ਭਾਰਤੀ ਅਰਬਪਤੀ ਗੌਤਮ ਅਡਾਨੀ ਨੇ ਸ਼ੇਅਰਾਂ ਦੀ ਵਿਕਰੀ ਬੰਦ ਕਰਕੇ ਨਿਵੇਸ਼ਕਾਂ ਨੂੰ ਦੁਬਾਰਾ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ।
ਅਡਾਨੀ ਇੰਟਰਪ੍ਰਾਈਜਿਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਨਿਵੇਸ਼ਕਾਂ ਨੂੰ ਵੇਚੇ ਸ਼ੇਅਰਾਂ ਤੋਂ ਇਕੱਠੀ ਹੋਈ ਰਕਮ 2.5 ਬਿਲੀਅਨ ਡਾਲਰ ਵਾਪਸ ਕਰਨਗੇ।
ਅਡਾਨੀ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ "ਸਾਡੇ ਮੌਜੂਦਾ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ" ''ਤੇ ਕੋਈ ਅਸਰ ਨਹੀਂ ਪਵੇਗਾ।
ਇੱਕ ਅਮਰੀਕੀ ਨਿਵੇਸ਼ ਫਰਮ ਦੇ ਅਡਾਨੀ ਗਰੁੱਪ ਦੀਆਂ ਫਰਮਾਂ ਉਪਰ ਧੋਖਾਧੜੀ ਦੇ ਦਾਅਵਿਆਂ ਨਾਲ ਬਜ਼ਾਰ ਵਿੱਚ ਹਲਚਲ ਸ਼ੁਰੂ ਹੋ ਗਈ ਸੀ।
ਹਾਲਾਂਕਿ ਅਡਾਨੀ ਨੇ ਇਸ ਫ਼ਰਮ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਪਰ ਅਡਾਨੀ ਦੇ ਗਰੁੱਪ ਦੀਆਂ ਕੰਪਨੀਆਂ ਨੇ ਪਿਛਲੇ ਕੁਝ ਦਿਨਾਂ ਵਿੱਚ 108 ਬਿਲੀਅਨ ਡਾਲਰ ਦੀ ਕੀਮਤ ਗੁਆ ਲਈ ਹੈ।
ਅਡਾਨੀ ਨੇ ਖੁਦ ਆਪਣੀ ਨਿੱਜੀ ਜਾਇਦਾਦ ਵਿੱਚੋਂ 48 ਬਿਲੀਅਨ ਡਾਲਰ ਗੁਆ ਲਏ ਹਨ।
ਇਸ ਤੋਂ ਬਾਅਦ ਫੋਰਬਸ ਦੀ ਅਰਬਪਤੀਆਂ ਵਾਲੀ ਸੂਚੀ ਵਿੱਚ ਅਡਾਨੀ 16ਵੇਂ ਸਥਾਨ ਉਪਰ ਆ ਗਏ ਹਨ।
ਇਹ ਸਭ ਕਿਵੇਂ ਵਾਪਰਿਆ?
ਕਰੀਬ ਦੋ ਹਫ਼ਤੇ ਪਹਿਲਾਂ ਅਡਾਨੀ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ।
ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ 25 ਜਨਵਰੀ ਨੂੰ ਵੇਚੇ ਜਾਣੇ ਸਨ। ਇਹਨਾਂ ਵਿੱਚ ਪੋਰਟ ਤੋਂ ਐਨਰਜੀ ਤੱਕ ਦੀਆਂ ਪ੍ਰਮੁੱਖ ਕੰਪਨੀ ਵੀ ਸ਼ਾਮਿਲ ਸਨ।
ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕੀ ਫਰਮ ਹਿੰਡਨਬਰਗ ਰਿਸਰਚ ਨੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ।
ਇਸ ਰਿਪੋਰਟ ਵਿੱਚ ਅਡਾਨੀ ਗਰੁੱਪ ਉੱਤੇ ਦਹਾਕਿਆਂ ਤੋਂ "ਬੇਸ਼ਰਮੀ" ਨਾਲ ਹੇਰਾਫੇਰੀ ਅਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਹਿੰਡਨਬਰਗ ਸ਼ੇਅਰ ਬਜ਼ਾਰ ਵਿੱਚ ‘ਸ਼ੋਰਟ ਸੈਲਿੰਗ’ ਵਿੱਚ ਡੀਲ ਕਰਦੀ ਹੈ।
ਹਿੰਡਨਬਰਗ ਦੀ ਰਿਪੋਰਟ ਦਾ ਅਡਾਨੀ ’ਤੇ ਪ੍ਰਭਾਵ:
- ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਕੁਝ ਦਿਨਾਂ ਵਿੱਚ 108 ਬਿਲੀਅਨ ਡਾਲਰ ਦੀ ਕੀਮਤ ਗੁਆ ਲਈ ਹੈ।
- ਅਡਾਨੀ ਨੇ ਖੁਦ ਆਪਣੀ ਨਿੱਜੀ ਜਾਇਦਾਦ ਵਿੱਚੋਂ 48 ਬਿਲੀਅਨ ਡਾਲਰ ਖੋਏ ਹਨ।
- ਫੋਰਬਸ ਦੀ ਅਰਬਪਤੀਆਂ ਵਾਲੀ ਸੂਚੀ ਵਿੱਚ ਅਡਾਨੀ 16ਵੇਂ ਸਥਾਨ ਉਪਰ ਆ ਗਏ ਹਨ।
- ਇਹ ਮੁੱਦਾ ਹੁਣ ਰਾਜਨੀਤਿਕ ਰੰਗਤ ਫੜ ਗਿਆ ਹੈ।
- ਵਿਰੋਧੀ ਪਾਰਟੀਆਂ ਪਾਰਲੀਮੈਂਟ ਵਿੱਚ ਬਹਿਸ ਦੀ ਮੰਗ ਕਰ ਰਹੀਆਂ ਹਨ।
ਅਡਾਨੀ ਸਮੂਹ ਨੇ ਰਿਪੋਰਟ ਨੂੰ ਗਲਤ ਜਾਣਕਾਰੀ, ਫਾਲਤੂ, ਬੇਬੁਨਿਆਦ ਅਤੇ ਬਦਨਾਮ ਕਰਨ ਵਾਲੀ ਦੱਸਿਆ ਸੀ।
ਪਰ ਇਹ ਜਵਾਬ ਨਿਵੇਸ਼ਕਾਂ ਦੇ ਡਰ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ।
ਅਡਾਨੀ ਗਰੁੱਪ ਦੀਆਂ ਸੱਤ ਵਪਾਰਕ ਕੰਪਨੀਆਂ ਹਨ।
ਇਹ ਹਵਾਈ ਅੱਡਿਆਂ, ਉਪਯੋਗਤਾਵਾਂ, ਬੰਦਰਗਾਹਾਂ ਅਤੇ ਨਵਿਆਉਣਯੋਗ ਊਰਜਾ ਸਮੇਤ ਕਈ ਖੇਤਰਾਂ ਵਿੱਚ ਕੰਮ ਕਰਦੀਆਂ ਹਨ।
ਕਈ ਭਾਰਤੀ ਬੈਂਕਾਂ ਅਤੇ ਸਰਕਾਰੀ ਮਾਲਕੀ ਵਾਲੀਆਂ ਬੀਮਾ ਕੰਪਨੀਆਂ ਨੇ ਇਸ ਗਰੁੱਪ ਨਾਲ ਜੁੜੀਆਂ ਕੰਪਨੀਆਂ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ ਜਾਂ ਕਰਜ਼ਾ ਦਿੱਤਾ ਹੈ।
ਕੀ ਇਹੋ ਸਭ ਕੁਝ ਸੀ?
ਨਹੀਂ। ਜਿਵੇਂ ਹੀ ਬਜ਼ਾਰ ਬੁਰੀ ਤਰ੍ਹਾਂ ਡਿੱਗਦਾ ਰਿਹਾ, ਅਡਾਨੀ ਗਰੁੱਪ ਸਮੂਹ ਨੇ ਖੰਡਨ ਕਰਦਾ ਹੋਇਆ ਇੱਕ ਲੰਮਾ ਜਵਾਬ ਦਿੱਤਾ।
ਇਹ ਕਰੀਬ 400 ਤੋਂ ਵੱਧ ਪੰਨਿਆਂ ਦਾ ਸੀ।
ਇਸ ਜਵਾਬ ਵਿੱਚ ਹਿੰਡਨਬਰਗ ਦੀ ਰਿਪੋਰਟ ਨੂੰ "ਭਾਰਤ ''ਤੇ ਸੋਚਿਆ ਸਮਝਿਆ ਹਮਲਾ" ਕਿਹਾ ਗਿਆ ਸੀ।
ਇਸ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਸਾਰੇ ਸਥਾਨਕ ਕਾਨੂੰਨਾਂ ਦੀ ਪਾਲਣਾ ਕੀਤੀ ਸੀ।
ਉਹਨਾਂ ਨੇ ਹਿੰਡਨਬਰਗ ਨੂੰ ਗਲਤ ਤਰੀਕਿਆਂ ਨਾਲ ਵੱਡੇ ਵਿੱਤੀ ਲਾਭ ਲੈਣ ਦੀ ਮਨਸ਼ਾ ਵਾਲਾ ਦੱਸਿਆ ਸੀ।
ਹਾਲਾਂਕਿ ਹਿੰਡਨਬਰਗ ਆਪਣੀ ਰਿਪੋਰਟ ''ਤੇ ਕਾਇਮ ਰਿਹਾ।
ਉਹਨਾਂ ਨੇ ਕਿਹਾ ਕਿ ਅਡਾਨੀ ਗਰੁੱਪ "ਸਾਡੇ 88 ਵਿੱਚੋਂ 62 ਸਵਾਲਾਂ ਦੇ ਜਵਾਬ ਦੇਣ ਵਿੱਚ ਅਸਫਲ ਰਿਹਾ ਹੈ।"
-
ਬਜ਼ਾਰ ਦਾ ਕੀ ਪ੍ਰਤੀਕਰਮ ਰਿਹਾ?
ਜਦੋਂ 25 ਜਨਵਰੀ ਨੂੰ ਅਡਾਨੀ ਦੇ ਗਰੁੱਪ ਨੇ ਸ਼ੇਅਰਾਂ ਦੀ ਵਿਕਰੀ ਸ਼ੁਰੂ ਕੀਤੀ ਤਾਂ ਲੋਕਾਂ ਤੋਂ ਕੋਈ ਚੰਗਾ ਹੁੰਗਾਰਾ ਨਹੀਂ ਮਿਲਿਆ।
ਦੂਜੇ ਦਿਨ ਤੱਕ 3 ਫੀਸਦੀ ਸ਼ੇਅਰ ਹੀ ਖਰੀਦੇ ਗਏ ਅਤੇ ਖੁਦਰਾ ਵਪਾਰੀ ਲਾਂਭੇ ਰਹੇ ਸਨ।
ਪਰ ਵਿਦੇਸ਼ੀ ਨਿਵੇਸ਼ਕ ਸੰਸਥਾਵਾਂ ਅਤੇ ਕਾਰਪੋਰੇਟ ਫੰਡਾਂ ਨਾਲ ਕੁਝ ਮਦਦ ਹੋਈ।
30 ਜਨਵਰੀ ਨੂੰ ਆਬੂ ਧਾਬੀ ਦੀ ਯੂਏਈ ਰਾਜਸ਼ਾਹੀ ਨਾਲ ਸਬੰਧਤ ਕੰਪਨੀ ਨੇ 400 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਆਖਰੀ ਸਮੇਂ ਸਾਜਨ ਜਿੰਦਲ ਅਤੇ ਸੁਨੀਲ ਮਿੱਤਲ ਨੇ ਆਪਣੇ ਪੱਧਰ ਉਪਰ ਸ਼ੇਅਰ ਖਰੀਦੇ ਸਨ।
ਵਿਸ਼ਲੇਸ਼ਕ ਅਮਬਰੀਸ਼ ਬਾਲਿਗਾ ਨੇ ਖ਼ਬਰ ਏਜੰਸੀ ਰੋਇਟਰਜ਼ ਨੂੰ ਕਿਹਾ ਸੀ ਕਿ ਅਡਾਨੀ ਦਾ ਗਰੁੱਪ ਆਪਣੇ ਮਿੱਥੇ ਨਿਸ਼ਾਨੇ ਨੂੰ ਪੂਰਾ ਨਹੀਂ ਕਰ ਸਕਿਆ ਸੀ।
ਹੁਣ ਅੱਗੇ ਕੀ ਹੈ?
ਭਾਰਤ ਦੇ ਕੇਂਦਰੀ ਬੈਂਕ ਨੇ ਕਰਜ਼ਦਾਤਾਵਾਂ ਨੂੰ ਇਸ ਗਰੁੱਪ ਨਾਲ ਦੇਣਦਾਰੀਆਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
ਅਡਾਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ, “ਸਾਡੀ ਬੈਲੇਂਸ ਸ਼ੀਟ ਮਜ਼ਬੂਤ ਨਕਦੀ ਅਤੇ ਸੁਰੱਖਿਅਤ ਸੰਪਤੀਆਂ ਵਾਲੀ ਹੈ। ਸਾਡਾ ਕਰਜ਼ ਵਾਪਿਸ ਕਰਨ ਦਾ ਚੰਗਾ ਟਰੈਕ ਰਿਕਾਰਡ ਹੈ।”
ਵਿਸ਼ਲੇਸ਼ਕ ਐਡਵਰਡ ਮੋਯਾ ਨੇ ਰੋਇਟਰਜ਼ ਏਜੰਸੀ ਨੂੰ ਕਿਹਾ ਕਿ ਸ਼ੇਅਰ ਦੀ ਵਿਕਰੀ ਨੂੰ ਵਾਪਸ ਲੈਣਾ "ਮੁਸ਼ਕਿਲ" ਵਾਲਾ ਕੰਮ ਸੀ।
“ਇਹ ਦਰਸਾਉਣਾ ਚਾਹੀਦੇ ਸੀ ਕਿ ਕੰਪਨੀ ਨੂੰ ਹਾਲੇ ਵੀ ਉੱਚ-ਸੰਪੱਤੀ ਨਿਵੇਸ਼ਕਾਂ ਦਾ ਵਿਸ਼ਵਾਸ ਹਾਸਿਲ ਹੈ।"
ਅਮਰੀਕੀ ਨਿਵੇਸ਼ ਬੈਂਕ ਸਿਟੀਗਰੁੱਪ ਦੀ ਵੈਲਥ ਆਰਮ ਨੇ ਅਡਾਨੀ ਸਮੂਹ ਦੀ ਸਕਿਊਰਟੀ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ।
ਦੂਜੇ ਪਾਸੇ ਕ੍ਰੈਡਿਟ ਸੂਇਸ ਨੇ ਗਰੁੱਪ ਦੇ ਬਾਂਡਾਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ।
ਰੇਟਿੰਗ ਏਜੰਸੀ ਮੂਡੀਜ਼ ਯੂਨਿਟ ਆਈਸੀਆਰਏ ਨੇ ਕਿਹਾ ਹੈ ਕਿ ਉਹ ਅਡਾਨੀ ਗਰੁੱਪ ਦੇ ਸ਼ੇਅਰਾਂ ''ਤੇ ਮੌਜੂਦਾ ਪ੍ਰਭਾਵ ਉਪਰ ਨਜ਼ਰ ਰੱਖ ਰਹੇ ਹਨ।
ਪਰ ਵਿਨਾਇਕ ਚੈਟਰਜੀ ਜੋ ਇਨਫਰਾਵਿਜ਼ਨ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮੈਨੇਜਿੰਗ ਟਰੱਸਟੀ ਹਨ, ਉਹ ਕਾਫ਼ੀ ਆਸ਼ਾਵਾਦੀ ਹਨ।
ਵਿਨਾਇਕ ਚੈਟਰਜੀ ਮੌਜੂਦਾ ਸਥਿਤੀ ਨੂੰ "ਥੋੜ੍ਹੇ ਸਮੇਂ ਲਈ ਝਟਕਾ" ਕਹਿੰਦੇ ਹਨ।
ਉਨ੍ਹਾਂ ਕਿਹਾ, "ਮੈਂ ਇਸ ਗਰੁੱਪ ਨੂੰ ਲਮੇਂ ਸਮੇਂ ਤੋਂ ਦੇਖ ਰਿਹਾ ਹਾਂ। ਮੈਂ ਬੰਦਰਗਾਹਾਂ, ਹਵਾਈ ਅੱਡਿਆਂ, ਸੀਮੈਂਟ ਤੋਂ ਨਵਿਆਉਣਯੋਗਾਂ ਤੱਕ ਵੱਖੋ-ਵੱਖਰੇ ਪ੍ਰੋਜੈਕਟ ਦੇਖੇ ਹਨ। ਇਹ ਠੋਸ ਅਤੇ ਸਥਿਰ ਹਨ। ਇਹ ਉਤਰਾਅ-ਚੜ੍ਹਾਅ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।”
ਖੋਜਕਾਰ ਹੇਮਿੰਦਰਾ ਹਾਜਾਰੀ ਕਹਿੰਦੇ ਹਨ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਹਾਲੇ ਤੱਕ ਸੇਬੀ (SEBI) ਅਤੇ ਸਰਕਾਰ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ।
ਉਨ੍ਹਾਂ ਕਿਹਾ, “ਦੋਵਾਂ ਸੰਸਥਾਵਾਂ ਨੂੰ ਨਿਵੇਸ਼ਕਾਂ ਦੀ ਬੇਚੈਨੀ ਨੂੰ ਸ਼ਾਂਤ ਕਰਨ ਲਈ ਬੋਲਣਾ ਚਾਹੀਦਾ ਹੈ।”
ਇਹ ਮੁੱਦਾ ਹੁਣ ਰਾਜਨੀਤਿਕ ਰੰਗਤ ਵੀ ਫੜ ਗਿਆ ਹੈ।
ਅਡਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ੀ ਨਜ਼ਦੀਕ ਮੰਨਿਆ ਜਾਂਦਾ ਹੈ ਜਿਸ ਲਈ ਉਹਨਾਂ ਉਪਰ ਫਾਇਦੇ ਲੈਣ ਦੇ ਇਲਜ਼ਾਮ ਲੱਗਦੇ ਹਨ ਪਰ ਉਹ ਇਸ ਤੋਂ ਇਨਕਾਰ ਕਰਦੇ ਹਨ।
ਵਿਰੋਧੀ ਪਾਰਟੀਆਂ ਅਡਾਨੀ ਦੇ ਸ਼ੇਅਰ ਡਿੱਗਣ ਉਪਰ ਪਾਰਲੀਮੈਂਟ ਵਿੱਚ ਬਹਿਸ ਦੀ ਮੰਗ ਕਰ ਰਹੀਆਂ ਹਨ।
ਉਹ ਹਿੰਡਨਬਰਗ ਦੇ ਇਲਜ਼ਾਮਾਂ ਬਾਰੇ ਜਾਂਚ ਦੀ ਮੰਗ ਕਰ ਰਹੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਇੱਕ ਥੱਪੜ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਘਾਤਕ ਹੋ ਸਕਦਾ ਹੈ, ਇਸ ਔਰਤ ਦੀ ਕਹਾਣੀ ਤੋਂ ਜਾਣੋ
NEXT STORY