ਸਿੱਖ ਜਰਨੈਲ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਜੰਗਾਂ ਲੜਦੇ ਰਹੇ ਪਰ ਇਹ ਅਕਾਲੀ ਫੂਲਾ ਸਿੰਘ ਹੀ ਸਨ, ਜਿਨ੍ਹਾਂ ਨੇ ਮਹਾਰਾਜਾ ਨੂੰ ਮਰਿਆਦਾ ਦੀ ਉਲੰਘਣਾ ਕਰਨ ਬਦਲੇ ਕੋੜੇ ਮਾਰੇ ਜਾਣ ਦੀ ਸਜ਼ਾ ਸੁਣਾਈ ਸੀ।
ਸਿੱਖ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਅਕਾਲੀ ਫੂਲਾ ਸਿੰਘ ਅਜਿਹੇ ਬਹਾਦਰ ਯੋਧੇ ਅਤੇ ਧਰਮ ਦੇ ਪੱਕੇ ਸਨ, ਜਿਨ੍ਹਾਂ ਖਿਲਾਫ਼ ਫੌਜਾਂ ਲੜਨ ਤੋਂ ਵੀ ਇਨਕਾਰ ਕਰ ਦਿੰਦੀਆਂ ਸਨ।
ਅਕਾਲੀ ਫੂਲਾ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਇਲਾਕੇ ਦੇ ਪਿੰਡ ਦੇਹਲਾ ਸਿਹਾਂ ਵਿੱਚ 1761 ਵਿੱਚ ਹੋਇਆ ਸੀ।
ਇਹ ਪੰਜਾਬ ਵਿੱਚ ਬਾਂਗਰ ਦੇ ਇਲਾਕੇ ਵੱਜੋਂ ਵੀ ਜਾਣਿਆ ਜਾਂਦਾ ਹੈ।
ਫੂਲਾ ਸਿੰਘ ਲੰਮਾਂ ਸਮੇਂ ਮਾਲਵਾ ਖੇਤਰ ਵਿੱਚ ਸਰਗਰਮ ਰਹੇ ਅਤੇ ਇਕ ਸਮੇਂ ਬਾਅਦ ਸਤਲੁਜ ਪਾਰ ਕਰਕੇ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਲੜਾਈਆਂ ਲੜਨ ਲੱਗੇ।
ਅਕਾਲੀ ਫੂਲਾ ਸਿੰਘ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਵੀ ਰਹੇ ਸਨ।
ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਵੀ ਮਿਸਾਲੀ ਸੇਵਾਵਾਂ ਨਿਭਾਈਆਂ ਅਤੇ ਸਿੱਖ ਕੌਮ ਦਾ ਮਾਰਗ ਦਰਸ਼ਨ ਕੀਤਾ।
ਨਿੱਜੀ ਨਿਹੰਗ ਫੌਜ ਅਤੇ ਲੋਕਪ੍ਰਿਯਤਾ
ਸਿੱਖ ਇਤਿਹਾਸਕਾਰ ਅਤੇ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪ੍ਰੋਫੈਸਰ ਬਲਕਾਰ ਸਿੰਘ ਕਹਿੰਦੇ ਹਨ ਕਿ ਅਕਾਲੀ ਫੂਲਾ ਸਿੰਘ ਵੇਲੇ ਦਾ ਸਮਾਂ ਜੰਗਾਂ ਯੁੱਧਾਂ ਦਾ ਸੀ।
ਪ੍ਰੋਫੈਸਰ ਬਲਕਾਰ ਸਿੰਘ ਦੱਸਦੇ ਹਨ, “ਉਸ ਸਮਾਜ ਵਿੱਚ ਇਹੋ ਜਿਹੇ ਡੇਰੇ ਬਣੇ ਹੋਏ ਸੀ, ਜਿੱਥੇ ਵਿਅਕਤੀ ਨੂੰ ਜੰਗ ਲਈ ਤਿਆਰ ਕੀਤਾ ਜਾਂਦਾ ਸੀ। ਅਕਾਲੀ ਫੂਲਾ ਸਿੰਘ ਵੀ ਉਹਨਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਡੇਰੇ ਤੋਂ ਧਰਮ ਦੀ ਸਿੱਖਿਆ ਲਈ ਸੀ।”
ਉਹ ਕਹਿੰਦੇ ਹਨ, “ਅਕਾਲੀ ਫੂਲਾ ਸਿੰਘ ਵੀ ਉਸੇ ਡੇਰੇ ਨਾਲ ਜੁੜੇ ਸਨ, ਜਿਸ ਨਾਲ ਉਹਨਾਂ ਦੇ ਪਿਤਾ ਈਸ਼ਰ ਸਿੰਘ ਜੁੜੇ ਹੋਏ ਸਨ। ਆਪਣੇ ਪਿਤਾ ਦੀ ਵੱਡੇ ਘੱਲੂਘਾਰੇ ਵਿੱਚ ਮੌਤ ਤੋਂ ਬਾਅਦ ਛੋਟੀ ਉਮਰੇ ਉਹ ਉਸੇ ਡੇਰੇ ਵਿੱਚ ਬਾਬਾ ਨੈਣਾ ਸਿੰਘ ਕੋਲ ਚਲੇ ਗਏ। ਇੱਕ ਸਮੇਂ ਬਾਅਦ ਉਸੇ ਡੇਰੇ ਦੇ ਮੁਖੀ ਬਣੇ। ਅਸਲ ਵਿੱਚ ਇਹ ਡੇਰੇ ਸਿੱਖਿਆ ਦਿੰਦੇ ਸਨ ਕਿ ਇੱਕ ਸਿੱਖ ਨੇ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ।”
ਪ੍ਰੋਫੈਸਰ ਬਲਕਾਰ ਸਿੰਘ ਦੱਸਦੇ ਹਨ, “ਫੂਲਾ ਸਿੰਘ ਦੀ ਆਪਣੀ ਨਿੱਜੀ ਨਿਹੰਗ ਫੌਜ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਉਹ ਆਪਣੀ ਨਿੱਜੀ ਫੌਜ ਲੈ ਕੇ ਜੰਗ ਲੜਨ ਲਈ ਜਾਂਦੇ ਸਨ। ਫੂਲਾ ਸਿੰਘ ਦੇ ਰਣਜੀਤ ਸਿੰਘ ਨਾਲ ਚੰਗੇ ਸਬੰਧ ਸਨ ਕਿਉਂਕਿ ਫੂਲਾ ਸਿੰਘ ਬਹੁਤ ਬਹਾਦਰ ਸਨ।”
ਉਹ ਕਹਿੰਦੇ ਹਨ, “ਅਕਾਲੀ ਫੂਲਾ ਸਿੰਘ ਮਾਲਵੇ ਦੇ ਰਹਿਣ ਵਾਲੇ ਸਨ ਅਤੇ ਇਹ ਇਲਾਕਾ ਅੰਗਰੇਜ਼ਾਂ ਦੀ ਅਧੀਨ ਸੀ। ਇਸ ਇਲਾਕੇ ਦੀਆਂ ਸਿੱਖ ਰਿਆਸਤਾਂ ਨੇ ਅੰਜਰੇਜ਼ਾਂ ਨਾਲ ਸੰਧੀ ਕਰ ਲਈ ਸੀ ਤਾਂ ਕਿ ਰਣਜੀਤ ਸਿੰਘ ਉਹਨਾਂ ਉਪਰ ਕਬਜਾ ਨਾ ਕਰ ਲੈਣ। ਉਹਨਾਂ ਦਿਨਾਂ ਵਿੱਚ ਅੰਗਰੇਜ਼ ਇਹਨਾਂ ਰਿਆਸਤਾਂ ਵੱਲੋਂ ਸਤਲੁਜ ਦੇ ਆਲੇ ਦੁਆਲੇ ਰੇਕੀ ਕਰਦੇ ਸਨ। ਫੂਲਾ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਹ ਨਕਸ਼ੇ ਬਣਾ ਰਹੇ ਹਨ ਤਾਂ ਉਹਨਾਂ ਨੇ ਉਹ ਕੁੱਟ ਕੇ ਭਜਾ ਦਿੱਤੇ।”
“ਜਦੋਂ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਰਣਜੀਤ ਸਿੰਘ ਦੀ ਫੌਜ ਨੇ ਵੀ ਧਿਆਨ ਨਾ ਦਿੱਤਾ ਅਤੇ ਰਿਆਸਤਾਂ ਦੀ ਫੌਜ ਨੇ ਵੀ ਫੂਲਾ ਸਿੰਘ ਖਿਲਾਫ਼ ਲੜਨ ਤੋਂ ਇਨਕਾਰ ਕਰ ਦਿੱਤਾ। ਉਹ ਲੋਕਾਂ ਵਿੱਚ ਬਹੁਤ ਮਕਬੂਲ ਸਨ ਅਤੇ ਸਿੱਖੀ ਅਸੂਲਾਂ ਵਾਲੇ ਇਨਸਾਨ ਵੱਜੋਂ ਜਾਣੇ ਜਾਂਦੇ ਸਨ।”
ਪ੍ਰੋਫੈਸਰ ਬਲਕਾਰ ਸਿੰਘ ਕਹਿੰਦੇ ਹਨ, “ਰਣਜੀਤ ਸਿੰਘ ਇੱਕ ਔਰਤ ਮੋਰਾਂ ਨਾਲ ਮੱਥਾ ਟੇਕਣ ਦਰਬਾਰ ਸਾਹਿਬ ਜਾ ਰਹੇ ਸਨ ਪਰ ਅਕਾਲੀ ਫੂਲਾ ਸਿੰਘ ਕਿਰਪਾਨ ਲੈ ਕੇ ਖੜੇ ਹੋ ਗਏ ਅਤੇ ਉਹਨਾਂ ਨੂੰ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ।''''
ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਉਣ ਵਾਲੇ ਜਥੇਦਾਰ
ਭਾਵੇਂ ਕਿ ਅਕਾਲੀ ਫੂਲਾ ਸਿੰਘ ਲੰਮਾ ਸਮੇਂ ਮਾਲਵੇ ਇਲਾਕੇ ਵਿੱਚ ਰਹੇ ਪਰ ਫਿਰ ਉਹ ਸਤਲੁਜ ਪਾਰ ਕਰਕੇ ਅੱਗੇ ਚਲੇ ਗਏ।
ਪ੍ਰੋਫੈਸਰ ਬਲਕਾਰ ਸਿੰਘ ਕਹਿੰਦੇ ਹਨ, “ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ। ਰਣਜੀਤ ਸਿੰਘ ਇੱਕ ਔਰਤ ਮੋਰਾਂ ਨਾਲ ਮੱਥਾ ਟੇਕਣ ਦਰਬਾਰ ਸਾਹਿਬ ਜਾ ਰਹੇ ਸਨ ਪਰ ਅਕਾਲੀ ਫੂਲਾ ਸਿੰਘ ਕਿਰਪਾਨ ਲੈ ਕੇ ਖੜੇ ਹੋ ਗਏ ਅਤੇ ਉਹਨਾਂ ਨੂੰ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਰਣਜੀਤ ਸਿੰਘ ਵਾਪਸ ਮੁੜ ਗਏ। ਅਗਲੇ ਦਿਨ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਹੋਣ ਲਈ ਕਿਹਾ ਗਿਆ।”
ਬਲਕਾਰ ਸਿੰਘ ਦੱਸਦੇ ਹਨ, “ਮਹਾਰਾਜਾ ਰਣਜੀਤ ਸਿੰਘ ਜਿੱਥੇ ਰੁਕੇ ਹੋਏ ਸਨ, ਉਹ ਉਸ ਥਾਂ ਤੋਂ ਪੈਦਲ ਚੱਲ ਕੇ ਆਏ। ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ ਪਰ ਉਹਨਾਂ ਵੱਲੋਂ ਆਪਣੀ ਗਲਤੀ ਮੰਨਣ ਕਾਰਨ ਬਾਅਦ ਵੀ ਮਾਫ਼ ਕਰ ਦਿੱਤਾ ਗਿਆ ਅਤੇ ਕੋਹੜੇ ਮਾਰੇ ਨਹੀਂ ਗਏ ਸਨ।”
ਸਿੱਖ ਰਾਜ ਲਈ ਦੇਣ ਅਤੇ ਸ਼ਹਾਦਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿੰਦੇ ਹਨ ਕਿ ਅਕਾਲੀ ਫੂਲਾ ਸਿੰਘ ਸ਼ਹੀਦਾਂ ਮਿਸਲ ਨਾਲ ਛੋਟੀ ਉਮਰੇ ਜੁੜੇ ਸਨ ਅਤੇ ਬਾਅਦ ਵਿੱਚ ਸਰਬਸੰਮਤੀ ਨਾਲ ਇਸ ਦੇ ਮੁਖੀ ਬਣ ਗਏ ਸਨ ।
ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿੰਦੇ ਹਨ, “ਸਾਲ 1802 ਵਿੱਚ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਨੂੰ ਫਹਤਿ ਕਰਨਾ ਚਾਹੁੰਦੇ ਸਨ, ਜੋ ਉਸ ਸਮੇਂ ਭੰਗੀ ਮਿਸਲ ਦੀ ਅਧੀਨ ਸਨ। ਪਰ ਅਕਾਲੀ ਫੂਲਾ ਸਿੰਘ ਸਿੱਖਾਂ ਧਰਮ ਦੇ ਲੋਕਤੰਤਰ ਵਾਲੇ ਸਿਧਾਂਤ ਨੂੰ ਮੰਨਦੇ ਸਨ। ਉਹ ਰਾਜੇ ਦੇ ਕਬਜ਼ੇ ਵਾਲੀ ਗੱਲ ਨਾਲ ਸਹਿਮਤ ਨਹੀਂ ਸਨ। ਇਸ ਲਈ ਕਿਸੇ ਤਰ੍ਹਾਂ ਸਿੱਖਾਂ ਦਾ ਨੁਕਸਾਨ ਨਾ ਹੋਵੇ, ਇਸ ਲਈ ਉਹਨਾਂ ਨੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ।”
ਪ੍ਰੋਫੈਸਰ ਸਰਬਜਿੰਦਰ ਸਿੰਘ ਦੱਸਦੇ ਹਨ ਕਿ ਜਦੋਂ ਨੌਸ਼ਹਿਰਾ ਦੀ ਲੜਾਈ ਵਿੱਚ ਅਫ਼ਗਾਨਿਸਤਾਨ ਦੇ ਬਾਦਸ਼ਾਹ ਨਾਲ ਲੜਾਈ ਹੋਈ ਤਾਂ ਉਹ 50,000 ਸੈਨਿਕਾਂ ਦੀ ਫੌਜ ਲੈ ਕੇ ਆਏ ਸਨ। ਪਰ ਅਕਾਲੀ ਫੂਲਾ ਸਿੰਘ ਹੁਰਾਂ ਕੋਲ 1500 ਸੈਨਿਕਾਂ ਦੀ ਫੌਜ ਸੀ।
ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿੰਦੇ ਹਨ, “ਇਸ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਛਾਪਾਮਾਰ ਗੁਰੀਲਾ ਯੁੱਧ ਦੀ ਤਕਨੀਕ ਅਪਣਾਉਣਾ ਚਾਹੁੰਦੇ ਸਨ ਪਰ ਬਾਬਾ ਫੂਲਾ ਸਿੰਘ ਨੇ ਅੱਗੇ ਵੱਧਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਉਹ ‘ਅਰਦਾਸਾ ਸੋਧ ਚੁੱਕੇ’ ਹਨ ਅਤੇ ਚੜਾਈ ਕਰਨਗੇ।”
ਇਸ ਜੰਗ ਵਿੱਚ ਅਕਾਲੀ ਫੂਲਾ ਸਿੰਘ ਦੀ 14 ਮਾਰਚ 1823 ਵਿੱਚ ਸ਼ਹਾਦਤ ਹੋ ਗਈ ਸੀ।
(ਸੰਕੇਤਕ ਤਸਵੀਰ)
ਕੌਣ ਹੁੰਦੇ ਹਨ ਨਿਹੰਗ ਸਿੰਘ
ਨਿਹੰਗ ਫ਼ੂਲਾ ਸਿੰਘ ਬੁੱਢਾ ਦਲ ਜਥੇਬੰਦੀ ਦੇ ਮੁਖੀ ਸਨ ਅਤੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।
ਡਾਕਟਰ ਰਤਨ ਸਿੰਘ ਜੱਗੀ ਦੇ ਮਹਾਨ ਕੋਸ਼ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਮਦਦ ਕੀਤੀ ਸੀ।
ਨਿਹੰਗ ਸ਼ਬਦ ਦਾ ਫਾਰਸੀ ਭਾਸ਼ਾ ਵਿਚ ਅਰਥ ਹੈ ਮਗਰਮੱਛ ਹੈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਕ ਨਿਹੰਗ ਦਾ ਅਰਥ ਹੈ ਖੜਗ/ਕਿਰਪਾਨ।
ਨਿਹੰਗ ਦੀ ਪਰਿਭਾਸ਼ਾ ਬਿਆਨਦੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ, "ਨਿਹੰਗ ਜੋ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ।"
''ਸੋ ਨਿਹੰਗ ਜਾਣਿ ਜੋ ਸਦਾ ਤਿਆਰ ਬਰ ਤਿਆਰ, ਗੁਰੀਲਾ ਜੋਧੇ, ਚਰਕਵਰਤੀ ਫੌਜਾਂ।''
ਸਿੱਖ ਇਤਿਹਾਸ ਵਿਚ ਨਿਹੰਗਾਂ ਦੇ ਜਥੇ ਦੇ ਹੋਂਦ ਵਿਚ ਆਉਣ ਦੀਆਂ ਕਈ ਕਹਾਣੀਆਂ ਪ੍ਰਚਲਿਤ ਹਨ।
ਸੰਕੇਤਕ ਤਸਵੀਰ
ਅਫ਼ਸਰ ਵਜੋਂ ਸੇਵਾ ਮੁਕਤ ਹੋਏ ਤੇ ਹਮੇਸ਼ਾ ਰਵਾਇਤੀ ਨਿਹੰਗ ਬਾਣੇ ਵਿਚ ਰਹਿਣ ਵਾਲੇ ਪਰਮਜੀਤ ਸਿੰਘ ਕਹਿੰਦੇ ਹਨ ਕਿ ਨਿਹੰਗ ਜਥੇ ਦੀ ਹੋਂਦ ਦੀ ਸ਼ੁਰੂਆਤ 10ਵੇਂ ਗੁਰੂ ਗੋਬਿੰਦ ਸਿੰਘ ਤੋਂ ਹੀ ਹੁੰਦੀ ਹੈ।
ਕੁਝ ਲੋਕ ਇਸ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਨਾਲ ਜੋੜਦੇ ਹਨ।
ਬੁੱਢਾ ਦਲ ਦੇ ਲਖਵਿੰਦਰ ਸਿੰਘ ਨਿਹੰਗ ਕਹਿੰਦੇ ਹਨ ਕਿ ਖਾਲਸਾ ਸਾਜਨਾ ਮੌਕੇ ਗੁਰੂ ਸਾਹਿਬ ਨੇ ਜੋ ਬਾਣਾ ਬਖਸ਼ਿਆ, ਉਹ ਨਿਹੰਗ ਸਿੰਘ ਵਾਲਾ ਸੀ।
ਪਰਮਜੀਤ ਸਿੰਘ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਦਾ ਮਕਸਦ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਦੁਆਉਣ, ਜਾਤ ਪਾਤ ਖ਼ਤਮ ਕਰਕੇ ਜ਼ਾਲਮ ਸੱਤਾ ਖ਼ਿਲਾਫ਼ ਖੜੇ ਕਰਨਾ ਸੀ।
ਡਾਕਟਰ ਰਤਨ ਸਿੰਘ ਜੱਗੀ ਦੇ ਮਹਾਨ ਕੋਸ਼ ਦੇ ਪੰਨਾ ਨੰਬਰ 1284-85 ਮੁਤਾਬਕ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਪ੍ਰਕਾਰ ਨਾਲ ਸਿੱਖ ਕੌਮ ਆਗੂਹੀਣ ਹੋ ਗਈ।
1733 ਵਿੱਚ ਸਿੱਖਾਂ ਨੇ ਸਰਦਾਰ ਕਪੂਰ ਸਿੰਘ ਨੂੰ ਸਰਵ ਸੰਮਤੀ ਨਾਲ ਆਗੂ ਪ੍ਰਵਾਨ ਕੀਤਾ। ਉਦੋਂ ਤੋਂ ਨਿਹੰਗਾਂ ਦੀਆਂ ਸਾਰੀਆਂ ਜਥੇਬੰਦੀਆਂ ਅੰਮ੍ਰਿਤਸਰ ਦੇ ਆਲੇ ਦੁਆਲੇ ਨਿਵਾਸ ਕਰਨ ਲੱਗੀਆਂ।
ਸੰਕੇਤਕ ਤਸਵੀਰ
ਨਿਹੰਗਾ ਨੂੰ ਦੋ ਗੁਟਾਂ ਵਿੱਚ ਵੰਡਿਆ ਗਿਆ ਸੀ
ਪ੍ਰਬੰਧਕੀ ਸੁਵਿਧਾ ਲਈ 1734 ਵਿਚ ਨਿਹੰਗਾਂ ਨੂੰ ਦੋ ਗੁਟਾਂ ਵਿਚ ਵੰਡਿਆ ਗਿਆ, ਇਹ ਸਨ ਬੁੱਢਾ ਦਲ ਤੇ ਤਰਨਾ ਦਲ।
40 ਸਾਲ ਤੋਂ ਵੱਧ ਉਮਰ ਵਾਲੇ ਬੁੱਢਾ ਦਲ ਅਤੇ ਘੱਟ ਉਮਰ ਵਾਲੇ ਤਰਨਾ ਦਲ ਦੇ ਮੈਂਬਰ ਬਣਾਏ ਗਏ।
ਬੁੱਢਾ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਬਣੇ ਅਤੇ ਤਰਨਾ ਦਲ ਦੇ ਜੱਸਾ ਸਿੰਘ ਆਹਲੂਵਾਲੀਆ। ਤਰਨਾ ਦਲ ਨੂੰ ਅੱਗੇ ਪੰਜ ਦਲਾਂ ਵਿਚ ਵੰਡਿਆ ਗਿਆ।
ਬੁੱਢਾ ਦਲ ਦੀ ਜ਼ਿੰਮੇਵਾਰੀ ਗੁਰਦੁਆਰਿਆਂ ਦੀ ਕਾਰਸੇਵਾ ਤੇ ਧਰਮ ਪ੍ਰਚਾਰ ਕਰਨਾ ਤੇ ਤਰਨਾ ਦਲ ਦੇ ਜਥਿਆਂ ਦਾ ਕੰਮ ਵੈਰੀਆਂ ਨਾਲ ਲੋਹਾ ਲੈਣਾ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸੀ।
ਹਰੇਕ ਜਥੇ ਵਿਚ 1300 ਤੋਂ ਲੈ ਕੇ 5 ਹਜ਼ਾਰ ਤੱਕ ਹਥਿਆਰਬੰਦ ਸਿੰਘ ਹੁੰਦੇ ਸਨ।
ਨਿਹੰਗ ਅੱਜ ਵੀ ਰਵਾਇਤੀ ਪਹਿਰਾਵੇ ਵਿਚ ਰਹਿੰਦੇ ਹਨ ਅਤੇ ਪੁਰਾਤਨ ਕਾਲ ਵਰਗੀ ਜ਼ਿੰਦਗੀ ਜ਼ਿਉਂਦੇ ਹਨ। ਪਰ ਸਮੇਂ ਦੇ ਲੰਘਣ ਨਾਲ ਇਨ੍ਹਾਂ ਦੇ ਬਹੁਤ ਸਾਰੇ ਦਲ ਹੋ ਗਏ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
![](https://static.jagbani.com/jb2017/images/bbc-footer.png)
ਧੀਆਂ ਨੂੰ ਨਾਚ ਤੇ ਦੇਹ ਵਪਾਰ ਤੋਂ ਦੂਰ ਰੱਖਣ ਲਈ ਜੂਝਦੀਆਂ ਮਾਵਾਂ
NEXT STORY