8 ਸਾਲ ਦੇ ਸੁਬਾਮੇ ਨੇ ਪੁੱਛਿਆ, “ਪੱਥਰ ਯੁੱਗ ਵਿੱਚ ਮਨੁੱਖ ਕਿਵੇਂ ਗੱਲ ਕਰਦੇ ਸਨ?”
ਕਦੇ ਨਾ ਕਦੇ ਇਹ ਸਵਾਲ ਤੁਹਾਡੇ ਮਨ ਵਿੱਚ ਵੀ ਆਇਆ ਹੋਵੇਗਾ। ਸਮਝਦੇ ਹਾਂ ਕਿ ਕਿਵੇਂ ਹੋਇਆ ਸਾਡਾ ਵਿਕਾਸ ਤੇ ਕਿਵੇਂ ਅਸੀਂ ਗੱਲਾਂ ਕਰਨ ਲੱਗੇ।
ਪੱਥਰ ਯੁੱਗ ਬਹੁਤ ਪਹਿਲਾਂ ਦੇ ਅਤੀਤ ਦੇ ਇੱਕ ਸਮੇਂ ਨੂੰ ਦਰਸਾਉਂਦਾ ਹੈ। ਇਹ ਲਗਭਗ 30 ਲੱਖ ਸਾਲ ਪਹਿਲਾਂ ਸ਼ੁਰੂ ਹੋਇਆ ਅਤੇ ਲਗਭਗ 40,000 ਸਾਲ ਪਹਿਲਾਂ ਤੱਕ ਚੱਲਿਆ।
ਇਸ ਨੂੰ ਪੱਥਰ ਯੁੱਗ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਦੌਰਾਨ ਸਾਡੇ ਪੂਰਵਜਾਂ ਨੇ ਪੱਥਰਾਂ ਨਾਲ ਆਪਣੇ ਔਜ਼ਾਰ ਬਣਾਉਣੇ ਸ਼ੁਰੂ ਕੀਤੇ ਸਨ।
ਸਾਡੇ ਵਰਗੀ ਮਨੁੱਖ ਪ੍ਰਜਾਤੀ ਹੋਮੋ ਸੇਪੀਅਨਜ਼ ਪੱਥਰ ਯੁੱਗ ਦੀ ਸ਼ੁਰੂਆਤ ਤੋਂ ਬਹੁਤ ਬਾਅਦ ਤੇ ਹੁਣ ਤੋਂ ਕਰੀਬ ਦੋ ਲੱਖ ਸਾਲ ਪਹਿਲਾਂ ਹੀ ਦਿਖਾਈ ਦਿੱਤੀ ਸੀ।
ਪੱਥਰ ਯੁੱਗ ਉਦੋਂ ਸ਼ੁਰੂ ਹੋਇਆ ਜਦੋਂ ਬਣਮਾਨਸ ਦੀਆਂ ਵੱਖ-ਵੱਖ ਪ੍ਰਜਾਤੀਆਂ ਨੇ ਚੱਟਾਨਾਂ ਦੇ ਵੱਡੇ ਟੁਕੜਿਆਂ ਤੋਂ ਪੱਥਰ ਦੇ ਤਿੱਖੇ ਟੁਕੜਿਆਂ ਨੂੰ ਕੱਟ ਕੇ ਸਧਾਰਨ ਔਜ਼ਾਰ ਬਣਾਉਣੇ ਸ਼ੁਰੂ ਕੀਤੇ।
ਬਣਮਾਨਸ ਜਦੋਂ ਤੁਰਦੇ ਸਨ ਤਾਂ ਇਹ ਅੰਸ਼ਕ ਤੌਰ ''ਤੇ ਸਿੱਧੇ ਖੜ੍ਹੇ ਹੁੰਦੇ ਸਨ। ਇਸ ਦਾ ਮਤਲਬ ਸੀ ਕਿ ਉਨ੍ਹਾਂ ਦੇ ਹੱਥ ਕੰਮ ਕਰਨ ਲਈ ਵਿਹਲੇ ਸਨ, ਜਿਵੇਂ ਕਿ ਔਜ਼ਾਰ ਬਣਾਉਣ ਲਈ।
ਇਨ੍ਹਾਂ ਮੁੱਢਲੇ ਬਣਮਾਨਸ ਦੇ ਦਿਮਾਗ ਚਿੰਪਾਂਜ਼ੀ ਵਾਂਗ ਛੋਟੇ ਸਨ ਅਤੇ ਉਹ ਬੋਲਦੇ ਨਹੀਂ ਸਨ।
ਹੋਰ ਸਿੱਧੇ ਤੁਰਨ ਵਾਲੇ ਬਣਮਾਨਸ ਦੀਆਂ ਪ੍ਰਜਾਤੀਆਂ ਪੱਥਰ ਯੁੱਗ ਵਿੱਚ ਬਾਅਦ ਵਿੱਚ ਆਈਆਂ। ਉਨ੍ਹਾਂ ਨੂੰ ਹੋਮੋ ਹੈਬਿਲਿਸ (‘ਹੈਂਡੀ’ ਮੈਨ) ਜਾਂ ਹੋਮੋ ਈਰੈਕਟਸ (ਸਿੱਧੇਆਦਮੀ) ਨਾਮ ਦਿੱਤੇ ਗਏ ਹਨ।
ਇਹ ਪ੍ਰਜਾਤੀਆਂ ਸਾਡੇ ਵਰਗੇ ਮਨੁੱਖ ਦੇ ਹੋਂਦ ਵਿੱਚ ਆਉਣ ਤੋਂ ਬਹੁਤ ਪਹਿਲਾਂ 10 ਤੋਂ 20 ਲੱਖ ਸਾਲ ਪਹਿਲਾਂ ਅਫ਼ਰੀਕਾ ਵਿੱਚ ਰਹਿੰਦੀਆਂ ਸਨ।
ਉਨ੍ਹਾਂ ਦੇ ਦਿਮਾਗ ਪਹਿਲੇ ਸਿੱਧੇ ਤੁਰਨ ਵਾਲੇ ਬਣਮਾਨਸ ਨਾਲੋਂ ਵੱਡੇ ਸਨ, ਪਰ ਉਨ੍ਹਾਂ ਦੇ ਦਿਮਾਗ ਅਜੇ ਵੀ ਸਾਡੇ ਨਾਲੋਂ ਛੋਟੇ ਸਨ। ਉਹ ਸਾਡੇ ਜਿੰਨੇ ਹੁਸ਼ਿਆਰ ਨਹੀਂ ਸਨ ਅਤੇ ਨਾ ਹੀ ਉਹ ਗੱਲ ਕਰ ਸਕਦੇ ਸਨ। ਭਾਵੇਂ ਉਹ ਆਵਾਜ਼ਾਂ ਕੱਢ ਲੈਂਦੇ ਹੋਣ।
ਲਗਭਗ ਚਾਰ ਲੱਖ ਸਾਲ ਪਹਿਲਾਂ, ਤਿੰਨ ਪ੍ਰਜਾਤੀਆਂ ਜਿਨ੍ਹਾਂ ਦੇ ਦਿਮਾਗ ਪਹਿਲੇ ਸਿੱਧੇ ਤੁਰਨ ਵਾਲੇ ਬਣਮਾਨਸ ਨਾਲੋਂ ਬਹੁਤ ਵੱਡੇ ਸਨ। ਉਹ ਤਿੰਨੋਂ ਲਗਭਗ ਸਮਕਾਲੀ ਸਨ ਯਾਨੀ ਇੱਕ ਹੀ ਸਮੇਂ ਵਿੱਚ ਮੌਜੂਦ ਸਨ।
ਇਨ੍ਹਾਂ ਨੂੰ ਨਿਆਂਡਰਥਲ, ਡੇਨੀਸੋਵੰਸ ਅਤੇ ਸਾਡੇ ਪੂਰਵਜ ਯਾਨੀ ਸਾਡੀ ਸ਼ੁਰੂਆਤੀ ਪ੍ਰਜਾਤੀ ਹੋਮੋ ਸੇਪੀਅਨਜ਼ ਕਿਹਾ ਜਾਂਦਾ ਸੀ।
ਨਿਆਂਡਰਥਲ ਅਤੇ ਡੇਨੀਸੋਵੰਸ ਅਫ਼ਰੀਕਾ ਤੋਂ ਬਾਹਰ ਯੂਰੇਸ਼ੀਆ ਵਜੋਂ ਜਾਣੇ ਜਾਂਦੇ ਦੁਨੀਆ ਦੇ ਹਿੱਸੇ ਵਿੱਚ ਰਹਿੰਦੇ ਸਨ, ਜਿਸ ਵਿੱਚ ਯੂਰਪ ਵੀ ਸ਼ਾਮਲ ਹੈ।
ਡੇਨੀਸੋਵੰਸਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ, ਪਰ ਲਗਭਗ ਇੱਕ ਲੱਖ ਸਾਲ ਪਹਿਲਾਂ, ਨਿਆਂਡਰਥਲ ਕੋਲ ਪੱਥਰ ਦੇ ਬਣੇ ਔਜ਼ਾਰਾਂ ਤੋਂ ਇਲਾਵਾ, ਹਿਰਨ ਵਰਗੇ ਜਾਨਵਰਾਂ ਦੀਆਂ ਹੱਡੀਆਂ ਤੋਂ ਬਣੇ ਲੱਕੜ ਦੇ ਬਰਛੇ ਅਤੇ ਕੁਝ ਸਧਾਰਨ ਔਜ਼ਾਰ ਸਨ।
ਕੁਝ ਲੋਕ ਸੋਚਦੇ ਹਨ ਕਿ ਉਨ੍ਹਾਂ ਦੇ ਵੱਡੇ ਦਿਮਾਗ ਅਤੇ ਪੱਥਰ ਤੋਂ ਇਲਾਵਾ ਹੋਰ ਔਜ਼ਾਰ ਬਣਾਉਣ ਦੀ ਉਨ੍ਹਾਂ ਦੀ ਯੋਗਤਾ ਕਾਰਨ ਨਿਆਂਡਰਥਲ ਬੋਲ ਸਕਦੇ ਸਨ। ਪਰ ਇਹ ਸਿਰਫ਼ ਇੱਕ ਅੰਦਾਜ਼ਾ ਹੈ। ਲਗਭਗ 40,000 ਸਾਲ ਪਹਿਲਾਂ ਨਿਆਂਡਰਥਲ ਦੇ ਆਖ਼ਰੀ ਵੰਸ਼ ਖਤਮ ਹੋ ਗਏ ਸਨ।
ਸਾਡੇ ਵਰਗੇ ਲੋਕ
ਪਹਿਲੇ ਮਨੁੱਖ ਅਫ਼ਰੀਕਾ ਵਿੱਚ ਰਹਿੰਦੇ ਸਨ। ਲਗਭਗ ਦੋ ਲੱਖ ਸਾਲ ਪਹਿਲਾਂ, ਸ਼ੁਰੂਆਤੀ ਹੋਮੋ ਸੇਪੀਅਨਜ਼ ਉਸ ਰੂਪ ਵਿੱਚ ਵਿਕਸਤ ਹੋ ਗਏ ਸਨ ਜਿਸ ਨੂੰ ਅਸੀਂ ਹੁਣ ਆਧੁਨਿਕ ਮਨੁੱਖ ਕਹਿੰਦੇ ਹਾਂ।
ਇਹ ਆਧੁਨਿਕ ਮਨੁੱਖ ਓਨੇ ਹੀ ਬੁੱਧੀਮਾਨ ਸਨ ਜਿੰਨੇ ਕਿ ਅੱਜ ਅਸੀਂ ਹਾਂ। ਉਹ ਸਾਡੇ ਅੱਜ ਵਾਂਗ ਹੀ ਭਾਸ਼ਾ ਦੀ ਵਰਤੋਂ ਕਰਕੇ ਬੋਲ ਸਕਦੇ ਸਨ।
‘ਹੋਮੋ ਸੇਪੀਅਨਜ਼’ ਦਾ ਅਰਥ ਹੈ ‘ਬੁੱਧੀਮਾਨ ਮਨੁੱਖ’।
ਬਾਅਦ ਵਿੱਚ ਪੱਥਰ ਯੁੱਗ ਵਿੱਚ ਲਗਭਗ 60,000 ਸਾਲ ਪਹਿਲਾਂ ਲੋਕ ਅਫ਼ਰੀਕਾ ਤੋਂ ਬਾਹਰ ਚਲੇ ਗਏ ਅਤੇ ਅੰਤ ਵਿੱਚ ਬਾਕੀ ਦੁਨੀਆ ਵਿੱਚ ਫੈਲ ਗਏ।
ਪਹਿਲਾਂ-ਪਹਿਲਾਂ ਤਾਂ ਸਾਡੇ ਪੂਰਵਜ ਹੋਮੋ ਸੇਪੀਅਨਜ਼ ਨੇ ਵੀ ਸਿਰਫ਼ ਪੱਥਰ ਦੇ ਔਜ਼ਾਰ ਹੀ ਬਣਾਏ ਸਨ, ਪਰ ਬੋਲਣ ਦੀ ਯੋਗਤਾ ਹੋਣ ਕਰਕੇ, ਉਨ੍ਹਾਂ ਨੇ ਸ਼ਾਇਦ ਇੱਕ ਦੂਜੇ ਨੂੰ ਸਿਖਾਉਣ (ਆਪਣੇ ਗਿਆਨ) ਲਈ ਆਪਣੀ ਭਾਸ਼ਾ ਦੀ ਵਰਤੋਂ ਕੀਤੀ।
ਸਮੇਂ ਦੇ ਨਾਲ ਉਨ੍ਹਾਂ ਨੇ ਪੱਥਰਾਂ, ਲੱਕੜ, ਹੱਡੀਆਂ ਅਤੇ ਚਮੜੇ ਤੋਂ ਵੱਖ-ਵੱਖ ਤਰ੍ਹਾਂ ਦੇ ਔਜ਼ਾਰ ਬਣਾਉਣੇ ਸਿੱਖ ਲਏ।
ਉਨ੍ਹਾਂ ਕੋਲ ਕੱਪੜੇ, ਜੁੱਤੀਆਂ ਅਤੇ ਰਹਿਣ ਲਈ ਥਾਂ ਸੀ। ਉਹ ਭੋਜਨ ਲਈ ਇਕੱਠੇ ਹੋ ਕੇ ਸ਼ਿਕਾਰ ਕਰਦੇ ਸਨ। 40,000 ਸਾਲ ਪਹਿਲਾਂ ਅਤੇ ਸੰਭਵ ਤੌਰ ''ਤੇ ਇਸ ਤੋਂ ਵੀ ਪਹਿਲਾਂ ਆਧੁਨਿਕ ਮਨੁੱਖਾਂ ਨੇ ਗੁਫਾ ਦੀਆਂ ਕੰਧਾਂ ''ਤੇ ਚਿੱਤਰ ਬਣਾਏ ਸਨ।
ਮੌਜੂਦਾ ਸਮੇਂ ਦੀ ਤੁਲਨਾ ਵਿੱਚ ਪੱਥਰ ਯੁੱਗ ਵਿੱਚ ਬਹੁਤ ਘੱਟ ਭਾਸ਼ਾਵਾਂ ਹੋਣਗੀਆਂ। ਪਰ ਜਿਹੜੀਆਂ ਭਾਸ਼ਾਵਾਂ ਮੌਜੂਦ ਸਨ ਉਹ ਸਾਡੀਆਂ ਆਧੁਨਿਕ ਭਾਸ਼ਾਵਾਂ ਵਰਗੀਆਂ ਹੀ ਹੋਣਗੀਆਂ।
ਲੋਕ ਨਾਂਵਾਂ ਅਤੇ ਕਿਰਿਆਵਾਂ ਦੇ ਨਾਲ ਵਾਕਾਂ ਵਿੱਚ ਬੋਲਦੇ ਹੋਣਗੇ, ਭਾਵੇਂ ਕਿ ਉਨ੍ਹਾਂ ਦੁਆਰਾ ਵਰਤੇ ਗਏ ਸ਼ਬਦ ਵੱਖਰੇ ਹੋਣਗੇ, ਜਿਵੇਂ ਕਿਹਾ ਜਾਂਦਾ ਹੈ ਕਿ ਜਾਪਾਨੀ ਸ਼ਬਦ ਅੰਗਰੇਜ਼ੀ ਜਾਂ ਫਰਾਂਸੀਸੀ ਸ਼ਬਦਾਂ ਤੋਂ ਵੱਖਰੇ ਹਨ।
ਵੱਖ-ਵੱਖ ਭਾਸ਼ਾਵਾਂ ਵਿਕਸਤ ਹੋਈਆਂ
ਕਬੀਲਿਆਂ ਵਿਚਕਾਰ ਭਾਸ਼ਾਵਾਂ ਵੱਖਰੀਆਂ ਹੋਣਗੀਆਂ। ਹੋ ਸਕਦਾ ਹੈ ਕਿ ਲੋਕਾਂ ਨੂੰ ਕਿਸੇ ਹੋਰ ਕਬੀਲੇ ਦੇ ਕਿਸੇ ਵਿਅਕਤੀ ਨਾਲ ਗੱਲ ਕਰਨ ਵਿੱਚ ਮੁਸ਼ਕਿਲ ਪੇਸ਼ ਆਈ ਹੋ ਸਕਦੀ ਹੈ। ਜਿਵੇਂ ਕਿ ਜਦੋਂ ਅਸੀਂ ਛੁੱਟੀਆਂ ਮਨਾਉਣ ਲਈ ਕਿਸੇ ਹੋਰ ਦੇਸ਼ ਜਾਂਦੇ ਹਾਂ, ਤਾਂ ਸਾਨੂੰ ਕਈ ਵਾਰ ਭਾਸ਼ਾ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ।
ਭਾਸ਼ਾਵਾਂ ਵਿੱਚ ਅੱਜ ਦੇ ਮੁਕਾਬਲੇ ਘੱਟ ਸ਼ਬਦ ਹੁੰਦੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਟੈਲੀਵਿਜ਼ਨ, ਕਾਰਾਂ ਜਾਂ ਕੰਪਿਊਟਰ ਵਰਗੀਆਂ ਚੀਜ਼ਾਂ ਲਈ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਸੀ।
ਪਰ ਸਾਡੇ ਵਾਂਗ ਦੋ ਲੱਖ ਸਾਲ ਪਹਿਲਾਂ ਦੇ ਆਧੁਨਿਕ ਮਨੁੱਖ ਨੇ ਚੀਜ਼ਾਂ ਦੀ ਗਿਣਤੀ ਕੀਤੀ ਹੋਵੇਗੀ। ਉਨ੍ਹਾਂ ਕੋਲ ‘ਮਾਂ’ ਅਤੇ ‘ਪਿਤਾ’ ਜਾਂ ‘ਭੈਣ’ ਅਤੇ ‘ਭਰਾ’ ਲਈ ਸ਼ਬਦ ਹੋਣਗੇ।
ਉਨ੍ਹਾਂ ਕੋਲ ਜਾਨਵਰਾਂ ਅਤੇ ਪੌਦਿਆਂ ਦੇ ਨਾਮ ਹੋਣਗੇ, ਉਹ ਯੋਜਨਾਵਾਂ ਬਣਾਉਣ ਦੇ ਯੋਗ ਹੋਣਗੇ, ‘ਕਿਰਪਾ ਕਰਕੇ’ ਅਤੇ ‘ਧੰਨਵਾਦ’ ਕਹਿਣ ਦੇ ਸਮਰੱਥ ਹੋਣਗੇ। ਉਨ੍ਹਾਂ ਨੇ ਇੱਕ ਦੂਜੇ ਦੇ ਨਾਮ ਰੱਖੇ ਹੋਣਗੇ।
ਸ਼ੁਰੂਆਤੀ ਆਧੁਨਿਕ ਮਨੁੱਖ ਨੇ ਸ਼ਾਇਦ ਅਜਿਹੀਆਂ ਹੀ ਕਈ ਚੀਜ਼ਾਂ ਬਾਰੇ ਗੱਲ ਕੀਤੀ ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਹਾਂ: ਕੀ ਖਾਣਾ ਹੈ, ਉਨ੍ਹਾਂ ਦੇ ਦੋਸਤ ਕੌਣ ਸਨ।
ਮਾਤਾ-ਪਿਤਾ ਆਪਣੇ ਬੱਚਿਆਂ ਬਾਰੇ ਗੱਲਾਂ ਕਰਦੇ ਹੋਣਗੇ ਅਤੇ ਬੱਚੇ ਇੱਕ ਦੂਜੇ ਨਾਲ ਖੇਡਦੇ ਹੋਣਗੇ। ਸ਼ਾਇਦ ਹਰ ਸਮੇਂ ਉਸ ਤਰ੍ਹਾਂ ਹੀ ਗੱਲਾਂ ਕਰਦੇ ਹੋਣਗੇ ਜਿਵੇਂ ਅੱਜ ਦੇ ਬੱਚੇ ਕਰਦੇ ਹਨ। ਉਹ ਇੱਕ ਦੂਜੇ ਲਈ ਗੀਤ ਵੀ ਗਾਉਂਦੇ ਹੋਣਗੇ।
ਉਹ ਪੱਥਰ ਯੁੱਗ ਦੇ ਲੋਕ ਹੋ ਸਕਦੇ ਹਨ, ਪਰ ਜਦੋਂ ਉਨ੍ਹਾਂ ਬਾਰੇ ਗੱਲ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹ ਆਧੁਨਿਕ ਸਨ।
ਮਾਰਕ ਪੇਗਲ ਯੂਨੀਵਰਸਿਟੀ ਆਫ ਰੀਡਿੰਗ, ਯੂਕੇ ਵਿੱਚ ਈਵੋਲੂਸ਼ਨਰੀ ਬਾਇਓਲੋਜੀ ਦੇ ਪ੍ਰੋਫੈਸਰ ਹਨ।
ਇਹ ਆਰਟੀਕਲ ‘ਦਿ ਕਨਵਰਸੇਸ਼ਨ’ ’ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਕ੍ਰਿਏਟਿਵ ਕਾਮਨਜ਼ ਲਾਇਸੈਂਸ ਤਹਿਤ ਇੱਥੇ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਹੈ।
ਕਿਊਰੀਅਸ ਕਿਡਜ਼, ‘ਦਿ ਕਨਵਰਸੇਸ਼ਨ’ ਦੀ ਇੱਕ ਸੀਰੀਜ਼ ਹੈ ਜਿੱਥੇ ਮਾਹਿਰ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਹਨ ਜੋ ਬੱਚੇ ਦੁਨੀਆ ਬਾਰੇ ਪੁੱਛਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

10 ਸਾਲ ਤੱਕ ਅੱਡ ਰਹਿਣ ਤੋਂ ਬਾਅਦ ਮਾਂ ਦੀ ਭਾਲ ਵਿੱਚ ਦੇਸ਼ ਛੱਡ ਕੇ ਭੱਜੀ ਧੀ ਦੀ ਕਹਾਣੀ
NEXT STORY