ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੂਬੇ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਉਨ੍ਹਾਂ ਦੀ ਸੁਰੱਖਿਆ ਤੇ ਹੁਣ ਤੱਕ ਹੋਈ ਕਾਰਵਾਈ ਬਾਰੇ ਸਰਕਾਰ ਦਾ ਪੱਖ ਸਾਹਮਣੇ ਰੱਖਿਆ ਹੈ।
ਉਨ੍ਹਾਂ ਸਿੱਧੂ ਦੀ ਸੁਰੱਖਿਆ ਖ਼ਤਮ ਨਾ ਕਰਕੇ ਮਹਿਜ਼ ਘਟਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਤਲ ਵਾਲੇ ਦਿਨ ਉਹ ਆਪਣੇ ਨਾਲ ਗੰਨਮੈਨ ਕਿਉਂ ਨਹੀਂ ਲੈ ਕੇ ਗਏ ਤੇ ਆਪਣੀ ਬੁਲਟਪਰੂਫ਼ ਗੱਡੀ ਵਿੱਚ ਕਿਉਂ ਨਹੀਂ ਗਏ ਸੀ।
29 ਮਈ, 2022 ਦੀ ਸ਼ਾਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜਿਆਂ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਸ਼ੁੱਭਦੀਪ ਸਮੇਤ ਕਈ ਹਾਈ ਪ੍ਰੋਫ਼ਾਈਲ ਲੋਕਾਂ ਦੀ ਸੁਰੱਖਿਆ ਜਾਂ ਤਾਂ ਹਟਾ ਦਿੱਤੀ ਸੀ ਜਾਂ ਘਟਾ ਦਿੱਤੀ ਸੀ।
ਤੇ ਪਰਿਵਾਰ ਦਾ ਦਾਅਵਾ ਸੀ ਕਿ ਸਿੱਧੂ ਦੀ ਸੁਰੱਖਿਆ ਘਟਾਏ ਜਾਣ ਕਾਰਨ ਹੀ ਉਸ ਦਾ ਕਤਲ ਹੋਇਆ।
ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਹੋਏ ਸਨ ਤੇ ਵੱਡੀ ਗਿਣਤੀ ਇਨਸਾਫ਼ ਦੀ ਮੰਗ ਕਰਦਿਆਂ ਸੜਕਾਂ ’ਤੇ ਉੱਤਰ ਆਏ ਸਨ।
7 ਮਾਰਚ ਨੂੰ ਸਿੱਧੂ ਦੇ ਮਾਤਾ-ਪਿਤਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਆਪਣੇ ਪੁੱਤ ਲਈ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਦਿੱਤਾ।
ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਨੂੰ ਲੈ ਕੇ ਕਾਂਗਰਸ ਵਲੋਂ ਵਿਧਾਨ ਸਭਾ ਵਿੱਚ ਵੀ ਸਵਾਲ ਚੁੱਕੇ ਗਏ ਸਨ।
11 ਮਾਰਚ ਨੂੰ ਪੰਜਾਵ ਵਿਧਾਨ ਸਭਾ ਵਿੱਚ ਅਮਨ ਅਰੋੜਾ
ਅਮਨ ਅਰੋੜਾ ਨੇ ਕੀ ਕਿਹਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੀ ਮੌਤ ਦਾ ਦਰਦ ਸਿਰਫ਼ ਮੂਸੇਵਾਲਾ ਦੇ ਮਾਪਿਆਂ ਦਾ ਨਹੀਂ ਹੈ ਬਲਕਿ ਸਾਡਾ,ਪੰਜਾਬ ਦਾ ਤੇ ਪੂਰੇ ਦੇਸ਼ ਦਾ ਸਾਂਝਾ ਦੁੱਖ ਹੈ।
ਇਸ ਮਾਮਲੇ ਵਿੱਚ ਸੁਰੱਖਿਆ ਘਟਾਉਣ ਨੂੰ ਕਤਲ ਦਾ ਕਰਨ ਦੱਸੇ ਜਾਣ ਨੂੰ ਗ਼ਲਤ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਪਰਿਵਾਰ ਸਿੱਧੂ ਮੂਸੇਵਾਲਾ ਬਾਰੇ ਗ਼ਲਤ ਜਾਣਕਾਰੀ ਦੇ ਰਿਹਾ ਹੈ।
ਉਨ੍ਹਾਂ ਕਿਹਾ,“ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਵਾਪਸ ਨਹੀਂ ਸੀ ਲਈ ਗਈ ਬਲਕਿ ਘਟਾਈ ਗਈ ਸੀ ਤੇ ਘਟਨਾ ਵਾਲੇ ਦਿਨ ਉਹ ਮੌਜੂਦ ਦੋ ਗੰਨਮੈਨਾਂ ਨੂੰ ਵੀ ਨਾਲ ਨਹੀਂ ਸੀ ਲੈ ਕੇ ਗਏ।
ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਇਸ ਕਤਲਕਾਂਡ ਵਿੱਚ ਹੁਣ ਤੱਕ 40 ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ। ਜਿਨ੍ਹਾਂ ਵਿੱਚੋਂ ਦੋ ਇਨਕਾਉਂਟਰ ਵਿੱਚ ਮਾਰੇ ਗਏ ਤੇ 29 ਪੁਲਿਸ ਹਿਰਾਸਤ ਵਿੱਚ ਹਨ।
ਉਨ੍ਹਾਂ ਦਾਅਵਾ ਕੀਤਾ ਕਿ 6 ਦੋਸ਼ੀ ਵਿਦੇਸ਼ਾਂ ਵਿੱਚ ਤੇ 3 ਹੋਰ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਬਾਰੇ ਜਾਂਚ ਚੱਲ ਰਹੀ ਹੈ।
“ਦੋ ਚਲਾਣ ਪੇਸ਼ ਹੋ ਚੁੱਕੇ ਹਨ ਤੇ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ।”
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ
ਗੋਲਡੀ ਬਰਾੜ ਦੀ ਸਿੱਧੂ ਕਤਲਕਾਂਡ ਵਿੱਚ ਸ਼ਾਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਉਸ ਵਲੋਂ ਕੈਨੇਡਾ ਵਿੱਚ ਬੈਠਿਆਂ ਇਸ ਮਾਮਲੇ ਦੀ ਜ਼ਿੰਮਵਾਰੀ ਲਈ ਗਈ ਸੀ।
ਉਸ ਨੂੰ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਲੋੜੀਂਦੀ ਕਾਰਵਾਈ ਕਰ ਰਹੀ ਹੈ।
ਅਮਨ ਅਰੋੜਾ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਤਲ ਵਰਗੇ ਜ਼ੁਰਮ ਕਰਨ ਵਾਲੇ ਵਧੇਰੇ ਗੈਂਗਸਟਰ ਗੁਆਂਢੀ ਸੂਬੇ ਹਰਿਆਣਾ ਨਾਲ ਸਬੰਧਿਤ ਹਨ। ਤੇ ਉਹ ਵੀ ਬਾਲਗ ਨਹੀਂ ਹੈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਸਿੱਧੂ ਦੀ ਸੁਰੱਖਿਆ ਘਟਾਏ ਜਾਣ ਬਾਰੇ ਮੁੱਖ ਮੰਤਰੀ ਦੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕਰਨ ’ਤੇ ਘੇਰੇ ਜਾਣ ਉੱਤੇ ਅਮਨ ਅਰੋੜਾ ਨੇ ਕਿਹਾ,“ਕਿਸੇ ਨੂੰ ਸੁਰੱਖਿਆ ਮਿਲਣ ਜਾਂ ਕਿਸੇ ਦੀ ਸੁਰੱਖਿਆ ਹਟਾਉਣ ਬਾਰੇ ਆਮ ਲੋਕਾਂ ਤੱਕ ਜਾਣਕਾਰੀ ਪਹੁੰਚਣੀ ਹੀ ਹੁੰਦੀ ਹੈ।”
ਆਮ ਲੋਕਾਂ ਨੂੰ ਥੋੜ੍ਹਾ ਜਿਹਾ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਸੁਰੱਖਿਆ ਹਟਾਈ ਨਹੀਂ ਸੀ ਗਈ ਪਰ ਘਟਾਈ ਗਈ ਸੀ। ਉਨ੍ਹਾਂ ਕੋਲ ਦੋ ਗੰਨਮੈਨ ਸਨ,ਸਿੱਧੂ ਉਨ੍ਹਾਂ ਨੂੰ ਨਾਲ ਨਹੀਂ ਸੀ ਲੈ ਕੇ ਗਏ। ਇਸੇ ਤਰ੍ਹਾਂ ਉਨ੍ਹਾਂ ਕੋਲ ਇੱਕ ਬੁਲੇਟ ਪਰੂਫ਼ ਗੱਡੀ ਵੀ ਮੌਜੂਦ ਸੀ ਜਿਸ ਨੂੰ ਉਹ ਨਹੀਂ ਲੈ ਕੇ ਗਏ ਸਨ।”
ਸਿੱਧੂ ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਨਾਲ ਇੱਕ ਪੁਰਾਣੀ ਤਸਵੀਰ
ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਗੁੱਸਾ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਮਨ ਅਰੋੜਾ ਦੇ ਬਿਆਨ ਤੋਂ ਬਾਅਦ ਆਪਣਾ ਪੱਖ਼ ਰੱਖਿਆ।
ਉਨ੍ਹਾਂ ਕਿਹਾ ਕਿ ਜਿਸ ਵੀ ਤਰੀਕੇ ਨਾਲ ਇਨਸਾਫ਼ ਦੀ ਮੰਗ ਕੀਤੀ ਜਾ ਸਕਦੀ ਹੈ ਉਹ ਕਰਨਗੇ। ਵਿਧਾਨ ਸਭਾ ਦੇ ਬਾਹਰ ਧਰਨਾ ਵੀ ਇਸੇ ਪ੍ਰੀਕ੍ਰਿਆ ਦਾ ਹਿੱਸਾ ਸੀ।
ਬਲਕੌਰ ਸਿੰਘ ਨੇ ਦੱਸਿਆ ਕਿ ਚੋਣਾਂ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਬਿਨ੍ਹਾਂ ਕਿਸੇ ਸੁਰੱਖਿਆ ਦੇ ਘੁੰਮ-ਫ਼ਿਰ ਰਿਹਾ ਸੀ ਪਰ ਕਿਸੇ ਨੇ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਜਿਸ ਦਿਨ ਸਿੱਧੂ ਦੀ ਸੁਰੱਖਿਆ ਘਟਾਏ ਜਾਣ ਬਾਰੇ ਜਦੋਂ ਜਨਤਕ ਤੌਰ ’ਤੇ ਦੱਸਿਆ ਗਿਆ ਉਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਗੋਲਡੀ ਬਰਾੜ ਨੇ ਇਹ ਖ਼ੁਦ ਸਵਿਕਾਰਿਆ ਸੀ ਕਿ ਜਦੋਂ ਉਨ੍ਹਾਂ ਨੂੰ ਸਿੱਧੂ ਦੀ ਸੁਰੱਖਿਆ ਵਾਪਸ ਲਏ ਜਾਣ ਬਾਰੇ ਪਤਾ ਲੱਗਿਆ ਸੀ ਉਸ ਤੋਂ ਬਾਅਦ ਹੀ ਨੇ ਸਿੱਧੂ ਨੂੰ ਮਾਰਨ ਦੀ ਯੋਜਨਾ ਬਣਾਈ ਸੀ।
“ਅਮਨ ਅਰੋੜਾ ਕਹਿ ਰਹੇ ਹਨ ਕਿ ਮਾਪਿਆਂ ਨੂੰ ਪੁੱਛਿਆ ਜਾਵੇ ਕਿ ਸਿੱਧੂ ਆਪਣੇ ਨਾਲ ਗੰਨਮੈਨ ਕਿਉਂ ਨਹੀਂ ਸੀ ਲੈ ਗਿਆ। ਮੈਂ ਇਸ ਬਾਰੇ ਕਹਿਣਾ ਚਾਹੁੰਦਾ ਹਾਂ ਕਿ ਹੋ ਸਕਦਾ ਹੈ ਸਿੱਧੂ ਸੋਚ ਰਿਹਾ ਹੋਵੇ ਗੰਨਮੈਨਾਂ ਦੀ ਘਰ ਲੋੜ ਹੈ। ਸਾਨੂੰ ਨਹੀਂ ਪਤਾ ਕਿ ਉਹ ਆਪਣੇ ਮਨ ਵਿੱਚ ਕੀ ਲੈ ਕੇ ਤੁਰ ਗਿਆ।”
“ਮੈਂ ਅਮਨ ਅਰੋੜਾ ਦੇ ਬਿਆਨ ’ਤੇ ਇਤਰਾਜ਼ ਜ਼ਾਹਰ ਕਰਦਾ ਹਾਂ।”
ਉਨ੍ਹਾਂ ਕਿਹਾ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਉਨ੍ਹਾਂ ਸਵਾਲ ਕੀਤਾ ਕਿ ਕੀ ਸੁਰੱਖਿਆ ਸਿਰਫ਼ ਬੰਦੇ ਦੀ ਹੀ ਹੁੰਦੀ ਹੈ, ਕੀ ਘਰ ਦੀ ਸੁਰੱਖਿਆ ਦੀ ਲੋੜ ਨਹੀਂ ਪੈਂਦੀ
ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ: ਚਰਨ ਕੌਰ
ਸਿੱਧੂ ਦੇ ਮਾਤੇ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇਹ ਸਭ ਹੋ ਰਿਹਾ ਸੀ। ਸਰਕਾਰ,ਪ੍ਰਸ਼ਾਸਨ ਜਾਂ ਇੰਟੈਲੀਜੈਂਸ ਕੀ ਕਰ ਰਹੀ ਸੀ।
ਸਰਕਾਰ ਦੋ ਨੁਮਾਇੰਦੇ ਵਲੋਂ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਰੱਖੇ ਗਏ ਪੱਖ ਨੇ ਸਾਨੂੰ ਤਕਲੀਫ਼ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਰੋਧੀ ਗੱਲਾਂ ਸਾਨੂੰ ਪਰੇਸ਼ਾਨ ਕਰ ਰਹੀਆਂ ਹਨ।
ਉਨ੍ਹਾਂ ਕਿਹਾ, ''''ਜਿਹੜੇ ਅੱਜ ਸਾਡੇ ਉੱਤੇ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਿਧਾਇਕੀ ਤੇ ਮੰਤਰੀ ਸਦਾ ਨਹੀਂ ਰਹਿਣਾ, ਕਿਸੇ ਦਿਨਾਂ ਇਨ੍ਹਾਂ ਉੱਤੇ ਵੀ ਸਮਾਂ ਪੈ ਸਕਦਾ ਹੈ। ਅਸੀਂ ਕਿਸੇ ਨੂੰ ਬਦ ਦੁਆ ਨਹੀਂ ਦਿੰਦੇ ਪਰ ਰੱਬ ਦੀ ਚੱਕ ਹੌਲੀ ਚੱਲਦੀ ਹੈ ਪਰ ਸੱਤਿਆਨਾਸ ਕਰਕੇ ਛੱਡਦੀ ਹੈ।''
ਸਿੱਧੂ ਮੂਸੇਵਾਲਾ ਦੇ ਮਾਤਾ ਨੇ ਦੱਸਿਆ ਕਿ ਉਹ ਮੌਤ ਦਾ ਸਾਲ ਪੂਰਾ ਹੋਣ ਤੋਂ ਦੋ ਮਹੀਨੇ ਪਹਿਲਾਂ ਬਰਸੀ ਮਨਾਂ ਰਹੇ ਹਾਂ। ਬਰਸੀ ਸਮਾਗਮ 19 ਮਾਰਚ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਹੋਵੇਗਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
![](https://static.jagbani.com/jb2017/images/bbc-footer.png)
ਅਕਾਲੀ ਫੂਲਾ ਸਿੰਘ ਕੌਣ ਸਨ, ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਸੁਣਾਈ ਸੀ ਕੋਹੜੇ ਮਾਰਨ ਦੀ ਸਜ਼ਾ
NEXT STORY