਮੁੜ ਮਿਲਣ ਵਾਲੀ ਹੈ।
ਇਹ ਵੀ ਪੜ੍ਹੋ:
ਰੌਬਰਟ ਕਹਿੰਦੇ ਹਨ ਕਿ ਉਨ੍ਹਾਂ ਸਥਿਤੀਆਂ ਅਤੇ ਸਿਗਰਟ ਪੀਣ ਦੀ ਜ਼ਰੂਰਤ ਵਿਚਾਲੇ ਇੱਕ ਸਬੰਧ ਬਣ ਜਾਂਦਾ ਹੈ ਅਤੇ ਇਹ ਤੁਹਾਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ।
ਰੌਬਰਟ ਜਾਣਨਾ ਚਾਹੁੰਦੇ ਸੀ ਕਿ ਨਿਕੋਟੀਨ ਦੀ ਲਤ ਦੀ ਪਕੜ ਕਿੰਨੀ ਮਜ਼ਬੂਤ ਹੁੰਦੀ ਹੈ।
ਉਨ੍ਹਾਂ ਨੇ ਇੱਕ ਅਜਿਹੇ ਸਮੂਹ ਦਾ ਅਧੀਐਨ ਕੀਤਾ, ਜਿੰਨ੍ਹਾਂ ਨੂੰ ਬਹੁਤ ਜ਼ਿਆਦਾ ਸਿਗਰਟਨੋਸ਼ੀ ਦੇ ਕਾਰਨ ਗਲੇ ਦਾ ਕੈਂਸਰ ਹੋ ਗਿਆ ਸੀ। ਉਨ੍ਹਾਂ ਸਾਰਿਆਂ ਦੀ ਗਲੇ ਦੀ ਨਲੀ ਨੂੰ ਕੱਟ ਕੇ ਕੱਢਣਾ ਪਿਆ ਸੀ।
ਰੌਬਰਟ ਦੱਸਦੇ ਹਨ, "ਗਲੇ ''ਚ ਜੋ ਛੇਕ ਕੀਤੇ ਗਏ ਸਨ, ਉਹ ਉਨ੍ਹਾਂ ਜ਼ਰੀਏ ਹੀ ਸਾਹ ਲੈਂਦੇ ਹਨ। ਆਪਰੇਸ਼ਨ ਤੋਂ ਬਾਅਦ, ਉਨ੍ਹਾਂ ''ਚੋਂ ਕਈ ਲੋਕ ਮੁੜ ਸਿਗਰਟ ਪੀਣਾ ਚਾਹੁੰਦੇ ਸਨ। ਪਰ ਹੁਣ ਉਹ ਧੂੰਆਂ ਅੰਦਰ ਨਹੀਂ ਲੈ ਜਾ ਸਕਦੇ ਹਨ, ਕਿਉਂਕਿ ਹੁਣ ਉਨ੍ਹਾਂ ਦਾ ਮੂੰਹ ਫੇਫੜਿਆਂ ਨਾਲ ਨਹੀਂ ਜੁੜਿਆ ਹੈ।”
“ਅਜਿਹੇ ''ਚ ਕਈ ਲੋਕ ਗਲੇ ''ਚ ਬਣਾਏ ਗਏ ਛੇਕ ਰਾਹੀਂ ਸਿਗਰਟ ਪੀਂਦੇ ਹਨ। ਇਹ ਸਥਿਤੀ ਬਹੁਤੀ ਸੁਖਦਾਈ ਨਹੀਂ ਹੁੰਦੀ। ਉਨ੍ਹਾਂ ਨੂੰ ਮੁਸ਼ਕਲ ਵੀ ਹੁੰਦੀ ਹੈ ਪਰ ਇਸ ਤੋਂ ਪਤਾ ਚੱਲਦਾ ਹੈ ਕਿ ਸਿਗਰਟ ਪੀਣ ਵਾਲੇ ਨਿਕੋਟੀਨ ਦੀ ਤਲਬ ਨੂੰ ਮਿਟਾਉਣਾ ਚਾਹੁੰਦੇ ਹਨ।"
ਰੌਬਰਟ ਕਹਿੰਦੇ ਹਨ ਕਿ ਸਿਗਰਟ ''ਚ ਮੌਜੂਦ ਨਿਕੋਟੀਨ ਦੀ ਆਦਤ ਬਹੁਤ ਹੱਦ ਤੱਕ ਹੈਰੋਇਨ, ਕੋਕੀਨ ਜਾਂ ਅਫ਼ੀਮ ਵਰਗੇ ਕਿਸੇ ਹੋਰ ਨਸ਼ੇ ਦੀ ਆਦਤ ਵਰਗੀ ਹੀ ਹੁੰਦੀ ਹੈ।
ਉਹ ਕਹਿੰਦੇ ਹਨ ਕਿ ਦਿਮਾਗ ਦੇ ਜਿਸ ਹਿੱਸੇ ਨੂੰ '' ਐਨੀਮਲ ਪਾਰਟ'' ਕਿਹਾ ਜਾਂਦਾ ਹੈ, ਉਸ ਦੇ ਜ਼ਰੀਏ ਹੀ ਨਿਕੋਟੀਨ ਦੀ ਲਤ ''ਤੇ ਕਾਬੂ ਪਾਇਆ ਜਾ ਸਕਦਾ ਹੈ। ਸਿਗਰਟ ਦੀ ਲਤ ''ਤੇ ਕਾਬੂ ਪਾਉਣਾ ਕਿਸੇ ਜੰਗ ਦੀ ਤਰ੍ਹਾਂ ਹੀ ਹੈ।
ਰੌਬਰਟ ਅੱਗੇ ਦੱਸਦੇ ਹਨ, "ਨਸ਼ੇ ਐਨੀਮਲ ਬ੍ਰੇਨ ਨੂੰ ਉਤੇਜਿਤ ਕਰਦੇ ਹਨ ਅਤੇ ਦਿਮਾਗ ਦਾ ਇਹ ਹਿੱਸਾ ਕਹਿੰਦਾ ਹੈ - ਤਲਬ ਮਿਟਾਓ। ਦਿਮਾਗ ਦਾ ਦੂਜਾ ਹਿੱਸਾ ਕਹਿੰਦਾ ਹੈ ਕਿ ਇਹ ਮੂਰਖਤਾ ਹੈ। ਮੈਂ ਅਜਿਹਾ ਕਿਉਂ ਕਰ ਰਿਹਾ ਹਾਂ? ਜੋ ਲੋਕ ਇਸ ਦੇ ਆਦੀ ਹੋ ਜਾਂਦੇ ਹਨ ਉਹ ਹਰ ਦਿਨ ਇਸ ਸੰਘਰਸ਼ ਨਾਲ ਜੂਝਦੇ ਹਨ।"
ਰੌਬਰਟ ਦੱਸਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਇਸ ਤੋਂ ਛੋਟ ਹਾਸਲ ਨਹੀਂ ਹੈ।
ਉਹ ਦੱਸਦੇ ਹਨ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕਈ ਦਹਾਕਿਆਂ ਤੱਕ ਸਿਗਰਟ ਪੀਂਦੇ ਰਹੇ ਸਨ। ਬਾਅਦ ''ਚ ਉਨ੍ਹਾਂ ਨੇ ''ਨਿਕੋਟੀਨ ਰਿਪਲੇਸਮੈਂਟ'' ਥੈਰੇਪੀ ਲਈ ਸੀ।
ਇਸ ਆਦਤ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਤੁਸੀਂ ਕਿੰਨੇ ਬੁੱਧੀਮਾਨ ਹੋ। ਮਹੱਤਵਪੂਰਨ ਗੱਲ ਸਿਰਫ ਇਹ ਹੈ ਕਿ ਤੁਹਾਡਾ ਦਿਮਾਗ ਨਿਕੋਟੀਨ ਪ੍ਰਤੀ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ।
ਰੌਬਰਟ ਦਾ ਕਹਿਣਾ ਹੈ ਕਿ ਜੈਨੇਟਿਕ ਤੌਰ ''ਤੇ ਵੀ ਤੁਹਾਡੀ ਇਸ ਲਤ ਦੀ ਜਕੜ ''ਚ ਆਉਣ ਦੀ ਸੰਭਾਵਨਾ ਹੈ। ਜੋ ਜੀਨ ਤੁਹਾਨੂੰ ਬਣਾਉਂਦੇ ਹਨ, ਉਹ ਹੀ ਉਹਾਨੂੰ ਨੀਕੋਟੀਨ ਦੀ ਆਦਤ ਪਾ ਸਕਦੇ ਹਨ। ਪਰ ਹਰ ਮਾਮਲੇ ''ਚ ਅਜਿਹਾ ਹੋਣਾ ਜ਼ਰੂਰੀ ਵੀ ਨਹੀਂ ਹੈ।
ਬਾਜ਼ਾਰ ਦਾ ਪ੍ਰਭਾਵ
ਬਾਇਓਕੈਮਿਸਟ ਡਾਕਟਰ ਜੇਫ਼ਰੀ ਵਾਈਗੈਂਡ ਦਾ ਕਹਿਣਾ ਹੈ , "ਮੈਂ ਜੋ ਵੇਖਿਆ ਉਹ ਅਨੈਤਿਕ, ਗੈਰ ਕਾਨੂੰਨੀ ਅਤੇ ਨਿਯਮਾਂ ਦੇ ਵਿਰੁੱਧ ਸੀ। ਮੈਂ ਇਹ ਉਨ੍ਹਾਂ ਦੀ ਮਾਰਕੀਟਿੰਗ ਅਤੇ ਉਤਪਾਦ ਬਾਰੇ ਲੋਕਾਂ ''ਚ ਕੀਤੀ ਗਈ ਖੋਜ ਬਾਰੇ ਕਹਿ ਰਿਹਾ ਹਾਂ।"
ਡਾ. ਜੈਫ਼ਰੀ ਸਾਲ 1994 ''ਚ ''ਵਿਹਸਲ ਬਲੋਅਰ'' ਵੱਜੋਂ ਸਾਹਮਣੇ ਆਏ। ਉਨ੍ਹਾਂ ਨੇ ਤੰਬਾਕੂ ਦੀਆਂ ਵੱਡੀਆਂ ਕੰਪਨੀਆਂ ਦੇ ਝੂਠ ਤੋਂ ਪਰਦਾ ਚੁੱਕਿਆ। ਹਾਲੀਵੁੱਡ ਨੇ ਇਸ ਇਸ ਕਹਾਣੀ ''ਤੇ ''ਇਨਸਾਈਡਰ'' ਨਾਂਅ ਦੀ ਇੱਕ ਫ਼ਿਲਮ ਵੀ ਬਣਾਈ।
ਤੰਬਾਕੂ ਕੰਪਨੀਆਂ ਇਹ ਦਲੀਲ ਪੇਸ਼ ਕਰਦੀਆਂ ਹਨ ਕਿ ਉਹ ਕਿਸੇ ''ਤੇ ਵੀ ਸਿਗਰਟ ਪੀਣ ਲਈ ਦਬਾਅ ਨਹੀਂ ਪਾਉਂਦੀਆਂ
ਡਾ.ਜੈਫ਼ਰੀ ਦੀ ਕਹਾਣੀ ਦੀ ਸ਼ੁਰੂਆਤ 1988 ''ਚ ਅਮਰੀਕੀ ਸੂਬੇ ਕੈਂਟਕੀ ਦੇ ਲੁਈਵਿਲ ਤੋਂ ਹੋਈ ਸੀ। ਜੈਫ਼ਰੀ ਨੂੰ ਬਰਾਊਨ ਐਂਡ ਵਿਲੀਅਮਸਨ ਤੰਬਾਕੂ ਕੰਪਨੀ ''ਚ ਲੱਖਾਂ ਡਾਲਰ ਦੀ ਤਨਖਾਹ ਨਾਲ ਇੱਕ ਚੋਟੀ ਦੇ ਅਧਿਕਾਰੀ ਦਾ ਅਹੁਦਾ ਮਿਲਿਆ।
ਉਹ ਬਾਇਓਕੈਮਿਸਟ ਸਨ ਅਤੇ ਸਿਹਤ ਦੇ ਖੇਤਰ ''ਚ ਕੰਮ ਕਰ ਚੁੱਕੇ ਸਨ। ਉਨ੍ਹਾਂ ਨੂੰ ਸਿਗਰਟਨੋਸ਼ੀ ਦੇ ਖ਼ਤਰਿਆਂ ਬਾਰੇ ਕੰਪਨੀ ਦਾ ਰੁਖ਼ ਕੁਝ ਭੁਲੇਖੇ ਪਾਉਣ ਵਾਲਾ ਲੱਗਿਆ ਅਤੇ ਉਹ ਇਸ ਬਾਰੇ ਸਵਾਲ ਜਵਾਬ ਕਰਨ ਲੱਗੇ।
ਉਹ ਦੱਸਦੇ ਹਨ ਕਿ ਕੰਪਨੀ ਦੇ ਅੰਦਰ ਇਹ ਸਮਝ ਸਪੱਸ਼ਟ ਸੀ ਕਿ ਉਨ੍ਹਾਂ ਦੇ ਉਤਪਾਦ ਦੀ ਵਰਤੋਂ ਕਰਨ ਵਾਲੇ ਅਤੇ ਇਸ ਦੇ ਆਲੇ ਦੁਆਲੇ ਰਹਿਣ ਵਾਲਿਆਂ ਲਈ ਹਾਨੀਕਾਰਕ ਹੈ। ਪਰ ਬਾਹਰੀ ਦੁਨੀਆ ਨੂੰ ਤਾਂ ਕੰਪਨੀ ਇੱਕ ਵੱਖਰੀ ਹੀ ਕਹਾਣੀ ਸੁਣਾ ਰਹੀ ਸੀ।
ਡਾ. ਜੈਫ਼ਰੀ ਦੱਸਦੇ ਹਨ ਕਿ ਕੰਪਨੀ ਬਾਹਰੀ ਦੁਨੀਆ ਨੂੰ ਕਹਿੰਦੀ ਰਹੀ, "ਇਹ ਉਤਪਾਦ ਸੁਰੱਖਿਅਤ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਮਰਜ਼ੀ ਨਾਲ ਕਰਦੇ ਹੋ।"
ਜੈਫ਼ਰੀ ਪੰਜ ਸਾਲਾਂ ਤੱਕ ਸਵਾਲ ਪੁੱਛਦੇ ਰਹੇ ਅਤੇ ਪਰਤ ਦਰ ਪਰਤ ਭੇਤ ਖੋਲ੍ਹਦੇ ਰਹੇ। ਫਿਰ ਇੱਕ ਦਿਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮੂੰਹ ਬੰਦ ਰੱਖਣ ਦੀ ਹਿਦਾਇਤ ਕੀਤੀ ਗਈ।
ਇਸ ਤੋਂ ਇੱਕ ਸਾਲ ਬਾਅਦ 1994 ''ਚ ਜੈਫ਼ਰੀ ਦੇ ਸਾਬਕਾ ਬੌਸ ਸਮੇਤ ਦੁਨੀਆ ਦੀਆਂ ਸੱਤ ਵੱਡੀਆਂ ਤੰਬਾਕੂ ਕੰਪਨੀਆਂ ਦੇ ਸੀਈਓ ਨੇ ਸੱਚ ਦੱਸਣ ਦੀ ਸਹੁੰ ਖਾਧੀ ਅਤੇ ਅਮਰੀਕੀ ਕਾਂਗਰਸ ਦੇ ਸਾਹਮਣੇ ਝੂਠ ਬੋਲਿਆ। ਇਹ ਗੱਲ ਖੇਡ ਬਦਲਣ ਵਾਲੀ ਸਾਬਤ ਹੋਈ। ਜੈਫ਼ਰੀ ਨੇ ਦੁਨੀਆਂ ਅੱਗੇ ਸੱਚ ਰੱਖਣ ਦਾ ਫੈਸਲਾ ਲਿਆ।
ਉਹ ਕਹਿੰਦੇ ਹਨ, "ਮੈਨੂੰ ਵਿਹਸਲ ਬਲੋਅਰ ਕਿਹਾ ਗਿਆ। ਉਸ ਤੋਂ ਬਾਅਦ ਸਾਰੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ। ਮੈਨੂੰ ਮੇਲ ਜ਼ਰੀਏ ਦੋ ਵਾਰ ਮੇਰੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ। ਮੇਰੇ ਘਰ ਦੇ ਬਾਹਰ ਮੀਡੀਆ ਇੱਕਠੀ ਹੋ ਗਈ। ਦੋ ਹਥਿਆਰਬੰਦ ਸਾਬਕਾ ਸੀਕਰੇਟ ਏਜੰਟ 24 ਘੰਟੇ ਸਾਡੀ ਸੁਰੱਖਿਆ ਲਈ ਤੈਨਾਤ ਰਹਿੰਦੇ ਸਨ।"
ਭਾਵੇਂ ਕਿ ਇਹ ਕਦੇ ਸਾਬਤ ਨਹੀਂ ਹੋਇਆ ਪਰ ਜੈਫ਼ਰੀ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਦੇ ਪਿੱਛੇ ਬ੍ਰਾਊਨ ਐਂਡ ਵਿਲੀਅਮਸਨ ਦਾ ਹੱਥ ਹੈ। ਪਰ ਇਸ ਤੋਂ ਬਾਅਦ ਤੰਬਾਕੂ ਦੀਆਂ ਵੱਡੀਆਂ ਕੰਪਨੀਆਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕੀਆਂ ਕਿ ਨਿਕੋਟੀਨ ਦੀ ਆਦਤ ਲੱਗ ਸਕਦੀ ਹੈ ਅਤੇ ਇਹ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਇਸ ਤੋਂ ਬਾਅਦ ਕੁਝ ਦੇਸ਼ਾਂ ਨੇ ਲੋਕਾਂ ਨੂੰ ਸਿਗਰਟਨੋਸ਼ੀ ਤੋਂ ਦੂਰ ਰੱਖਣ ਲਈ ਦੂਰਗਾਮੀ ਉਪਾਅ ਕੀਤੇ। ਇੰਨ੍ਹਾਂ ''ਚ ਸਿਗਰਟ ਦੇ ਪੈਕੇਟ ਦੀ ਪੈਕਿੰਗ ''ਚ ਬਦਲਾਅ, ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ ''ਤੇ ਸਿਗਰਟਨੋਸ਼ੀ ''ਤੇ ਪਾਬੰਦੀ ਅਤੇ ਟੈਕਸ ਲਗਾ ਕੇ ਕੀਮਤਾਂ ਨੂੰ ਕਈ ਗੁਣਾ ਵਧਾਉਣਾ ਸ਼ਾਮਲ ਹੈ।
ਜੈਫ਼ਰੀ ਦਾਅਵਾ ਕਰਦੇ ਹਨ ਕਿ ਜਦੋਂ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ''ਚ ਨਿਯਮ ਬਦਲੇ ਗਏ ਤਾਂ ਤੰਬਾਕੂ ਕੰਪਨੀਆਂ ਨੇ ਆਪਣਾ ਧਿਆਨ ਦੂਜੇ ਦੇਸ਼ਾਂ ਵੱਲ ਮੋੜ ਲਿਆ।
ਉਹ ਕਹਿੰਦੇ ਹਨ, "ਤੰਬਾਕੂ ਕੰਪਨੀਆਂ ਨੂੰ ਮੁਨਾਫਾ ਕਾਇਮ ਰੱਖਣ ਲਈ ਕੋਈ ਰਸਤਾ ਤਾਂ ਲੱਭਣਾ ਹੀ ਪੈਣਾ ਸੀ। ਇਸ ਲਈ ਉਨ੍ਹਾਂ ਨੇ ਪੁਰਾਣੇ ਤਰੀਕੇ ਅਜ਼ਮਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਜਾਂ ਫਿਰ ਅਜਿਹੇ ਦੇਸ਼ਾਂ ਵੱਲ ਰੁਖ਼ ਕੀਤਾ, ਜਿੱਥੇ ਨਿਯਮ ਇੰਨੇ ਸਖ਼ਤ ਨਹੀਂ ਸਨ, ਜਿੱਥੋਂ ਦੇ ਲੋਕ ਮੁਕਾਬਲਤਨ ਘੱਟ ਪੜ੍ਹੇ ਲਿਖੇ ਅਤੇ ਗਰੀਬ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ''ਚ ਤੰਬਾਕੂ ਉਤਪਾਦਾਂ ਦੀ ਮਾਰਕੀਟਿੰਗ ਸ਼ੁਰੂ ਕਰ ਦਿੱਤੀ।"
ਸਵਾਲ ਇਹ ਹੈ ਕਿ ਲੋਕ ਸਿਗਰਟ ਪੀਣਾ ਸ਼ੁਰੂ ਹੀ ਕਿਉਂ ਕਰਦੇ ਹਨ
ਜੈਫ਼ਰੀ ਅੱਗੇ ਕਹਿੰਦੇ ਹਨ ਕਿ ਤੰਬਾਕੂ ਉਦਯੋਗ ਨਾਲ ਜੁੜੀਆਂ ਕੰਪਨੀਆਂ ਨੂੰ ਆਪਣੇ ਉਤਪਾਦ ਵੇਚਣ ਤੋਂ ਜੋ ਵੀ ਪੈਸਾ ਮਿਲਦਾ, ਉਸ ਨਾਲ ਉਹ ਉਸੇ ਉਤਪਾਦ ਦੀ ਮਾਰਕੀਟਿੰਗ ਕਰਦੇ ਹਨ, ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੇ ਉਤਪਾਦ ਨਾਲ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ।
ਹਾਲਾਂਕਿ ਤੰਬਾਕੂ ਕੰਪਨੀਆਂ ਇਹ ਦਲੀਲ ਪੇਸ਼ ਕਰਦੀਆਂ ਹਨ ਕਿ ਉਹ ਕਿਸੇ ''ਤੇ ਵੀ ਸਿਗਰਟ ਪੀਣ ਲਈ ਦਬਾਅ ਨਹੀਂ ਪਾਉਂਦੀਆਂ ਹਨ।
ਸ਼ਾਇਦ ਇਹ ਸਹੀ ਵੀ ਹੈ। ਅਜਿਹੇ ''ਚ ਸਵਾਲ ਇਹ ਹੈ ਕਿ ਲੋਕ ਸਿਗਰਟ ਪੀਣਾ ਸ਼ੁਰੂ ਹੀ ਕਿਉਂ ਕਰਦੇ ਹਨ। ਇਸ ਦਾ ਜਵਾਬ ਅਗਲੇ ਮਾਹਰ ਤੋਂ ਜਾਣਦੇ ਹਾਂ।
ਅਜੀਬ ਨਸ਼ਾ
ਸਿਹਤ ਮਨੋਵਿਗਿਆਨੀ ਡਾਕਟਰ ਇਲਡੀਕੋ ਟੋਮਬੇਰ ਦਾ ਕਹਿਣਾ ਹੈ, "ਮੇਰੀ ਮਾਂ ਬਹੁਤ ਜ਼ਿਆਦਾ ਸਿਗਰਟ ਪੀਂਦੀ ਸੀ। ਜਦੋਂ ਮੈਂ ਬੱਚੀ ਸੀ ਤਾਂ ਮੈਂ ਹਰ ਸਮੇਂ ਸਿਗਰਟ ਦੇ ਧੂੰਏਂ ਨਾਲ ਘਿਰੀ ਰਹਿੰਦੀ ਸੀ।"
ਡਾ. ਟੋਮਬੇਰ ਦੱਸਦੀ ਹੈ ਕਿ ਜਦੋਂ ਮਾਂ ਗਰਭਵਤੀ ਹੋਈ ਤਾਂ ਉਨ੍ਹਾਂ ਨੇ ਸਿਗਰਟ ਪੀਣਾ ਛੱਡ ਦਿੱਤਾ ਸੀ, ਪਰ ਜਿਵੇਂ ਹੀ ਉਨ੍ਹਾਂ ਮੈਨੂੰ ਦੁੱਧ ਪਿਆਉਣਾ ਬੰਦ ਕੀਤਾ ਤਾਂ ਮੁੜ ਸਿਗਰਟ ਪੀਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਨੇ ਪਹਿਲੀ ਕੇਸ ਸਟੱਡੀ ਆਪਣੀ ਮਾਂ ''ਤੇ ਹੀ ਕੀਤੀ ਸੀ। ਉਨ੍ਹਾਂ ਨੇ ਆਪਣੇ ਅਧਿਐਨ ''ਚ ਪਾਇਆ ਕਿ ਲੋਕਾਂ ਦੀ ਆਪਣੇ ਬਾਰੇ ਜੋ ਰਾਇ ਹੁੰਦੀ ਹੈ ਉਹ ਉਨ੍ਹਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ।
ਉਹ ਕਹਿੰਦੀ ਹੈ, "ਪਛਾਣ ਦੀ ਪ੍ਰੇਰਕ ਸ਼ਕਤੀ ਜ਼ਬਰਦਸਤ ਹੁੰਦੀ ਹੈ। ਇਹ ਹੀ ਤੁਹਾਡਾ ਵਿਵਹਾਰ ਤੈਅ ਕਰਦੀ ਹੈ। ਵਿਵਹਾਰ ਦੀਆਂ ਕਈ ਕਿਸਮਾਂ ਹਨ ਜਿਵੇਂ ਸਿਗਰਟ ਪੀਣਾ, ਸ਼ਰਾਬ ਪੀਣਾ, ਕਸਰਤ ਕਰਨਾ ਜਾਂ ਫਿਰ ਕਿਸੇ ਖਾਸ ਬ੍ਰਾਂਡ ਦੀਆਂ ਚੀਜ਼ਾਂ ਖਰੀਦਣਾ ਹੋਵੇ।"
ਇਹ ਆਪਣੀ ਵੱਖਰੀ ਪਛਾਣ ਬਣਾਉਣ ਦੀ ਤਰ੍ਹਾਂ ਹੀ ਹੈ। ਉਹ ਪਛਾਣ ਜੋ ਕਿਸੇ ਵਿਸ਼ੇਸ਼ ਸਮੂਹ ਜਾਂ ਜਾਤੀ ਨਾਲ ਜੁੜੀ ਹੋਵੇ ਅਤੇ ਤੁਸੀਂ ਇਹ ਨਿਰਧਾਰਤ ਕਰ ਰਹੇ ਹੋ ਕਿ ਹਰ ਕੋਈ ਇਸ ਬਾਰੇ ਜਾਣੂ ਹੈ।
ਡਾ. ਟੋਮਬੇਰ ਕਹਿੰਦੀ ਹੈ, "ਕਈ ਵਾਰ ਪਛਾਣ ਸਪੱਸ਼ਟ ਤੌਰ ''ਤੇ ਜ਼ਾਹਰ ਹੁੰਦੀ ਹੈ। ਜਦੋਂ ਤੁਸੀਂ ਕਿਸੇ ਯੂਨੀਵਰਸਿਟੀ ਦੀ ਵਰਦੀ ਪਾਉਂਦੇ ਹੋ ਜਾਂ ਫਿਰ ਮਨਪਸੰਦ ਫੁੱਟਬਾਲ ਕਲੱਬ ਦੀ ਜਰਸੀ ਪਾਉਂਦੇ ਹੋ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਸ ਖਾਸ ਸਮਾਜਿਕ ਸਮੂਹ ਦਾ ਹਿੱਸਾ ਹੋ। ਕਈ ਵਾਰ ਤੁਹਾਡੇ ਲਈ ਇਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ।"
ਹਰ ਕੋਈ ਜਾਣਦਾ ਹੈ ਕਿ ਸਿਗਰਟ ਪੀਣ ਨਾਲ ਕਈ ਖ਼ਤਰੇ ਪੈਦਾ ਹੁੰਦੇ ਹਨ
ਕੋਈ ਸਮੂਹ ਜਿੰਨਾਂ ਖਾਸ ਹੋਵੇਗਾ, ਉਸ ''ਚ ਦਾਖਲ ਹੋਣ ਦੀ ਇੱਛਾ ਵੀ ਉਨ੍ਹੀ ਹੀ ਜ਼ਿਆਦਾ ਤੇਜ਼ ਹੋਵੇਗੀ। ਖਾਸ ਹੋਣ ਦੀ ਪਛਾਣ ਕਾਇਮ ਰੱਖਣ ਲਈ ਨਵੇਂ ਲੋਕਾਂ ਨੂੰ ਕੁਝ ਅਜਿਹੇ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਵਚਨਬੱਧਤਾ ਵਿਖਾਈ ਦੇ ਸਕੇ।
ਡਾ. ਟੋਮਬੇਰ ਕਹਿੰਦੀ ਹੈ ਕਿ ਸਿਗਰਟਨੋਸ਼ੀ ਕਰਨ ਵਾਲੇ ਵਧੇਰੇਤਰ ਲੋਕ 26 ਸਾਲ ਦੀ ਉਮਰ ਤੋਂ ਪਹਿਲਾਂ ਹੀ ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਹਨ। ਕਿਸੇ ਨੌਜਵਾਨ ਲਈ ਕਿਸੇ ''ਕੂਲ ਗਰੁੱਪ'' ''ਚ ਆਪਣੀ ਥਾਂ ਬਣਾਉਣਾ ਬਹੁਤ ਹੀ ਅਹਿਮ ਹੁੰਦਾ ਹੈ।
ਉਹ ਅੱਗੇ ਕਹਿੰਦੀ ਹੈ ਕਿ ਸਿਗਰਟਨੋਸ਼ੀ ਇੱਕ ''ਸੋਸ਼ਲ ਪਾਸਪੋਰਟ'' ਦੀ ਤਰ੍ਹਾਂ ਹੈ। ਉਨ੍ਹਾਂ ਨੂੰ ਖੋਜ ਤੋਂ ਪਤਾ ਲੱਗਿਆ ਕਿ ਜੋ ਲੋਕ ਸਿਗਰਟਨੋਸ਼ੀ ਨੂੰ ਚੰਗੀ ਨਜ਼ਰ ਨਾਲ ਵੇਖਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਸਮਾਜਿਕ ਪੱਧਰ ਅਤੇ ਉਨ੍ਹਾਂ ਦੇ ਕਰੀਅਰ ਦੇ ਵਾਧੇ ''ਚ ਫਾਇਦਾ ਹੁੰਦਾ ਹੈ। ਅਜਿਹੇ ਲੋਕਾਂ ਲਈ ਸਿਗਰਟ ਪੀਣਾ ਛੱਡਣਾ ਬਹੁਤ ਹੀ ਮੁਸ਼ਕਲ ਕਾਰਾ ਹੈ।
"ਅਸੀਂ ਸਿਗਰਟ ਪੀਣ ਵਾਲੇ ਲੋਕਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਸਿਗਰਟ ਪੀਣ ਵਾਲੇ ਵਿਅਕਤੀ ਵੱਜੋਂ ਆਪਣੀ ਪਛਾਣ ਪਸੰਦ ਹੈ ਜਾਂ ਨਹੀਂ। 18% ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਸੰਦ ਹੈ। ਅਜਿਹੇ ਲੋਕਾਂ ਨੂੰ 6 ਮਹੀਨੇ ਬਾਅਦ ਮੁੜ ਤੋਂ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ''ਚੋਂ ਬਹੁਤ ਹੀ ਘੱਟ ਲੋਕਾਂ ਨੇ ਇਸ ਦੌਰਾਨ ਸਿਗਰਟ ਛੱਡਣ ਦਾ ਯਤਨ ਕੀਤਾ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜੋ ਲੋਕ ਇਸ ਦਿੱਖ ਨੂੰ ਵਧੀਆ ਮੰਨਦੇ ਹਨ, ਉਨ੍ਹਾਂ ਲਈ ਇਹ ਸੋਚ ਸਿਗਰਟ ਛੱਡਣ ਦੇ ਰਾਹ ''ਚ ਵੱਡਾ ਅੜਿੱਕਾ ਹੈ।"
ਹਰ ਕੋਈ ਜਾਣਦਾ ਹੈ ਕਿ ਸਿਗਰਟ ਪੀਣ ਨਾਲ ਕਈ ਖ਼ਤਰੇ ਪੈਦਾ ਹੁੰਦੇ ਹਨ ਅਤੇ ਲਗਾਤਾਰ ਇਸ ਦੀ ਵਰਤੋਂ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਪਰ ਹਰ ਕੋਈ ਖ਼ਤਰੇ ਨੂੰ ਇੱਕੋ ਤਰੀਕੇ ਨਾਲ ਨਹੀਂ ਵੇਖਦਾ ਹੈ।
ਇਹ ਵੀ ਪੜ੍ਹੋ:
ਜੀਵਨ ਦਾਅ ''ਤੇ
ਖੋਜਕਾਰ ਕਾਰਲ ਲੇਜ਼ਵੇ ਦਾ ਕਹਿਣਾ ਹੈ, "ਮੈਂ ਨੌਕਰੀਪੇਸ਼ਾ ਪਰਿਵਾਰ ਤੋਂ ਹਾਂ। ਜਦੋਂ ਮੈਂ 14 ਸਾਲ ਦਾ ਸੀ ਤਾਂ ਉਸ ਸਮੇਂ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਮਾਂ ਦੇ ਸਿਰ ਆ ਗਈ। ਉਸ ਸਮੇਂ ਅਸੀਂ ਨਿਊ ਜਰਸੀ ਦੇ ਇੱਕ ਸਧਾਰਨ ਜਿਹੇ ਕਸਬੇ ''ਚ ਰਹਿੰਦੇ ਸੀ।"
ਕਾਰਲ ਲੇਜ਼ਵੇ ਨੇ ਅਜਿਹੇ ਲੋਕਾਂ ਦਾ ਅਧਿਐਨ ਕੀਤਾ ਜੋ ਬੁਰੀ ਤਰ੍ਹਾਂ ਨਾਲ ਸਿਗਰਟ ਪੀਣ ਦੇ ਆਦੀ ਸਨ। ਉਹ ਅਤੇ ਉਨ੍ਹਾਂ ਦੀ ਟੀਮ ਸਿਗਰਟਨੋਸ਼ੀ ਕਰਨ ਵਾਲੇ ਅਜਿਹੇ ਲੋਕਾਂ ''ਚ ਦਿਲਚਸਪੀ ਰੱਖਦੀ ਸੀ ਜੋ ਕਿ ਨਤੀਜਿਆਂ ਤੋਂ ਜਾਣੂ ਹੋਣ ਦੇ ਬਾਵਜੂਦ ਆਪਣੀ ਸਿਹਤ ਨੂੰ ਛਿੱਕੇ ਟੰਗਣ ਲਈ ਤਿਆਰ ਸਨ।
ਕਾਰਲ ਲੇਜ਼ਵੇ ਦੱਸਦੇ ਹਨ, "ਅਸੀਂ ਇੱਕ ਗੇਮ ਬਣਾਈ। ਇਹ ਕੰਪਿਊਟਰ ਵੱਲੋਂ ਤਿਆਰ ਕੀਤੇ ਗਏ ਬੈਲੂਨ ''ਤੇ ਆਧਾਰਿਤ ਸੀ। ਇਸ ''ਚ ਗੁਬਾਰਾ ਫਲਾਉਣ ''ਤੇ ਪੈਸੇ ਦਿੱਤੇ ਜਾਂਦੇ ਸਨ। ਤੁਸੀਂ ਜਿੰਨ੍ਹਾਂ ਵੱਡਾ ਗੁਬਾਰਾ ਫੁਲਾਓਗੇ, ਉਨ੍ਹੇ ਜ਼ਿਅਦਾ ਹੀ ਪੈਸੇ ਜਿੱਤ ਸਕਦੇ ਹੋ। ਪਰ ਇੱਕ ਜਗ੍ਹਾ ''ਤੇ ਆ ਕੇ ਇਹ ਗੁਬਾਰਾ ਫੱਟ ਸਕਦਾ ਸੀ।"
ਸਿਗਰਟਨੋਸ਼ੀ ਦੇ ਮਾਮਲੇ ''ਚ ਇੱਕ ਖਦਸ਼ਾ ਰਹਿੰਦਾ ਹੈ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਅਜਿਹੀ ਬਿਮਾਰੀ ਹੋ ਸਕਦੀ ਹੈ ਜੋ ਕਿ ਤੁਹਾਡੀ ਜਾਨ ਵੀ ਲੈ ਸਕਦੀ ਹੈ
ਕਾਰਲ ਦੀ ਟੀਮ ਨੇ ਵੇਖਿਆ ਕਿ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੇ ਮੁਕਾਬਲੇ ਸਿਗਰਟ ਪੀਣ ਵਾਲੇ ਲੋਕ ਇਸ ਗੁਬਾਰੇ ਨੂੰ ਵਧੇਰੇ ਵੱਡਾ ਫੁਲਾਉਂਦੇ ਸਨ।
ਕਾਰਲ ਕਹਿੰਦੇ ਹਨ ਕਿ ਇਸ ਪ੍ਰਯੋਗ ਨੇ ਨਾ ਸਿਰਫ ਇਹ ਸਾਬਤ ਕੀਤਾ ਕਿ ਸਿਗਰਟਨੋਸ਼ੀ ਕਰਨ ਵਾਲੇ ਜੋਖਮ ਲੈਂਦੇ ਹਨ ਬਲਕਿ ਇਸ ਨੇ ਵੀ ਸਿੱਧ ਕੀਤਾ ਕਿ ਉਹ ਕਿਸ ਹੱਦ ਤੱਕ ਜਾ ਸਕਦੇ ਹਨ।
ਕਾਰਲ ਇਸ ਦੀ ਤੁਲਨਾ ਬੰਜੀ ਜੰਪਿੰਗ ਨਾਲ ਕਰਦੇ ਹਨ। ਉੱਥੇ ਜਦੋਂ ਤੁਸੀਂ ਕਿਸੇ ਪੁੱਲ ਤੋਂ ਛਾਲ ਮਾਰਦੇ ਹੋ ਤਾਂ ਜਿਹੜੀ ਚੀਜ਼ ਤੁਹਾਨੂੰ ਜ਼ਮੀਨ ਨਾਲ ਟਕਰਾਉਣ ਤੋਂ ਬਚਾਉਂਦੀ ਹੈ ਉਹ ਹੈ ਤੁਹਾਡੇ ਸਰੀਰ ਨਾਲ ਬੰਨ੍ਹਿਆ ਹੋਇਆ ਰਬੜ ਬੈਂਡ। ਜੇ ਉਹ ਟੁੱਟ ਗਿਆ ਤਾਂ ਸਾਰੀ ਖੇਡ ਖ਼ਤਮ।
ਸਿਗਰਟਨੋਸ਼ੀ ਦੇ ਮਾਮਲੇ ''ਚ ਇੱਕ ਖਦਸ਼ਾ ਰਹਿੰਦਾ ਹੈ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਅਜਿਹੀ ਬਿਮਾਰੀ ਹੋ ਸਕਦੀ ਹੈ ਜੋ ਕਿ ਤੁਹਾਡੀ ਜਾਨ ਵੀ ਲੈ ਸਕਦੀ ਹੈ, ਪਰ ਅਜਿਹਾ ਨਹੀਂ ਵੀ ਹੋ ਸਕਦਾ ਹੈ।
ਉਹ ਅੱਗੇ ਕਹਿੰਦੇ ਹਨ ਕਿ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸਿਗਰਟ ਪੀਣ ਵਾਲੇ ਆਪਣੀਆਂ ਭਾਵਨਾਵਾਂ ''ਤੇ ਕਾਬੂ ਕਿਵੇਂ ਪਾਉਂਦੇ ਹਨ। ਖਾਸ ਕਰਕੇ ਤਣਾਅ ਦੀ ਸਥਿਤੀ ''ਚ।
ਕਾਰਲ ਕਹਿੰਦੇ ਹਨ, "ਜੇ ਮੇਰੀ ਮਾਂ ਦੀ ਕਹਾਣੀ ''ਤੇ ਵਾਪਸ ਝਾਤ ਮਾਰੀਏ ਤਾਂ ਉਨ੍ਹਾਂ ਨੇ ਪਰਿਵਾਰ ਦੀ ਮਦਦ ਕਰਨ ਲਈ ਹਾਈ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਸੀ। ਸਾਰੀ ਉਮਰ ਉਹ ਜ਼ਿੰਮੇਵਾਰੀਆਂ ਦਾ ਬੋਝ ਢਾਉਂਦੀ ਰਹੀ। ਮੈਂ ਉਨ੍ਹਾਂ ਦੇ ਸਿਗਰਟ ਪੀਣ ਨੂੰ ਲੈ ਕੇ ਜਿਸ ਗੱਲ ਵੱਲ ਧਿਆਨ ਦਿੱਤਾ ਉਹ ਇਹ ਸੀ ਕਿ ਉਨ੍ਹਾਂ ਲਈ ਸਿਗਰਟ ਪੀਣਾ ਇੱਕ ਬ੍ਰੇਕ ਵਾਂਗ ਸੀ। ਉਸ ਸਮੇਂ ਜੋ ਕੁਝ ਵੀ ਵਾਪਰ ਰਿਹਾ ਹੁੰਦਾ, ਉਹ ਉਸ ਬਾਰੇ ਨਹੀਂ ਸੋਚ ਰਹੀ ਹੁੰਦੀ ਸੀ।"
ਕਾਰਲ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਵਰਗੇ ਲੋਕ ਜਿੰਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਨਾ ਪੈਂਦਾ ਹੈ, ਉਹ ਹਰ ਦਿਨ ਕਈ ਚੁਣੌਤੀਆਂ ਨਾਲ ਜੂਝ ਰਹੇ ਹੁੰਦੇ ਹਨ।
ਉਹ ਕਹਿੰਦੇ ਹਨ ਕਿ ਅਜਿਹੇ ਲੋਕਾਂ ਨੂੰ ਕਮਜ਼ੋਰ ਇੱਛਾ ਸ਼ਕਤੀ ਵਾਲਾ ਕਹਿਣਾ ਠੀਕ ਨਹੀਂ ਹੋਵੇਗਾ। ਅਜਿਹੇ ਲੋਕਾਂ ਦੀ ਸਥਿਤੀ ਦਾ ਅੰਦਾਜ਼ਾ ਉਹ ਲੋਕ ਨਹੀਂ ਲਗਾ ਸਕਦੇ, ਜੋ ਉਸ ਤਰ੍ਹਾਂ ਦੀ ਆਰਥਿਕ ਦਿੱਕਤਾਂ ਦਾ ਸਾਹਮਣਾ ਨਹੀਂ ਕਰ ਰਹੇ ਹਨ।
ਪਰ ਸਿਗਰਟ ਪੀਣ ਨਾਲ ਮਿਲਣ ਵਾਲੀ ਖੁਸ਼ੀ ਜੋਖ਼ਮ ਦੇ ਬੋਝ ਨੂੰ ਕੁਝ ਹੋਰ ਵਧਾ ਦਿੰਦੀ ਹੈ। ਕਾਰਲ ਦੀ ਮਾਂ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ।
ਕਾਰਲ ਕਹਿੰਦੇ ਹਨ, "ਲਗਭਗ ਤਿੰਨ ਸਾਲ ਪਹਿਲਾਂ ਮੇਰੀ ਮਾਂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ ਪਤਾ ਲੱਗਿਆ। ਉਹ ਠੀਕ ਹੋ ਗਈ ਅਤੇ ਫਿਰ ਉਨ੍ਹਾਂ ਨੂੰ ਦਿਮਾਗ ਦਾ ਕੈਂਸਰ ਹੋ ਗਿਆ। ਇਹ ਇੱਕ ਅਜਿਹਾ ਦਰਦ ਹੈ ਜਿਸ ਨੂੰ ਕਿ ਮੈਂ ਨਿੱਜੀ ਤੌਰ ''ਤੇ ਮਹਿਸੂਸ ਕਰ ਸਕਦਾ ਹਾਂ।"
ਉਸੇ ਸਵਾਲ ''ਤੇ ਵਾਪਸ ਆਉਂਦੇ ਹਾਂ ਕਿ ਆਖ਼ਰਕਾਰ ਲੋਕ ਸਿਗਰਟ ਪੀਣਾ ਕਿਉਂ ਨਹੀਂ ਛੱਡਦੇ?
ਸਾਡੇ ਮਾਹਰਾਂ ਦੀ ਰਾਇ ਹੈ ਕਿ ਕੁਝ ਲੋਕਾਂ ਲਈ ਇਹ ਜੀਵਨ ਦੇ ਤਣਾਅ ਨਾਲ ਨਜਿੱਠਣ ਦਾ ਇੱਕ ਤਰੀਕਾ ਹੈ। ਕੁਝ ਲੋਕਾਂ ਲਈ ਇਹ ਆਪਣੀ ਪਛਾਣ ਪ੍ਰਗਟ ਕਰਨ ਦਾ ਢੰਗ ਹੈ।
ਅਸੀਂ ਇਹ ਵੀ ਸਮਝਿਆ ਹੈ ਕਿ ਕੁਝ ਲੋਕ ਨਿਕੋਟੀਨ ਦੀ ਆਦਤ ਪ੍ਰਤੀ ਜੈਨੇਟਿਕ ਤੌਰ ''ਤੇ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਉਹ ਅਤੇ ਬਾਕੀ ਸਾਰੇ ਲੋਕ ਤੰਬਾਕੂ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਦੇ ਨਿਸ਼ਾਨੇ ''ਤੇ ਰਹਿੰਦੇ ਹਨ।
ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਸਿਗਰਟ ਪੀਣ ਵਾਲੇ ਨਿਕੋਟੀਨ ਦੇ ਆਦੀ ਹੋ ਜਾਂਦੇ ਹਨ ਅਤੇ ਇਸ ਲਤ ਦੀ ਗ੍ਰਿਫਤ ਸ਼ਾਇਦ ਹੈਰੋਇਨ ਤੋਂ ਵੀ ਵੱਧ ਹੁੰਦੀ ਹੈ।
ਇਹ ਵੀ ਪੜ੍ਹੋ:
https://www.youtube.com/watch?v=-pvWI-YlNBI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਕਾਲਜ ਦੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਨੋਟਿਸ ਰਾਹੀਂ ਭਾਜਪਾ ’ਚ ਸ਼ਾਮਿਲ ਹੋਣ ਲਈ ਕਿਹਾ, ਫਿਰ ਹੋਈ ਇਹ...
NEXT STORY