ਏਕਨਾਥ ਸ਼ਿੰਦੇ ਧੜੇ ਦੀ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੀ ਹੋਂਦ ''ਤੇ ਸਵਾਲ ਉੱਠ ਰਹੇ ਹਨ। ਕਈ ਵਿਸ਼ਲੇਸ਼ਕ ਇਸ ਗੱਲ ਨਾਲ ਸਹਿਮਤ ਹਨ ਕਿ ਸ਼ਿਵ ਸੈਨਾ ਹੁਣ ਤੱਕ ਦੇ ਆਪਣੇ ਸਫ਼ਰ ਦੇ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਹੀ ਹੈ।
ਦਰਅਸਲ, ਸਿਆਸੀ ਤੌਰ ''ਤੇ 52 ਸਾਲ ਪਹਿਲਾਂ ਸ਼ਿਵ ਸੈਨਾ ਨੂੰ ਪਾਰਟੀ ਵਜੋਂ ਆਪਣਾ ਪਹਿਲਾ ਵਿਧਾਇਕ ਮਿਲਿਆ ਸੀ ਅਤੇ ਉਹ ਵਿਧਾਇਕ ਵੀ ਇੱਕ ਕਤਲ ਕਰਕੇ ਚੋਣ ਜਿੱਤਿਆ ਸੀ।
ਸ਼ਿਵ ਸੈਨਾ ਦਾ ਗਠਨ ਹਾਲਾਂਕਿ, ਆਪਣਾ ਪਹਿਲਾ ਵਿਧਾਇਕ ਚੁਣੇ ਜਾਣ ਤੋਂ ਚਾਰ ਸਾਲ ਪਹਿਲਾਂ, ਜੂਨ 1966 ਵਿੱਚ ਇੱਕ ਸਿਆਸੀ ਸੰਗਠਨ ਵਜੋਂ ਕੀਤਾ ਗਿਆ ਸੀ। ਸ਼ਿਵ ਸੈਨਾ ਉਸ ਸਮੇਂ ਮੁੰਬਈ ਵਿੱਚ ਮਰਾਠੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਵਜੋਂ ਜਾਣੀ ਜਾਂਦੀ ਸੀ।
ਕ੍ਰਿਸ਼ਨਾ ਦੇਸਾਈ ਦੇ ਕਤਲ ਦੇ ਬਾਲ ਠਾਕਰੇ ''ਤੇ ਇਲਜ਼ਾਮ
6 ਜੂਨ 1970 ਦੀ ਸਵੇਰ ਨੂੰ ਬੰਬਈ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਹੈਰਾਨ ਕਰਨ ਵਾਲੀਆਂ ਸਨ। ਦਰਅਸਲ, ਇਸ ਦਿਨ ਸਕੂਲੀ ਇਮਤਿਹਾਨਾਂ ਦੇ ਨਤੀਜਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਨੀਆਂ ਸੀ ਪਰ ਸੁਰਖ਼ੀ ਸੀ ''ਕਾਮਰੇਡ ਕ੍ਰਿਸ਼ਨਾ ਦੇਸਾਈ ਦਾ ਕਤਲ''।
ਰਤਨਾਗਿਰੀ ਦੇ ਸੰਗਮੇਸ਼ਵਰ ਤਾਲੁਕਾ ਦੇ ਫੰਗਸ ਤੋਂ ਨਿਕਲੇ ਕ੍ਰਿਸ਼ਨਾ ਦੇਸਾਈ ਬਾਅਦ ਵਿੱਚ ਖੱਬੇਪੱਖੀ ਅੰਦੋਲਨ ਵਿੱਚ ਸਰਗਰਮ ਹੋ ਗਏ। ਉਨ੍ਹਾਂ ਨੇ ਕ੍ਰਾਂਤੀਕਾਰੀ ਕਮਿਊਨਿਸਟ ਪਾਰਟੀ ਨਾਂ ਦੀ ਪਾਰਟੀ ਵੀ ਬਣਾਈ।
ਬਾਅਦ ਵਿੱਚ ਸਾਲ 1967 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਵਿਧਾਇਕ ਚੁਣੇ ਗਏ। ਵਿਧਾਇਕ ਬਣਨ ਤੋਂ ਪਹਿਲਾਂ ਉਹ ਮੁੰਬਈ ਨਗਰ ਨਿਗਮ ਵਿੱਚ ਲਗਾਤਾਰ ਚਾਰ ਵਾਰ ਕਾਊਂਸਲਰ ਚੁਣੇ ਗਏ ਸਨ।
ਸੀਨੀਅਰ ਪੱਤਰਕਾਰ ਪ੍ਰਕਾਸ਼ ਅਕੋਲਕਰ ਨੇ ਆਪਣੀ ਕਿਤਾਬ ''ਜੈ ਮਹਾਰਾਸ਼ਟਰ'' ਵਿੱਚ ਕ੍ਰਿਸ਼ਨਾ ਦੇਸਾਈ ਬਾਰੇ ਲਿਖਿਆ ਹੈ, "ਉਹ ਇੱਕ ਉਗਰ ਸ਼ੈਲੀ ਦੇ ਸਿਆਸੀ ਕਾਰਕੁਨ ਸਨ। ਉਹ ਲਾਲ ਬਾਗ ਇਲਾਕੇ ਦੇ ਵਾਸੀ ਸਨ ਅਤੇ ਉੱਥੇ ਲਲਿਤ ਰਾਈਸ ਮਿੱਲ ਇਲਾਕੇ ਵਿੱਚ ਰਹਿੰਦੇ ਸਨ। ਉਹ ਇੱਥੇ ਵਰਕਰਾਂ ਨੂੰ ਵੀ ਮਿਲਦੇ ਸਨ।"
- ਸ਼ਿਵ ਸੈਨਾ ਦਾ ਗਠਨ ਜੂਨ 1966 ਵਿੱਚ ਇੱਕ ਸਿਆਸੀ ਸੰਗਠਨ ਵਜੋਂ ਕੀਤਾ ਗਿਆ ਸੀ।
- 5 ਜੂਨ 1970 ਦੀ ਰਾਤ ਨੂੰ ਪਰੇਲ ਤੋਂ ਵਿਧਾਇਕ ਕਾਮਰੇਡ ਕ੍ਰਿਸ਼ਨਾ ਦੇਸਾਈ ਦਾ ਕਤਲ ਕਰ ਦਿੱਤਾ ਗਿਆ।
- ਸਿਆਸੀ ਹਲਕਿਆਂ ਵਿੱਚ ਚਰਚਾ ਸੀ ਕਿ ਇਸ ਕਤਲ ਪਿੱਛੇ ਸ਼ਿਵ ਸੈਨਾ ਦਾ ਹੱਥ ਹੈ।
- ਕਤਲ ਦੇ ਇਲਜ਼ਾਮ ਬਾਲਾ ਸਾਹਿਬ ਠਾਕਰੇ ਉੱਪਰ ਵੀ ਲੱਗੇ।
- ਹਾਲਾਂਕਿ ਠਾਕਰੇ ਦੀ ਕਿਸੇ ਕਿਸਮ ਦੀ ਭੂਮਿਕਾ ਜਾਂਚ ਵਿੱਚੋਂ ਸਾਹਮਣੇ ਨਹੀਂ ਆਈ।
- ਕਾਮਰੇਡ ਕ੍ਰਿਸ਼ਨ ਦੇਸਾਈ ਦੀ ਮੌਤ ਤੋਂ ਬਾਅਦ ਜ਼ਿਮਨੀ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਖੱਬੇ ਪੱਖੀ ਪਾਰਟੀਆਂ ਨੇ ਉਨ੍ਹਾਂ ਦੀ ਪਤਨੀ ਨੂੰ ਉਮੀਦਵਾਰ ਬਣਾਇਆ।
- ਹਾਲਾਂਕਿ ਕ੍ਰਿਸ਼ਨ ਦੇਸਾਈ ਇਨ੍ਹਾਂ ਚੋਣਾਂ ਵਿੱਚ ਹਾਰ ਗਏ ਅਤੇ ਸ਼ਿਵ ਸੈਨਾ ਨੂੰ ਪਹਿਲਾ ਵਿਧਾਇਕ ਮਿਲਿਆ।
"5 ਜੂਨ ਦੀ ਰਾਤ ਵੀ ਅਜਿਹੀ ਹੀ ਇੱਕ ਰਾਤ ਸੀ। ਅਗਲੇ ਦਿਨ ਉਹ ਮਜ਼ਦੂਰਾਂ ਨਾਲ ਯਾਤਰਾ ''ਤੇ ਜਾ ਰਹੇ ਸਨ। ਉਥੋਂ ਹੀ ਪਲੈਨਿੰਗ ਸ਼ੁਰੂ ਹੋ ਗਈ। ਉਦੋਂ ਕੁਝ ਲੋਕ ਉੱਥੇ ਆਏ ਅਤੇ ਕ੍ਰਿਸ਼ਨਾ ਦੇਸਾਈ ਨੂੰ ਬਾਹਰ ਬੁਲਾਇਆ।"
"ਲਲਿਤ ਰਾਈਸ ਮਿੱਲ ਦੇ ਬਾਹਹੀ ਇਲਾਕੇ ਦੀ ਬੱਤੀ ਚਲੀ ਗਈ। ਬਿਜਲੀ ਕੱਟ ਦਿੱਤੀ ਗਈ ਸੀ। ਜਦੋਂ ਕ੍ਰਿਸ਼ਨਾ ਦੇਸਾਈ ਬਾਹਰ ਗਏ ਤਾਂ ਹਨੇਰੇ ਵਿੱਚ ਉਨ੍ਹਾਂ ਉੱਪਰ ਗੁਪਤ ਹਮਲਾ ਕੀਤਾ ਗਿਆ।"
6 ਜੂਨ ਨੂੰ ਕਾਮਰੇਡ ਕ੍ਰਿਸ਼ਨਾ ਦੇਸਾਈ ਦੇ ਅੰਤਿਮ ਸੰਸਕਾਰ ਮੌਕੇ ਕਰੀਬ ਦਸ ਹਜ਼ਾਰ ਲੋਕਾਂ ਦਾ ਇਕੱਠ ਹੋਇਆ ਸੀ। ਉਸ ਸਮੇਂ ਸਿਆਸੀ ਹਲਕਿਆਂ ਵਿੱਚ ਚਰਚਾ ਸੀ ਕਿ ਇਸ ਕਤਲ ਪਿੱਛੇ ਸ਼ਿਵ ਸੈਨਾ ਦਾ ਹੱਥ ਹੈ। ਅੰਤਮ ਸੰਸਕਾਰ ਦੇ ਬੁਲਾਰਿਆਂ ਵਿੱਚੋਂ ਕਾਮਰੇਡ ਯਸ਼ਵੰਤ ਚਵਾਨ ਨੇ ਇਸ ਕਤਲ ਲਈ ਬਸੰਤਰਾਓ ਨਾਇਕ ਅਤੇ ਬਾਲ ਠਾਕਰੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਅਗਲੇ ਦਿਨ ਮਰਾਠੀ ਅਖ਼ਬਾਰ ਨੇ ਅੱਠ ਕਾਲਮਾਂ ਵਿੱਚ ਖ਼ਬਰ ਪ੍ਰਕਾਸ਼ਿਤ ਕੀਤੀ ਜਿਸ ਦੀ ਸੁਰਖੀ ਸੀ, ''ਬਾਲ ਠਾਕਰੇ ਅਤੇ ਵਸੰਤਰਾਓ ਨਾਇਕ, ਕਾਮਰੇਡ ਕ੍ਰਿਸ਼ਨਾ ਦੇ ਅਸਲ ਕਾਤਲ''।
ਹਾਲਾਂਕਿ ਬਾਲ ਠਾਕਰੇ ਨੇ ਵੀ ਇਸ ਕਤਲ ਦੀ ਨਿਖੇਧੀ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਕਤਲ ਵਿੱਚ ਆਪਣੀ ਸ਼ਮੂਲੀਅਤ ਤੋਂ ਹਮੇਸ਼ਾ ਇਨਕਾਰ ਕੀਤਾ ਸੀ।
ਹਾਲਾਂਕਿ ਖੱਬੇ ਪੱਖੀ ਲਹਿਰ ਠਾਕਰੇ ਉੱਪਰ ਇਸ ਕਤਲ ਦਾ ਇਲਜ਼ਾਮ ਲਗਾਉਂਦੀ। ਪੀਜ਼ੈਂਟਸ ਐਂਡ ਵਰਕਰਜ਼ ਪਾਰਟੀ (ਪੀਡਬਲਯੂਪੀ) ਦੇ ਊਧਵ ਰਾਓ ਪਾਟਿਲ ਅਤੇ ਦਾਜੀਬਾ ਪਾਟਿਲ ਵਰਗੇ ਨੇਤਾਵਾਂ ਨੇ ਵੀ ਕਤਲ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਪਰ ਬਾਲ ਠਾਕਰੇ ਦੀ ਕੋਈ ਭੂਮਿਕਾ ਨਿਕਲ ਕੇ ਸਾਹਮਣੇ ਨਹੀਂ ਆਈ।
ਜ਼ਿਮਨੀ ਚੋਣ ''ਚ ਸ਼ਿਵ ਸੈਨਾ ਦੇ ਉਮੀਦਵਾਰ
ਕਾਮਰੇਡ ਕ੍ਰਿਸ਼ਨ ਦੇਸਾਈ ਪਰੇਲ ਤੋਂ ਵਿਧਾਇਕ ਸਨ। ਜੂਨ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ 18 ਅਕਤੂਬਰ 1970 ਨੂੰ ਉੱਥੇ ਜ਼ਿਮਨੀ ਚੋਣ ਹੋਈ ਸੀ।
ਇਸ ਜ਼ਿਮਨੀ ਚੋਣ ਵਿੱਚ ਖੱਬੀਆਂ ਪਾਰਟੀਆਂ ਨੇ ਕਾਮਰੇਡ ਕ੍ਰਿਸ਼ਨਾ ਦੇਸਾਈ ਦੀ ਪਤਨੀ ਸਰੋਜਨੀ ਦੇਸਾਈ ਨੂੰ ਮੈਦਾਨ ਵਿੱਚ ਉਤਾਰਿਆ। ਸਮਾਜਵਾਦੀ ਸੋਚ ਨਾਲ ਜੁੜੀ ਪਾਰਟੀ ਅਤੇ ਕਾਂਗਰਸ (ਆਰ) ਨੇ ਸਰੋਜਨੀ ਦੇਸਾਈ ਦਾ ਸਮਰਥਨ ਕੀਤਾ ਅਤੇ ਕੁੱਲ 13 ਖੱਬੇ ਪੱਖੀ ਪਾਰਟੀਆਂ ਨੇ ਸਰੋਜਨੀ ਦੇਸਾਈ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ:
ਜਦਕਿ ਸ਼ਿਵ ਸੈਨਾ ਨੇ ਪਰੇਲ ਤੋਂ ਕੌਂਸਲਰ ਵਾਮਨ ਰਾਓ ਮਹਾਦਿਕ ਨੂੰ ਨਾਮਜ਼ਦ ਕੀਤਾ। ਵਾਮਨ ਰਾਓ ਮਹਾਦਿਕ ਬਾਲ ਠਾਕਰੇ ਦੇ ਨਜ਼ਦੀਕੀ ਮੰਨੇ ਜਾਂਦੇ ਸੀ।
ਬਾਲਾ ਸਾਹਿਬ ਠਾਕਰੇ ਨੇ 20 ਸਤੰਬਰ 1970 ਨੂੰ ਪਰੇਲ ਦੇ ਕਾਮਗਾਰ ਮੈਦਾਨ ਵਿੱਚ ਵਾਮਨ ਰਾਓ ਮਹਾਦਿਕ ਲਈ ਇੱਕ ਚੋਣ ਮੀਟਿੰਗ ਕੀਤੀ ਅਤੇ ਖੱਬੇ ਪੱਖੀਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਖੱਬੇਪੱਖੀਆਂ ਨੂੰ ਦੇਸ਼ ਵਿਰੋਧੀ ਕਿਹਾ।
ਸਰੋਜਨੀ ਦੇਸਾਈ ਦੇ ਚੋਣ ਪ੍ਰਚਾਰ ਲਈ 29 ਸਤੰਬਰ 1970 ਨੂੰ ਪਰੇਲ ਦੇ ਨਰੇ ਪਾਰਕ ਵਿਖੇ ਇੱਕ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਸ਼੍ਰੀਪਾਦ ਅੰਮ੍ਰਿਤ ਡਾਂਗੇ (ਕਮਿਊਨਿਸਟ ਪਾਰਟੀ), ਬਾਬੂਰਾਓ ਸਾਮੰਤ (ਸੰਯੁਕਤ ਸਮਾਜਵਾਦੀ ਪਾਰਟੀ), ਸਦਾਨੰਦ ਵਰਦੇ (ਪ੍ਰਜਾ ਸਮਾਜਵਾਦੀ ਪਾਰਟੀ), ਟੀ. ਐੱਸ. ਕਾਰਖਾਨਿਸ (ਪੀਡਬਲਿਊਪੀ) ਅਤੇ ਦੱਤਾ ਦੇਸ਼ਮੁਖ (ਲਾਲ ਨਿਸ਼ਾਨ) ਵਰਗੇ ਉੱਘੇ ਆਗੂਆਂ ਨੇ ਸਰੋਜਨੀ ਦੇਸਾਈ ਨੂੰ ਜਿੱਤਾਉਣ ਦੀ ਅਪੀਲ ਕੀਤੀ।
ਕਾਂਗਰਸ (ਐੱਸ) ਨੇ ਖੁੱਲ੍ਹ ਕੇ ਸਰੋਜਨੀ ਦੇਸਾਈ ਦਾ ਸਮਰਥਨ ਨਹੀਂ ਕੀਤਾ ਪਰ ਪਾਰਟੀ ਆਗੂ ਮੋਹਨ ਧਾਰੀਆ ਨੇ ਪਰੇਲ ਵਿੱਚ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਜੋ ਵੀ ਜਿੱਤੇ, ਸ਼ਿਵ ਸੈਨਾ ਉਮੀਦਵਾਰ ਨੂੰ ਨਹੀਂ ਜਿੱਤਣਾ ਚਾਹੀਦਾ। ਕਮਿਊਨਿਸਟ ਆਗੂ ਏ. ਬੀ. ਬਰਧਨ ਨੇ ਸਰੋਜਨੀ ਦੇਸਾਈ ਲਈ ਵੀ ਪ੍ਰਚਾਰ ਕੀਤਾ ਸੀ।
ਦੂਜੇ ਪਾਸੇ ਸ਼ਿਵ ਸੈਨਾ ਦੇ ਉਮੀਦਵਾਰ ਵਾਮਨ ਰਾਓ ਮਹਾਦਿਕ ਲਈ ਕੁੱਲ 28 ਚੋਣ ਰੈਲੀਆਂ ਕੀਤੀਆਂ ਗਈਆਂ। ਉਸ ਵਿੱਚੋਂ ਬਾਲ ਠਾਕਰੇ ਨੇ ਖ਼ੁਦ 15 ਰੈਲੀਆਂ ਵਿੱਚ ਭਾਸ਼ਣ ਦਿੱਤੇ।
ਇਹ ਚੋਣ ਖੱਬੇ ਪੱਖੀ ਲਹਿਰ ਅਤੇ ਸ਼ਿਵ ਸੈਨਾ ਦੋਵਾਂ ਲਈ ਵੱਕਾਰ ਦਾ ਵਿਸ਼ਾ ਬਣ ਗਈ ਸੀ ਕਿਉਂਕਿ ਇਸ ਚੋਣ ਵਿੱਚ ਜਿੱਤ ਜਾਂ ਹਾਰ ਨੇ ਦੋਵਾਂ ਦਾ ਭਵਿੱਖ ਤੈਅ ਕਰਨਾ ਸੀ।
ਚੋਣ ਕਾਫੀ ਤਣਾਅਪੂਰਨ ਰਹੀ। ਹਾਲਾਂਕਿ ਖੱਬੇ ਪੱਖੀ ਪਾਰਟੀਆਂ ਨੂੰ ਜਿੱਤ ਦਾ ਭਰੋਸਾ ਸੀ ਪਰ ਸਰੋਜਨੀ ਦੇਸਾਈ ਚੋਣ ਹਾਰ ਗਏ।
20 ਅਕਤੂਬਰ 1970 ਦੀ ਸ਼ਾਮ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਸਰੋਜਨੀ ਦੇਸਾਈ ਨੂੰ 29,913 ਵੋਟਾਂ ਮਿਲੀਆਂ, ਜਦੋਂ ਕਿ ਸ਼ਿਵ ਸੈਨਾ ਦੇ ਵਾਮਨ ਰਾਓ ਮਹਾਦਿਕ ਨੂੰ 31,592 ਵੋਟਾਂ ਮਿਲੀਆਂ। ਵਾਮਨ ਰਾਓ ਮਹਾਦਿਕ 1679 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਇਸ ਤਰ੍ਹਾਂ ਸ਼ਿਵ ਸੈਨਾ ਦਾ ਪਹਿਲਾ ਵਿਧਾਇਕ ਮਹਾਰਾਸ਼ਟਰ ਦੀ ਵਿਧਾਨ ਸਭਾ ਵਿੱਚ ਦਾਖ਼ਲ ਹੋਇਆ।
ਸ਼ਿਵਾਜੀ ਪਾਰਕ ਵਿਖੇ ਜੇਤੂ ਰੈਲੀ
ਵਾਮਨ ਰਾਓ ਮਹਾਦਿਕ ਦੀ ਜਿੱਤ ਤੋਂ ਅਗਲੇ ਹੀ ਦਿਨ, ਬਾਲਾ ਸਾਹਿਬ ਠਾਕਰੇ ਨੇ ਦਾਦਰ ਦੇ ਸ਼ਿਵਾਜੀ ਪਾਰਕ ਵਿੱਚ ਇੱਕ ਜਲਸਾ ਕੀਤਾ।
ਇਸ ਮੀਟਿੰਗ ਵਿੱਚ ਸ਼ਿਵ ਸੈਨਿਕਾਂ ਨੇ ਖੱਬੇਪੱਖੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ''ਸਾੜ ਦਿਓ, ਸਾੜ ਦਿਓ, ਲਾਲ ਬੂਟਾ ਸਾੜ ਦਿਓ'' ਅਤੇ ਇਸ ਨਾਅਰੇ ਦਾ ਜਵਾਬ ਸੀ ''ਸੜ ਗਿਆ, ਸੜ ਗਿਆ, ਲਾਲ ਬੂਟਾ ਸੜ ਗਿਆ''।
ਬਾਲਾ ਸਾਹਿਬ ਨੇ ਪਰੇਲ ਜ਼ਿਮਨੀ ਚੋਣ ਨੂੰ ''ਧਾਰਮਿਕ ਯੁੱਧ'' ਕਿਹਾ ਸੀ।
ਸ਼ਿਵਾਜੀ ਪਾਰਕ ਵਿਖੇ ਇੱਕ ਜਿੱਤ ਜਲਸੇ ਨੂੰ ਸੰਬੋਧਨ ਕਰਦਿਆਂ ਬਾਲਾ ਸਾਹਿਬ ਨੇ ਕਿਹਾ, "ਸ਼ਿਵ ਸੈਨਾ ਦੇਸ਼ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਖ਼ਤਮ ਕਰੇਗੀ। ਅਸੀਂ ਕਮਿਊਨਿਸਟਾਂ ਵਿਰੁੱਧ ਤਾਕਤ ਦੀ ਵਰਤੋਂ ਕਰਾਂਗੇ ਕਿਉਂਕਿ ਉਹ ਲੋਕਤੰਤਰ ਦੀ ਭਾਸ਼ਾ ਨਹੀਂ ਸਮਝਦੇ। ਜਨ ਸੰਘ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਸੁਤੰਤਰਤਾ ਪਾਰਟੀ ਨੇ ਸਾਡਾ ਸਮਰਥਨ ਕੀਤਾ। ਉਨ੍ਹਾਂ ਦਾ ਧੰਨਵਾਦ।"
ਵਾਮਨ ਰਾਓ ਮਹਾਦਿਕ ਕੌਣ ਸੀ?
ਵਿਧਾਨ ਸਭਾ ਵਿੱਚ ਦਾਖ਼ਲ ਹੋਣ ਵਾਲੇ ਪਹਿਲੇ ਸ਼ਿਵ ਸੈਨਾ ਵਿਧਾਇਕ ਵਾਮਨ ਰਾਓ ਮਹਾਦਿਕ ਸਨ। ਉਨ੍ਹਾਂ ਨੇ ਖੱਬੇ ਪੱਖੀ ਗੜ੍ਹ ਨੂੰ ਤੋੜਿਆ ਪਰ ਉਨ੍ਹਾਂ ਦਾ ਸਫ਼ਰ ਵੀ ਆਮ ਸ਼ਿਵ ਸੈਨਿਕਾਂ ਵਰਗਾ ਹੀ ਸੀ। ਉਹ ਇੱਕ ਅਜਿਹੇ ਆਗੂ ਸਨ ਜਿਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਸੀ।
ਮੁੰਬਈ ਨਗਰ ਨਿਗਮ ਵਿੱਚ ਕਲਰਕ ਵਜੋਂ ਕੰਮ ਕਰਨ ਵਾਲੇ ਵਾਮਨ ਰਾਓ ਮਹਾਦਿਕ ਰਾਸ਼ਟਰੀ ਸਵੈਮ ਸੇਵਕ ਸੰਘ ਤੋਂ ਪ੍ਰਭਾਵਿਤ ਸਨ।
ਹਾਲਾਂਕਿ, ਪਰੇਲ ਵਿੱਚ ਬਾਲਾ ਸਾਹਿਬ ਠਾਕਰੇ ਦੀ ਮੀਟਿੰਗ ਤੋਂ ਬਾਅਦ, ਉਹ ਸ਼ਿਵ ਸੈਨਾ ਲਈ ਕੰਮ ਕਰਨ ਲੱਗੇ।
15 ਜੁਲਾਈ 1925 ਨੂੰ ਸਿੰਧੂਦੁਰਗ ਦੇ ਕਾਂਕੁਲੀ ਦੇ ਤਾਲੇਰੇ ਪਿੰਡ ਵਿੱਚ ਜਨਮੇ ਵਾਮਨ ਰਾਓ ਮਹਾਦਿਕ ਪੜ੍ਹਾਈ ਲਈ ਮੁੰਬਈ ਆਏ ਸਨ। ਹਾਲਾਂਕਿ, ਮੁੰਬਈ ਨਗਰ ਨਿਗਮ ਵਿੱਚ ਕੰਮ ਕਰਦੇ ਹੋਏ, ਉਹ ਟਰੇਡ ਯੂਨੀਅਨਾਂ ਨਾਲ ਜੁੜ ਗਏ।
ਸ਼ਿਵ ਸੈਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਸਿਆਸਤ ਵਿੱਚ ਸਰਗਰਮ ਹੋ ਗਏ। ਉਹ 16 ਸਾਲ ਤੱਕ ਮੁੰਬਈ ਨਗਰ ਨਿਗਮ ਵਿੱਚ ਕਾਰਪੋਰੇਟਰ ਰਹੇ। ਸਾਲ 1978 ਵਿੱਚ ਉਹ ਮੁੰਬਈ ਦੇ ਮੇਅਰ ਬਣੇ।
ਇਸ ਤੋਂ ਪਹਿਲਾਂ ਪਰੇਲ ਜ਼ਿਮਨੀ ਚੋਣ ਵਿੱਚ ਵਿਧਾਇਕ ਚੁਣੇ ਗਏ ਅਤੇ ਬਾਅਦ ਵਿੱਚ 1980-86 ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ।
ਵਾਮਨ ਰਾਓ ਮਹਾਦਿਕ 1989 ਵਿੱਚ ਦੱਖਣ-ਮੱਧ ਮੁੰਬਈ ਤੋਂ ਸੰਸਦ ਮੈਂਬਰ ਵਜੋਂ ਨੌਵੀਂ ਲੋਕ ਸਭਾ ਦੇ ਮੈਂਬਰ ਬਣੇ। ਉਨ੍ਹਾਂ ਨੇ ਕੇਂਦਰ ਦੀਆਂ ਕਈ ਕਮੇਟੀਆਂ ਵਿੱਚ ਸੇਵਾ ਕੀਤੀ।
ਸਾਲ 1991 ਵਿੱਚ ਉਨ੍ਹਾਂ ਨੇ ਰਾਜਾਪੁਰ ਤੋਂ ਲੋਕ ਸਭਾ ਚੋਣ ਲੜੀ ਪਰ ਹਾਰ ਗਏ। ਬਾਅਦ ਵਿੱਚ ਉਹ ਸਰਗਰਮ ਸਿਆਸਤ ਤੋਂ ਦੂਰ ਹੋ ਗਏ। ਉਹ ਅੰਤ ਤੱਕ ਸ਼ਿਵ ਸੈਨਾ ਦੇ ਨਾਲ ਰਹੇ। ਵਾਮਨ ਰਾਓ ਮਹਾਦਿਕ ਦੀ 12 ਅਕਤੂਬਰ 1999 ਨੂੰ ਮੁੰਬਈ ਵਿੱਚ ਮੌਤ ਹੋ ਗਈ ਸੀ।
(ਇਸ ਲੇਖ ਨੂੰ ਲਿਖਣ ਵਿੱਚ ਜੈ ਮਹਾਰਾਸ਼ਟਰ - ਪ੍ਰਕਾਸ਼ ਅਕੋਲਕਰ (ਮਨੋਵਿਕਾਸ ਪ੍ਰਕਾਸ਼ਨ), ਬਾਲ ਠਾਕਰੇ ਐਂਡ ਦਿ ਰਾਈਜ਼ ਆਫ਼ ਸ਼ਿਵ ਸੈਨਾ - ਵੈਭਵ ਪੁਰੰਦਰੇ (ਹਾਰਪਰਕੋਲਿਨਜ਼), ਸਮਰਾਟ: ਹਾਓ ਸ਼ਿਵ ਸੈਨਾ ਚੇਂਜਡ ਮੁੰਬਈ ਫਾਰਐਵਰ - ਸੁਜਾਤਾ ਆਨੰਦਨ (ਰੋਲੀ ਬੁੱਕਸ) ਅਤੇ ਲੋਕ ਸਭਾ ਦੀ ਵੈੱਬਸਾਈਟ ਦੀ ਜਾਣਕਾਰੀ ਨੂੰ ਹਵਾਲੇ ਲਈ ਵਰਤਿਆ ਗਿਆ ਹੈ।)
ਇਹ ਵੀ ਪੜ੍ਹੋ:
https://www.youtube.com/watch?v=-t4gr3GXP2o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਕੋਰੋਨਾਵਾਇਰਸ: ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ, ''110 ਦੇਸ਼ਾਂ ਵਿੱਚ ਮੁੜ ਵੱਧ ਰਹੇ ਮਾਮਲੇ'' - ਪ੍ਰੈੱਸ...
NEXT STORY