ਆਪਣੀ ਮਾਂ ਨਾਲ ਯੂਪੀਐੱਸਸੀ ਟਾਪਰ ਇਸ਼ਿਤਾ ਕਿਸ਼ੋਰ
ਹਰ ਸਾਲ ਯੂਪੀਐੱਸਸੀ ਸਿਵਲ ਸੇਵਾ ਪਰੀਖਿਆ ਦੇ ਨਤੀਜੇ ਆਉਂਦੇ ਹਨ ਅਤੇ ਇਸ ਦੇ ਨਾਲ ਹੀ ਸਾਹਮਣੇ ਆਉਂਦੇ ਹਨ ਸੰਘਰਸ਼, ਲਗਨ ਅਤੇ ਹੁਨਰ ਦੇ ਨਵੇਂ ਕਿੱਸੇ।
ਨਤੀਜੇ ਸਾਹਮਣੇ ਆਉਂਦੀ ਹੀ ਸੈਂਕੜੇ ਲੋਕਾਂ ਦੀ ਜ਼ਿੰਦਗੀ ਇੱਕ ਪਲ ਵਿੱਚ ਬਦਲ ਜਾਂਦੀ ਹੈ। ਹਰ ਸਾਲ ਇਸ ਇਮਤਿਹਾਨ ਵਿੱਚ ਟਾਪ ਕਰਨ ਵਾਲੇ ਲੋਕ ਅਤੇ ਉਨ੍ਹਾਂ ਦੀਆਂ ਕਹਾਣੀਆਂ ਸਿਵਲ ਸੇਵਾ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਪ੍ਰੇਰਣਾ ਬਣ ਜਾਂਦੀਆਂ ਹਨ।
ਸਿਵਲ ਸਰਵਿਸ ਸੇਵਾ ਸਾਲ 2022 ਦੇ ਟਾਪਰ ਇਸ਼ਿਤਾ ਕਿਸ਼ੋਰ ਹਨ। ਆਓ ਤੁਹਾਨੂੰ ਦੱਸੀਏ ਇਸ਼ੀਤਾ ਬਾਰੇ ਕੁਝ ਦਿਲਚਸਪ ਗੱਲਾਂ...
27 ਸਾਲ ਦੀ ਇਸ਼ਿਤਾ ਕਿਸ਼ੋਰ ਦੀ ਇਹ ਸਿਵਲ ਸੇਵਾ ਪਰੀਖਿਆ ਲਈ ਤੀਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਦੋਵਾਂ ਹੀ ਕੋਸ਼ਿਸ਼ਾਂ ਵਿੱਚ ਉਹ ਪ੍ਰੀ-ਲਿਮਸ ਵੀ ਕੁਆਲੀਫਾਈ ਨਹੀਂ ਕਰ ਸਕੇ ਸਨ ਅਤੇ ਤੀਜੀ ਵਾਰ ਵਿੱਚ ਉਨ੍ਹਾਂ ਨੇ ਟਾਪ ਕੀਤਾ।
ਇਸ਼ਿਤਾ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀਰਾਮ ਕਾਲਜ ਆਫ਼ ਕਾਮਰਸ ਤੋਂ ਅਰਥਸ਼ਾਸਤਰ ਵਿੱਚ ਬੀਏ ਆਨਰਜ਼ ਕੀਤਾ ਹੈ। ਪਰ ਸਿਵਲ ਸੇਵਾ ਪਰੀਖਿਆ ਵਿੱਚ ਉਨ੍ਹਾਂ ਦਾ ਵਿਸ਼ਾ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸਬੰਧ ਸਨ।
ਇਸ ਵਿਸ਼ੇ ਨੂੰ ਚੁਣਨ ਬਾਰੇ ਉਹ ਬੀਬੀਸੀ ਨੂੰ ਕਹਿੰਦੇ ਹਨ, ‘‘ਰਾਜਨੀਤੀ ਸ਼ਾਸ਼ਤਰ ਗ੍ਰੈਜੂਏਸ਼ਨ ਵਿੱਚ ਮੇਰਾ ਇੱਕ ਵਿਸ਼ਾ ਸੀ ਤਾਂ ਮੈਨੂੰ ਇਸ ਵਿਸ਼ੇ ਬਾਰੇ ਥੋੜ੍ਹਾ ਆਈਡੀਆ ਪਹਿਲਾਂ ਤੋਂ ਹੀ ਸੀ। ਮੈਨੂੰ ਲੱਗਿਆ ਕਿ ਇਹ ਅਜਿਹਾ ਵਿਸ਼ਾ ਹੈ ਜਿਸ ਵਿੱਚ ਮੈਂ ਖ਼ੁਦ ਨੂੰ ਬਿਹਤਰ ਤਰੀਕੇ ਨਾਲ ਐਕਸਪ੍ਰੈੱਸ ਕਰ ਸਕਦੀ ਹਾਂ ਅਤੇ ਅੰਤਰਰਾਸ਼ਟਰੀ ਸਬੰਧ ਸਮਕਾਲੀ ਵਿਸ਼ਾ ਹੈ, ਮੈਨੂੰ ਲੱਗਿਆ ਕਿ ਇਹ ਇਹ ਵਿਸ਼ਾ ਮੇਰਾ ਲਈ ਅਰਥਸ਼ਾਸਤਰ ਤੋਂ ਬਿਹਤਰ ਹੋਵੇਗਾ। ਮੈਂ ਬਹੁਤ ਸੋਚ ਸਮਝ ਕੇ ਆਪਣੇ ਮਜ਼ਬੂਤ ਪੱਖ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਲਿਆ।’’
ਸੋਸ਼ਲ ਮੀਡੀਆ ਦਾ ਇਸਤੇਮਾਲ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਲਈ ਕੀਤਾ
ਇਸ਼ਿਤਾ ਨੇ ਗ੍ਰੈਜੂਸ਼ੇਅਨ ਤੋਂ ਬਾਅਦ ਦੋ ਸਾਲ ਤੱਕ ਅਨਸਰਟ ਐਂਡ ਯੰਗ ਕੰਪਨੀ ਵਿੱਚ ਬਤੌਰ ਰਿਸਕ ਐਨਾਲਿਸਟ ਕੰਮ ਕੀਤਾ। ਉਸ ਤੋਂ ਬਾਅਦ ਨੌਕਰੀ ਛੱਡ ਕੇ ਸਿਵਲ ਸੇਵਾ ਪਰੀਖਿਆ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ।
ਇਹ ਫ਼ੈਸਲਾ ਲੈਣ ਪਿੱਛੇ ਦੀ ਵਜ੍ਹਾ ਦੱਸਦੇ ਹੋਏ ਇਸ਼ੀਤਾ ਬੀਬੀਸੀ ਨੂੰ ਕਹਿੰਦੇ ਹਨ, ‘‘ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਮੈਂ ਨੌਕਰੀ ਕਰਨੀ ਹੈ, ਪਰ ਕਿਸ ਤਰ੍ਹਾਂ ਦੀ ਨੌਕਰੀ ਕਰਨੀ ਹੈ...ਬਸ ਇਹੀ ਮੈਂ ਤੈਅ ਕਰਨਾ ਸੀ। ਮੇਰੇ ਕੋਲ ਬਹੁਤ ਸਾਰੇ ਵਿਕਲਪ ਸਨ – ਐੱਮਬੀਏ ਕਰਾਂ, ਮਾਸਟਰਸ ਕਰਾਂ ਜਾਂ ਸਿਵਲ ਸੇਵਾ ਵਿੱਚ ਜਾਵਾਂ। ਫ਼ਿਰ ਮੈਂ ਸਿਵਲ ਸੇਵਾ ਬਾਰੇ ਸੋਚਿਆ ਕਿਉਂਕਿ ਇੱਥੇ ਤੁਹਾਨੂੰ ਦੇਸ਼ ਲਈ ਕੁਝ ਕਰਨ ਦਾ ਮੌਕਾ ਮਿਲਦਾ ਹੈ। ਮੈਂ ਏਅਰਫ਼ੋਰਸ ਬੈਕਗਰਾਊਂਡ ਵਾਲੇ ਪਰਿਵਾਰ ਤੋਂ ਆਉਂਦੀ ਹਾਂ ਤਾਂ ਮੇਰੇ ਅੰਦਰ ਹਮੇਸ਼ਾ ਹੀ ਇਹ ਭਾਵ ਰਿਹਾ ਹੈ ਕਿ ਮੈਨੂੰ ਦੇਸ਼ ਲਈ ਕੁਝ ਕਰਨਾ ਹੈ ਅਤੇ ਉਸ ਦੇ ਲਈ ਸਿਵਲ ਸੇਵਾ ਹੀ ਸਹੀ ਮੰਚ ਹੈ। ਇਹ ਫ਼ੈਸਲਾ ਮੈਂ ਅਚਾਨਕ ਨਹੀਂ ਲਿਆ ਸਗੋਂ ਸੋਚ ਸਮਝ ਕਰ ਤੈਅ ਕੀਤਾ।’’
ਇਸ਼ਿਤਾ ਦੱਸਦੇ ਹਨ ਕਿ ਉਹ ਹਫ਼ਤੇ ਵਿੱਚ 42 ਤੋਂ 45 ਘੰਟੇ ਤੱਕ ਪੜ੍ਹਾਈ ਕਰਦੇ ਸਨ। ਇਸ ਤੋਂ ਭਾਵ ਹੈ ਕਿ ਉਹ 8-9 ਘੰਟੇ ਹਰ ਰੋਜ਼ ਪੜ੍ਹਦੇ ਸਨ।
ਸੋਸ਼ਲ ਮੀਡੀਆ ਇਸਤੇਮਾਲ ਬਾਰੇ ਇਸ਼ਿਤਾ ਕਹਿੰਦੇ ਹਨ, ‘‘ਮੈਂ ਇਸ ਦੀ ਵਰਤੋਂ ਆਪਣੇ ਦੋਸਤਾਂ ਦੇ ਨਾਲ ਸੰਪਰਕ ਵਿੱਚ ਰਹਿਣ ਲਈ ਕਰਦੀ ਹਾਂ। ਮੈਂ ਇਸ ਸਫ਼ਰ ਵਿੱਚ ਅਲਗ-ਥਲਗ ਨਹੀਂ ਰਹਿਣਾ ਚਾਹੁੰਦੀ ਸੀ ਅਤੇ ਅੱਜ ਮੇਰੇ ਸਾਰੇ ਦੋਸਤ ਮੇਰੇ ਨਾਲ ਹਨ ਅਤੇ ਮੇਰੇ ਲਈ ਖ਼ੁਸ਼ ਹਨ। ਜ਼ਿੰਦਗੀ ਵਿੱਚ ਬੈਲੇਂਸ ਹੋਣਾ ਬਹੁਤ ਜ਼ਰੂਰੀ ਹੈ।’’
ਆਪਣੇ ਪਰਿਵਾਰ ਨਾਲ ਇਸ਼ਿਤਾ
ਇੰਟਰਵਿਊ ਵਿੱਚ ਪੁੱਛੇ ਗਏ ਇਹ ਸਵਾਲ
ਖੇਡਾਂ ਦੀ ਸ਼ੌਕੀਨ ਇਸ਼ਿਤਾ ਨੇ ਰਾਸ਼ਟਰੀ ਪੱਧਰ ਉੱਤੇ ਫੁੱਟਬਾਲ ਖੇਡੀ ਹੈ ਅਤੇ ਉਨ੍ਹਾਂ ਨੇ ਫੁੱਟਬਾਲ ਟੂਰਨਾਮੈਂਟ ਸੁਬ੍ਰਤੋ ਕੱਪ ਸਾਲ 2012 ਵਿੱਚ ਖੇਡਿਆ ਸੀ ਤੇ ਟੀਮ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਮੁਤਾਬਕ ਉਹ ਅੱਜ ਵੀ ਕਈ ਖੇਡ ਖੇਡਦੇ ਹਨ।
ਇਸ਼ਿਤਾ ਨੇ ਆਪਣੀ ਮਾਂ ਅਤੇ ਨਾਨੀ ਤੋਂ ਬਿਹਾਰ ਦੀ ਮਸ਼ਹੂਰ ਮਧੁਬਨੀ ਪੇਂਟਿੰਗ ਸਿੱਖੀ ਹੈ ਅਤੇ ਉਹ ਇਹ ਪੇਂਟਿੰਗ ਬਣਾਉਂਦੇ ਵੀ ਹਨ।
ਇਸ਼ਿਤਾ ਦੱਸਦੇ ਹਨ ਕਿ ਉਨ੍ਹਾਂ ਤੋਂ ਇੰਟਰਵਿਊ ਵਿੱਚ ਚੀਨ ਦੇ ਸਬੰਧਾਂ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ – ਅਰੂਣਾਚਲ ਪ੍ਰਦੇਸ਼ ਵਿੱਚ ਹੋ ਰਹੇ ਵਿਵਾਦ ਤੋਂ ਕਿਵੇਂ ਨਜਿੱਠਿਆ ਜਾਵੇ, ਉਨ੍ਹਾਂ ਦੀ ਰਾਏ ਵਿੱਚ ਬਿਹਤਰ ਨਤੀਜੇ ਕੀ ਹੋ ਸਕਦੇ ਹਨ। ਇਸ਼ਿਤਾ ਦੱਸਦੇ ਹਨ, ‘‘ਇੱਕ ਸਵਾਲ ਜੋ ਮੈਨੂੰ ਬਹੁਤ ਰੋਚਕ ਲੱਗਿਆ ਅਤੇ ਉਹ ਇਹ ਕਿ ਮੈਂ ਖੇਡ ਦੀ ਸਮਝ ਦਾ ਐਡਮਿਨਿਸਟ੍ਰੇਸ਼ਨ ਵਿੱਚ ਕਿਵੇਂ ਇਸਤੇਮਾਲ ਕਰ ਸਕਦੀ ਹਾਂ? ਇਹ ਬਿਲਕੁਲ ਨਵਾਂ ਨਜ਼ਰੀਆ ਦੇਣ ਵਾਲਾ ਸਵਾਲ ਸੀ।’’
ਜਿਹੜੇ ਵਿਦਿਆਰਥੀ ਇੰਟਰਵਿਊ ਤੱਕ ਨਹੀਂ ਪਹੁੰਚ ਸਕੇ, ਉਨ੍ਹਾਂ ਨੂੰ ਇਸ਼ਿਤਾ ਕਹਿੰਦੇ ਹਨ, ‘‘ਮੈਂ ਤੁਹਾਡੀ ਥਾਂ ਉੱਤੇ ਰਹਿ ਚੁੱਕੀ ਹਾਂ, ਦੋ ਵਾਰ ਮੇਰਾ ਵੀ ਪ੍ਰੀਲਿਮਸ ਨਹੀਂ ਨਿਕਲਿਆ ਸੀ, ਬਹੁਤ ਨਿਰਾਸ਼ਾ ਹੋਈ। ਪਰ ਆਪਣੀ ਕਮੀਆਂ ਨੂੰ ਸਮਝ ਕੇ ਹੀ ਅਗਲੀ ਵਾਰ ਕੋਸ਼ਿਸ਼ ਕਰੋ। ਜੇ ਇਹ ਲੱਗਦਾ ਹੈ ਕਿ ਕੁਝ ਨਵਾਂ ਕਰਨਾ ਚਾਹੀਦਾ ਹੈ ਤਾਂ ਉਹ ਵੀ ਟ੍ਰਾਈ ਕਰੋ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਸ਼ੁਭਮਨ ਗਿੱਲ: ਕੀ ਕ੍ਰਿਕਟ ਵਿੱਚ ਆਉਣ ਵਾਲਾ ਸਮਾਂ ਇਸ ਪੰਜਾਬੀ ਖਿਡਾਰੀ ਦਾ ਹੈ
NEXT STORY