ਵਾਚਾਤੀ ਪਿੰਡ ਜਿੱਥੇ 20 ਜੂਨ 1992 ਨੂੰ 18 ਔਰਤਾਂ ਦਾ ਸਾਮੂਹਿਕ ਬਲਾਤਕਾਰ ਦਾ ਇਲਜ਼ਾਮ ਲੱਗਾ
"ਉਨ੍ਹਾਂ ਨੇ ਸਾਡੇ ਨਾਲ ਬਲਾਤਕਾਰ ਕੀਤਾ, ਸਾਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ। ਸਾਨੂੰ ਪੂਰੇ ਪਿੰਡ ਵਿੱਚ ਰੋਣ ਅਤੇ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ।" ਇਹ 20 ਜੂਨ 1992 ਦੀ ਰਾਤ ਨੂੰ ਵਾਚਾਤੀ ਪਿੰਡ ਵਿੱਚ ਵਾਪਰੀ ਇੱਕ ਘਟਨਾ ਦਾ ਵੇਰਵਾ ਹੈ, ਜੋ ਇੱਕ ਬਲਾਤਕਾਰ ਪੀੜਤਾ ਵੱਲੋਂ ਦਿੱਤਾ ਜਾ ਰਿਹਾ ਹੈ।
ਉਹ ਕਹਿੰਦੀ ਹੈ, "ਉਸ ਸਮੇਂ ਮੇਰੀ ਉਮਰ ਸਿਰਫ਼ 13 ਸਾਲ ਸੀ। ਮੈਂ ਉਸ ਦੇ ਸਾਹਮਣੇ ਰੋਂਦੀ ਰਹੀ ਅਤੇ ਗਿੜਗਿੜਾਉਂਦੀ ਰਹੀ, ਪਰ ਉਸ ਨੇ ਮੈਨੂੰ ਨਹੀਂ ਛੱਡਿਆ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਵਿੱਚ ਭੈਣ-ਭਰਾ ਹੋਣਗੇ ਜਾਂ ਉਨ੍ਹਾਂ ਦੇ ਘਰ ਵਿੱਚ ਕੋਈ ਕੁੜੀ ਹੋਵੇਗੀ ਕਿ ਨਹੀਂ।"
ਵਾਚਾਤੀ ਹਮਲਾ ਅਤੇ ਰੇਪ ਕੇਸ ਭਾਰਤ ਦੀਆਂ ਅਦਾਲਤਾਂ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲ ਰਹੇ ਮੁਕੱਦਮਿਆਂ ਵਿੱਚੋਂ ਇੱਕ ਹੈ।
1992 ਵਿੱਚ ਤਾਮਿਲਨਾਡੂ ਦੇ ਵਾਚਾਤੀ ਪਿੰਡ ਦੀਆਂ ਅਠਾਰਾਂ ਔਰਤਾਂ ਨਾਲ ਬਲਾਤਕਾਰ ਹੋਇਆ ਸੀ। ਉਸ ਸਮੇਂ ਤਾਮਿਲਨਾਡੂ ਸਰਕਾਰ ਦੇ ਅਧਿਕਾਰੀਆਂ ਨੇ ਪਿੰਡ ''ਤੇ ਛਾਪਾ ਮਾਰਿਆ ਅਤੇ ਸੈਂਕੜੇ ਪਿੰਡ ਵਾਸੀਆਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ।
ਪਿੰਡ ਵਾਸੀਆਂ ''ਤੇ ਚੰਦਨ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਇਸ ਲਈ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਣੇ ਕਈ ਸਰਕਾਰੀ ਅਧਿਕਾਰੀ ਪਿੰਡ ਪੁੱਜੇ ਸਨ।
ਵਾਚਾਤੀ ਪੱਛਮੀ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਵਿੱਚ ਸਿਥੇਰੀ ਪਹਾੜੀਆਂ ਦੇ ਹੇਠਾਂ ਵਸਿਆ ਇੱਕ ਕਬਾਇਲੀ ਪਿੰਡ ਹੈ। ਸੀਥੇਰੀ ਦੀਆਂ ਪਹਾੜੀਆਂ ਚੰਦਨ ਦੇ ਰੁੱਖਾਂ ਲਈ ਮਸ਼ਹੂਰ ਹਨ।
20 ਜੂਨ 1992 ਨੂੰ ਇਸ ਪਿੰਡ ਦੀਆਂ 18 ਔਰਤਾਂ ਨਾਲ ਬਲਾਤਕਾਰ ਹੋਇਆ ਅਤੇ ਕੁੱਟਮਾਰ ਕੀਤੀ ਗਈ ਸੀ। ਇਹ ਦਰਿੰਦਗੀ ਲਗਾਤਾਰ ਦੋ ਦਿਨਾਂ ਤੱਕ ਚੱਲਦੀ ਰਹੀ।
ਵਾਚਾਤੀ ਕੇਸ ਇੱਕ ਨਜ਼ਰ ''ਚ
- ਘਟਨਾ ਦੀ ਮਿਤੀ - 20 ਜੂਨ 1992
- ਪੀੜਤਾਂ ਦੀ ਗਿਣਤੀ - 217 (94 ਔਰਤਾਂ ਅਤੇ 28 ਬੱਚੇ)
- ਔਰਤਾਂ ਜੋ ਬਲਾਤਕਾਰ ਦਾ ਸ਼ਿਕਾਰ ਹਨ - 18
- ਦੋਸ਼ੀ ਕਰਾਰ ਦਿੱਤੇ ਗਏ ਅਧਿਕਾਰੀ - 215 (ਦੋਸ਼ੀਆਂ ਵਿੱਚ ਜੰਗਲਾਤ ਵਿਭਾਗ, ਪੁਲਿਸ ਅਤੇ ਰੇਵੇਨਿਊ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ)
- ਬਲਾਤਕਾਰ ਦੇ ਦੋਸ਼ੀ ਅਫ਼ਸਰ - 17
- 1995 ਵਿੱਚ ਐੱਫਆਈਆਰ ਦਰਜ, ਉਸੇ ਸਾਲ ਟ੍ਰਾਇਲ ਕੋਰਟ ਦਾ ਗਠਨ
- 2011 ਤੱਕ ਮੁਕੱਦਮੇ ਦੌਰਾਨ 54 ਅਫ਼ਸਰਾਂ ਦੀ ਮੌਤ ਹੋ ਗਈ।
- 2011 ਵਿੱਚ ਟ੍ਰਾਇਲ ਕੋਰਟ ਦਾ ਫ਼ੈਸਲਾ ਆਇਆ
- ਇਸ ਮਾਮਲੇ ਵਿੱਚ ਮਦਰਾਸ ਹਾਈ ਕੋਰਟ ਦਾ ਫ਼ੈਸਲਾ ਆ ਸਕਦਾ ਹੈ।
ਉਸ ਦਿਨ ਕੀ ਹੋਇਆ?
ਵਾਚਾਤੀ ਪਿੰਡ ਆਦਿਵਾਸੀਆਂ ਦਾ ਹੈ ਅਤੇ ਇੱਥੋਂ ਦੇ ਲੋਕ ਦਲਿਤ ਵਰਗ ਨਾਲ ਸਬੰਧਤ ਹਨ।
20 ਜੂਨ 1992 ਨੂੰ, ਵਾਚਾਤੀ ਵਿੱਚ ਕਬਾਇਲੀ ਅਤੇ ਦਲਿਤ ਭਾਈਚਾਰਿਆਂ ਦੇ ਘੱਟੋ-ਘੱਟ 100 ਪਿੰਡਵਾਲਿਆਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੇ ਘਰ ਲੁੱਟੇ ਗਏ, ਉਨ੍ਹਾਂ ਦੇ ਪਸ਼ੂ ਖੋਹ ਲਏ ਗਏ।
2011 ਵਿੱਚ, ਇੱਕ ਵਿਸ਼ੇਸ਼ ਟ੍ਰਾਇਲ ਅਦਾਲਤ ਨੇ ਇਸ ਮਾਮਲੇ ਵਿੱਚ 269 ਸਰਕਾਰੀ ਅਧਿਕਾਰੀਆਂ ਵਿੱਚੋਂ 215 ਨੂੰ ਦੋਸ਼ੀ ਠਹਿਰਾਇਆ ਸੀ।
ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ''ਦਲਿਤਾਂ ''ਤੇ ਅੱਤਿਆਚਾਰ'' ਦੇ ਇਲਜ਼ਾਮਾਂ ''ਚ ਦੋਸ਼ੀ ਠਹਿਰਾਇਆ ਗਿਆ ਸੀ। ਸੁਣਵਾਈ ਦੌਰਾਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਨ੍ਹਾਂ ਵਿੱਚੋਂ 54 ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ।
ਸਪੈਸ਼ਲ ਟ੍ਰਾਇਲ ਕੋਰਟ ਨੇ 2011 ਵਿੱਚ ਇਸ ਮਾਮਲੇ ਵਿੱਚ ਜਿਨ੍ਹਾਂ ਦੋਸ਼ੀ ਅਧਿਕਾਰੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਅਪੀਲ ਕੀਤੀ ਸੀ। ਹੁਣ ਇਸ ''ਤੇ ਮਦਰਾਸ ਹਾਈ ਕੋਰਟ ਆਪਣਾ ਫ਼ੈਸਲਾ ਸੁਣਾ ਸਕਦੀ ਹੈ।
ਵਾਚਾਤੀ ਪਿੰਡ ਵਿੱਚ ਇੱਕ ਬੋਹੜ ਦੇ ਦਰੱਖਤ ਹੇਠਾਂ ਬੈਠੀਆਂ ਬਲਾਤਕਾਰ ਪੀੜਤ ਔਰਤਾਂ ਦਾ ਇੱਕ ਸਮੂਹ ਉਸ ਘਟਨਾ ਨੂੰ ਯਾਦ ਕਰਦਿਆਂ ਹੋਇਆ ਕਹਿੰਦਾ ਹੈ, "ਸਾਨੂੰ ਗਾਲ਼ਾਂ ਕੱਢੀਆਂ ਗਈਆਂ। ਉਨ੍ਹਾਂ ਲੋਕਾਂ ਨੇ ਸਾਨੂੰ ਪਹਿਲਾਂ ਕੁੱਟਿਆ ਅਤੇ ਫਿਰ ਸਾਡੇ ਨਾਲ ਬਲਾਤਕਾਰ ਕੀਤਾ।"
"ਕਾਨੂੰਨੀ ਲੜਾਈ ਲੜਦਿਆਂ ਹੋਇਆ ਸਾਨੂੰ 30 ਸਾਲ ਹੋ ਗਏ ਹਨ ਪਰ ਉਸ ਦਿਨ ਵਗਿਆ ਸਾਡਾ ਖ਼ੂਨ ਅੱਜ ਸਾਨੂੰ ਵਗਦਾ ਹੋਇਆ ਹੀ ਲੱਗ ਰਿਹਾ ਹੈ। ਉਹ ਮੰਜ਼ਰ ਅੱਜ ਵੀ ਸਾਡੇ ਦਿਲੋਂ-ਦਿਮਾਗ਼ ਵਿੱਚ ਛਾਇਆ ਹੋਇਆ ਹੈ।"
ਵਾਚਾਤੀ ਦੀ ਘਟਨਾ ਨੇ ਇੱਕ ਮੋੜ ਲਿਆ
1990 ਦੇ ਦਹਾਕੇ ਵਿੱਚ, ਤਾਮਿਲਨਾਡੂ ਸਰਕਾਰ ਚੰਦਨ ਦੀ ਲੱਕੜ ਦੇ ਤਸਕਰ ਵੀਰੱਪਨ ਨੂੰ ਫੜਨ ਲਈ ਸਿਥੇਰੀ ਪਹਾੜੀਆਂ ਦੇ ਨਾਲ ਲੱਗਦੇ ਪਿੰਡਾਂ ਅਤੇ ਸਤਿਆਮੰਗਲਮ ਦੇ ਜੰਗਲਾਂ ਵਿੱਚ ਕਈ ਆਪਰੇਸ਼ਨ ਚਲਾ ਰਹੀ ਸੀ।
ਇਨ੍ਹਾਂ ਮੁਹਿੰਮਾਂ ਦੌਰਾਨ ਪਿੰਡ ਵਾਸੀਆਂ ਤੋਂ ਅਕਸਰ ਸਖ਼ਤ ਪੁੱਛਗਿੱਛ ਕੀਤੀ ਜਾਂਦੀ ਸੀ, ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਜਾਂਦੇ ਸਨ।
20 ਜੂਨ ਨੂੰ ਪਿੰਡ ''ਤੇ ਛਾਪਾ ਅਜਿਹੀ ਹੀ ਇੱਕ ਮੁਹਿੰਮ ਦਾ ਹਿੱਸਾ ਸੀ। ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਿੱਚ ਦਾਖ਼ਲ ਹੋ ਕੇ ਲੋਕਾਂ ਤੋਂ ਚੰਦਨ ਦੀ ਤਸਕਰੀ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ।
ਪੁੱਛਗਿੱਛ ਦੌਰਾਨ ਪਿੰਡ ਵਾਸੀਆਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਇਸ ਮਾਮਲੇ ਵਿੱਚ ਪਿੰਡ ਵਾਸੀ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਸਨ।
ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ''ਤੇ ਹਮਲੇ ਹੋਣ ਲੱਗੇ। ਕੁਝ ਹੀ ਘੰਟਿਆਂ ਵਿੱਚ ਉੱਥੇ ਸੈਂਕੜੇ ਪੁਲਿਸ ਮੁਲਾਜ਼ਮ, ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਰੇਵੇਨਿਊ ਅਧਿਕਾਰੀ ਪਹੁੰਚ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਘਰਾਂ ਦੀ ਭੰਨਤੋੜ ਕੀਤੀ ਅਤੇ 18 ਔਰਤਾਂ (ਕੁੜੀਆਂ ਸਮੇਤ) ਨਾਲ ਬਲਾਤਕਾਰ ਕੀਤਾ।
ਉਨ੍ਹਾਂ ਦਿਨਾਂ ਵਿੱਚ ਇੱਕ ਬਲਾਤਕਾਰ ਪੀੜਤ ਸਕੂਲ ਵਿੱਚ ਪੜ੍ਹਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਉਸ ਦਾ ਬਚਪਨ ਖੋਹ ਲਿਆ ਗਿਆ। ਉਸ ਦਾ ਕਹਿਣਾ ਹੈ ਕਿ ਇਸ ਘਟਨਾ ਕਾਰਨ ਉਸ ਨੂੰ ਸਕੂਲ ਛੱਡਣਾ ਪਿਆ।
ਵਾਚਾਤੀ ਰੇਪ ਪੀੜਤਾ
ਉਨ੍ਹਾਂ ਨੇ ਦੱਸਿਆ, "ਸਾਨੂੰ ਤਾਲਾਬ ਦੇ ਨੇੜੇ ਲੈ ਗਏ। ਉਥੋਂ ਅਧਿਕਾਰੀ ਸਾਨੂੰ ਰਾਤ ਨੂੰ ਥਾਣੇ ਲੈ ਗਏ। ਸਾਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਗਿਆ। ਜਦੋਂ ਮੈਂ ਉਨ੍ਹਾਂ ਤੋਂ ਰਹਿਮ ਦੀ ਭੀਖ ਮੰਗੀ ਅਤੇ ਕਿਹਾ ਕਿ ਮੈਂ ਸਕੂਲ ਵਿੱਚ ਪੜ੍ਹਦੀ ਹਾਂ, ਘੱਟੋ-ਘੱਟ ਮੇਰੀ ਉਮਰ ''ਤੇ ਰਹਿਮ ਕਰੋ, ਤਾਂ ਇਕ ਰੇਂਜਰ ਨੇ ਮੈਨੂੰ ਗਾਲ਼ਾਂ ਕੱਡੀਆਂ ਅਤੇ ਕਿਹਾ ਕਿ ਤੁਸੀਂ ਸਕੂਲ ਵਿੱਚ ਪੜ੍ਹ ਕੇ ਕੀ ਕਰੋਗੇ। ਮੇਰੀ ਭੈਣ, ਚਾਚਾ, ਚਾਤੀ, ਮਾਂ ਅਤੇ ਮੈਨੂੰ ਸੇਲਮ ਜੇਲ੍ਹ ਵਿੱਚ ਲੈ ਗਏ।
ਇਸ ਘਟਨਾ ਬਾਰੇ ਨਾਵਲ ਲਿਖਣ ਵਾਲੇ ਲੇਖਕ ਅਤੇ ਵਕੀਲ ਏਕੇ ਬਾਲਾਮੁਰੁਗਨ ਦਾ ਕਹਿਣਾ ਹੈ, "ਇਸ ਤਰ੍ਹਾਂ ਦੇ ਸਰਚ ਆਪਰੇਸ਼ਨਾਂ ''ਚ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਪਰ ਵਾਚਾਤੀ ਦੀ ਘਟਨਾ ਦੇ ਪੀੜਤਾਂ ਨੇ ਆਪਣੇ ਖ਼ਿਲਾਫ਼ ਹੋਏ ਤਸ਼ੱਦਦ ਅਤੇ ਬਲਾਤਕਾਰ ਦੇ ਖ਼ਿਲਾਫ਼ ਖੁੱਲ ਕੇ ਆਵਾਜ਼ ਬੁਲੰਦ ਕੀਤੀ ਹੈ ਅਤੇ ਸੀਪੀਐੱਮ ਦੀ ਮਦਦ ਨਾਲ ਸਰਕਾਰੀ ਅਧਿਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕਰਵਾਏ।"
"ਇਨ੍ਹਾਂ ਔਰਤਾਂ ਦੀਆਂ ਆਵਾਜ਼ਾਂ ਨੇ ਸਰਕਾਰੀ ਅਧਿਕਾਰੀਆਂ ਦਾ ਚਿਹਰਾ ਬੇਨਕਾਬ ਕਰ ਦਿੱਤਾ ਸੀ। ਉਨ੍ਹਾਂ ਨੇ ਸਾਬਤ ਕਰ ਦਿੱਤਾ ਸੀ ਕਿ ਸਰਕਾਰ ਆਦਿਵਾਸੀਆਂ ਦੀ ਰੱਖਿਆ ਕਰਨ ਵਿੱਚ ਅਸਫ਼ਲ ਰਹੀ ਹੈ। ਵਾਚਾਤੀ ਕੇਸ ਨੇ ਆਦਿਵਾਸੀਆਂ ਨੂੰ ਬੇਬਾਕ ਅਤੇ ਮਜ਼ਬੂਤ ਕੀਤਾ। ਉਹ ਜ਼ੁਲਮ ਦੇ ਵਿਰੁੱਧ ਇੱਕਜੁੱਟ ਹੋ ਕੇ ਖੜ੍ਹੇ ਹੋਏ ਸਨ।"
ਇੱਕ ਰੇਪ ਪੀੜਤਾ ਨਾਲ ਗੱਲ ਕਰਦੀ ਹੋਈ ਬੀਬੀਸੀ ਪੱਤਰਕਾਰ
ਜ਼ੁਲਮ ਦੀ ਡਰਾਉਣੀ ਕਹਾਣੀ
ਜਿੱਥੇ ਇੱਕ ਪਾਸੇ ਔਰਤਾਂ ਦੇ ਇੱਕ ਸਮੂਹ ਨਾਲ ਬਲਾਤਕਾਰ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਕੁਝ ਔਰਤਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।
90 ਤੋਂ ਵੱਧ ਔਰਤਾਂ ਅਤੇ 20 ਬੱਚਿਆਂ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਰੱਖਿਆ ਗਿਆ ਸੀ। ਕੁਝ ਔਰਤਾਂ ਤਿੰਨ ਮਹੀਨਿਆਂ ਬਾਅਦ ਜੇਲ੍ਹ ਤੋਂ ਵਾਪਸ ਆਈਆਂ ਹਨ।
ਅਸੀਂ ਇੱਕ ਹੋਰ ਬਲਾਤਕਾਰ ਪੀੜਤਾ ਨਾਲ ਗੱਲ ਕੀਤੀ, ਜੋ ਉਸ ਸਮੇਂ ਅੱਠ ਮਹੀਨਿਆਂ ਦੀ ਗਰਭਵਤੀ ਸੀ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨੂੰ ਪਤਾ ਸੀ ਕਿ ਮੈਂ ਗਰਭਵਤੀ ਹਾਂ, ਫਿਰ ਵੀ ਉਨ੍ਹਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਅਧਿਕਾਰੀ ਗੰਦੀਆਂ ਗਾਲ੍ਹਾਂ ਕੱਢ ਰਹੇ ਸਨ। ਮੈਂ ਆਪਣੀ ਵੱਡੀ ਧੀ ਮਾਲਾ ਨੂੰ ਕੱਸ ਕੇ ਫੜ ਲਿਆ। ਅਸੀਂ ਬੇਵੱਸ ਸੀ ਕਿਉਂਕਿ ਪਿੰਡ ਦੇ ਬਹੁਤ ਸਾਰੇ ਆਦਮੀ ਜੰਗਲ ਵਿੱਚ ਲੁਕੇ ਹੋਏ ਸਨ।"
''ਪਿੰਡ ਵਿੱਚ ਸਿਰਫ਼ ਛੋਟੇ ਬੱਚੇ ਅਤੇ ਬੁੱਢੇ ਬਚੇ ਸਨ, ਇਸ ਲਈ ਅਸੀਂ ਆਪਣੇ ਆਪ ਨੂੰ ਨਹੀਂ ਬਚਾ ਸਕੇ। ਮੈਂ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਏ, ਉੱਥੇ ਮੇਰੀ ਬੱਚੀ ਦਾ ਜਨਮ ਹੋਇਆ। ਮੈਂ ਉਸ ਦਾ ਨਾਮ ਜੇਲ੍ਹ ਰਾਣੀ ਰੱਖਿਆ। ਪਰ ਉਹ ਬਚੀ ਨਹੀਂ।"
ਇਸ ਔਰਤ ਨੇ ਦਿਖਾਇਆ ਕਿ ਇਸ ਘਟਨਾ ਤੋਂ ਬਾਅਦ ਉਹ ਕਿੰਨੀ ਕਮਜ਼ੋਰ ਹੋ ਗਈ ਹੈ। ਗੱਲ ਕਰਦਿਆਂ ਉਨ੍ਹਾਂ ਦੀ ਆਵਾਜ਼ ਕੰਬ ਰਹੀ ਸੀ, ਸਰੀਰ ਵੀ ਕੰਬ ਰਿਹਾ ਸੀ। ਉਸ ਦਾ ਚਿਹਰਾ ਦਰਦ ਅਤੇ ਡਰ ਨਾਲ ਸੁੱਕ ਗਿਆ ਸੀ।
ਸਿੰਥੇਰੀ ਪਹਾੜੀ
ਸਾਰੀਆਂ 17 ਬਲਾਤਕਾਰ ਪੀੜਤਾਂ ਦਾ ਵੀ ਇਹੀ ਹਾਲ ਸੀ। ਹਮਲੇ ਦੀ ਰਾਤ ਦੀ ਦਹਿਸ਼ਤ ਨੂੰ ਯਾਦ ਕਰਕੇ ਉਹ ਅਜੇ ਵੀ ਕੰਬ ਜਾਂਦੀਆਂ ਹਨ।
20 ਜੂਨ 1992 ਦੀ ਰਾਤ ਤੋਂ ਬਾਅਦ ਪਿੰਡ ਵਾਸੀ ਘਰੋਂ ਭੱਜ ਗਏ। ਉਹ ਕਈ ਮਹੀਨਿਆਂ ਬਾਅਦ ਵਾਪਸ ਆਏ ਪਰ ਉਦੋਂ ਤੱਕ ਸਭ ਕੁਝ ਖ਼ਤਮ ਹੋ ਗਿਆ ਸੀ।
ਪਿੰਡ ਦੇ ਕਈ ਘਰ ਸਾੜ ਦਿੱਤੇ ਗਏ। ਉਨ੍ਹਾਂ ਦੇ ਪਸ਼ੂ ਮਰ ਚੁੱਕੇ ਸਨ। ਕੱਪੜੇ ਅਤੇ ਸਮਾਨ ਘਰਾਂ ਤੋਂ ਬਾਹਰ ਸੁੱਟ ਦਿੱਤਾ ਗਿਆ। ਪਿੰਡ ਵਾਸੀਆਂ ਨੂੰ ਖੂਹ ਵਿੱਚ ਪਸ਼ੂ ਵੀ ਮਰੇ ਹੋਏ ਮਿਲੇ।
ਇੱਕ ਪਿੰਡ ਵਾਸੀ ਨੇ ਕਿਹਾ, "ਅਸੀਂ ਖੂਹ ਤੋਂ ਪਾਣੀ ਨਹੀਂ ਲੈ ਸਕਦੇ ਸੀ ਕਿਉਂਕਿ ਇਹ ਪੀਣ ਦੇ ਯੋਗ ਨਹੀਂ ਸੀ। ਪਸ਼ੂਆਂ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ ਅਤੇ ਉਹ ਸੜ ਗਏ ਸਨ। ਸਾਡੇ ਕੋਲ ਦੁਬਾਰਾ ਜੀਵਨ ਸ਼ੁਰੂ ਕਰਨ ਲਈ ਕੁਝ ਨਹੀਂ ਸੀ। ਮੇਰੇ ਲਈ, ਮੇਰੇ ਤਿੰਨਾਂ ਬੱਚਿਆਂ ਦਾ ਢਿੱਡ ਭਰਨਾ ਮੁਸ਼ਕਲ ਹੋ ਗਿਆ ਸੀ।"
"ਉਨ੍ਹਾਂ ਨੇ ਅਨਾਜ ਵਿੱਚ ਕੱਚ ਦੇ ਟੁਕੜੇ ਮਿਲਾ ਦਿੱਤੇ। ਸਾਡੇ ਭਾਂਡੇ ਟੁੱਟ ਗਏ ਅਤੇ ਸਾਡੇ ਕੱਪੜੇ ਵੀ ਸਾੜ ਦਿੱਤੇ ਗਏ ਸਨ। ਮੈਨੂੰ ਲੱਗਾ ਕਿ ਇਸ ਤੋਂ ਜੇਲ੍ਹ ਹੀ ਬਿਹਤਰ ਸੀ, ਘੱਟੋ-ਘੱਟ ਸਾਨੂੰ ਉੱਥੇ ਖਾਣ ਲਈ ਤਾਂ ਮਿਲ ਜਾਂਦਾ ਸੀ।"
ਐਡਵੋਕੇਟ ਗਾਂਧੀ ਕੁਮਾਰ ਅਜਿਹੇ 43 ਅਫਸਰਾਂ ਦੇ ਕੇਸ ਮਦਰਾਸ ਹਾਈ ਕੋਰਟ ਵਿੱਚ ਲੜ ਰਹੇ ਹਨ
ਕੇਸ ਦੀ ਸੁਣਵਾਈ ''ਚ ਇੰਨੀ ਦੇਰ ਕਿਉਂ?
ਸ਼ਣਮੁਗਮ, ਸੀਪੀਆਈ (ਐੱਮ) ਦੇ ਆਗੂ, ਜਿਨ੍ਹਾਂ ਨੇ ਕਬਾਇਲੀਆਂ ਨੂੰ ਇਨਸਾਫ਼ ਲਈ ਲੜਨ ਵਿੱਚ ਮਦਦ ਕੀਤੀ ਸੀ, ਦਾ ਕਹਿਣਾ ਹੈ, "ਇਸ ਪਿੰਡ ਵਿੱਚ ਲਗਭਗ ਹਰ ਕੋਈ ਇਸ ਹਮਲੇ ਦਾ ਸ਼ਿਕਾਰ ਸੀ। ਉਨ੍ਹਾਂ ਨੂੰ ਆਮ ਜੀਵਨ ਸ਼ੁਰੂ ਕਰਨ ਵਿੱਚ ਲਗਭਗ ਇੱਕ ਦਹਾਕਾ ਲੱਗ ਗਿਆ।"
ਉਨ੍ਹਾਂ ਨੇ ਕਿਹਾ, "ਬਹੁਤ ਸਾਰੀਆਂ ਔਰਤਾਂ ਅਜੇ ਵੀ ਉਸ ਦਿਨ ਬਾਰੇ ਗੱਲ ਕਰਨ ਤੋਂ ਡਰਦੀਆਂ ਹਨ। ਕਈ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ''ਤੇ ਮੈਜਿਸਟਰੇਟ ਦੇ ਸਾਹਮਣੇ ਆਪਣਾ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ ਗਈ ਸੀ।"
"ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਨ੍ਹਾਂ ਨੂੰ ਬਾਕੀ ਜ਼ਿੰਦਗੀ ਲਈ ਜੇਲ੍ਹ ਵਿੱਚ ਸੜਨਾ ਪਵੇਗਾ।"
"ਅਸੀਂ ਇਸ ਹਮਲੇ ਦੇ ਖ਼ਿਲਾਫ਼ ਪਿੰਡ ਵਿੱਚ ਇੱਕ ਤੋਂ ਬਾਅਦ ਇੱਕ ਕਈ ਪ੍ਰਦਰਸ਼ਨ ਕੀਤੇ ਸਨ। ਇਸ ਨਾਲ ਆਦਿਵਾਸੀ ਔਰਤਾਂ ਵਿੱਚ ਥੋੜ੍ਹਾ ਆਤਮ-ਵਿਸ਼ਵਾਸ਼ ਪੈਦਾ ਹੋਇਆ ਅਤੇ ਉਹ ਸਾਡੇ ਸਾਹਮਣੇ ਸਮੂਹਿਕ ਬਲਾਤਕਾਰ ਬਾਰੇ ਗੱਲ ਕਰਨ ਲੱਗੀਆਂ।"
"ਜਦੋਂ ਅਸੀਂ ਮਦਰਾਸ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ, ਤਾਂ ਇਹ ਕਹਿ ਕੇ ਖਾਰਜ ਕਰ ਦਿੱਤੀ ਗਈ ਕਿ ਸੈਂਕੜੇ ਸੀਨੀਅਰ ਅਧਿਕਾਰੀ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ। ਇਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਨੂੰ ਪਟੀਸ਼ਨ ਦੀ ਸੁਣਵਾਈ ਲਈ ਨਿਰਦੇਸ਼ ਦਿੱਤਾ। ਫਿਰ ਇਹ ਮਾਮਲਾ ਸ਼ੁਰੂ ਹੋਇਆ।"
"ਸੀਬੀਆਈ ਵੱਲੋਂ ਇਸ ਮਾਮਲੇ ਵਿੱਚ 269 ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇੱਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਗਿਆ ਸੀ। ਪਰ 20 ਸਾਲਾਂ ਦੀ ਸੁਣਵਾਈ ਦੌਰਾਨ, 54 ਮੁਲਜ਼ਮਾਂ ਦੀ ਮੌਤ ਹੋ ਗਈ ਸੀ।"
2011 ਵਿੱਚ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ। ਇਸ ਮਾਮਲੇ ''ਚ 215 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਵਿੱਚੋਂ 12 ਨੂੰ ਦਸ ਸਾਲ ਦੀ ਕੈਦ, ਪੰਜ ਨੂੰ ਸੱਤ ਸਾਲ ਦੀ ਕੈਦ ਅਤੇ ਬਾਕੀ 198 ਅਧਿਕਾਰੀਆਂ ਨੂੰ ਦੋ ਤੋਂ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।"
ਵਾਚਾਤੀ ਪਿੰਡ ਦੇ ਬੋਹੜ ਇਸ ਦਿਨ ਖ਼ੌਫ਼ਨਾਕ ਘਟਨਾ ਦਾ ਗਵਾਹ ਬਣਿਆ ਸੀ
ਸਜ਼ਾ ਦੇ ਖ਼ਿਲਾਫ਼ ਅਪੀਲ
215 ਅਫਸਰਾਂ ਵਿੱਚੋਂ ਕੁਝ, ਜਿਨ੍ਹਾਂ ਨੂੰ ਵਾਚਾਤੀ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ''ਤੇ ਆਪਣੀ ਡਿਊਟੀ ਕਰਨ ਕਰਕੇ ਇਲਜ਼ਾਮ ਲਾਏ ਜਾ ਰਹੇ ਹਨ। ਉਨ੍ਹਾਂ ਅਸਲ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਪਿੰਡ ਵਾਸੀਆਂ ਨੂੰ ਵੀਰੱਪਨ ਦੇ ਤਸਕਰੀ ਨੈੱਟਵਰਕ ਦਾ ਹਿੱਸਾ ਬਣਨ ਤੋਂ ਰੋਕਿਆ ਸੀ।
ਐਡਵੋਕੇਟ ਗਾਂਧੀ ਕੁਮਾਰ ਅਜਿਹੇ 43 ਅਫਸਰਾਂ ਦੇ ਕੇਸ ਮਦਰਾਸ ਹਾਈ ਕੋਰਟ ਵਿੱਚ ਲੜ ਰਹੇ ਹਨ।
ਹੇਠਲੀ ਅਦਾਲਤ ਦੇ ਹੁਕਮਾਂ ਦੇ 110 ਪੰਨਿਆਂ ਨੂੰ ਆਪਣੇ ਹੱਥ ਵਿੱਚ ਫੜ ਕੇ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਮੁਵੱਕਿਲ ਇਸ ਕੇਸ ਵਿੱਚੋਂ ਬੇਦਾਗ਼ ਬਾਹਰ ਆਉਣਗੇ।
ਉਹ ਕਹਿੰਦੇ ਹਨ, "ਸੀਬੀਆਈ ਨੇ ਕਈ ਅਫਸਰਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਉਸ ਦਿਨ ਡਿਊਟੀ ''ਤੇ ਨਹੀਂ ਸਨ। ਮੇਰਾ ਇੱਕ ਮੁਵੱਕਿਲ ਮੈਡੀਕਲ ਛੁੱਟੀ ''ਤੇ ਸੀ। ਪਰ ਉਸ ''ਤੇ ਮੁਕੱਦਮਾ ਚਲਾਇਆ ਗਿਆ ਅਤੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਉਸ ਦਾ ਦਾਅਵਾ ਹੈ ਕਿ ਬਲਾਤਕਾਰ ਪੀੜਤਾਂ ਵਲੋਂ ਬਿਆਨ ਕੀਤੀਆਂ ਗਈਆਂ ਕਈ ਘਟਨਾਵਾਂ ਸ਼ੱਕੀ ਹਨ।"
ਇਨਸਾਫ਼ ਦੀ ਲੰਮੀ ਉਡੀਕ
ਅੱਜ 30 ਸਾਲਾਂ ਬਾਅਦ ਵਾਚਾਤੀ ਪਿੰਡ ਜੂਨ 1992 ਦੀ ਉਸ ਭਿਆਨਕ ਘਟਨਾ ਤੋਂ ਬਹੁਤ ਅੱਗੇ ਨਿਕਲ ਚੁੱਕਾ ਹੈ। ਹੁਣ ਇੱਥੇ ਕੱਖਾਂ ਵਾਲੀਆਂ ਛੱਤਾਂ ਘੱਟ ਹੀ ਦਿਖਾਈ ਦਿੰਦੀਆਂ ਹਨ। ਪਿੰਡ ਦੇ ਬਹੁਤੇ ਲੋਕਾਂ ਕੋਲ ਹੁਣ ਟਾਇਲਾਂ ਵਾਲੀਆਂ ਛੱਤਾਂ ਦੇ ਘਰ ਹਨ ਅਤੇ ਲਗਭਗ ਹਰ ਬੱਚਾ ਸਕੂਲ ਜਾਂਦਾ ਹੈ।
ਇੱਕ-ਦੋ ਜਨਰਲ ਸਟੋਰ ਦੀਆਂ ਦੁਕਾਨਾਂ ਵੀ ਨਜ਼ਰ ਆ ਰਹੀਆਂ ਹਨ। ਕੁਝ ਨੌਜਵਾਨ ਟਰੈਂਡੀ ਬਾਈਕ ਲੈ ਕੇ ਪਿੰਡ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ। ਅੱਜ ਪਿੰਡ ਦੇ ਬਹੁਤੇ ਲੋਕਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਹਨ। ਲਗਭਗ ਹਰ ਘਰ ਵਿੱਚ ਟੈਲੀਵਿਜ਼ਨ ਹੈ।
ਪਿੰਡਾਂ ਦੇ ਬਹੁਤ ਸਾਰੇ ਲੋਕ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਨੇੜਲੇ ਕਸਬਿਆਂ ਵਿੱਚ ਕੱਪੜਾ ਮਿੱਲਾਂ ਵਿੱਚ ਕੰਮ ਕਰ ਰਹੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਵਾਚਾਤੀ ਪਿੰਡ ਦੇ ਪੰਜ ਨੌਜਵਾਨਾਂ ਨੇ ਹਾਲ ਹੀ ਵਿੱਚ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਪੁਲਿਸ ਸੇਵਾ ਵਿੱਚ ਜੂਨੀਅਰ ਰੈਂਕ ਦੀ ਨੌਕਰੀ ਸ਼ੁਰੂ ਕੀਤੀ ਹੈ।
ਪਰ ਪਿੰਡ ਦੇ ਵਿਚਕਾਰ ਖੜ੍ਹਾ ਵੱਡਾ ਬੋਹੜ ਦਾ ਦਰੱਖਤ, ਜੋ ਉਸ ਘਿਨਾਉਣੇ ਕਾਂਡ ਵਾਲੇ ਦਿਨ ਦਾ ਗਵਾਹ ਸੀ, ਅੱਜ ਵੀ ਉੱਥੇ ਖੜ੍ਹਾ ਹੈ। ਅੱਜ ਇਹ ਕਬਾਇਲੀ ਬਸਤੀ ਦੀਆਂ ਔਰਤਾਂ, ਮਰਦਾਂ ਅਤੇ ਨਵੇਂ ਨੌਜਵਾਨਾਂ ਲਈ ਸੱਥ ਬਣ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਬੀਬੀਸੀ ਪੰਜਾਬੀ ''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
NEXT STORY