ਚੌਧਰੀ ਪਰਵੇਜ਼ ਇਲਾਹੀ ਪਾਕਿਸਤਾਨ ਪੰਜਾਬ (ਲਹਿੰਦੇ ਪੰਜਾਬ) ਦੇ ਨਵੇਂ ਮੁੱਖ ਮੰਤਰੀ ਬਣੇ ਹਨ। ਮੰਗਲਵਾਰ ਦੀ ਰਾਤ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਚੌਧਰੀ ਪਰਵੇਜ਼ ਇਲਾਹੀ ਦੂਜੀ ਵਾਰ ਮੁਲਕ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੇ ਵਜ਼ੀਰ-ਏ-ਆਲਾ ਬਣੇ ਹਨ।
ਇਸ ਵਾਰ ਉਹ ਆਪਣੀ ਪਾਰਟੀ ਦੇ ਨਹੀਂ ਸਗੋਂ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਹਮਾਇਤ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਚੌਧਰੀ ਪਰਵੇਜ਼ ਇਲਾਹੀ ਦੀ ਪਾਕਿਸਤਾਨ ਮੁਸਲਿਮ ਲੀਗ (ਕਿਊ) ਨੂੰ ਤਹਿਰੀਕ-ਏ-ਇਨਸਾਫ ਪਾਰਟੀ ਨੇ ਆਪਣੀ ਹਮਾਇਤ ਦਿੱਤੀ ਹੈ।
ਪਹਿਲੀ ਵਾਰ ਜਦੋਂ ਉਹ 2002 ਵਿੱਚ ਪਾਕਿਸਤਾਨ ਪੰਜਾਬ ਦੇ ਵਜ਼ੀਰ-ਏ-ਆਲਾ ਬਣੇ ਸਨ ਤਾਂ ਉਸ ਵੇਲੇ ਪਾਕਿਸਤਾਨ ਮੁਸਲਿਮ ਲੀਗ (ਕਿਊ) ਪਾਰਟੀ ਵੱਲੋਂ ਹੀ ਚੋਣ ਲੜੇ ਸਨ, ਉਨ੍ਹਾਂ ਦੀ ਪਾਰਟੀ ਨੂੰ ਉਸ ਵੇਲੇ 200 ਤੋਂ ਵੱਧ ਸੀਟਾਂ ਹਾਸਲ ਹੋਈਆਂ ਸਨ।
16 ਸਾਲ ਬਾਅਦ 2018 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਅਸੈਂਬਲੀ ਵਿੱਚ ਸਿਰਫ਼ 10 ਸੀਟਾਂ ਜਿੱਤੀਆਂ ਸਨ।
ਇਸਦੇ ਬਾਵਜੂਦ ਚੌਧਰੀ ਪਰਵੇਜ਼ ਇਲਾਹੀ ਪੰਜਾਬ ਅਸੈਂਬਲੀ ਵਿੱਚ ਸਪੀਕਰ ਦਾ ਅਹੁਦਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ, ਕਿਉਂਕਿ ਉਨ੍ਹਾਂ ਦੀਆਂ 10 ਸੀਟਾਂ ਤੋਂ ਬਿਨਾਂ ਤਹਿਰੀਕ-ਏ ਇਨਸਾਫ਼ ਪੰਜਾਬ ਵਿੱਚ ਆਪਣੀ ਸਰਕਾਰ ਨਹੀਂ ਬਣਾ ਸਕਦੀ ਸੀ।
ਪਰ ਸਿਰਫ਼ 4 ਸਾਲ ਦੇ ਅੰਦਰ-ਅੰਦਰ ਚੌਧਰੀ ਪਰਵੇਜ਼ ਇਲਾਹੀ ਪੀਟੀਆਈ ਵੱਲੋਂ ਵਜ਼ੀਰ-ਏ-ਆਲਾ ਦੇ ਉਮੀਦਵਾਰ ਬਣ ਗਏ।
ਸਿਆਸੀ ਮਾਹਰਾਂ ਮੁਤਾਬਕ ਗੁਜਰਾਤ ਦੇ ਜਾਟ ਪਰਿਵਾਰ ਵਿੱਚ ਪੈਦਾ ਹੋਏ ਚੌਧਰੀ ਪਰਵੇਜ਼ ਇਲਾਹੀ ਉਂਝ ਤਾਂ ਦੋ ਵਾਰ ਮੁੱਖ ਮੰਤਰੀ ਬਣੇ ਹਨ ਪਰ ਉਨ੍ਹਾਂ ਦੀ ਇਸ ਅਹੁਦੇ ''ਤੇ ਆਉਣ ਦੀ ਖਾਹਿਸ਼ ਓਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਉਨ੍ਹਾਂ ਦਾ ਸਿਆਸੀ ਕਰੀਅਰ ਹੈ।
ਚੌਧਰੀ ਪਰਵੇਜ਼ ਇਲਾਹੀ ਦਾ ਸਿਆਸੀ ਕਰੀਅਰ
ਚੌਧਰੀ ਪਰਵੇਜ਼ ਇਲਾਹੀ ਪਹਿਲੀ ਵਾਰ ਸਿਆਸਤ ਵਿੱਚ ਉਦੋਂ ਆਏ ਜਦੋਂ 1983 ਵਿੱਚ ਗੁਜਰਾਤ ਦੀ ਜ਼ਿਲ੍ਹਾ ਕੌਂਸਲ ਦੇ ਉਹ ਚੇਅਰਮੈਨ ਬਣੇ। ਦੋ ਸਾਲ ਬਾਅਦ ਉਨ੍ਹਾਂ ਨੇ ਪਾਕਿਸਤਾਨ ਦੀ ਸੂਬਾਈ ਸਿਆਸਤ ਵਿੱਚ ਕਦਮ ਰੱਖਿਆ।
ਸਾਲ 2002 ਵਿੱਚ ਜਦੋਂ ਉਹ ਮੁੱਖ ਮੰਤਰੀ ਬਣੇ ਸਨ
ਜਦੋਂ 1985 ਵਿੱਚ ਨਵਾਜ਼ ਸ਼ਰੀਫ਼ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਪਰਵੇਜ਼ ਇਲਾਹੀ ਨੂੰ ਉਨ੍ਹਾਂ ਦੀ ਕੈਬਨਿਟ ਵਿੱਚ ਥਾਂ ਮਿਲੀ।
ਸਿਆਸੀ ਵਿਸ਼ਲੇਸ਼ਕ ਸਲਮਾਨ ਘਨੀ ਕਹਿੰਦੇ ਹਨ ਕਿ ਕੁਝ ਹੀ ਅਰਸੇ ਬਾਅਦ ਪਰਵੇਜ਼ ਇਲਾਹੀ ਦੇ ਨਵਾਜ਼ ਸ਼ਰੀਫ਼ ਨਾਲ ਰਿਸ਼ਤੇ ਵਿਗੜ ਗਏ। ਉਸਦਾ ਕਾਰਨ ਇਹ ਸੀ ਕਿ ਚੌਧਰੀ ਪਰਵੇਜ਼ ਇਲਾਹੀ ਖੁਦ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਸਮਝਣ ਲੱਗੇ ਸਨ।
ਪਾਕਿਸਤਾਨ ਦੇ ਇੱਕ ਸੀਨੀਅਰ ਪੱਤਰਕਾਰ ਸੁਹੇਲ ਵੜੈਚ ਦਾ ਕਹਿਣਾ ਹੈ ਕਿ ਚੌਧਰੀ ਪਰਵੇਜ਼ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 1977 ਵਿੱਚ ਇੱਕ ਸਰਕਾਰ ਵਿਰੋਧੀ ਮੁਹਿੰਮ ਦਾ ਹਿੱਸਾ ਬਣ ਕੇ ਕੀਤੀ ਸੀ, ਫਿਰ ਉਹ ਸਥਾਨਕ ਸਿਆਸਤ (ਐਕਟਿਵ ਪੌਲੀਟਿਕਸ) ਵਿੱਚ ਆ ਗਏ।
ਸੁਹੇਲ ਵੜੈਚ ਦਾ ਕਹਿਣਾ ਹੈ ਕਿ 1986 ਵਿੱਚ ਚੌਧਰੀ ਪਰਵੇਜ਼ ਇਲਾਹੀ ਨੇ ਪੰਜਾਬ ਅਸੈਂਬਲੀ ਵਿੱਚ ਨਵਾਜ਼ ਸ਼ਰੀਫ਼ ਦੇ ਖਿਲਾਫ਼ ਵੋਟ ਆਫ ਨੋ ਕਾਨਫੀਡੈਂਸ ਮੋਸ਼ਨ ਲਿਆਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਨਾਕਾਮ ਰਹੇ।
ਚੌਧਰੀ ਪਰਵੇਜ਼ ਇਲਾਹੀ ਨੇ ਇੱਕ ਬੁਕਲੈਟ ਵੀ ਛਾਪੀ ਜਿਸ ਵਿੱਚ ਉਨ੍ਹਾਂ ਨੇ ਨਵਾਜ਼ ਸ਼ਰੀਫ਼ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲਗਾਏ ਸਨ।
ਇਹ ਵੀ ਪੜ੍ਹੋ:
''ਮਜ਼ਬੂਤ ਮੁੱਖ ਮੰਤਰੀ, ਪਰ ਪੌਪੂਲਰ ਲੀਡਰ ਨਹੀਂ''
1999 ਮਾਰਸ਼ਲ ਲਾਅ ਦੇ ਨਤੀਜਿਆਂ ਵਿੱਚ ਜਦੋਂ ਨਵਾਜ਼ ਸ਼ਰੀਫ਼ ਦੀ ਹਕੂਮਤ ਚਲੀ ਗਈ ਅਤੇ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਪਰਵੇਜ਼ ਮੁਸ਼ਰਫ ਦੇ ਨਾਲ ਇੱਕ ਡੀਲ ਦੇ ਨਤੀਜੇ ਵਜੋਂ ਸ਼ਰੀਫ਼ ਖਾਨਦਾਨ ਮੁਲਕ ਛੱਡ ਕੇ ਚਲਾ ਗਿਆ ਤਾਂ ਚੌਧਰੀ ਪਰਵੇਜ਼ ਇਲਾਹੀ ਨੂੰ ਪਹਿਲੀ ਵਾਰ ਪੰਜਾਬ ਦੀ ਕਮਾਨ ਸਾਂਭਣ ਦਾ ਮੌਕਾ ਮਿਲ ਗਿਆ।
ਰਵੇਜ਼ ਮੁਸ਼ਰੱਫ ਨਾਲ ਗੱਲਬਾਤ ਮਗਰੋਂ ਚੌਧਰੀ ਪਰਵੇਜ਼ ਇਲਾਹੀ ਨੇ ਕੁਝ ਲੋਕਾਂ ਨਾਲ ਮਿਲ ਕੇ ਇੱਕ ਵੱਖਰੀ ਪਾਰਟੀ ਬਣਾਈ ਜਿਸਦਾ ਨਾਮ ਮੁਸਲਿਮ ਲੀਗ ਕਿਊ ਰੱਖਿਆ ਗਿਆ
ਸ਼ੁਰੂਆਤ ਵਿੱਚ ਉਨ੍ਹਾਂ ਨੂੰ ਵੀ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਦਾਲਤ ਵਿੱਚ ਉਨ੍ਹਾਂ ਖਿਲਾਫ਼ ਮੁਕੱਦਮੇ ਵੀ ਚੱਲੇ। ਪਰ ਬਾਅਦ ਵਿੱਚ ਪਰਵੇਜ਼ ਮੁਸ਼ਰੱਫ ਨਾਲ ਗੱਲਬਾਤ ਮਗਰੋਂ ਚੌਧਰੀ ਪਰਵੇਜ਼ ਇਲਾਹੀ ਨੇ ਕੁਝ ਲੋਕਾਂ ਨਾਲ ਮਿਲ ਕੇ ਇੱਕ ਵੱਖਰੀ ਪਾਰਟੀ ਬਣਾਈ ਜਿਸਦਾ ਨਾਮ ਮੁਸਲਿਮ ਲੀਗ (ਕਿਊ) ਰੱਖਿਆ ਗਿਆ।
ਇਸ ਪਾਰਟੀ ਵਿੱਚ ਮੁਸਲਿਮ ਲੀਗ ਦੇ ਕੁਝ ਲੋਕ ਵੀ ਸ਼ਾਮਲ ਸਨ, ਇਸ ਤੋਂ ਇਲਾਵਾ ਹੋਰ ਪਾਰਟੀਆਂ ਦੇ ਸਿਆਸਤਦਾਨ ਵੀ ਇਸ ਪਾਰਟੀ ਵਿੱਚ ਸ਼ਾਮਲ ਸਨ। ਕਿਊ ਲੀਗ ਨੇ 2002 ਵਿੱਚ ਕੇਂਦਰ ਅਤੇ ਪੰਜਾਬ ਵਿੱਚ ਆਪਣੀ ਹਕੂਮਤ ਬਣਾਈ ਸੀ।
ਅਗਲੇ 5 ਸਾਲਾਂ ਤੱਕ ਉਹ ਇੱਕ ਮਜ਼ਬੂਤ ਮੁੱਖ ਮੰਤਰੀ ਰਹੇ।
ਪਰਵੇਜ਼ ਇਲਾਹੀ ਨੇ ਜਦੋਂ ਮੁੱਖ ਮੰਤਰੀ ਦਾ ਅਹੁਦਾ ਸਾਂਭਿਆ ਤਾਂ 5 ਸਾਲਾਂ ਵਿੱਚ ਉਨ੍ਹਾਂ ਨੇ ਕਾਫੀ ਵਿਕਾਸ ਕਰਵਾਇਆ ਅਤੇ ਸੂਬੇ ''ਤੇ ਆਪਣਾ ਕਾਬੂ ਵੀ ਕਾਫੀ ਮਜ਼ਬੂਤ ਰੱਖਿਆ।
ਸੁਹੇਲ ਵੜੈਚ ਕਹਿੰਦੇ ਹਨ ਕਿ ਸੂਬੇ ''ਤੇ ਆਪਣਾ ਪੂਰਾ ਕੰਟਰੋਲ ਰੱਖਣ ਦੇ ਬਾਵਜੂਦ ਪਰਵੇਜ਼ ਇਲਾਹੀ ਇੱਕ ''ਪੌਪੂਲਰ ਲੀਡਰ'' ਨਹੀਂ ਬਣ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਊ ਲੀਗ ਨੂੰ ਇੱਕ ਕੌਮੀ ਪਾਰਟੀ ਵਜੋਂ ਨਹੀਂ ਉਭਾਰ ਸਕੇ ਅਤੇ ਨਾ ਹੀ ਸਿਆਸਤ ਵਿੱਚ ਇਸਦਾ ਦਬਦਬਾ ਬਣਾਏ ਰੱਖਣ ਵਿੱਚ ਕਾਮਯਾਬ ਰਹਿ ਸਕੇ।
2008 ਵਿੱਚ ਨੈਸ਼ਨਲ ਅਸੈਂਬਲੀ ਦੀ ਸੀਟ ਜਿੱਤਣ ਤੋਂ ਬਾਅਦ ਚੌਧਰੀ ਪਰਵੇਜ਼ ਇਲਾਹੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ, ਪਰ ਬਾਅਦ ਵਿੱਚ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ।
2011 ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਹਕੂਮਤ ਵਿੱਚ ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ।
2018 ਦੀਆਂ ਚੋਣਾਂ ਵਿੱਚ ਚੌਧਰੀ ਪਰਵੇਜ਼ ਇਲਾਹੀ ਨੈਸ਼ਨਲ ਅਸੈਂਬਲੀ ਦੇ ਨਾਲ-ਨਾਲ ਸੂਬਾਈ ਚੋਣਾਂ ਵਿੱਚ ਵੀ ਸੀਟ ਕੱਢਣ ਵਿੱਚ ਕਾਮਯਾਬ ਰਹੇ। ਸੂਬਾ ਅਸੈਂਬਲੀ ਲਈ ਉਨ੍ਹਾਂ ਨੇ ਆਪਣੀ ਨੈਸ਼ਨਲ ਅਸੈਂਬਲੀ ਦੀ ਸੀਟ ਨੂੰ ਛੱਡ ਦਿੱਤਾ ਸੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਸ ਵੇਲੇ ਵੀ ਪਰਵੇਜ਼ ਇਲਾਹੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਬਣਨ ਦੀ ਖਾਹਿਸ਼ ਰੱਖਦੇ ਸਨ ਪਰ ਉਸ ਵੇਲੇ ਵਜ਼ੀਰੇ-ਏ-ਆਜ਼ਮ ਇਮਰਾਨ ਖਾਨ ਨੇ ਉਸਮਾਨ ਬਜ਼ਦਾਰ ਨੂੰ ਮੁੱਖ ਮੰਤਰੀ ਬਣਾਇਆ ਤੇ ਪਰਵੇਜ਼ ਇਲਾਹੀ ਨੂੰ ਸਪੀਕਰ ''ਤੇ ਹੀ ਸਬਰ ਕਰਨਾ ਪਿਆ।
ਭਾਰਤ ਦੇ ਹਰਿਆਣਾ ਨਾਲਾ ਨਾਤਾ
ਹਰਿਆਣਾ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਪਾਕਿਸਤਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਦਾ ਹਰਿਆਣਾ ਵਿੱਚ ਇੱਕ ਜਿਗਰੀ ਦੋਸਤ ਰਹਿੰਦਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਚੌਧਰੀ ਪਰਵੇਜ਼ ਇਲਾਹੀ ਪੱਗ ਵੱਟ ਭਰਾ ਹਨ। ਦੋਵੇਂ ਪਰਿਵਾਰ ਹੁਣ ਤੱਕ ਇਹ ਰਿਸ਼ਤਾ ਨਿਭਾ ਰਹੇ ਹਨ।
ਸਾਲ 2018 ਵਿੱਚ ਅਭੈ ਸਿੰਘ ਚੌਟਾਲਾ ਪਾਕਿਸਤਾਨ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ, ਜਿਸਦੇ ਲਈ ਉਨ੍ਹਾਂ ਨੇ ਅਦਾਲਤ ਤੋਂ ਇਸਦੀ ਇਜਾਜ਼ਤ ਵੀ ਲਈ ਸੀ। ਅਭੈ ਚੌਟਾਲਾ ਚੌਧਰੀ ਪਰਵੇਜ਼ ਇਲਾਹੀ ਦੇ ਘਰ ਹੀ ਵਿਆਹ ਵਿੱਚ ਸ਼ਾਮਲ ਹੋਣ ਗਏ ਸਨ।
ਚੌਟਾਲਾ ਤੇ ਇਲਾਹੀ ਪਰਿਵਾਰ ਵਿਚਾਲੇ ਦੋਸਤੀ ਚੌਧਰੀ ਦੇਵੀਲਾਲ ਦੇ ਵੇਲੇ ਤੋਂ ਹੀ ਹੈ। ਓਮ ਪ੍ਰਕਾਸ਼ ਚੌਟਾਲਾ ਤੇ ਅਭੈ ਚੌਟਾਲਾ ਨੇ ਅੱਗੇ ਇਸ ਦੋਸਤੀ ਨੂੰ ਕਾਇਮ ਰੱਖਿਆ ਹੈ।
2002 ਤੋਂ 2007 ਦੌਰਾਨ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ, ਉਸ ਦੌਰਾਨ ਉਹ ਹਰਿਆਣਾ ਵਿੱਚ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਸੱਦੇ ''ਤੇ ਆਏ ਸਨ। ਉਸ ਵੇਲੇ ਉਹ ਤੇਜਾਖੇੜਾ ਫਾਰਮ ਹਾਊਸ ''ਤੇ ਵੀ ਰੁਕੇ ਸਨ ਅਤੇ ਓਮ ਪ੍ਰਕਾਸ਼ ਚੌਟਾਲਾ ਨਾਲ ਹਰਿਆਣਾ ਵੀ ਘੁੰਮੇ ਸਨ। ਉਸ ਵੇਲੇ ਓਪੀ ਚੌਟਾਲਾ ਹਰਿਆਣਾ ਦੇ ਮੁੱਖ ਮੰਤਰੀ ਸਨ।
ਚੌਧਰੀ ਪਰਵੇਜ਼ ਇਲਾਹੀ ਨੂੰ ਓਪੀ ਚੌਟਾਲਾ ਨੇ ਹਰਿਆਣਾ ਆਉਣ ''ਤੇ ਇੱਕ ਟਰੈਕਟਰ, ਇੱਕ ਮੋਟਰਸਾਈਕਲ ਤੇ ਇੱਕ ਮੁਰਹਾ ਨਸਲ ਦੀ ਮੱਝ ਤੋਹਫੇ ਵਜੋਂ ਦਿੱਤੀ ਸੀ, ਹਾਲਾਂਕਿ ਉਹ ਇਨ੍ਹਾਂ ਤੋਹਫਿਆਂ ਨੂੰ ਲਿਜਾਉਣ ਲਈ ਇਜਾਜ਼ਤ ਮਿਲਣ ਵਿੱਚ ਦੇਰੀ ਹੋਣ ਕਰਕੇ ਲਿਜਾ ਨਹੀਂ ਸਕੇ।
ਬਾਅਦ ਵਿੱਚ ਸਾਲ 2004 ਵਿੱਚ ਖੁਦ ਓਪੀ ਚੌਟਾਲਾ, ਉਨ੍ਹਾਂ ਦੀ ਪਤਨੀ ਸਨੇਹਲਤਾ ਤੇ ਹੋਰ 24 ਮੈਂਬਰ ਪਾਕਿਸਤਾਨ ਗਏ ਸਨ ਅਤੇ ਚੌਧਰੀ ਪਰਵੇਜ਼ ਇਲਾਹੀ ਨੇ ਵਾਹਗਾ ਬਾਰਡਰ ''ਤੇ ਓਪੀ ਚੌਟਾਲਾ ਨੂੰ ਗਲੇ ਲਗਾ ਕੇ ਪਾਕਿਸਤਾਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਸੀ।
ਫੋਨ ''ਤੇ ਅੱਜ ਵੀ ਦੋਵਾਂ ਪਰਿਵਾਰਾਂ ਦੇ ਮੈਂਬਰ ਆਪਸ ਵਿੱਚ ਗੱਲਬਾਤ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਸੀ ਤਾਰੀਫ਼
ਦਿ ਡੌਨ ਦੀ ਖ਼ਬਰ ਮੁਤਾਬਕ ਸਾਲ 2004 ਵਿੱਚ ਜਦੋਂ ਭਾਰਤੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਵਰਲਡ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਪਾਕਿਸਤਾਨ ਗਏ ਸਨ, ਤਾਂ ਪਰਵੇਜ਼ ਇਲਾਹੀ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।
ਬਾਰਡਰ ਉੱਤੇ ਢੋਲ ਵਜਾ ਕੇ ਅਤੇ ਫੁੱਲ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਹੋਇਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪਰਵੇਜ਼ ਇਲਾਹੀ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਮੇਰਾ ਬਹੁਤ ਨਿੱਘਾ ਸਵਾਗਤ ਹੋਇਆ ਹੈ, ਇਹ ਤਾਂ ਬਸ ਸ਼ੁਰੂਆਤ ਹੈ... ਭਾਰਤ-ਪਾਕਿਸਤਾਨ ਦੇ ਸਬੰਧ ਭਵਿੱਖ ਵਿੱਚ ਸੁਧਰਨਗੇ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=TVp_rzuGnI0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਇੱਕ ਮਸ਼ਹੂਰ ਫੈਸ਼ਨ ਬਰਾਂਡ ਦਾ ਪਹਿਲਾ ਸਿੱਖ ਮਾਡਲ ਬਣਨ ਵਾਲਾ ਬੱਚਾ ਕੌਣ ਹੈ
NEXT STORY