ਜੰਮੂ ਤੇ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਜਾਣੇ-ਪਛਾਣੇ ਪੱਤਰਕਾਰ ਕਰਣ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ 2019 ਦੇ ਪੁਲਵਾਮਾ ਹਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ 2019 ਵਿੱਚ ਕਸ਼ਮੀਰ ਦੇ ਪੁਲਵਾਮਾ ’ਚ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਹੋਇਆ ਹਮਲਾ ਸਿਸਟਮ ਦੀ ‘ਅਸਮਰੱਥਾ’ ਅਤੇ ‘ਲਾਪਰਵਾਹੀ’ ਦਾ ਨਤੀਜਾ ਸੀ।
ਉਨ੍ਹਾਂ ਨੇ ਇਸ ਲਈ ਸੀਆਰਪੀਐੱਫ਼ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਖ਼ਾਸ ਤੌਰ ਉੱਤੇ ਜ਼ਿੰਮੇਵਾਰ ਦੱਸਿਆ, ਉਸ ਸਮੇਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ।
ਉਧਰ ਸਤਿਆਪਾਲ ਮਲਿਕ ਦੇ ਇਲਜ਼ਾਮ ਨੂੰ ਭਾਜਪਾ ਨੇ ਰੱਦ ਕੀਤਾ ਹੈ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਉੱਤੇ ਭਾਜਪਾ ਵੱਲੋਂ ਸਵਾਲ ਚੁੱਕੇ ਗਏ ਹਨ।
ਮਲਿਕ ਨੇ ਕਿਹਾ ਕਿ ਸੀਆਰਪੀਐੱਫ਼ ਨੇ ਸਰਕਾਰ ਤੋਂ ਆਪਣੇ ਜਵਾਨਾਂ ਨੂੰ ਲੈ ਜਾਣ ਲਈ ਜਹਾਜ਼ ਉਪਲਬਧ ਕਰਵਾਉਣ ਦੀ ਮੰਗ ਕੀਤੀ ਸੀ, ਪਰ ਗ੍ਰਹਿ ਮੰਤਰਾਲੇ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਸੀਆਰਪੀਐੱਫ਼ ਦਾ ਕਾਫ਼ਲਾ ਜਾਂਦੇ ਸਮੇਂ ਰਾਹ ਦੀ ਸਹੀ ਢੰਗ ਨਾਲ ਸੁਰੱਖਿਆ ਜਾਂਚ ਨਾ ਕਰਵਾਉਣ ਦਾ ਵੀ ਇਲਜ਼ਾਮ ਸਰਕਾਰ ਉੱਤੇ ਲਗਾਇਆ ਹੈ।
ਮਲਿਕ ਨੇ ਭ੍ਰਿਸ਼ਟਾਚਾਰ ਦੇ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ‘ਜ਼ੀਰੋ ਟੌਲਰੇਂਸ’ ਨੀਤੀ ਉੱਤੇ ਵੀ ਗੰਭੀਰ ਸਵਾਲ ਚੁੱਕਦਿਆਂ ਦਾਅਵਾ ਕੀਤਾ ਕਿ ਪੀਐੱਮ ਨੂੰ ਭ੍ਰਿਸ਼ਟਾਚਾਰ ਨਾਲ ਬਹੁਤ ਨਫ਼ਰਤ ਨਹੀਂ ਹੈ।
ਨਿਊਜ਼ ਪੋਰਟਲ ‘ਦਿ ਵਾਇਰ’ ਨੂੰ ਦਿੱਤੇ ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਧਾਰਾ 370 ਦੇ ਖ਼ਾਤਮੇ ਅਤੇ ਭਾਜਪਾ ਆਗੂ ਰਾਮ ਮਾਧਵ ਨਾਲ ਜੁੜੇ ਵਿਵਾਦਾਂ ਉੱਤੇ ਵੀ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ।
ਸਤਿਆਪਾਲ ਮਲਿਕ ਨਾਲ ਜੁੜਿਆ ਵਿਵਾਦ, ਭਾਜਪਾ ਦੀ ਪ੍ਰਤੀਕਿਰਿਆ
- ਜੰਮੂ ਤੇ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਪੁਲਵਾਮਾ ਹਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਈ ਦਾਅਵੇ ਕੀਤੇ ਹਨ।
- ਉਨ੍ਹਾਂ ਨੇ ਇਸ ਲਈ ਸੀਆਰਪੀਐੱਫ਼ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਖ਼ਾਸ ਤੌਰ ਉੱਤੇ ਜ਼ਿੰਮੇਵਾਰ ਦੱਸਿਆ, ਉਸ ਸਮੇਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ।
- ਮਲਿਕ ਦੇ ਇਲਜ਼ਾਮ ਨੂੰ ਭਾਜਪਾ ਨੇ ਰੱਦ ਕੀਤਾ ਹੈ।
- ਮਲਿਕ ਨੇ ਦਾਅਵਾ ਕੀਤਾ ਕਿ ਪੀਐੱਮ ਮੋਦੀ ਨੇ ਪੁਲਵਾਮਾ ਹਮਲੇ ਉੱਤੇ ਉਨ੍ਹਾਂ ਨੂੰ ਚੁੱਪ ਰਹਿਣ ਅਤੇ ਕਿਸੇ ਨੂੰ ਕੁਝ ਨਾ ਬੋਲਣ ਨੂੰ ਕਿਹਾ।
- ਮਲਿਕ ਦੇ ਖ਼ੁਲਾਸਿਆਂ ਤੋਂ ਬਾਅਦ ਵੱਖ-ਵੱਖ ਵਿਰੋਧ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ।
- ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸਤਿਆਪਾਲ ਮਲਿਕ ਬਾਰੇ ਕਿਹਾ ਕਿ ਸਤਿਆਪਾਲ ਮਲਿਕ ਸਵੀਕਾਰ ਕਰ ਰਹੇ ਹਨ ਕਿ ਪੀਐੱਮ ਨਰਿੰਦਰ ਮੋਦੀ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਹੀਆਂ ਗੱਲਾਂ ਨੂੰ ਲੈ ਕੇ ਉਨ੍ਹਾਂ ਨੇ ਝੂਠ ਬੋਲਿਆ ਅਤੇ ਆਧਾਰਹੀਨ ਕਹਾਣੀਆਂ ਘੜ੍ਹੀਆਂ।
‘ਪੀਐੱਮ ਮੋਦੀ ਅੱਗੇ ਮਾਮਲੇ ਨੂੰ ਚੁੱਕਿਆ ਸੀ’
ਸਤਿਆਪਾਲ ਮਲਿਕ ਨੇ ਦਾਅਵਾ ਕੀਤਾ ਕਿ ਪੀਐੱਮ ਮੋਦੀ ਨੇ ਇਸ ਹਮਲੇ ਤੋਂ ਬਾਅਦ ਜਿਮ ਕੌਰਬੇਟ ਪਾਰਕ ਤੋਂ ਜਦੋਂ ਉਨ੍ਹਾਂ ਨੂੰ ਕਾਲ ਕੀਤੀ ਤਾਂ ਇਨ੍ਹਾਂ ਮਸਲਿਆਂ ਨੂੰ ਉਨ੍ਹਾਂ ਦੇ ਸਾਹਮਣੇ ਚੁੱਕਿਆ। ਉਨ੍ਹਾਂ ਮੁਤਾਬਕ ਇਸ ਉੱਤੇ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਚੁੱਪ ਰਹਿਣ ਅਤੇ ਕਿਸੇ ਨੂੰ ਕੁਝ ਨਾ ਬੋਲਣ ਨੂੰ ਕਿਹਾ।
ਮਲਿਕ ਨੇ ਦੱਸਿਆ ਕਿ ਇਹੀ ਗੱਲ ਐੱਨਐੱਸਏ ਅਜੀਤ ਡੋਭਾਲ ਨੇ ਵੀ ਉਨ੍ਹਾਂ ਨੂੰ ਕਹੀ।
ਇਸ ਇੰਟਰਵਿਊ ਵਿੱਚ ਮਲਿਕ ਨੇ ਦੱਸਿਆ ਕਿ ਉਦੋਂ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਸਰਕਾਰ ਦਾ ਇਰਾਦਾ ਇਸ ਹਮਲੇ ਦਾ ਠੀਕਰਾ ਪਾਕਿਸਤਾਨ ਉੱਤੇ ਭੰਨ੍ਹ ਕੇ ਚੋਣਾਂ ਵਿੱਚ ਲਾਭ ਲੈਣਾ ਹੈ।
ਮਲਿਕ ਨੇ ਇਸ ਹਮਲੇ ਲਈ ਖ਼ੁਫ਼ੀਆ ਏਜੰਸੀਆਂ ਦੀ ਅਸਫ਼ਲਤਾ ਨੂੰ ਵੀ ਜ਼ਿੰਮੇਵਾਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਤੋਂ 300 ਕਿੱਲੋ ਆਰਡੀਐੱਕਸ ਲੈਕੇ ਆਇਆ ਕੋਈ ਟਰੱਕ 10 ਤੋਂ 15 ਦਿਨਾਂ ਤੱਕ ਜੰਮੂ ਤੇ ਕਸ਼ਮੀਰ ਵਿੱਚ ਘੁੰਮਦਾ ਰਿਹਾ, ਪਰ ਇੰਟੈਲਿਜੈਂਸ ਨੂੰ ਇਸ ਦੀ ਭਨਕ ਤੱਕ ਨਹੀਂ ਲੱਗੀ।
ਉਨ੍ਹਾਂ ਨੇ ਪੀਐੱਮ ਮੋਦੀ ਉੱਤੇ ਜੰਮੂ ਅਤੇ ਕਸ਼ਮੀਰ ਬਾਰੇ ‘ਅਨਜਾਣ’ ਰਹਿਣ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਸੂਬੇ ਬਾਰੇ ਗ਼ਲਤ ਜਾਣਕਾਰੀਆਂ ਹਨ। ਸੂਬੇ ਦਾ ਖ਼ਾਸ ਦਰਜਾ ਖ਼ਾਰਿਜ ਕਰਨ ਨੂੰ ਉਨ੍ਹਾਂ ਨੇ ਇੱਕ ਗ਼ਲਤੀ ਕਰਾਰ ਦਿੱਤਾ ਹੈ।
ਸਤਿਆਪਾਲ ਮਲਿਕ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਿਰੋਧੀ ਧਿਰਾਂ ਦੇ ਨਾਲ ਕਈ ਹੋਰ ਲੋਕ ਵੀ ਸਵਾਲ ਖੜ੍ਹੇ ਕਰਦੇ ਹੋਏ ਇਸ ਇੰਟਰਵਿਊ ਦੇ ਕਲਿੱਪ ਟਵੀਟ ਕਰ ਰਹੇ ਹਨ।
ਟਵਿੱਟਰ ਉੱਤੇ ਇਸ ਨਾਲ ਜੁੜੇ ਕਈ ਹੈਸ਼ਟੈਗ ਟਰੈਂਡ ਕਰ ਰਹੇ ਹਨ।
ਕਾਂਗਰਸ ਨੇ ਕੀ ਕਿਹਾ
ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤੇ ਟਵੀਟ ਵਿੱਚ ਪੀਐੱਮ ਮੋਦੀ ਉੱਤੇ ਇਲਜ਼ਾਮ ਲਗਾਇਆ ਹੈ ਕਿ ਪੁਲਵਾਮਾ ਹਮਲਾ ਅਤੇ ਉਸ ਵਿੱਚ 40 ਜਾਂਬਾਜ਼ਾਂ ਦੀ ਸ਼ਹਾਦਤ ਸਰਕਾਰ ਦੀ ਗ਼ਲਤੀ ਨਾਲ ਹੋਈ।
ਇਸ ਟਵੀਟ ਮੁਤਾਬਕ, ‘‘ਨਰਿੰਦਰ ਮੋਦੀ ਜੀ, ਪੁਲਵਾਮਾ ਹਮਲੇ ਅਤੇ ਉਸ ਵਿੱਚ 30 ਜਾਂਬਾਜ਼ਾਂ ਦੀ ਸ਼ਹਾਦਤ ਤੁਹਾਡੀ ਸਰਕਾਰ ਦੀ ਗ਼ਲਤੀ ਨਾਲ ਹੋਈ। ਜੇ ਸਾਡੇ ਜਵਾਨਾਂ ਨੂੰ ਏਅਰਕ੍ਰਾਫ਼ਟ ਮਿਲ ਜਾਂਦਾ ਤਾਂ ਆਤੰਕੀ ਸਾਜ਼ਿਸ਼ ਨਾਕਾਮ ਹੋ ਜਾਂਦੀ।”
“ਤੁਸੀਂ ਤਾਂ ਇਸ ਗ਼ਲਤੀ ਲਈ ਐਕਸ਼ਨ ਲੈਣਾ ਸੀ ਅਤੇ ਤੁਸੀਂ ਨਾ ਸਿਰਫ਼ ਇਸ ਗੱਲ ਨੂੰ ਦੱਬਿਆ ਪਰ ਆਪਣਾ ਅਕਸ ਬਚਾਉਣ ਵਿੱਚ ਲੱਗ ਗਏ। ਪੁਲਵਾਮਾ ਉੱਤੇ ਸਤਿਆਪਾਲ ਮਲਿਕ ਦੀ ਗੱਲ ਸੁਣਕੇ ਦੇਸ਼ ਸਦਮੇ ਵਿੱਚ ਹੈ।’’
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ‘‘ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਜੀ ਦੇ ਖ਼ੁਲਾਸਿਆਂ ਤੋਂ ਅਜਿਹੀ ਲੱਗਦਾ ਹੈ ਕਿ ਮੋਦੀ ਜੀ ਨੂੰ ‘ਰਾਸ਼ਟਰ ਹਾਨੀ’ ਤੋਂ ਉੰਨਾਂ ਡਰ ਨਹੀਂ ਜਿੰਨਾ ‘ਮਾਣਹਾਨੀ’ ਤੋਂ ਹੈ!’’
ਉਧਰ ਰਾਹੁਲ ਗਾਂਧੀ ਨੇ ਲਿਖਿਆ, ‘‘ਪ੍ਰਧਾਨ ਮੰਤਰੀ ਜੀ ਨੂੰ ਕਰਪਸ਼ਨ ਨਾਲ ਕੋਈ ਬਹੁਤ ਨਫ਼ਰਤ ਨਹੀਂ ਹੈ।’’
ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਟਵੀਟ ਵਿੱਚ ਲਿਖਿਆ, ‘‘ਮੈਂ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੀ ਕਰਨ ਥਾਪਰ ਨਾਲ ਬਹੁਤ ਸਾਵਾਧਾਨੀ ਨਾਲ ਹੋਈ ਗੱਲਬਾਤ ਦੇਖੀ। ਮਾਣਯੋਗ ਸਾਬਕਾ ਰਾਜਪਾਲ ਜੋ ਕਹਿ ਰਹੇ ਹਨ, ਜੇ ਉਹ ਸਹੀ ਹੈ ਤਾਂ ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਦੇਸ਼ ਦੇ ਬਾਹਰ ਇਸ ਦਾ ਬਹੁਤ ਖ਼ਰਾਬ ਅਸਰ ਹੋਵੇਗਾ।’’
ਆਮ ਆਦਮੀ ਪਾਰਟੀ ਨੇ ਟਵੀਟ ਕੀਤਾ, ‘‘ਮੋਦੀ ਜੀ, ਜੇ ਕੇਜਰੀਵਾਲ ਭ੍ਰਿਸ਼ਟਾਚਾਰੀ ਹੈ ਤਾਂ ਦੁਨੀਆਂ ਵਿੱਚ ਕੋਈ ਇਮਾਨਦਾਰ ਨਹੀਂ। ਸਤਿਆਪਾਲ ਮਲਿਕ ਜੀ ਨੇ ਜੋ ਵੀ ਬੋਲਿਆ ਕਿ ਮੋਦੀ ਜੀ ਨੂੰ ਭ੍ਰਿਸ਼ਟਾਚਾਰ ਨਾਲ ਕੋਈ ਪਰਹੇਜ਼ ਨਹੀਂ ਹੈ। ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬਿਆ ਹੋਇਆ ਹੈ, ਉਸ ਲਈ ਭ੍ਰਿਸ਼ਟਾਚਾਰ ਕੀ ਮੁੱਦਾ ਹੋਵੇਗਾ।’’
ਜਾਣੀ-ਪਛਾਣੀ ਪੱਤਰਕਾਰ ਸਾਗਰਿਕਾ ਘੋਸ਼ ਨੇ ਟਵਿੱਟਰ ਉੱਤੇ ਲਿਖਿਆ, ‘‘ਜੰਮੂ ਤੇ ਕਸ਼ਮੀਰ ਦੇ ਅੰਤਿਮ ਰਾਜਪਾਲ ਸਤਿਆਪਾਲ ਮਲਿਕ ਨੇ ਜਨਤੱਕ ਤੌਰ ਉੱਤੇ ਸਵੀਕਾਰ ਕੀਤਾ ਹੈ ਕਿ ਕਈ ਲੋਕਾਂ ਨੇ ਨਿੱਜੀ ਤੌਰ ਉੱਤੇ ਕੀ ਕਿਹਾ...ਪੁਲਵਾਮਾ ਹਮਲਾ ਆਜ਼ਾਦ ਭਾਰਤ ਦੀ ਸ਼ਾਇਦ ਸਭ ਤੋਂ ਬੁਰੀ ਸੁਰੱਖਿਆ ਖ਼ਾਮੀ ਸੀ, ਜਿਸ ਵਿੱਚ ਸੀਆਰਪੀਐੱਫ਼ ਦੇ 40 ਬਹਾਦਰ ਜਵਾਨਾਂ ਦੀ ਮੌਤ ਹੋ ਗਈ।’’
ਮਹੁਆ ਮੋਇਤਰਾ ਨੇ ਲਿਖਿਆ, ‘‘ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਇੱਕ ਬਹੁਤ ਸਪੱਸ਼ਟ ਇੰਟਰਵਿਊ ਵਿੱਚ ਪੁਲਵਾਮਾ ਤੋਂ ਝੂਠ ਦਾ ਪਰਦਾ ਚੁੱਕਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਆਰਐੱਸਐੱਸ ਦਾ ਆਦਮੀ ਅਡਾਨੀ ਦੇ ਲਈ ਕਿਵੇਂ ਰਿਸ਼ਵਤ ਦਿੰਦਾ ਹੈ।’’
ਮੁੱਖ ਧਾਰਾ ਦੇ ਚੁਣਿੰਦਾ ਮੀਡੀਆ ਅਦਾਰਿਆਂ ਵਿੱਚ ਇਸ ਬਾਰੇ ਖ਼ਬਰ ਛਪੇ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਮੀਡੀਆ ਕਦੋਂ ਤੱਕ ਰੇਂਗਦਾ ਰਹੇਗਾ?
ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀਵੀ ਸ਼੍ਰੀਨਿਵਾਸ ਨੇ ਮੀਡੀਆ ਉੱਤੇ ਤੰਜ ਕਰਦਿਆਂ ਲਿਖਿਆ, ‘‘ਪੁਲਵਾਮਾ ਹਮਲੇ ਦੀ ਸੱਚਾਈ ਬਾਰੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਭਾਜਪਾ ਨੇਤਾ ਸਤਿਆਪਾਲ ਮਲਿਕ ਵੱਲੋਂ ਕੀਤੇ ਗਏ ਵੱਡੇ ਖ਼ੁਲਾਸੇ ਉੱਤੇ ਭਾਰਤ ਦੇ ਕਿੰਨੇ ਰਾਸ਼ਟਰਵਾਦੀ ਮੀਡੀਆ ਚੈਨਲ ਪ੍ਰਾਈਮ-ਟਾਈਮ ਵਿੱਚ ਬਹਿਸ ਕਰ ਰਹੇ ਹਨ? ਕੀ ਕੋਈ ਹੈ?’’
ਜਾਣੇ-ਪਛਾਣੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇਸ ਬਾਰੇ ਟਵੀਟ ਕੀਤਾ, ‘‘ਘਾਤਕ! ਜ਼ਰੂਰ ਦੇਖੋ! ਮੋਦੀ ਦੇ ਚੁਣੇ ਹੋਏ ਰਾਜਪਾਲ ਸਤਿਆਪਾਲ ਮਲਿਕ ਦਾ ਮੋਦੀ ਦੇ ਨਾਲ ਆਪਣੇ ਅਨੁਭਵ ਉੱਤੇ ਇੱਕ ਘਾਤਕ ਇੰਟਰਵਿਊ!’’
ਸਵੀਡਨ ਦੀ ਇੱਕ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਅਸ਼ੋਕ ਸਵੈਨ ਨੇ ਇਸ ਇੰਟਰਵਿਊ ਦੇ ਇੱਕ ਅੰਸ਼ ਨੂੰ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ, ‘‘ਦਸੰਬਰ 2018 ਵਿੱਚ ਮੈਂ ਭਵਿੱਖਬਾਣੀ ਕੀਤੀ ਸੀ ਕਿ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਭਾਰਤ ਨੂੰ ਪਾਕਿਸਤਾਨ ਦੇ ਖਿਲਾਫ਼ ਜੰਗ ਵਰਗੇ ਹਾਲਾਤ ਵਿੱਚ ਲੈ ਜਾਣਗੇ। ਚੋਣਾਂ ਤੋਂ ਪਹਿਲਾਂ ਇੰਝ ਹੋਇਆ ਸੀ ਪੁਲਵਾਮਾ!’’
ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਨੌਕਰਸ਼ਾਹ ਜਵਾਹਰ ਸਰਕਾਰ ਨੇ ਆਪਣੇ ਟਵੀਟ ਵਿੱਚ ਲਿਖਿਆ, ‘‘ਮੋਦੀ ਦੇ ਜੰਮੂ-ਕਸ਼ਮੀਰ ਦੇ ਆਪਣੇ ਰਾਜਪਾਲ ਸਤਿਆਪਾਲ ਮਲਿਕ ਦਾ ਕਹਿਣਾ ਹੈ ਕਿ ਪੁਲਵਾਮਾ ਤਰਾਸਦੀ ਟਾਲੀ ਜਾ ਸਕਦੀ ਸੀ ਅਤੇ ਇਹ ਚੂਕ ਦੇ ਕਾਰਨ ਹੋਈ। 2019 ਦੀਆਂ ਚੋਣਾਂ ਜਿੱਤਣ ਵਿੱਚ ਇਹ ਘਟਨਾ ਮੋਦੀ ਲਈ ਕਾਫ਼ੀ ਮਦਦਗਾਰ ਸਾਬਤ ਹੋਈ। ਹੁਣ ਇਸ ਮਾਮਲੇ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ।’’
ਮਹਾਰਾਸ਼ਟਰ ਕਾਂਗਰਸ ਸੇਵਾਦਲ ਨੇ ਟਵੀਟ ਕੀਤਾ, ‘‘ਸਤਿਆਪਾਲ ਮਲਿਕ ਨੇ ਇੱਥੇ ਮੋਦੀ ਸਰਕਾਰ ਦੀ ਗ਼ਲਤੀ ਉਜਾਗਰ ਕਰ ਦਿੱਤੀ ਹੈ। ਆਰਡੀਐਕਸ ਦੇ ਆਉਣ-ਜਾਣ ਦੀ ਸੂਚਨਾ ਮਿਲੀ, ਫ਼ਿਰ ਵੀ ਮੋਦੀ ਸਰਕਾਰ ਨੇ ਜਵਾਨਾਂ ਨੂੰ ਸੜਕ ਦੇ ਰਸਤੇ ਤੋਂ ਭੇਜਿਆ। ਉਸ ਨੇ ਇਸ ਅੱਤਵਾਦੀ ਹਮਲੇ ਦਾ ਫ਼ਾਇਦਾ ਚੁੱਕਿਆ ਅਤੇ ਇਸ ਵਿੱਚ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ।’’
ਭਾਜਪਾ ਨੇ ਲਗਾਇਆ ‘ਝੂਠ ਬੋਲਣ ਦਾ ਇਲਜ਼ਾਮ’
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸਤਿਆਪਾਲ ਮਲਿਕ ਉੱਤੇ ਨਿਸ਼ਾਨਾ ਸਾਧਦੇ ਹੋਏ ਕਈ ਟਵੀਟ ਕੀਤੇ ਹਨ।
ਆਪਣੇ ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਇਸ ਇੰਟਰਵਿਊ ਦੇ ਉਸ ਅੰਸ਼ ਨੂੰ ਜਾਰੀ ਕੀਤਾ, ਜਿਸ ਵਿੱਚ ਸਤਿਆਪਾਲ ਮਲਿਕ ਕਹਿ ਰਹੇ ਹਨ ਕਿ ਅਮਿਤ ਸ਼ਾਹ ਬਾਰੇ ਉਨ੍ਹਾਂ ਦਾ ਪਹਿਲਾਂ ਦਾ ਦਾਅਵਾ ਗ਼ਲਤ ਹੈ। ਉਹ ਕਹਿ ਰਹੇ ਹਨ ਕਿ ਸ਼ਾਹ ਨੇ ਪੀਐੱਮ ਮੋਦੀ ਬਾਰੇ ਅਜਿਹੀਆਂ ਗੱਲਾਂ ਨਹੀਂ ਕਹੀਆਂ ਸਨ।
ਇਸ ਉੱਤੇ ਮਲਿਕ ਨੂੰ ਘੇਰਦੇ ਹੋਏ ਮਾਲਵੀਆ ਨੇ ਲਿਖਿਆ, ‘‘ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਸਵੀਕਾਰ ਕਰ ਰਹੇ ਹਨ ਕਿ ਪੀਐੱਮ ਨਰਿੰਦਰ ਮੋਦੀ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਹੀਆਂ ਗੱਲਾਂ ਨੂੰ ਲੈ ਕੇ ਉਨ੍ਹਾਂ ਨੇ ਝੂਠ ਬੋਲਿਆ ਅਤੇ ਆਧਾਰਹੀਨ ਕਹਾਣੀਆਂ ਘੜ੍ਹੀਆਂ...ਉਨ੍ਹਾਂ ਨੇ ਜਦੋਂ ਇਹ ਇਲਜ਼ਾਮ ਲਗਾਏ ਸਨ, ਉਦੋਂ ਵੀ ਕਿਸੇ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਪਰ ਇਹ ਉਨ੍ਹਾਂ ਦੀ ਭਰੋਸੇਯੋਗਤਾ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।’’
ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, ‘‘ਸੱਚ ਬੋਲਣ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਇਹ ਯਾਦ ਨਹੀਂ ਰੱਖਣਾ ਪੈਂਦਾ ਕਿ ਤੁਸੀਂ ਪਿਛਲੀ ਵਾਰ ਕੀ ਕਿਹਾ ਸੀ...’’
‘‘ਅਤੇ ਇਸ ਤੋਂ ਪਹਿਲਾਂ ਕਿ ਕਾਂਗਰਸ ਦੇ ਕਿਰਪਾ ਪਾਤਰ, ਆਪਣੇ ਨਵੇਂ ਸ਼ੂਰਵੀਰ ਸਤਿਆਪਾਲ ਮਲਿਕ ਨੂੰ ਲੈ ਕੇ ਉਤਸਾਹਿਤ ਹੋਣ, ਸੁਣ ਲਓ ਕਿ ਉਨ੍ਹਾਂ ਦਾ ਰਾਹੁਲ ਗਾਂਧੀ ਦੇ ਬਾਰੇ ਕੀ ਕਹਿਣਾ। ਤਾਂ ਬੈਠ ਜਾਓ।’’
ਰਿਸ਼ੀ ਬਾਗਰੀ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, ‘‘ਸਤਿਆਪਾਲ ਮਲਿਕ ਦਾ ਇਹ ਇੰਟਰਵਿਊ ਉਦੋਂ ਬੁਰੀ ਤਰ੍ਹਾਂ ਨਾਲ ਬੈਕਫਾਇਰ ਕਰ ਗਿਆ, ਜਦੋਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਉਨ੍ਹਾਂ ਨੇ ਕਹਾਣੀਆਂ ਬਣਾਈਆਂ ਸੀ।’’
ਇੱਕ ਹੋਰ ਟਵੀਟ ਵਿੱਚ ਉਹ ਲਿਖਦੇ ਹਨ, ‘‘ਦਰਬਾਰੀ ਪੱਤਰਕਾਰਾਂ ਵਿਚਾਲੇ ਇਹ ਵੀਡੀਓ ਕਾਫ਼ੀ ਸਰਕੁਲੇਟ ਹੋਇਆ ਸੀ। ਕੀ ਹੁਣ ਉਹ ਮਾਫ਼ੀ ਮੰਗਣਗੇ. ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਬਿਆਨ ਵਾਪਸ ਲੈਂਦੇ ਹਨ???
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪੱਥਰ ਯੁੱਗ ਵਿੱਚ ਮਨੁੱਖ ਕਿਵੇਂ ਗੱਲ ਕਰਦੇ ਸਨ, ਇਤਿਹਾਸਕ ਤੱਥ ਕੀ ਕਹਿੰਦੇ ਹਨ
NEXT STORY