ਮਣੀਪੁਰ ਪਿਛਲੇ ਕੁਝ ਦਿਨਾਂ ਦੀ ਹਿੰਸਾ ਤੋਂ ਬਾਅਦ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਸਥਿਤੀ ਅਜੇ ਪੂਰੇ ਤਰੀਕੇ ਨਾਲ ਆਮ ਨਹੀਂ ਹੋਈ ਹੈ।
ਇਸ ਹਿੰਸਾ ''ਚ 50 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਇਹ ਹਿੰਸਾ, ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਵੱਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਸ਼ੁਰੂ ਹੋਈ ਸੀ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸ਼ੁਕਰਵਾਰ ਨੂੰ ''ਸ਼ੂਟ ਐਟ ਸਾਈਟ'' ਯਾਨੀ ਦੇਖਦਿਆਂ ਹੀ ਗੋਲੀ ਚਲਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ।
ਹਾਲਾਂਕਿ, ਸ਼ਨੀਵਾਰ ਤੋਂ ਇੰਫ਼ਾਲ ਘਾਟੀ ''ਚ ਜ਼ਿੰਦਗੀ ਪਟੜੀ ''ਤੇ ਪਰਤਦੀ ਨਜ਼ਰ ਆ ਰਹੀ ਹੈ, ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹ ਗਏ ਹਨ ਅਤੇ ਸੜਕਾਂ ''ਤੇ ਵਾਹਨ ਨਜ਼ਰ ਆ ਰਹੇ ਹਨ।
ਇਸ ਰਿਪੋਰਟ ਵਿੱਚ ਅਸੀਂ ਇਸ ਹਿੰਸਾ ਪਿਛਲੇ ਕਾਰਨਾਂ ਨੂੰ ਸੌਖੇ ਸ਼ਬਦਾਂ ''ਚ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ...
ਸਮਾਜਿਕ ਤੇ ਭੂਗੋਲਿਕ ਸਥਿਤੀ
ਇਸ ਦੇ ਲਈ ਪਹਿਲਾਂ ਇਹ ਸਮਝਣਾ ਹੋਵੇਗਾ ਕਿ ਮਣੀਪੁਰ ਦੀ ਸਮਾਜਿਕ ਸਥਿਤੀ ਕੀ ਹੈ।
ਮਣੀਪੁਰ ਦੀ ਆਬਾਦੀ 30-35 ਲੱਖ ਦੇ ਕਰੀਬ ਹੈ। ਇੱਥੇ ਤਿੰਨ ਮੁੱਖ ਭਾਈਚਾਰੇ ਹਨ.. ਮੈਤਈ, ਨਾਗਾ ਅਤੇ ਕੁਕੀ। ਮੈਤਈ ਜ਼ਿਆਦਾਤਰ ਹਿੰਦੂ ਹਨ, ਮੈਤਈ ਮੁਸਲਮਾਨ ਵੀ ਹਨ। ਆਬਾਦੀ ਵਿੱਚ ਵੀ ਇਹੀ ਭਾਈਚਾਰਾ ਵੱਡਾ ਹੈ।
ਨਾਗਾ ਅਤੇ ਕੂਕੀ ਜ਼ਿਆਦਾਤਰ ਈਸਾਈ ਹਨ। ਨਾਗਾ ਅਤੇ ਕੂਕੀ ਕੋਅ ਜਨਜਾਤੀ ''ਚ ਆਉਂਦੇ ਹਨ।
ਸਿਆਸੀ ਨੁਮਾਇੰਦਗੀ ਦੀ ਗੱਲ ਕਰੀਏ ਤਾਂ ਮਣੀਪੁਰ ਦੇ ਕੁੱਲ 60 ਵਿਧਾਇਕਾਂ ਵਿੱਚੋਂ 40 ਵਿਧਾਇਕ ਮੈਤਈ ਭਾਈਚਾਰੇ ਦੇ ਹਨ। ਬਾਕੀ 20 ਨਾਗਾ ਅਤੇ ਕੂਕੀ ਕਬੀਲਿਆਂ ਤੋਂ ਆਉਂਦੇ ਹਨ। ਹੁਣ ਤੱਕ ਦੇ 12 ਮੁੱਖ ਮੰਤਰੀਆਂ ਵਿੱਚੋਂ ਸਿਰਫ਼ ਦੋ ਹੀ ਕਬੀਲਿਆਂ ਤੋਂ ਸਨ।
ਮਣੀਪੁਰ ਦੀ ਭੂਗੋਲਿਕ ਬਣਤਰ ਵਿਲੱਖਣ ਹੈ। ਮਣੀਪੁਰ ਇੱਕ ਫੁੱਟਬਾਲ ਸਟੇਡੀਅਮ ਵਰਗਾ ਹੈ। ਇਸ ਵਿੱਚ, ਇੰਫਾਲ ਘਾਟੀ ਬਿਲਕੁਲ ਕੇਂਦਰ ਵਿੱਚ ਖੇਡ ਦਾ ਮੈਦਾਨ ਹੈ ਅਤੇ ਬਾਕੀ ਚਾਰੇ ਪਾਸੇ ਦੇ ਪਹਾੜੀ ਖੇਤਰ ਇੱਕ ਗੈਲਰੀ ਵਾਂਗ ਹਨ।
ਮਣੀਪੁਰ ਦੀ 10 ਫੀਸਦੀ ਜ਼ਮੀਨ ''ਤੇ ਮੈਤਈ ਭਾਈਚਾਰੇ ਦਾ ਦਬਦਬਾ ਹੈ। ਇਹ ਭਾਈਚਾਰਾ ਇੰਫਾਲ ਘਾਟੀ ਵਿੱਚ ਵੱਸਿਆ ਹੋਇਆ ਹੈ। ਬਾਕੀ ਦੇ 90 ਫੀਸਦੀ ਪਹਾੜੀ ਖੇਤਰਾਂ ਵਿੱਚ ਸੂਬੇ ਦੇ ਮਾਨਤਾ ਪ੍ਰਾਪਤ ਕਬੀਲਿਆਂ ਦੀ ਆਬਾਦੀ ਰਹਿੰਦੀ ਹੈ।
ਇਨ੍ਹਾਂ ਪਹਾੜੀ ਅਤੇ ਘਾਟੀ ਦੇ ਲੋਕਾਂ ਦਾ ਵਿਵਾਦ ਬਹੁਤ ਪੁਰਾਣਾ ਅਤੇ ਸੰਵੇਦਨਸ਼ੀਲ ਹੈ।
ਕਬਾਇਲੀ ਦਰਜੇ ਦੀ ਮੰਗ ਦਾ ਵਿਰੋਧ ਕਿਉਂ?
ਮੈਤਈ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਵੀ ‘ਜਨਜਾਤੀ’ ਦਾ ਦਰਜਾ ਦਿੱਤਾ ਜਾਵੇ। ਭਾਈਚਾਰੇ ਨੇ ਇਸ ਦੇ ਲਈ ਮਣੀਪੁਰ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ।
ਮੈਤਈ ਭਾਈਚਾਰੇ ਦੀ ਦਲੀਲ ਹੈ ਕਿ 1949 ਵਿੱਚ ਮਣੀਪੁਰ ਨੂੰ ਭਾਰਤ ਵਿੱਚ ਮਿਲਾ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਮੈਤਈ ਨੂੰ ਇੱਥੇ ਇੱਕ ਕਬੀਲੇ ਦਾ ਦਰਜਾ ਪ੍ਰਾਪਤ ਸੀ।
ਉਨ੍ਹਾਂ ਦੀ ਦਲੀਲ ਹੈ ਕਿ ਇਸ ਭਾਈਚਾਰੇ, ਉਨ੍ਹਾਂ ਦੇ ਪੁਰਖਿਆਂ ਦੀ ਜ਼ਮੀਨ, ਪਰੰਪਰਾ, ਸੱਭਿਆਚਾਰ ਅਤੇ ਭਾਸ਼ਾ ਦੀ ਰੱਖਿਆ ਲਈ ਮੈਤਈ ਨੂੰ ‘ਜਨਜਾਤੀ’ ਦਰਜਾ ਦੇਣਾ ਜ਼ਰੂਰੀ ਹੈ।
ਭਾਈਚਾਰੇ ਨੇ 2012 ਵਿੱਚ ਆਪਣੀ ਇੱਕ ਕਮੇਟੀ ਵੀ ਬਣਾਈ ਸੀ ਜਿਸ ਨੂੰ ਮਣੀਪੁਰ ਦੀ ਅਨੁਸੂਚਿਤ ਜਨਜਾਤੀ ਮੰਗ ਕਮੇਟੀ ਭਾਵ ਐਸਟੀਡੀਸੀਐਮ - ਸ਼ੈਡਿਊਲ ਟ੍ਰਾਈਬ ਡਿਮਾਂਡ ਕਮੇਟੀ ਆਫ਼ ਮਣੀਪੁਰ ਕਿਹਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੈਤਈ ਭਾਈਚਾਰੇ ਨੂੰ ਬਾਹਰੀ ਲੋਕਾਂ ਦੇ ਕਬਜ਼ੇ ਤੋਂ ਬਚਾਉਣ ਲਈ ਸੰਵਿਧਾਨਕ ਢਾਲ ਦੀ ਲੋੜ ਹੈ।
ਭਾਈਚਾਰੇ ਅਨੁਸਾਰ, ਮੈਤਈਆਂ ਨੂੰ ਪਹਾੜਾਂ ਤੋਂ ਵੱਖ ਕੀਤਾ ਜਾ ਰਿਹਾ ਹੈ ਜਦਕਿ ਕਬਾਇਲੀ ਦਰਜੇ ਵਾਲੇ ਲੋਕ ਪਹਿਲਾਂ ਹੀ ਸੁੰਗੜ ਰਹੀ ਇੰਫਾਲ ਘਾਟੀ ਵਿੱਚ ਜ਼ਮੀਨ ਖਰੀਦ ਸਕਦੇ ਹਨ।
ਪਰ ਜਿਹੜੇ ਕਬੀਲੇ ਹਨ ਉਹ ਮੈਤਈ ਭਾਈਚਾਰੇ ਨੂੰ ਕਬੀਲੇ ਦਾ ਦਰਜਾ ਦੇਣ ਦਾ ਵਿਰੋਧ ਕਰ ਰਹੇ ਹਨ।
ਇਨ੍ਹਾਂ ਕਬੀਲਿਆਂ ਦਾ ਕਹਿਣਾ ਹੈ ਕਿ ਮੈਤਈ ਆਬਾਦੀ ਵਿੱਚ ਵੀ ਜ਼ਿਆਦਾ ਹਨ ਅਤੇ ਸਿਆਸਤ ਵਿੱਚ ਵੀ ਉਨ੍ਹਾਂ ਦਾ ਦਬਦਬਾ ਹੈ। ਕਬੀਲਿਆਂ ਦਾ ਕਹਿਣਾ ਹੈ ਕਿ ਮੈਤਈ ਭਾਈਚਾਰਾ ਕਬਾਇਲੀ ਨਹੀਂ ਹੈ।
ਉਨ੍ਹਾਂ ਨੂੰ ਪਹਿਲਾਂ ਹੀ ਐਸਸੀ ਅਤੇ ਓਬੀਸੀ ਰਾਖਵਾਂਕਰਨ ਦੇ ਨਾਲ-ਨਾਲ ਆਰਥਿਕ ਤੌਰ ''ਤੇ ਪਿਛੜੀਆਂ ਸ਼੍ਰੇਣੀਆਂ ਦਾ ਰਾਖਵਾਂਕਰਨ ਮਿਲਿਆ ਹੋਇਆ ਹੈ ਅਤੇ ਉਹ ਇਸ ਦਾ ਲਾਭ ਵੀ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਦੀ ਭਾਸ਼ਾ ਵੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਹੈ ਅਤੇ ਸੁਰੱਖਿਅਤ ਹੈ।
ਅਜਿਹੀ ਸਥਿਤੀ ਵਿੱਚ ਮੈਤਈ ਭਾਈਚਾਰੇ ਨੂੰ ਸਭ ਕੁਝ ਤਾਂ ਨਹੀਂ ਮਿਲ ਜਾਣਾ ਚਾਹੀਦਾ। ਜੇਕਰ ਉਨ੍ਹਾਂ ਨੂੰ ਜ਼ਿਆਦਾ ਰਾਖਵਾਂਕਰਨ ਮਿਲ ਜਾਂਦਾ ਹੈ ਤਾਂ ਹੋਰ ਕਬੀਲਿਆਂ ਲਈ ਨੌਕਰੀਆਂ ਅਤੇ ਕਾਲਜਾਂ ਵਿੱਚ ਦਾਖ਼ਲਾ ਮਿਲਣ ਦੇ ਮੌਕੇ ਘੱਟ ਹੋ ਜਾਣਗੇ।
ਫਿਰ ਮੈਤਈ ਭਾਈਚਾਰੇ ਨੂੰ ਵੀ ਪਹਾੜਾਂ ''ਤੇ ਜ਼ਮੀਨ ਖਰੀਦਣ ਦੀ ਇਜਾਜ਼ਤ ਮਿਲ ਜਾਵੇਗੀ ਅਤੇ ਇਸ ਨਾਲ ਉਨ੍ਹਾਂ ਦੇ ਕਬੀਲੇ ਹੋਰ ਹਾਸ਼ੀਏ ''ਤੇ ਚਲੇ ਜਾਣਗੇ।
- ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ, ਮਣੀਪੁਰ ਵਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਹੋਈ ਹਿੰਸਾ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸੇ ਮੁੱਦੇ ਕਾਰਨ ਫੈਲੀ ਹਿੰਸਾ ਵਿੱਚ 50 ਤੋਂ ਵੱਧ ਲੋਕਾਂ ਨੇ ਗੁਆਈ ਜਾਨ
- ਲਗਭਗ 13 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਭੇਜਿਆ ਗਿਆ ਹੈ
- ਹਾਲਾਂਕਿ, ਸ਼ਨੀਵਾਰ ਤੋਂ ਸੂਬੇ ਵਿੱਚ ਜੀਵਨ ਆਮ ਸਥਿਤੀ ਵੱਲ ਮੁੜ ਰਿਹਾ ਹੈ
ਅਦਾਲਤ ਦੀ ਇੱਕ ਟਿੱਪਣੀ ਤੋਂ ਉੱਠਿਆ ਵਿਵਾਦ
ਹਾਲ ਹੀ ਵਿੱਚ, ਮਣੀਪੁਰ ਹਾਈ ਕੋਰਟ ਨੇ ਮੈਤਈ ਕਬਾਇਲੀ ਯੂਨੀਅਨ ਦੀ ਇੱਕ ਪਟੀਸ਼ਨ ''ਤੇ ਸੁਣਵਾਈ ਕਰਦੇ ਹੋਏ, ਸੂਬਾ ਸਰਕਾਰ ਨੂੰ ਕਿਹਾ ਕਿ ਉਹ ''ਮੈਤਈ ਭਾਈਚਾਰੇ ਨੂੰ ਕਬੀਲੇ ਦਾ ਦਰਜਾ ਦੇਣ ''ਤੇ ਵਿਚਾਰ ਕਰੇ।
ਇਹ ਮੰਗ 10 ਸਾਲਾਂ ਤੋਂ ਲੰਬਿਤ ਹੈ..ਇਸ ''ਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਆਉਂਦਾ ਹੈ..ਤਾਂ ਤੁਸੀਂ ਅਗਲੇ 4 ਹਫਤਿਆਂ ''ਚ ਦੱਸੋ।''
ਅਦਾਲਤ ਨੇ ਕੇਂਦਰ ਸਰਕਾਰ ਤੋਂ ਵੀ ਰਾਇ ਮੰਗੀ ਸੀ। ਅਦਾਲਤ ਨੇ ਅਜੇ ਤੱਕ ਮੈਤਈ ਭਾਈਚਾਰੇ ਨੂੰ ਕਬਾਇਲੀ ਦਰਜਾ ਦੇਣ ਦਾ ਕੋਈ ਹੁਕਮ ਨਹੀਂ ਦਿੱਤਾ ਹੈ, ਸਿਰਫ਼ ਇੱਕ ਟਿੱਪਣੀ ਦਿੱਤੀ ਹੈ। ਪਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਦਾਲਤ ਦੀ ਇਸ ਟਿੱਪਣੀ ਨੂੰ ਗਲਤ ਸਮਝਿਆ ਜਾ ਰਿਹਾ ਹੈ।
ਅਗਲੇ ਦਿਨ ਮਣੀਪੁਰ ਵਿਧਾਨ ਸਭਾ ਦੀ ਪਹਾੜੀ ਖੇਤਰ ਕਮੇਟੀ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਤੋਂ ਦੁਖੀ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਕਮੇਟੀ ਸੰਵਿਧਾਨਕ ਸੰਸਥਾ ਹੈ ਅਤੇ ਉਨ੍ਹਾਂ ਨਾਲ ਵੀ ਸਲਾਹ ਨਹੀਂ ਕੀਤੀ ਗਈ।
ਤੁਹਾਨੂੰ ਦੱਸ ਦੇਈਏ ਕਿ ਪਹਾੜੀ ਖੇਤਰਾਂ ਤੋਂ ਚੁਣੇ ਗਏ ਸਾਰੇ ਵਿਧਾਇਕ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ।
ਫਿਲਹਾਲ ਭਾਜਪਾ ਵਿਧਾਇਕ ਡੀ ਗੇਂਗਮੇ ਇਸ ਦੇ ਚੇਅਰਮੈਨ ਹਨ।
ਫਿਰ 3 ਮਈ ਨੂੰ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਨੇ ਰੈਲੀ ਕੀਤੀ। ਰਾਜਧਾਨੀ ਇੰਫਾਲ ਤੋਂ ਲਗਭਗ 65 ਕਿਲੋਮੀਟਰ ਦੂਰ ਚੂਰਾਚਾਂਦਪੁਰ ਜ਼ਿਲੇ ਦੇ ਤੋਰਬਂਗ ਖੇਤਰ ''ਚ ''ਕਬਾਇਲੀ ਇੱਕਜੁੱਟਤਾ ਰੈਲੀ... ਕੀਤੀ ਗਈ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ''ਚ ਲੋਕ ਸ਼ਾਮਲ ਹੋਏ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸੀ ਦੌਰਾਨ ਕਬਾਇਲੀ ਸਮੂਹਾਂ ਅਤੇ ਹੋਰ ਸਮੂਹਾਂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ। ਫਿਰ ਇਹ ਹਿੰਸਾ ਹੋਰ ਥਾਵਾਂ ''ਤੇ ਵੀ ਫੈਲ ਗਈ।
ਕਬੀਲਿਆਂ ਨੂੰ ਜ਼ਮੀਨ ਤੋਂ ਹਟਾਉਣ ਖ਼ਿਲਾਫ਼ ਰੋਸ
ਪਰ ਹਿੰਸਾ ਪਿੱਛੇ ਕੁਝ ਹੋਰ ਕਾਰਨ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਜਿਵੇਂ ਮਣੀਪੁਰ ਵਿੱਚ ਸਰਕਾਰ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਕਬਾਇਲੀ ਸਮੂਹ ਆਪਣੇ ਹਿੱਤਾਂ ਦੀ ਪੂਰਤੀ ਲਈ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ।
ਸੂਬੇ ਵਿੱਚ ਬੀਰੇਨ ਸਿੰਘ ਦੀ ਸਰਕਾਰ ਅਫੀਮ ਦੀ ਖੇਤੀ ਨੂੰ ਨਸ਼ਟ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੀ ਮਾਰ ਮਿਆਂਮਾਰ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ''ਤੇ ਵੀ ਪੈ ਰਹੀ ਹੈ।
ਜਿਹੜੇ ਲੋਕ ਮਿਆਂਮਾਰ ਤੋਂ ਆਏ ਗੈਰ-ਕਾਨੂੰਨੀ ਪ੍ਰਵਾਸੀ ਦੱਸੇ ਜਾ ਰਹੇ ਹਨ, ਉਹ ਮਣੀਪੁਰ ਦੇ ਕੁਕੀ ਅਤੇ ਜ਼ੋਮੀ ਕਬੀਲਿਆਂ ਨਾਲ ਸਬੰਧਤ ਹਨ।
2 ਮਈ ਨੂੰ ਸੀਐਮ ਐਨ ਬੀਰੇਨ ਸਿੰਘ ਨੇ ਇੱਕ ਟਵੀਟ ਕੀਤਾ ਸੀ। ਚੂਰਾਚਾਂਦਪੁਰ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ 16 ਕਿਲੋ ਅਫੀਮ ਬਰਾਮਦ ਕੀਤੀ ਸੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਲਿਖਿਆ ਸੀ ਕਿ ‘ਇਹ ਲੋਕ ਸਾਡੇ ਜੰਗਲਾਂ ਨੂੰ ਤਬਾਹ ਕਰ ਰਹੇ ਹਨ ਅਤੇ ਆਪਣੇ ਨਸ਼ਿਆਂ ਦੇ ਕਾਰੋਬਾਰ ਲਈ ਫਿਰਕੂ ਮੁੱਦੇ ਨੂੰ ਭੜਕਾ ਰਹੇ ਹਨ।'' ਇਸ ਦਾ ਮਤਲਬ ਇਹ ਵੀ ਇੱਕ ਫਿਰਕੂ ਮੁੱਦਾ ਹੈ ਜਿਸ ਦਾ ਮੁੱਖ ਮੰਤਰੀ ਜ਼ਿਕਰ ਕਰ ਰਹੇ ਹਨ।
ਸੀਨੀਅਰ ਪੱਤਰਕਾਰ ਪ੍ਰਦੀਪ ਫਂਜੋਬਮ ਦਾ ਕਹਿਣਾ ਹੈ ਕਿ "ਸੂਬੇ ਵਿੱਚ ਇਹ ਹਿੰਸਾ ਇੱਕ ਦਿਨ ਵਿੱਚ ਨਹੀਂ ਭੜਕੀ ਹੈ। ਸਗੋਂ ਕਈ ਮੁੱਦਿਆਂ ਨੂੰ ਲੈ ਕੇ ਕਬੀਲਿਆਂ ਵਿੱਚ ਪਹਿਲਾਂ ਤੋਂ ਹੀ ਗੁੱਸਾ ਵਧ ਰਿਹਾ ਸੀ।''''
ਉਹ ਕਹਿੰਦੇ ਹਨ, ''''ਕਬਾਇਲੀਆਂ ਦੇ ਕਬਜ਼ੇ ਵਾਲੀ ਜ਼ਮੀਨ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ''ਚ ਸਭ ਤੋਂ ਵੱਧ ਕੁਕੀ ਸਮੂਹ ਦੇ ਲੋਕ ਪ੍ਰਭਾਵਿਤ ਹੋ ਰਹੇ ਸਨ। ਜਿਸ ਥਾਂ ''ਤੇ ਹਾਲ ਹੀ ''ਚ ਹਿੰਸਾ ਭੜਕੀ ਹੈ, ਉਹ ਚੂਰਾਚਾਂਦਪੁਰ ਇਲਾਕਾ ਹੈ। ਇੱਥੇ ਵੀ ਕੁਕੀ ਭਾਈਚਾਰੇ ਦੇ ਲੋਕ ਹੀ ਜ਼ਿਆਦਾ ਹਨ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਵੀ ਉੱਥੇ ਤਣਾਅ ਪੈਦਾ ਹੋ ਗਿਆ ਹੈ।"
ਹਿੰਸਾ ਕਾਰਨ ਲਗਭਗ 9000 ਲੋਕ ਬੇਘਰ ਹੋਏ ਹਨ। ਮਣੀਪੁਰ ਦੇ ਬਹੁਤ ਸਾਰੇ ਲੋਕ ਸੂਬਾ ਛੱਡ ਕੇ ਅਸਾਮ ਦੀ ਸਰਹੱਦ ਵਿੱਚ ਦਾਖਲ ਹੋ ਗਏ ਹਨ। ਫਿਲਹਾਲ ਸਥਿਤੀ ''ਤੇ ਕਾਬੂ ਪਾਉਣ ਲਈ ਫੌਜ ਅਤੇ ਪੁਲਿਸ ਦੋਵੇਂ ਤਾਇਨਾਤ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਭਲਵਾਨਾਂ ਦਾ ਧਰਨਾ : ਦਿੱਲੀ ਜੰਤਰ-ਮੰਤਰ ਪਹੁੰਚਣ ਲਈ ਪੰਜਾਬ ਦੇ ਕਿਸਾਨਾਂ ਨੇ ਤੋੜੇ ਬੈਰੀਕੇਡ
NEXT STORY