ਸਾਬਕਾ ਸੰਸਦ ਮੈਂਬਰ ਤੇ ਬਾਹੁਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦਾ ਸਰੇਆਮ ਪੁਲਿਸ ਸੁਰੱਖਿਆ ਵਿੱਚ ਹੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਪੁਲਿਸ ਮੁਤਾਬਕ, ਇਹ ਹਮਲਾ ਜਿਨ੍ਹਾਂ 3 ਵਿਅਕਤੀਆਂ ਵੱਲੋਂ ਕੀਤਾ ਗਿਆ ਉਹ ਪੱਤਰਕਾਰ ਬਣ ਕੇ ਆਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਿਸ ਵੇਲੇ ਅਤੀਕ ਅਤੇ ਅਸ਼ਰਫ ''ਤੇ ਇਹ ਘਾਤਕ ਹਮਲਾ ਹੋਇਆ, ਪੁਲਿਸ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲੈ ਕੇ ਜਾ ਰਹੀ ਸੀ।
ਹਸਪਤਾਲ ਦੇ ਠੀਕ ਬਾਹਰ, ਜਦੋਂ ਪੱਤਰਕਾਰ ਦੋਵੇਂ ਭਰਾਵਾਂ ਨੂੰ ਕੁਝ ਸਵਾਲ ਪੁੱਛ ਰਹੇ ਸਨ, ਉਸੇ ਵੇਲੇ ਉਨ੍ਹਾਂ ''ਤੇ ਗੋਲ਼ੀਆਂ ਚਲਾਈਆਂ ਗਈਆਂ।
ਅਤੀਕ ਅਹਿਮਦ, ਉਮੇਸ਼ ਪਾਲ ਕਤਲ ਕਾਂਡ ਦਾ ਮੁੱਖ ਦੋਸ਼ੀ ਸੀ। ਇਸ ਮਾਮਲੇ ਵਿੱਚ ਉਸ ਦੇ ਭਰਾ ਅਸ਼ਰਫ਼ ਦਾ ਨਾਮ ਵੀ ਸ਼ਾਮਲ ਸੀ ਅਤੇ ਦੋਵੇਂ ਭਰਾਵਾਂ ਨੂੰ ਇਸੇ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰਯਾਗਰਾਜ ਲੈ ਕੇ ਆਇਆ ਗਿਆ ਸੀ।
ਅਤੀਕ ਅਤੇ ਅਸ਼ਰਫ਼ ਦੇ ਕਤਲ ਤੋਂ 2 ਦੋ ਦਿਨ ਪਹਿਲਾਂ, ਅਤੀਕ ਦੇ ਪੁੱਤਰ ਅਸਦ ਦੀ ਵੀ ਪੁਲਿਸ ਮੁਕਾਬਲੇ ''ਚ ਮੌਤ ਹੋ ਗਈ ਸੀ।
ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੇ ਪੋਸਟਮਾਰਟਮ ਮਗਰੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਸਰੀ-ਮਸਾਰੀ ਕਬਰਿਸਤਾਨ ਵਿੱਚ ਅਸਦ ਦੀ ਕਬਰ ਦੇ ਕੋਲ ਹੀ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ।
ਆਓ ਹੁਣ ਇਸ ਘਟਨਾ ਨਾਲ ਜੁੜੇ ਮੁੱਖ ਬਿੰਦੂਆਂ ''ਤੇ ਨਜ਼ਰ ਮਾਰਦੇ ਹਾਂ:
ਕੌਣ ਹਨ ਹਮਲਾਵਰ
ਲਵਲੇਸ਼ ਤਿਵਾਰੀ: ਅਤੀਕ ਕਤਲ ਕਾਂਡ ਦੇ ਮੁਲਜ਼ਮ 22 ਸਾਲਾ ਲਵਲੇਸ਼ ਉੱਤਰ ਪ੍ਰਦੇਸ਼ ਦੇ ਬਾਂਦਾ ਦੇ ਕੇਵਤਾਰਾ ਕਰਾਸਿੰਗ ਦੇ ਵਸਨੀਕ ਹਨ।
ਪੁਲਿਸ ਮੁਤਾਬਕ, ਲਵਲੇਸ਼ ਨੂੰ ਹੀ ਕਰਾਸ ਫਾਇਰਿੰਗ ''ਚ ਗੋਲੀ ਲੱਗੀ ਸੀ ਅਤੇ ਉਹ ਜ਼ੇਰੇ ਇਲਾਜ ਹੈ।
ਪਰਿਵਾਰ ਮੁਤਾਬਕ ਲਵਲੇਸ਼ ਚਾਰ ਭਰਾਵਾਂ ਵਿੱਚੋਂ ਤੀਜਾ ਹੈ। ਉਸ ਨੇ ਇੰਟਰਮੀਡੀਏਟ ਦੀ ਪੜ੍ਹਾਈ ਕੀਤੀ, ਫਿਰ ਬੀਏ ਵਿੱਚ ਵੀ ਦਾਖਲਾ ਲਿਆ ਪਰ ਫੇਲ੍ਹ ਹੋ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਲਵਲੇਸ਼ ਦੇ ਪਿਤਾ ਯਗਿਆ ਤਿਵਾਰੀ ਨੇ ਕਿਹਾ ਕਿ ''ਉਸ ਦਾ ਘਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ''।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਟੀਵੀ ''ਤੇ ਖ਼ਬਰ ਦੇਖ ਕੇ ਲੱਗਾ। ਲਵਲੇਸ਼ ਦੇ ਪਿਤਾ ਅਨੁਸਾਰ ਉਹ ਜੇਲ੍ਹ ਵੀ ਜਾ ਚੁੱਕਾ ਹੈ।
ਪਿਤਾ ਦਾ ਕਹਿਣਾ ਹੈ, "ਇੱਕ ਕੁੜੀ ਨੂੰ ਚੁਰਾਹੇ ''ਤੇ ਥੱਪੜ ਮਾਰਿਆ ਗਿਆ ਸੀ। ਉਸ ਦਾ ਮੁਕੱਦਮਾ ਚੱਲ ਰਿਹਾ ਹੈ। ਉਹ ਉਸ ਕੇਸ ਵਿੱਚ ਜੇਲ੍ਹ ਗਿਆ ਸੀ।"
ਮੋਹਿਤ ਉਰਫ ਸੰਨੀ ਸਿੰਘ: ਇਸ ਮਾਮਲੇ ''ਚ ਪੁਲਿਸ ਨੇ ਮੌਕੇ ਤੋਂ ਸੰਨੀ ਸਿੰਘ ਨਾਂ ਦੇ 23 ਸਾਲਾ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ, ਸੰਨੀ ਉੱਤਰ ਪ੍ਰਦੇਸ਼ ਦੇ ਹਮੀਰਪੁਰ ਦੇ ਕੁਰਾਰਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਜਗਤ ਸਿੰਘ ਦੀ ਮੌਤ ਹੋ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਦੇ ਵੱਡੇ ਭਰਾ ਪਿੰਟੂ ਸਿੰਘ ਨੇ ਦੱਸਿਆ ਕਿ ''ਉਹ ਦਸ ਬਾਰਾਂ ਸਾਲਾਂ ਤੋਂ ਹਮੀਰਪੁਰ ''ਚ ਨਹੀਂ ਰਹਿੰਦਾ ਹੈ''।
ਭਰਾ ਮੁਤਾਬਕ, ''ਸੰਨੀ ਗਲਤ ਕੰਮ ਕਰਦਾ ਸੀ, ਜਿਸ ਕਾਰਨ ਪਰਿਵਾਰ ਨੇ ਉਸ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ।''
ਸੰਨੀ ਸਿੰਘ ਨੂੰ ਕਾਬੂ ਕਰਦੀ ਪੁਲਿਸ
ਅਰੁਣ ਕੁਮਾਰ ਮੌਰਿਆ: ਅਤੀਕ ਤੇ ਅਸ਼ਰਫ਼ ਕਤਲ ਮਾਮਲੇ ''ਚ ਫੜ੍ਹੇ ਗਏ 18 ਸਾਲਾ ਮੁਲਜ਼ਮ ਅਰੁਣ ਮੌਰਿਆ ਉੱਤਰ ਪ੍ਰਦੇਸ਼ ਦੇ ਕਾਸਗੰਜ ਦੇ ਕਟਾਰਵਾੜੀ ਦੇ ਰਹਿਣ ਵਾਲਾ ਹਨ।
ਉਨ੍ਹਾਂ ਦੇ ਪਿਤਾ ਦਾ ਨਾਂ ਦੀਪਕ ਕੁਮਾਰ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਰੁਣ ਦੀ ਮਾਸੀ ਲਕਸ਼ਮੀ ਦੇਵੀ ਨੇ ਦੱਸਿਆ ਕਿ ''ਉਹ ਕਈ ਦਿਨਾਂ ਤੋਂ ਘਰ ਨਹੀਂ ਆਏ ਹਨ''।
ਅਰੁਣ ਮੌਰਿਆ
ਕੌਣ ਹੈ ਗੁੱਡੂ ਮੁਸਲਿਮ
ਜਿਸ ਗੁੱਡੂ ਮੁਸਲਿਮ ਦਾ ਨਾਮ ਅਸ਼ਰਫ ਅਹਿਮਦ ਆਪਣੇ ਆਖ਼ਰੀ ਸ਼ਬਦਾਂ ''ਚ ਲੈ ਰਿਹਾ ਸੀ, ਉਹ ਬੰਬ ਬਣਾਉਣ ਦਾ ਮਾਹਿਰ ਮੰਨਿਆ ਜਾਂਦਾ ਹੈ।
ਗੁੱਡੂ ਮੁਸਲਿਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਵੱਡੇ ਮਾਫੀਆ ਗੈਂਗ ਲਈ ਕੰਮ ਕਰਦਾ ਹੈ। ਬਾਅਦ ਵਿੱਚ ਉਸ ਨੇ ਅਤੀਕ ਅਹਿਮਦ ਦੇ ਖ਼ਾਸ ਸੱਦੇ ''ਤੇ ਉਸ ਨਾਲ ਕੰਮ ਕੀਤਾ।
ਇਹ ਵੀ ਕਿਹਾ ਜਾਂਦਾ ਹੈ ਕਿ ਸਿਰਫ਼ 15 ਸਾਲ ਦੀ ਉਮਰ ਵਿੱਚ ਗੁੱਡੂ ਮੁਸਲਿਮ ਨੇ ਛੋਟੀਆਂ-ਮੋਟੀਆਂ ਚੋਰੀਆਂ ਨਾਲ ਜੁਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ।
ਪਰ ਕੁਝ ਸਮੇਂ ਬਾਅਦ ਬਾਹੁਬਲੀਆਂ ਕੋਲ ਸ਼ਰਨ ਲੈਣ ਤੋਂ ਬਾਅਦ ਉਸ ਨੇ ਬੰਬ ਬਣਾਉਣਾ ਸ਼ੁਰੂ ਕਰ ਦਿੱਤਾ।
ਹੌਲੀ-ਹੌਲੀ ਉਹ ਇਨ੍ਹਾਂ ਗਿਰੋਹਾਂ ''ਚ ਇੰਨਾ ਮਸ਼ਹੂਰ ਹੋ ਗਿਆ ਕਿ ਉੱਤਰ ਪ੍ਰਦੇਸ਼ ਦੇ ਹਰ ਵੱਡੇ ਅਪਰਾਧਿਕ ਮਾਮਲੇ ''ਚ ਗੁੱਡੂ ਮੁਸਲਿਮ ਦਾ ਨਾਂ ਵੀ ਜੁੜਣ ਲੱਗਾ।
ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ''ਚ ਗੁੱਡੂ ਮੁਸਲਿਮ ਨੂੰ ਮੌਕੇ ''ਤੇ ਬੰਬ ਸੁੱਟਦਾ ਵੀ ਦੇਖਿਆ ਗਿਆ ਸੀ
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਪ੍ਰਭਾਤ ਵਰਮਾ ਅਨੁਸਾਰ ਗੁੱਡੂ ਮੁਸਲਿਮ ਨੇ ਪ੍ਰਕਾਸ਼ ਸ਼ੁਕਲਾ, ਮੁਖਤਾਰ ਅੰਸਾਰੀ, ਧਨੰਜੈ ਸਿੰਘ ਅਤੇ ਅਭੈ ਸਿੰਘ ਸਮੇਤ ਕਈ ਕਥਿਤ ਮਾਫੀਆ ਲਈ ਲਗਭਗ 2 ਦਹਾਕਿਆਂ ਤੱਕ ਕੰਮ ਕੀਤਾ ਹੈ।
ਹਾਲਾਂਕਿ ਹੁਣ ਗੁੱਡੂ ਮੁਸਲਿਮ ਨੂੰ ਅਤੀਕ ਅਹਿਮਦ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਗੁੱਡੂ ਦਾ ਨਾਂ ਲਖਨਊ ਪੀਟਰ ਗੋਮਸ ਕਤਲ ਕੇਸ ਵਿੱਚ ਵੀ ਸਾਹਮਣੇ ਆਇਆ ਸੀ।
ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ''ਚ ਗੁੱਡੂ ਮੁਸਲਿਮ ਨੂੰ ਮੌਕੇ ''ਤੇ ਬੰਬ ਸੁੱਟਦਾ ਵੀ ਦੇਖਿਆ ਗਿਆ ਸੀ।
ਇਲਜ਼ਾਮ ਹੈ ਕਿ ਗੁੱਡੂ ਮੁਸਲਿਮ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਅਤੇ ਉਸ ਦੇ ਸਾਥੀ ਗੁਲਾਮ ਦੇ ਨਾਲ ਉਮੇਸ਼ ਪਾਲ ਕਤਲ ਕਾਂਡ ''ਚ ਵੀ ਸ਼ਾਮਲ ਸੀ।
ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਗੁੱਡੂ ਮੁਸਲਿਮ ਲਗਾਤਾਰ ਫਰਾਰ ਹੈ।
ਪੁਲਿਸ ਨੇ ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਗੁੱਡੂ ਮੁਸਲਿਮ ''ਤੇ 5 ਲੱਖ ਦਾ ਇਨਾਮ ਵੀ ਐਲਾਨ ਕੀਤਾ ਹੋਇਆ ਹੈ।
ਐਫਆਈਆਰ ਵਿੱਚ ਕੀ ਦੱਸਿਆ ਗਿਆ
ਪੁਲਿਸ ਦੁਆਰਾ ਦਰਜ ਐਫਆਈਆਰ ਦੇ ਅਨੁਸਾਰ, ਅਤੀਕ ਅਹਿਮਦ ਅਤੇ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਹੱਥਕੜੀਆਂ ਵਿੱਚ ਨਾਲ ਲੈ ਕੇ ਜਾਇਆ ਜਾ ਰਿਹਾ ਸੀ।
ਜਿਵੇਂ ਹੀ ਉਹ ਹਸਪਤਾਲ ਦੇ ਮੁੱਖ ਗੇਟ ਤੋਂ 10-15 ਕਦਮ ਅੱਗੇ ਵਧੇ ਤਾਂ ਮੀਡੀਆ ਵਾਲੇ ਅਤੀਕ ਅਤੇ ਅਸ਼ਰਫ ਤੋਂ ਸਵਾਲ ਕਰਨ ਲਈ ਅੱਗੇ ਆਏ।
ਐਫਆਈਆਰ ਮੁਤਾਬਕ ਦੋਵਾਂ ਨੇ ਮੀਡੀਆ ਵਾਲਿਆਂ ਨੂੰ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਅਚਾਨਕ ਉਨ੍ਹਾਂ ਪੱਤਰਕਾਰਾਂ ਵਿੱਚੋਂ ਇੱਕ ਨੇ ਆਪਣਾ ਕੈਮਰਾ ਛੱਡ ਦਿੱਤਾ ਅਤੇ ਦੂਜੇ ਨੇ ਮਾਈਕ ਛੱਡ ਦਿੱਤਾ ਅਤੇ ਆਪਣਾ ਹਥਿਆਰ ਕੱਢ ਲਏ।
ਉਨ੍ਹਾਂ ਨੇ ਅਤੀਕ-ਅਸ਼ਰਫ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਆਧੁਨਿਕ ਅਰਧ-ਆਟੋਮੈਟਿਕ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਅਚਾਨਕ ਤੀਜੇ ਮੀਡੀਆ ਕਰਮੀ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ।
ਪੁਲਿਸ ਮੁਤਾਬਕ, ਗੋਲੀਬਾਰੀ ''ਚ ਅਤੀਕ ਅਤੇ ਅਸ਼ਰਫ਼ ਦੀ ਮੌਤ ਹੋ ਗਈ। ਘਟਨਾ ਵਿੱਚ ਪੁਲੀਸ ਮੁਲਾਜ਼ਮ ਮਾਨ ਸਿੰਘ ਦੇ ਸੱਜੇ ਹੱਥ ਵਿੱਚ ਗੋਲੀ ਲੱਗੀ ਹੈ।
ਐਫਆਈਆਰ ਮੁਤਾਬਕ, ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਹਮਲਾਵਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਹਮਲਾਵਰਾਂ ਦਾ ਇੱਕ ਸਾਥੀ ਆਪਣੇ ਹੀ ਸਾਥੀਆਂ ਦੀ ਕਰਾਸ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ।
ਐਫਆਈਆਰ ਮੁਤਾਬਕ, ਕਤਲ ਦੇ ਮਕਸਦ ਬਾਰੇ ਪੁੱਛੇ ਜਾਣ ''ਤੇ ਤਿੰਨਾਂ ਮੁਲਜ਼ਮਾਂ ਨੇ ਕਿਹਾ ਕਿ ''''ਅਸੀਂ ਅਤੀਕ ਅਤੇ ਅਸ਼ਰਫ ਗੈਂਗ ਨੂੰ ਖਤਮ ਕਰਕੇ ਸੂਬੇ ''ਚ ਆਪਣਾ ਨਾਂ ਕਰਨਾ ਚਾਹੁੰਦੇ ਸੀ, ਜਿਸ ਦਾ ਸਾਨੂੰ ਭਵਿੱਖ ''ਚ ਫਾਇਦਾ ਮਿਲਦਾ।''''
"ਅਸੀਂ ਪੁਲਿਸ ਦੀ ਘੇਰਾਬੰਦੀ ਦਾ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਕਤਲ ਕਰਕੇ ਭੱਜਣ ''ਚ ਕਾਮਯਾਬ ਨਹੀਂ ਹੋਏ। ਪੁਲਿਸ ਦੁਆਰਾ ਕੀਤੀ ਗਈ ਤੇਜ਼ ਕਾਰਵਾਈ ''ਚ ਅਸੀਂ ਫੜ੍ਹੇ ਗਏ।''''
"ਜਦੋਂ ਤੋਂ ਸਾਨੂੰ ਅਤੀਕ ਅਤੇ ਅਸ਼ਰਫ ਦੇ ਪੁਲਿਸ ਦੀ ਹਿਰਾਸਤ ''ਚ ਰਿਮਾਂਡ ਦੀ ਸੂਚਨਾ ਮਿਲੀ ਸੀ, ਉਦੋਂ ਤੋਂ ਹੀ ਅਸੀਂ ਮੀਡੀਆ ਕਰਮੀ ਵਜੋਂ ਇੱਥੋਂ ਦੇ ਸਥਾਨਕ ਮੀਡੀਆ ਕਰਮੀਆਂ ਦੀ ਭੀੜ ਵਿੱਚ ਰਹਿ ਕੇ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਤਾਕ ਵਿੱਚ ਸੀ।"
ਇਸ ਘਟਨਾ ਵਿੱਚ ਨਿਊਜ਼ ਏਜੰਸੀ ਏਐਨਆਈ ਦਾ ਇੱਕ ਪੱਤਰਕਾਰ ਵੀ ਜ਼ਖ਼ਮੀ ਹੋ ਗਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 302, 307 ਅਤੇ ਆਰਮਜ਼ ਐਕਟ, 1959 ਦੀਆਂ ਧਾਰਾਵਾਂ 3, 7, 25, 27 ਅਤੇ ਅਪਰਾਧਿਕ ਕਾਨੂੰਨ (ਸੋਧ) ਐਕਟ, 1932 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਸੁਪਰੀਮ ਕੋਰਟ ਤੋਂ ਸੁਤੰਤਰ ਕਮੇਟੀ ਬਣਾਉਣ ਦੀ ਮੰਗ
ਇਸ ਦੁਹਰੇ ਕਤਲ ਤੋਂ ਬਾਅਦ ਸੂਬੇ ''ਚ ਪੁਲਿਸ ਹਾਈ ਐਲਰਟ ''ਤੇ ਹੈ
ਇਨ੍ਹਾਂ ਕਤਲਾਂ ਦੀ ਜਾਂਚ ਲਈ ਸੁਤੰਤਰ ਮਾਹਿਰ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ''ਚ ਦਾਇਰ ਪਟੀਸ਼ਨ ''ਚ ਕਿਹਾ ਗਿਆ ਹੈ ਕਿ ਇਸ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ''ਚ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਜਾਵੇ।
ਇਹ ਪਟੀਸ਼ਨ ਐਡਵੋਕੇਟ ਵਿਸ਼ਾਲ ਤਿਵਾਰੀ ਨੇ ਦਾਇਰ ਕੀਤੀ ਹੈ ਅਤੇ ਇਸ ''ਚ ਉਨ੍ਹਾਂ ਨੇ 2017 ਤੋਂ ਲੈ ਕੇ ਹੁਣ ਤੱਕ ਯੂਪੀ ਵਿੱਚ ਹੋਏ 183 ਪੁਲੀਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਵੀ ਕੀਤੀ ਹੈ।
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।
ਮੁੱਖ ਮੰਤਰੀ ਆਦਿੱਤਿਆਨਾਥ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਵਿਭਾਗ ਨੇ ਕਮਿਸ਼ਨ ਆਫ਼ ਇਨਕੁਆਰੀ ਐਕਟ, 1952 ਦੇ ਤਹਿਤ 15 ਅਪ੍ਰੈਲ ਨੂੰ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਵਾਪਰੀ ਸਾਰੀ ਘਟਨਾ ਦੀ ਵਿਸਤ੍ਰਿਤ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।
ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ।
ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੋ ਮਹੀਨਿਆਂ ਦੇ ਅੰਦਰ ਪੂਰੇ ਘਟਨਾਕ੍ਰਮ ਦੀ ਜਾਂਚ ਕਰਕੇ ਰਿਪੋਰਟ ਸਰਕਾਰ ਨੂੰ ਸੌਂਪੇਗਾ।
ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਪੁਲਿਸ ਅਤੀਕ ਤੇ ਅਸ਼ਰਫ਼ ਨੂੰ ਮੈਡੀਕਲ ਲਈ ਲੈ ਕੇ ਆਈ ਸੀ। ਜੀਪ ਤੋਂ ਹੇਠਾਂ ਉਤਰਨ ਦੇ 10 ਸਕਿੰਟਾਂ ਦੇ ਅੰਦਰ ਹੀ ਅਤੀਕ ਅਤੇ ਅਸ਼ਰਫ ਨੂੰ ਮੀਡੀਆ ਵਾਲਿਆਂ ਨੇ ਘੇਰ ਲਿਆ।
ਦੋਵੇਂ ਹਸਪਤਾਲ ਤੋਂ ਲਗਭਗ 10-15 ਮੀਟਰ ਦੀ ਦੂਰੀ ''ਤੇ ਬਿਲਕੁਲ ਸਾਹਮਣੇ ਦਿਖਾਈ ਦੇ ਰਹੇ ਸਨ। ਇੱਥੇ ਮੀਡੀਆ ਵਾਲੇ ਦੋਵੇਂ ਭਰਾਵਾਂ ਨੂੰ ਪੁੱਛ ਰਹੇ ਸਨ, "ਤੁਸੀਂ ਲੋਕ ਕੁਝ ਕਹੋਗੇ... ਕੁਝ ਕਹਿਣਾ ਚਾਹੋਗੇ?"
ਇਸ ''ਤੇ ਅਸ਼ਰਫ਼ ਨੇ ਪੁੱਛਿਆ, "ਕੀ ਕਹੀਏ, ਕੀ ਕਹੀਏ?"
ਇੱਕ ਮੀਡੀਆ ਵਾਲੇ ਨੇ ਪੁੱਛਿਆ, "ਤੁਸੀਂ ਅੱਜ ਜਨਾਜ਼ੇ ''ਚ ਨਹੀਂ ਗਏ। ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?"
ਇਸ ''ਤੇ ਅਤੀਕ ਅਹਿਮਦ ਨੇ ਕਿਹਾ, "ਨਹੀਂ ਲੈ ਕੇ ਗਏ ਤਾਂ ਨਹੀਂ ਗਏ।"
ਇਸ ਤੋਂ ਬਾਅਦ ਅਸ਼ਰਫ ਨੇ ਕਿਹਾ, "ਮੇਨ ਗੱਲ ਇਹ ਹੈ ਕਿ ਗੁੱਡੂ ਮੁਸਲਿਮ..."
ਅਸ਼ਰਫ ਦਾ ਇੰਨਾ ਕਹਿਣਾ ਸੀ ਕਿ ਕੈਮਰੇ ''ਚ ਨਜ਼ਰ ਆਉਂਦਾ ਹੈ ਕਿ ਅਤੀਕ ਅਹਿਮਦ ਦੀ ਕਨਪਟੀ ਨਾਲ ਪਿਸਤੌਲ ਲੱਗੀ ਤੇ ਤੁਰੰਤ ਗੋਲ਼ੀ ਚੱਲੀ।
ਅਤੀਕ ਉਸੇ ਪਲ ਜ਼ਮੀਨ ''ਤੇ ਡਿੱਗ ਗਿਆ।
ਇਸ ਤੋਂ ਤੁਰੰਤ ਬਾਅਦ ਅਤੀਕ ਅਹਿਮਦ ਅਤੇ ਉਸ ਦੇ ਭਰਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਗੋਲੀਆਂ ਚਲਾਈਆਂ ਗਈਆਂ।
ਇਸ ਘਟਨਾ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੇ ਹਨ।
ਅਤੀਕ ਅਹਿਮਦ ਅਤੇ ਉਸ ਦੇ ਭਰਾ ਦੇ ਮ੍ਰਿਤਕ ਦੇਹ ਨੂੰ ਕੀਤਾ ਸਪੁਰਦ-ਏ-ਖ਼ਾਕ
ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਨੂੰ ਸਪੂਰਦ-ਏ-ਖ਼ਾਕ ਕੀਤਾ ਗਿਆ।
ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ ਤੇ ਫਿਰ ਅਤੀਕ ਅਤੇ ਅਸ਼ਰਫ ਦੀਆਂ ਮ੍ਰਿਤਕ ਦੇਹਾਂ ਨੂੰ ਅੰਤਿਮ ਸੰਸਕਾਰ ਲਈ ਕਸਰੀ-ਮਸਾਰੀ ਕਬਰਿਸਤਾਨ ਲਿਆਂਦਾ ਗਿਆ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਵਿੱਚ ਲਿਆਂਦਾ ਗਿਆ ਜਿਸ ਵਿੱਚ ਪਰਿਵਾਰ ਦਾ ਇੱਕ ਬਜ਼ੁਰਗ ਵਿਅਕਤੀ ਵੀ ਦੇਖਿਆ ਗਿਆ।
ਪੁਲਿਸ ਮੁਤਾਬਕ ਕਥਿਤ ਮੁਕਾਬਲੇ ''ਚ ਮਾਰੇ ਗਏ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਨੂੰ ਵੀ ਸ਼ਨੀਵਾਰ ਨੂੰ ਇਸੇ ਕਬਰਸਤਾਨ ''ਚ ਦਫਨਾਇਆ ਗਿਆ।
ਅਤੀਕ ਅਹਿਮਦ ਦੇ ਜੱਦੀ ਪਿੰਡ ਕਸਰੀ ਮਸਾਰੀ ਕਬਰਸਤਾਨ ਹੈ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਇੱਥੇ ਦਫ਼ਨਾਏ ਗਏ ਸੀ।
ਕਬਰੀਸਤਾਨ ''ਤੇ ਵੱਡੀ ਗਿਣਤੀ ''ਚ ਪੁਲਿਸ ਤੈਨਾਤ ਕੀਤੀ ਗਈ ਅਤੇ ਕੁਝ ਰਿਸ਼ਤੇਦਾਰਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ।
ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੀ ਸ਼ਨੀਵਾਰ ਨੂੰ ਪੁਲਿਸ ਹਿਰਾਸਤ ''ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬਠਿੰਡਾ ਮਿਲਟਰੀ ਸਟੇਸ਼ਨ ਉੱਤੇ 4 ਫੌਜੀਆਂ ਦੇ ਕਤਲ ਦੀ ਪੁਲਿਸ ਨੇ ਇਹ ਦੱਸੀ ਪੂਰੀ ਕਹਾਣੀ
NEXT STORY