ਮੁਕੱਰਮ ਜਾਹ ਨੂੰ ਵਿਰਾਸਤ ‘ਚ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਮਿਲੀ ਸੀ।
ਹੈਦਰਾਬਾਦ ਦੀ ਨਿਜ਼ਾਮਸ਼ਾਹੀ ਦੇ ਅੱਠਵੇਂ ਨਿਜ਼ਾਮ ਨਵਾਬ ਮੀਰ ਬਰਕਤ ਅਲੀਖ਼ਾਨ ਵਾਲਾਸ਼ਨ ਮੁਕੱਰਮ ਜਾਹ ਬਹਾਦੁਰ ਦਾ 14 ਜਨਵਰੀ ਨੂੰ ਇਸਤਾਂਬੁਲ ‘ਚ ਦੇਹਾਂਤ ਹੋ ਗਿਆ।
ਉਹ 89 ਵਰ੍ਹਿਆਂ ਦੇ ਸਨ। ਪੂਰੇ ਸਰਕਾਰੀ ਸਨਾਮਾਨਾਂ ਨਾਲ ਉਨ੍ਹਾਂ ਨੂੰ ਇਤਿਹਾਸਿਕ ਮੱਕਾ ਮਸਜਿਦ ਦੇ ਖ਼ਾਨਦਾਨੀ ਕਬਰਿਸਤਾਨ ‘ਚ ਦਫ਼ਨਾਇਆ ਗਿਆ।
ਮੁਕੱਰਮ ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ, “ਬਹੁਤ ਹੀ ਦੁੱਖ਼ ਨਾਲ ਅਸੀਂ ਇਹ ਸੂਚਿਤ ਕਰ ਰਹੇ ਹਾਂ ਕਿ ਹੈਦਰਾਬਾਦ ਦੇ ਅੱਠਵੇਂ ਨਿਜ਼ਾਮ ਨਵਾਬ ਮੀਰ ਬਰਕਤ ਅਲੀ ਖ਼ਾਨ ਵਾਲਾਸ਼ਨ ਮੁਕਰੱਮ ਜਾਹ ਬਹਾਦੁਰ ਦਾ ਤੁਰਕੀ ਦੇ ਇਸਤਾਂਬੁਲ ਵਿਖੇ ਦੇਹਾਂਤ ਹੋ ਗਿਆ ਹੈ।”
ਇਸ ਬਿਆਨ ‘ਚ ਅੱਗੇ ਕਿਹਾ ਗਿਆ ਹੈ, “ਉਨ੍ਹਾਂ ਦੀ ਆਖ਼ਰੀ ਇੱਛਾ ਸੀ ਕਿ ਉਨ੍ਹਾਂ ਨੂੰ ਜਨਮ ਭੂਮੀ ਹੈਦਰਾਬਾਦ ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇ। ਜਿਸ ਨੂੰ ਪੂਰਾਂ ਕਰਦਿਆਂ ਉਨ੍ਹਾਂ ਦਾ ਪਰਿਵਾਰ ਨਿਜ਼ਾਮ ਦੀ ਮ੍ਰਿਤਕ ਦੇਹ ਹੈਦਰਾਬਾਦ ਲਿਆਇਆ।”
ਪੂਰੇ ਸਰਕਾਰੀ ਸਨਾਮਾਨਾਂ ਨਾਲ ਉਨ੍ਹਾਂ ਨੂੰ ਇਤਿਹਾਸਿਕ ਮੱਕਾ ਮਸਜਿਦ ਦੇ ਖ਼ਾਨਦਾਨੀ ਕਬਰਿਸਤਾਨ ‘ਚ ਦਫ਼ਨਾ ਦਿੱਤਾ ਗਿਆ ਹੈ
“ਹੈਦਰਾਬਾਦ ਪਹੁੰਚਣ ‘ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੌਮਹੱਲਾ ਪੈਲੇਸ ਵਿਖੇ ਲਿਆਂਦਾ ਗਿਆ। ਉੱਥੇ ਹੀ ਮ੍ਰਿਤਕ ਦੇਹ ਨੂੰ ਦਫ਼ਨਾਉਣ ਤੋਂ ਪਹਿਲਾਂ ਰਸਮਾਂ ਪੂਰੀਆਂ ਕੀਤੀਆਂ ਗਈਆਂ।"
"ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਆਸਫ਼ ਜਾਹੀ ਮਕਬਰੇ ‘ਚ ਲੈ ਜਾਇਆ ਗਿਆ, ਜਿੱਥੇ ਕਿ ਉਨ੍ਹਾਂ ਦੇ ਪੁਰਖਿਆਂ ਨੂੰ ਦਫ਼ਨਾਇਆ ਗਿਆ ਸੀ।”
30 ਸਾਲ ਦੀ ਉਮਰ ''ਚ ਮਿਲ 25 ਹਜ਼ਾਰ ਕਰੋੜ
- ਅੱਠਵੇਂ ਨਿਜ਼ਾਮ ਨਵਾਬ ਮੀਰ ਬਰਕਤ ਅਲੀ ਖ਼ਾਨ ਵਾਲਾਸ਼ਨ ਮੁਕੱਰਮ ਜਾਹ ਬਹਾਦੁਰ ਦਾ ਤੁਰਕੀ ਦੇ ਇਸਤਾਂਬੁਲ ਵਿਖੇ 14 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ।
- ਨਿਜ਼ਾਮ ਪਰਿਵਾਰ ਨੇ 1724 ਤੋਂ 1948 ਤੱਕ ਹੈਦਰਾਬਾਦ ‘ਤੇ ਸ਼ਾਸਨ ਕੀਤਾ।
- ਮੁਕੱਰਮ ਜਾਹ ਨੂੰ ਵਿਰਾਸਤ ‘ਚ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਮਿਲੀ ਸੀ।
- ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ।
- ਆਪਣੀ ਆਲੀਸ਼ਾਨ ਜੀਵਨਸ਼ੈਲੀ ਕਾਰਨ ਉਨ੍ਹਾਂ ਨੇ ਇਹ ਸਭ ਗੁਆ ਲਿਆ।
ਕੌਣ ਸਨ ਮੁਕੱਰਮ ਜਾਹ?
ਮੁਕੱਰਮ ਜਾਹ ਹੈਦਰਾਬਾਦ ‘ਤੇ ਸ਼ਾਸਨ ਕਰਨ ਵਾਲੇ ਆਖ਼ਰੀ ਨਿਜ਼ਾਮ ਮੀਰ ਉਸਮਾਨ ਅਲੀ ਖ਼ਾਨ ਬਹਾਦੁਰ ਦੇ ਪੋਤੇ ਸਨ।
ਮੀਰ ਉਸਮਾਨ ਅਲੀ ਖ਼ਾਨ ਨੇ 1948 ਤੱਕ ਹੈਦਰਾਬਾਦ ‘ਤੇ ਰਾਜ ਕੀਤਾ ਸੀ। ਉਹ ਸੱਤਵੇਂ ਨਿਜ਼ਾਮ ਸਨ।
ਮੁਕੱਰਮ ਜਾਹ, ਆਜ਼ਮ ਜਾਹ ਅਤੇ ਰਾਜਕੁਮਾਰੀ ਦੁਰਰੂ ਸ਼ਹਵਰ ਦੇ ਪੁੱਤ ਸਨ। ਉਨ੍ਹਾਂ ਦਾ ਜਨਮ 1933 ‘ਚ ਹੋਇਆ ਸੀ। ਆਜ਼ਮ ਜਾਹ ਮੀਰ ਉਸਮਾਨ ਅਲੀ ਖ਼ਾਨ ਦੇ ਸਭ ਤੋਂ ਵੱਡੇ ਪੁੱਤ ਸਨ।
‘ਦਿ ਹਿੰਦੂ’ ਦੀ ਇੱਕ ਰਿਪੋਰਟ ਅਨੁਸਾਰ, ਉਸਮਾਨ ਅਲੀ ਖ਼ਾਨ ਨੇ ਆਪਣੇ ਪੁੱਤਰਾਂ ਨੂੰ ਦਰਕਿਨਾਰ ਕਰਦਿਆਂ ਆਪਣੇ ਪੋਤੇ ਮੁਕੱਰਮ ਜਾਹ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਸੀ।
ਮੁਕੱਰਮ ਜਾਹ ਹੈਦਰਾਬਾਦ ‘ਤੇ ਸ਼ਾਸਨ ਕਰਨ ਵਾਲੇ ਆਖ਼ਰੀ ਨਿਜ਼ਾਮ ਮੀਰ ਉਸਮਾਨ ਅਲੀ ਖ਼ਾਨ ਬਹਾਦੁਰ ਦੇ ਪੋਤੇ ਸਨ
ਫਰਾਂਸ ਦੇ ਨੀਸ ਵਿੱਚ ਜੰਮੇ ਜਾਹ ਨੇ ਦੂਨ ਸਕੂਲ, ਹੈਰੋ ਤੋਂ ਪੜ੍ਹਾਈ ਕੀਤੀ। ਉਨ੍ਹਾਂ ਨੇ ਕੈਮਬ੍ਰਿਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਸੈਂਡਹਰਸਟ ਦੀ ਰਾਇਲ ਮਿਲਟਰੀ ਅਕੈਡਮੀ ਵਿੱਚ 15 ਮਹੀਨਿਆਂ ਦੀ ਸਿਖਲਾਈ ਵੀ ਲਈ ਸੀ।
ਇਸ ਰਿਪੋਰਟ ਦੇ ਅਨੁਸਾਰ ਅਪ੍ਰੈਲ 1967 ‘ਚ ਇੱਕ ਤਾਜਪੋਸ਼ੀ ਸਮਾਗਮ ਤੋਂ ਬਾਅਦ ਮੁਕੱਰਮ ਜਾਹ ਰਸਮੀ ਤੌਰ ‘ਤੇ ਅੱਠਵੇਂ ਨਿਜ਼ਾਮ ਬਣ ਗਏ ਸਨ। ਇਹ ਤਾਜਪੋਸ਼ੀ ਸਮਾਗਮ ਚੌਮਹੱਲਾ ਪੈਲੇਸ ਵਿਖੇ ਹੋਇਆ ਸੀ।
ਇਸ ਤੋਂ ਬਾਅਦ ਉਹ ਭਾਰਤ ਤੋਂ ਆਸਟ੍ਰੇਲੀਆ ਚਲੇ ਗਏ। ਉੱਥੇ ਕੁਝ ਸਮਾਂ ਰਹਿਣ ਤੋਂ ਬਾਅਦ ਉਨ੍ਹਾਂ ਨੇ ਤੁਰਕੀ ਨੂੰ ਹੀ ਆਪਣਾ ਠਿਕਾਣਾ ਬਣਾ ਲਿਆ ਅਤੇ ਬਾਅਦ ‘ਚ ਉਹ ਉੱਥੇ ਸਥਾਈ ਤੌਰ ‘ਤੇ ਹੀ ਰਹਿਣ ਲੱਗ ਗਏ ਸਨ।
ਮੁਕੱਰਮ ਜਾਹ, ਨਿਜ਼ਾਮ ਚੈਰੀਟੇਬਲ ਟਰੱਸਟ ਅਤੇ ਸਿੱਖਿਆ ਦੇ ਖੇਤਰ ‘ਚ ਕੰਮ ਕਰਨ ਵਾਲੇ ਮੁਕੱਰਮ ਜਾਹ ਟਰੱਸਟ ਫ਼ਾਰ ਐਜੁਕੇਸ਼ਨ ਐਂਡ ਲਰਨਿੰਗ ਦੇ ਚੇਅਰਮੈਨ ਸਨ।
ਅੰਤਾਂ ਦੀ ਜਾਇਦਾਦ ਵੀ ਖ਼ਤਮ ਹੋ ਗਈ
ਹੈਦਰਾਬਾਦ ਤੋਂ ਪ੍ਰਕਾਸ਼ਿਤ ਹੋਣ ਵਾਲੇ ਦੈਨਿਕ ਅਖ਼ਬਾਰ ‘ਸਿਆਸਤ’ ਮੁਤਾਬਕ, ਸੱਤਵੇਂ ਨਿਜ਼ਾਮ ਦੇ ਉੱਤਰਾਧਿਕਾਰੀ ਵੱਜੋਂ ਜਾਹ ਦੁਨੀਆ ਦੇ ‘ਸਭ ਤੋਂ ਵੱਡੇ ਖ਼ਜ਼ਾਨੇ’ ਦੇ ਮਾਲਕ ਬਣ ਗਏ ਸਨ।
ਪਰ ਆਲੀਸ਼ਾਨ ਜੀਵਨ ਸ਼ੈਲੀ, ਜਾਇਦਾਦਾਂ ਅਤੇ ਸ਼ਾਹੀ ਮਹਿਲਾਂ ਦੀ ਸਾਂਭ-ਸੰਭਾਲ ‘ਚ ਲਾਪਰਵਾਹੀ, ਅਣਗਹਿਲੀ ਅਤੇ ਮਹਿੰਗੇ ਗਹਿਣਿਆਂ ‘ਤੇ ਬੇਸ਼ੁਮਾਰ ਖ਼ਰਚ ਕਰਨ ਦੀ ਆਦਤ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਖ਼ਤਮ ਕਰ ਦਿੱਤੀ ਸੀ।
ਮੁਕੱਰਮ ਜਾਹ ਨੂੰ ਵਿਰਾਸਤ ’ਚ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਮਿਲੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 30 ਸਾਲ ਸੀ।
ਪਰ ਉਨ੍ਹਾਂ ਇਹ ਜਾਇਦਾਦ ਆਲੀਸ਼ਾਨ ਜ਼ਿੰਦਗੀ ਬਿਤਾਉਣ ’ਤੇ ਖ਼ਰਚ ਕਰ ਦਿੱਤੀ। ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਉਨ੍ਹਾਂ ਨੇ ਇੱਕ ਛੋਟੇ ਜਿਹੇ ਆਪਰਟਮੈਂਟ ‘ਚ ਬਿਤਾਏ।
ਹੁਣ ਮੁਕੱਰਮ ਜਾਹ ਦੇ ਦੇਹਾਂਤ ਦੇ ਨਾਲ ਹੀ ਇੱਕ ਵਿਰਾਸਤ ਦਾ ਵੀ ਅੰਤ ਹੋ ਗਿਆ ਹੈ।
ਨਿਜ਼ਾਮ ਪਰਿਵਾਰ ਨੇ 1724 ਤੋਂ 1948 ਤੱਕ ਹੈਦਰਾਬਾਦ ‘ਤੇ ਸ਼ਾਸਨ ਕੀਤਾ
ਹੈਦਰਾਬਾਦ ‘ਚ ਨਿਜ਼ਾਮ ਸ਼ਾਹੀ ਦੀ ਸ਼ੁਰੂਆਤ ਨਿਜ਼ਾਮ ਉਲ-ਮੁਲਕ ਦੇ ਨਾਲ 1724 ‘ਚ ਹੋਈ ਸੀ। ਨਿਜ਼ਾਮ ਪਰਿਵਾਰ ਨੇ 1724 ਤੋਂ 1948 ਤੱਕ ਹੈਦਰਾਬਾਦ ’ਤੇ ਸ਼ਾਸਨ ਕੀਤਾ ਸੀ।
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਮੁਕੱਰਮ ਜਾਹ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਤੇਲੰਗਾਨਾ ਦੇ ਸੀਐੱਮਓ ਨੇ ਟਵੀਟ ਕਰਦਿਆਂ ਕਿਹਾ ਸੀ, “ਅੱਠਵੇਂ ਨਿਜ਼ਾਮ ਗਰੀਬਾਂ ਦੇ ਲਈ ਕੰਮ ਕਰਦੇ ਰਹੇ ਸਨ। ਸਿੱਖਿਆ ਅਤੇ ਸਿਹਤ ਦੇ ਖੇਤਰ ‘ਚ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦਾ ਮਾਣ ਰੱਖਦਿਆਂ ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।”
ਮੁਕੱਰਮ ਜਾਹ ਦੇ ਦਾਦਾ ਸੱਤਵੇਂ ਨਿਜ਼ਾਮ ਕੌਣ ਸਨ?
ਬਰਤਾਨਵੀ ਸਰਕਾਰ ਦੇ ਬੇਹੱਦ ਵਫ਼ਾਦਾਰ ਰਹੇ ਆਸਫ਼ ਜਾਹ ਮੁਜ਼ੱਫਰੁਲ ਮੁਲਕ ਸਰ ਉਸਮਾਨ ਅਲੀ ਖ਼ਾਨ 1911 ’ਚ ਹੈਦਰਾਬਾਦ ਰਿਆਸਤ ਦੇ ਸ਼ਾਸਕ ਬਣੇ।
22 ਫਰਵਰੀ 1937 ਦੀ ਟਾਈਮ ਮੈਗਜ਼ੀਨ ‘ਚ ਉਸਮਾਨ ਅਲੀ ‘ਤੇ ਕਵਰ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਸੀ। ਉਨ੍ਹਾਂ ਨੂੰ ਦੁਨੀਆ ਦਾ ‘ਸਭ ਤੋਂ ਅਮੀਰ’ ਵਿਅਕਤੀ ਦੱਸਿਆ ਗਿਆ ਸੀ।
ਸੱਤਵੇਂ ਨਿਜ਼ਾਮ ਕੋਲ 282 ਕੈਰੇਟ ਦਾ ਜੈਕਬ ਡਾਇਮੰਡ ਸੀ। ਇਹ ਦੁਨੀਆ ਦੇ ਸਭ ਤੋਂ ਵੱਡੇ ਹੀਰਿਆਂ ’ਚੋਂ ਇੱਕ ਹੈ। ਜਿਨ੍ਹਾਂ ਲੋਕਾਂ ਨੇ ਇਸ ਨੂੰ ਵੇਖਿਆ ਸੀ ਉਨ੍ਹਾਂ ਮੁਤਾਬਕ, ਇਹ ਹੀਰਾ ਇੱਕ ਛੋਟੇ ਨਿੰਬੂ ਦੇ ਆਕਾਰ ਦਾ ਸੀ।
ਲੋਕਾਂ ਤੋਂ ਇਸ ਹੀਰੇ ਨੂੰ ਬਚਾਉਣ ਲਈ ਉਹ ਇਸ ਨੂੰ ਸਾਬਣ ਦੇ ਇੱਕ ਡੱਬੇ ‘ਚ ਲੁਕਾ ਕੇ ਰੱਖਦੇ ਸਨ। ਕਈ ਵਾਰ ਤਾਂ ਉਹ ਇਸ ਨੂੰ ਪੇਪਰਵੇਟ ਦੀ ਤਰ੍ਹਾਂ ਵੀ ਵਰਤਦੇ ਸਨ।
ਹੈਦਰਾਬਾਦ ਉਨ੍ਹਾਂ ਤਿੰਨ ਰਿਆਸਤਾਂ ’ਚੋਂ ਇੱਕ ਸੀ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਭਾਰਤ ’ਚ ਰਲਣ ਤੋਂ ਇਨਕਾਰ ਕਰ ਦਿੱਤਾ ਸੀ।
ਸੱਤਵੇਂ ਨਿਜ਼ਾਮ ਕੋਲ 282 ਕੈਰੇਟ ਦਾ ਜੈਕਬ ਡਾਇਮੰਡ ਸੀ
ਹਾਲਾਂਕਿ, ਭਾਰਤ ਸਰਕਾਰ ਨੇ 1948 ‘ਚ ਪੁਲਿਸ ਕਾਰਵਾਈ ਤੋਂ ਬਾਅਦ ਇਸ ਨੂੰ ਆਪਣੇ ਨਾਲ ਮਿਲਾ ਲਿਆ ਸੀ।
ਹੈਦਰਾਬਾਦ ਦੀ ਫ਼ੌਜ ਦੇ ਆਤਮ ਸਮਰਪਣ ਤੋਂ ਬਾਅਦ, ਭਾਰਤ ਸਰਕਾਰ ਨੇ ਨਿਜ਼ਾਮ ਦੇ ਸਮਰਥਕ ਕਾਸਿਮ ਰਿਜ਼ਵੀ ਅਤੇ ਲਇਕ ਅਹਿਮਦ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਲਾਇਕ ਅਹਿਮਦ ਹਿਰਾਸਤ ਵਿੱਚੋਂ ਭੱਜ ਕੇ ਬੰਬੇ (ਮੌਜੂਦਾ ਮੁੰਬਈ) ਹਵਾਈ ਅੱਡੇ ਪਹੁੰਚੇ ਅਤੇ ਇੱਥੋਂ ਹੀ ਜਹਾਜ਼ ਰਾਹੀਂ ਉਹ ਪਾਕਿਸਤਾਨ ਪਹੁੰਚ ਗਏ ਸਨ।
ਭਾਰਤ ਸਰਕਾਰ ਨੇ ਸੱਤਵੇਂ ਨਿਜ਼ਾਮ ਉਸਮਾਨ ਅਲੀ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਹੀ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।
ਹੈਦਰਾਬਾਦ ਦਾ ਭਾਰਤ ‘ਚ ਸ਼ਾਮਲ ਹੋਣਾ
ਹੈਦਰਾਬਾਦ ਭਾਰਤ ‘ਚ ਸ਼ਾਮਲ ਹੋਣ ਵਾਲੀ 562ਵੀਂ ਰਿਆਸਤ ਸੀ। ਭਾਰਤ ਸਰਕਾਰ ਅਤੇ ਸੱਤਵੇਂ ਨਿਜ਼ਾਮ ਵਿਚਾਲੇ 25 ਜਨਵਰੀ 1950 ਨੂੰ ਇੱਕ ਸਮਝੌਤਾ ਸਹੀਬੱਧ ਹੋਇਆ।
ਇਸ ਸਮਝੌਤੇ ਅਨੁਸਾਰ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਸਾਲਾਨਾ 42,85,714 ਰੁਪਏ ਦਾ ਪ੍ਰੀਵੀ ਪਰਸ ਦੇਣ ਦਾ ਫ਼ੈਸਲਾ ਕੀਤਾ ਸੀ।
ਸੱਤਵੇਂ ਨਿਜ਼ਾਮ ਨਵੰਬਰ 1956 ਤੱਕ ਹੈਦਰਾਬਾਦ ਦੇ ਰਾਜ ਪ੍ਰਧਾਨ ਭਾਵ ਗਵਰਨਰ ਰਹੇ ਸਨ।
ਭਾਰਤ ਸਰਕਾਰ ਵੱਲੋਂ ਸੂਬਿਆਂ ਦੇ ਕੀਤੇ ਗਏ ਪੁਨਰਗਠਨ ਮੁਤਾਬਕ, ਪੁਰਾਣੇ ਨਿਜ਼ਾਮ ਅਧੀਨ ਸੂਬੇ ਨੂੰ ਤਿੰਨ ਹਿੱਸਿਆਂ ‘ਚ ਵੰਡ ਕੇ ਤਿੰਨ ਨਵੇਂ ਸੂਬੇ ਬਣਾਏ ਗਏ। ਇਹ ਸੂਬੇ ਸਨ- ਆਂਧਰਾ ਪ੍ਰਦੇਸ਼, ਕਰਨਾਟਕਾ ਅਤੇ ਮਹਾਰਾਸ਼ਟਰ।
24 ਫ਼ਰਵਰੀ 1967 ਨੂੰ ਸੱਤਵੇਂ ਨਿਜ਼ਾਮ ਦਾ ਦੇਹਾਂਤ ਹੋ ਗਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕਾ ’ਚ ਗੋਲੀਬਾਰੀ: ਕੈਲੇਫ਼ੋਰਨੀਆਂ ’ਚ ਤਿੰਨ ਦਿਨਾਂ ਵਿੱਚ ਦੂਜੀ ਵੱਡੀ ਵਾਰਦਾਤ, ਸੱਤ ਹੋਰ ਲੋਕ ਮਰੇ
NEXT STORY