ਵੈਸਟਮਿੰਸਟਰ ਐਬੀ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਸਮਾਗਮ ਦੌਰਾਨ ਚਾਰਲਸ ਅਤੇ ਕਮਿਲਾ ਨੂੰ ਰਾਜਾ ਤੇ ਰਾਣੀ ਦਾ ਤਾਜ ਪਹਿਨਾਇਆ ਗਿਆ।
ਕਿੰਗ ਚਾਰਲਸ III ਨੇ ਆਪਣੇ ਦਾਦਾ ਦਾ ਲਾਲ ਮਖਮਲੀ ਚੋਲਾ ਪਾ ਕੇ ਸਹੁੰ ਚੁੱਕੀ। ਉਹਨਾਂ ਦੇ ਸਿਰ ’ਤੇ ਸੇਂਟ ਐਡਵਰਡ ਦਾ ਤਾਜ ਰੱਖਿਆ ਗਿਆ।
ਇਸ ਤੋਂ ਕੁਝ ਸਮਾਂ ਬਾਅਦ ਕਮਿਲਾ ਨੂੰ ਮਹਾਰਾਣੀ ਮੈਰੀ ਦਾ ਤਾਜ ਪਹਿਨਾਇਆ ਗਿਆ।
ਸ਼ਾਹੀ ਜੋੜਾ ਕੇਂਦਰੀ ਲੰਡਨ ਰਾਹੀਂ ਇੱਕ ਜਲੂਸ ਤੋਂ ਬਾਅਦ ਡਾਇਮੰਡ ਜੁਬਲੀ ਸਟੇਟ ਕੋਚ ਵਿੱਚ ਪਹੁੰਚਿਆ ਸੀ।
ਇਸ ਸਮਾਗਮ ਵਿੱਚ ਸ਼ਾਹੀ ਪਰਿਵਾਰ, ਮਸ਼ਹੂਰ ਹਸਤੀਆਂ ਅਤੇ ਰਾਜ ਦੇ ਮੁਖੀਆਂ ਸਮੇਤ ਲਗਭਗ 2,200 ਲੋਕਾਂ ਨੇ ਭਾਗ ਲਿਆ।
ਮੈਂ ਇੱਥੇ ਸੇਵਾ ਲੈਣ ਲਈ ਨਹੀਂ, ਸੇਵਾ ਕਰਨ ਆਇਆ ਹਾਂ: ਕਿੰਗ ਚਾਰਲਸ
ਕਿੰਗ ਚਾਰਲਸ ਨੇ ਵੈਸਟਮਿੰਸਟਰ ਐਬੀ ਵਿੱਚ ਕਿਹਾ ਕਿ ''ਮੈਂ ਇੱਥੇ ਸੇਵਾ ਲੈਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਆਇਆ ਹਾਂ।'' ਇਸ ਦੌਰਾਨ ਕੈਂਟਰਬਰੀ ਦੇ ਆਰਚਬਿਸ਼ਪ ਇੰਗਲੈਂਡ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਮੌਜੂਦਗੀ ਬਾਰੇ ਬੋਲੇ।
ਉਹਨਾਂ ਕਿਹਾ ਕਿ ਚਰਚ ਆਫ਼ ਇੰਗਲੈਂਡ "ਅਜਿਹਾ ਮਾਹੌਲ ਤਿਆਰ ਕਰਨਾ ਜਾਰੀ ਰੱਖੇਗਾ ਜਿੱਥੇ ਹਰ ਧਰਮ ਦੇ ਲੋਕ ਆਜ਼ਾਦੀ ਨਾਲ ਰਹਿ ਸਕਣ।"
ਇਸ ਤੋਂ ਬਾਅਦ ਕਿੰਗ ਚਾਰਲਸ ਨੂੰ ਸਹੁੰ ਚੁਕਾਈ ਗਈ।
ਉਹਨਾਂ ਨੇ ਕਿੰਗ ਚਾਰਲਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਰਾਜ ਦੌਰਾਨ ਕਾਨੂੰਨ ਅਤੇ ਚਰਚ ਆਫ਼ ਇੰਗਲੈਂਡ ਨੂੰ ਬਰਕਰਾਰ ਰੱਖੇਣਗੇ।
ਇਸ ਤੋਂ ਬਾਅਦ, ਰਾਜਾ ਨੇ ਪਵਿੱਤਰ ਇੰਜੀਲ ''ਤੇ ਆਪਣਾ ਹੱਥ ਰੱਖ ਕੇ ਸਹਿਮਤੀ ਦਿੱਤੀ।
ਕਿੰਗ ਚਾਰਲਸ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਚ ਦੇਸ਼ ਦੇ ਸੱਤ ਸਾਬਕਾ ਨੇਤਾਵਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ।
ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਵੀ ਮੌਜੂਦ ਰਹੇ। ਪੂਰੀ ਰਾਜਾ ਸ਼ਾਹੀ ਚਿੱਟੇ ਪਹਿਰਾਵੇ ਵਿੱਚ ਸੀ।
ਕਿੰਗ ਚਾਰਲਸ ਦੇ ਤਾਜ ਬਾਰੇ ਜਾਣੋ
ਕਰੀਬ 360 ਸਾਲ ਪੁਰਾਣਾ ਇਹ ਤਾਜ 22 ਕੈਰੇਟ ਸੋਨੇ ਦਾ ਬਣਿਆ ਹੈ।
ਇਹ 30 ਸੈਂਟੀਮੀਟਰ ਤੋਂ ਵੱਧ ਲੰਬਾ ਹੈ। ਇਸਦਾ ਭਾਰ ਲਗਭਗ ਦੋ ਕਿਲੋ 230 ਗ੍ਰਾਮ ਹੈ।
ਇਸ ਤਾਜ ਨੂੰ ਇਸ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ II ਨੇ 1953 ਵਿੱਚ ਆਪਣੀ ਤਾਜਪੋਸ਼ੀ ਮੌਕੇ ਪਹਿਨਿਆ ਸੀ।
ਪਿਛਲੇ 70 ਸਾਲਾਂ ਵਿੱਚ ਸ਼ਾਇਦ ਹੀ ਇਹ ਤਾਜ ਲੰਡਨ ਦੇ ਟਾਵਰ ਤੋਂ ਬਾਹਰ ਨਿਕਲਿਆ ਹੋਵੇ।
ਇਸ ਤਾਜ ਵਿੱਚ 444 ਰਤਨ ਜੜੇ ਹੋਏ ਹਨ। ਇਸ ਵਿੱਚ ਮਹਿੰਗੇ ਨੀਲਮ, ਰੂਬੀ ਅਤੇ ਪੁਖਰਾਜ ਸ਼ਾਮਲ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਹਲਕੇ ਨੀਲੇ ਰੰਗ ਦੇ ਸਮੁੰਦਰੀ ਰਤਨ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਹਨੀ ਟਰੈਪ: ਕਿਸ ਲਾਲਚ ਵਿੱਚ ਫ਼ਸ ਜਾਂਦੇ ਹਨ ਵੱਡੇ- ਵੱਡੇ ਅਧਿਕਾਰੀ
NEXT STORY