ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਠੀਕ ਇੱਕ ਸਾਲ ਪਹਿਲਾਂ ਅੱਜ ਹੀ ਦੇ ਦਿਨ 15 ਫਰਵਰੀ 2022 ਨੂੰ ਦਿੱਲੀ ਤੋਂ ਪੰਜਾਬ ਜਾਂਦਿਆਂ ਹਰਿਆਣਾ ਦੇ ਸੋਨੀਪਤ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਦੀਪ ਸਿੱਧੂ ਉਸ ਸਮੇਂ ਆਪਣੀ ਇੱਕ ਸਾਥੀ ਰੀਨਾ ਰਾਏ ਨਾਲ ਪੰਜਾਬ ਜਾ ਰਹੇ ਸਨ। ਰੀਨਾ ਰਾਏ ਉਨ੍ਹਾਂ ਨਾਲ ਬਤੌਰ ਅਦਾਕਾਰਾ ਵੀ ਕੰਮ ਕਰ ਚੁੱਕੇ ਹਨ ਅਤੇ ਅਮਰੀਕਾ ਵਿੱਚ ਰਹਿੰਦੇ ਹਨ।
ਇਸ ਘਟਨਾ ਮਗਰੋਂ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਸੋਨੀਪਤ ਦੇ ਖਰਖੋਦਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ।
26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਦੇ ਮਿੱਥੇ ਰੂਟ ਤੋਂ ਵੱਖ ਹੋ ਕੇ ਭੀੜ ਦਾ ਇੱਕ ਹਿੱਸਾ ਲਾਲ ਕਿਲੇ ਪਹੁੰਚਿਆ ਸੀ।
ਉੱਥੇ ਮੁਜ਼ਾਹਰਾਕਾਰੀਆਂ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕੇਸਰੀ ਨਿਸ਼ਾਨ ਅਤੇ ਕਿਸਾਨ ਯੂਨੀਅਨ ਦਾ ਝੰਡਾ ਲਾਲ ਕਿਲੇ ਦੀ ਫ਼ਸੀਲ ''ਤੇ ਚੜ੍ਹਾ ਦਿੱਤਾ ਸੀ।
ਇਸ ਮਾਮਲੇ ਵਿੱਚ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਜਦੋਂ ਦੀਪ ਸਿੱਧੂ ਸੜਕ ਹਾਦਸੇ ਦਾ ਸ਼ਿਕਾਰ ਹੋਏ ਤਾਂ ਜ਼ਮਾਨਤ ਉੱਤੇ ਸਨ।
ਪੁਲਿਸ ਦੀਪ ਸਿੱਧੂ ਦੀ ਮੌਤ ਨੂੰ ਸੜਕ ਹਾਦਸੇ ਦਾ ਕੇਸ ਮੰਨ ਕੇ ਕਾਰਾਵਈ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ।
ਪਰ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਮੌਜੂਦਾ ਮੁਖੀ ਅਮ੍ਰਿਤਪਾਲ ਸਿੰਘ ਸਣੇ ਕਈ ਲੋਕ ਅਜਿਹੇ ਹਨ ਜੋ ਇਸ ਨੂੰ ਸਿਆਸੀ ਕਤਲ ਦੱਸਦੇ ਹੋਏ ਉਨ੍ਹਾਂ ਨੂੰ ''ਸ਼ਹੀਦ'' ਮੰਨਦੇ ਹਨ।
ਦੀਪ ਸਿੱਧੂ ਗਰਮਸੁਰ ਅਤੇ ਪੰਜਾਬ ਦੇ ਪੰਥਕ ਮੁੱਦਿਆਂ ਬਾਰੇ ਬੇਬਾਕ ਰਾਏ ਰੱਖਦੇ ਸਨ, ਸ਼ਾਇਦ ਇਸੇ ਕਾਰਨ ਉਹ ਪੰਜਾਬ ਵਿੱਚ ਖਾਸਕਰ ਨੌਜਵਾਨਾਂ ਵਿੱਚ ਕਾਫ਼ੀ ਮਕਬੂਲ ਆਗੂ ਬਣ ਗਏ ਸਨ।
ਇਸ ਰਿਪੋਰਟ ਵਿੱਚ ਅਸੀਂ ਦੀਪ ਸਿੱਧੂ ਦੇ ਵੱਖ ਵੱਖ ਮਸਲਿਆਂ ਉੱਤੇ ਵਿਚਾਰਾਂ ਨੂੰ ਹੂਬਹੂ ਛਾਪਣ ਦੀ ਕੋਸ਼ਿਸ਼ ਕੀਤੀ ਹੈ।
ਖ਼ਾਲਿਸਤਾਨ ਬਾਰੇ ਸਿੱਧੂ ਦੇ ਵਿਚਾਰ
ਦੀਪ ਸਿੱਧੂ ਨੇ ਖ਼ਾਲਿਸਤਾਨ ਬਾਰੇ ਕਿਸਾਨ ਅੰਦੋਲਨ ਦੌਰਾਨ ਕਈ ਵਾਰ ਵਿਚਾਰ ਰੱਖੇ ਸਨ, ਕਿਉਂ ਕਿ ਉਨ੍ਹਾਂ ਦੇ ਪੰਥਕ ਵਿਚਾਰਾਂ ਕਾਰਨ ਅਕਸਰ ਮੀਡੀਆ ਉਨ੍ਹਾਂ ਖਾਲਿਸਤਾਨ ਬਾਰੇ ਸਵਾਲ ਕਰਦਾ ਸੀ।
ਉਹ ਇੱਕ ਮੀਡੀਆ ਇੰਟਰਵਿਊ ਵਿੱਚ ਕਹਿੰਦੇ ਸਨ, ''''ਜਿਹੜੀ ਕੌਮ ਨੇ ਆਪਣਾ ਰਾਜ ਮਾਣਿਆ ਹੋਵੇ ਤਾਂ ਉਨ੍ਹਾਂ ਅੰਦਰੋਂ ਰਾਜ ਮਾਨਣ ਦੀ ਭਾਵਨਾ ਨਹੀਂ ਕੱਢੀ ਜਾ ਸਕਦੀ। ਅਸੀਂ ਆਪਣੀ ਸਟੇਟਹੁੱਡ ਨੂੰ ਮਾਣਿਆ ਹੋਇਆ ਹੈ ਤੇ ਜੇ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਕੀ ਸਮੱਸਿਆ ਹੈ।''''
''''ਅਸੀਂ ਕਿਸੇ ਨੂੰ ਆਪਣੇ ਉੱਤੇ ਹਮਲੇ ਕਰਨ ਲਈ ਨਾ ਭੜਕਾਉਂਦੇ ਹਾਂ ਅਤੇ ਨਾ ਹੀ ਕਿਸੇ ਉੱਤੇ ਹਮਲੇ ਕਰਦੇ ਹਾਂ। ਜੇਕਰ ਕੋਈ ਸਟੇਟਹੁੱਡ ਦੀ ਗੱਲ ਕਰਦਾ ਹੈ ਤਾਂ ਇਹ ਉਸ ਦੀ ਇੱਛਾ ਹੋ ਸਕਦੀ ਹੈ। ਹਰ ਕਿਸੇ ਦੀ ਇੱਛਾ ਹੋ ਸਕਦੀ ਹੈ।''''
''''ਯਹੂਦੀ ਯੂਰਪ ਵਿੱਚ ਬੈਠੇ ਸੀ ਤੇ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਆਪਣੀ ਜ਼ਮੀਨ ਹੋਵੇ ਤੇ ਉਨ੍ਹਾਂ ਨੇ ਇਜ਼ਰਾਈਲ ਲਿਆ। ਜਦੋਂ ਇੱਥੇ ਮੁਸਲਮਾਨਾਂ ਦਾ ਰਾਜ ਸੀ, ਉਦੋਂ ਹਿੰਦੂਆਂ ਨੂੰ ਲੱਗਦਾ ਸੀ ਸਾਡਾ ਰਾਜ ਹੋਵੇ। ਇਨ੍ਹਾਂ ਨੂੰ 900 ਸਾਲ ਗੁਲਾਮੀ ਕਰਕੇ ਲੱਗੀ ਗਿਆ ਇਨ੍ਹਾਂ ਦਾ ਰਾਜ ਹੋਵੇ।''''
''''ਜਿਹੜੀ ਕੌਮ ਨੇ ਰਾਜ ਮਾਣਿਆ ਹੋਵੇ, ਉਹਦੇ ਅੰਦਰੋਂ ਤੁਸੀਂ ਇਹ ਕਿਵੇਂ ਕੱਢ ਦਿਓਗੇ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਧਮਕਾ ਰਹੇ ਹਾਂ, ਸਾਡੇ ਅੰਦਰ ਸਟੇਟਹੁੱਡ ਦੀ ਭਾਵਨਾ ਮਰ ਹੀ ਨਹੀਂ ਸਕਦੀ''''
ਸ਼ੰਭੂ ਮੋਰਚੇ ਦੌਰਾਨ ਇੱਕ ਭਾਸ਼ਣ ਵਿੱਚ ਉਹ ਕਹਿੰਦੇ ਹਨ, ''''ਸਾਡਾ ਇਤਿਹਾਸ ਹੀ ਸਥਾਪਤੀ ਨੂੰ ਚੂਣੌਤੀ ਦੇਣ ਵਾਲਾ ਹੈ, ਜੋ ਗੁਰੂ ਨਾਨਕ ਤੋਂ ਸ਼ੁਰੂ ਹੁੰਦਾ ਹੈ ਅਤੇ ਪੰਜਵੇਂ ਗੁਰੂ ਅਰਜਨਦੇਵ ਦੀ ਕੁਰਬਾਨੀ ਰਾਹੀਂ ਅੱਗੇ ਵਧਦਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੱਕ ਆਉਂਦਾ ਹੈ।''''
ਇਹ ਇਤਿਹਾਸ ਹੀ ਸਿਸਟਮ ਨੂੰ ਬਦਲਣ ਵਾਲਾ ਹੈ, ਇਸ ਖਿੱਤੇ ਦੇ ਲੋਕਾਂ ਦੀ ਖੁਦਮੁਖਤਿਆਰੀ ਅਤੇ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਸਿਆਸੀ ਫੈਸਲੇ ਲੈਣ ਦੇ ਆਪ ਕਰਨਾ ਹੀ ਸਮੱਸਿਆਵਾਂ ਦਾ ਸਥਾਈ ਹੱਲ ਹੋਵੇਗਾ।
ਜਰਨੈਲ ਸਿੰਘ ਭਿੰਡਰਾਵਾਲੇ
ਦਮਦਮੀ ਟਕਸਾਲ ਦੇ ਮਰਹੂਮ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਬਾਰੇ ਵੀ ਦੀਪ ਸਿੱਧੂ ਨੇ ਖੁੱਲ੍ਹੇ ਕੇ ਵਿਚਾਰ ਰੱਖਦੇ ਰਹੇ ਹਨ। ਉਨ੍ਹਾਂ ਬਾਰੇ ਦੀਪ ਸਿੱਧੂ ਆਮ ਕਹਿੰਦੇ ਸਨ ਕਿ ''''ਸੰਤਾਂ'''' ਨੇ ਕੌਮ ਨੂੰ ਗੁਲਾਮੀ ਦੀ ਭਾਵਨਾ ਖ਼ਿਲਾਫ਼ ਜਾਗਰੂਕ ਕੀਤਾ ਸੀ।
ਇੱਕ ਜਨਤਕ ਸਮਾਗਮ ਜਿਸ ਦਾ ਵੀਡੀਓ 9 ਮਾਰਚ 2022 ਨੂੰ ਯੂਟਿਊਬ ਉੱਤੇ ਪਾਇਆ ਗਿਆ ਸੀ, ਵਿੱਚ ਦੀਪ ਸਿੱਧੂ ਕਹਿੰਦੇ ਹਨ, ''''ਸੰਤ ਜਰਨੈਲ ਸਿੰਘ ਸਾਡੇ ਮਹਾਨ ਸ਼ਹੀਦ ਹਨ, ਜੇਕਰ ਉਨ੍ਹਾਂ ਦੀ ਸ਼ਹੀਦੀ ਅਕਾਲ ਤਖ਼ਤ ਦੀ ਬਜਾਇ ਮਹਿਤਾ ਚੌਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਹੋਈ ਹੁੰਦੀ ਤਾਂ ਵੀ ਉਨ੍ਹਾਂ ਸਾਡੇ ਮਹਾਨ ਸ਼ਹੀਦ ਹੀ ਹੋਣਾ ਸੀ।''''
''''ਉਹ ਆਪਣੇ ਅੰਤਿਮ ਸਮੇਂ ਤੱਕ ਦਮਦਮੀ ਟਕਸਾਲ ਦੇ ਮੁਖੀ ਸਨ, ਇਸ ਸੰਸਥਾ ਦਾ ਰਵਾਇਤ ਮੁਤਾਬਿਕ ਮੁਖੀ ਆਪ ਨਵਾਂ ਮੁਖੀ ਐਲਾਨ ਦਿੰਦਾ ਹੈ, ਪਰ ਸੰਤਾਂ ਨੇ ਅਜਿਹਾ ਨਹੀਂ ਕੀਤਾ, ਉਸ ਦਾ ਕਾਰਨ ਇਹ ਸੀ ਕਿ ਉਹ ਜਾਣਦੇ ਸਨ ਕਿ ਲੜਾਈ ਸੰਸਥਾਵਾਂ ਅਤੇ ਟਕਸਾਲਾਂ ਤੱਕ ਸੀਮਤ ਨਹੀਂ ਰਹਿ ਗਈ ਸੀ । ਲੜਾਈ ਇਸ ਤੋਂ ਉੱਤੇ ਉੱਠ ਚੁੱਕੀ ਹੈ ਹੁਣ, ਹੁਣ ਤਾਂ ਸਾਰੀ ਕੌਮ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊ''''।
ਦੀਪ ਸਿੱਧੂ ਆਪਣੀ ਗੱਲ ਨੂੰ ਭਿੰਡਰਾਵਾਲੇ ਦੀ ਹਵਾਲੇ ਨਾਲ ਅੱਗੇ ਤੋਰਦੇ ਹੋਏ ਕਹਿੰਦੇ ਹਨ ਕਿ ਉਹ ਵਾਰ ਵਾਰ ਕਹਿੰਦੇ ਸਨ ਕਿ ਮਾਨਸਿਕ ਤੇ ਸਰੀਰਕ ਗੁਲਾਮੀ ਨੂੰ ਗਲ਼ੋ ਲਾਹੁਣਾ ਹੀ ਪੈਣਾ ਹੈ।
ਦੀਪ ਸਿੱਧੂ ਮੁਤਾਬਕ ਕਹਿੰਦੇ ਸਨ, ''''ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇਹ ਗੱਲ ਕੌਮ ਨੂੰ ਸਮਝਾਈ ਕਿ ਅਸੀ ਗੁਲਾਮ ਹਾਂ। ਜੇ ਸੰਤਾਂ ਦੀ ਸ਼ਹਾਦਤ ਮਹਿਤਾ ਚੌਂਕ ਹੋਈ ਹੁੰਦੀ ਤਾਂ ਵੀ ਉਹ ਸਾਡੇ ਸਤਿਕਾਰਯੋਗ ਤੇ ਮਹਾਨ ਸ਼ਹੀਦ ਹੋਣੇ ਸੀ। ਪਰ ਜੇ ਉਹੀ ਸ਼ਹਾਦਤ ਅਕਾਲ ਤਖ਼ਤ ਸਾਹਿਬ ''ਤੇ ਹੋਈ ਤੇ ਹਕੂਮਤ ਨੇ ਸਾਡੇ ਸਭ ਤੋਂ ਪਵਿੱਤਰ ਅਸਥਾਨ ਉੱਤੇ ਟੈਂਕ ਚੜ੍ਹਾਏ, ਇਹ ਗੱਲ ਪ੍ਰਤੱਖ ਰੂਪ ਵਿੱਚ ਸਾਡੇ ਸਮਝ ਆ ਗਈ ਕਿ ਜੇ ਇਹ ਇੱਥੋਂ ਤੱਕ ਜਾ ਸਕਦੇ ਹਨ ਤਾਂ ਫ਼ਿਰ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।''''
1984 ਸਿੱਖ ਕਤਲੇਆਮ
ਸੋਸ਼ਲ ਮੀਡੀਆ ਉੱਤੇ 6 ਨਵੰਬਰ 2021 ਨੂੰ ਇੱਕ ਨਿੱਜੀ ਚੈਨਲ ਦੀ ਵੀਡੀਓ ਵਿੱਚ ਦੀਪ ਸਿੱਧੂ ਇੱਕ ਜਨਤਕ ਭਾਸ਼ਣ ਦੌਰਾਨ 1984 ਦੇ ਸਿੱਖ ਕਤਲੇਆਮ ਬਾਰੇ ਗੱਲ ਕਰਦੇ ਦਿਖ ਰਹੇ ਹਨ।
ਉਨ੍ਹਾਂ ਕਿਹਾ ਸੀ, ''''ਕੌਮਾਂ ਦੇ ਨਾਲ ਇਹ ਗੱਲਾਂ ਕਿਉਂ ਵਾਪਰਦੀਆਂ ਹਨ, ਇਹ ਕੋਈ ਆਮ ਘਟਨਾ ਥੋੜ੍ਹੀ ਸੀ। ਸਾਡੀਆਂ ਧੀਆਂ-ਭੈਣਾਂ ਦੀ ਬੇਪੱਤੀ ਕਰਨੀ, ਸਾਡੇ ਮਾਪਿਆਂ ਨੂੰ ਗਲਿਆਂ ਵਿੱਚ ਟਾਇਰ ਪਾ ਕੇ ਸਾੜਨਾ ਕੋਈ ਆਮ ਗੱਲ ਥੋੜ੍ਹੀ ਸੀ। ਸਾਡੇ ਨਾਲ ਵਾਅਦੇ ਕਰਦੇ ਰਹੇ ਤੁਹਾਨੂੰ ਨੌਕਰੀਆਂ ਦੇ ਦਿਆਂਗੇ, ਮੁਆਵਜ਼ਾ ਦੇ ਦਿਆਂਗੇ।''''
''''ਇਹ ਨਸਲਕੁਸ਼ੀ ਸਾਡੇ ਨਾਲ ਪਹਿਲੀ ਵਾਰ ਨਹੀਂ ਹੋਈ, 1947 ਵਿੱਚ ਅਸੀਂ ਅਜਿਹੀ ਨਸਲਕੁਸ਼ੀ ਦੇ ਭੋਗੀ ਹਾਂ। ਉਸ ਵੇਲੇ ਨਸਲਕੁਸ਼ੀ ਨੂੰ ਸਾਡੇ ਤੋਂ ਇਹ ਕਹਿ ਕੇ ਪਾਸੇ ਕਰ ਦਿੱਤਾ ਗਿਆ ਕਿ ਉਹ ਤਾਂ ਮੁਸਲਮਾਨਾਂ ਨੇ ਕੀਤਾ ਸੀ।''''
ਦੀਪ ਸਿੱਧੂ ਮੰਨਦੇ ਹਨ ਕਿ ਆਪਣਾ ਇਤਿਹਾਸ ਪੜ੍ਹਨਾ ਜਰੂਰੀ ਹੁੰਦਾ ਹੈ, ਕਿਉਂ ਕਿ ਉਸ ਨਾਲ ਹੀ ਵਿਚਾਰ ਪੈਦਾ ਹੁੰਦਾ ਹੈ ਅਤੇ ਤਾਂ ਤੁਸੀਂ ਉਸ ਦਰਦ ਨੂੰ ਮਹਿਸੂਸ ਕਰ ਸਕਦੇ ਹੋ।
ਸਾਡੇ ਨਾਲ ਪਹਿਲਾਂ 47 ਵਿਚ ਫੇਰ 1984 ਵਿੱਚ ਨਸਲਕੁਸ਼ੀ ਹੋ, ਅਤੇ ਇਹ 1980ਵਿਆਂ ਤੋਂ ਲਗਾਤਾਰ 2003-04 ਤੱਕ ਹੁੰਦੀ ਰਹੀ, ਪਰ ਇਸ ਦੀ ਗੱਲ ਸਾਡੇ ਕਿਸੇ ਪੰਥਕ ਵਿਚਾਰਕ ਜਾਂ ਆਪਣੇ ਕਿਸੇ ਆਗੂ ਨੇ ਇਸ ਉੱਤੇ ਗੌਰ ਨਹੀਂ ਕੀਤਾ।
ਕੌਮਾਂ ਇਨ੍ਹਾਂ ਉੱਤੇ ਲੰਬੇ ਸਮੇਂ ਤੱਕ ਵਿਚਾਰਾਂ ਕਰਦੀਆਂ ਰਹਿੰਦੀਆਂ ਕਿ ਸਾਡੇ ਨਾਲ ਵਾਪਰਿਆ ਕੀ? ਇਹ ਸਾਡੇ ਨਾਲ 18ਵੀਂ ਸਦੀ ਵਿੱਚ ਵੀ ਵਾਪਰਿਆ ਸੀ, ਜਿਸ ਨੂੰ ਅਸੀਂ ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਕਹਿ ਦਿੰਦੇ ਹਾਂ। ਉਹ ਵੀ ਨਸਲਕੁਸੀ ਹੀ ਸੀ, ਜਦੋਂ ਇੱਕੇ ਦਿਨ ਅਬਦਾਲੀ ਨੇ ਅੱਧੀ ਕੌਮ ਖ਼ਤਮ ਕਰ ਦਿੱਤੀ ਸੀ।
ਦੀਪ ਸਿੱਧੂ ਮੁਤਾਬਕ ''''ਉਸ ਵੇਲੇ ਸਿੱਖਾਂ ਵਿਚ ਕੋਈ ਦੁਬਿਧਾ ਨਹੀਂ ਸੀ, ਕੋਈ ਸ਼ੰਕਾ ਨਹੀਂ ਸੀ, ਮੁਸਲਮਾਨ ਇਹ ਕਹਿੰਦੇ ਹਨ ਕਿ ਸਿੱਖ ਸਾਡੇ ਦੁਸ਼ਮਣ ਹਨ ਤੇ ਇਨ੍ਹਾਂ ਨੂੰ ਅਸੀਂ ਖ਼ਤਮ ਕਰਨਾ ਹੈ। ਸਾਡੇ ਜਰਨੈਲਾਂ ਤੇ ਸਿੱਖਾਂ ਨੂੰ ਇਹ ਪਤਾ ਸੀ ਕਿ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਐ।''''
ਪਰ ਇਸ ਵੇਲੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਨੂੰ ਕੌਮ ਦੇ ਮਸਲਿਆਂ ਦਾ ਪਤਾ ਹੀ ਨਹੀਂ। ਜਦੋਂ ਤੱਕ ਅਸੀਂ ਉਹ ਨਹੀਂ ਸਮਝ ਲੈਂਦੇ ਉਦੋਂ ਤੱਕ ਹੱਲ ਨਹੀਂ ਹੋ ਸਕਦਾ।
ਘੱਟ ਗਿਣਤੀ ਅਤੇ ਕੇਂਦਰ ਉੱਤੇ ਟਿੱਪਣੀ
ਬਟਾਲਾ ਵਿੱਚ ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਘੱਟ ਗਿਣਤੀਆਂ ਬਾਰੇ ਕੇਂਦਰ ਦੇ ਵਤੀਰੇ ਦੀ ਗੱਲ ਕੀਤੀ ਸੀ।
ਵਿਵਾਦਤ 3 ਖੇਤੀ ਕਾਨੂੰਨਾਂ ਦੇ ਸੰਸਦ ਵਿੱਚ ਪਾਸ ਹੋਣ ਤੋਂ ਬਾਅਦ 29 ਸਤੰਬਰ 2020 ਨੂੰ ਬਟਾਲਾ ਦੇ ਇੱਕ ਰੋਸ ਮੁਜ਼ਾਹਰੇ ਵਿੱਚ ਪਹੁੰਚੇ ਦੀਪ ਸਿੱਧੂ ਨੂੰ ਜਦੋਂ ਮੀਡੀਆ ਨੇ ਸਵਾਲ ਕੀਤਾ ਕਿ ਕੀ ਕੇਂਦਰ ਸਰਕਾਰ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ ਹੈ।
ਇਸ ਸਵਾਲ ਦੇ ਜਵਾਬ ਵਿੱਚ ਦੀਪ ਸਿੱਧੂ ਨੇ ਕਿਹਾ ਸੀ ਕਿ ਵਿਰੋਧ ਦੇ ਬਾਵਜੂਦ ਰਾਸ਼ਟਰਪਤੀ ਵਲੋਂ ਕਾਨੂੰਨਾਂ ਉੱਤੇ ਸਹੀ ਪਾਉਣਾ ਪ੍ਰਤੱਖ ਦਿਖਾਉਦਾ ਹੈ ਕਿ ਉਨਾਂ ਨੂੰ ਪੰਜਾਬ ਹੀ ਨਹੀਂ ਘੱਟ ਗਿਣਤੀਆਂ ਦੀ ਕੋਈ ਪਰਵਾਹ ਨਹੀਂ ਹੈ।
ਇੱਕ ਵੀਡੀਓ ਵਿੱਚ ਉਹ ਕਹਿੰਦੇ ਦਿਖੇ ਸਨ ਕਿ ''''ਸਾਨੂੰ ਵਾਰ ਵਾਰ 84 ਦਾ ਡਰ ਦਿਖਾਇਆ ਜਾਂਦਾ ਹੈ, ਜਦੋਂ ਲਾਲ ਕਿਲ਼ੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਇਆ ਸੀ, ਉਦੋਂ ਵੀ ਧਮਕੀਆਂ ਆਈਆਂ ਸਨ ਕਿ ਤੁਹਾਨੂੰ 84 ਭੁਲਾ ਦਿਆਂਗੇ ਤੁਹਾਡੀ ਕੌਮ ਦਾ ਨਹੀਂ ਪਤਾ ਨਹੀਂ ਲੱਗਣਾ।''''
''''ਜਦੋਂ ਐਥੋਂ ਮੁੜ ਗਿਆ (ਪ੍ਧਾਨ ਮੰਤਰੀ ਫਿਰੋਜ਼ਪੁਰ ਵਿਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਿਨਾਂ ਮੁੜ ਗਿਆ ਸੀ) ਪੰਜਾਬ ਤੋਂ ਪੁਲ਼ ਜਿਹੇ ਉੱਤੇ ਖੜ੍ਹ ਕੇ ਮੁੜ ਗਿਆ, ਸਾਡਾ ਕੋਈ ਕਸੂਰ ਨਹੀਂ ਸੀ। ਉਦੋਂ ਵੀ ਕਹਿੰਦੇ 84 ਭੁਲਾ ਦਿਆਂਗੇ।''''
ਉਨ੍ਹਾਂ ਕਿਹਾ ਸੀ ਕਿ ਇਸ ਲਈ ਸਾਨੂੰ ਕਾਨੂੰਨੀ ਲੜਾਈ ਦੇ ਨਾਲ ਨਾਲ ਜ਼ਮੀਨ ਉੱਤੇ ਆਕੇ ਲੜਨਾ ਪਵੇਗਾ ਅਤੇ ਦੂਜੇ ਸੂਬਿਆਂ ਦੇ ਸਹਿਯੋਗ ਨਾਲ ਇਕੱਠੇ ਹੋਕੇ ਲਾਮਬੰਦੀ ਕਰਨੀ ਪਵੇਗੀ। ਪਰ ਲਾਮਬੰਦੀ ਤੋਂ ਵੀ ਅਹਿਮ ਹੈ ਕਿ ਇਸ ਸੰਘਰਸ਼ ਨੂੰ ਸੇਧ ਕੀ ਦੇਣੀ ਚਾਹੀਦੀ ਹੈ।
ਦੀਪ ਸਿੱਧੂ ਦਾ ਮੰਨਣਾ ਸੀ ਕਿ ਸਾਡੀ ਲੀਡਰਸ਼ਿਪ ਲੋਕ ਉਭਾਰ ਦੇ ਬਾਵਜੂਦ ਇਸ ਲਈ ਫੇਲ੍ਹ ਹੁੰਦੀ ਰਹੀ ਹੈ, ਕਿਉਂ ਕਿ ਉਹ ਫਲਸਲੇ ਉੱਤੇ ਅਧਾਰਿਤ ਸੇਧ ਨਹੀਂ ਦੇ ਸਕੇ। ਉਨ੍ਹਾਂ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਨਾਲ ਸੰਘਰਸ਼ ਨੂੰ ਸੇਧ ਦਿੱਤੀ ਜਾ ਸਕਦੀ ਹੈ।
ਖੱਬੇਪੱਖੀਆਂ ਬਾਰੇ ਸਖ਼ਤ ਬਿਆਨਬਾਜ਼ੀ
ਦੀਪ ਸਿੱਧੂ ਆਮ ਕਰਕੇ ਖੱਬੇਪੱਖੀਆਂ ਨੂੰ ਕਾਮਰੇਡ ਲਾਣਾ ਕਹਿ ਕੇ ਭੰਡਦੇ ਸਨ ਕਿ ਪੰਜਾਬ ਵਿੱਚ ਪੰਥਕ ਜਜ਼ਬਾ ਹੀ ਚੱਲੇਗਾ ਕਾਮਰੇਡੀ ਨਹੀਂ ਚੱਲਣੀ।
ਉਹ 1980 ਵਿਆਂ ਦੌਰਾਨ ਖਾਲਿਸਤਾਨੀ ਲਹਿਰ ਦੌਰਾਨ ਖਾੜਕੂ ਜਥੇਬੰਦੀਆਂ ਅਤੇ ਖੱਬੇਪੱਖੀ ਕਾਰਕੁਨਾਂ ਦੇ ਵਿਚਾਰਕ ਵਖਰੇਵਿਆਂ ਕਾਰਨ ਦੋਵਾਂ ਧਿਰਾਂ ਵਿਚਾਲੇ ਪਏ ਪਾੜੇ ਨੂੰ ਉਹ ਆਪਣੀ ਗੱਲਬਾਤ ਦਾ ਅਧਾਰ ਬਣਾਉਣਦੇ ਸਨ।
ਉਨ੍ਹਾਂ ਨੂੰ ਕਿਸਾਨੀ ਅੰਦੋਨਲ ਦੌਰਾਨ ਵੀ ਕਿਸਾਨੀ ਲੀਡਰਸ਼ਿਪ ਵਿੱਚੋਂ ਬਹੁਤਿਆਂ ਦੇ ਖੱਬੇਪੱਖੀ ਹੋਣ ਕਾਰਨ ਵਿਚਾਰਧਾਰਕ ਮਤਭੇਦ ਹੋਣ ਦਾ ਕਾਰਨ ਲੱਗਦਾ ਸੀ।
ਕਾਮਰੇਡ ਕਾਰਕੁਨ ਦੀ ਸੰਕੇਤਕ ਤਸਵੀਰ
ਮੀਡੀਆ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ ਸੀ, ਮੈਂ ਇੱਕ ਗੱਲ ਤੁਹਾਨੂੰ ਦੱਸਦਾਂ ਪੰਜਾਬ ਵਿੱਚ ਕਾਮਰੇਡੀ ਨਹੀਂ ਚੱਲਣੀ, ਇੱਥੇ ਤਾਂ ਪੰਥਕ ਜਜ਼ਬਾ ਤੇ ਪੰਥਕ ਸਪਿਰਟ ਹੀ ਚੱਲੂਗੀ ਤੇ ਇਹ ਕਾਮਰੇਡਾਂ ਨੂੰ ਵਾਹਣੇ ਪਾਵਾਂਗੇ ਹੁਣ ਅਸੀਂ। ਸਮਾਂ ਆਉਣ ਦਿਓ ਥੋੜਾ ਜਿਹਾ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਖੱਬੀਆਂ ਧਿਰਾਂ ਵਾਲੇ ਤਾਂ 2022 ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ, ਤਾਂ ਉਨ੍ਹਾਂ ਕਿਹਾ ਸੀ ਕਿ ਮੈਂ ਕਹਿੰਦਾ ਹਾਂ ਕਿ ਭਾਵੇਂ 10 ਸਰਕਾਰਾਂ ਬਣਾ ਲੈਣ। ਸਰਕਾਰਾਂ ਨੂੰ ਅੱਗੇ ਲਾਉਣਾ ਕਿਹੜਾ ਸਾਨੂੰ ਨਹੀਂ ਆਉਂਦਾ। ਸਰਕਾਰ- ਸਰਕੂਰ ਬਣਾਉਣਾ ਕੋਈ ਅਹਿਮੀਅਤ ਨਹੀਂ ਰੱਖਦੀ ਗੱਲ।
ਇਹ ਕਾਮਰੇਡਾਂ ਨੇ ਸਾਡੇ ਨਾਲ ਬੜਾ ਧੋਖਾ ਕਰ ਲਿਆ। ਇਨ੍ਹਾਂ ਨੇ 1984 ਤੋਂ ਸਰਕਾਰ ਤੋਂ ਹਥਿਆਰ ਲੈ ਲੈ ਸਾਡੇ ਵਿਰੁੱਧ ਲੜੇ ਹੈ।
ਉਹ ਸਵਾਲ ਕਰਦੇ ਹੋਏ ਪੁੱਛਦੇ ਹਨ, ਤੁਸੀਂ ਆਪਣੇ ਆਪ ਨੂੰ ਇਨਕਲਾਬੀ ਮੰਨਦੇ ਹੋ, ਕੀ ਇਨਕਲਾਬੀ ਸਰਕਾਰ ਤੋਂ ਹਥਿਆਰ ਲੈਂਦੇ ਹੁੰਦੇ ਹਨ, ਤੁਸੀਂ ਲਾ ਲਓ ਜਿੰਨਾ ਜ਼ੋਰ ਲੱਗਦਾ ਹੈ, ਪੰਥਕ ਜਜ਼ਬੇ ਦੀਆਂ ਜੜ੍ਹਾਂ ਪੁੱਟਣ ਦਾ ਇਹ ਤਾਂ ਇੰਝ ਹੀ ਰਹਿਣੀਆਂ ਹਬਨ।
ਦੀਪ ਸਿੱਧੂ ਦਾ ਪਰਿਵਾਰਕ ਪਿਛੋਕੜ
ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਹੈ।
ਦੀਪ ਦੇ ਬਠਿੰਡਾ ਰਹਿੰਦੇ ਸਕੇ ਚਾਚਾ ਬਿਧੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਛੇ ਭਰਾ ਸਨ ਅਤੇ ਦੀਪ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਪੇਸ਼ੇ ਤੋਂ ਵਕੀਲ ਸਨ। ਉਨ੍ਹਾਂ ਦੱਸਿਆ ਸੀ ਕਿ ਸੁਰਜੀਤ ਸਿੰਘ ਦੇ ਤਿੰਨ ਪੁੱਤਰ ਹਨ, ਜਿੰਨ੍ਹਾਂ ਵਿੱਚੋਂ ਨਵਦੀਪ ਸਿੰਘ ਕੈਨੇਡਾ ਵਿੱਚ ਹੈ, ਮਨਦੀਪ ਵਕਾਲਤ ਕਰਦਾ ਹੈ ਅਤੇ ਦੀਪ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਹਨ।
ਦੀਪ ਦੇ ਚਾਚਾ ਬਿਧੀ ਸਿੰਘ ਮੁਤਾਬਕ ਪਰਿਵਾਰ ਖੇਤੀਬਾੜੀ ਨਾਲ ਸਬੰਧਿਤ ਹੈ ਪਰ ਦੀਪ ਦੇ ਪਿਤਾ ਵਕੀਲ ਹੋਣ ਕਰ ਕੇ ਲੁਧਿਆਣਾ ਵਿੱਚ ਆਪਣੀ ਵਕਾਲਤ ਕਰਦੇ ਸਨ।
ਦੀਪ ਬਾਰੇ ਗੱਲ ਕਰਦਿਆਂ ਬਿਧੀ ਸਿੰਘ ਨੇ ਕਿਹਾ ਸੀ, ''''ਉਹ ਮਹਾਸ਼ਟਰ ਦੇ ਪੂਣੇ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਮੁੰਬਈ ਵਿੱਚ ਸੈੱਟ ਹੋ ਗਿਆ ਤੇ ਉੱਥੇ ਹੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ।''''
ਉਨ੍ਹਾਂ ਦੱਸਿਆ ਸੀ ਕਿ ਪਹਿਲਾਂ ਦੀਪ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਹੌਲੀ-ਹੌਲੀ ਉਸ ਦੀ ਦਿਓਲ ਪਰਿਵਾਰ ਨਾਲ ਨੇੜਤਾ ਹੋ ਗਈ ਅਤੇ ਇੱਥੋਂ ਹੀ ਉਸ ਦੀ ਫ਼ਿਲਮੀ ਦੁਨੀਆ ਵਿੱਚ ਐਂਟਰੀ ਹੋ ਗਈ। ਉਨ੍ਹਾਂ ਦੱਸਿਆ ਸੀ ਕਿ ਦੀਪ ਦਾ ਵਿਆਹ ਹੋਇਆ ਹੈ ਅਤੇ ਉਸ ਦੇ ਇੱਕ ਬੇਟੀ ਵੀ ਹੈ।
ਬਿਧੀ ਸਿੰਘ ਮੁਤਾਬਕ ਦਿਓਲ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਜਦੋਂ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੇ ਸੀ ਤਾਂ ਦੀਪ ਸਿੱਧੂ ਨੇ ਪੂਰੀ ਮਦਦ ਕੀਤੀ ਸੀ। ਬਿਧੀ ਸਿੰਘ ਮੁਤਾਬਕ ਦੀਪ ਮੁੰਬਈ ਵਿੱਚ ਚੰਗੀ ਤਰਾਂ ਸੈੱਟ ਹੋ ਗਿਆ ਸੀ।
ਬਿਧੀ ਸਿੰਘ ਮੁਤਾਬਕ ਜਿਹੜੀ ਲਾਲ ਕਿਲੇ ਉੱਤੇ ਘਟਨਾ ਹੋਈ, ਉਸ ਬਾਰੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਜਾਣਕਾਰੀ ਮਿਲੀ ।
ਦੀਪ ਸਿੱਧੂ ਦਾ ਫਿਲਮੀ ਸਫ਼ਰ
ਸਾਲ 2017 ਵਿੱਚ ਗੀਤਕਾਰ ਤੋਂ ਫਿਲਮਕਾਰ ਬਣੇ ਅਮਰਦੀਪ ਸਿੰਘ ਗਿੱਲ ਦੀ ਫਿਲਮ ''ਜੋਰਾ 10 ਨੰਬਰੀਆ'' ਵਿੱਚ ਜੋਰਾ ਦੇ ਕਿਰਦਾਰ ਨੇ ਪੰਜਾਬੀਆਂ ਦੀ ਪਛਾਣ ਦੀਪ ਸਿੱਧੂ ਦੀ ਨਾਲ ਕਰਵਾਈ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਐਂਟਰੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੋਈ ਸੀ।
ਦੀਪ ਨੇ ਮੁੰਬਈ ਵਿੱਚ ਹੀ ਕਈ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਹਿੱਸਾ ਲਿਆ ਸੀ ਅਤੇ ਆਖਿਰਕਾਰ ਮਾਡਲ ਤੋਂ ਅਦਾਕਾਰੀ ਵੱਲ ਪੈਰ ਰੱਖਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ।
ਦਿਓਲ ਪਰਿਵਾਰ ਦੇ ਹੀ ਘਰੇਲੂ ਬੈਨਰ ਵਿਜੇਤਾ ਫਿਲਮਜ਼ ਹੇਠ ਦੀਪ ਨੇ ਬਤੌਰ ਹੀਰੋ ਆਪਣੀ ਪਹਿਲੀ ਪੰਜਾਬੀ ਫਿਲਮ ''ਰਮਤਾ ਜੋਗੀ'' ਸਾਲ 2015 ਵਿੱਚ ਕੀਤੀ ਸੀ।
ਫਿਲਮ ਦੇ ਨਿਰਦੇਸ਼ਕ ਗੁੱਡੂ ਧਨੋਆ ਸਨ, ਜੋ ਸੰਨੀ ਦਿਓਲ ਦੀਆਂ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਹਾਲਾਂਕਿ ਫਿਲਮ ਨੇ ਦੀਪ ਨੂੰ ਚਰਚਾ ਵਿੱਚ ਨਹੀਂ ਲਿਆਂਦਾ ਸੀ।
ਸਾਲ 2017 ਵਿੱਚ ''ਜੋਰਾ 10 ਨੰਬਰੀਆ'' ਤੋਂ ਬਾਅਦ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ ''ਰੰਗ ਪੰਜਾਬ'' ਆਈ ਸੀ। ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਸੀ।
ਇਸ ਤੋਂ ਬਾਅਦ 2019 ਵਿੱਚ ''ਸਾਡੇ ਆਲੇ'' ਫਿਲਮ ਵਿੱਚ ਸੀਨੀਅਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨਾਲ ਨਜ਼ਰ ਆਏ ਸਨ।
ਸਾਲ 2020 ਵਿੱਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨ ਵਿੱਚ ''ਜੋਰਾ'' ਦਾ ਦੂਜਾ ਹਿੱਸਾ ''ਜੋਰਾ, ਸੈਕੇਂਡ ਚੈਪਟਰ'' ਰੀਲੀਜ਼ ਹੋਇਆ ਸੀ, ਇਸ ਵਿੱਚ ਵੀ ਦੀਪ ਸਿੱਧੂ ਨਾਲ ਪਹਿਲਾਂ ਵਾਂਗ ਹੀ ਧਰਮਿੰਦਰ ਤਾਂ ਸਨ ਹੀ ਉਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ ਵੀ ਸਨ।
ਹੁਣ ਤੱਕ ਜੋਰਾ ਟਾਈਟਲ ਹੇਠ ਆਈਆਂ ਦੋਹਾਂ ਫਿਲਮਾਂ ਦੀਪ ਸਿੱਧੂ ਇੱਕ ਗੈਂਗਸਟਰ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪ੍ਰੇਮਿਕਾ ਨੂੰ ਮਾਰਕੇ ਫਰੀਜ਼ਰ ਵਿੱਚ ਲਾ ਦਿੱਤਾ ਤੇ ਅਗਲੇ ਦਿਨ ਵਿਆਹ ਹੋਰ ਕੁੜੀ ਨਾਲ ਕਰਵਾ ਲਿਆ
NEXT STORY