ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ''ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਅਸ਼ਰਫ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੂਬਾ ਪੁਲਿਸ ਨੇ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਦੇ ਕਤਲ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਮੁਤਾਬਕ, ਹਮਲਾਵਰ ਪੱਤਰਕਾਰ ਬਣ ਕੇ ਆਏ ਸਨ ਅਤੇ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਚ ਪੱਧਰੀ ਬੈਠਕ ਕੀਤੀ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਵੀ ਐਲਾਨ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਨੇ ਕਿਹਾ, "ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਅਸ਼ਰਫ ਨੂੰ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਡੀਕਲ ਲਈ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਇਹ ਘਟਨਾ ਵਾਪਰੀ ਹੈ।"
ਅਤੀਕ ਅਹਿਮਦ ਅਤੇ ਅਸ਼ਰਫ ਡਾਕਟਰੀ ਜਾਂਚ ਲਈ ਕੋਲਵਿਨ ਹਸਪਤਾਲ ਲਿਆਂਦਾ ਜਾ ਰਿਹਾ ਸੀ, ਜਦੋਂ ਇਹ ਹਮਲਾ ਹੋਇਆ।
ਪੱਤਰਕਾਰਾਂ ਦੇ ਰੂਪ ਵਿੱਚ ਆਏ ਹਮਲਾਵਰਾਂ ਨੇ ਹਸਪਤਾਲ ਦੇ ਬਿਲਕੁਲ ਨੇੜੇ ਪੁਲਿਸ ਦੇ ਘੇਰੇ ''ਚ ਚੱਲ ਰਹੇ ਅਤੀਕ ਅਤੇ ਅਸ਼ਰਫ ''ਤੇ ਨੇੜਿਓਂ ਗੋਲ਼ੀਆਂ ਚਲਾਈਆਂ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਧਾਰਮਿਕ ਨਾਅਰੇਬਾਜ਼ੀ ਕੀਤੀ।
ਰਮਿਤ ਸ਼ਰਮਾ ਅਨੁਸਾਰ, "ਪੱਤਰਕਾਰ ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਨਾਲ ਗੱਲ ਕਰ ਰਹੇ ਸਨ, ਇਸੇ ਦੌਰਾਨ ਪੱਤਰਕਾਰ ਬਣ ਕੇ ਆਏ ਹਮਲਾਵਰਾਂ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ। ਤਿੰਨੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਪੁਲਿਸ ਅਨੁਸਾਰ, ਇਸ ਘਟਨਾ ਵਿੱਚ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਅਤੇ ਇੱਕ ਪੱਤਰਕਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਹਮਲੇ ਤੋਂ ਬਾਅਦ ਪੁਲਿਸ ਨੇ ਹਸਪਤਾਲ ਦੇ ਆਲੇ-ਦੁਆਲੇ ਦੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ।
ਹਮਲਾਵਰ ਕੌਣ ਹਨ?
ਪੁਲਿਸ ਮੁਤਾਬਕ ਤਿੰਨ ਹਮਲਾਵਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲਾਵਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਹੋਰ ਜਾਣਕਾਰੀ ਦਿੱਤੀ ਜਾਵੇਗੀ।
ਦੋ ਦਿਨ ਪਹਿਲਾਂ ਪੁੱਤਰ ਦਾ ਐਨਕਾਊਂਟਰ
ਅਤੀਕ ਅਤੇ ਉਨ੍ਹਾਂ ਦੇ ਭਰਾ ''ਤੇ ਹੋਏ ਇਸ ਹਮਲੇ ਤੋਂ ਦੋ ਦਿਨ ਪਹਿਲਾਂ, ਵੀਰਵਾਰ ਨੂੰ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਉਨ੍ਹਾਂ ਦੇ ਸਾਥੀ ਗੁਲਾਮ ਮੁਹੰਮਦ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੁਆਰਾ ਕਥਿਤ ਤੌਰ ''ਤੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।
ਅਸਦ ਅਤੇ ਗੁਲਾਮ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਹੀ ਪ੍ਰਯਾਗਰਾਜ ''ਚ ਹੋਇਆ।
ਯੂਪੀ ਪੁਲਿਸ ਅਨੁਸਾਰ, ਉਮੇਸ਼ ਪਾਲ ਦੇ ਕਤਲ ਵਿੱਚ ਅਸਦ ਅਤੇ ਗੁਲਾਮ ਲੋੜੀਂਦੇ ਸਨ ਅਤੇ ਦੋਵਾਂ ''ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਅਤੀਕ ਅਹਿਮਦ ਅਤੇ ਪੁੱਤਰ ਅਸਦ ਬਾਰੇ ਮੁੱਖ ਗੱਲਾਂ
- 1979 ’ਚ ਅਤੀਕ ਅਹਿਮਦ ਖ਼ਿਲਾਫ਼ ਪਹਿਲਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।
- 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
- 25 ਜਨਵਰੀ, 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
- 24 ਫ਼ਰਵਰੀ, 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ।
- ਇਸ ਮਾਮਲੇ ਵਿੱਚ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
- 13 ਅਪ੍ਰੈਲ 2023 ਨੂੰ ਅਤੀਕ ਅਹਿਮਦ ਅਦਾਲਤ ’ਚ ਪੇਸ਼ੀ ਲਈ ਪਹੁੰਚੇ ਤੇ ਇਸੇ ਦੌਰਾਨ ਉਨ੍ਹਾਂ ਦੇ ਬੇਟੇ ਅਸਦ ਅਹਿਮਦ ਦੀ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।
- ਇਸ ਤੋਂ ਦੋ ਦਿਨ ਬਾਅਦ, 15 ਅਪ੍ਰੈਲ ਦੀ ਰਾਤ ਅਟੈਕ ਅਤੇ ਉਨ੍ਹਾਂ ਦੇ ਭਰਾ ਨੂੰ ਸਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਸਿਆਸੀ ਪ੍ਰਤੀਕਿਰਿਆਵਾਂ
ਅਤੀਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਅਸ਼ਰਫ ਨੂੰ ਪੁਲਿਸ ਸੁਰੱਖਿਆ ਵਿਚਕਾਰ ਪ੍ਰਯਾਗਰਾਜ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਪੁਲਿਸ ਨੇ ਅਜੇ ਤੱਕ ਅਤੀਕ ਅਤੇ ਅਸ਼ਰਫ ਦੇ ਕਤਲ ''ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਅਤੀਕ ਅਤੇ ਅਸ਼ਰਫ ਦਾ ਕਤਲ ਕੈਮਰੇ ''ਚ ਰਿਕਾਰਡ ਹੋ ਗਿਆ ਹੈ ਅਤੇ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਵੀਡੀਓ ''ਚ ਪੁਲਿਸ ਹਮਲਾਵਰਾਂ ''ਤੇ ਜਵਾਬੀ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਹੈ।
ਇਸ ਕਤਲੇਆਮ ''ਤੇ ਸਵਾਲ ਚੁੱਕਦੇ ਹੋਏ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵਿੱਟਰ ''ਤੇ ਲਿਖਿਆ, ''''ਉੱਤਰ ਪ੍ਰਦੇਸ਼ ''ਚ ਅਪਰਾਧ ਆਪਣੇ ਸਿਖਰ ''ਤੇ ਪਹੁੰਚ ਗਿਆ ਹੈ ਅਤੇ ਅਪਰਾਧੀਆਂ ਦਾ ਮਨੋਬਲ ਉੱਚਾ ਹੈ, ਜੇਕਰ ਪੁਲਿਸ ਦੇ ਸੁਰੱਖਿਆ ਘੇਰੇ ''ਚ ਸਰੇਆਮ ਗੋਲ਼ੀਆਂ ਮਾਰ ਕੇ ਕਿਸੇ ਦਾ ਕਤਲ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ? ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਕੁਝ ਲੋਕ ਜਾਣਬੁੱਝ ਕੇ ਅਜਿਹਾ ਮਾਹੌਲ ਬਣਾ ਰਹੇ ਹਨ।''''
ਦੂਜੇ ਪਾਸੇ, ਉੱਤਰ ਪ੍ਰਦੇਸ਼ ਸਰਕਾਰ ਦੇ ਜਲਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਨੇ ਇੱਕ ਟਵੀਟ ਵਿੱਚ ਲਿਖਿਆ ਹੈ, "ਪੁੰਨ ਅਤੇ ਪਾਪ ਦਾ ਹਿਸਾਬ ਇਸੇ ਜਨਮ ''ਚ ਹੁੰਦਾ ਹੈ...।''''
ਲੋਕ ਸਭਾ ਮੈਂਬਰ ਅਤੇ ਏਆਈਐਮਆਈਐਮ ਆਗੂ ਅਸਦੁਦੀਨ ਓਵੈਸੀ ਨੇ ਵੀ ਯੂਪੀ ਸਰਕਾਰ ਨੂੰ ਨਿਸ਼ਾਨੇ ''ਤੇ ਲਿਆ ਹੈ।
ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, "ਐਨਕਾਊਂਟਰ ਰਾਜ ਦਾ ਜਸ਼ਨ ਮਨਾਉਣ ਵਾਲੇ ਵੀ ਇਸ ਕਤਲ ਦੇ ਜ਼ਿੰਮੇਵਾਰ ਹਨ।"
ਅਤੀਕ ਅਹਿਮਦ: 100 ਤੋਂ ਵੀ ਵੱਧ ਮੁਕੱਦਮੇ
ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ’ਚ ਨਜ਼ਰਬੰਦ ਰੱਖਿਆ ਗਿਆ ਸੀ ਅਤੇ ਉਨ੍ਹਾਂ ਖਿਲਾਫ਼ ਐੱਮਪੀਐੱਮਐੱਲਏ ਅਦਾਲਤ ’ਚ ਚੱਲ ਰਹੇ 50 ਤੋਂ ਵੱਧ ਮਾਮਲਿਆਂ ਦੀ ਕਾਰਵਾਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾ ਰਹੀ ਸੀ।
ਪਰ ਅਤੀਕ ਅਹਿਮਦ ਦੇ ਅਪਰਾਧਿਕ ਇਤਿਹਾਸ ’ਚ 100 ਤੋਂ ਵੀ ਵੱਧ ਮਾਮਲੇ ਦਰਜ ਹਨ।
ਪ੍ਰਯਾਗਰਾਜ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ, ਅਤੀਕ ਅਹਿਮਦ ਖਿਲਾਫ਼ 1996 ਤੋਂ ਹੁਣ ਤੱਕ 50 ਮਾਮਲੇ ਵਿਚਾਰ ਅਧੀਨ ਸਨ।
ਸਰਕਾਰੀ ਧਿਰ ਦਾ ਕਹਿਣਾ ਹੈ ਕਿ 12 ਮੁਕੱਦਮਿਆਂ ’ਚ ਅਤੀਕ ਅਤੇ ਉਨ੍ਹਾਂ ਦੇ ਭਰਾ ਅਸ਼ਰਫ਼ ਦੇ ਵਕੀਲਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਸ ਕਰਕੇ ਮਾਮਲੇ ’ਚ ਇਲਜ਼ਾਮ ਤੈਅ ਨਹੀਂ ਹੋ ਪਾਏ।
ਅਤੀਕ ਅਹਿਮਦ ਬਸਪਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮੁੱਖ ਦੋਸ਼ੀ ਸਨ। ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਸੀ। ਪਰ 15 ਅਪ੍ਰੈਲ ਦੀ ਰਾਤ ਅਤੀਕ ਅਤੇ ਉਨ੍ਹਾਂ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਸਾਲ 28 ਮਾਰਚ ਨੂੰ ਪ੍ਰਯਾਗਰਾਜ ਦੀ ਐੱਮਪੀਐੱਮਐੱਲਏ ਅਦਾਲਤ ਨੇ ਅਤੀਕ ਅਹਿਮਦ ਨੂੰ 2006 ’ਚ ਉਮੇਸ਼ ਪਾਲ ਨੂੰ ਅਗਵਾ ਕਰਨ ਦੇ ਇਲਜ਼ਾਮ ’ਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਉਮੇਸ਼ ਪਾਲ, ਰਾਜੂ ਪਾਲ ਕਤਲ ਮਾਮਲੇ ਦੇ ਸ਼ੁਰੂਆਤੀ ਗਵਾਹ ਸਨ, ਪਰ ਬਾਅਦ ’ਚ ਮਾਮਲੇ ਦੀ ਜਾਂਚ ਸੰਭਾਲ ਰਹੀ ਸੀਬੀਆਈ ਨੇ ਉਨ੍ਹਾਂ ਨੂੰ ਗਵਾਹ ਨਹੀਂ ਬਣਾਇਆ ਸੀ।
ਅਤੀਕ ਦੇ ਭਰਾ ਖਿਲਾਫ ਮੁਕੱਦਮੇ
ਅਤੀਕ ਦੇ ਭਰਾ ਅਸ਼ਰਫ ਉਰਫ਼ ਖਾਲਿਦ ਆਜ਼ਮੀ ਦੇ ਖਿਲਾਫ਼ 52 ਮੁਕੱਦਮੇ ਦਰਜ ਸਨ। ਇਨ੍ਹਾਂ ’ਚ ਕਤਲ, ਕਤਲ ਦੀ ਕੋਸ਼ਿਸ਼, ਦੰਗਾ ਭੜਕਾਉਣ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਸਨ।
ਤੁਹਾਨੂੰ ਦੱਸ ਦੇਈਏ ਕਿ ਅਸ਼ਰਫ ਨੂੰ ਉਮੇਸ਼ ਪਾਲ ਦੇ ਕਤਲ ਮਾਮਲੇ ’ਚ ਵੀ ਦੋਸ਼ੀ ਬਣਾਇਆ ਗਿਆ ਸੀ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਮੇਸ਼ ਪਾਲ ਦੇ ਅਗਵਾ ਮਾਮਲੇ ਦੇ ਫੈਸਲੇ ’ਚ ਅਸ਼ਰਫ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਸੀ। ਇਸੇ ਮਾਮਲੇ ’ਚ ਅਤੀਕ ਅਹਿਮਦ ਅਤੇ ਦੋ ਹੋਰਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ 6 ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਸੀ।
ਅਸ਼ਰਫ ਬਸਪਾ ਵਿਧਾਇਕ ਰਾਜੂ ਪਾਲ ਦੇ ਸਾਲ 2005 ’ਚ ਹੋਏ ਕਤਲ ਦੇ ਵੀ ਮੁਲਜ਼ਮ ਸਨ ਅਤੇ ਇਹ ਮਾਮਲਾ ਲਖਨਊ ਦੀ ਸੀਬੀਆਈ ਅਦਾਲਤ ’ਚ ਚੱਲ ਰਿਹਾ ਸੀ।
ਅਸ਼ਰਫ ਨੂੰ ਬਰੇਲੀ ਜੇਲ੍ਹ ’ਚ ਰੱਖਿਆ ਗਿਆ ਸੀ ਅਤੇ ਪੇਸ਼ੀ ਦੇ ਲਈ ਉਨ੍ਹਾਂ ਨੂੰ ਪ੍ਰਯਾਗਰਾਜ ਲਿਆਇਆ ਜਾਂਦਾ ਸੀ।

ਪੁਲਵਾਮਾ ਹਮਲੇ ਤੇ ਮੋਦੀ ਸਰਕਾਰ ਬਾਰੇ ਸਤਿਆਪਾਲ ਮਲਿਕ ਦੇ ਦਾਅਵਿਆਂ ’ਤੇ ਕੌਣ ਕੀ-ਕੀ ਕਹਿ ਰਿਹਾ ਹੈ
NEXT STORY