23 ਜਨਵਰੀ, 1966 ਨੂੰ ਹੋਮੀ ਭਾਭਾ ਸਾਰਾ ਦਿਨ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀਆਈਐਫਆਰ) ਵਿੱਚ ਆਪਣੇ ਦਫ਼ਤਰ ਦੀ ਚੌਥੀ ਮੰਜ਼ਿਲ ''ਤੇ ਕੰਮ ਕਰਦੇ ਰਹੇ।
ਉਨ੍ਹਾਂ ਦੇ ਸਹਿਯੋਗੀ ਐਮਜੀਕੇ ਮੈਨਨ ਨੇ ਯਾਦ ਕਰਦਿਆਂ ਕਿਹਾ, "ਭਾਭਾ ਨੇ ਉਸ ਦਿਨ ਮੇਰੇ ਨਾਲ ਲਗਭਗ ਦੋ ਘੰਟੇ ਗੱਲਬਾਤ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ ਦਾ ਫ਼ੋਨ ਆਇਆ ਸੀ। ਉਨ੍ਹਾਂ ਨੇ ਭਾਭਾ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਵਿਗਿਆਨ ਅਤੇ ਟੈਕਨਾਲੋਜੀ ਦੇ ਹਰ ਮਾਮਲੇ ਵਿੱਚ ਮੇਰੀ ਮਦਦ ਕਰੋ।''''
''''ਜੇ ਉਹ ਇਹ ਜ਼ਿੰਮੇਵਾਰੀ ਸਵੀਕਾਰ ਕਰ ਲੈਂਦੇ ਤਾਂ ਉਨ੍ਹਾਂ ਨੂੰ ਮੁੰਬਈ ਤੋਂ ਦਿੱਲੀ ਜਾਣਾ ਪੈਂਦਾ। ਭਾਭਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਵਿਆਨਾ ਤੋਂ ਵਾਪਸ ਆਉਣ ਮਗਰੋਂ ਤੁਹਾਨੂੰ ਟੀਆਈਐਫਆਰ ਦਾ ਨਿਰਦੇਸ਼ਕ ਬਣਾਉਣ ਲਈ ਕਾਉਂਸਿਲ ਅੱਗੇ ਪ੍ਰਸਤਾਵ ਰੱਖਾਂਗਾ।"
ਭਾਭਾ ਦੇ ਭਰਾ ਜਮਸ਼ੇਦ, ਮਾਂ ਮੇਹਰਬਾਈ, ਜੇਆਰਡੀ ਟਾਟਾ, ਦੋਸਤ ਪਿਪਸੀ ਵਾਡੀਆ ਅਤੇ ਉਨ੍ਹਾਂ ਦੇ ਦੰਦਾਂ ਦੇ ਡਾਕਟਰ ਫ਼ਾਲੀ ਮਹਿਤਾ ਨੂੰ ਵੀ ਇੰਦਰਾ ਗਾਂਧੀ ਦੀ ਪੇਸ਼ਕਸ਼ ਬਾਰੇ ਪਤਾ ਸੀ।
ਹੋਮੀ ਭਾਭਾ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਜੀਵਨੀ ''ਹੋਮੀ ਭਾਭਾ ਏ ਲਾਈਫ'' ਦੇ ਲੇਖਕ ਬਖਤਿਆਰ ਕੇ ਦਾਦਾਭੋਏ ਲਿਖਦੇ ਹਨ, "ਭਾਭਾ ਨੇ ਸਪੱਸ਼ਟ ਤੌਰ ''ਤੇ ਮੇਨਨ ਨੂੰ ਇਹ ਨਹੀਂ ਦੱਸਿਆ ਕਿ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕੀ ਪੇਸ਼ਕਸ਼ ਕੀਤੀ ਸੀ, ਪਰ ਮੇਨਨ ਦਾ ਇਹ ਅੰਦਾਜ਼ਾ ਸੀ ਕਿ ਇੰਦਰਾ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ।''''
ਭਾਭਾ ਦਾ ਜਹਾਜ਼ ਪਹਾੜ ਨਾਲ ਟਕਰਾਇਆ
24 ਜਨਵਰੀ, 1966 ਨੂੰ ਭਾਭਾ ਵਿਆਨਾ ਜਾਣ ਲਈ ਏਅਰ ਇੰਡੀਆ ਦੀ ਫਲਾਈਟ 101 ''ਤੇ ਸਵਾਰ ਹੋਏ। ਉਨ੍ਹੀਂ ਦਿਨੀਂ ਬੰਬਈ ਤੋਂ ਵਿਆਨਾ ਲਈ ਕੋਈ ਸਿੱਧੀ ਫਲਾਈਟ ਨਹੀਂ ਸੀ ਅਤੇ ਲੋਕਾਂ ਨੂੰ ਵਿਆਨਾ ਜਾਣ ਲਈ ਜਨੇਵਾ ਵਿੱਚ ਫਲਾਈਟਾਂ ਬਦਲਣੀਆਂ ਪੈਂਦੀਆਂ ਸਨ।
ਭਾਭਾ ਨੇ ਇੱਕ ਦਿਨ ਪਹਿਲਾਂ ਜਨੇਵਾ ਲਈ ਫਲਾਈਟ ਬੁੱਕ ਕੀਤੀ ਸੀ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਆਪਣੀ ਯਾਤਰਾ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ।
24 ਜਨਵਰੀ ਨੂੰ ਏਅਰ ਇੰਡੀਆ ਦਾ ਬੋਇੰਗ 707 ਜਹਾਜ਼ ''ਕੰਚਨਜੰਗਾ'' ਸਵੇਰੇ 7:02 ਵਜੇ ਮੋਬਲਾਂ ਪਹਾੜੀਆਂ ਨਾਲ ਟਕਰਾਉਣ ਤੋਂ ਬਾਅਦ 4807 ਮੀਟਰ ਦੀ ਉਚਾਈ ''ਤੇ ਹਾਦਸਾਗ੍ਰਸਤ ਹੋ ਗਿਆ।
ਇਹ ਜਹਾਜ਼ ਦਿੱਲੀ, ਬੇਰੂਤ ਅਤੇ ਜਨੇਵਾ ਦੇ ਰਸਤੇ ਲੰਡਨ ਜਾ ਰਿਹਾ ਸੀ। ਇਸ ਹਾਦਸੇ ਵਿੱਚ ਸਾਰੇ 106 ਯਾਤਰੀ ਅਤੇ 11 ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ।
ਕੰਗਚਨਜੰਗਾ ਲਗਭਗ ਉਸੇ ਥਾਂ ''ਤੇ ਕ੍ਰੈਸ਼ ਹੋਇਆ ਸੀ ਜਿੱਥੇ ਨਵੰਬਰ 1950 ਵਿੱਚ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ''ਮਾਲਾਬਾਰ ਪ੍ਰਿੰਸੇਸ'' ਕ੍ਰੈਸ਼ ਹੋਇਆ ਸੀ।
''ਮਾਲਾਬਾਰ ਪ੍ਰਿੰਸੇਸ'' ਅਤੇ ''ਕੰਜਨਜੰਗਾ'' ਦੋਵੇਂ ਜਹਾਜ਼ਾਂ ਦਾ ਮਲਬਾ ਅਤੇ ਇਸ ''ਤੇ ਸਵਾਰ ਲੋਕਾਂ ਦੀਆਂ ਲਾਸ਼ਾਂ ਕਦੇ ਵੀ ਨਹੀਂ ਮਿਲ ਸਕੀਆਂ।
ਉਸ ਜਹਾਜ਼ ਦਾ ਬਲੈਕ ਬਾਕਸ ਵੀ ਨਹੀਂ ਮਿਲਿਆ। ਖਰਾਬ ਮੌਸਮ ਕਾਰਨ ਜਹਾਜ਼ ਦੇ ਮਲਬੇ ਨੂੰ ਲੱਭਣ ਦਾ ਕੰਮ ਰੋਕਣਾ ਪਿਆ ਸੀ।
ਫ੍ਰੈਂਚ ਜਾਂਚ ਕਮੇਟੀ ਨੇ ਸਤੰਬਰ 1966 ਵਿੱਚ ਆਪਣੀ ਜਾਂਚ ਦੁਬਾਰਾ ਸ਼ੁਰੂ ਕੀਤੀ ਅਤੇ ਮਾਰਚ 1967 ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ, ''''ਪਹਾੜ ''ਤੇ ਭਾਰੀ ਬਰਫਬਾਰੀ ਅਤੇ ਪਾਇਲਟ ਅਤੇ ਹਵਾਈ ਆਵਾਜਾਈ ਕੰਟਰੋਲਰ ਵਿਚਕਾਰ ਗਲਤਫਹਿਮੀ ਕਾਰਨ ਇਹ ਹਾਦਸਾ ਵਾਪਰਿਆ।''''
ਜਹਾਜ਼ ਦੇ ਕਮਾਂਡਰ ਨੇ ਮੋਬਲਾਂ ਤੋਂ ਆਪਣੀ ਦੂਰੀ ਦਾ ਗਲਤ ਅੰਦਾਜ਼ਾ ਲਗਾ ਲਿਆ ਸੀ। ਜਹਾਜ਼ ਦਾ ਇੱਕ ਰਿਸੀਵਰ ਵੀ ਕੰਮ ਨਹੀਂ ਕਰ ਰਿਹਾ ਸੀ।"
ਭਾਰਤ ਸਰਕਾਰ ਨੇ ਫਰਾਂਸ ਦੀ ਜਾਂਚ ਰਿਪੋਰਟ ਨੂੰ ਸਵੀਕਾਰ ਕਰ ਲਿਆ ਸੀ।
ਭਾਰਤੀ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ
ਸਿਰਫ 56 ਸਾਲ ਦੀ ਉਮਰ ''ਚ ਹੋਮੀ ਭਾਭਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।
ਉਨ੍ਹਾਂ ਨੂੰ ਕਾਸਮਿਕ (ਬ੍ਰਹਿਮੰਡੀ) ਕਿਰਨਾਂ ''ਤੇ ਕੰਮ ਕਰਨ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਜਿਸ ਦੇ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।
ਪਰ ਭਾਭਾ ਦਾ ਅਸਲ ਯੋਗਦਾਨ ਭਾਰਤ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਅਤੇ ਟਾਟਾ ਇੰਸਟੀਚਿਊਟ ਦੀ ਸਥਾਪਨਾ ਕਰਨ ਵਿੱਚ ਸੀ।
ਭਾਭਾ ਦੀ ਅਚਾਨਕ ਹੋਈ ਮੌਤ ਨੇ ਪੂਰੇ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਸਮੇਂ ਦੇ ਸਭ ਤੋਂ ਵੱਡੇ ਉਦਯੋਗਪਤੀ ਜੇਆਰਡੀ ਟਾਟਾ ਲਈ ਇਹ ਇੱਕ ਦੋਹਰਾ ਸਦਮਾ ਸੀ।
ਉਨ੍ਹਾਂ ਦੀ ਪਤਨੀ ਦੇ ਭਰਾ ਗਣੇਸ਼ ਬਰਟੋਲੀ, ਏਅਰ ਇੰਡੀਆ ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਆਂ ਅਤੇ ਉਹ ਵੀ ਉਸੇ ਜਹਾਜ਼ ਵਿੱਚ ਸਵਾਰ ਸਨ।
ਜਹਾਜ਼ ''ਤੇ ਸਵਾਰ ਹੋਣ ਤੋਂ ਦੋ ਦਿਨ ਪਹਿਲਾਂ, ਭਾਭਾ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਸਨਮਾਨ ਵਿੱਚ ਇੱਕ ਸ਼ੋਕ ਸਭਾ ਦੀ ਪ੍ਰਧਾਨਗੀ ਕੀਤੀ ਸੀ।
ਕਿਹਾ ਜਾਂਦਾ ਹੈ ਕਿ ਲਾਲ ਬਹਾਦੁਰ ਸ਼ਾਸਤਰੀ ਨੇ ਵੀ ਭਾਭਾ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਸੀ ਪਰ ਉਦੋਂ ਭਾਭਾ ਨੇ ਸਿਆਸੀ ਅਹੁਦੇ ਦੀ ਬਜਾਏ ਵਿਗਿਆਨਕ ਕੰਮ ਕਰਦੇ ਰਹਿਣ ਦਾ ਫੈਸਲਾ ਕੀਤਾ ਸੀ।
ਭਾਭਾ ਦੀ ਮੌਤ ''ਚ ਸੀਆਈਏ ਦਾ ਹੱਥ?
2017 ਵਿੱਚ, ਇੱਕ ਸਵਿਸ ਪਰਬਤਾਰੋਹੀ ਡੇਨੀਅਲ ਰੋਸ਼ੇ ਨੂੰ ਐਲਪਸ ਪਹਾੜਾਂ ਵਿੱਚ ਇੱਕ ਜਹਾਜ਼ ਦਾ ਮਲਬਾ ਮਿਲਿਆ। ਇਸ ਬਾਰੇ ਕਿਹਾ ਗਿਆ ਸੀ ਕਿ ਇਹ ਉਸੇ ਜਹਾਜ਼ ਦਾ ਮਲਬਾ ਸੀ ਜਿਸ ਵਿੱਚ ਹੋਮੀ ਭਾਭਾ ਯਾਤਰਾ ਕਰ ਰਹੇ ਸਨ।
ਇਸ ਹਾਦਸੇ ਨਾਲ ਜੁੜੀਆਂ ਸਾਜ਼ਿਸ਼ਾਂ ਦੀਆਂ ਅਟਕਲਾਂ, ਇਸ ਵਿੱਚ ਅਮਰੀਕੀ ਖੁਫੀਆ ਏਜੰਸੀ ਸੀਆਈਏ ਦਾ ਹੱਥ ਦੱਸਦੀਆਂ ਹਨ।
ਸਾਲ 2008 ਵਿੱਚ ਇੱਕ ਕਿਤਾਬ ‘ਕਨਵਰਸੇਸ਼ਨ ਵਿਦ ਦ ਕ੍ਰੋ’ ਵਿੱਚ ਸਾਬਕਾ ਸੀਆਈਏ ਅਧਿਕਾਰੀ ਰੌਬਰਟ ਕ੍ਰੋਲੀ ਅਤੇ ਪੱਤਰਕਾਰ ਗ੍ਰੇਗਰੀ ਡਗਲਸ ਦਰਮਿਆਨ ਕਥਿਤ ਗੱਲਬਾਤ ਪ੍ਰਕਾਸ਼ਿਤ ਹੋਈ ਸੀ, ਜਿਸ ਤੋਂ ਲੋਕਾਂ ਨੂੰ ਇਹ ਅੰਦਾਜ਼ਾ ਮਿਲਿਆ ਕਿ ਇਸ ਹਾਦਸੇ ਵਿੱਚ ਸੀਆਈਏ ਸ਼ਾਮਲ ਸੀ।
ਸੀਆਈਏ ਵਿੱਚ ਕ੍ਰੋਲੀ ਨੂੰ ''ਕ੍ਰੋ'' ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਆਪਣਾ ਪੂਰਾ ਕਰੀਅਰ ਸੀਆਈਏ ਵਿੱਚ ਯੋਜਨਾ ਡਾਇਰੈਕਟੋਰੇਟ ਵਿੱਚ ਬਿਤਾਇਆ ਸੀ, ਜਿਸ ਨੂੰ ''ਡਿਪਾਰਟਮੈਂਟ ਆਫ਼ ਡਰਟੀ ਟ੍ਰਿਕਸ'' ਵੀ ਕਿਹਾ ਜਾਂਦਾ ਸੀ।
ਅਕਤੂਬਰ 2000 ਵਿੱਚ ਆਪਣੀ ਮੌਤ ਤੋਂ ਪਹਿਲਾਂ ਕ੍ਰੋਲੇ ਨੇ ਡਗਲਸ ਨਾਲ ਕਈ ਵਾਰ ਗੱਲਬਾਤ ਕੀਤੀ ਸੀ।
ਉਨ੍ਹਾਂ ਨੇ ਡਗਲਸ ਨੂੰ ਦਸਤਾਵੇਜ਼ਾਂ ਨਾਲ ਭਰੇ ਦੋ ਬਕਸੇ ਭੇਜੇ ਸਨ ਅਤੇ ਨਿਰਦੇਸ਼ ਦਿੱਤੇ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਖੋਲ੍ਹਿਆ ਜਾਵੇ।
5 ਜੁਲਾਈ 1996 ਨੂੰ ਹੋਈ ਗੱਲਬਾਤ ਵਿੱਚ ਡਗਲਸ ਨੇ ਕ੍ਰੋਲੇ ਨੂੰ ਕਹਿੰਦਿਆਂ ਦੱਸਿਆ ਸੀ, "ਸੱਠ ਦੇ ਦਹਾਕੇ ਵਿੱਚ ਭਾਰਤ ਨਾਲ ਸਾਡੀਆਂ ਸਮੱਸਿਆਵਾਂ ਸ਼ੁਰੂ ਹੋ ਗਈਆਂ ਸਨ, ਜਦੋਂ ਉਸ ਨੇ ਪਰਮਾਣੂ ਬੰਬ ''ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।''''
''''ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਕਿੰਨੇ ਚਲਾਕ ਹਨ ਅਤੇ ਛੇਤੀ ਹੀ ਉਹ ਇੱਕ ਵੱਡੀ ਵਿਸ਼ਵ ਸ਼ਕਤੀ ਬਣਨ ਜਾ ਰਹੇ ਹਨ। ਦੂਜੀ ਗੱਲ ਇਹ ਸੀ ਕਿ ਉਹ ਸੋਵੀਅਤ ਯੂਨੀਅਨ ਦੇ ਕੁਝ ਜ਼ਿਆਦਾ ਹੀ ਨੇੜੇ ਜਾ ਰਹੇ ਸਨ।''''
ਇਸੇ ਕਿਤਾਬ ਵਿੱਚ ਕ੍ਰੋ ਨੇ ਭਾਭਾ ਬਾਰੇ ਕਿਹਾ ਸੀ, "ਉਹ ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਹਨ ਅਤੇ ਉਹ ਪਰਮਾਣੂ ਬੰਬ ਬਣਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਸਨ।''''
''''ਭਾਭਾ ਨੂੰ ਇਸ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਸੀ। ਭਾਭਾ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਅਤੇ ਭਾਰਤ ਨੂੰ ਹੋਰ ਪਰਮਾਣੂ ਸ਼ਕਤੀਆਂ ਦੇ ਬਰਾਬਰ ਆਉਣ ਤੋਂ ਨਹੀਂ ਰੋਕ ਸਕਦੀ।''''
''''ਉਹ ਸਾਡੇ ਲਈ ਇੱਕ ਖ਼ਤਰਾ ਬਣ ਗਏ ਸਨ। ਉਹ ਇੱਕ ਹਵਾਈ ਹਾਦਸੇ ਵਿੱਚ ਮਾਰ ਗਏ ਸਨ ਜਦੋਂ ਉਨ੍ਹਾਂ ਦੇ ਬੋਇੰਗ 707 ਦੇ ਕਾਰਗੋ ਹੋਲਡ ਵਿੱਚ ਰੱਖਿਆ ਬੰਬ ਫਟ ਗਿਆ ਸੀ।"
ਭਾਭਾ ਨਾਲ 116 ਲੋਕ ਮਾਰੇ ਗਏ
ਕਿਤਾਬ ਦੇ ਅਨੁਸਾਰ, ਕ੍ਰੋਲੀ ਨੇ ਇਹ ਸ਼ੇਖੀ ਵੀ ਮਾਰੀ ਸੀ ਕਿ ਉਹ ਵਿਆਨਾ ਦੇ ਉੱਪਰ ਜਹਾਜ਼ ''ਚ ਧਮਾਕਾ ਕਰਨਾ ਚਾਹੁੰਦੇ ਸਨ, ਪਰ ਫਿਰ ਇਹ ਫੈਸਲਾ ਕੀਤਾ ਗਿਆ ਸੀ ਕਿ ਉੱਚੇ ਪਹਾੜਾਂ ''ਤੇ ਧਮਾਕੇ ਨਾਲ ਘੱਟ ਨੁਕਸਾਨ ਹੋਵੇਗਾ।
ਮੈਂ ਸਮਝਦਾ ਹਾਂ ਕਿ ਇੱਕ ਵੱਡੇ ਸ਼ਹਿਰ ਉੱਤੇ ਇੱਕ ਵੱਡੇ ਜਹਾਜ਼ ਦੇ ਡਿੱਗਣ ਨਾਲੋਂ ਪਹਾੜਾਂ ਉੱਤੇ ਡਿੱਗਣ ਵਿੱਚ ਘੱਟ ਨੁਕਸਾਨ ਹੋਵੇਗਾ।
ਏਜੰਸੀ ਦੇ ਅੰਦਰ, ਕ੍ਰੋਲੀ ਨੂੰ ਸੋਵੀਅਤ ਖੁਫੀਆ ਏਜੰਸੀ ਕੇਜੀਬੀ ਦਾ ਮਾਹਰ ਮੰਨਿਆ ਜਾਂਦਾ ਸੀ।
ਕਿਤਾਬ ਵਿੱਚ ਉਨ੍ਹਾਂ ਨੂੰ ਇਹ ਕਹਿੰਦਿਆਂ ਵੀ ਦੱਸਿਆ ਗਿਆ ਹੈ ਕਿ "ਅਸਲ ਵਿੱਚ ਸ਼ਾਸਤਰੀ ਭਾਰਤ ਦਾ ਪਰਮਾਣੂ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਸਨ, ਇਸ ਲਈ ਅਸੀਂ ਉਨ੍ਹਾਂ ਤੋਂ ਵੀ ਛੁਟਕਾਰਾ ਪਾਇਆ।''''
''''ਕਿਉਂਕਿ ਭਾਭਾ ਜੀਨੀਅਸ ਸਨ ਅਤੇ ਉਨ੍ਹਾਂ ਵਿੱਚ ਪਰਮਾਣੂ ਬੰਬ ਬਣਾਉਣ ਦੀ ਸਮਰੱਥਾ ਸੀ, ਇਸ ਲਈ ਅਸੀਂ ਦੋਵਾਂ ਤੋਂ ਪੈਂਡਾ ਛੁਡਾ ਲਿਆ। ਭਾਭਾ ਤੋਂ ਬਾਅਦ ਭਾਰਤ ਵੀ ਸ਼ਾਂਤ ਹੋ ਗਿਆ।
ਭਾਭਾ ਦੇ ਜੀਵਨੀਕਾਰ ਬਖਤਿਆਰ ਕੇ ਦਾਦਾਭੋਏ ਲਿਖਦੇ ਹਨ, "ਭਾਭਾ ਦੀ ਮੌਤ ਇਤਾਲੀ ਦੇ ਤੇਲ ਵਪਾਰੀ ਐਨਰੀਕੋ ਮੈਟੀ ਵਰਗੀ ਸੀ। ਉਨ੍ਹਾਂ ਨੇ ਇਟਲੀ ਦੇ ਪਹਿਦੇ ਪਰਮਾਣੂ ਰਿਐਕਟਰ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਕਥਿਤ ਤੌਰ ''ਤੇ ਸੀਆਈਏ ਨੇ ਉਨ੍ਹਾਂ ਦੇ ਨਿੱਜੀ ਜਹਾਜ਼ ਦੀ ਤੋੜ-ਭੰਨ ਕਰਵਾ ਕੇ ਉਨ੍ਹਾਂ ਨੂੰ ਮਰਵਾ ਦਿੱਤਾ ਸੀ।''''
''''ਉਨ੍ਹਾਂ ਹੈਰਾਨ ਕਰਨ ਵਾਲੇ ਦਾਅਵਿਆਂ ਦੀ ਕਦੇ ਪੁਸ਼ਟੀ ਨਹੀਂ ਹੋ ਸਕੀ। ਸੰਭਵ ਹੈ ਕਿ ਇਸ ਦੀ ਸੱਚਾਈ ਕਦੇ ਵੀ ਸਾਹਮਣੇ ਨਹੀਂ ਆ ਸਕੇਗੀ। ਗ੍ਰੈਗਰੀ ਡਗਲਸ ਨੂੰ ਵੱਧ ਤੋਂ ਵੱਧ ਇੱਕ ਭਰੋਸੇਯੋਗ ਸਰੋਤ ਹੀ ਮੰਨਿਆ ਜਾ ਸਕਦਾ ਹੈ।''''
''''ਅਮਰੀਕੀ ਭਾਵੇਂ ਇਹ ਨਾ ਚਾਹੁੰਦੇ ਹੋਣ ਕਿ ਭਾਰਤ ਪਰਮਾਣੂ ਬੰਬ ਬਣਾਵੇ ਪਰ ਇੱਕ ਸ਼ਖਸ ਨੂੰ ਮਾਰਨ ਲਈ 117 ਲੋਕਾਂ ਨੂੰ ਮਰਵਾਉਣਾ ਸਮਝ ਤੋਂ ਪਰ੍ਹੇ ਹੈ।''''
ਪਰਮਾਣੂ ਬੰਬ ਦੇ ਮੁੱਦੇ ''ਤੇ ਭਾਭਾ ਅਤੇ ਸ਼ਾਸਤਰੀ ਵਿਚਕਾਰ ਮਤਭੇਦ
24 ਅਕਤੂਬਰ 1964 ਨੂੰ ਹੋਮੀ ਭਾਭਾ ਨੇ ਪਰਮਾਣੂ ਨਿਸ਼ਸਤਰੀਕਰਨ ਬਾਰੇ ਆਲ ਇੰਡੀਆ ਰੇਡੀਓ ''ਤੇ ਬੋਲਦਿਆਂ ਕਿਹਾ ਸੀ, ''''ਪੰਜਾਹ ਪਰਮਾਣੂ ਬੰਬਾਂ ਦਾ ਭੰਡਾਰ ਬਣਾਉਣ ''ਤੇ ਸਿਰਫ਼ 10 ਕਰੋੜ ਰੁਪਏ ਖਰਚ ਆਉਣਗੇ ਅਤੇ ਦੋ ਮੈਗਾਟਨ ਦੇ 50 ਬਣਾਉਣ ਦੀ ਲਾਗਤ 15 ਕਰੋੜ ਤੋਂ ਵੱਧ ਨਹੀਂ ਹੋਵੇਗੀ। ਬਹੁਤ ਸਾਰੇ ਦੇਸ਼ਾਂ ਦੇ ਫੌਜੀ ਬਜਟ ਨੂੰ ਦੇਖਦੇ ਹੋਏ ਇਹ ਖਰਚ ਬਹੁਤ ਮਾਮੂਲੀ ਹੈ।''''
ਨਹਿਰੂ ਦੇ ਉੱਤਰਾਧਿਕਾਰੀ ਲਾਲ ਬਹਾਦੁਰ ਸ਼ਾਸਤਰੀ ਪੱਕੇ ਗਾਂਧੀਵਾਦੀ ਸਨ ਅਤੇ ਪਰਮਾਣੂ ਹਥਿਆਰਾਂ ਪ੍ਰਤੀ ਉਨ੍ਹਾਂ ਦਾ ਵਿਰੋਧ ਸਭ ਨੂੰ ਪਤਾ ਸੀ। ਉਦੋਂ ਤੱਕ ਨਹਿਰੂ ਨਾਲ ਆਪਣੀ ਨੇੜਤਾ ਕਾਰਨ ਪਰਮਾਣੂ ਨੀਤੀ ''ਤੇ ਭਾਭਾ ਦੀ ਹੀ ਚੱਲਦੀ ਆਈ ਸੀ ਪਰ ਸ਼ਾਸਤਰੀ ਦੇ ਆਉਂਦੇ ਹੀ ਸਥਿਤੀ ਬਦਲ ਗਈ।
ਬਖਤਿਆਰ ਦਾਦਾਭੋਏ ਲਿਖਦੇ ਹਨ, "ਭਾਭਾ ਇਸ ਗੱਲ ਤੋਂ ਬਹੁਤ ਪਰੇਸ਼ਾਨ ਸਨ ਕਿ ਉਹ ਹੁਣ ਬਿਨਾਂ ਮੁਲਾਕਾਤ ਦੇ ਪ੍ਰਧਾਨ ਮੰਤਰੀ ਦੇ ਦਫਤਰ ਵਿਚ ਦਾਖਲ ਨਹੀਂ ਹੋ ਸਕਦੇ ਸਨ।''''
''''ਸ਼ਾਸਤਰੀ ਨੂੰ ਇਹ ਸਮਝਣ ਵਿਚ ਮੁਸ਼ਕਲ ਹੋ ਰਹੀ ਸੀ ਕਿ ਭਾਭਾ ਉਨ੍ਹਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਚੀਨ ਦੇ ਪਰਮਾਣੂ ਪ੍ਰੀਖਣ ਤੋਂ ਪਹਿਲਾਂ 8 ਅਕਤੂਬਰ, 1964 ਨੂੰ ਭਾਭਾ ਨੇ ਲੰਡਨ ਵਿੱਚ ਐਲਾਨ ਕਰ ਦਿੱਤਾ ਸੀ ਕਿ ਭਾਰਤ ਸਰਕਾਰ ਦੇ ਫੈਸਲੇ ਦੇ 18 ਮਹੀਨਿਆਂ ਦੇ ਅੰਦਰ ਪਰਮਾਣੂ ਬੰਬ ਦਾ ਪ੍ਰੀਖਣ ਕਰ ਸਕਦਾ ਹੈ।
ਇਸ ''ਤੇ ਟਿੱਪਣੀ ਕਰਦੇ ਹੋਏ ਲਾਲ ਬਹਾਦੁਰ ਸ਼ਾਸਤਰੀ ਨੇ ਕਿਹਾ ਸੀ, "ਪਰਮਾਣੂ ਪ੍ਰਬੰਧਨ ਨੂੰ ਸਖ਼ਤ ਆਦੇਸ਼ ਹਨ ਕਿ ਉਹ ਕੋਈ ਅਜਿਹਾ ਪ੍ਰਯੋਗ ਨਾ ਕਰਨ ਜੋ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਦੇ ਵਿਰੁੱਧ ਹੋਵੇ।"
ਭਾਭਾ ਨੇ ਸ਼ਾਸਤਰੀ ਨੂੰ ਮਨਾ ਲਿਆ
ਇਸ ਦੇ ਕੁਝ ਦਿਨਾਂ ਦੇ ਅੰਦਰ ਹੀ ਭਾਭਾ ਨੇ ਸ਼ਾਸਤਰੀ ਨੂੰ ਪਰਮਾਣੂ ਸ਼ਕਤੀ ਦੀ ਸ਼ਾਂਤੀਪੂਰਨ ਵਰਤੋਂ ਲਈ ਰਾਜ਼ੀ ਕਰ ਲਿਆ ਸੀ।
ਪ੍ਰਸਿੱਧ ਪਰਮਾਣੂ ਵਿਗਿਆਨੀ ਰਾਜਾ ਰਮੰਨਾ ਨੇ ਇੰਦਰਾ ਚੌਧਰੀ ਨੂੰ ਦਿੱਤੇ ਇੰਟਰਵਿਊ ਵਿੱਚ ਮੰਨਿਆ ਸੀ, "ਅਸੀਂ ਇਸ ਗੱਲ ''ਤੇ ਚਰਚਾ ਨਹੀਂ ਕਰਦੇ ਸੀ ਕਿ ਸਾਨੂੰ ਬੰਬ ਬਣਾਉਣਾ ਚਾਹੀਦਾ ਹੈ ਜਾਂ ਨਹੀਂ। ਸਾਡੇ ਲਈ ਇਹ ਜ਼ਿਆਦਾ ਮਹੱਤਵਪੂਰਨ ਸੀ ਕਿ ਇਸ ਨੂੰ ਕਿਵੇਂ ਬਣਾਇਆ ਜਾਵੇ?''''
''''ਸਾਡੇ ਲਈ ਇਹ ਸਵੈਮਾਣ ਦੀ ਗੱਲ ਸੀ। ''ਡੇਟੇਰੈਂਸ'' ਦਾ ਸਵਾਲ ਤਾਂ ਬਹੁਤ ਬਾਅਦ ਵਿੱਚ ਆਇਆ। ਭਾਰਤੀ ਵਿਗਿਆਨੀ ਹੋਣ ਦੇ ਨਾਤੇ ਅਸੀਂ ਆਪਣੇ ਪੱਛਮੀ ਹਮਰੁਤਬਾ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਵੀ ਅਜਿਹਾ ਕਰ ਸਕਦੇ ਹਾਂ।"
ਇਹ ਦੇਖਦੇ ਹੋਏ ਕਿ ਇਸ ਮਾਮਲੇ ਵਿਚ ਅਮਰੀਕਾ ਤੋਂ ਕੋਈ ਮਦਦ ਨਹੀਂ ਮਿਲੇਗੀ, ਭਾਭਾ ਨੇ ਅਪ੍ਰੈਲ 1965 ਵਿਚ ''ਸ਼ਾਂਤੀਪੂਰਨ ਉਦੇਸ਼ਾਂ ਲਈ ਪਰਮਾਣੂ ਧਮਾਕੇ'' ਲਈ ਇਕ ਛੋਟਾ ਜਿਹਾ ਸਮੂਹ ਬਣਾਇਆ, ਜਿਸ ਦੇ ਮੁਖੀ ਉਨ੍ਹਾਂ ਨੇ ਰਾਜਾ ਰਮੰਨਾ ਨੂੰ ਬਣਾਇਆ।
ਬਖਤਿਆਰ ਦਾਦਾਭੋਏ ਲਿਖਦੇ ਹਨ, "ਦਸੰਬਰ 1965 ਵਿੱਚ ਲਾਲ ਬਹਾਦੁਰ ਸ਼ਾਸਤਰੀ ਨੇ ਭਾਭਾ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਪਰਮਾਣੂ ਧਮਾਕਿਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।''''
''''ਹੋਮੀ ਸੇਠਨਾ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਪਾਕਿਸਤਾਨ ਨਾਲ 1965 ਦੀ ਜੰਗ ਦੌਰਾਨ ਸ਼ਾਸਤਰੀ ਨੇ ਭਾਭਾ ਨੂੰ ਕੁਝ ਖਾਸ ਕਰਨ ਲਈ ਕਿਹਾ ਸੀ। ਭਾਭਾ ਨੇ ਕਿਹਾ ਕਿ ਇਸ ਦਿਸ਼ਾ ''ਚ ਕੰਮ ਹੋ ਰਿਹਾ ਹੈ। ਇਸ ''ਤੇ ਸ਼ਾਸਤਰੀ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਜਾਰੀ ਰੱਖੋ ਪਰ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਪ੍ਰਯੋਗ ਨਾ ਕਰਨਾ।''''
ਇੱਕ ਪਖਵਾੜੇ ''ਚ ਹੀ ਸ਼ਾਸਤਰੀ ਅਤੇ ਭਾਭਾ ਦੋਵਾਂ ਦੀ ਮੌਤ
11 ਜਨਵਰੀ 1966 ਨੂੰ ਲਾਲ ਬਹਾਦੁਰ ਸ਼ਾਸਤਰੀ ਦੀ ਤਾਸ਼ਕੰਦ ਵਿੱਚ ਅਚਾਨਕ ਮੌਤ ਹੋ ਗਈ।
ਉਨ੍ਹਾਂ ਦੀ ਉੱਤਰਾਧਿਕਾਰੀ ਇੰਦਰਾ ਗਾਂਧੀ ਨੂੰ ਭਾਭਾ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦਾ ਬਹੁਤਾ ਮੌਕਾ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ 24 ਜਨਵਰੀ ਨੂੰ ਇੱਕ ਹਵਾਈ ਹਾਦਸੇ ਵਿੱਚ ਭਾਭਾ ਦੀ ਵੀ ਮੌਤ ਹੋ ਗਈ।
ਇੱਕ ਪੰਦਰਵਾੜੇ ਦੇ ਅੰਦਰ-ਅੰਦਰ, ਸ਼ਾਸਤਰੀ ਅਤੇ ਭਾਭਾ ਦੋਵਾਂ ਦਾ ਦੇਹਾਂਤ ਹੋ ਗਿਆ। ਸਰਕਾਰ ਵਿੱਚ ਹੋਰ ਕਿਸੇ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਸ਼ਾਸਤਰੀ ਅਤੇ ਭਾਭਾ ਵਿਚਕਾਰ ਕਿਹੜੇ ਮੁੱਦਿਆਂ ''ਤੇ ਗੱਲਬਾਤ ਹੋ ਰਹੀ ਸੀ, ਕਿਉਂਕਿ ਪਰਮਾਣੂ ਬੰਬ ਨਾਲ ਸਬੰਧਤ ਫੈਸਲੇ ਫਾਈਲ ਵਿੱਚ ਨਹੀਂ ਲਏ ਜਾਂਦੇ ਸਨ।
ਭਾਭਾ ਦੀ ਮੌਤ ਨਾਲ ਭਾਰਤ ਦੀ ਪਰਮਾਣੂ ਨੀਤੀ ਬਣਾਉਣ ਵਿਚ ਵੱਡਾ ਖਲਾਅ ਪੈਦਾ ਹੋ ਗਿਆ ਸੀ।
ਹੋਮੀ ਭਾਭਾ ਦੇ ਭਰਾ ਜਮਸ਼ੇਦ ਭਾਭਾ ਨੇ ਇੰਦਰਾ ਚੌਧਰੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਇਹ ਗੱਲ ਕਦੇ ਵੀ ਹਜ਼ਮ ਨਹੀਂ ਹੋ ਸਕੀ ਕਿ ਭਾਭਾ ਨੇ ਉਸੇ ਜਹਾਜ਼ ਵਿੱਚ ਸਫ਼ਰ ਨਹੀਂ ਕੀਤਾ ਜਿਸ ''ਚ ਉਹ ਪਹਿਲਾਂ ਜਾਣ ਵਾਲੇ ਸਨ।
ਦਾਦਾਭੋਏ ਲਿਖਦੇ ਹਨ, "ਆਰਐਮ ਲਾਲਾ ਨੇ ਮੈਨੂੰ ਦੱਸਿਆ ਸੀ ਕਿ ਭਾਭਾ ਨੇ ਪਿਪਸੀ ਵਾਡੀਆ ਕਾਰਨ ਆਪਣੇ ਜਾਣ ਦਾ ਪ੍ਰੋਗਰਾਮ ਬਦਲਿਆ ਸੀ। ਪਿਪਸੀ ਵਾਡੀਆ ਭਾਭਾ ਦੀ ਮਹਿਲਾ ਮਿੱਤਰ ਸਬਨ।''''
''''ਭਾਭਾ ਦੀ ਮਾਂ ਮੇਹਰਬਾਈ ਨੂੰ ਇੰਨਾ ਬੁਰਾ ਲੱਗਾ ਕਿ ਉਨ੍ਹਾਂ ਨੇ ਆਪਣੀ ਆਰੀ ਜ਼ਿੰਦਗੀ ਇਸ ਗੱਲ ਦੇ ਲਈ ਪਿਪਸੀ ਨੂੰ ਮਾਫ਼ ਨਹੀਂ ਕੀਤਾ।''''
''''ਇਹ ਆਮ ਗੱਲ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ''ਤੇ ਕਿਸੇ ਵਿਗਿਆਨੀ ਦੀ ਮੌਤ ਨੂੰ ਤਰਜੀਹ ਦਿੱਤੀ ਜਾਵੇ, ਪਰ ਭਾਭਾ ਨਾਲ ਅਜਿਹਾ ਹੀ ਹੋਇਆ।''''
''''ਜਿਸ ਦਿਨ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਭਾਭਾ ਦੀ ਹਵਾਈ ਹਾਦਸੇ ਵਿੱਚ ਮੌਤ ਹੋ ਗਈ। ਅਗਲੇ ਦਿਨ ਸਾਰੇ ਅਖ਼ਬਾਰਾਂ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਆਪਣੀ ਮੁੱਖ ਖ਼ਬਰ ਬਣਾਇਆ।''''
ਨੌਜਵਾਨ ਵਿਗਿਆਨੀਆਂ ਦੀ ਪੂਰੀ ਜਮਾਤ ਤਿਆਰ ਕੀਤੀ
25 ਅਗਸਤ ਨੂੰ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਵਿਖੇ ਭਾਭਾ ਦੇ ਸਨਮਾਨ ਵਿੱਚ ਇੱਕ ਸ਼ੋਕ ਸਭਾ ਰੱਖੀ ਗਈ।
ਭਾਭਾ ਜੀ ਨੇ ਜਿਉਂਦੇ ਹੀ ਕਿਸੇ ਵੱਡੇ ਵਿਅਕਤੀ ਦੀ ਮੌਤ ''ਤੇ ਛੁੱਟੀ ਦੇਣ ਦੀ ਪ੍ਰਥਾ ''ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਕਿਸੇ ਵਿਅਕਤੀ ਨੂੰ ਉਸ ਦੀ ਮੌਤ ''ਤੇ ਸਭ ਤੋਂ ਵੱਡੀ ਸ਼ਰਧਾਂਜਲੀ ਕੰਮ ਬੰਦ ਕਰਕੇ ਨਹੀਂ ਸਗੋਂ ਹੋਰ ਕੰਮ ਕਰਨ ਨਾਲ ਦਿੱਤੀ ਜਾਂਦੀ ਹੈ।
ਭਾਭਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਾਲਤੂ ਕੁੱਤੇ ਕਿਊਪਿਡ ਨੇ ਪਹਿਲਾਂ ਤਾਂ ਖਾਣਾ ਬੰਦ ਕਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਉਹ ਆਪਣੇ ਮਾਲਕ ਤੋਂ ਵੱਖ ਹੋਣ ਦੇ ਦੁੱਖ ''ਚ ਮਰ ਗਿਆ।
ਐਮਜੀਕੇ ਮੈਨਨ ਦਾ ਮੰਨਣਾ ਸੀ ਕਿ ਭਾਭਾ ਦੀ ਮੌਤ ਆਪਣੇ ਕਰੀਅਰ ਦੇ ਸਿਖਰ ''ਤੇ ਹੋਈ ਸੀ ਅਤੇ ਉਹ ਉਨ੍ਹਾਂ ਕੁਝ ਚੋਣਵੇਂ ਲੋਕਾਂ ਵਿੱਚੋਂ ਇੱਕ ਸਨ ਜੋ ਆਪਣੇ ਜੀਵਨ ਕਾਲ ਵਿੱਚ ਮਹਾਨ ਬਣ ਗਏ ਸਨ।
ਇੰਦਰਾ ਗਾਂਧੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਸੀ, "ਸਾਡੇ ਪਰਮਾਣੂ ਊਰਜਾ ਪ੍ਰੋਗਰਾਮ ਦੇ ਮਹੱਤਵਪੂਰਨ ਪੜਾਅ ''ਤੇ ਹੋਮੀ ਭਾਭਾ ਨੂੰ ਗੁਆ ਦੇਣਾ ਸਾਡੇ ਦੇਸ਼ ਲਈ ਇੱਕ ਬਹੁਤ ਵੱਡਾ ਝਟਕਾ ਹੈ।''''
''''ਉਨ੍ਹਾਂ ਦੇ ਬਹੁਪੱਖੀ ਦਿਮਾਗ ਅਤੇ ਜੀਵਨ ਦੇ ਕਈ ਪਹਿਲੂਆਂ ਵਿੱਚ ਉਨ੍ਹਾਂ ਦੀ ਦਿਲਚਸਪੀ ਅਤੇ ਦੇਸ਼ ਵਿੱਚ ਵਿਗਿਆਨ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।"
ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੇਆਰਡੀ ਟਾਟਾ ਨੇ ਕਿਹਾ ਸੀ, "ਹੋਮੀ ਭਾਭਾ ਉਨ੍ਹਾਂ ਤਿੰਨ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਇਸ ਦੁਨੀਆਂ ਵਿੱਚ ਜਾਣਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ।''''
''''ਉਨ੍ਹਾਂ ਵਿੱਚੋਂ ਇੱਕ ਜਵਾਹਰ ਲਾਲ ਨਹਿਰੂ, ਦੂਜੇ ਮਹਾਤਮਾ ਗਾਂਧੀ ਅਤੇ ਤੀਜੇ ਸਨ ਹੋਮੀ ਭਾਭਾ। ਹੋਮੀ ਨਾ ਸਿਰਫ ਇੱਕ ਮਹਾਨ ਗਣਿਤ-ਸ਼ਾਸਤਰੀ ਅਤੇ ਵਿਗਿਆਨੀ ਸਨ, ਸਗੋਂ ਇੱਕ ਮਹਾਨ ਇੰਜੀਨੀਅਰ ਅਤੇ ਬਿਲਡਰ ਵੀ ਸਨ।''''
''''ਇਸ ਤੋਂ ਇਲਾਵਾ, ਉਹ ਇੱਕ ਕਲਾਕਾਰ ਵੀ ਸਨ। ਮੈਂ ਜਿੰਨੇ ਲੋਕਾਂ ਨੂੰ ਜਾਣਦਾ ਹਾਂ, ਉਨ੍ਹਾਂ ਵਿੱਚ ਉਹ ਦੋ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਉਨ੍ਹਾਂ ਵਿੱਚੋਂ ਹੋਮੀ ਹੀ ਅਜਿਹੇ ਇੱਕਲੇ ਸ਼ਖਸ ਹਨ ਜਿਨ੍ਹਾਂ ਨੂੰ ''ਕੰਪਲੀਟ ਮੈਨ'' ਕਿਹਾ ਜਾ ਸਕਦਾ ਹੈ।"
ਜਦੋਂ ਪੂਰਾ ਹੋਇਆ ਭਾਭਾ ਦਾ ਸੁਪਨਾ
ਭਾਭਾ ਦੀ ਮੌਤ ਤੋਂ ਬਾਅਦ, ਵਿਕਰਮ ਸਾਰਾਭਾਈ ਨੂੰ ਪਰਮਾਣੂ ਊਰਜਾ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ। ਪਰ ਉਹ ਪਹਿਲੇ ਵਿਅਕਤੀ ਨਹੀਂ ਸਨ ਜਿਨ੍ਹਾਂ ਨੂੰ ਇਸ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ।
ਐਸ ਚੰਦਰਸ਼ੇਖਰ ਦੀ ਜੀਵਨੀ ਵਿਚ ਲਿਖਿਆ ਹੈ, "ਭਾਭਾ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪ੍ਰਸਿੱਧ ਵਿਗਿਆਨੀ ਐਸ ਚੰਦਰਸ਼ੇਖਰ ਨੂੰ ਇਹ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਚੰਦਰਸ਼ੇਖਰ ਅਮਰੀਕੀ ਨਾਗਰਿਕ ਹਨ।''''
''''ਜਦੋਂ ਚੰਦਰਸ਼ੇਖਰ ਨਵੰਬਰ, 1968 ਵਿਚ ਦੂਜਾ ਨਹਿਰੂ ਸਮਾਰਕ ਭਾਸ਼ਣ ਦੇਣ ਆਏ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਉਸ ਮੁਲਾਕਾਤ ਵਿਚ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਫਿਰ ਇਹ ਅਹੁਦਾ ਵਿਕਰਮ ਸਾਰਾਭਾਈ ਨੂੰ ਦਿੱਤਾ ਗਿਆ।''''
ਵਿਕਰਮ ਸਾਰਾਭਾਈ ਪਰਮਾਣੂ ਹਥਿਆਰਾਂ ਅਤੇ ਸ਼ਾਂਤੀਪੂਰਨ ਪਰਮਾਣੂ ਪ੍ਰੀਖਣ ਪ੍ਰੋਗਰਾਮ ਦੇ ਵਿਰੁੱਧ ਸਨ। ਸਾਰਾਭਾਈ ਨੇ ਪਰਮਾਣੂ ਪ੍ਰੋਗਰਾਮ ਨੂੰ ਵਿਕਸਤ ਕਰਨ ਦੀ ਨੈਤਿਕਤਾ ਅਤੇ ਉਪਯੋਗਤਾ ''ਤੇ ਸਵਾਲ ਚੁੱਕੇ ਅਤੇ ਉਸ ਪੂਰੇ ਪ੍ਰੋਜੈਕਟ ਨੂੰ ਉਲਟਾਉਣ ਲਈ ਜ਼ੋਰ ਲਗਾ ਦਿੱਤਾ ਜਿਸ ਦੇ ਭਾਭਾ ਸਭ ਤੋਂ ਵੱਡਾ ਪੈਰੋਕਾਰਸ ਸਨ।
ਸਾਰਾਭਾਈ ਨੇ ਤਤਕਾਲੀ ਕੈਬਨਿਟ ਸਕੱਤਰ ਧਰਮਵੀਰਾ ਨੂੰ ਕਿਹਾ ਸੀ, "ਭਾਭਾ ਦਾ ਉਤਰਾਧਿਕਾਰੀ ਬਣਨਾ ਇੰਨਾ ਸੌਖਾ ਨਹੀਂ ਹੈ। ਇਸ ਦਾ ਮਤਲਬ ਸਿਰਫ਼ ਉਨ੍ਹਾਂ ਦਾ ਅਹੁਦਾ ਸੰਭਾਲਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਧਾਰਨ ਕਰਨਾ ਵੀ ਹੈ।"
ਸਾਰਾਭਾਈ ਨੂੰ ਹੋਮੀ ਸੇਠਨਾ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ, ਜੋ ਆਪਣੇ ਆਪ ਨੂੰ ਭਾਭਾ ਦਾ ਉਤਰਾਧਿਕਾਰੀ ਮੰਨਦੇ ਸਨ ਅਤੇ ਇਹ ਅਹੁਦਾ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਪੂਰਾ ਜ਼ੋਰ ਲਗਾ ਦਿੱਤਾ ਸੀ।
ਵਿਕਰਮ ਸਾਰਾਭਾਈ ਦਾ ਵੀ ਬਹੁਤ ਛੋਟੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਆਖਰਕਾਰ, ਹੋਮੀ ਭਾਭਾ ਦਾ ਪਰਮਾਣੂ ਧਮਾਕਾ ਕਰਨ ਦਾ ਸੁਪਨਾ ਰਾਜਾ ਰਮੰਨਾ ਅਤੇ ਹੋਮੀ ਸੇਠਨਾ ਨੇ ਮਈ, 1974 ਵਿੱਚ ਪੂਰਾ ਕੀਤਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
''ਜਿਹੜੇ ਗੈਂਗਸਟਰਾਂ ਦੇ ਮੈਂ ਇੰਟਰਵਿਊ ਕੀਤੇ, ਕਿਵੇਂ ਉਹ ਮੇਰੀ ਨਾਮੁਰਾਦ ਬੀਮਾਰੀ ਸਮੇਂ ਮੇਰੇ ਸਾਥੀ ਬਣੇ''
NEXT STORY