ਲੁਧਿਆਣਾ ਵਿੱਚ ਜੰਮੇ ਅਤੇ ਟੀਮ ਇੰਡੀਆ ਦੀ ਸਿਲੈਕਸ਼ਨ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਨੇ 17 ਫ਼ਰਵਰੀ ਸ਼ੁੱਕਰਵਾਰ ਦੀ ਸਵੇਰ ਆਪਣਾ ਅਸਤੀਫ਼ਾ ਦੇ ਦਿੱਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈਅ ਸ਼ਾਹ ਨੇ ਚੇਤਨ ਸ਼ਰਮਾ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ।
ਦਰਅਸਲ ਕੁਝ ਦਿਨ ਪਹਿਲਾਂ ਹੀ ਇੱਕ ਨਿਊਜ਼ ਚੈਨਲ ਨੇ ਦਾਅਵਾ ਕੀਤਾ ਸੀ ਉਨ੍ਹਾਂ ਦੇ ਸਟਿੰਗ ਆਪਰੇਸ਼ਨ ਵਿੱਚ ਮੁੱਖ ਸਿਲੈਕਟਰ ਚੇਤਨ ਸ਼ਰਮਾ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਹਨ ਜਿਸ ਨਾਲ ਬੀਸੀਸੀਆਈ ਅਤੇ ਭਾਰਤੀ ਖਿਡਾਰੀਆਂ ਦਾ ਅਕਸ ਅੰਤਰਰਾਸ਼ਟਰੀ ਪੱਧਰ ਉੱਤੇ ਖ਼ਰਾਬ ਹੋਇਆ ਹੈ।
ਇਸ ਕਥਿਤ ਸਟਿੰਗ ਆਪਰੇਸ਼ਨ ਦੌਰਾਨ ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ ਅਤੇ ਸੌਰਵ ਗਾਂਗੁਲੀ ਦੇ ਰਿਸ਼ਤਿਆਂ ਤੋਂ ਇਲਾਵਾ ਕਈ ਹੋਰ ਮੁੱਦਿਆਂ ਉੱਤੇ ਬੋਲਦੇ ਦੇਖਿਆ ਗਿਆ।
ਵਨਡੇਅ ਅਤੇ ਟੀ-20 ਦੀ ਕਪਤਾਨੀ ਨੂੰ ਲੈ ਕੇ ਵਿਰਾਟ ਕੋਹਲੀ ਅਤੇ ਗਾਂਗੁਲੀ ਵਿਚਾਲੇ ਤਕਰਾਰ ਦੀਆਂ ਖ਼ਬਰਾਂ ਪਹਿਲਾਂ ਵੀ ਆ ਚੁੱਕੀਆਂ ਹਨ।
ਵਿਰਾਟ ਕੋਹਲੀ ਨੇ ਤਾਂ ਪ੍ਰੈੱਸ ਕਾਨਫਰੰਸ ਵਿੱਚ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ।
ਬਾਅਦ ਵਿੱਚ ਵਿਰਾਟ ਕੋਹਲੀ ਨੇ ਕ੍ਰਿਕਟ ਦੇ ਤਿੰਨੇ ਫਾਰਮੇਟ ਵਿੱਚ ਕਪਤਾਨੀ ਵੀ ਛੱਡ ਦਿੱਤੀ ਸੀ। ਇਸ ਸਟਿੰਗ ਆਪਰੇਸ਼ਨ ਵਿੱਚ ਚੇਤਨ ਸ਼ਰਮਾ ਖਿਡਾਰੀਆਂ ਦੇ ਇੰਜੈਕਸ਼ਨ ਲੈਣ ਉੱਤੇ ਵੀ ਟਿੱਪਣੀ ਕਰਦੇ ਦਿਖੇ ਸਨ।
ਚੇਤਨ ਸ਼ਰਮਾ ਭਾਰਤ ਦੇ ਜਾਣੇ-ਪਛਾਣੇ ਕ੍ਰਿਕਟਰ ਰਹੇ ਹਨ। ਉਨ੍ਹਾਂ ਨੂੰ ਅੱਜ ਵੀ ਜਾਵੇਦ ਮਿਆਂਦਾਦ ਵੱਲੋਂ ਉਨ੍ਹਾਂ ਦੀ ਗੇਂਦ ''ਤੇ ਲਗਾਏ ਗਏ ਛੱਕੇ ਕਾਰਨ ਵੀ ਯਾਦ ਕੀਤਾ ਜਾਂਦਾ ਹੈ।
ਸਾਲ 1986 ਵਿੱਚ ਆਸਟ੍ਰੇਲੇਸ਼ਿਆ ਕੱਪ ਦਾ ਉਹ ਫਾਈਨਲ ਮੁਕਾਬਲਾ ਸੀ ਅਤੇ ਮੈਚ ਦੀ ਆਖਰੀ ਗੇਂਦ ਉੱਤੇ ਪਾਕਿਸਤਾਨ ਦੇ ਜਾਵੇਦ ਮਿਆਂਦਾਦ ਨੇ ਛੱਕਾ ਲਗਾ ਕੇ ਪਾਕਿਸਤਾਨ ਨੂੰ ਜਿੱਤ ਦਵਾਈ ਸੀ।
ਚੇਤਨ ਸ਼ਰਮਾ ਦੀ ਉਹ ਆਖ਼ਰੀ ਫੁੱਲਟਾਸ ਗੇਂਦ ''ਤੇ ਉਹ ਛੱਕਾ ਅੱਜ ਵੀ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਦਰਦ ਦਿੰਦਾ ਹੈ।
ਹੁਣ ਅਜਿਹਾ ਲਗਦਾ ਹੈ ਕਿ ਚੇਤਨ ਸ਼ਰਮਾ ਨੇ ਟੀਵੀ ਚੈਨਲ ਦੇ ਸਟਿੰਗ ਆਪਰੇਸ਼ਨ ਵਿੱਚ ਵਿਵਾਦ ਭਰੀਆਂ ਗੱਲਾਂ ਕਹਿ ਕੇ ਕ੍ਰਿਕਟ ਤੋਂ ਬਾਅਦ ਵਾਲੇ ਆਪਣੇ ਜੀਵਨ ਦੀ ਦੂਜੀ ਅਜਿਹੀ ਫੁੱਲਟਾਸ ਗੇਂਦ ਸੁੱਟੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਬੀਸੀਸੀਆਈ ਤੋਂ ਜਾਣਾ ਤੈਅ ਸੀ।
ਉਨ੍ਹਾਂ ਦੀਆਂ ਗੱਲਾਂ ਵਿੱਚ ਵਿਰਾਟ ਕੋਹਲੀ-ਸੌਰਵ ਗਾਂਗੁਲੀ ਵਿਵਾਦ, ਰੋਹਿਤ ਸ਼ਰਮਾ-ਹਾਰਦਿਕ ਪਾਂਡਿਆ ਦੀ ਕਪਤਾਨੀ ਤੋਂ ਇਲਾਵਾ ਖਿਡਾਰੀਆਂ ਦੇ ਇੰਜੈਕਸ਼ਨ ਲੈਣ ਵਰਗੀਆਂ ਗੱਲਾਂ ਸ਼ਾਮਲ ਸਨ।
ਕਦੇ ਜਿਸ ਨਿਊਜ਼ ਚੈਨਲ ਉੱਤੇ ਉਹ ਕ੍ਰਿਕਟ ਨਾਲ ਜੁੜੇ ਪ੍ਰੇਗਰਾਮ ਕਰਦੇ ਸਨ, ਉਸੇ ਚੈਨਲ ਦੇ ਕਥਿਤ ਸਟਿੰਗ ਆਪਰੇਸ਼ਨ ਨੇ ਉਨ੍ਹਾਂ ਨੂੰ ਬੀਸੀਸੀਆਈ ਦੀ ਸਿਲੈਕਸ਼ਨ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ।
ਚੇਤਨ ਸ਼ਰਮਾ ਨੇ ਸਟਿੰਗ ਆਪਰੇਸ਼ਨ ''ਚ ਕੀ ਕਿਹਾ ਸੀ
ਇਹ ਮਾਮਲਾ ਉਦੋਂ ਭਖਿਆ, ਜਦੋਂ ਇੱਕ ਨਿਊਜ਼ ਚੈਨਲ ਦੇ ਸਟਿੰਗ ਆਪਰੇਸ਼ਨ ਵਿੱਚ ਕੈਮਰੇ ਉੱਤੇ ਚੇਤਨ ਸ਼ਰਮਾ ਪੂਰੀ ਤਰ੍ਹਾਂ ਬੇਫ਼ਿਕਰ ਹੋ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਹੈਰਾਨ ਕਰਨ ਵਾਲੀਆਂ ਗੱਲਾਂ ਕਰਦੇ ਰਹੇ।
ਕੋਹਲੀ-ਗਾਂਗੁਲੀ ਵਿਵਾਦ ਉੱਤੇ ਉਹ ਕਹਿੰਦੇ ਦਿਖੇ ਕਿ ਵਿਰਾਟ ਕੋਹਲੀ ਨੂੰ ਲੱਗਿਆ ਕਿ ਤਤਕਾਲੀ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਪਣੀ ਕਪਤਾਨੀ ਗੁਆਉਣੀ ਪਈ। ਸਿਲੈਕਸ਼ਨ ਕਮੇਟੀ ਦੀ ਵੀਡੀਓ ਕਾਨਫਰੰਸ ਵਿੱਚ ਨੌਂ ਲੋਕ ਸਨ।
ਉਹ ਅੱਗੇ ਕਹਿੰਦੇ ਦਿਖਦੇ ਹਨ ਕਿ ਸੌਰਵ ਗਾਂਗੁਲੀ ਨੇ ਉਦੋਂ ਹੀ ਵਿਰਾਟ ਕੋਹਲੀ ਨੂੰ ਕਿਹਾ ਸੀ ਕਿ ਕਪਤਾਨੀ ਛੱਡਣ ਬਾਰੇ ਇੱਕ ਵਾਰ ਸੋਚ ਲਓ। ਮੈਨੂੰ ਲੱਗਿਆ ਕਿ ਇਸ ਨੂੰ ਵਿਰਾਟ ਕੋਹਲੀ ਨੇ ਸ਼ਾਇਦ ਨਹੀਂ ਸੁਣਿਆ।
ਚੇਤਨ ਸ਼ਰਮਾ ਅੱਗੇ ਕਹਿੰਦੇ ਹੋਏ ਦਿਖੇ ਕਿ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਦੱਖਣ ਅਫ਼ਰੀਕਾ ਦੇ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਬੇਵਜ੍ਹਾ ਮੁੱਦਾ ਚੁੱਕ ਦਿੱਤਾ। ਕੋਹਲੀ ਨੇ ਕਿਹਾ ਸੀ ਮੈਨੂੰ ਡੇਢ ਘੰਟੇ ਪਹਿਲਾਂ ਦੱਸਿਆ ਗਿਆ ਕਿ ਮੈਨੂੰ ਕਪਤਾਨੀ ਛੱਡਣੀ ਹੋਵੇਗੀ।
ਹਾਰਦਿਕ ਪਾਂਡਿਆ ਅਤੇ ਰੋਹਿਤ ਸ਼ਰਮਾ ਨੂੰ ਲੈ ਕੇ ਚੇਤਨ ਸ਼ਰਮਾ ਇਹ ਕਹਿੰਦੇ ਹੋਏ ਦਿਖੇ ਕਿ ਪਾਂਡਿਆ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ। ਰੋਹਿਤ ਸ਼ਰਮਾ ਉਨ੍ਹਾਂ ਨਾਲ ਅੱਧਾ-ਅੱਧਾ ਘੰਟਾ ਗੱਲ ਕਰਦੇ ਹਨ।
ਚੇਤਨ ਸ਼ਰਮਾ ਨੇ ਸਟਿੰਗ ਆਪਰੇਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਕਿ ਵੱਡੇ ਖਿਡਾਰੀਆਂ ਨੂੰ ਬ੍ਰੇਕ ਦੇ ਨਾਮ ਉੱਤੇ ਬਾਹਰ ਬਿਠਾਇਆ ਜਾਂਦਾ ਹੈ। ਜਿਵੇਂ ਹੀ ਕਿਸੇ ਨਵੇਂ ਖਿਡਾਰੀ ਨੂੰ ਮੌਕਾ ਦੇਣਾ ਹੁੰਦਾ ਹੈ ਤਾਂ ਵੱਡੇ ਖਿਡਾਰੀ ਨੂੰ ਆਰਾਮ ਦੇ ਦਿੱਤਾ ਜਾਂਦਾ ਹੈ।
ਇਸ ਤੋਂ ਬਾਅਦ ਮਚੇ ਹੜਕੰਪ ਤੋਂ ਬਾਅਦ ਬੀਸੀਸੀਆਈ ਮਾਮਲੇ ਨੂੰ ਦੇਖ ਰਹੀ ਸੀ ਅਤੇ ਆਖ਼ਿਰਕਾਰ ਚੇਤਨ ਸ਼ਰਮਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
ਚੇਤਨ ਸ਼ਰਮਾ ਦਾ ਕ੍ਰਿਕਟ ਕਰੀਅਰ
ਈਐੱਸਪੀਐਨ ਵੈੱਬਸਾਈਟ ਮੁਤਾਬਕ ਚੇਤਨ ਸ਼ਰਮਾ ਨੇ ਆਪਣਾ ਕਰੀਅਰ 17 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ।
ਛੋਟੇ ਕੱਦ ਦੇ ਚੇਤਨ ਸ਼ਰਮਾ ਪੂਰੇ ਜੋਸ਼ ਦੇ ਨਾਲ ਤੇਜ਼ ਗੇਂਦਰਬਾਜ਼ੀ ਕਰਨ ਲਈ ਜਾਣੇ ਜਾਂਦੇ ਰਹੇ ਹਨ
57 ਸਾਲ ਦੇ ਚੇਤਨ ਸ਼ਰਮਾ ਭਾਰਤ ਦੇ ਮੀਡੀਅਮ ਤੇਜ਼ ਗੇਂਦਬਾਜ਼ ਰਹੇ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪੈਦਾ ਹੋਏ ਚੇਤਨ ਸ਼ਰਮਾ ਨੇ 23 ਟੈਸਟ ਮੈਚਾਂ ਵਿੱਚ 396 ਦੌੜਾਂ ਬਣਾਉਣ ਤੋਂ ਇਲਾਵਾ 61 ਵਿਕਟਾਂ ਵੀ ਲਈਆਂ ਹਨ।
ਉਹ ਭਾਰਤ ਲਈ 65 ਵਨ ਡੇਅ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਖੇਡੇ। ਇਨ੍ਹਾਂ ਵਿੱਚ ਉਨ੍ਹਾਂ ਨੇ 456 ਦੌੜਾਂ ਬਣਾਉਣ ਤੋਂ ਇਲਾਵਾ 67 ਵਿਕਟਾਂ ਵੀ ਹਾਸਲ ਕੀਤੀਆਂ।
ਸਾਬਕਾ ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ ਉਨ੍ਹਾਂ ਦੇ ਮਾਮਾ ਸਨ। ਯਸ਼ਪਾਲ ਸ਼ਰਮਾ ਵੀ ਸਿਲੈਕਸ਼ਨ ਕਮੇਟੀ ਦੇ ਮੈਂਬਰ ਰਹਿਣ ਤੋਂ ਇਲਾਵਾ ਉਸ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਸਨ ਜਿਸ ਨੇ ਕਪਿਲ ਦੇਵ ਦੀ ਕਪਤਾਨੀ ਵਿੱਚ ਸਾਲ 1983 ਵਿੱਚ ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਨੂੰ ਜਿੱਤਿਆ ਸੀ।
ਛੋਟੇ ਕੱਦ ਦੇ ਚੇਤਨ ਸ਼ਰਮਾ ਪੂਰੇ ਜੋਸ਼ ਦੇ ਨਾਲ ਤੇਜ਼ ਗੇਂਦਰਬਾਜ਼ੀ ਕਰਨ ਲਈ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਨੇ ਸਾਲ 1986 ਦੇ ਇੰਗਲੈਂਡ ਦੌਰੇ ਵਿੱਚ ਦੋ ਟੈਸਟ ਮੈਚਾਂ ਵਿੱਚ 16 ਵਿਕਟਾਂ ਲੈ ਕੇ ਜਿਵੇਂ ਤਹਿਲਕਾ ਹੀ ਮਚਾ ਦਿੱਤਾ ਸੀ।
ਚੇਤਨ ਸ਼ਰਮਾ ਦੇ ਕ੍ਰਿਕਟ ਕਰੀਅਰ ਦੀ ਸਭ ਤੋਂ ਵੱਡੀ ਕਾਮਯਾਬੀ ਉਦੋਂ ਆਈ, ਜਦੋਂ ਉਨ੍ਹਾਂ ਨੇ ਸਾਲ 1987 ਵਿੱਚ ਵਿੱਚ ਹੋਏ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਨਾਗਪੁਰ ''ਚ ਖੇਡੇ ਗਏ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਹੈਟ੍ਰਿਕ ਲਈ।
ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਚੇਤਨ ਸ਼ਰਮਾ ਨੇ ਟੀਵੀ ਉੱਤੇ ਕਮੈਂਟਰੀ ਵੀ ਸ਼ੁਰੂ ਕੀਤੀ
ਚੇਤਨ ਸ਼ਰਮਾ ਨੇ ਵਨ ਡੇਅ ਇੰਟਰਨੈਸ਼ਨਲ ਕ੍ਰਿਕਟ ਵਿੱਚ ਇੱਕ ਸੈਂਚੂਰੀ ਵੀ ਮਾਰੀ। ਉਨ੍ਹਾਂ ਨੇ ਸਾਲ 1989 ਵਿੱਚ ਐੱਮਆਰ ਐਫ਼ ਵਰਲਡ ਸੀਰੀਜ਼ ਦੇ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਇਹ ਕਾਰਨਾਮਾ ਕੀਤਾ। ਉਸ ਮੈਚ ਵਿੱਚ ਉਹ ਨੰਬਰ ਚਾਰ ਉੱਤੇ ਬੱਲੇਬਾਜ਼ੀ ਕਰਨ ਉੱਤਰੇ ਸਨ।
ਉਨ੍ਹਾਂ ਦੀ ਸੈਂਚੂਰੀ ਦੀ ਬਦੌਲਤ ਭਾਰਤ ਛੇ ਵਿਕਟਾਂ ਤੋਂ ਜਿੱਤਿਆ। ਉਹ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦੇ ਜੋੜੀਦਾਰ ਗੇਂਦਬਾਜ਼ ਦੇ ਤੌਰ ਉੱਤੇ ਵੀ ਜਾਣੇ ਜਾਂਦੇ ਰਹੇ ਹਨ। ਚੇਤਨ ਸ਼ਰਮਾ ਦਾ ਕ੍ਰਿਕਟ ਕਰੀਅਰ 1996-97 ਵਿੱਚ ਸਮਾਪਤ ਹੋਇਆ। ਉਨ੍ਹਾਂ ਨੇ ਪਹਿਲੀ ਕੈਟੇਗਰੀ ਕ੍ਰਿਕਟ ਵਿੱਚ 121 ਮੈਚਾਂ ਵਿੱਚ 433 ਵਿਕਟਾਂ ਲੈਣ ਤੋਂ ਇਲਾਵਾ 3714 ਦੌੜਾਂ ਵੀ ਬਣਾਈਆਂ।
ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਚੇਤਨ ਸ਼ਰਮਾ ਨੇ ਟੀਵੀ ਉੱਤੇ ਕਮੈਂਟਰੀ ਵੀ ਸ਼ੁਰੂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2009 ਵਿੱਚ ਬਹੁਜਨ ਸਮਾਜਵਾਦੀ ਪਾਰਟੀ ਦੀ ਟਿਕਟ ਉੱਤੇ ਫ਼ਰੀਦਾਬਾਦ ਦੀ ਸੀਟ ਤੋਂ ਲੋਕਸਭਾ ਦੀ ਚੋਣ ਵੀ ਲੜੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮਹਿਲਾ ਟੀ20 ਵਰਲਡ ਕੱਪ: ਭਾਰਤ ਦਾ ਤੀਜਾ ਤੇ ਅਹਿਮ ਮੁਕਾਬਲਾ ਇੰਗਲੈਂਡ ਨਾਲ, ਹਰਮਨਪ੍ਰੀਤ ਕੌਰ ਲਈ ਇਹ ਮੈਚ ਇਸ...
NEXT STORY