ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਨਾਲ ਲਿਆ ਕੇ ਅਜਨਾਲਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ
ਅਮ੍ਰਿਤਪਾਲ ਸਿੰਘ ਦੀ ਅਜਨਾਲਾ ਥਾਣੇ ਦੀ ਕਾਰਵਾਈ ਤੋਂ ਬਾਅਦ ਪੰਜਾਬ ਅਤੇ ਭਾਰਤ ਦੀ ਕੌਮੀ ਸਿਆਸਤ ਵਿੱਚ ਕਈ ਤਰ੍ਹਾਂ ਦੀਆਂ ਸਿਆਸੀ ਕਰਟਵਾਂ ਦੀ ਆਹਟ ਮਿਲ ਰਹੀ ਹੈ।
23 ਫਰਵਰੀ ਦੀ ਇਸ ਘਟਨਾਂ ਤੋਂ ਬਾਅਦ ਜਿੱਥੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਸੁਰੱਖਿਆ ਏਜੰਸੀਆਂ ਚੌਕਸ ਹਨ ਅਤੇ ਕਾਰਵਾਈ ਲਈ ਜਾਂਚ ਕਰ ਰਹੀਆਂ ਹਨ।
ਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਸਰਕਾਰ ਦੇ ਕਿਸੇ ਵੀ ਅਹੁਦੇਦਾਰ ਵਲੋਂ ਇਸ ਘਟਨਾ ਤੋਂ ਬਾਅਦ ਕੋਈ ਵੀ ਕਾਰਵਾਈ ਹੋਣ ਦੇ ਸੰਕੇਤ ਨਹੀਂ ਮਿਲੇ ਹਨ।
ਅਜਿਹੇ ਦੌਰਾਨ ਕਾਂਗਰਸ ਸਵਾਲ ਕਰ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਅਮ੍ਰਿਤਪਾਲ ਖ਼ਿਲਾਫ਼ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ। ਕਾਰਵਾਈ ਨਾ ਕਰਨ ਦੀ ਸੂਰਤ ਵਿੱਚ ਕਾਂਗਰਸ ਨੇ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਦੂਜੇ ਪਾਸੇ ਅਕਾਲੀ ਦਲ ਨੇ ਵੀ ਖੁੱਲ੍ਹ ਕੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਗੋਡੇ ਟੇਕਣ ਵਾਲੀ ਕਰਾਰ ਦਿੱਤਾ ਅਤੇ ਅਮਨ ਕਾਨੂੰਨ ਦੀ ਕਾਰਵਾਈ ਉੱਤੇ ਸਵਾਲ਼ ਖੜ੍ਹੇ ਕਰ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਤਾਂ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੱਕ ਦੀ ਮੰਗ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਸਰਕਾਰ ਇਹ ਮੰਨਣ ਲ਼ਈ ਤਿਆਰ ਨਹੀ ਹੈ ਕਿ ਸੂਬੇ ਵਿੱਚ ਕਿਸੇ ਕਿਸਮ ਦੀ ਅਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਹੈ। ਮੁੱਖ ਮੰਤਰੀ ਅਜਨਾਲਾ ਦੀ ਘਟਨਾ ਨੂੰ ਮੁੱਠੀ ਭਰ ਲੋਕਾਂ ਦੀ ਕਾਰਵਾਈ ਦੱਸ ਰਹੇ ਹਨ।
ਇਸ ਰਿਪੋਰਟ ਵਿੱਚ ਅਸੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਮ੍ਰਿਤਪਾਲ ਦੇ ਮੁੱਦੇ ਉੱਤੇ ਕੀ ਸਟੈਂਡ ਲੈ ਰਹੀਆਂ ਹਨ ਅਤੇ ਸੂਬੇ ਦੀ ਸਿਆਸੀ ਫਿਜਾ ਕੀ ਦਿਸ਼ਾ ਲੈ ਸਕਦੀ ਹੈ।
ਅਜਨਾਲਾ ਵਿੱਚ ਕੀ ਹੋਇਆ ਸੀ
23 ਫ਼ਰਵਰੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਲਈ ਅਜਨਾਲਾ ਪੁਲਿਸ ਥਾਣੇ ਦਾ ਘੇਰਾਓ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੰਜਾਬ ਪੁਲਿਸ ਵਿਚਕਾਰ ਝੜਪਾਂ ਵੀ ਹੋਈਆਂ ਸਨ।
ਪੰਜਾਬ ਪੁਲਿਸ ਨੇ ਵੀਰਵਾਰ ਸ਼ਾਮ ਨੂੰ ਅਮ੍ਰਿਤਪਾਲ ਸਿੰਘ ਵਲੋਂ ਪੇਸ਼ ਕੀਤੇ ਸਬੂਤਾਂ ਦੇ ਆਧਾਰ ਉੱਤੇ ਕੁੱਟਮਾਰ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਸੀ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਘਟਨਾ ਤੋਂ ਬਾਅਦ ਮੌਕੇ ਦੀਆਂ ਵੀਡੀਓਜ਼ ਦੀ ਜਾਂਚ ਕਰਕੇ ਕਾਰਵਾਈ ਦੀ ਗੱਲ ਕੀਤੀ ਸੀ, ਪਰ 5 ਦਿਨ ਗੁਜਰਨ ਦੇ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਦੇ ਸੰਕੇਤ ਨਹੀਂ ਮਿਲੇ ਹਨ।
ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਖੜੇ ਕੀਤੇ ਅਤੇ ਨਾਲ ਹੀ ਪੰਜਾਬ ਪੁਲਿਸ ਦੇ ਅਮ੍ਰਿਤਪਾਲ ਸਾਹਮਣੇ ਗੋਡੇ ਟੇਕਣ ਦੀ ਗੱਲ ’ਤੇ ਵੀ ਸਵਾਲ ਚੁੱਕ ਰਹੇ ਹਨ।
ਅਮ੍ਰਿਤਪਾਲ ਦੀਆਂ ਗਤੀਵਿਧੀਆਂ ਤੇ ਪੰਜਾਬ ਦੇ ਹਾਲਾਤ ਬਾਰੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਕੀ ਕਿਹਾ।
ਅਜਨਾਲਾ ਵਿੱਚ ਪੁਲਿਸ ਤੇ ਅਮ੍ਰਿਤਪਾਲ ਸਿੰਘ ਦਾ ਸਮਰਥਕਾਂ ਦਰਮਿਆਨ ਹੋਈ ਝੜਪ ਦੀ ਇੱਕ ਤਸਵੀਰ
ਪੰਜਾਬ ਕਾਂਗਰਸ ਵਿਰੋਧ ਪ੍ਰਦਰਸ਼ਨ ਕਰੇਗੀ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਜਨਾਲਾ ਦੀ ਘਟਨਾ ਬਾਰੇ ਕੀਤੇ ਟਵੀਟ ਵਿੱਚ ਲਿਖਿਆ, “ਬੁਰਾਈ ਨੂੰ ਸ਼ੁਰੂਆਤ ਵਿੱਚ ਹੀ ਖ਼ਤਮ ਕਰੋ।”
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਅਮ੍ਰਿਤਪਾਲ ਵਿਰੁੱਧ ਕਾਰਵਾਈ ਬਾਰੇ ਪੁੱਛਿਆ ਹੈ।
ਉਨ੍ਹਾਂ ਲਿਖਿਆ,“ਤੁਹਾਨੂੰ ਕਿਹੜੀ ਗੱਲ ਦਾ ਡਰ ਹੈ? ਜੇ ਤੁਸੀਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਸੜਕਾਂ ’ਤੇ ਉੱਤਰਣ ਲਈ ਮਜ਼ਬੂਰ ਹੋਵੇਗੀ।”
ਉਨ੍ਹਾਂ ਕਿਹਾ,“ਅਸੀਂ ਮਿਹਨਤ ਨਾਲ ਹਾਸਲ ਕੀਤੇ ਪੰਜਾਬ ਦੇ ਅਮਨ-ਅਮਾਨ ਨੂੰ ਖ਼ਤਮ ਨਹੀਂ ਹੋਣ ਦੇਵਾਂਗੇ।”
ਅਮ੍ਰਿਤਪਾਲ ਸਿੰਘ ਖ਼ਿਲਾਫ਼ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਬਾਹਰ ਬੈਠ ਵਿਰੋਧ ਪ੍ਰਦਰਸ਼ਨ ਕਰਨਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤਾ ਗਿਆ ਟਵੀਟ
ਰਾਸ਼ਟਰਪਤੀ ਸਾਸ਼ਨ ਦੀ ਮੰਗ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਅਤੇ ਫਤਿਹਜੰਗ ਬਾਜਵਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਅਤੇ ਸੂਬੇ ਦੀ ਅਮਨ ਕਾਨੂੰਨ ਹਾਲਾਤ ਉੱਤੇ ਸਵਾਲ ਖੜ੍ਹੇ ਕੀਤੇ।
ਬਾਜਵਾ ਨੇ ਕਿਹਾ, ‘‘ਪੰਜਾਬ ਦੇ ਲੋਕ ਆਪ ਨੂੰ ਜਿਤਾ ਕੇ ਗਲ਼ਤੀ ਕਰ ਚੁੱਕੇ ਹਨ ਅਤੇ ਇਸ ਦਾ ਨੁਕਸਾਨ ਸੂਬੇ ਨੂੰ ਸਹਿਣਾ ਪੈ ਰਿਹਾ ਹੈ। ਭਗਵੰਤ ਮਾਨ ਤੋਂ ਸੂਬਾ ਨਹੀਂ ਸੰਭਲ ਰਿਹਾ, ਇਸ ਲਈ ਕੇਂਦਰ ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ।’’
ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਜਨਾਲਾ ’ਚ ਵਾਪਰੀ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਢਾਹ ਲੱਗੀ ਹੈ ਜੋ ਬੇਹੱਦ ਗੰਭੀਰ ਮਾਮਲਾ ਹੈ।
ਅਮਰਿੰਦਰ ਸਿੰਘ ਨੇ ਕਿਹਾ,“ਪੁਲਿਸ ਥਾਣੇ ਉੱਤੇ ਹਮਲਾ ਕਰਨਾ ਤੇ ਆਪਣਾ ਸਾਥੀ ਨੂੰ ਛੁਡਾਉਣ ਦੀ ਕੋਸ਼ਿਸ਼ ਵਰਗਾ ਕੰਮ ਤਾਂ ਕਦੇ 1970-80 ਦੇ ਮਾੜੇ ਦੌਰ ਦੌਰਾਨ ਵੀ ਨਹੀਂ ਹੋਇਆ ਸੀ।”
ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ‘ਭਾਰਤੀ ਨਹੀਂ ਮੰਨਦੇ’ ਅਤੇ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਤੇ ਕੈਪਟਨ ਅਮਰਿੰਦਰ ਸਿੰਘ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਕਿਹਾ, “ਅੰਮ੍ਰਿਤਪਾਲ ਆਪਣੇ ਆਪ ਨੂੰ ‘ਵਾਰਿਸ’ ਕਿਵੇਂ ਕਹਿ ਸਕਦਾ ਹੈ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਸਰੂਪ’ ਲੈ ਕੇ ਥਾਣੇ ਵਿੱਚ ਦਾਖ਼ਲ ਹੋ ਕੇ ਬੇਅਦਬੀ ਦੀ ਕਾਰਵਾਈ ਦਾ ਦੋਸ਼ੀ ਹੈ।’
ਉਨ੍ਹਾਂ ਕਿਹਾ,“ਮਾਨ ਸਰਕਾਰ ਦਾ ਕੱਟੜਪੰਥੀ ਤਾਕਤਾਂ ਮੁਹਰੇ ਗੋਡੇ ਟੇਕਣਾਂ ਵੀ ਉਨ੍ਹਾਂ ਹੀ ਨਿੰਦਣਯੋਗ ਹੈ, ਜਿਨਾਂ ਉਨ੍ਹਾਂ ਤਾਕਤਾਂ ਨੂੰ ਨਿੰਦਣਾ ਜੋ ਸੂਬੇ ਦੀ ਫ਼ਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਭੰਗ ਕਰਨ ''ਤੇ ਤੁਲੀਆਂ ਹੋਈਆਂ ਹਨ।”
ਭਾਜਪਾ ਸ਼ੁਰੂ ਤੋਂ ਹੀ ਖ਼ਾਲਿਸਤਾਨ ਦੇ ਵਿਚਾਰ ਵਿਰੁੱਧ ਆਪਣਾ ਪ੍ਰਤੀਕ੍ਰਮ ਦਿੰਦੀ ਆਈ ਹੈ। 14 ਫ਼ਰਵਰੀ ਨੂੰ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹ ਖ਼ਾਸਿਲਤਾਨ ਨੂੰ ਪਨਪਣ ਨਹੀਂ ਦੇਣਗੇ।
ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਨਾਲਾ ਵਿੱਚ ਪੁਲਿਸ ਤੇ ਅਮ੍ਰਿਤਪਾਲ ਦੇ ਸਾਥੀਆਂ ਦਰਮਿਆਨ ਹੋਈ ਝੜਪ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਇਸ ਬਾਰੇ ਕੀਤੇ ਇੱਕ ਟਵੀਟ ਵਿੱਚ ਉਨ੍ਹਾਂ ਲਿਖਿਆ,“ਕੇਜਰੀਵਾਲ ਪੰਜਾਬ ਵਿੱਚ ਫ਼ਿਰਕੂ ਹਿੰਸਾ ਨੂੰ ਹਵਾ ਦੇ ਰਹੇ ਹਨ ਤੇ ਸਿੱਖਾਂ ਦਾ ਵੱਖਵਾਦੀ ਅਕਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।”
ਸਿਰਸਾ ਨੇ ਅਜਨਾਲਾ ਘਟਨਾ ਬਾਰੇ ਲਿਖਿਆ,“ਅੱਜ ਦੀ ਹਿੰਸਾ ''ਆਪ'' ਅਤੇ ਅਰਵਿੰਦ ਕੇਜਰੀਵਾਲ ਦੇ ਬਣਾਏ ਢੰਗ-ਤਰੀਕੇ ਦਾ ਹਿੱਸਾ ਹੀ ਹਿੱਸਾ ਹੈ।”
ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਅਮ੍ਰਿਤਪਾਲ ਦੇ ਸਮਰਥਕ
ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣਾ ਨਿੰਦਣਯੋਗ - ਸੁਖਬੀਰ
ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ 23 ਫ਼ਰਵੀਰ ਨੂੰ ਅਜਨਾਲਾ ਵਿੱਚ ਪ੍ਰਦਰਸ਼ਨ ਦੌਰਾਨ ਗੁਰੂ ਗ੍ਰੰਥ ਸਾਹਿਬ ਨੂੰ ਪੁਲਿਸ ਥਾਣੇ ਵਿੱਚ ਲੈ ਕੇ ਜਾਣ ਉੱਤੇ ਸਵਾਲ ਚੁੱਕੇ ਜਾ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, “ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਕੁਝ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਇਸਤੇਮਾਲ ਕੀਤਾ ਗਿਆ ਹੈ।”
“ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਵਿੱਚ ਲੈ ਕੇ ਜਾਣਾ ਬੇਹੱਦ ਮੰਦਭਾਗਾ ਹੈ, ਇਹ ਬੇਅਦਬੀ ਹੈ। ਥਾਣੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ, ਡਰੱਗਸ ਤੇ ਹੋਰ ਮਾੜੀਆਂ ਵਸਤਾਂ ਹੁੰਦੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਹੀ ਨਹੀਂ ਹੈ।”
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਰੁਖ਼ ਉੱਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਵੇਂ ਸਰਕਾਰਾਂ ਪੂਰੇ ਤਰੀਕੇ ਨਾਲ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਅਜਨਾਲਾ ਵਿੱਚ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਾ ਜਮਹੂਰੀ ਹੱਕ ਹੈ, ਪਰ ਜਿਸ ਤਰ੍ਹਾਂ ਗੁਰੂ ਸਹਿਬ ਨੂੰ ਸਵਾਰਥੀ ਹਿੱਤਾਂ ਲਈ ਥਾਣੇ ਲਿਜਾਇਆ ਗਿਆ ਹੈ, ਉਹ ਨਾ ਮੁਆਫ਼ੀਯੋਗ ਹੈ।”
ਉਨ੍ਹਾਂ ਕਿਹਾ, “ਪੁਲਿਸ ਥਾਣੇ ਉੱਤੇ ਜਿਸ ਤਰੀਕੇ ਨਾਲ ਲੋਕ ਪਹੁੰਚੇ ਇਹ ਮੰਦਭਾਗਾ ਹੈ। ਸਰਕਾਰ ਹੁਣ ਕਹਿ ਰਹੀ ਹੈ ਕਿ ਪਰਚਾ ਝੂਠਾ ਸੀ ਤਾਂ ਇਹ ਦੱਸਿਆ ਜਾਵੇ ਕਿ ਪਰਚਾ ਕਿਉਂ ਕੀਤਾ ਗਿਆ।”
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ 23 ਫ਼ਰਵਰੀ ਨੂੰ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਮਰਥਕਾਂ ਦੀ ਕਾਰਵਾਈ ਨੂੰ ਪੰਜਾਬ ਲਈ ਸੰਵਿਧਾਨਕ ਸੰਕਟ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ਕਾਂ ਨੂੰ ਲੁਭਾਉਣ ਲਈ ਪੰਜਾਬ ਵਿੱਚ ਨਿਵੇਸ਼ ਸੰਮੇਲਨ ਕਰ ਰਹੇ ਸਨ ਉਸੇ ਸਮੇਂ ਅਜਨਾਲਾ ਵਿੱਚ ਸੰਵਿਧਾਨਿਕ ਸੰਕਟ ਖੜਾ ਹੋ ਗਿਆ।
ਉਨ੍ਹਾਂ ਕਿਹਾ,“ਅਜਨਾਲਾ ਭਾਰਤ-ਪਾਕਿਸਤਾਨ ਬਾਦਲ ਤੋਂ ਬਹੁਤ ਨੇੜੇ ਹੈ ਤੇ ਉਥੇ ਥਾਣੇ ’ਤੇ ਕਬਜ਼ਾ ਕਰ ਲਿਆ ਗਿਆ। ਇਸ ਸਥਿਤੀ ਨੂੰ ਨਿਆਂਇਕ ਨਹੀਂ ਕਿਹਾ ਜਾ ਸਕਦਾ।”
“ਅਜਿਹੀਆਂ ਘਟਨਾਵਾਂ ਕਰਕੇ ਹੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰਨਾ ਜ਼ਰੂਰੀ ਹੈ।”
ਪੰਜਾਬ ਦੇ ‘ਵਾਰਿਸ’ ਨਹੀਂ ਹੋ ਸਕਦੇ-ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੂਬੇ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਬਹਾਲ ਹੈ
ਅਜਨਾਲਾ ਵਿਖੇ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਪੁਲਿਸ ਥਾਣੇ ਦਾ ਘੇਰਾਓ ਕੀਤੇ ਜਾਣ ਬਾਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ''ਚ ਅਮਨ ਕਾਨੂੰਨ ਦੀ ਵਿਵਸਥਾ ਬਣੀ ਹੋਈ ਹੈ।
ਮੁੰਬਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਭਗਵੰਤ ਮਾਨ ਨੂੰ ਪੰਜਾਬ ''ਚ ਅਜਨਾਲਾ ਦੇ ਪੂਰੇ ਘਟਨਾਕ੍ਰਮ ਅਤੇ ਅਮਨ ਕਾਨੂੰਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ''''ਤੁਹਾਡੇ ਕੋਲ ਗ਼ਲਤ ਸੂਚਨਾ ਹੈ, ਪੰਜਾਬ ''ਚ ਅਮਨ ਕਾਨੂੰਨ ਵਿਵਸਥਾ ''ਚ ਹੈ।''''
ਸੀਐੱਮ ਮਾਨ ਨੇ ਕਿਹਾ, ''''ਪੰਜਾਬ ਪੁਲਿਸ ਸਮਰੱਥ ਹੈ। ਪੰਜਾਬ ਦਾ ਜੋ ਸਮਾਜਿਕ ਭਾਈਚਾਰਾ ਹੈ ਉਸ ''ਤੇ ਦਸ ਸਾਲ ਗੋਲ਼ੀਆਂ ਵੀ ਚੱਲੀਆਂ, ਬੰਬ ਵੀ ਫੁੱਟੇ, ਪਰ ਪੰਜਾਬ ਦਾ ਭਾਈਚਾਰਾ ਮਿਲ ਕੇ ਰਹਿਣਾ ਪਸੰਦ ਕਰਦੇ ਹਨ, ਸਾਡਾ ਸੂਬਾ ਅਮਨ ਸ਼ਾਂਤੀ ਵਾਲਾ ਹੈ।''''
ਦੂਜੇ ਪਾਸੇ ਮੁੱਖ ਮੰਤਰੀ ਨੇ ਅਜਨਾਲਾ ਘਟਨਾ ਬਾਰੇ ਟਵੀਟ ਕੀਤਾ ਪਰ ਅਮ੍ਰਿਤਪਾਲ ਦਾ ਨਾਂ ਲੈਣ ਤੋਂ ਉਨ੍ਹਾਂ ਨੇ ਗ਼ੁਰੇਜ਼ ਕੀਤਾ।
ਉਨ੍ਹਾਂ ਕਿਹਾ, “ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ “ ਵਾਰਿਸ ” ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ।”
ਪੰਜਾਬ ਕੈਬਨਿਟ ਵਿੱਚ ਮੰਤਰੀ ਅਮਨ ਅਰੌੜਾ
ਪੰਜਾਬ ਕੈਬਨਿਟ ਵਿੱਚ ਮੰਤਰੀ ਅਮਨ ਅਰੋੜਾ ਦਾ ਕਹਿਣਾ ਸੀ, “ਅਮ੍ਰਿਤਪਾਲ ਅਤੇ ਉਸ ਦੇ ਸਾਥੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਪਹੁੰਚੇ ਸਨ। ਪੰਜਾਬ ਸਰਕਾਰ ਅਤੇ ਪੁਲਿਸ ਨਹੀਂ ਚਾਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ।”
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਜਨਾਲਾ ਘਟਨਾ ਬਾਰੇ ਦੱਸਿਆ ਸੀ ਕਿ ਇਸ ਪੂਰੀ ਘਟਨਾ ਦੌਰਾਨ ਪੰਜਾਬ ਪੁਲਿਸ ਦਾ ਮੁੱਖ ਮੰਤਵ ਗੁਰੂ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸੀ।
ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਹੁਤ ਪਿੱਛੇ ਸੀ ਪਰ ਇਸ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਅਕਾਲ ਤਖ਼ਤ ਵੀ ਕਰ ਸਕਦਾ ਹੈ ਕਾਰਵਾਈ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਇਸ ਮਾਮਲੇ ਨੂੰ ਵਿਚਾਰਨ ਲਈ ਇੱਕ ਸਬ-ਕਮੇਟੀ ਦਾ ਗਠਨ ਕੀਤਾ ਹੈ
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜਨਾਲਾ ਘਟਨਾ ਤੋਂ ਬਾਅਦ ਰੋਸ ਮੁਜਹਾਰਿਆਂ, ਧਰਨਿਆਂ ਅਤੇ ਕਬਜੇ ਵਾਲੇ ਅਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਲਿਜਾਣ ਦੇ ਮਾਮਲੇ ਨੂੰ ਵਿਚਾਰਨ ਲਈ ਇੱਕ ਸਬ-ਕਮੇਟੀ ਦਾ ਗਠਨ ਕੀਤਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਮੇਟੀ ਰੋਸ ਪ੍ਰਦਰਸ਼ਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਬੰਧੀ ਵਿਚਾਰ ਕਰੇਗੀ ਅਤੇ 15 ਦਿਨਾਂ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਭੇਜੇਗੀ।
ਇਸ ਉਪਰ ਅੰਤਮ ਫੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਲਿਆ ਜਾਵੇਗਾ।
23 ਫ਼ਰਵਰੀ ਦੀ ਅਜਨਾਲਾ ਘਟਨਾ
ਅਜਨਾਲਾ ਪੁਲਿਸ ਵਲੋਂ 23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਸੀ
ਵੀਰਵਾਰ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਅਜਨਾਲਾ ਪੁਲਿਸ ਥਾਣੇ ਦਾ ਘਿਰਾਓ ਕਰ ਲਿਆ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਸਨ। ਪੰਜਾਬ ਪੁਲਿਸ ਮੁਤਾਬਕ ਇਨ੍ਹਾਂ ਝੜਪਾਂ ਵਿੱਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸੀ।
ਜਥੇਬੰਦ ਦੀ ਮੰਗ ਸੀ ਕਿ ਪੁਲਿਸ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰੇ ਤੇ ਨਾਲ ਹੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ਖ਼ਿਲਾਫ਼ ਦਰਜ ਪਰਚਿਆਂ ਨੂੰ ਵੀ ਰੱਦ ਕਰੇ।
15 ਫਰਵਰੀ ਨੂੰ ਵਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਹੋਈ। ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੁੱਟਿਆ ਗਿਆ ਹੈ।
ਅਮ੍ਰਿਤਪਾਲ ਸਿੰਘ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ। ਵੀਰਵਾਰ ਸ਼ਾਮ ਨੂੰ ਪੁਲਿਸ ਦੀ ਅਮ੍ਰਿਤਪਾਲ ਦੇ ਹਮਾਇਤੀਆਂ ਨਾਲ ਸਹਿਮਤੀ ਬਣੀ।
ਸ਼ੁੱਕਵਾਰ ਸ਼ਾਮ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਇਹ ਵੀ ਸਹਿਮਤੀ ਬਣੀ ਕਿ ਬਾਕੀ ਮਾਮਲਿਆਂ ਦੀ ਜਾਂਚ ਐੱਸਆਈਟੀ ਕਰੇਗੀ।
23 ਫ਼ਰਵਰੀ ਨੂੰ ਅਜਨਾਲਾ ਵਿਖੇ ਕੀਤੇ ਵਿਰੋਧ ਪ੍ਰਦਰਸ਼ਨ ਦੌਰਾਨ ਅਮ੍ਰਿਤਪਾਲ ਦੇ ਸਮਰੱਥਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵੀ ਨਾਲ ਲਿਜਾਈ ਗਈ ਸੀ।
ਜਿਸ ਦੀ ਧਾਰਮਿਕ ਤੇ ਸਿਆਸੀ ਪੱਧਰ ’ਤੇ ਨਿਖੇਦੀ ਕੀਤੀ ਜਾ ਰਹੀ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਕੈਨੇਡਾ ਜਾਣ ਦਾ ਮੌਕਾ ਸੀ, ਪਰ ਸਿੰਗਾਪੁਰ ਤੋਂ ਪੜ੍ਹੀ ਇਸ ਕੁੜੀ ਨੇ ਪੰਜਾਬ ਵਿੱਚ ਹੀ ਰਹਿ ਕੇ ਕੀਤਾ ਕਮਾਲ
NEXT STORY